Wed, 18 September 2019
Your Visitor Number :-   1807544
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਸਵਾਮੀ ਵਿਵੇਕਾਨੰਦ: ਨੌਜਵਾਨਾਂ ਲਈ ਪ੍ਰੇਰਨਾ ਸਰੋਤ - ਹਰਗੁਣਪ੍ਰੀਤ ਸਿੰਘ

Posted on:- 12-01-2014

suhisaver

ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਉੱਤੇ ਵਿਸ਼ੇਸ਼

ਸਵਾਮੀ ਵਿਵੇਕਾਨੰਦ ਅਜਿਹੇ ਸੂਰਜ ਸਨ, ਜਿਨ੍ਹਾਂ ਨੇ ਸੱਚ, ਤਿਆਗ, ਨਿਡਰਤਾ ਅਤੇ ਪਿਆਰ ਦੀ ਰੌਸ਼ਨੀ ਨਾਲ ਝੂਠ, ਫਰੇਬ, ਬੇਈਮਾਨੀ ਅਤੇ ਭੇਦ-ਭਾਵ ਦੇ ਹਨੇਰੇ ਨੂੰ ਦੂਰ ਕੀਤਾ।ਵੈਸੇ ਤਾਂ ਸਵਾਮੀ ਜੀ ਦਾ ਜੀਵਨ ਅਤੇ ਵਿਚਾਰਧਾਰਾ ਸਮੁੱਚੀ ਮਾਨਵਤਾ ਲਈ ਲਾਹੇਵੰਦ ਹੈ, ਪਰੰਤੂ ਨੌਜਵਾਨਾਂ ਲਈ ਵਿਸ਼ੇਸ਼ ਤੌਰ ਉਤੇ ਰਾਹ ਦਸੇਰਾ ਇਸ ਕਰਕੇ ਹੈ ਕਿਉਂਕਿ ਸਵਾਮੀ ਜੀ ਨੇ ਕੇਵਲ ਉਨਤਾਲੀ ਸਾਲਾਂ ਦੀ ਛੋਟੀ ਉਮਰ ਵਿਚ ਨਾ ਸਿਰਫ ਲੋਕ ਭਲਾਈ ਦੇ ਉਸਾਰੂ ਕਾਰਜ ਕੀਤੇ ਬਲਕਿ ਕਈ ਪ੍ਰਕਾਰ ਦੀਆਂ ਸਰੀਰਕ ਅਤੇ ਆਰਥਿਕ ਸਮੱਸਿਆਵਾਂ ਦੇ ਬਾਵਜੂਦ ਵੀ ਉੱਚ ਵਿੱਦਿਆ ਦੀ ਪ੍ਰਾਪਤ ਕੀਤੀ।

ਸਵਾਮੀ ਵਿਵੇਕਾਨੰਦ ਦਾ ਜਨਮ ਕਲਕੱਤਾ ਦੇ ਸ਼ਿਮਲਾਪਾਲੀ ਨਾਮ ਦੇ ਕਸਬੇ ਵਿਚ ਇਕ ਉੱਚ ਖੱਤਰੀ ਪਰਿਵਾਰ ਵਿਚ 12 ਜਨਵਰੀ ਸੰਨ 1863 ਨੂੰ ਮਾਤਾ ਭੁਵਨੇਸ਼ਵਰੀ ਦੇਵੀ ਅਤੇ ਪਿਤਾ ਵਿਸ਼ਵਨਾਥ ਦੱਤ ਦੇ ਘਰ ਹੋਇਆ।ਆਪ ਨੂੰ ਸਭ ਪਰਿਵਾਰਕ ਮੈਂਬਰ ‘ਬਿੱਲਾ’ ਨਾਮ ਨਾਲ ਬੁਲਾਉਂਦੇ ਸਨ, ਜੋ ਕਿ ਬਾਅਦ ਵਿਚ ਬਦਲ ਕੇ ਨਰੇਂਦਰਨਾਥ ਰੱਖ ਦਿੱਤਾ ਗਿਆ।ਆਪ ਦੀ ਮਾਤਾ ਬਹੁਤ ਧਾਰਮਿਕ ਵਿਚਾਰਾਂ ਵਾਲੀ ਸੀ, ਜੋ ਆਪ ਨੂੰ ਬਹੁਤ ਪਿਆਰ ਅਤੇ ਸ਼ਰਧਾ ਨਾਲ ਰਮਾਇਣ ਅਤੇ ਮਹਾਭਾਰਤ ਦੀ ਕਥਾ ਸੁਣਾਇਆ ਕਰਦੀ ਸੀ।ਆਪ ਦੇ ਪਿਤਾ ਕਲਕੱਤਾ ਹਾਈ ਕੋਰਟ ਦੇ ਐਟਰਨੀ ਸਨ, ਜੋ ਅੰਗਰੇਜ਼ੀ ਅਤੇ ਫ਼ਾਰਸੀ ਦੇ ਚੰਗੇ ਗਿਆਤਾ ਹੋਣ ਦੇ ਨਾਲ-ਨਾਲ ਸੰਗੀਤ ਪ੍ਰੇਮੀ ਵੀ ਸਨ।ਨਰੇਂਦਰ ਨੂੰ ਬਚਪਨ ਤੋਂ ਹੀ ਕੁਦਰਤੀ ਵਾਤਾਵਰਣ ਵਿਚ ਰਹਿ ਕੇ ਰੰਗ-ਬਰੰਗੇ ਫੁੱਲਾਂ, ਪੰਛੀਆਂ ਅਤੇ ਜਾਨਵਰਾਂ ਨਾਲ ਸਮਾਂ ਗੁਜ਼ਾਰਨਾ ਬਹੁਤ ਪਸੰਦ ਸੀ।ਜਾਨਵਰਾਂ ਪ੍ਰਤੀ ਇਸੇ ਪਿਆਰ ਦੀ ਭਾਵਨਾ ਸਦਕਾ ਆਪ ਘਰ ਦੇ ਕੋਚਵਾਨ ਨਾਲ ਘੋੜਿਆਂ ਦੇ ਤਬੇਲੇ ਵਿਚ ਕਿੰਨਾ-ਕਿੰਨਾ ਚਿਰ ਬੈਠੇ ਰਹਿੰਦੇ ਅਤੇ ਕੋਚਵਾਨ ਦੇ ਘੋੜਿਆਂ ਪ੍ਰਤੀ ਵਿਵਹਾਰ ਨੂੰ ਬੜੇ ਧਿਆਨ ਅਤੇ ਰੋਚਕਤਾ ਨਾਲ ਵੇਖਦੇ ਰਹਿੰਦੇ ਸਨ।ਆਪ ਦੇ ਬਾਲ ਮਨ ਨੂੰ ਕੋਚਵਾਨ ਬਹੁਤ ਹੀ ਮਹਾਨ ਅਤੇ ਅਮੀਰ ਵਿਅਕਤੀ ਲੱਗਦਾ ਸੀ, ਜਿਸ ਕਰਕੇ ਆਪ ਦੀ ਵੀ ਇੱਛਾ ਵੱਡਾ ਹੋ ਕੇ ਕੋਚਵਾਨ ਬਣਨ ਦੀ ਹੀ ਸੀ।ਕੋਚਵਾਨ ਦੇ ਸਿਰ ਉੱਤੇ ਬੰਨ੍ਹੀ ਪੱਗੜੀ ਆਪ ਨੂੰ ਬਹੁਤ ਪਿਆਰੀ ਲੱਗਦੀ ਸੀ, ਜਿਸ ਨੂੰ ਵੇਖ-ਵੇਖ ਕੇ ਹੀ ਆਪ ਨੇ ਪੱਗੜੀ ਬੰਨ੍ਹਣੀ ਆਰੰਭ ਕੀਤੀ ਅਤੇ ਅੰਤ ਤੱਕ ਬੰਨ੍ਹਦੇ ਰਹੇ।ਆਪ ਆਪਣੇ ਮਿੱਤਰਾਂ ਦੇ ਪ੍ਰਮੁੱਖ ਸਨ ਅਤੇ ‘ਰਾਜਾ-ਰਾਜਾ’ ਖੇਡ ਖੇਡਣਾ ਆਪ ਨੂੰ ਬਹੁਤ ਪਸੰਦ ਸੀ, ਜਿਸ ਵਿਚ ਆਪ ਰਾਜਾ ਬਣਦੇ ਅਤੇ ਬਾਕੀ ਸਾਥੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਵਜ਼ੀਰ, ਸੇਨਾਪਤੀ ਅਤੇ ਕੋਤਵਾਲ ਆਦਿ ਬਣਨ ਲਈ ਆਖਦੇ।ਇਸ ਤੋਂ ਇਲਾਵਾ ਆਪ ਨੂੰ ਧਿਆਨ ਲਗਾਉਣਾ ਖੇਡ ਖੇਡਣਾ ਵੀ ਬਹੁਤ ਪਸੰਦ ਸੀ, ਜਿਸ ਵਿਚ ਆਪ ਕਈ-ਕਈ ਘੰਟੇ ਲਗਾਤਾਰ ਧਿਆਨ ਲਗਾਉਂਦੇ ਰਹਿੰਦੇ ਅਤੇ ਇਸ ਖੇਡ ਵਿਚ ਕੋਈ ਹੋਰ ਆਪ ਦਾ ਮੁਕਾਬਲਾ ਨਾ ਕਰ ਪਾਉਂਦਾ।ਇਕ ਵਾਰ ਤਾਂ ਆਪਦਾ ਧਿਆਨ ਇੰਨਾ ਡੂੰਘਾ ਲੱਗ ਗਿਆ ਕਿ ਆਪ ਦੇ ਘਰ ਵਾਲਿਆਂ ਨੂੰ ਜ਼ਬਰਦਸਤੀ ਆਪ ਦੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਵੜਨਾ ਪਿਆ ਤੇ ਆਪ ਨੂੰ ਝੰਜੋੜ ਕੇ ਹੋਸ਼ ਵਿਚ ਲਿਆਉਣਾ ਪਿਆ।

ਆਪ ਬਚਪਨ ਤੋਂ ਹੀ ਬਹੁਤ ਤੀਖਣ ਬੁੱਧੀ ਦੇ ਮਾਲਕ ਹੋਣ ਦੇ ਨਾਲ-ਨਾਲ ਅਦਭੁੱਤ ਸੂਝ-ਬੂਝ ਵਾਲੇ ਵੀ ਸਨ।ਆਪ ਦੇ ਗੁਆਂਢੀ ਮਿੱਤਰ ਦੇ ਘਰ ਦੇ ਵਿਹੜੇ ਵਿਚ ਇਕ ਬੋਹੜ ਦਾ ਬਹੁਤ ਵੱਡਾ ਰੁੱਖ ਸੀ, ਜਿਸ ਦੀਆਂ ਟਾਹਣੀਆਂ ਫੜ੍ਹ ਕੇ ਝੂਟਣਾ ਆਪ ਦੀ ਮਨਪਸੰਦ ਖੇਡ ਸੀ।ਇਕ ਦਿਨ ਜਦੋਂ ਆਪ ਆਪਣੇ ਮਿੱਤਰਾਂ ਨਾਲ ਇਸ ਰੁੱਖ ਦੇ ਥੱਲੇ ਖੇਡਣ ਵਿਚ ਮਸਤ ਸਨ ਤਾਂ ਇਕ ਬਜ਼ੁਰਗ ਆਦਮੀ ਉੱਥੇ ਆ ਕੇ ਕਹਿਣ ਲੱਗਾ, “ਬੱਚਿਓ! ਇਸ ਰੁੱਖ ਦੇ ਉੱਪਰ ਇਕ ਬਹੁਤ ਹੀ ਭਿਆਨਕ ਅਤੇ ਡਰਾਉਣਾ ਭੂਤ ਰਹਿੰਦਾ ਹੈ ਜਿਸ ਦੀਆਂ ਲਾਲ-ਲਾਲ ਅੱਖਾਂ, ਵੱਡ-ਵਡੇ ਦੰਦ ਹਨ ਅਤੇ ਤਿੱਖੇ-ਤਿੱਖੇ ਨਹੁੰ ਹਨ।ਇਸ ਲਈ ਤੁਹਾਡੇ ਵਿੱਚੋਂ ਜਿਹੜਾ ਕੋਈ ਵੀ ਇਸ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰੇਗਾ, ਉਹ ਭੂਤ ਉਸ ਨੂੰ ਮਾਰ ਕੇ ਖਾ ਜਾਵੇਗਾ।” ਇਹ ਗੱਲ ਸੁਣਦੇ ਸਾਰ ਹੀ ਆਪ ਦੇ ਸਭ ਦੋਸਤ ਉਥੋਂ ਡਰ ਕੇ ਭੱਜਣ ਲੱਗੇ, ਪਰੰਤੂ ਆਪ ਇਕੱਲੇ ਹੀ ਉਥੇ ਖੜ੍ਹੇ ਰਹੇ ਅਤੇ ਆਪਣੇ ਘਬਰਾਏ ਹੋਏ ਸਾਥੀਆਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ,“ ਇਸ ਰੁੱਖ ਉਤੇ ਕਿਸੇ ਭੂਤ-ਪ੍ਰੇਤ ਦਾ ਵਾਸਾ ਨਹੀਂ ਹੈ।ਅਸੀਂ ਇਸ ਦਰੱਖ਼ਤ ਹੇਠਾਂ ਕਈ ਦਿਨਾਂ ਤੋਂ ਝੂਟੇ ਲੈ ਰਹੇ ਹਾਂ ਅਤੇ ਜੇ ਇੱਥੇ ਕੋਈ ਸਚਮੁੱਚ ਦਾ ਭੂਤ ਹੁੰਦਾ ਤਾਂ ਸਾਨੂੰ ਕਦੋਂ ਦਾ ਮਾਰ ਕੇ ਖਾ ਗਿਆ ਹੁੰਦਾ।”

ਆਪ ਦੀ ਸ਼ੁਰੂ ਦੀ ਪੜ੍ਹਾਈ ਘਰ ਵਿਚ ਹੀ ਇਕ ਅਧਿਆਪਕ ਨੂੰ ਬੁਲਾ ਕੇ ਆਰੰਭ ਕੀਤੀ ਗਈ ਅਤੇ ਸੰਨ 1871 ਨੂੰ ਆਪ ਨੂੰ ਮਹਾਨ ਚਿੰਤਕ ਤੇ ਸਮਾਜ-ਸੁਧਾਰਕ ਸ਼੍ਰੀ ਈਸ਼ਵਰ ਚੰਦਰ ਵਿਦਿਆਸਾਗਰ ਦੁਆਰਾ ਖੋਲ੍ਹੇ ਹੋਏ ਮੈਟਰੋਪਾਲੀਟਨ ਸਕੂਲ ਵਿਚ ਦਾਖਲਾ ਕਰਵਾ ਦਿੱਤਾ ਗਿਆ।ਭਾਵੇਂ ਆਪ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸਨ ਪਰੰਤੂ ਆਪ ਨੇ ਸਕੂਲ ਵਿਚ ਅੰਗਰੇਜ਼ੀ ਪੜ੍ਹਨ ਤੋਂ ਸਾਫ਼ ਇਨਕਾਰ ਕਰ ਦਿੱਤਾ।ਆਪ ਦਾ ਇਹ ਮੰਨਣਾ ਸੀ ਕਿ ਅੰਗਰੇਜ਼ੀ ਅੰਗਰੇਜ਼ਾਂ ਦੀ ਭਾਸ਼ਾ ਹੈ, ਭਾਰਤੀਆਂ ਦੀ ਨਹੀਂ, ਪਰੰਤੂ ਜਦੋਂ ਆਪ ਨੂੰ ਇਹ ਗੱਲ ਸਮਝਾਈ ਗਈ ਕਿ ਅੰਗਰੇਜ਼ਾਂ ਨੂੰ ਭਾਰਤ ਤੋਂ ਭਜਾਉਣ ਅਤੇ ਹਰਾਉਣ ਲਈ ਅੰਗਰੇਜ਼ੀ ਪੜ੍ਹਨੀ, ਲਿਖਣੀ ਅਤੇ ਬੋਲਣੀ ਆਉਣੀ ਚਾਹੀਦੀ ਹੈ ਤਾਂ ਆਪ ਦੀ ਇਸ ਭਾਸ਼ਾ ਪ੍ਰਤੀ ਨਫ਼ਰਤ ਪਿਆਰ ਵਿਚ ਤਬਦੀਲ ਹੋ ਗਈ।ਆਪ ਨੇ ਪੂਰੀ ਲਗਨ ਨਾਲ ਅੰਗਰੇਜ਼ੀ ਪੜ੍ਹਨੀ ਆਰੰਭ ਕਰ ਦਿੱਤੀ ਅਤੇ ਕੁਝ ਸਮੇਂ ਬਾਅਦ ਹੀ ਇੰਨੀ ਪ੍ਰਭਾਵਸ਼ਾਲੀ ਅੰਗਰੇਜ਼ੀ ਬੋਲਣੀ ਆਰੰਭ ਕਰ ਦਿੱਤੀ ਕਿ ਸਮੁੱਚਾ ਸੰਸਾਰ ਹੀ ਆਪ ਦੇ ਭਾਸ਼ਣਾਂ ਦਾ ਦੀਵਾਨਾ ਹੋ ਗਿਆ।

ਕੁਝ ਸਾਲ ਇਸ ਸਕੂਲ ਵਿਚ ਪੜ੍ਹਨ ਉਪਰੰਤ ਆਪ ਨੂੰ ਆਪਣੇ ਪਿਤਾ ਦੀ ਬਦਲੀ ਕਾਰਨ ਸੰਨ 1877 ਵਿਚ ਆਪਣੇ ਮਾਪਿਆਂ ਨਾਲ ਮੱਧ ਪ੍ਰਦੇਸ਼ ਦੇ ਰਾਏਪੁਰ ਸ਼ਹਿਰ ਜਾਣਾ ਪਿਆ।ਭਾਵੇਂ ਇਥੇ ਆਪ ਦੀ ਪੜ੍ਹਾਈ-ਲਿਖਾਈ ਦਾ ਪ੍ਰਬੰਧ ਠੀਕ ਨਹੀਂ ਸੀ, ਪਰੰਤੂ ਇਸ ਥਾਂ ਤੇ ਰਹਿ ਕੇ ਆਪ ਦੀ ਸਿਹਤ ਚੰਗੀ ਹੋ ਗਈ ਅਤੇ ਆਪ ਨੂੰ ਬੰਗਾਲੀ ਸਾਹਿਤ ਪੜ੍ਹਨ ਦਾ ਮੌਕਾ ਮਿਲਿਆ।ਦੋ ਸਾਲ ਇਥੇ ਪੜ੍ਹਨ ਉਪਰੰਤ ਆਪ ਫੇਰ ਪਰਿਵਾਰ ਨਾਲ ਕਲਕੱਤੇ ਆ ਗਏ, ਜਿੱਥੇ ਆਪ ਨੇ ਮੁੜ ਸਕੂਲ ਵਿਚ ਦਾਖਲਾ ਲੈ ਲਿਆ।ਲਗਾਤਾਰ ਸਕੂਲ ਨਾ ਜਾ ਸਕਣ ਦੇ ਬਾਵਜੂਦ ਵੀ ਆਪ ਨੇ ਤਿੰਨ ਸਾਲ ਦੀ ਪੜ੍ਹਾਈ ਇਕ ਸਾਲ ਵਿਚ ਪੂਰੀ ਕਰ ਲਈ ਅਤੇ ਦਸਵੀਂ ਦੀ ਪਰੀਖਿਆ ਵਿਚ ਫਸਟ ਡਿਵੀਜ਼ਨ ਹਾਸਲ ਕਰਨ ਦੇ ਨਾਲ-ਨਾਲ ਸਕੂਲ ਵਿਚ ਪਹਿਲੇ ਨੰਬਰ ਤੇ ਆਏ।ਇਸੇ ਸਾਲ ਹੀ ਆਪ ਪਰੈਜ਼ੀਡੈਂਸੀ ਕਾਲਜ ਵਿਖੇ ਦਾਖਲ ਹੋ ਗਏ, ਜਿਸ ਵਿਚ ਇਕ ਸਾਲ ਪੜ੍ਹਨ ਉਪਰੰਤ ਆਪ ਨੇ ਜਨਰਲ ਅਸੈਂਬਲੀ ਕਾਲਜ ਵਿਚ ਦਾਖਲਾ ਲੈ ਲਿਆ, ਜਿਸ ਨੂੰ ਅੱਜ ਕੱਲ੍ਹ ਸਕਾਟਿਸ਼ ਚਰਚ ਕਾਲਜ ਕਹਿੰਦੇ ਹਨ।ਇਥੋਂ ਦੇ ਪ੍ਰੋਫ਼ੈਸਰ ਆਪ ਦੇ ਗਿਆਨ ਅਤੇ ਅਨੋਖੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਪ੍ਰਿੰਸੀਪਲ ਹੇਸਟੀ ਨੇ ਆਪ ਬਾਰੇ ਇੰਜ ਨੋਟ ਲਿਖਿਆ, “ਮੈਂ ਅੱਜ ਤੱਕ ਆਪਣੀ ਜ਼ਿੰਦਗੀ ਵਿਚ ਹਜ਼ਾਰਾਂ ਹੀ ਵਿਦਿਆਰਥੀ ਪੜ੍ਹਾਏ ਹਨ, ਪਰੰਤੂ ਮੈਂ ਨਰੇਂਦਰ ਜੈਸਾ ਬੁੱਧੀਮਾਨ ਵਿਦਿਆਰਥੀ ਨਹੀਂ ਵੇਖਿਆ।ਇਥੋਂ ਤੱਕ ਕਿ ਜਰਮਨ ਯੂਨੀਵਰਸਿਟੀ ਦੇ ਫਿਲਾਸਫੀ ਪੜ੍ਹਨ ਵਾਲੇ ਵਿਦਿਆਰਥੀ ਵੀ ਗਿਆਨ ਵਿਚ ਇਸ ਦੇ ਨੇੜੇ-ਤੇੜੇ ਨਹੀਂ ਖੜ੍ਹਦੇ।ਮੈਨੂੰ ਪੂਰਨ ਵਿਸ਼ਵਾਸ ਹੈ, ਇਹ ਸੰਸਾਰ ਵਿਚ ਬਹੁਤ ਨਾਮ ਕਮਾਏਗਾ।”

ਇਨ੍ਹਾਂ ਦਿਨਾਂ ਵਿਚ ਆਪ ਦਾ ਸੰਪਰਕ ਉਸ ਸਮੇਂ ਦੀ ਸਭ ਤੋਂ ਸ਼ਕਤੀਸ਼ਾਲੀ ਲਹਿਰ ਬ੍ਰਹਮੋਸਮਾਜ ਨਾਲ ਹੋਇਆ, ਜਿਸਨੇ ਆਪ ਦੀ ਅਧਿਆਤਮਕਤਾ ਦੇ ਵਿਕਾਸ ਵਿਚ ਬਹੁਤ ਅਹਿਮ ਯੋਗਦਾਨ ਪਾਇਆ।ਇਸ ਤੋਂ ਬਾਅਦ ਆਪ ਨੇ ਸੰਨ 1881 ਨੂੰ ਐੱਫ਼.ਏ. ਪਾਸ ਕਰਕੇ ਸੰਨ 1884 ਨੂੰ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸੰਗੀਤ ਵਿਚ ਰੁਚੀ ਹੋਣ ਕਰਕੇ ਤਿੰਨ ਸਾਲ ਉਸਤਾਦ ਬੇਨੀ ਗੁਪਤਾ ਅਤੇ ਅਹਿਮਦ ਖਾਨ ਤੋਂ ਬਾਕਾਇਦਾ ਸੰਗੀਤ ਦੀ ਸਿੱਖਿਆ ਲਈ।ਭਾਵੇਂ ਕਿ ਆਪ ਦੀ ਫ਼ਿਲਾਸਫ਼ੀ ਵਿਸ਼ੇ ਵਿਚ ਵਿਸ਼ੇਸ਼ ਰੁਚੀ ਸੀ, ਪਰੰਤੂ ਜਰਮਨ ਤੇ ਯੂਨਾਨੀ ਫਿਲਾਸਫੀ ਪੜ੍ਹਕੇ ਆਪ ਦੇ ਮਨ ਵਿਚ ਕਈ ਤਰ੍ਹਾਂ ਦੇ ਪ੍ਰਸ਼ਨ ਉਠਦੇ ਜਿਵੇਂ ਕਿ ਕੀ ਇਸ ਸੰਸਾਰ ਨੂੰ ਚਲਾਉਣ ਵਾਲਾ ਕੋਈ ਪ੍ਰਮਾਤਮਾ ਹੈ ਕਿ ਨਹੀਂ?ਜੇਕਰ ਹੈ ਤਾਂ ਸਾਨੂੰ ਦਿਖਾਈ ਕਿਉਂ ਨਹੀਂ ਦਿੰਦਾ?ਇਸ ਸੰਸਾਰ ਦੀ ਉਤਪੱਤੀ ਕਿਵੇਂ ਹੋਈ? ਆਦਿ।ਆਪ ਨੇ ਇਸ ਸਬੰਧ ਵਿਚ ਕਈ ਸੰਤਾਂ, ਮਹਾਪੁਰਖਾਂ ਅਤੇ ਗਿਆਨੀਆਂ ਦੀ ਰਾਏ ਲਈ ਪਰੰਤੂ ਆਪ ਦੀ ਤਸੱਲੀ ਨਾ ਹੋਈ।ਸੜਕਾਂ ਅਤੇ ਚੌਂਕਾਂ ਉਤੇ ਇਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਵੀ ਆਪ ਦੇ ਪ੍ਰਸ਼ਨ ਸੁਣਕੇ ਟਾਲ-ਮਟੋਲ ਕਰਨ ਅਤੇ ਉਥੋਂ ਭੱਜਣ ਵਿਚ ਹੀ ਆਪਣੀ ਭਲਾਈ ਸਮਝਦੇ।
ਆਪ ਦੀ ਐਸੀ ਬੇਚੈਨ ਮਾਨਸਿਕ ਅਵਸਥਾ ਵੇਖ ਆਪ ਦੇ ਚਚੇਰੇ ਭਰਾ ਰਾਮਚੰਦਰ ਦੱਤ ਨੇ ਕਿਹਾ, “ਨਰੇਂਦਰ! ਜੇਕਰ ਤੂੰ ਸਚਮੁੱਚ ਹੀ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਚਾਹੁੰਦਾ ਹੈਂ ਤਾਂ ਥਾਂ-ਥਾਂ ਭਟਕਣ ਦੀ ਥਾਂ ਦਕਸ਼ਨੇਸ਼ਵਰ ਵਿਚ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਨੂੰ ਜਾ ਕੇ ਮਿਲ।ਮੈਨੂੰ ਪੂਰਨ ਭਰੋਸਾ ਹੈ ਕਿ ਉਹ ਤੇਰੀ ਇਸ ਸਮੱਸਿਆ ਦਾ ਜ਼ਰੂਰ ਕੋਈ ਹੱਲ ਲੱਭਣਗੇ।” ਰਾਮਕ੍ਰਿਸ਼ਨ ਪਰਮਹੰਸ ਦਾ ਨਾਮ ਆਪ ਨੇ ਪਹਿਲਾਂ ਵੀ ਆਪਣੀ ਜਮਾਤ ਵਿਚ ਪੋ੍ਰ.ਹੇਸਟੀ ਕੋਲੋਂ ਸੁਣਿਆ ਹੋਇਆ ਸੀ ਅਤੇ ਆਪ ਉਨ੍ਹਾਂ ਨੂੰ ਇਕ ਵਾਰ ਆਪਣੇ ਮਿੱਤਰ ਸੁਰਿੰਦਰਨਾਥ ਦੇ ਘਰ ਮਿਲ ਵੀ ਚੁੱਕੇ ਸਨ, ਜਿੱਥੇ ਆਪ ਦੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਗਾਏ ਭਜਨ ਸੁਣਕੇ ਪਰਮਹੰਸ ਜੀ ਨੇ ਆਪ ਨੂੰ ਦਕਸ਼ਨੇਸ਼ਵਰ ਆਉਣ ਦਾ ਸੱਦਾ ਵੀ ਦਿੱਤਾ ਸੀ।ਭਰਾ ਦੀ ਸਲਾਹ ਮੰਨ ਆਪ ਨੇ ਤੁਰੰਤ ਉਥੇ ਜਾਣ ਦੀ ਤਿਆਰੀ ਕਰ ਲਈ।

ਪਰਮਹੰਸ ਜੀ ਦੇ ਹੱਥ ਦੀ ਇਕ ਛੋਹ ਨੇ ਆਪ ਨੂੰ ਅਜਿਹੀ ਮਾਨਸਿਕ ਅਵਸਥਾ ਪ੍ਰਦਾਨ ਕੀਤੀ ਕਿ ਆਪ ਦੇ ਮਨ ਦੀ ਸਭ ਭਟਕਣਾ ਅਤੇ ਨਿਰਾਸ਼ਾ ਦੂਰ ਹੋ ਗਈ।ਇਸ ਤੋਂ ਇਲਾਵਾ ਪਿਤਾ ਦੀ ਮੌਤ ਤੋਂ ਬਾਅਦ ਆਈ ਅਤਿਅੰਤ ਗਰੀਬੀ ਦੀ ਸਥਿਤੀ ਵੀ ਆਪ ਨਿਰੰਤਰ ਸੰਘਰਸ਼ ਕਰਦੇ ਹੋਏ ਪਾਰ ਕਰ ਗਏ।ਉਨ੍ਹਾਂ ਨੇ ਆਪ ਨੂੰ ਦਿਨ-ਰਾਤ ਧਿਆਨ ਦੀ ਅਵਸਥਾ ਦਾ ਆਨੰਦ ਪ੍ਰਾਪਤ ਕਰਨ ਦੀ ਬਜਾਏ ਹਰ ਜੀਵ ਵਿਚ ਪ੍ਰਮਾਤਮਾ ਦਾ ਰੂਪ ਵੇਖਕੇ ਸਮਾਜ ਸੇਵਾ ਦੁਆਰਾ ਆਪਣਾ ਜੀਵਨ ਸਫ਼ਲ ਕਰਨ ਦੀ ਪ੍ਰੇਰਣਾ ਦਿੱਤੀ।ਜਦੋਂ ਪਰਮਹੰਸ ਗਲੇ ਦੇ ਕੈਂਸਰ ਤੋਂ ਪੀੜਤ ਹੋਏ ਤਾਂ ਨਰੇਂਦਰ ਉਨ੍ਹਾਂ ਦੀ ਸੇਵਾ ਕਰਨ ਵਾਲੀ ਮੰਡਲੀ ਦੇ ਆਗੂ ਸਨ।ਜੀਵਨ ਦੇ ਅਖੀਰਲੇ ਦਿਨ 16 ਅਗਸਤ, 1886 ਨੂੰ ਪਰਮਹੰਸ ਜੀ ਨੇ ਕਿਰਪਾ ਦ੍ਰਿਸ਼ਟੀ ਦੁਆਰਾ ਆਪਣੀ ਸਾਰੀ ਅਧਿਆਤਮਕ ਸ਼ਕਤੀ ਦਾ ਨਰੇਂਦਰ ਵਿਚ ਸੰਚਾਰ ਕਰ ਦਿੱਤਾ।ਇਸੇ ਬਖਸ਼ਿਸ਼ ਦੁਆਰਾ ਹੀ ਨਰੇਂਦਰ ਅੱਗੇ ਚੱਲਕੇ ‘ਸਵਾਮੀ ਵਿਵੇਕਾਨੰਦ’ ਬਣ ਸਕੇ, ਜਿਨ੍ਹਾਂ ਨੇ ਸਮੁੱਚੇ ਸੰਸਾਰ ਨੂੰ ਭਾਰਤੀ ਧਰਮ, ਦਰਸ਼ਨ ਅਤੇ ਸਭਿਆਚਾਰ ਦੀ ਮਹਾਨਤਾ ਤੋਂ ਜਾਣੂ ਕਰਵਾਇਆ।

ਸਵਾਮੀ ਵਿਵੇਕਾਨੰਦ ਦੇ ਪ੍ਰੇਰਨਾਦਾਇਕ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈ ਕੇ ਜਿੱਥੇ ਅਜੋਕੇ ਨੌਜਵਾਨ ਆਪਣੇ ਜੀਵਨ ਨੂੰ ਸਹੀ ਦਿਸ਼ਾ ਅਤੇ ਦਸ਼ਾ ਦੇ ਸਕਦੇ ਹਨ, ਉਥੇ ਨਾਲ ਹੀ ਉਹ ਇਕ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਵੀ ਕਰ ਸਕਦੇ ਹਨ।

ਸੰਪਰਕ: +91 94636 19353

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ