Mon, 23 September 2019
Your Visitor Number :-   1809913
SuhisaverSuhisaver Suhisaver
ਕਪੂਰਥਲਾ ਪੁਲਿਸ ਜਾਂਚ ਦੇ ਬਹਾਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਨੇਤਾ ਜੀ ਕਦੋਂ ਆਉਣਗੇ? - ਗੁਰਤੇਜ ਸਿੰਘ

Posted on:- 28-08-2016

suhisaver

ਸਵੇਰੇ ਉੱਠਣ ਸਾਰ ਗੁਰੂ ਘਰ ਦੇ ਸਪੀਕਰ ‘ਚ ਕੰਨ ਪਾੜਵੀਂ ਆਵਾਜ਼ ਵਿੱਚ ਕੋਈ ਵਿਅਕਤੀ ਪਿੰਡ ਵਿੱਚ ਦੁਪਹਿਰ ਨੂੰ ਕਿਸੇ ਰਾਜਨੀਤਕ ਨੇਤਾ ਦੇ ਆਗਮਨ ਦੀ ਦੁਹਾਈ ਪਾ ਰਿਹਾ ਸੀ। ਉਸ ਨੇਤਾ ਪ੍ਰਤੀ ਇੰਨੀ ਹਮਦਰਦੀ ਤੇ ਤਾਰੀਫ ਦੀ ਬੁਛਾੜ ਦੇ ਕਾਰਨ ਜਾਪਦਾ ਸੀ, ਜਿਵੇਂ ਉਸ ਨੇਤਾ ਨੇ ਉਸ ਦਾ ਲੋਕ ਪ੍ਰਲੋਕ ਸੰਵਾਰ ਦਿੱਤਾ ਹੋਵੇ। ਪਿੰਡ ਵਾਸੀਆਂ ਨੂੰ ਦੁਪਹਿਰੇ ਗੁਰੂ ਘਰ ਪਹੁੰਚ ਕੇ ਨੇਤਾ ਜੀ ਦੇ ਅਨਮੋਲ ਵਿਚਾਰ ਸੁਣਨ ਲਈ ਪੁਰਜ਼ੋਰ ਅਪੀਲ ਕਰ ਰਿਹਾ ਸੀ। ਆਪਣੇ ਨੇਤਾ ਜੀ ਦੇ ਸਵਾਗਤ ਲਈ ਪਿੰਡ ਦੇ ਜ਼ਿਆਦਾਤਰ ਲੋਕ ਕਈ ਦਿਨਾਂ ਤੋਂ ਤਿਆਰੀ ਵਿੱਚ ਰੁੱਝੇ ਹੋਏ ਸਨ। ਪਿੰਡ ਨੂੰ ਨਵ-ਵਿਆਹੀ ਦੁਲਹਨ ਵਾਂਗ ਸਜਾਇਆ ਗਿਆ ਸੀ। ਲੋਕਾਂ ਦਾ ਭਰਵਾਂ ਇੱਕਠ ਵਿਖਾਉਣ ਲਈ ਪਿੰਡ ਦੇ ਮੋਹਤਬਰ ਅਤੇ ਨੇਤਾ ਜੀ ਦੇ ਦੇ ਕੁੱਝ ਕਰੀਬੀ ਰਿਸ਼ਤੇਦਾਰ ਪਿੰਡ ਵਾਸੀਆਂ ਨੂੰ ਦੁਪਹਿਰੇ ਗੁਰੂ ਘਰ ਪਹੁੰਚਣ ਲਈ ਹੱਥ ਜੋੜ ਕੇ ਪਿਆਰ ਰੂਪੀ ਤਰਲੇ ਪਾ ਰਹੇ ਸਨ। ਉਨ੍ਹਾਂ ਦੀ ਇਹ ਹਾਲਤ ਦੇਖ ਕੇ ਹਮਾਤੜ ਖੁਸ਼ ਹੋ ਰਹੇ ਸਨ ਕਿ ਅੱਜ ਆਏ ਨੇ ਜਾੜ੍ਹ ਥੱਲੇ, ਅੱਗੇ ਪਿੱਛੇ ਤਾਂ ਸਾਨੂੰ ਟਿੱਚ ਹੀ ਸਮਝਦੇ ਨੇ। ਸਾਨੂੰ ਤਾਂ ਕੀ ਬੁਲਾਉਣਾ ਅੱਗਿਓਂ ਸਾਡੀ ਸਲਾਮ ਦਾ ਜਵਾਬ ਵੀ ਨਹੀਂ ਦਿੰਦੇ ਸਨ। ਖੈਰ ਦੁਪਹਿਰ ਤੱਕ ਪਿੰਡ ਵਾਸੀ ਗੁਰੂ ਘਰ ਪੁੱਜ ਗਏ ਅਤੇ ਕਾਫੀ ਸਮਾਂ ਘੁਸਰ-ਮੁਸਰ ਤੇ ਚੁਗਲੀਆਂ ਦੀ ਭੇਂਟ ਚੜ੍ਹ ਗਿਆ ਪਰ ਨੇਤਾ ਜੀ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਸੀ ਕਿ ਉਹ ਕਿੱਥੇ ਨੇ ਅਤੇ ਕਦੋਂ ਪਹੁੰਚਣਗੇ?

ਪਿੰਡ ਦੇ ਮੋਹਤਬਰ ਲੋਕਾਂ ਨੂੰ ਇੰਤਜਾਰ ਕਰਨ ਲਈ ਤਰਲੇ ਪਾ ਰਹੇ ਸਨ ਅਤੇ ਵਾਰ-ਵਾਰ ਕਹਿ ਰਹੇ ਸਨ ਕਿ ਉਹ ਛੇਤੀ ਹੀ ਸਾਡੇ ਦਰਮਿਆਨ ਹੋਣਗੇ। ਕਾਫੀ ਸਮਾਂ ਬੀਤ ਗਿਆ ਸੀ ਜਿਸ ਕਾਰਨ ਲੋਕ ਔਖੇ ਹੋਏ ਬੈਠੇ ਸਨ। ਚਾਹ ਪਾਣੀ ਦਾ ਪ੍ਰਬੰਧ ਕੇਵਲ ਖਾਸ ਲੋਕਾਂ ਵਾਸਤੇ ਹੀ ਸੀ। ਆਮ ਲੋਕਾਂ ਲਈ ਤਾਂ ਪਾਣੀ ਦਾ ਪ੍ਰਬੰਧ ਸੀ। ਲੋਕ ਸ਼ਰਮੋਂ-ਸ਼ਰਮੀਂ ਬੈਠਣ ਲਈ ਮਜਬੂਰ ਸਨ, ਜੋ ਨੇਤਾ ਅਗਨੀ ਪ੍ਰੀਖਿਆ ਸਮੇਂ ਘਰ-ਘਰ ਜਾ ਕੇ ਲੋਕਾਂ ਦੇ ਦਰਸ਼ਨ ਕਰਦਾ ਸੀ, ਅੱਜ ਸਾਢੇ ਚਾਰ ਸਾਲਾਂ ਤੋਂ ਜ਼ਿਆਦਾ ਸਮੇਂ ਬਾਅਦ ਵੀ ਲੋਕਾਂ ਨੂੰ ਉਸ ਦੇ ਦਰਸ਼ਨ ਮਹਿੰਗੇ ਹੋ ਗਏ ਸਨ।

ਲੋਕਾਂ ਤੋਂ ਜ਼ਿਆਦਾ ਮਾੜੀ ਹਾਲਤ ਪੁਲਿਸ ਕਮਾਂਡੋ ਅਤੇ ਟ੍ਰੈਫਿਕ ਪੁਲਿਸ ਦੇ ਜਵਾਨਾਂ ਦੀ ਸੀ, ਜੋ ਸਵੇਰ ਤੋਂ ਨੇਤਾ ਜੀ ਦੀ ਸੁਰੱਖਿਆ ਵਿੱਚ ਤਾਇਨਾਤ ਸਨ। ਭੁੱਖਣ-ਭਾਣੇ ਖੜ੍ਹੇ ਵਿਚਾਰੇ ਆਪਣੀ ਕਿਸਮਤ ਨੂੰ ਜ਼ਰੂਰ ਕੋਸਦੇ ਹੋਣਗੇ ਤੇ ਅਫਸੋਸ ਕਰਦੇ ਹੋਣਗੇ ਕਿ ਅਸੀਂ ਤਨਖਾਹ ਤਾਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਲੈਂਦੇ ਹਾਂ, ਪਰ ਜਨਤਾ ਦੀ ਸੇਵਾ ਦੀ ਥਾਂ ਨੇਤਾਵਾਂ ਦੀ ਖਿਦਮਤ ਜਿਆਦਾ ਕਰਦੇ ਹਾਂ। ਪਿੰਡ ਤੋਂ ਪੰਜ ਕਿਲੋਮੀਟਰ ਤੱਕ ਇਹ ਜਵਾਨ ਤਾਇਨਾਤ ਸਨ ਤੇ ਹਰ ਕਿਸੇ ਦੀ ਤਲਾਸ਼ੀ ਲੈ ਕੇ ਹੀ ਅੱਗੇ ਜਾਣ ਦੇ ਰਹੇ ਸਨ। ਸਾਰੇ ਅੰਦਰੋਂ ਦੁੱਖੀ ਅਤੇ ਟੁੱਟੇ ਹੋਏ ਜਾਪਦੇ ਸਨ ਜਿਵੇਂ ਇਹ ਕੰਮ ਉਨ੍ਹਾਂ ਤੋਂ ਜ਼ਬਰਦਸਤੀ ਕਰਵਾਇਆ ਜਾ ਰਿਹਾ ਹੋਵੇ। ਜਣੇ-ਖਣੇ ਨੇਤਾ ਨੂੰ ਸੁਰੱਖਿਆ ਦੇਣ ਦੇ ਨਾਂਅ ਉਤੇ ਇਨ੍ਹਾਂ ਮੁਲਾਜ਼ਮਾਂ ਦੇ ਮਾਨਸਿਕ ਸੋਸ਼ਣ ਦੀ ਦਾਸਤਾਨ ਉਨ੍ਹਾਂ ਦੇ ਚਿਹਰੇ ਬਾਖੂਬੀ ਬਿਆਨ ਕਰ ਰਹੇ ਸਨ। ਉਧਰ ਲੋਕ ਵਾਰ-ਵਾਰ ਪੁੱਛ ਰਹੇ ਸਨ ਕਿ ਨੇਤਾ ਜੀ ਕਦੋਂ ਆਉਣਗੇ? ਲੋਕਾਂ ਦੇ ਸਬਰ ਦਾ ਪਿਆਲਾ ਛਲਕ ਰਿਹਾ ਸੀ, ਪਰ ਉਹ ਤਾਂ ਪਹੁੰਚਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਲੋਕ ਉਬਾਸੀਆਂ ਝੱਪਕੀਆਂ ਲੈ ਰਹੇ ਸਨ ਤੇ ਕੁੱਝ ਲੋਕ ਉਠ ਕੇ ਜਾ ਰਹੇ ਸਨ। ਜਿਸ ਕਾਰਨ ਪਿੰਡ ਦੇ ਨੇਤਾਵਾਂ ਦੇ ਪਸੀਨੇ ਛੁੱਟ ਰਹੇ ਸਨ, ਕਿਉਂਕਿ ਉਨ੍ਹਾਂ ਨੂੰ ਸਖਤ ਹਦਾਇਤ ਸੀ ਕਿ ਲੋਕਾਂ ਦਾ ਇੱਕਠ ਜ਼ਿਆਦਾ ਹੋਣਾ ਚਾਹੀਦਾ ਹੈ। ਸਾਰੇ ਉਨ੍ਹਾਂ ਤੇ ਥੂ-ਥੂ ਕਰ ਰਹੇ ਸਨ। ਹਰ ਕੋਈ ਉਨ੍ਹਾਂ ਨੂੰ ਵੱਢੂ ਖਾਉਂ ਪੈਂਦਾ ਸੀ।

ਨੇਤਾ ਜੀ ਦੇ ਕਾਰਨ ਉਨ੍ਹਾਂ ਨੂੰ ਲੋਕਾਂ ਦੀਆਂ ਫਿਟਕਾਰਾਂ ਸੁਣਨੀਆਂ ਪੈ ਰਹੀਆਂ ਸਨ, ਪਰ ਉਹ ਵੀ ਕੀ ਕਰ ਸਕਦੇ ਸਨ, ਕਿਉਂਕਿ ਨੇਤਾ ਜੀ ਤਾਂ ਨੇਤਾ ਜੀ ਹਨ। ਦੇਰ ਆਏ ਦਰੁਸਤ ਆਏ ਆਖਿਰ ਨੇਤਾ ਜੀ ਆਪਣੇ ਲਾਮ-ਲਸ਼ਕਰ ਨਾਲ ਲੋਕਾਂ ਵਿਚਕਾਰ ਪਹੁੰਚ ਗਏ ਅਤੇ ਤੂਫਾਨੀ ਦੌਰੇ ਕਾਰਨ ਦੇਰੀ ਲਈ ਮਾਫੀ ਮੰਗੀ। ਨੇਤਾ ਜੀ ਦੇ ਭਾਸ਼ਣ ਨੇ ਵਿਰੋਧੀਆਂ ਦੀ ਰੱਜ ਕੇ ਬੁਰਾਈ ਕੀਤੀ ਤੇ ਕਈ ਤਰ੍ਹਾਂ ਦੇ ਸੰਗੀਨ ਇਲਜ਼ਾਮ ਲਗਾਏ ਜੋ ਨੈਤਿਕਤਾ ਦੇ ਨੇੜ-ਤੇੜੇ ਵੀ ਨਹੀਂ ਸਨ।ਗੁਰੂ ਘਰ ਦੀ ਮਰਿਆਦਾ ਦਾ ਵੀ ਖਿਆਲ ਨਹੀ ਕੀਤਾ। ਭਾਸ਼ਣ ਖਤਮ ਹੋਣ ‘ਤੇ ਵੀ ਮਿੰਟਾਂ ਬਾਅਦ ਉਨ੍ਹਾਂ ਦੇ ਜਾਣ ਦੀ ਤਿਆਰੀ ਸੀ। ਜੋ ਨੇਤਾ ਸਾਢੇ ਚਾਰ ਸਾਲ ਪਹਿਲਾਂ ਵੋਟਾਂ ਸਮੇਂ ਲੋਕਾਂ ਨੂੰ ਮਿਲਦਾ ਸੀ, ਪਰ ਅੱਜ ਲੋਕਾਂ ਦੀ ਗੱਲ ਸੁਣਨ ਲਈ ਉਸ ਕੋਲ ਸਮਾਂ ਨਹੀਂ ਸੀ। ਚੰਦ ਮਿੰਟਾਂ ਤੇ ਦਲਿਤ ਭਾਈਚਾਰੇ ਨਾਲ ਸਬੰਧਿਤ ਧਰਮਸ਼ਾਲਾ ਦੇ ਦੋ ਕਮਰਿਆਂ ਜੋ ਨੇਤਾ ਜੀ ਦੇ ਉਦਘਾਟਨ ਦੀ ਉਡੀਕ ਵਿੱਚ ਸਨ, ਲਈ ਇੰਨਾ ਲਾਮ ਲਸ਼ਕਰ ਤੇ ਸੋਸ਼ੇਬਾਜ਼ੀ ਕੀਤੀ ਗਈ ਸੀ।
ਲੋਕ ਆਪਣੇ ਨੇਤਾ ਦੀ ਇਸ ਬੇਰੁਖੀ ਤੋਂ ਦੁੱਖੀ ਸਨ ਅਤੇ ਭਰੇ ਮਨ ਨਾਲ ਹਾਰੇ ਹੋਏ ਜੁਆਰੀਏ ਵਾਂਗ ਘਰਾਂ ਨੂੰ ਤੁਰ ਪਏ। ਲੋਕ ਇੱਕ ਦੂਜੇ ਨੂੰ ਕਹਿ ਰਹੇ ਸਨ ‘‘ਆਹ ਦਰਸ਼ਨ ਦੇਣ ਆਇਆ ਸੀ ਜਾਂ ਦਰਸ਼ਨ ਕਰਨ।‘‘ ਨੇਤਾ ਜੀ ਦੇ ਵੀਹ ਮਿੰਟਾਂ ਲਈ ਤੇ ਕਿੰਨੇ ਮੁਲਾਜ਼ਮ ਸਵੇਰੇ ਦੇ ਸੁੱਕਣੇ ਪਏ ਸਨ। ਲੋਕ ਤਾਂ ਫਾਰਗ ਹੋ ਗਏ ਸਨ, ਪਰ ਇਨ੍ਹਾਂ ਮੁਲਾਜ਼ਮਾਂ ਦੇ ਫਾਰਗ ਹੋਣ ਦਾ ਕੋਈ ਸਮਾਂ ਨਹੀਂ, ਜਦ ਤੱਕ ਨੇਤਾ ਜੀ ਆਪਣੇ ਸਰਕਾਰੀ ਆਵਾਸ ਨਹੀਂ ਪਹੁੰਚਦੇ, ਇਹ ਸੜਕਾਂ ‘ਤੇ ਖੜ੍ਹੇ ਰਹਿਣਗੇ। ਨੇਤਾ ਜੀ ਦਾ ਹੈਲੀਕਾਪਟਰ ਤਾਂ ਉਪਰੋਂ ਗੁਜ਼ਰ ਜਾਵੇਗਾ। ਇਹ ਪਤਾ ਨਹੀਂ ਕਿਸ ਚੀਜ਼ ਦੀ ਸੁਰੱਖਿਆ ਲਈ ਸੁੱਕਣੇ ਪਾਏ ਜਾਂਦੇ ਹਨ। ਕਈ ਵਾਰ ਤਾਂ ਜਾਪਦਾ ਹੈ ਕਿ ਅਗਰ ਸੁੰਨੇ ਪੁਲਿਸ ਥਾਣਿਆਂ ਵਿੱਚ ਹੀ ਚੋਰ ਚੋਰੀ ਕਰ ਲੈਣ ਤਾਂ ਪੁਲਿਸ ਕਿਸ ਦੀ ਮਾਂ ਨੂੰ ਮਾਸੀ ਆਖੇਗੀ? ਕਿਉਂਕਿ ਸਾਰੀ ਪੁਲਿਸ ਤਾਂ ਨੇਤਾ ਜੀ ਦੀ ਖਿਦਮਤ ਵਿੱਚ ਹਾਜ਼ਰ ਹੁੰਦੀ ਹੈ। ਮੁਲਾਜ਼ਮ ਲੋਕਾਂ ਨੂੰ ਮਾਯੂਸ ਵਾਪਸ ਘਰਾਂ ਨੂੰ ਜਾਂਦੇ ਹੋਏ ਦੇਖ ਰਹੇ ਸਨ। ਉਨ੍ਹਾਂ ਦੀਆਂ ਉਦਾਸ ਅੱਖਾਂ ਮੰਨੋ ਲੋਕਾਂ ਨੂੰ ਕਹਿ ਰਹੀਆਂ ਹੋਣ ਕਿ ਦੇਰੀ ਨਾਲ ਆਉਣਾ ਇਨ੍ਹਾਂ ਦਾ ਜਨਮ ਸਿੱਧ ਅਧਿਕਾਰ ਬਣ ਗਿਆ ਹੈ। ਤੁਹਾਡੇ ਕੋਲ ਵੀਹ ਮਿੰਟ ਤਾਂ ਆ ਗਏ ਕਿਉਂਕਿ ਵੋਟਾਂ ਸਿਰ ‘ਤੇ ਹਨ। ਕਈ ਜਗ੍ਹਾ ਤਾਂ ਇਹ ਪੰਜ ਸਾਲ ਵਿੱਚ ਇੱਕ ਵਾਰ ਵੀ ਗੇੜਾ ਨਹੀਂ ਮਾਰਦੇ। ਤੁਹਾਡੇ ਵਾਂਗ ਅਸੀਂ ਤੇ ਉਹ ਲੋਕ ਇੱਕ ਦੂਜੇ ਨੂੰ ਪੁੱਛਦੇ ਹਨ ਬਈ! ਨੇਤਾ ਜੀ ਕਦੋਂ ਆਉਣਗੇ?


ਸੰਪਰਕ: +91 94641 72783

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ