Thu, 06 August 2020
Your Visitor Number :-   2612132
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਇੱਕ ਪਰਚੀ, ਦੋ ਰੁਪਏ ਤੇ ਜ਼ਿੰਦਗੀ ਦਾ ਕੂਹਣੀ ਮੋੜ - ਰਣਜੀਤ ਲਹਿਰ

Posted on:- 01-04-2016

suhisaver

ਕਾਗਜ਼ ਦੀ ਇੱਕ ਪਰਚੀ ਤੇ ਦੋ ਰੁਪਏ ਕਿਸੇ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦੇਣ ਵਾਲਾ ਕੂਹਣੀ ਮੋੜ ਵੀ ਸਾਬਤ ਹੋ ਸਕਦੇ ਹਨ, ਇਹ ਗੱਲ ਅਜੀਬ ਜਿਹੀ ਲੱਗ ਸਕਦੀ ਹੈ ਪਰ ਇਹ ਹੈ ਸੌ ਫ਼ੀਸਦੀ ਸੱਚ। ਇੱਕ ਪਰਚੀ ਤੇ ਦੋ ਰੁਪਏ ਦੀ ਅਦਾਇਗੀ ਨੇ, ਕਰੀਬ ਤਿੰਨ ਦਹਾਕੇ ਪਹਿਲਾਂ, ਮੇਰੀ ਹੀ ਜ਼ਿੰਦਗੀ ਨੂੰ ਕੂਹਣੀ ਮੋੜ ਦਿੱਤਾ ਸੀ। ਸੰਨ 1979 ਦੇ ਜੂਨ ਮਹੀਨੇ ਦਾ ਉਹ ਦਿਨ, ਸਾਢੇ ਦਸ-ਗਿਆਰਾਂ ਵਜੇ ਸਵੇਰ ਦਾ ਵਕਤ ਅਤੇ ਆਈ. ਟੀ. ਆਈ. ਬੁਢਲਾਡਾ ਦੇ ਗੇਟ ਤੋਂ ਹੋਸਟਲ ਤੇ ਗਰਾਊਂਡ ਵੱਲ ਜਾਂਦੀ ਸੜਕ ਦਾ ਉਹ ਸਥਾਨ, ਅੱਜ ਵੀ ਮੇਰੇ ਚੇਤਿਆਂ ਵਿੱਚ ਜਿਉ ਦੀ ਤਿਉ ਉੱਕਰਿਆ ਪਿਆ ਹੈ, ਜਦੋਂ ਉੱਚੇ-ਲੰਮੇ ਸਫੈਦਿਆਂ ਦੀ ਛਾਵੇਂ ਉੱਚੇ-ਲੰਮੇ ਕੱਦ ਦੇ ਹੀ ਦੋ ਨੌਜਵਾਨਾਂ ਨੇ ਅਪਣੱਤ ਜਿਹੀ ਨਾਲ ਮੈਨੂੰ ਰੁਕਣ ਲਈ ਆਖਿਆ ਸੀ।

ਮੇਰੇ ਨਾਲ ਹੱਥ ਮਿਲਾਉਦਿਆਂ ਪਹਿਲਾਂ ਉਨ੍ਹਾਂ ਮੇਰਾ ਨਾਂ ਤੇ ਟਰੇਡ ਪੁੱਛੀ ਅਤੇ ਫਿਰ ਪਿੰਡ ਪੁੱਛਿਆ। ਮੇਰੇ ਵੱਲੋਂ ਨਾਂ ਤੇ ਟਰੇਡ ਦੱਸ, ਪਿੰਡ ਲਹਿਰਾਗਾਗਾ ਕਹਿਣ ’ਤੇ ਉਨ੍ਹਾਂ ’ਚੋਂ ਇੱਕ ਨੇ ਕਿਹਾ, ‘‘ਫਿਰ ਤਾਂ ਬਾਈ ਘਰ ਦਾ ਈ ਏ।’’ ਦਰਅਸਲ ਉਸ ਦੇ ਪਿੰਡ ਦਾ ਇੱਕ ਲੜਕਾ ਸਾਡੇ ਗੁਆਂਢ ’ਚ ਵਿਆਹਿਆ ਸੀ। ਇੰਝ ਮੁੱਢਲੀ ਜਾਣ-ਪਹਿਚਾਣ ਬਣਾਉਦਿਆਂ ਉਨ੍ਹਾਂ ਕਿਹਾ, ‘‘ਲੈ ਬਾਈ ਫੇਰ ਤੈਨੂੰ ਪੀ. ਐਸ. ਯੂ. ਦਾ ਮੈਂਬਰ ਬਣਾਈਏ ਤੇ ਤੇਰੀ ਮੈਂਬਰਸ਼ਿਪ ਕੱਟੀਏ।’’

ਥੋੜ੍ਹਾ ਝਿਜਕਦਿਆਂ ਮੈਂ ਹਾਂ ਕਰ ਦਿੱਤੀ ਅਤੇ ਉਨ੍ਹਾਂ ਮੈਂਬਰਸ਼ਿਪ ਦੀ ਰਸੀਦ ਕੱਟ ਕੇ ਮੇਰੇ ਹੱਥ ਫੜਾ ਦਿੱਤੀ। ਤੇ ਮੈਂ ਦੋ ਰੁਪਏ (ਉਨ੍ਹਾਂ ਦਿਨਾਂ ’ਚ ਦੋ ਰੁਪਏ ਵੀ ਬੜੀ ਸ਼ੈਅ ਹੋਇਆ ਕਰਦੇ ਸਨ) ਜੇਬ੍ਹ ’ਚੋਂ ਕੱਢ ਕੇ ਉਨ੍ਹਾਂ ਨੂੰ ਫੜਾ ਦਿੱਤੇ। ਮੈਂਬਰਸ਼ਿਪ ਵਾਲੀ ਹਲਕੀ ਲਾਲ ਰਸੀਦ ਦੇ ਉੱਪਰਲੇ ਪਾਸੇ ਮੇਰਾ ਨਾਂ, ਟਰੇਡ ਤੇ ਪਿੰਡ ਵਗੈਰਾ ਭਰਿਆ ਸੀ ਤੇ ਪਿਛਲੇ ਪਾਸੇ ਪੀ. ਐਸ. ਯੂ. ਦੇ ਮਨੋਰਥ ਛਪੇ ਹੋਏ ਸਨ। ਕਰੀਬ ਤੇਤੀ ਸਾਲ ਬੀਤ ਜਾਣ ਦੇ ਬਾਵਜੂਦ ਨਾ ਮੈਨੂੰ ਉਹ ਦਿਨ ਤੇ ਥਾਂ ਭੁੱਲਿਆ ਹੈ ਅਤੇ ਨਾ ਹੀ ਮੇਰੇ ਨਾਲੋਂ ਵਾਹਵਾ ਵੱਡੇ ਉਹ ਦੋ ਸਾਥੀ ਭੁੱਲੇ ਹਨ। ਉਨ੍ਹਾਂ ’ਚੋਂ ਇੱਕ ਸੀ ਮੇਜਰ ਸਿੰਘ ਦੂਲੋਵਾਲ ਵਾਲਾ ਤੇ ਦੂਜਾ ਸੀ ਰਾਮ ਸਿੰਘ ਰੂੜੇ ਕੇ ਕਲਾਂ ਵਾਲਾ, ਜਿਹੜਾ ਅੱਜ ਕੱਲ੍ਹ, ਉਸੇ ਆਈ. ਟੀ. ਆਈ. ਵਿੱਚ ਸਟੋਰ-ਕੀਪਰ ਲੱਗਾ ਹੈ।

ਦੇਖਣ ਨੂੰ ਸਧਾਰਨ ਪਰ ਮੇਰੀ ਸਮੁੱਚੀ ਜ਼ਿੰਦਗੀ ਦੀ ਦਿਸ਼ਾ ਨੂੰ ਮੋੜਾ ਦੇ ਜਾਣ ਵਾਲੀ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਮੈਂ ਆਈ. ਟੀ. ਆਈ. ਬੁਢਲਾਡਾ ਦੀ ਇਲੈਕਟ੍ਰੀਸ਼ਨ ਟਰੇਡ ਵਿੱਚ ਦਾਖਲਾ ਲਿਆ ਸੀ। ਦਾਖਲੇ ਲਈ ਫਾਰਮ ਭਰਨ ਤੋਂ ਲੈ ਕੇ ਦਾਖਲ ਹੋਣ ਦੇ ਕੁਝ ਹੀ ਦਿਨਾਂ ਵਿੱਚ ਮੈਨੂੰ, ਆਈ. ਟੀ. ਆਈ. ਦੇ ਦਫ਼ਤਰ ਮੂਹਰਲੇ ਨੋਟਿਸ ਬੋਰਡਾਂ ’ਤੇ ਲੱਗੇ ਹੱਥ-ਲਿਖਤ ਪੋਸਟਰਾਂ ਅਤੇ ਨਵੇਂ ਦਾਖਲ ਹੋਣ ਆ ਰਹੇ ਵਿਦਿਆਰਥੀਆਂ ਦੀ ਮੱਦਦ ਲਈ ਭੱਜ-ਨੱਠ ਕਰਦੇ ਯੂਨੀਆਨ ਦੇ ਵਰਕਰਾਂ ਤੋਂ, ਇਹ ਅਹਿਸਾਸ ਤਾਂ ਹੋ ਹੀ ਗਿਆ ਸੀ ਕਿ ਇਹ ‘ਪੰਜਾਬ ਸਟੂਡੈਂਟਸ ਯੂਨੀਅਨ’ (ਪੀ. ਐਸ. ਯੂ.) ਕੋਈ ਚੰਗੀ ਚੀਜ਼ ਹੀ ਹੈ। ਚੰਗੀ ਚੀਜ਼ ਇਹ ਮੈਨੂੰ ਇਸ ਕਰਕੇ ਲੱਗਣ ਲੱਗ ਪਈ ਸੀ ਕਿਉਕਿ ਨੋਟਿਸ ਬੋਰਡਾਂ ’ਤੇ ਲੱਗੇ ਹੱਥ-ਲਿਖਤ ਤੇ ਕੁਝ ਛਪੇ ਹੋਏ ਪੋਸਟਰਾਂ ਵਿੱਚ ਵਿਦਿਆਰਥੀਆਂ ਨੂੰ ਆਉਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਨਾ ਸਿਰਫ਼ ਉਭਾਰ ਕੇ ਪੇਸ਼ ਹੀ ਕੀਤਾ ਗਿਆ ਹੁੰਦਾ ਸੀ ਸਗੋਂ ਇਨ੍ਹਾਂ ਦੇ ਹੱਲ ਲਈ ਵਿਦਿਆਰਥੀਆਂ ਨੂੰ ਯੂਨੀਅਨ ਦੇ ਆਗੂਆਂ/ਵਰਕਰਾਂ ਨਾਲ ਸੰਪਰਕ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੁੰਦਾ ਸੀ। ਨਾ ਸਿਰਫ਼ ਸੱਦਾ ਹੀ ਦਿੱਤਾ ਗਿਆ ਹੁੰਦਾ ਸੀ, ਸਗੋਂ ਯੂਨੀਅਨ ਦੇ ਆਗੂ/ਵਰਕਰ ਪੂਰੇ ਦਿਲੋ-ਜਾਨ ਨਾਲ ਨਵੇਂ ਆਏ ਅਣਜਾਣ ਤੇ ਅਣਭੋਲ ਵਿਦਿਆਰਥੀਆਂ ਦੀ ਨਿਰ-ਸੁਆਰਥ ਮਦਦ ਕਰਦੇ ਦਿਖਾਈ ਵੀ ਦਿੰਦੇ ਸਨ।

ਆਈ. ਟੀ. ਆਈ. ਵਿੱਚ ਦਾਖਲ ਹੋਣ ਦੇ ਕੁਝ ਹੀ ਦਿਨਾਂ ਵਿੱਚ ਬਣਿਆ ਇਹ ਚੰਗੇਪਣ ਦਾ ਪ੍ਰਭਾਵ ਦਿਨਾਂ ਦੇ ਬੀਤਣ ਨਾਲ ਦਿਲ-ਦਿਮਾਗ ’ਤੇ ਹੋਰ ਗਹਿਰਾ ਹੁੰਦਾ ਗਿਆ। ਹਰ ਦੂਜੇ-ਚੌਥੇ ਦਿਨ ਯੂਨੀਅਨ ਦੀ ਕਿਸੇ ਨਾ ਕਿਸੇ ਮਸਲੇ ਬਾਰੇ ਮੀਟਿੰਗ ਜਾਂ ਰੈਲੀ ਹੁੰਦੀ ਹੀ ਰਹਿੰਦੀ ਅਤੇ ਸਵੇਰੇ ਪਿੰਡੋਂ ਆਈ. ਟੀ. ਆਈ. ’ਚ ਵੜਦਿਆਂ ਨੂੰ ਕੋਈ ਨਾ ਕੋਈ ਹੱਥ ਲਿਖਤ ਜਾਂ ਪੋਸਟਰ ਨੋਟਿਸ ਬੋਰਡ ’ਤੇ ਲੱਗਿਆ ਹੀ ਹੁੰਦਾ। ਭਾਵੇਂ ਉਸ ਸਮੇਂ ਆਈ. ਟੀ. ਆਈ. ਵਿੱਚ ਪੀ. ਐਸ. ਯੂ. ਦੇ ਇੱਕੋ ਹੀ ਨਾਂ ਵਾਲੀਆਂ ਦੋ ਯੂਨੀਅਨਾਂ (ਪਾਂਧੀ ਗਰੁੱਪ ਤੇ ਰੰਧਾਵਾ ਗਰੁੱਪ) ਸਰਗਰਮ ਸਨ, ਪਰ ਆਈ. ਟੀ. ਆਈ. ਸਮੇਤ ਜੇ. ਬੀ. ਟੀ. ਸਕੂਲ ਅਤੇ ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚ ਸੁਖਦੇਵ ਪਾਂਧੀ ਦੀ ਅਗਵਾਈ ਵਾਲਾ ਗਰੁੱਪ ਹੀ ਭਾਰੂ ਸੀ। ਸਗੋਂ ਇਹ ਕਹਿਣਾ ਵਧੇਰੇ ਦਰੁਸਤ ਹੋਵੇਗਾ ਕਿ ਬੁਢਲਾਡੇ ਦੀਆਂ ਤਿੰਨੋਂ ਵਿਦਿਅਕ ਸੰਸਥਾਵਾਂ ਪੀ. ਐਸ. ਯੂ. (ਪਾਂਧੀ ਗਰੁੱਪ) ਦਾ ਗੜ੍ਹ ਬਣੀਆਂ ਹੋਈਆਂ ਸਨ। ਵਧੇਰੇ ਮਜ਼ਬੂਤ ਤੇ ਵਧੇਰੇ ਖਾੜਕੂ ਹੋਣ ਕਰਕੇ ਮੇਰੇ ਵਰਗੇ ਚੜ੍ਹਦੀ ਉਮਰ ਦੇ ਮੁੰਡਿਆਂ ਦੇ ਦਿਲਾਂ ਨੂੰ ਪਾਂਧੀ ਗਰੁੱਪ ਹੀ ਧੂਹ ਪਾਉਦਾ ਸੀ ਤੇ ਵਧੀਆ ਜਾਪਦਾ ਸੀ। ਦੋਵਾਂ ਯੂਨੀਅਨਾਂ ਵਿਚਕਾਰਲੇ ਮੱਤਭੇਦ ਕਿੰਨੇ ‘ਵੱਡੇ’ ਜਾਂ ‘ਮਾਮੂਲੀ’ ਸਨ, ਇਨ੍ਹਾਂ ਗੱਲਾਂ ਦਾ ਗਿਆਨ ਤਾਂ ਬਾਅਦ ਦੇ ਦਿਨਾਂ ’ਚ ਹੋਣਾ ਸੀ।

ਏਸੇ ਦੌਰਾਨ, ਥੋੜ੍ਹੇ ਕੁ ਦਿਨਾਂ ਬਾਅਦ, ਆਈ. ਟੀ. ਆਈ. ਵਿੱਚ ਟਰੇਡਾਂ ਵਿੱਚੋਂ ਵਿਦਿਆਰਥੀਆਂ ਦੀ ਇੱਕ-ਦੂਜੀ ਟਰੇਡ ਵਿੱਚ ਮਾਈਗ੍ਰੇਸ਼ਨ ਹੋਈ ਤੇ ਸਾਡੀ ਟਰੇਡ ਵਿੱਚ ਪਿੰਡ ਫੂਲ (ਰਾਮਪੁਰਾ) ਦਾ ਬਲਦੀਪ ਨਾਂ ਦਾ ਮੁੰਡਾ ਆ ਗਿਆ। ਪਹਿਲਾਂ ਉਹ ਮੋਟਰ ਮਕੈਨਿਕ ਦੀ ਟਰੇਡ ਵਿੱਚ ਸੀ। ਉਹ ਹੋਸਟਲ ਵਿੱਚ ਹੀ ਰਹਿੰਦਾ ਸੀ। ਆਈ. ਟੀ. ਆਈ ਦੇ ਸਮੁੱਚੇ ਯੂਨੀਅਨਿਸਟ ਮਾਹੌਲ ਦਾ ਹੀ ਅਸਰ ਸੀ ਕਿ ਸਾਡੀ ਟਰੇਡ ਵਿੱਚ ਯੂਨੀਅਨਾਂ, ਉਨ੍ਹਾਂ ਵਿਚਕਾਰਲੇ ਮੱਤਭੇਦਾਂ ਅਤੇ ਵਿਦਿਆਰਥੀਆਂ ਦੇ ਮੰਗਾਂ-ਮਸਲਿਆਂ ਬਾਰੇ ਬਹਿਸ-ਮੁਬਾਹਸੇ ਚੱਲਦੇ ਹੀ ਰਹਿੰਦੇ ਸਨ। ਕਈਆਂ ਨੂੰ ਇਹ ਲੱਗਦਾ ਕਿ ਯੂਨੀਅਨਾਂ ਪੜ੍ਹਾਈ ਖ਼ਰਾਬ ਕਰਦੀਆਂ ਹਨ ਪਰ ਬਹੁਤਿਆਂ ਨੂੰ ਇਹ ਜਾਪਦਾ ਕਿ ਯੂਨੀਅਨ ਬਿਨ੍ਹਾਂ ਵਿਦਿਆਰਥੀਆਂ ਦਾ ਗੁਜ਼ਾਰਾ ਨਹੀਂ। ਚੱਲਦੇ-ਚਲਾਉਦੇ ਮੇਰਾ ਤੇ ਬਲਦੀਪ ਦਾ ਨਾਂ ਪੀ. ਐਸ. ਯੂ. ਦੇ ਸਰਗਰਮ ਵਰਕਰਾਂ ਵਿੱਚ ਗਿਣਿਆ ਜਾਣ ਲੱਗਾ। ਬਲਦੀਪ ਗੀਤ ਵਧੀਆ ਗਾ ਲੈਂਦਾ ਸੀ। ਪਹਿਲਾਂ-ਪਹਿਲਾਂ ਤਾਂ ਉਹ ਕਲਾਸ ਦੇ ਵਿਦਿਆਰਥੀਆਂ ਦੀ ਮੰਗ ’ਤੇ ਕਦੇ-ਕਦਾਈਂ ‘ਇਸ਼ਕ-ਮੁਸ਼ਕ’ ਦੇ ਗੀਤ ਵੀ ਸੁਣਾ ਦਿੰਦਾ ਸੀ, ਪਰ ਜਦੋਂ ਉਹਨੇ ਪੀ. ਐਸ. ਯੂ. ਦੀਆਂ ਰੈਲੀਆਂ ’ਚ ਇਨਕਲਾਬੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਤਾਂ ‘ਇਸ਼ਕ-ਮੁਸ਼ਕ’ ਦੇ ਗੀਤ ਗਾਉਣ ਨੂੰ ਅਲਵਿਦਾ ਕਹਿ ਦਿੱਤੀ। ਹੁਣ ਕੋਈ ਮੀਟਿੰਗ, ਰੈਲੀ, ਸਕੂਲਿੰਗ ਅਜਿਹੀ ਨਾ ਹੁੰਦੀ ਜਿਸ ਵਿੱਚ ਅਸੀਂ ਦੋਵੇਂ ਸ਼ਾਮਲ ਨਾ ਹੁੰਦੇ। ਇਨ੍ਹਾਂ ਮੀਟਿੰਗਾਂ, ਰੈਲੀਆਂ, ਸਕੂ�ਿਗਾਂ ਤੇ ਪੜ੍ਹਨ ਲਈ ਮੁਹੱਈਆ ਕੀਤੇ ਜਾਂਦੇ ਸਾਹਿਤ ਨੇ ਸਾਡੇ ਦਿਲੋ-ਦਿਮਾਗ ’ਤੇ ਐਸੀ ਗਹਿਰੀ ਛਾਪ ਲਾਈ ਕਿ ਕੁਝ ਹੀ ਮਹੀਨਿਆਂ ਵਿੱਚ ਅਸੀਂ ਆਈ. ਟੀ. ਆਈ. ਵਿੱਚ ‘ਕਾਮਰੇਡਾਂ ਦੀ ਜੋੜੀ’ ਵੱਜੋਂ ਜਾਣੇ ਜਾਣ ਲੱਗੇ। ਅਸੀਂ ਹੈ ਵੀ ਇੱਕੋ ਜਿਹੇ ਛੀਂਟਕੇ ਜਿਹੇ ਸਰੀਰਾਂ ਵਾਲੇ, ਭਰਾਵਾਂ ਵਰਗੇ ਤੇ ਜਿਗਰੀ ਯਾਰ ਸੀ।

ਦਸ ਜਮਾਤਾਂ ਪਾਸ ਕਰਨ ਸਮੇਂ ਤੱਕ, ਸ਼ਹਿਰੀ ਨੀਮ ਮੱਧ-ਵਰਗੀ ਪਰਿਵਾਰ ਦੇ ਜਿਸ ਮੁੰਡੇ ਨੇ ਕਦੇ ‘ਗਿੱਲੇ ਗੋਹੇ ’ਤੇ ਪੈਰ ਤੱਕ ਨਹੀਂ ਸੀ ਧਰਿਆ’ ਉਸ ਮੁੰਡੇ ’ਤੇ ਪੀ. ਐਸ. ਯੂ. ਦੀ ਦੋ ਰੁਪਏ ਦੀ ਪਰਚੀ ਤੇ ਸੰਗਤ ਨੇ ਐਸਾ ਜਾਦੂ ਧੂੜਿਆ ਕਿ ਉਹ ਆਈ. ਟੀ. ਆਈ. ਦਾ ਦੋ-ਸਾਲਾ ਕੋਰਸ ਮੁਕੰਮਲ ਕਰਨ ਤੋਂ ਪਹਿਲਾਂ ਨਾ ਸਿਰਫ਼ ਘਰੋਂ ਬਾਗ਼ੀ ਹੋ ਗਿਆ ਸਗੋਂ ਪੁਲਸ ਦੇ ਥਾਣਿਆਂ ਸਮੇਤ ਜੇਲ੍ਹਾਂ ਦਾ ਪ੍ਰਸ਼ਾਦਾ-ਪਾਣੀ ਵੀ ਛੱਕ ਆਇਆ। ਆਈ. ਟੀ. ਆਈ. ਪਾਸ ਕਰਕੇ ਪੱਕੀ ਨੌਕਰੀ ਲੱਭਣ/ਲੱਗਣ ਦਾ ਸੁਪਨਾ ਦੇਖਦਿਆਂ ਹੀ ਦੇਖਦਿਆਂ ਬਹੁਤ ਪਿੱਛੇ ਛੁੱਟ ਗਿਆ ਅਤੇ ਅੱਖਾਂ ਵਿੱਚ ‘ਭਗਤ-ਸਰਾਭੇ ਵਾਲੀ ਅਜ਼ਾਦੀ’ ਲਈ ਜੂਝਣ ਦਾ, ਕੁਝ ਕਰ ਗੁਜ਼ਰਣ ਦਾ ਸੁਪਨਾ ਤੈਰਨ ਲੱਗਾ।

ਹੁਣ ਜਦੋਂ, ਤੇਤੀ ਸਾਲ ਬਾਅਦ, ‘ਦੋ ਰੁਪਏ ਦੀ ਪਰਚੀ ਕਟਵਾਉਣ’ ਵਾਲੀ ਘਟਨਾ ਚੇਤੇ ਆਉਦੀ ਹੈ ਤਾਂ ਆਪਣੇ ਆਪ ’ਤੇ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਉਸ ਵਿਦਿਆਰਥੀ ਜੱਥੇਬੰਦੀ, ਪੰਜਾਬ ਸਟੂਡੈਂਟਸ ਯੂਨੀਅਨ, ਦਾ ਅੱਧੇ ਦਹਾਕੇ ਤੱਕ ਅਨਿੱਖੜ ਅੰਗ ਰਿਹਾ ਹਾਂ, ਜਿਹੜੀ ਜੱਥੇਬੰਦੀ 70 ਵਿਆਂ ਦੇ ਸ਼ੁਰੂ ਤੋਂ ਲੈ ਕੇ 80 ਵਿਆਂ ਦੇ ਅੱਧ ਤੱਕ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਛਾਈ ਰਹੀ, ਤੇ ਜਿਸ ਨੇ ਨਾ ਸਿਰਫ਼ ਵਿਦਿਆਰਥੀਆਂ ਲਈ ਰੇਲਵੇ ਦੇ ਬਰਾਬਰ ਕਨਸੈਸ਼ਨ ’ਤੇ ਬੱਸ ਪਾਸਾਂ ਦਾ ਘੋਲ, ਮੋਗੇ ਦੇ ਰੀਗਲ ਸਿਨੇਮੇ ਦਾ ਘੋਲ, ਸਮੇਤ ਅਨੈਕਾਂ ਯਾਦਗਾਰੀ ਤੇ ਧੂਹ-ਪਾੳੂ ਸੰਘਰਸ਼ ਲੜੇ ਸਗੋਂ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਲਈ ਨੌਜੁਆਨਾਂ/ਵਿਦਿਆਰਥੀਆਂ ਦੇ ਪੂਰਾਂ ਦੇ ਪੂਰ ਵੀ ਪੈਦਾ ਕੀਤੇ। ਇਹ ਪੀ. ਐਸ. ਯੂ. ਦੀ ਸੰਗਤ ਤੇ ਰੰਗਤ ਦਾ ਹੀ ਸਿੱਟਾ ਸੀ ਕਿ ਹਮਾਤੜ ਵਰਗੇ ਨੂੰ ਵੀ ਵਿੱਦਿਅਕ ਢਾਂਚਾ ਕਿਸੇ ਸਥਾਪਤ ਸਮਾਜ ਦੀ ਸੇਵਾ ਕਿਵੇਂ ਕਰਦਾ ਹੈ, ਵਿੱਦਿਅਕ ਢਾਂਚਾ ਚੰਗੇ-ਭਲੇ ਵਿਦਿਆਰਥੀਆਂ ਨੂੰ ‘ਸਿਸਟਮ ਦੇ ਪੁਰਜ਼ੇ’ ਕਿਵੇਂ ਬਣਾ ਦਿੰਦਾ ਹੈ, ਇਤਿਹਾਸ ਰਾਜਿਆਂ-ਮਹਾਰਾਜਿਆਂ ਦੀਆਂ ਲੜਾਈਆਂ ਹੀ ਕਿਉ ਬਣਾ ਦਿੱਤਾ ਜਾਂਦਾ ਹੈ, ਸਮਾਜ ’ਚ ਜਮਾਤਾਂ ਕਿਉ ਤੇ ਕਿਵੇਂ ਬਣਦੀਆਂ ਹਨ, ਜਮਾਤੀ ਸੰਘਰਸ਼ ਕਿਉ ਤੇ ਕਿਵੇਂ ਲੜੇ ਜਾਂਦੇ ਹਨ, ਕੋਈ ‘ਰੂਸ’ ਅਫ਼ਗਾਨਿਸਤਾਨ ’ਤੇ ਫੌਜਾਂ ਕਿਉ ਚਾੜ੍ਹਦਾ ਹੈ, ਅਮਰੀਕਾ ਹਿੰਦ-ਚੀਨੀ ਦੇ ਦੇਸ਼ਾਂ ਵਿੱਚੋਂ ਕੀ ਭਾਲਦਾ ਹੈ, ਵਰਗੇ ‘ਪਰਬਤੋਂ ਭਾਰੇ’ ਸੁਆਲ ਤੇ ਉਨ੍ਹਾਂ ਦੇ ਜੁਆਬ ਸਮਝ ਆਉਣ ਲੱਗੇ। ਅਜਿਹੇ ਬੇਅੰਤ ਸੁਆਲਾਂ ਤੇ ਉਨ੍ਹਾਂ ਦੇ ਜੁਆਬਾਂ ਵਿੱਚੋਂ ਹੀ ਮਨੁੱਖਤਾ, ਮਨੁੱਖਤਾ ਦਾ ਦਰਦ ਤੇ ਮਨੁੱਖ ਜਾਤੀ ਦੀ ਮੁਕਤੀ ਬਾਰੇ ਬਹੁਤ ਕੁਝ ਸਿੱਖਣ ਤੇ ਕਰਨ ਦੇ ਮੌਕੇ ਨਸੀਬ ਹੋਏ।

ਕਦੇ ਕਦੇ ਸੋਚੀਦਾ ਹੈ ਕਿ ਜੇ ਉਹ ‘ਦੋ ਰੁਪਏ ਦੀ ਪਰਚੀ’ ਨਾ ਕਟਾਈ ਹੁੰਦੀ ਤਾਂ ਅੱਜ ਪਤਾ ਨਹੀਂ ਇਨਸਾਨ ਹੋਣ ਦੀ ਥਾਂ ਕਿਹੜੇ ‘ਔਡੀ ਵਾਲੇ ਸੰਤਾਂ’ ਜਾਂ ‘ਸੌਦੇ ਵਾਲੇ ਸਾਧਾਂ’ ਦੇ ਚਰਨਾਂ ਦੀ ਧੂੜ ਮਾਤਰ ਬਣਿਆ ਹੁੰਦਾ! ਉਸ ਤੋਂ ਬਾਅਦ ਤਾਂ ‘ਪਾਤਰ’ ਦੇ ਸ਼ਬਦਾਂ ’ਚ ਕਿਹਾ, ਬੱਸ ਇਹੋ ਸੋਚਿਆ:

    ‘ਹਮੇਸ਼ਾ ਲੋਚਿਆ ਬਣਨਾ, ਤੁਹਾਡੇ ਪਿਆਰ ਦੇ ਪਾਤਰ
    ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ।’

ਸੰਪਰਕ: +91 94175 88616

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ