Sat, 26 September 2020
Your Visitor Number :-   2688007
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਪਿੱਠਵਰਤੀ ਗਾਇਕੀ ਦਾ ਧਰੂ ਤਾਰਾ ਮੁਕੇਸ਼ - ਗੁਰਤੇਜ ਸਿੰਘ

Posted on:- 25-07-2016

suhisaver

ਇੰਜੀਨੀਅਰ ਜ਼ੋਰਾ ਚੰਦ ਮਾਥੁਰ ਦੇ ਘਰ 22 ਜੁਲਾਈ, 1923 ਈਸਵੀ ਨੂੰ ਇੱਕ ਬਾਲਕ ਨੇ ਜਨਮ ਲਿਆ, ਜੋ ਉਨ੍ਹਾਂ ਦੇ ਦਸ ਬੱਚਿਆਂ ‘ਚੋਂ ਛੇਵਾਂ ਬੱਚਾ ਸੀ। ਉਸ ਬੱਚੇ ਦਾ ਨਾਮ ਰੱਖਿਆ ਗਿਆ ਮੁਕੇਸ਼ ਚੰਦ ਮਾਥੁਰ। ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਲੜਕਾ ਸਦਾਬਹਾਰ ਅਭਿਨੇਤਾ ਰਾਜ ਕਪੂਰ ਦੀ ਅਵਾਜ਼ ਬਣ ਕੇ ਉੱਭਰੇਗਾ ਅਤੇ ਪਿੱਠਵਰਤੀ ਗਾਇਕ ਮੁਕੇਸ਼ ਦੇ ਨਾਮ ਨਾਲ ਦੁਨੀਆਂ ‘ਚ ਪ੍ਰਸਿੱਧ ਹੋਵੇਗਾ ।ਗਾਉਣ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ।ਇੱਕ ਸੰਗੀਤ ਅਧਿਆਪਕ ਉਨ੍ਹਾਂ ਦੇ ਘਰ ਉਨ੍ਹਾਂ ਦੀ ਭੈਣ ਨੂੰ ਸੰਗੀਤ ਸਿਖਾਉਣ ਲਈ ਆਉਂਦਾ ਸੀ ਤਾਂ ਉਹ ਨਾਲ ਦੇ ਕਮਰੇ ‘ਚ ਬੈਠ ਕੇ ਉਨ੍ਹਾਂ ਨੂੰ ਧਿਆਨ ਸੁਣਦੇ ਅਤੇ ਗਾਉਣ ਦੀ ਕੋਸ਼ਿਸ਼ ਕਰਦੇ।ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਨ੍ਹਾਂ ਪੜਾਈ ਛੱੱਡ ਦਿੱਤੀ ਸੀ ਤੇ ਨੌਕਰੀ ਕਰਨ ਲੱਗ ਪਏ ਸਨ।ਇਸ ਦੌਰਾਨ ਉਹ ਆਪਣੀ ਅਵਾਜ਼ ਰਿਕਾਰਡ ਕਰਨ ਦੇ ਤਜਰਬੇ ਕਰਦੇ ਰਹਿੰਦੇ ਸੀ।ਉਹ ਮਹਾਨ ਸੰਗੀਤਕਾਰ ਕੇ ਐਲ ਸਹਿਗਲ ਦੇ ਬਹੁਤ ਵੱਡੇ ਪ੍ਰਸ਼ੰਸ਼ਕ ਸਨ ਅਤੇ ਉਨ੍ਹਾਂ ਦੀ ਗਾਇਕੀ ਉਨ੍ਹਾਂ ਨੂੰ ਗਾਉਣ ਪ੍ਰੇਰਣਾ ਦਿੰਦੀ ਸੀ।

ਅਦਾਕਾਰ ਮੋਤੀ ਲਾਲ ਜੋ ਉਨ੍ਹਾਂ ਦੀ ਦੂਰ ਦੇ ਰਿਸ਼ਤੇਦਾਰੀ ‘ਚੋਂ ਸਨ।ਉਨ੍ਹਾਂ ਨੇ ਮੁਕੇਸ਼ ਨੂੰ ਪਹਿਲੀ ਵਾਰ ਇੱਕ ਵਿਆਹ ਸਮਾਗਮ ‘ਚ ਗਾਉਦੇ ਦੇਖਿਆ ਸੀ ਜੋ ਉਨ੍ਹਾਂ ਨੇ ਆਪਣੀ ਭੈਣ ਦੇ ਵਿਆਹ ਮੌਕੇ ਇੱਕ ਗੀਤ ਗਾਇਆ ਸੀ।ਅਭਿਨੇਤਾ ਮੋਤੀ ਲਾਲ ਮੁਕੇਸ਼ ਦੀ ਅਵਾਜ਼ ਤੋਂ ਬਹੁਤ ਪ੍ਰਭਾਵਿਤ ਹੋਏ।ਉਹ ਮੁਕੇਸ਼ ਨੂੰ ਮੁੰਬਈ ਲੈ ਆਏ ਤੇ ਸੰਗੀਤ ਸਿੱਖਣ ਲਈ ਪੰਡਿਤ ਜਗਨਨਾਥ ਪ੍ਰਸਾਦ ਕੋਲ ਭੇਜਿਆ, ਜਿਸ ਤੋਂ ਉਨ੍ਹਾਂ ਨੇ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।

ਮੁਕੇਸ਼ ਨੂੰ ਪਿੱਠਵਰਤੀ ਗਾਇਕੀ ‘ਚ ਪਹਿਲਾ ਮੌਕਾ ਅਦਾਕਾਰ ਮੋਤੀ ਲਾਲ ਨੇ ਸੰਨ 1945 ਵਿੱਚ ਉਨ੍ਹਾਂ ਦੀ ਆਪਣੀ ਫਿਲਮ “ਪਹਿਲੀ ਨਜ਼ਰ” ਵਿੱਚ ਦਿੱਤਾ।ਉਨ੍ਹਾਂ ਨੇ ਪਹਿਲਾ ਜੋ ਗੀਤ ਗਾਇਆ ਉਸਦੇ ਬੋਲ ਸਨ ਦਿਲ ਜਲਤਾ ਹੈ ਤੋ ਜਲਨੇ ਦੇ।ਇਹ ਗੀਤ ਉਨ੍ਹਾਂ ਨੇ ਸੰਗੀਤਕਾਰ ਅਨਿਲ ਵਿਸ਼ਵਾਸ ਦੀ ਦੇਖ ਰੇਖ ‘ਚ ਗਾਇਆ ਸੀ।ਇਸ ਗੀਤ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਕੇ ਐਲ ਸਹਿਗਲ ਨੇ ਜਦ ਇਹ ਗੀਤ ਸੁਣਿਆ ਤਾਂ ਉਹ ਅਸ਼ ਅਸ਼ ਕਰ ਉੱਠੇ ਅਤੇ ਉਨ੍ਹਾਂ ਨੇ ਮੁਕੇਸ਼ ਨੂੰ ਹਲਕੇ ਕਲਾਸੀਕਲ ਦਾ ਬਾਦਸ਼ਾਹ ਜਿਹੇ ਰੁਤਬੇ ਨਾਲ ਨਿਵਾਜ਼ ਦਿੱਤਾ।ਮੁਕੇਸ਼ ਦੀ ਗਾਇਕੀ ਕੇ ਐਲ ਸਹਿਗਲ ਤੋਂ ਕਾਫੀ ਪ੍ਰਭਾਵਿਤ ਰਹੀ।ਇਸੇ ਦੌਰਾਨ ਪ੍ਰਸਿੱਧ ਸੰਗੀਤਕਾਰ ਨੌਸ਼ਾਦ ਅਲੀ ਨੇ ਉਨ੍ਹਾਂ ਦੇ ਹੁਨਰ ਨੂੰ ਭਾਂਪ ਲਿਆ ਸੀ।ਨੌਸ਼ਾਦ ਅਲੀ ਨਾਲ ਮਿਲ ਕੇ ਉਨ੍ਹਾਂ ਨੇ ਅੰਦਾਜ਼ ਫਿਲਮ ਦੇ ਗੀਤ ਗਾਏ ਜੋ ਅਦਾਕਾਰ ਦਲੀਪ ਕੁਮਾਰ ‘ਤੇ ਫਿਲਮਾਏ ਗਏ ਸਨ।ਹੋਰਾਂ ਨਾਲੋਂ ਜ਼ਿਆਦਾ ਉਨ੍ਹਾਂ ਦੀ ਅਵਾਜ਼ ਅਭਿਨੁਤਾ ਰਾਜ ਕਪੂਰ ਲਈ ਪੂਰੀ ਤਰਾਂ ਢੁੱਕਵੀਂ ਸੀ ਜੋ ਬਾਅਦ ‘ਚ ਉਨ੍ਹਾਂ ਦੀ ਅਵਾਜ਼ ਬਣ ਗਈ।ਮੁਕੇਸ਼ ਰਾਜ ਕਪੂਰ ਦੀ ਪਹਿਲੀ ਪਸੰਦ ਬਣ ਗਿਆ ਸੀ ਅਤੇ ਉਸਦੀ ਹਰ ਫਿਲਮ ‘ਚ ਉਸ ਕੋਲੋ ਗੀਤ ਗਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ।

ਮੁਕੇਸ਼ ਦੀ ਅਵਾਜ਼ ਇੰਨੀ ਦਮਦਾਰ ਸੀ ਕੋਈ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ।ਉਨ੍ਹਾਂ ਦੁਆਰਾ ਗਾਏ ਯਾਦਗਰੀ ਗੀਤਾਂ ਦੀ ਸੂਚੀ ਬੜੀ ਲੰਮੀ ਹੈ।ਪੱਥਰ ਕੇ ਸਨਮ, ਦੂਰ ਕਹੀਂ ਜਬ ਦਿਨ ਢਲ ਜਾਏ, ਜਾਨੇ ਕਹਾਂ ਹਏ ਵੋਹ ਦਿਨ,ਤੌਬਾ ਯੇਹ ਮਤਵਾਲੀ ਚਾਲ, ਚਾਂਦ ਸੀ ਮਹਿਬੂਬਾ ਹੋ ਮੇਰੀ ਆਦਿ ਗੀਤ ਮੁਕੇਸ਼ ਦੀ ਅਵਾਜ਼ ਨਾਲ ਸਦਾ ਲਈ ਅਮਰ ਹੋ ਗਏ।ਮੁਕੇਸ਼ ਨੇ ਲੱਗਭਗ 1300 ਗੀਤਾਂ ਨੂੰ ਆਪਣੀ ਮਨਮੋਹਕ ਅਵਾਜ਼ ਨਾਲ ਨਿਵਾਜ਼ ਕੇ ਸਦਾ ਲਈ ਅਮਰ ਕੀਤਾ ਹੈ।ਉਸਦੇ ਸਮਕਾਲੀ ਗਾਇਕਾਂ ਦੇ ਮੁਕਾਬਲੇ ਇਹ ਗਿਣਤੀ ਭਾਵੇਂ ਥੋੜੀ ਪ੍ਰਤੀਤ ਹੁੰਦੀ ਹੈ ਪਰ ਉਹ ਗਿਣਤੀ ਨਾਲੋਂ ਗੁਣਵੱਤਾ ਨੂੰ ਹਮੇਸ਼ਾਂ ਪਹਿਲ ਦਿੰਦੇ ਰਹੇ।ਸੱਤਰ ਦੇ ਦਹਾਕੇ ਦੌਰਾਨ ਉਨ੍ਹਾਂ ਨੇ ਸਭ ਤੋਂ ਘੱਟ ਗੀਤ ਗਾਏ ਜਿਸਦਾ ਮੁੱਖ ਕਾਰਨ ਸੀ ਉਨ੍ਹਾਂ ਦੀ ਵਿਗੜਦੀ ਸਿਹਤ ਅਤੇ ਪਿੱਠਵਰਤੀ ਗਾਇਕ ਕਿਸ਼ੋਰ ਕੁਮਾਰ ਦੀ ਗਾਇਕੀ ਦਾ ਆਗਾਜ਼।

ਉਨ੍ਹਾਂ ਦੀ ਬਾਕਮਾਲ ਗਾਇਕੀ ਕਾਰਨ ਉਨ੍ਹਾਂ ਨੂੰ ਬਹੁਤ ਮਾਣ ਸਨਮਾਨ ਮਿਲੇ।ਉਨ੍ਹਾਂ ‘ਚੋਂ ਕੁਝ ਕੁ ਦਾ ਜ਼ਿਕਰ ਕਰਨਾ ਲਾਜ਼ਮੀ ਹੈ।ਬੰਗਾਲ ਫਿਲਮ ਜਰਨਲਿਸਟ ਐਸੋਸ਼ੀਏਸ਼ਨ ਦੁਆਰਾ ਉਨ੍ਹਾਂ ਨੂੰ ਤਿੰਨ ਵਾਰ ਉੱਤਮ ਪਿੱਠਵਰਤੀ ਗਾਇਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ।ਸੰਨ 1974 ਵਿੱਚ ਉਨ੍ਹਾਂ ਨੂੰ ਉੱਤਮ ਪਿੱਠਵਰਤੀ ਮਰਦ ਗਾਇਕ ਕੌਮੀ ਫਿਲ਼ਮ ਸਨਮਾਨ ਨਾਲ ਨਿਵਾਜ਼ਿਆ ਗਿਆ ਸੀ।ਇਹ ਸਨਮਾਨ ਉਨ੍ਹਾਂ ਨੂੰ ਫਿਲਮ ਰਜਨੀਗੰਧਾ ਦੇ ਗੀਤ ਕਈ ਵਾਰ ਯੂੰਹੀ ਦੇਖਾ ਦੇ ਲਈ ਦਿੱਤਾ ਗਿਆ ਸੀ।ਇਸ ਤੋਂ ਬਿਨਾਂ ਉਨ੍ਹਾਂ ਨੂੰ ਫਿਲਮ ਫੇਅਰ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

27 ਅਗਸਤ 1976 ਨੂੰ ਉਨ੍ਹਾਂ ਦਾ ਸੰਗੀਤਕ ਪ੍ਰੋਗਰਾਮ ਅਮਰੀਕਾ ਦੇ ਸ਼ਹਿਰ ਮਿਸ਼ੀਗਨ ਵਿੱਚ ਸੀ, ਮਹਾਨ ਗਾਇਕਾ ਲਤਾ ਮੰਗੇਸ਼ਕਰ ਵੀ ਉਨ੍ਹਾਂ ਦੇ ਨਾਲ ਸੀ।ਸਵੇਰੇ ਉਹ ਜਲਦੀ ਉੱਠੇ ਅਤੇ ਸ਼ੋਅ ਲਈ ਤਿਆਰ ਹੋਏ ਪਰ ਉਨ੍ਹਾਂ ਨੂੰ ਇਹ ਗੱਲ ਯਾਦ ਚੇਤੇ ਵੀ ਨਹੀਂ ਸੀ ਕਿ ਅੱਜ ਉਹ ਆਪਣੇ ਸਰੋਤਿਆਂ ਦੇ ਰੂਬਰੂ ਨਹੀਂ ਹੋ ਸਕਣਗੇ ਬਲਕਿ ਸਦਾ ਲਈ ਉਨ੍ਹਾਂ ਤੋਂ ਦੂਰ ਚਲੇ ਜਾਣਗੇ।ਸ਼ੋਅ ਲਈ ਜਾਦੇ ਸਮੇ ਉਨ੍ਹਾਂ ਨੂੰ ਛਾਤੀ ‘ਚ ਦਰਦ ਹੋਇਆ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਸਨ।ਜਦ ਇਹ ਮੰਦਭਾਗੀ ਖਬਰ ਅਭਿਨੇਤਾ ਰਾਜ ਕਪੂਰ ਨੇ ਸੁਣੀ ਤਾਂ ਉਹ ਆਪ ਮੁਹਾਰੇ ਹੀ ਬੋਲ ਉੱਠੇ “ਅੱਜ ਮੈਂ ਆਪਣੀ ਅਵਾਜ਼ ਖੋ ਦਿੱਤੀ ਹੈ”। ਚਾਹੇ ਮੁਕੇਸ਼ ਜੀ ਨੂੰ ਸਾਡੇ ਤੋਂ ਵਿੱਛੜੇ ਕਈ ਦਹਾਕੇ ਹੋਣ ਵਾਲੇ ਹਨ ਪਰ ਉਨ੍ਹਾਂ ਦੀ ਦਮਦਾਰ ਅਵਾਜ਼ ਅੱਜ ਵੀ ਲੋਕਾਂ ਦੇ ਦਿਲ ‘ਤੇ ਰਾਜ ਕਰਦੀ ਹੈ ਅਤੇ ਪਿੱਠਵਰਤੀ ਗਾਇਕੀ ਦੇ ਖੇਤਰ ‘ਚ ਉਨ੍ਹਾਂ ਦਾ ਨਾਮ ਧਰੂ ਤਾਰੇ ਵਾਂਗ ਸਦਾ ਚਮਕਦਾ ਰਹੇਗਾ।

ਈ-ਮੇਲ: [email protected]

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ