Tue, 16 April 2024
Your Visitor Number :-   6976834
SuhisaverSuhisaver Suhisaver

ਜ਼ਮਾਨਾ ਮਿਲਾਵਟ ਦਾ –ਸਰੂਚੀ ਕੰਬੋਜ

Posted on:- 13-03-2016

suhisaver

ਜ਼ਮਾਨਾ ਵੀ ਬੜਾ ਅਜੀਬ ਹੈ। ਖਾਸ ਕਰ, ਅੱਜ ਦਾ ਜ਼ਮਾਨਾ। ਅਜੇ ਕੋਈ ਚੀਜ਼ ਬਜ਼ਾਰ ਵਿਚ ਉੱਤਰੀ ਵੀ ਨਹੀਂ ਹੁੰਦੀ ਕਿ ਉਹਦੀ ਨਕਲ ਪਹਿਲੇ ਹੀ ਮਾਰਕੀਟ ਵਿਚ ਆ ਪਹੁੰਚਦੀ ਹੈ। ਕਾਨੂੰਨ ਤਾਂ ਬਸ ਇਕ ਨਾਉਂ ਦੀ ਚੀਜ਼ ਹੀ ਬਣ ਕੇ ਰਹਿ ਗਿਆ ਹੈ। ਕਾਨੂੰਨ ਅਜੇ ਬਣ ਕੇ ਲਾਗੂ ਹੋਣਾ ਹੀ ਹੁੰਦਾ ਹੈ ਕਿ ਉਸ ਨੂੰ ਤੋੜਨ ਦੇ ਢੰਗ-ਤਰੀਕੇ ਪਹਿਲੇ ਹੀ ਲੱਭ ਲਏ ਜਾਂਦੇ ਹਨ। ਮਿਲਾਵਟ ਬਗੈਰ ਤਾਂ ਅੱਜ ਜਿਉਂ ਕੋਈ ਸ਼ੈਅ ਤਿਆਰ ਹੁੰਦੀ ਹੀ ਨਹੀਂ। ਹਰ ਕੋਈ ਸੋਚਦਾ ਹੈ ਕਿ ਕੁਝ- ਨਾ-ਕੁਝ ਮਿਲਾਵਟ ਕਰ ਕੇ ਥੋੜ੍ਹਾ ਜ਼ਿਆਦਾ ਕਮਾ ਲਵਾਂ। ਕੀ ਹੋ ਜਾਊ ਜੇਕਰ ਕਿਸੇ ਦਾ ਨੁਕਸਾਨ ਹੋ ਵੀ ਗਿਆ ਤਾਂ। ਫਿਰ ਕੀ ਹੈ।
ਪੁਲਿਸ ਵਾਲੇ ਵੀ ਕਿਤੇ ਛਾਪਾ ਮਾਰਨ ਜਾਣ ਤੋਂ ਪਹਿਲੇ ਸਬੰਧਤ ਨੂੰ ਫੋਨ ਕਰ ਕੇ ਸੂਚਨਾ ਪਹੁੰਚਾ ਦਿੰਦੇ ਹਨ, 'ਬਾਈ ਜੀ, ਅਸੀਂ ਆ ਰਹੇ ਹਾਂ : ਬੰਦੋਬਸਤ ਕਰ ਲੈਣਾ ਆਪਣਾ।'

ਅਸਲ ਗੱਲ ਤਾਂ ਇਹ ਹੈ ਕਿ ਮਿਹਨਤ ਕਰਨ ਤੋਂ ਸਭ ਭੱਜਦੇ ਹਨ।ਹਰ ਕੋਈ ਗਲਤ ਰਾਹ ਚੁਣਨਾ ਪਸੰਦ ਕਰਦਾ ਹੈ। ਕਿਸੇ 'ਚ ਸਬਰ-ਸੰਤੋਖ ਤਾਂ ਰਿਹਾ ਹੀ ਨਹੀਂ। ਹਰ ਕੋਈ ਕਹਿੰਦਾ ਅੱਜ ਕੰਮ ਸ਼ੁਰੂ ਕਰਾਂ ਤੇ ਕੱਲ ਨੂੰ 'ਟਾਟਾ-ਬਿਰਲਾ' ਅਤੇ 'ਅੰਬਾਨੀ'  ਦੀ ਲਾਈਨ ਵਿਚ ਜਾ ਖੜ੍ਹਾ ਹੋਵਾਂ।

ਇੱਥੇ ਕਿੱਸਾ ਯਾਦ ਆਉਂਦਾ ਹੈ, ਧਰਮ ਸਿੰਘ ਦੀ ਜੇਲ੍ਹ-ਸਜ਼ਾ ਕੱਟਣ ਦਾ।

... ਧਰਮ ਸਿੰਘ, 22 ਸਾਲਾਂ ਦੀ ਸਜ਼ਾ ਕੱਟ ਕੇ ਘਰ ਪਰਤ ਰਿਹਾ ਸੀ ਕਿ ਰਸਤੇ ਵਿਚ ਉਸ ਨੂੰ ਉਸ ਦਾ ਬਚਪਨ ਦਾ ਦੋਸਤ ਰੂਪ ਸਿੰਘ ਮਿਲ ਗਿਆ। ਰੂਪ ਨੇ ਦੋਸਤ ਨਾਲ ਦਰਦ ਸਾਂਝਾ ਕਰਦਿਆਂ ਪੁੱਛਿਆ,'ਧਰਮੇ ਬਾਈ ! ਤੈਨੂੰ ਜੇਲ੍ਹ ਕਿਉਂ ਹੋਈ ਸੀ?  ਅੱਗੋਂ ਧਰਮੇ ਨੇ ਥੋੜ੍ਹਾ ਮਾਯੂਸੀ ਨਾਲ ਜਵਾਬ ਦਿੱਤਾ, 'ਆਪਣੇ ਪੁੱਤਰ ਨੂੰ ਮਾਰਨ ਦੇ ਦੋਸ਼ ਲਈ'।

'ਹੈਂ ! ਆਪਣੇ ਹੀ ਪੁੱਤਰ ਨੂੰ ਮਾਰ ਦਿੱਤਾ ਸੀ, ਤੂੰ? ਪਰ ਕਿਉਂ ?' ਰੂਪ ਸਿੰਘ ਦਾ ਅਗਲਾ ਸਵਾਲ ਸੀ, ਜਿਸ ਨੂੰ ਸੁਣ ਕੇ ਧਰਮ ਸਿੰਘ ਖਾਮੋਸ਼ ਹੋ ਗਿਆ।

'ਯਾਰ, ਦੱਸ ਤਾਂ ਸਹੀ, ਕੀ ਹੋਇਆ ਸੀ, ਜੋ ਤੂੰ ਆਪਣੇ ਹੀ ਪੁੱਤਰ ਨੂੰ ਮਾਰ ਦਿੱਤਾ।' ਰੂਪ ਸਿੰਘ ਨੇ ਉਸ ਦਾ ਮੋਢਾ ਝੰਜੋੜਦਿਆ ਪੁੱਛਿਆ।  
 
'ਕੀ ਦੱਸਾਂ ਤੈਨੂੰ! ਤੈਨੂੰ ਪਤਾ ਈ ਹੋਣੈ, ਰੂਪ !'

 'ਨਹੀਂ| ਮੈਨੂੰ ਕੁਝ ਨਹੀਂ ਪਤਾ ਵੀਰੇ! ਤੂੰ ਖੁਦ ਦੱਸ।  ਕੀ ਹੋਇਆ ਸੀ, ਜੋ ਆਪਣਾ ਪੁੱਤਰ ਹੀ ਮਾਰਨਾ ਪੈ ਗਿਆ, ਤੈਨੂੰ!'
    'ਬਸ, ਕਾਰੋਬਾਰ ਕਾਰਨ ਹੀ।'

    'ਕੀ ਕਾਰੋਬਾਰ ਸੀ ਤੇਰਾ, ਵੀਰੇ?'

    'ਦਾਲਾਂ ਤੇ ਮਸਾਲਿਆਂ ਦਾ ਕਾਰਖਾਨਾ ਸੀ, ਰੂਪ।'
    'ਫਿਰ ?'
    
'ਫਿਰ ਕੀ ! ਬਸ ਮੂਰਖਤਾ ਮਾਰ ਗਈ, ਮੈਨੂੰ ਮੇਰ। ਕਹਾਣੀ ਲੰਬੀ ਹੈ, ਪਰ ਢਾਈ-ਅੱਖਰੀ ਸੁਣ ਲੈ!' ਹੰਝੂ ਪੂੰਝਦਿਆਂ, ਆਪਣੇ-ਆਪ ਨੂੰ  ਕੰਟਰੋਲ ਕਰਦਿਆਂ ਧਰਮ ਸਿੰਘ ਨੇ ਕਹਾਣੀ ਸ਼ੁਰੂ ਕੀਤੀ।
     
'ਜਦੋਂ ਮੈ ਪੰਦਰਾਂ ਕੁ ਸਾਲਾਂ ਦਾ ਸਾਂ ਤਾਂ ਕਮਾਈ ਕਰਨ ਲਈ ਪਿੰਡ ਛੱਡ ਕੇ ਸ਼ਹਿਰ ਆ ਗਿਆ ਸਾਂ। ਮੇਰੀ ਮਾਂ ਨੇ ਹਮੇਸ਼ਾਂ ਮੈਨੂੰ ਦਸਾਂ ਨੂੰਹਾਂ ਦੀ ਹੱਥੀਂ ਕਾਰ ਕਰਕੇ ਖਾਣ ਅਤੇ ਨੇਕੀ ਦੇ ਰਸਤੇ ਉਤੇ ਚੱਲਣ ਦੀ ਸਿੱਖਿਆ ਦਿੱਤੀ ਸੀ। ਕੁਝ ਦਿਨ ਤਾਂ ਮੈਂ ਹੋਟਲਾਂ ਵਿਚ ਭਾਂਡੇ ਮਾਂਜਕੇ ਗੁਜ਼ਾਰਾ ਕਰਦਾ ਰਿਹਾ : ਪਰ, ਫਿਰ ਇਕ ਦਿਨ ਮੈਨੂੰ ਇਕ ਚੱਕੀ ਵਿਚ ਨੌਕਰੀ ਮਿਲ ਗਈ, ਪੰਜ ਸੌ ਰੁਪਏ ਮਹੀਨਾ। ਮੇਰਾ ਗੁਜ਼ਾਰਾ ਵਧੀਆ ਹੋਣ ਲੱਗਿਆ। ਕੁਝ ਪੈਸੇ ਮੈਂ ਆਪਣੀ ਮਾਂ ਨੂੰ ਵੀ ਭੇਜ ਦਿੰਦਾ। ਉਥੇ ਕੰਮ ਕਰਦਿਆਂ ਮੈਨੂੰ ਤਿੰਨ ਸਾਲ ਬੀਤ ਗਏ।  ਚੱਕੀ-ਮਾਲਕ ਦਾ ਵੀ ਮੇਰੇ ਉਤੇ ਵਧੀਆ ਵਿਸ਼ਵਾਸ ਬਣ ਗਿਆ ਸੀ।  ਉਸ ਨੇ ਮੈਨੂੰ ਆਪਣੀ ਸਫਲਤਾ ਦਾ ਅਸਲੀ ਭੇਦ ਦੱਸ ਦਿੱਤਾ ਕਿ ਕਿਵੇਂ ਉਹ ਲਾਲ ਮਿਰਚ ਵਿਚ ਲਾਲ ਪਾਊਡਰ ਅਤੇ ਹਲਦੀ ਵਿਚ ਪੀਲਾ ਪਾਊਡਰ ਮਿਲਾ ਕੇ ਵੇਚਦਾ ਹੈ।  

ਸਮਾਂ ਪਾ ਕੇ ਮੈਂ ਉਸ ਚੱਕੀ ਦਾ ਕੰਮ ਛੱਡ ਦਿੱਤਾ ਅਤੇ ਆਪਣੀ ਜੋੜੀ ਸਾਰੀ ਕਮਾਈ ਨਾਲ ਖੁਦ ਆਪਣੀ ਇਕ ਚੱਕੀ ਮੁੱਲ ਲੈ ਲਈ।  ਮੈਂ ਕੰਮ ਕਰਨ ਲੱਗਾ। ਪਰ, ਮੈਂ ਜਿੰਨੀ ਵੀ ਮਿਹਨਤ ਕਰਦਾ, ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਜਾਂਦੀ। ਆਖਿਰਕਾਰ ਮੇਰੇ ਦਿਮਾਗ ਵਿਚ ਮੇਰੇ ਪੁਰਾਣੇ ਚੱਕੀ-ਮਾਲਕ ਦੀਆਂ ਗੱਲਾਂ ਘੁੰਮਣ ਲੱਗੀਆਂ। ਮਾਲਕ ਦੀਆਂ ਦੱਸੀਆਂ ਗੱਲਾਂ ਨੇ ਉਸ ਸਾਰੀ ਰਾਤ ਮੈਨੂੰ ਨੀਂਦ ਨਾ ਆਉਣ ਦਿੱਤੀ। ਬੇਸ਼ੱਕ ਮੈਨੂੰ ਮਾਂ ਦੀ ਕਹੀ ਹੋਈ ਗੱਲ ਵੀ ਯਾਦ ਆ ਰਹੀ ਸੀ ਅਤੇ ਮੈਨੂੰ ਇਹ ਵੀ ਡਰ ਲੱਗ ਰਿਹਾ ਸੀ ਕਿ ਮਾਂ ਦੀ ਦਿੱਤੀ ਸਿੱਖਿਆ ਉਤੇ ਅਮਲ ਨਾ ਕਰਨ ਲਈ ਰੱਬ ਮੈਨੂੰ ਕਦੀ ਵੀ ਮੁਆਫ ਨਹੀਂ ਕਰੇਗਾ : ਪਰ ਮੈਂ ਇਹ ਸਾਰਾ ਕੁਝ ਅਣਗੌਲਿਆ ਕਰ ਕੇ ਉਸੇ ਰਾਹੇ ਚੱਲ ਤੁਰਿਆ ਜਿਸ ਰਾਹੇ ਮੇਰਾ ਪੁਰਾਣਾ ਚੱਕੀ-ਮਾਲਕ ਕਮਾਈ ਕਰਿਆ ਕਰਦਾ ਤੁਰਿਆ ਹੋਇਆ ਸੀ। ਹੌਲੀ-ਹੌਲੀ ਕਰਕੇ ਮੈਂ ਵੀ ਸ਼ਹਿਰ ਦੇ ਧੰਨਵਾਨਾਂ ਚ ਗਿਣਿਆ ਜਾਣ ਲੱਗਾ।  
    
ਚੰਗਾ ਜਿਹਾ ਘਰ ਵੇਖ ਕੇ ਮਾਂ ਨੇ ਮੇਰਾ ਵਿਆਹ ਕਰ ਦਿੱਤਾ। ਕੁਝ ਸਾਲਾਂ ਵਿਚ ਮੇਰਾ ਪਰਿਵਾਰ ਪੂਰਾ ਹੋ ਗਿਆ। ਇਕ ਬੇਟਾ ਤੇ ਇਕ ਬੇਟੀ।  ਸਭ ਕੁਝ ਵਧੀਆ ਚੱਲ ਰਿਹਾ ਸੀ। ਅਚਾਨਕ ਇਕ ਦਿਨ ਮੇਰੇ ਕਿਸੇ ਲਾਗ-ਡਾਟ ਵਾਲੇ ਨੇ ਮੇਰੇ ਕਾਰਖਾਨੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ।  ਅਚਾਨਕ ਹੋਈ ਛਾਪੇਮਾਰੀ ਤੇ ਮੈਂ ਕੁਝ ਨਾ ਕਰ ਸਕਿਆ। ਸਭੇ ਮਸਾਲਿਆਂ ਦੇ ਸੈਂਪਲ ਲੈ ਲਏ ਗਏ। ਸਭਨਾਂ ਵਿਚ ਹੀ ਮਿਲਾਵਟ ਸਾਬਤ ਹੋ ਗਈ। ਨਤੀਜੇ ਵਜੋਂ ਮੈਨੂੰ ਕੁਝ ਕੁ ਲੱਖ ਰੁਪਏ ਦਾ ਜ਼ੁਰਮਾਨਾ ਅਤੇ ਇਕ ਸਾਲ ਦੀ ਸਜ਼ਾ ਹੋਈ। ਜ਼ੁਰਮਾਨਾ ਮੇਰੇ ਲਈ ਕੋਈ ਵੱਡੀ ਰਕਮ ਨਹੀਂ ਸੀ। ਉਹ ਮੈਂ ਜਮਾ੍ ਕਰਵਾ ਦਿੱਤੀ।  ਪਰ, ਸਭ ਤੋਂ ਮੁਸ਼ਕਿਲ ਸੀ ਤਾਂ ਉਹ ਸੀ, ਜੇਲ੍ਹ ਦੀ ਕੈਦ ਕੱਟਣੀ। ਜਿਵੇਂ-ਕਿਵੇਂ ਸਾਲ ਦੀ ਸਜ਼ਾ ਵੀ ਕੱਟ ਲਈ। ਘਰ ਪਰਤਿਆ ਤਾਂ ਸਭਨਾਂ ਨੇ ਮੈਨੂੰ ਸਮਝਾਇਆ ਕਿ ਜੋ ਮੈਂ ਰਸਤਾ ਚੁਣਿਆ ਸੀ, ਗਲਤ ਸੀ।  ਸਭ ਨੇ ਮੇਰੇ ਤੋਂ ਵਾਅਦਾ ਲਿਆ ਕਿ ਅੱਗੇ ਤੋਂ ਮੈਂ ਕੋਈ ਵੀ ਐਦਾਂ ਦਾ ਕੰਮ ਨਾ ਕਰਾਂ ਅਤੇ ਇਮਾਨਦਾਰੀ ਨਾਲ ਕੰਮ ਸ਼ੁਰੂ ਕਰਾਂ। ਪਰ, ਵਾਅਦਾ ਕਰਨ ਅਤੇ ਅਮਲ ਵਿਚ ਲਿਆਉਣ ਤੇ ਮੈਂ ਬਹੁਤ ਦੇਰ ਕਰ ਦਿੱਤੀ ਸੀ।

ਇਕ ਦਿਨ ਅਚਾਨਕ ਮੈਨੂੰ ਮੇਰੇ ਬੇਟੇ ਦੇ ਸਕੂਲ ਤੋਂ ਫੋਨ ਆਇਆ ਕਿ ਅੱਧੀ ਛੁੱਟੀ ਵੇਲੇ ਉਸ ਦੇ ਕੋਈ ਬਜ਼ਾਰੂ ਚੀਜ਼ ਖਾਣ ਕਾਰਨ ਤਬੀਅਤ ਖਰਾਬ ਹੋ ਗਈ ਹੈ।  ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਭ ਚੈਕ-ਅੱਪ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਉਸ ਨੂੰ ਕੈਂਸਰ ਜਿਹੀ ਭਿਆਨਕ ਬੀਮਾਰੀ ਹੈ।  ਹੁਣ ਬਹੁਤ ਦੇਰ ਹੋ ਚੁੱਕੀ ਸੀ। ਪਰ ਮੈਂ ਸਮਝ ਗਿਆ ਸੀ ਕਿ ਜਿਸ ਤਰ੍ਹਾਂ ਮੇਰੇ ਕਾਰਖਾਨੇ ਵਾਲੀਆਂ ਮਿਲਾਵਟ ਦੀਆਂ ਵਸਤਾਂ ਲੋਕਾਂ ਘਰ ਜਾਂਦੀਆਂ ਸਨ, ਉਸੇ ਤਰ੍ਹਾਂ ਹੀ ਕਿਸੇ ਦੂਜੇ ਦੀਆਂ ਮਿਲਾਵਟ ਵਾਲੀਆਂ ਚੀਜਾਂ ਵੀ ਮੇਰੇ ਘਰ ਆਉਂਦੀਆਂ ਸਨ। ਜਿਸ ਤਰ੍ਹਾਂ ਉਸ ਦਿਨ ਮੇਰਾ ਪੁੱਤਰ ਮੇਰੀਆਂ ਨਜਰਾਂ ਸਾਹਮਣੇ ਦਮ ਤੋੜ ਰਿਹਾ ਸੀ, ਉਸੇ ਤਰ੍ਹਾਂ ਨਾ-ਜਾਣੇ ਕਿੰਨੇ ਮਾਪਿਆਂ ਦੇ ਧੀਆਂ ਪੁੱਤਰ ਉਨ੍ਹਾਂ ਦੀਆਂ ਨਜ਼ਰਾਂ ਸਾਹਮਣੇ ਦਮ ਤੋੜਦੇ ਹੋਣਗੇ, ਮੇਰੇ ਮਿਲਾਵਟ ਦੇ ਸਮਾਨ ਨਾਲ। ਜਿਵੇਂ ਹੀ ਮੇਰੇ ਪੁੱਤਰ ਦੀ ਮੌਤ ਹੋਈ, ਮੈਂ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਆਪਣੇ ਪੁੱਤਰ ਅਤੇ ਹਜਾਰਾਂ ਲੋਕਾਂ ਦੀ ਮੌਤ ਲਈ, ਜੋ ਮੇਰੇ ਮਿਲਾਵਟ ਦਾ ਸਮਾਨ ਖਾਣ ਨਾਲ ਮਰੇ ਸਨ। ਪਰ, ਪਤਾ ਨਹੀਂ ਕਾਨੂੰਨ ਨੇ ਮੇਰੇ ਨਾਲ ਕਿਉਂ ਨਰਮੀ ਵਰਤੀ ਅਤੇ ਮੈਨੂੰ ਸਿਰਫ 22 ਸਾਲ ਦੀ ਮਾਮੂਲੀ ਜਿਹੀ ਹੀ ਸਜ਼ਾ ਸੁਣਾਈ, ਜਦਕਿ ਮੇਰਾ ਗੁਨਾਹ ਇੰਨਾ ਵੱਡਾ ਸੀ ਕਿ ਮੇਰੇ ਲਈ ਫਾਂਸੀ ਦੀ ਸਜ਼ਾ ਵੀ ਘੱਟ ਸੀ।'

ਧਰਮ ਸਿੰਘ ਦੀ ਜੁਬਾਨੀ ਉਸ ਦੀ ਸਾਰੀ ਹੱਡ-ਬੀਤੀ ਸੁਣ ਕੇ ਰੂਪ ਸਿੰਘ ਦੀਆਂ ਅੱਖਾਂ ਗਿੱਲੀਆਂ ਹੋਏ ਬਿਨਾਂ ਨਾ ਰਹਿ ਸਕੀਆਂ।  ਉਹ ਸੋਚ ਰਿਹਾ ਸੀ ਕਾਸ਼ ! ਧਰਮ ਸਿੰਘ ਦੀ ਤਰ੍ਹਾਂ ਸਭ ਦੀਆਂ ਅੱਖਾਂ ਖੁੱਲ੍ਹ ਜਾਣ! ਪਰ ਦੇਰ ਨਾਲ ਨਹੀਂ, ਸਗੋਂ ਵਕਤ ਬੀਤਣ ਤੋਂ ਪਹਿਲਾਂ। ਪਤਾ ਨਹੀਂ ਕਿਉਂ ਅਸੀਂ ਚੰਗੇ ਨਾਲੋਂ ਮਾੜੀ ਚੀਜ਼ ਨੂੰ ਜਲਦੀ ਅਪਣਾਉਂਦੇ ਹਾਂ। ਮੰਨਿਆ ਕਿ ਚੰਗੇ ਬਣਨ ਦਾ ਰਾਹ ਸੌਖਾ ਨਹੀਂ, ਪਰ ਜੇ ਚੰਗੇ ਬਣਨ ਦੀ ਰੀਝ ਮਨ 'ਚ ਪਾ ਲਈਏ ਤਾਂ ਸਭੇ ਰਾਹ ਮੰਜ਼ਲ ਤਕ ਪਹੁੰਚਾਉਣ ਵਿਚ ਮਦਦ ਕਰਦੇ ਹਨ।  ਸਫਲ ਹੋਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਸ਼ੁਰੂਆਤ ਵਿਚ ਤਾਂ ਕੋਈ ਵੀ ਸਫਲ ਨਹੀਂ ਹੁੰਦਾ। ਘੱਟੋ-ਘੱਟ ਨੀਤ ਤਾਂ ਚੰਗੀ ਹੋਵੇ, ਮੁਰਾਦਾਂ ਆਪੇ ਮਿਲ ਜਾਂਦੀਆਂ ਹਨ, ਚਲਦੇ-ਚਲਦੇ।  

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ