Fri, 19 April 2024
Your Visitor Number :-   6984975
SuhisaverSuhisaver Suhisaver

ਛੇੜਛਾੜ ਤੋਂ ਬਲਾਤਕਾਰ ਤੱਕ ... - ਸੁਖਪਾਲ ਕੌਰ 'ਸੁੱਖੀ'

Posted on:- 01-11-2020

 ਮੈਂ ਆਪਣੀ ਗਲੀ ਤੋਂ ਪਹਿਲਾਂ ਆਉਂਦੇ ਚੁਰਸਤੇ ਤੇ ਹਾਲੇ ਸਕੂਟਰੀ ਮੋੜਨ ਲਈ ਹੌਲੀ ਹੀ ਕੀਤੀ ਸੀ ਕਿ ਇੱਕ 19 ਕੁ ਵਰ੍ਹਿਆਂ ਦੀ ਕੁੜੀ ਮੇਰੇ ਵਿੱਚ ਆ ਵੱਜੀ। ਮੈਂ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਡਿੱਗਣੋਂ ਬਚਾਇਆ , ਪਰ ਉਹ ਕੁੜੀ ਡਿੱਗ ਪਈ ਸੀ। ਮੈਂ ਉਸ ਨੂੰ ਗੁੱਸੇ ਵੱਲ ਦੇਖਦੇ ਕਿਹਾ,"ਉਏ ਤੇਰਾ ਧਿਆਨ ਕਿੱਥੇ ਹੈ।" ਉਸ ਨੇ ਖੜੇ ਹੋ ਕੇ ਆਪਣੇ ਕੱਪੜੇ ਝਾੜਦੇ ਕਿਹਾ,"ਸੌਰੀ ਦੀਦੀ।" ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੁਝ ਕਹਿੰਦੀ ਜਾਂ ਡਾਂਟਦੀ ਮੈਨੂੰ ਖੱਬੇ ਹੱਥ ਵਾਲੀ ਗਲੀ ਵਿੱਚੋਂ ਦੋ ਮੋਟਰ ਸਾਈਕਲ ਸਵਾਰ ਆਉਂਦੇ ਦਿਖੇ। ਉਹਨਾਂ ਨੂੰ ਦੇਖ ਉਸ ਕੁੜੀ ਨੇ ਮੇਰਾ ਘੁੱਟ ਕੇ ਹੱਥ ਫੜ ਲਿਆ ਤੇ ਉਸਦੇ ਮੱਥੇ ਤੇ ਚਿੰਤਾ ਦੀ ਲਕੀਰ ਹੋਰ ਵੀ ਗਹਿਰੀ ਹੋ ਗਈ । ਉਸਦੇ ਹੱਥ ਇਕਦਮ ਬਰਫ਼ ਵਾਂਗ ਠੰਢੇ ਸੀ।

ਮੈਨੂੰ ਉਸ ਕੁੜੀ ਨਾਲ ਦੇਖ ਉਹ ਮੋਟਰ ਸਾਈਕਲ ਸਵਾਰ ਉੱਥੇ ਹੀ ਖੜ ਗਏ। ਮੈਂ ਗੱਲ ਸਮਝ ਗਈ ਸੀ ਕਿ ਇਹ ਇਸ ਨੂੰ ਤੰਗ ਕਰ ਰਹੇ ਨੇ। ਮੇਰੇ ਜੋ ਸਮਝ ਆਇਆ ਮੈਂ ਉਹੀ ਕੀਤਾ । ਮੈਂ ਉਸ ਕੁੜੀ ਨੂੰ ਉੱਚੀ ਦੇਈਂ ਬੋਲ ਕੇ ਕਿਹਾ," ਆਹ ਡੋਰ ਬੈੱਲ ਵਜਾ ਇਹ ਘਰ ਮੇਰਾ। ਦੇਖਦੇ ਹਾਂ ਕੌਣ ਕੀ ਕਰਦਾ।" ਇੰਨਾਂ ਸੁਣ ਕੇ ਉਹ ਮੋਟਰ ਸਾਈਕਲ ਵਾਲੇ ਨੇ ਮੋਟਰ ਸਾਈਕਲ ਦਾ ਮੂੰਹ ਘੁਮਾ ਲਿਆ ਪਰ ਉਹ ਉੱਥੇ ਹੀ ਖੜ ਗਏ। ਮੈਂ ਸਕੂਟਰੀ ਸਟੈਡ ਤੇ ਲਗਾ ਕੇ ਉਸ ਦਾ ਹੱਥ ਫੜਿਆਂ ਤੇ ਮੋੜ ਦੇ ਪਹਿਲੇ ਘਰ ਦੀ ਡੋਰ ਬੈੱਲ ਵਜਾ ਦਿੱਤੀ। ਗਲੀ ਦੇ ਸਬ ਮੈਨੂੰ ਜਾਣੂ ਸੀ , ਇਸ ਲਈ ਆਂਟੀ ਨੇ ਦਰਵਾਜ਼ਾ ਖੋਲਿਆ ਤਾਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਕਿਹਾ ਕਿ ,"ਆਂਟੀ ਮੇਰੀ ਸਕਟੂਰੀ ਬੰਦ ਹੋ ਗਈ ਸਟਾਰਟ ਨਹੀਂ ਹੋ ਰਹੀ। ਆਂਟੀ ਨੇ ਅੰਕਲ ਨੂੰ ਅਵਾਜ਼ ਲਗਾਈ। ਇਸ ਵਿੱਚ ਮੇਰਾ ਧਿਆਨ ਮੋਟਰ ਸਾਈਕਲ ਸਵਾਰ ਵੱਲ ਸੀ। ਜਿਵੇਂ ਹੀ ਅੰਕਲ ਬਾਹਰ ਆਏ , ਮੋਟਰ ਸਾਈਕਲ ਸਵਾਰ ਉਹਨਾਂ ਨੂੰ ਦੇਖ ਕੇ ਭੱਜ ਗਏ। ਮੈਂ ਸੁੱਖ ਦਾ ਸਾਹ ਲਿਆ। ਅੰਕਲ ਨੇ ਸਕੂਟਰੀ ਕਿੱਕ ਨਾਲ ਸਟਾਰਟ ਕੀਤੀ ਤੇ ਮੈਂ ਉਹਨਾਂ ਦਾ ਧੰਨਵਾਦ ਕੀਤਾ ।

ਮੈਂ ਉਸ ਕੁੜੀ ਨੂੰ ਕਿਹਾ," ਪਿੱਛੇ ਬੈਠ ਬੀਬਾ ਮੈਂ ਛੱਡ ਦਿੰਦੀ ਹਾਂ।" ਉਸਦਾ ਪੂਰਾ ਸਰੀਰ ਕੰਬ ਰਿਹਾ ਸੀ। ਉਹ ਝਿਜਕਦੇ ਮੇਰੇ ਪਿੱਛੇ ਬੈਠੀ ਤਾਂ ਮੈਂ ਪੁੱਛਿਆ,"ਕਿੱਥੇ ਜਾਣਾ?" ਉਸ ਨੇ ਦੱਸਿਆ ਕਿ ਉਸਦੀ ਮਾਤਾ ਕਿਸੇ ਦੇ ਘਰ ਸਫਾਈ ਦਾ ਕੰਮ ਕਰਦੀ ਹੈ। ਸੋ ਅੱਜ ਉਹ ਨਹੀਂ ਆਈ ਤੇ ਮੈਂ ਆਈ ਸੀ। ਪਰ ਇਹ ਕਾਫੀ ਦੇਰ ਤੋਂ ਮੇਰਾ ਪਿੱਛਾ ਕਰ ਰਹੇ ਸੀ।" ਇੰਨਾਂ ਕਹਿ ਉਹ ਰੋਣ ਲੱਗ ਗਈ। ਮੈਂ ਉਹਨੂੰ ਕਚਹਿਰੀ ਚੋਂਕ ਛੱਡਿਆ ਤੇ ਮੈਂ ਉਸਨੂੰ ਪੁਲਿਸ ਹੈਲਪ ਲਾਈਨ ਦਾ ਸਪੰਰਕ ਨੰਬਰ ਦਿੱਤਾ ਤੇ ਮੈਂ ਘਰ ਵਾਪਸ ਆ ਗਈ । ਪਰ ਮੇਰੇ ਦਿਮਾਗ ਵਿੱਚ ਹਾਲੇ ਵੀ ਉਹ ਘਟਨਾ ਘੁੰਮ ਰਹੀ ਸੀ।

ਛੇੜਛਾੜ, ਇੱਕ ਮਹਿਜ ਸਬਦ ਨਹੀਂ ਇਹ ਇੱਕ ਪਹਿਲਾ ਕਦਮ ਹੈ ਜੋ ਬਲਾਤਕਾਰ ਵਰਗੇ ਵਹਿਸੀ ਅਪਰਾਧ ਨੂੰ ਜਨਮ ਦਿੰਦਾ ਹੈ। ਸਰੀਰ ਨੂੰ ਨਿਹਾਰਨਾ, ਅਸ਼ਲੀਲ ਗੀਤ ਗਾਉਣਾ, ਕੁਮੈਂਟ ਕਰਨਾ, ਰਾਹ ਜਾਂਦੇ ਪਿੱਛੇ ਕਰਨਾ, ਸੀਟੀਆਂ ਮਾਰਨਾ, ਆਨੀ-ਬਹਾਨੀ ਛੂਹਣਾ, ਰਾਹ ਰੋਕਣਾ ਆਦਿ ਪਤਾ ਨਹੀਂ ਕਿੰਨੀ ਤਰ੍ਹਾ ਨਾਲ ਹਰ ਉਮਰ ਦੀ ਔਰਤ ਨੂੰ ਕਿੰਨਾ ਦਰਦ ਚੁੱਪ-ਚਾਪ ਸਹਿਣਾ ਪੈਂਦਾ। ਉਸਦਾ ਹਰ ਪਲ ਦਾ ਡਰ, ਅੰਦਰੋਂ-ਅੰਦਰੀ ਘੁੱਟਦਾ ਦਰਦ, ਅਣਕਹੀਆਂ ਸਿਸਕੀਆਂ ਤੇ ਪਰਿਵਾਰ ਦੀ ਇੱਜਤ ਬਚਾਉਣ ਲਈ ਆਪਣੇ ਆਤਮ ਸਨਮਾਨ ਦਾ ਕਤਲ ਹੁੰਦੇ ਦੇਖਣਾ ਇਹ ਸਭ ਇੱਕ ਔਰਤ ਲਈ ਉਹ ਸੰਘਰਸ ਹੈ ਜੋ ਉਹ ਆਪਣੇ ਇਸ ਦੁਨੀਆ ਵਿੱਚ ਪਹਿਲਾ ਸਾਹ ਲੈਣ ਤੋਂ ਆਖਰੀ ਸਾਹ ਲੈਣ ਤੱਕ ਇਕੱਲੇ ਕਰਦੀ ਹੈ। ਇਸ ਧਰਤੀ ਤੇ ਅਜਿਹਾ ਕੋਈ ਕੋਨਾ ਨਹੀਂ ਜਿੱਥੇ ਇੱਕ ਔਰਤ ਨੂੰ ਇਸ ਦਾ ਸਾਹਮਣਾ ਨਾ ਕਰਨਾ ਪਵੇ, । ਗਲੀ, ਮੋੜ, ਸਕੂਲ, ਕਾਲੇਜ, ਸਫਰ ਦੌਰਾਨ, ਰਾਹ ਚੱਲਦਿਆਂ, ਦਫਤਰਾਂ ਵਿੱਚ ਕੰਮ ਕਰਦਿਆਂ ਸਭ ਥਾਂ ਅਲੱਗ-ਅਲੱਗ ਰੂਪ ਵਿੱਚ ਔਰਤਾਂ ਨੂੰ ਇਸ ਛੇੜਛਾੜ ਨਾਲ ਜੂਝਣਾ ਪੈਂਦਾ। ਉਹ ਜਦ ਇਸ ਦਾ ਵਿਰੋਧ ਕਰਦੀ ਹੈ ਤਾਂ ਨਤੀਜਾ ਤੇਜਾਬ ਨਾਲ ਝੁਲਸਦਾ ਸਰੀਰ, ਪੈਟਰੋਲ ਨਾਲ ਜਲਦਾ ਸਰੀਰ , ਆਤਮਾ ਨੂੰ ਲਹੂ-ਲੁਹਾਨ ਕਰਨ ਵਾਲੀ ਵਹਿਸੀ ਦਿਰਦਿੰਦਗੀ  ਬਲਾਤਕਾਰ ਤੇ ਦਰਦਨਾਕ ਮੌਤ ਉਸਦੀ ਝੋਲੀ ਆ ਪੈਂਦਾ। ਜਦ ਵੀ ਕੋਈ ਬੱਚੀ, ਕੁੜੀ ਜਾਂ ਔਰਤ ਇਸ ਛੇੜਛਾੜ ਬਾਰੇ ਗੱਲ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ ਹੀ ਸਮਝਾਇਆ ਜਾਂਦਾ ਕਿ , ਤੇਰੀ ਗਲਤਫਹਿਮੀ ਹੈ, ਨਜਰ ਅੰਦਾਜ਼ ਕਰ, ਰਾਸਤਾ ਬਦਲ ਤੇ ਅਕਸਰ ਸਕੂਲ ਕਾਲਜਾਂ ਤੇ ਨੌਕਰੀ ਤੋਂ ਹਟਾ ਲਿਆ ਜਾਂਦਾ। ਕਈ ਵਾਰ ਕੋਈ ਪਰਿਵਾਰ ਆਪਣੀ ਬੱਚੀ, ਕੁੜੀ ਜਾਂ ਔਰਤ  ਦੇ ਨਾਲ ਹੋ ਰਹੇ ਗਲਤ ਵਿਵਹਾਰ ਵਿਰੁੱਧ ਆਵਾਜ਼ ਉਠਾਉਂਦਾ ਤਾਂ ਰਿਸ਼ਤੇਦਾਰ, ਆਂਢ-ਗੁਆਂਢ ਵਾਲੇ ਹੀ ਉਸਦਾ ਵਿਰੋਧ ਕਰਦੇ ਹਨ ਤੇ ਇੰਤਜਾਰ ਕਰਦੇ ਹਨ ਕਿ ਕਦੋਂ ਉਸ ਛੇੜਛਾੜ ਵਾਲੇ ਵਿੱਚ ਇੰਨੀ ਹਿੰਮਤ ਹੋਵੇਗੀ ਕਿ ਕਿਸੇ ਮਾਸੂਮ ਦੀ ਜ਼ਿੰਦਗੀ ਨੂੰ ਆਪਣੀ ਕਾਮ-ਵਾਸ਼ਨਾ ਦੀ ਭੇਟ ਚੜਾ ਦੇਵੇ।
    
'ਛੇੜਛਾੜ' , 'ਤੰਗ ਪ੍ਰੇਸਾਨ' ਸੁਣਨ ਵਿੱਚ ਮਾਮੂਲੀ ਸਬਦ ਪਰ ਇਸ ਦੇ ਅਰਥ ਬਹੁਤ ਵਿਸ਼ਥਾਰ ਤੇ ਨਤੀਜੇ ਬਹੁਤ ਭਿਆਨਕ ਹਨ। ਛੇੜਛਾੜ ਇੱਕ ਬਿਮਾਰ ਅਤੇ ਕਮਜ਼ੋਰ ਮਾਨਸਿਕਤਾ ਵਾਲੇ ਉਸ ਮਰਦ ਦੀ ਆਪਣੀ ਨਜਾਇਜ਼ ਕਾਮਕੁ ਇੱਛਾ ਨੂੰ ਪੂਰਾ ਕਰਨ ਤੇ ਔਰਤ ਤੇ ਜਿੱਤ ਪ੍ਰਾਪਤ ਕਰਨ ਦਾ ਇੱਕ ਮੁੱਢਲਾ ਸਾਧਨ ਹੈ। ਅਸਲੀਲ ਇਸ਼ਾਰੇ, ਟਿੱਪਣੀਆਂ, ਗੀਤਾਂ, ਸੰਦੇਸਾਂ ਜਾਂ ਤਸਵੀਰਾਂ ਆਦਿ ਰਾਹੀਂ ਉਹ ਇੱਕ ਔਰਤ ਜਾਂ ਕੁੜੀ ਨੂੰ ਮਾਨਸਿਕ ਤੌਰ ਤੇ ਤੋੜਨ ਦਾ ਯਤਨ ਕਰਦਾ। ਕਿਉਂਕਿ ਉਹ ਜਾਣਦਾ ਹੈ ਕਿ ਇਸ ਸਮਾਜ ਵਿੱਚ ਇੱਕ ਔਰਤ ਲਈ ਉਸਦਾ ਸਰੀਰ ਉਸਦੀ ਕਮਜ਼ੋਰੀ ਹੈ। ਇੱਕ ਮਰਦ ਵੀ ਉਸੇ ਸਮਾਜ ਵਿੱਚ ਜੰਮਿਆ ਤੇ ਪਲਿਆ ਹੈ ਜਿਸ ਵਿੱਚ ਇੱਕ ਕੁੜੀ ਨੂੰ ਔਰਤ ਬਣਨ ਤੱਕ ਪਰਦੇ ਵਿੱਚ ਰਹਿਣ, ਸਰੀਰ ਨੂੰ ਕਪੜਿਆਂ ਨਾਲ ਕੱਜ ਕੇ ਰੱਖਣ, ਨਜ਼ਰਾਂ ਝੁਕਾ ਕੇ ਰੱਖਣਾ, ਹੌਲੀ ਬੋਲਣ, ਘੱਟ ਬੋਲਣ, ਤੇ ਪਰਿਵਾਰ ਦੀ ਇਜੱਤ ਲਈ ਆਪਣੇ ਆਪ ਨੂੰ ਦਬਾਉਣਾ ਸਿਖਾਇਆ ਜਾਂਦਾ ਹੈ। ਇੱਕ ਬਿਮਾਰ ਮਾਨਸਿਕਤਾ ਵਾਲਾ ਮਰਦ ਜਾਂ ਮੁੰਡਾ ਇਹ ਭਲੀ ਭਾਂਤ ਜਾਣਦਾ ਹੈ ਕਿ ਜੇਕਰ ਉਹ ਕਿਸੇ ਔਰਤ ਜਾਂ ਕੁੜੀ ਨੂੰ ਮਾਨਸਿਕ ਤੇ ਸਰੀਰਿਕ ਤੌਰ ਤੇ ਤੰਗ ਪ੍ਰੇਸ਼ਾਨ ਜਾ ਨੁਕਸਾਨ ਪਹੁੰਚਾਏਗਾ ਤਾਂ ਸਭ ਤੋਂ ਪਹਿਲਾਂ ਸਮਾਜ ਵਿੱਚ ਦੂਜੀ ਔਰਤ ਜੋ ਕਿ ਉਸਦੀ ਮਾਂ, ਦਾਦੀ, ਭੈਣ ਜਾਂ ਪਤਨੀ ਹੁੰਦੀ ਹੈ ਉਹ ਉਸਦੇ ਇਸ ਗਲਤ ਦਾ ਪੱਖ ਲੈਣਗੀਆਂ, ਤੇ ਕਸੂਰਵਾਰ ਠਹਿਰਾਇਆ ਜਾਵੇਗਾ ਉਸ ਪੀੜਤ ਕੁੜੀ ਜਾਂ ਔਰਤ ਨੂੰ ।

ਬਚਪਨ ਤੋਂ ਹੀ ਮੁੰਡਾ- ਕੁੜੀ ਦਾ ਫਰਕ ਇਸ ਦੀ ਜੜ੍ਹ ਬਣ ਜਾਂਦਾ ਹੈ। ਮੇਰੇ ਕੋਲ ਕੌਂਸਲਿੰਗ ਦੌਰਾਨ ਜਦੋਂ ਨਾ-ਬਾਲਗ ਤੇ ਬਾਲਗ ਕੁੜੀਆਂ ਗੱਲ ਕਰਦੀਆਂ ਹਨ ਤਾਂ 80 ਪ੍ਰਤੀਸ਼ਤ ਕੁੜੀਆਂ ਇਸ 'ਛੇੜਛਾੜ' ਕਾਰਨ ਮਾਨਸਿਕ ਰੋਗੀ ਹੁੰਦੀਆਂ ਹਨ ਤੇ ਜਦ ਉਹਨਾਂ ਦੇ ਮਾਤਾ- ਪਿਤਾ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਪਹਿਲਾਂ ਤਾਂ ਸਾਫ-ਸ਼ਾਫ ਮੁੱਕਰ ਜਾਂਦੇ ਹਨ ਪਰ ਜਦ ਉਹਨਾਂ ਨੂੰ ਭੋਰੋਸਾ ਦਿਵਾਇਆ ਜਾਂਦਾ ਹੈ ਤਾਂ ਉਹ ਦੱਸਦੇ ਹਨ ਹਕੀਕਤ ਕੀ ਹੈ। ਇੱਕ ਮਾਪਿਆਂ ਨੇ ਇੱਥੋਂ ਤੱਕ ਵੀ ਦੱਸਿਆ ਕਿ ਸਕੂਲ ਵਿੱਚ ਇੱਕ ਲੜਕਾ ਉਹਨਾਂ ਦੀ ਬੇਟੀ ਨੂੰ ਤੰਗ ਕਰਦਾ ਸੀ ਤੇ ਜਦ ਉਹਨਾਂ ਸਕੂਲ ਦੇ ਅਧਿਆਪਕਾਂ ਨਾਲ ਗੱਲ ਕੀਤੀ ਤਾਂ ਸਕੂਲ ਅਥਾਰਟੀ ਨੇ ਆਪਣੀ ਸਮਾਜਿਕ ਪ੍ਰਤਿਸਠਾ ਨੂੰ ਬਚਾਉਣ ਲਈ ਲੜਕੀ ਦੇ ਮਾਪਿਆਂ ਨੂੰ ਚੁੱਪ ਕਰਨ  ਦੀ ਸਲਾਹ ਦਿੱਤੀ।

ਇਹ ਕੋਈ ਪਹਿਲੀ ਜਾਂ ਅਨੌਖੀ ਘਟਨਾ ਨਹੀਂ । ਹਰ ਇੱਕ ਸੰਸਥਾ ਚਾਹੇ ਉਹ ਸਰਕਾਰੀ ਜਾਂ ਪ੍ਰਾਈਵੇਟ ਹੋਵੇ, ਹਰ ਆਪਣੀ ਸੰਸਥਾ ਦੀ ਸਮਾਜਿਕ ਪ੍ਰਤਿਸਠਾ ਨੂੰ ਬਚਾਉਣ ਲਈ ਪਹਿਲਾਂ ਤਾਂ ਕੁੜੀ ਜਾਂ ਔਰਤ ਨੂੰ ਟਾਲ-ਮਟੋਲ ਕਰਨ ਤੇ ਚੁੱਪ ਕਰਨ ਦੀ ਸਲਾਹ ਦਿੰਦੇ ਹਨ ਤੇ ਜੇ ਇਸ ਨਾਲ ਗੱਲ ਨਹੀਂ ਬਣਦੀ ਤਾਂ ਸੰਸਥਾ ਵਿੱਚੋਂ ਕੱਢਣ ਦੀ ਧਮਕੀ ਤੇ ਕਈ ਵਾਰ ਕੱਢ ਵੀ ਦਿੱਤਾ ਜਾਂਦਾ ਹੈ।  ਪਰ ਉਸ ਛੇੜਛਾੜ ਵਾਲੇ ਨੂੰ ਮਾਮੂਲੀ ਫਟਕਾਰ, ਮੁਆਫੀ ਮੰਗਵਾ ਕੇ ਛੱਡ ਦਿੱਤਾ ਜਾਂਦਾ ਹੈ। ਇਸ ਨਾਲ ਉਸ ਦੀ ਹਿੰਮਤ ਹੋਰ ਵੱਧ ਜਾਂਦੀ ਹੈ। ਇੱਕ ਅਸ਼ਲੀਲ ਇਸ਼ਾਰੇ, ਟਿੱਪਣੀਆਂ ਰਾਹੀਂ  ਸੁਰੂ ਹੋਈ ਛੇੜਛਾੜ  ਵੱਧਦੀ-ਵੱਧਦੀ ਹਿੰਸਕ ਬਲਾਤਕਾਰ ਤੱਕ ਪਹੁੰਚ ਜਾਂਦੀ ਹੈ। ਬਲਾਤਕਾਰ ਦਾ ਜਨਮ ਇੱਕ ਦਮ ਨਹੀਂ ਹੁੰਦਾ ਬਲਿਕ ਇੱਕ ਬਿਮਾਰ ਮਾਨਸਿਕਤਾ ਵਾਲੇ ਮਰਦ ਨੂੰ ਬਚਪਨ ਤੋਂ ਹੀ ਵਾਰ-ਵਾਰ ਮੌਕਾ ਦੇ ਕੇ ਬਣਾਇਆ ਜਾਂਦਾ ਹੈ।
    
ਪਿਛਲੇ ਕੁੱਝ ਸਾਲਾਂ ਤੋਂ ਛੇੜਛਾੜ ਤੇ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਗੱਲ ਕੀ ਕੌਈ ਇੱਕ ਦਿਨ ਨਹੀਂ ਜਿਸ ਦਿਨ ਅਜਿਹੀ ਮੰਦਭਾਗੀ ਘਟਨਾ ਅਖਬਾਰ ਤੇ ਸੋਸ਼ਲ ਮੀਡੀਆ ਦਾ ਹਿੱਸਾ ਨਾ ਬਣੇ। ਜਿਸ ਤੇਜੀ ਨਾਲ ਮਨੁੱਖ ਨੇ ਟੈਕਨੋਲਜੀ ਅਤੇ ਪੱਛਮੀ ਸੱਭਿਆਤਾ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾ ਲਿਆ ਹੈ, ਉਹਨੀ ਹੀ ਤੇਜੀ ਨਾਲ ਅਜਿਹੇ ਅਪਰਾਧਾਂ ਵਿੱਚ ਵਾਧਾ ਹੋ ਗਿਆ ਹੈ। ਹੁਣ 10 ਤੋਂ  19 ਸਾਲ ਦੇ ਕਿਸ਼ੋਰ ਮੁੰਡੇ ਬਲਾਤਕਾਰੀ ਬਣ ਰਹੇ ਨੇ ਤੇ ਬਲਾਤਕਾਰ ਹੋ ਰਿਹਾ ਹੈ 2 ਤੋਂ 7 ਸਾਲ ਤੱਕ ਦੀਆਂ ਮਾਸੂਮ ਬਾਲੜੀਆਂ ਦਾ। ਕਾਰਨ ਬਹੁਤ ਸਪੱਸਟ ਹੈ । ਮਾਪੇ ਨੌਕਰੀ ਪੇਸ਼ਾ ਹਨ, ਸਿੰਗਲ ਪਰਿਵਾਰ ਨੇ , ਫਾਲਤੂ ਦਿਖਾਵਾ । ਉਹਨਾਂ ਕੋਲ਼ ਪੈਸਾ ਹੈ, ਸਹੂਲਤਾਂ ਹਨ ਪਰ ਵਕਤ ਨਹੀਂ ਇਹ ਜਾਣਨ ਲਈ ਕਿ ਉਹਨਾਂ ਦਾ ਬੱਚਾ ਕੀ ਸਿੱਖ ਰਿਹਾ ਤੇ ਕੀ ਦੇਖ ਰਿਹਾ? ਤੇ ਜੇ ਸਕੂਲ ਵਾਲੇ ਜਾਂ ਕੋਈ ਹੋਰ ਬੱਚੇ ਦੀ ਸਿਕਾਇਤ ਮਾਪਿਆਂ ਨੂੰ ਕਰੇ ਤਾਂ ਉਹਨਾਂ ਦਾ ਰਵੱਈਆ ਨਾ-ਪੱਖੀ ਹੁੰਦਾ ਹੈ। ਉਹਨਾਂ ਦੀ ਆਪਣੇ ਬੱਚੇ ਨੂੰ ਦਿੱਤੀ ਨਜਾਇਜ਼ ਖੁੱਲ ਤੇ ਗਲਤੀ ਵਿੱਚ ਦਿੱਤਾ ਸਾਥ ਉਸ ਨੂੰ ਇਕ ਭਿਆਨਕ ਅਪਰਾਧ ਕਰਨ ਦੀ ਹਿੰਮਤ ਦੇ ਦਿੰਦਾ ਹੈ। ਇੱਕ ਕਿਸ਼ੋਰ ਅਵਸਥਾ ਵਿੱਚ ਆਉਂਦੇ ਸਰੀਰਕ , ਮਾਨਸਿਕ ਤੇ ਭਾਵਨਤਮਕ ਬਦਲਾਵਾਂ ਬਾਰੇ ਇੱਕ ਕਿਸ਼ੋਰ ਨੂੰ ਸਮਝਾਉਣਾ ਬਹੁਤ ਜਰੂਰੀ ਹੈ । ਪਰ ਮਾਪੇ ਤੇ ਅਧਿਆਪਕ ਦੋਨੋ ਹੀ ਬੱਚੇ ਨਾਲ ਇਸ ਵਿਸ਼ੇ ਤੇ ਗੱਲ ਕਰਨ ਤੋਂ ਝਿਜਕਦੇ ਹਨ, ਜਿਸ ਕਾਰਨ ਉਹ ਇਸ ਸਬੰਧੀ ਸਾਰੀ ਸਹੀ ਗਲਤ ਜਾਣਕਾਰੀ ਦੋਸ਼ਤਾਂ , ਸੋਸਲ ਮੀਡਿਆ ਤੇ ਇੰਟਰਨੈੱਟ ਤੋਂ ਲੈਦਾ ਹੈ ਤੇ ਇਹ ਅਧੂਰੀ ਤੇ ਗਲਤ ਜਾਣਕਾਰੀ ਉਸਨੂੰ ਅਪਰਾਧ ਵੱਲ ਧੱਕ ਦਿੰਦੀ ਹੈ।
     
ਭਾਵੇਂ ਹਰ ਸੰਸਥਾ ਵਿੱਚ ਔਰਤਾਂ ਨਾਲ ਹੁੰਦੇ ਗਲਤ ਵਿਵਹਾਰ ਨੂੰ ਰੋਕਣ ਲਈ ਵੱਖੋ-ਵੱਖਰੇ ਸੈੱਲ ਬਣਾਏ ਗਏ ਹਨ ਪਰਤੂੰ ਅਕਸਰ ਸਮਾਜਿਕ ਤੇ ਪਰਿਵਾਰਿਕ ਦੁਬਾਉ ਦੇ ਚੱਲਦਿਆਂ ਪੀੜਤ ਉਸ ਸੈੱਲ ਤੱਕ ਨਹੀਂ ਪਹੁੰਚ ਕਰਦੀਆਂ ਤੇ ਜੇਕਰ ਇਕਾ-ਦੁੱਕਾ ਪਹੁੰਚ ਕਰਦੀਆਂ ਹਨ ਤਾਂ ਨਤੀਜਾ ਸਮਾਜਿਕ ਤਿਰਸਕਾਰ, ਪਰਿਵਾਰਕ ਦਬਾਉ ਤੇ ਮਾਨਸਿਕ ਤੇ ਸਰੀਰਿਕ ਨੁਕਸਾਨ ਵਰਗੀਆਂ ਧਮਕੀਆਂ ਉਸਨੂੰ ਅੰਦਰੋਂ ਤੋੜ ਕੇ ਰੱਖ ਦਿੰਦੀਆਂ ਹਨ।  ਭਾਰਤੀ ਕਾਨੂੰਨ ਵਿੱਚ ਇੰਡੀਅਨ ਪੀਨਲ ਕੋਡ  ਦੇ ਸੈਕਸਨ 294 ਦੇ ਅਨੁਸਾਰ ਜੇਕਰ ਕੌਈ ਵੀ ਆਦਮੀ ਕਿਸੇ ਕੁੜੀ ਜਾਂ ਔਰਤ ਨੂੰ ਅਸਲੀਲ ਇਸ਼ਾਰੇ, ਟਿੱਪਣੀਆਂ, ਗੀਤਾਂ ਆਦਿ ਰਾਹੀਂ ਮਾਨਸਿਕ ਤੇ ਸਰੀਰਿਕ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਸ ਨੂੰ ਉਸਨੂੰ ਤਿੰਨ ਮਹੀਨਿਆਂ ਦੀ ਜੇਲ ਦੀ ਸਜਾ ਹੋ ਸਕਦੀ ਹੈ। ਇੰਡੀਅਨ ਪੀਨਲ ਕੋਡ  ਦੇ ਸੈਕਸਨ 292 ਦੇ ਅਨੁਸਾਰ ਜੇਕਰ ਕੌਈ ਵੀ ਆਦਮੀ ਕਿਸੇ ਕੁੜੀ ਜਾਂ ਔਰਤ ਨੂੰ ਅਸਲੀਲ ਕਿਤਾਬਾਂ ਅਤੇ ਪੇਪਰ ਜਾਂ ਤਸਵੀਰਾਂ ਦੇਖਣ ਲਈ ਕਹਿੰਦਾ ਹੈ ਤਾਂ ਉਸ ਨੂੰ ਉਸਨੂੰ 2000 ਤੱਕ ਦਾ ਜੁਰਮਾਨਾ ਅਤੇ ਦੋ ਸਾਲਾਂ ਦੀ ਜੇਲ ਦੀ ਸਜਾ ਹੋ ਸਕਦੀ ਹੈ। ਇਸ ਤੋਂ ਇਲਾਵਾ ਸਾਡੇ ਕਾਨੂੰਨ ਵਿੱਚ ਹੋਰ ਵੀ ਬਹੁਤ ਸਾਰੀਆਂ ਸਜਾਵਾਂ ਤੈਹ ਕੀਤੀਆਂ ਗਈਆਂ ਹਨ । ਪਰ ਸਵਾਲ ਇਹ ਹੈ ਕਿ ਇਸ ਨੂੰ ਬੰਦ ਕਰਵਾਉਣ ਦਾ ਹੱਲ ਕੀ ਹੈ? ਦਰਅਸਲ ਮੁੱਢਲੇ ਪੱਧਰ ਤੋਂ ਹੀ ਛੇੜਛਾੜ ਵਰਗੀਆਂ ਘਟਨਾਵਾਂ ਬੇ-ਝਿਜਕ ਰਿਪੋਰਟ ਕੀਤੀਆਂ ਜਾਣ, ਇਹਨਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ , ਇੱਕ ਔਰਤ ਤੇ ਕੁੜੀ ਦੀ ਮਾਨਸਿਕ ਤੇ ਸਰੀਰਿਕ ਤੌਰ ਤੇ ਇੰਨਾ ਮਜਬੂਤ ਬਣਾਇਆ ਜਾਵੇ ਕਿ ਉਹ ਇਸਦਾ ਖੁੱਲ ਕੇ ਵਿਰੋਧ ਕਰ ਸਕੇ। ਇਸ ਸਭ ਤੋਂ ਵੀ ਵੱਡਾ ਹੱਲ ਇਹ ਹੋਵੇਗਾ ਕਿ ਜਦ ਵੀ ਕਿਸੇ ਬੱਚੇ, ਕਿਸ਼ੋਰੇ ਲੜਕੇ , ਜਾਂ ਬਾਲਗ ਦੇ ਵਿਰੁੱਧ ਸਿਕਾਇਤ ਕੀਤੀ ਜਾਂਦੀ ਹੈ ਤਾਂ ਉਸਦੀ ਅਜਿਹੀ ਗਲਤੀ ਨੂੰ ਨਜਰ-ਅੰਦਾਜ ਨਾ ਕੀਤਾ ਜਾਵੇ ਅਤੇ ਕੋਸ਼ਿਸ ਕੀਤੀ ਜਾਵੇ ਕਿ ਸਜਾ ਦੇ ਨਾਲ-ਨਾਲ ਉਸਦੀ ਕੋਸ਼ਲਿੰਗ ਕੀਤੀ ਜਾਵੇ। ਬੱਚਿਆਂ ਨੂੰ ਬਚਪਨ ਤੋਂ ਇਕ-ਦੂਜੇ ਦੀ ਇੱਜਤ ਕਰਨਾ ਸਿਖਾਈਏ। ਔਰਤ ਤੇ ਮਰਦ ਦੋਨੋ ਕੁਦਰਤ ਦਾ ਦੋ ਅੰਗ ਨੇ ਦੋਨੋ ਹੀ ਸਮਾਨ ਹਨ। ਸੋ ਆਉ ਆਪਣੇ ਆਲੇ-ਦੁਆਲੇ ਵੱਲ ਝਾਤ ਮਾਰੀਏ ਤੇ ਮਨੁੱਖਤਾ ਨੂੰ ਇਹਨਾਂ ਅਪਰਾਧਾਂ ਤੋਂ ਬਚਾਈਏ।

                                                                                 
ਸੰਪਰਕ: 8872094750    

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ