Thu, 18 July 2024
Your Visitor Number :-   7194399
SuhisaverSuhisaver Suhisaver

ਕੜੀਨਗਾ -ਜ਼ਰ ਨਿਗਾਰ ਸਈਦ

Posted on:- 28-03-2012

suhisaver

ਜ਼ਰ ਨਿਗਰ ਸਈਦ ਲਹਿੰਦੇ ਪੰਜਾਬ ਦੀ ਅਸਲੋਂ ਨਵੀਂ ਕਹਾਣੀਕਾਰਾ ਹੈ | ਉਸਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਅੰਤਾਂ ਦਾ ਮੋਹ ਹੈ | ‘ਸੂਹੀ ਸਵੇਰ’ ਦੇ ਪਾਠਕਾਂ ਲਈ ਪੇਸ਼ ਹੈ ਉਸਦੀ ਇਹ ਕਹਾਣੀ| ਅਸੀਂ ਜ਼ਰ ਨਿਗਰ ਦੀ ਇਹ ਕਹਾਣੀ ਪਹਿਲਾਂ ਵੀ ਛਾਪ ਚੁੱਕੇ ਹਾਂ ਪਰ ਸਾਈਟ ’ਤੇ ਮੂਲਵਾਦੀਆਂ ਦੇ ਹਮਲੇ ਕਾਰਨ ਬਹੁਤ ਸਾਰੀਆਂ ਲਿਖਤਾਂ ਸਾਈਟ `ਚੋਂ ਕੁਰਪਟ ਹੋ ਗਈਆਂ ਸਨ ਜਿਨ੍ਹਾਂ ’ਚ ਇਹ ਕਹਾਣੀ ਵੀ ਸ਼ਾਮਿਲ ਸੀ। ਇਸ ਨੂੰ ਦੁਬਾਰਾ ਛਾਪ ਕੇ ਅਦਾਰਾ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ। (ਸੰਪਾਦਕ)


ਇੱਕ
ਦਿਨ ਅੱਬਾ ਜੀ ਸੈਰ ਕਰਨ  ਚੱਲੇ ਤੇ ਮੈਨੂੰ ਵੀ ਨਾਲ਼ ਲੈ ਗਏ  ਕਿ ਚੱਲ  ਤੈਨੂੰ ਤੇਰੇ  ਇੱਕ ਚਾਚੇ ਨਾਲ਼ ਮਿਲਾ ਲਿਆਵਾਂ ਤੂੰ ਹੁਣ ਪੰਜਾਬੀ ਵਿਚ ਲਿਖਣ ਲੱਗ ਗਈ ਐਂ ਤੇ ਤੇਰਾ ਇਹ ਚਾਚਾ ਵੀ ਆਪਣੇ ਪੰਜਾਬੀ ਹੋਣ ’ਤੇ ਬੜਾ ਮਾਣ ਤੇ ਫ਼ਖ਼ਰ ਕਰਦਾ ਏ । ਵੈਸੇ ਤੇ ਤੈਨੂੰ ਉਹਨੂੰ ਤਾਇਆ ਕਹਿਣਾ ਚਾਹੀਦਾ ਏ ਕਿਉਂ ਜੇ  ਉਹ ਉਮਰ ਵਿਚ ਮੇਰੇ ਤੋਂ ਛੇ ਸੱਤ ਸਾਲ ਵੱਡਾ ਏ ਤੇ ਬੜਾ ਤਜਰਬੇਕਾਰ ਏ। ਮੈਂ ਪੁੱਛਿਆ  ‘ ਕਿਸ ਗੱਲ ਦਾ ਤਜਰਬਾ  ?’


ਅੱਬਾ ਜੀ ਨੇ ਦੱਸਿਆ ਕੇ ਹਰ ਜਮਾਤ ਵਿਚ ਘੱਟੋ-ਘੱਟ ਦੋ ਵਾਰੀ ਫ਼ੇਲ੍ਹ ਹੋਣ ਦਾ ਤਜਰਬਾ । ਤੇਰਾ ਇਹ ਚਾਚਾ ਉਰਦੂ ਵਿਚ ਜ਼ਰੂਰ ਫ਼ੇਲ੍ਹ ਹੁੰਦਾ ਸੀ ਤੇ ਆਪਣੇ ਫ਼ੇਲ੍ਹ ਹੋਣ ਨੂੰ ਆਪਣੀ ਨਾਕਾਮੀ ਦੀ ਥਾਂ ਉਰਦੂ ਦੀ ਨਾਕਾਮੀ ਸਮਝਦਾ ਸੀ। ਮੈਨੂੰ ਲੱਗਿਆ ਕਿ ਮੈਨੂੰ ਆਪਣੇ ਏਸ ਚਾਚੇ ਨਾਲ਼ ਜ਼ਰੂਰ ਮਿਲਣਾ ਚਾਹੀਦਾ ਏ ਤੇ ਮੈਂ ਵੀ ਅੱਬਾ ਜੀ ਦੇ ਨਾਲ਼ ਤੁਰ ਪਈ ਤੇ ਤੁਰਦਿਆਂ-ਤੁਰਦਿਆਂ ਅੱਬਾ ਜੀ ਚਾਚਾ ਜੀ ਦੇ ਬਾਰੇ ਹੋਰ ਵੀ ਗੱਲਾਂ ਦੱਸਦੇ ਰਹੇ ਕਿ ਅਸੀਂ ਸੈਕਰਡ ਹਾਰਟ ਸਕੂਲ ਵਿਚ ਛੇਵੀਂ ਜਮਾਤ ਵਿਚ ਨਾਲ਼ ਪੜ੍ਹਦੇ ਸਾਂ। ਸਾਡਾ ਆ ਦੋਸਤ ਉਮਰ ਵਿੱਚ ਮੈਥੋਂ ਵੱਡਾ ਸੀ ਪਰ ਕਿਉਂ ਜੋ ਦੁਬਲਾ ਪਤਲਾ ਸੀ ਏਸ ਕਰਕੇ ਉਮਰ ਦਾ ਪਤਾ  ਨਹੀਂ  ਸੀ ਲਗਦਾ ਪਰ ਦੋ ਚੀਜ਼ਾਂ ਉਹਦੇ ਵਜੂਦ ਦੇ ਹਿਸਾਬ ਤੋਂ ਭਾਰੀਆਂ ਸਨ। ਇਕ ਉਹਦੀ ਆਵਾਜ਼ ਤੇ ਦੂਜਾ ਉਹਦਾ ਨਾਂ ਗ਼ੁਲਾਮ ਮੁਹੰਮਦ। ਤੇ ਨਾਲ਼ ਈ ਅੱਬਾ ਜੀ ਨੇ ਮੈਨੂੰ ਕਿਹਾ ਕਿ  ਧਿਆਨ ਰੱਖੀਂ ਜਿਸ ਨਾਂ ਨਾਲ਼ ਮੈਂ ਉਹਨੂੰ ਬੁਲਾਵਾਂਗਾ ਤੂੰ ਉਹ ਨਾਂ ਨਹੀਂ ਲੈਣਾ। ਤੇਰੇ ਵਾਸਤੇ ਉਹ ਚਾਚਾ ਗ਼ੁਲਾਮ ਮੁਹੰਮਦ ਏ ਤੇ ਮੇਰੇ ਵਾਸਤੇ ਏ ਕੜੀਨਗਾ।

ਇਹ ਨਾਂ ਸੁਣ ਕੇ ਮੈਂ ਹੱਸ ਪਈ ‘ ਲੈ  ਭਲਾ ਕੀ ਨਾਂ ਹੋਇਆ ਕੜੀਨਗਾ?’ । ਲਗਦਾ ਏ ਕਿ ਹੁਣ ਤੈਨੂੰ ਸਾਰੀਆਂ ਗੱਲਾਂ ਦੱਸਣੀਆਂ ਪੈਣਗੀਆਂ। ਸਾਡਾ ਇਕ ਦੋਸਤ ਸੀ ਮੁਲਕ ਇਨਾਇਤ ਉਹਨੂੰ ਲੋਕਾਂ ਦੇ ਨਾਂ ਰੱਖਣ ਵਿਚ ਕਮਾਲ ਹਾਸਲ ਸੀ ਉਹ ਕਿਸੇ ਦਾ ਜਿਹੜਾ ਵੀ ਨਾਂ ਰੱਖ ਦਿੰਦਾ ਲੋਕੀਂ ਮਾਂ-ਪਿਓ ਦਾ ਰੱਖਿਆ ਨਾਂ ਭੁੱਲ ਜਾਂਦੇ ਸਨ ਤੇ ਉਹਦਾ ਰੱਖਿਆ ਨਾਂ ਈ ਮਸ਼ਹੂਰ ਹੋ ਜਾਂਦਾ ਸੀ ਤੇ ਗ਼ੁਲਾਮ ਮੁਹੰਮਦ ਦਾ ਨਾਂ ਵੀ ਲੋਕੀਂ ਭੁੱਲ ਗਏ ਸਨ ਤੇ ਉਹਨੂੰ ਕੜੀਨਗਾ ਈ ਕਹਿੰਦੇ ਸਨ ਪਰ ਉਹਦੇ ਮੂੰਹ ’ਤੇ ਨਹੀਂ ਕਿਉਂ ਜੋ ਫਿਰ ਉਹ ਵੱਢਣ ਨੂੰ ਪੈਂਦਾ ਸੀ। ਇਹ ਨਾਂ ਰੱਖਣ ਦੀ ਵਜ੍ਹਾ ਇਹ ਸੀ ਕਿ ਬਚਪਨ ਵਿਚ ਉਹਦੇ ਪੈਰ ’ਤੇ ਕੋਈ  ਭਾਰੀ  ਸ਼ੈਅ  ਡਿੱਗੀ ਸੀ ਤੇ ਉਹਨੂੰ ਸੱਟ ਲੱਗ ਗਈ ਜਿਹਦੀ ਵਜ੍ਹਾ ਤੋਂ ਉਹ ਥੋੜ੍ਹਾ ਜਿਹਾ ਲੰਗੜਾ ਕੇ ਵਿੰਗਾ ਜਿਹਾ ਤੁਰਦਾ ਸੀ।  ਆਪਣੇ ਲੰਗੜ ਨੂੰ ਲੁਕਾਣ ਵਾਸਤੇ ਉਹਨੇ ਥੋੜ੍ਹਾ ਜਿਹਾ ਆਕੜ ਕੇ ਤੁਰਨਾ ਸ਼ੁਰੂ ਕਰ ਦਿੱਤਾ ਸੀ ਤੇ ਮੁਲਕ ਇਨਾਇਤ ਨੇ ਵਿੰਗੇ ਤੇ ਆਕੜ ਨੂੰ ਰਲ਼ਾ ਕੇ ਕੜੀਨਗਾ ਬਣਾ ਦਿੱਤਾ ਪਰ ਉਹਦੇ ਮੂੰਹ ’ਤੇ ਇਹ ਨਾਂ ਲੈਣ ਦੀ ਹਿੰਮਤ ਬੱਸ ਇਹੋ ਬੰਦਾ ਈ ਕਰ ਸਕਦਾ ਸੀ ਜੋ ਗਾਲ੍ਹਾਂ ਕੱਢਣ ਦਾ ਮਾਹਿਰ ਹੋਵੇ ਤੇ ਵੱਡੀ ਤੋਂ ਵੱਡੀ ਗਾਲ੍ਹ ਕਢਦਿਆਂ ਹੋਇਆਂ ਸ਼ਰਮ ਮਹਿਸੂਸ ਨਾ ਕਰੇ ।’ ਅੱਬਾ ਜੀ ਦੀ ਗੱਲ ਸੁਣ ਕੇ ਮੈਂ ਫਿਰ ਹੱਸ ਪਈ ‘ ਕਿਉਂ ਉਹਦੀ ਕੀ ਵਜ੍ਹਾ ?’ ‘ਓ ਤੈਨੂੰ ਨਹੀਂ ਪਤਾ ਕੜੀਨਗੇ ਦਾ ਗਾਲ੍ਹਾਂ  ਕੱਢਣ ਵਿਚ ਇਕ ਖ਼ਾਸ ਮੁਕਾਮ ਸੀ । ਉਹਨੇ ਇਹ ਮਹਾਰਤ ਪੁਰਾਣੇ ਮਜ਼ਨਗ ਤੋਂ ਹਾਸਲ ਕੀਤੀ ਸੀ ਤੇ ਜਿਵੇਂ ਇਕ ਮਸ਼ਹੂਰ ਤਬਲਚੀ ਮੀਆਂ ਕਾਦਰ ਬਖ਼ਸ਼ ਬਾਰੇ ਕਿਹਾ ਜਾਂਦਾ ਸੀ  ਕਿ  ਜੇ ਉਹ ਸਾਰੀ ਰਾਤ ਵੀ ਤਿੰਨ ਤਾਲ ਵਜਾਏ  ਤਾਂ ਬੋਲ ਨਹੀਂ ਸੀ  ਦੋਹਰਾਂਦਾ  ਤੇ ਏਸ ਤਰ੍ਹਾਂ  ਕੜੀਨਗੇ ਬਾਰੇ ਵੀ ਇਹ ਗੱਲ ਮਸ਼ਹੂਰ ਸੀ  ਕਿ ਭਾਵੇਂ  ਉਹ   ਸਾਰਾ ਦਿਨ ਵੀਗਾ ਹਲਾਂ ਕੱਢੇ ਤੇ  ਇਕ  ਗਾਲ੍ਹ ਨੂੰ ਦੂਜੀ ਵਾਰ ਨਹੀਂ ਸੀ ਕੱਢਦਾ  (ਆ ਗੱਲ ਸੁਣ ਕੇ ਮੈਂ ਦਿਲ ਵਿਚ ਸੋਚਿਆ ਕਿ ਮੈਨੂੰ ਵੀ ਦੋ ਚਾਰ ਗਾਲ੍ਹਾਂ  ਦਾ ਈ ਪਤਾ ਏ ਤੇ ਭਲਾ ਏਸ ਤੋਂ ਅੱਡ ਹੋਰ ਕਿਹੜੀਆਂ ਹੁੰਦਿਆਂ ਨੇ ਫਿਰ ਮੈਨੂੰ ਲੱਗਿਆ ਕਿ ਇਹ ਸਵਾਲ ਅੱਬਾ ਜੀ ਕੋਲੋਂ ਪੁੱਛਣ ਵਾਲ਼ਾ ਨਹੀਂ ਏ ਇਹ ਗੱਲ ਕਿਸੇ ਹੋਰ ਕੋਲੋਂ ਪੁੱਛਾਂਗੀ।)

ਇੱਕ ਦਿਨ ਕੜੀਨਗੇ ਦੀ ਮੁਹੱਲੇ ਦੇ ਕਿਸੇ ਮੁੰਡੇ ਨਾਲ਼ ਲੜਾਈ ਹੋ ਗਈ ਤੇ ਇਸ ਮੁੰਡੇ ਨੇ ਕੜੀਨਗੇ ਦੇ ਘਰ ਫ਼ੋਨ ਕਰ ਕੇ ਦੋ ਚਾਰ ਗਾਲ੍ਹਾਂ ਕੱਢੀਆਂ ਤੇ ਕੜੀਨਗੇ ਦੀ ਵੀ ਗ਼ੈਰਤ ਜਾਗ ਪਈ ਕਿ ਉਹ ਤੇ ਆਪ ਏਸ ਕੰਮ ਦਾ ਮਾਹਿਰ ਸੀ ਇਹ ਮੇਰੇ ਮੁਕਾਬਲੇ ’ਤੇ ਕਿੱਥੋਂ ਆ ਗਿਆ । ਉਹਨੇ ਇਕ ਟੇਪ ਰੀਕਾਰਡਰ ਜਿਹਦੇ ਵਿਚ (ਸੀ.ਯੂ.ਈ.) ਦਾ ਬਟਨ ਸੀ। ਏਸ ਬਟਨ ਦਬਾਉਣ ਨਾਲ਼ ਗਾਣਾ ਬੜੀ ਬਾਰੀਕ ਆਵਾਜ਼ ਤੇ ਸਪੀਡ ਨਾਲ਼ ਚਲਦਾ ਸੀ ।ਕੜੀਨਗੇ ਨੇ ਉਹਦੇ ਵਿਚ ਬੇਸ਼ੁਮਾਰ ਵੱਡੀਆਂ ਵੱਡੀਆਂ ਤੇ ਆਲ੍ਹੀ ਨਸਲ ਦੀਆਂ ਗਾਲ੍ਹਾਂ ਰਿਕਾਰਡ ਕਰ ਕੇ ਸੀ.ਯੂ.ਈ.  ਦਾ ਬਟਨ ਦਬਾ ਦਿੱਤਾ ਤੇ ਕੜੀਨਗੇ ਨੂੰ ਆਪਣੀ ਭਾਰੀ ਆਵਾਜ਼ ਬਾਰੀਕ ਹੋ ਕੇ ਅਜੀਬ ਲੱਗੀ ਤੇ ਉਹ ਆਪਣੀ ਸਕੀਮ ’ਤੇ ਖ਼ੁਸ਼ ਹੋਇਆ ।ਕੜੀਨਗੇ ਨੇ ਉਸ ਮੁੰਡੇ ਦੇ ਘਰ ਫ਼ੋਨ ਕਰ ਕੇ ਟੇਪ ਚਲਾ ਦਿੱਤੀ ਉਹ ਮੁੰਡਾ ਹਾਰ ਮੰਨ ਗਿਆ ਕਿ ਨਾ ਭਾਈ ਤੂੰ ਉਸਤਾਦ ਐਂ ਬੱਸ ਏਨਾ ਦੱਸ ਦੇ  ਕਿ  ਤੂੰ ਇੰਵੇਂ ਦੀ ਆਵਾਜ਼ ਕੱਢਦਾ ਕਿੱਥੋਂ ਐਂ । ਆਪਣੀ ਇਹ ਤਾਰੀਫ਼ ਸੁਣਨ ਨਾਲ਼ ਕੜੀਨਗੇ ਦੀ ਹਿੰਮਤ ਹੋਰ ਵੱਧ ਗਈ ਤੇ ਉਹਨੇ ਓ ਟੇਪ ਸਾਂਭ ਕੇ ਰੱਖ ਲਈ ਕਿ ਕਿਸੇ ਹੋਰ ਵੇਲੇ ਕੰਮ ਆਏਗੀ ਤੇ ਓ ਵੇਲ਼ਾ ਵੀ ਛੇਤੀ ਈ ਆ ਗਿਆ, ਇਕ ਦਿਨ ਕੜੀਨਗੇ ਦੇ ਅੱਬੇ ਨੇ ਕਿਸੇ ਗੱਲ ਤੋਂ ਗ਼ੁੱਸੇ ਵਿਚ ਆ ਕੇ ਉਹਨੂੰ ਉਹਦੇ ਦੋਸਤਾਂ ਸਾਮ੍ਹਣੇ ਐਕਟ ਦਿੱਤਾ ਤੇ ਕੜੀਨਗੇ ਨੂੰ ਬੜਾ ਭੈੜਾ ਲੱਗਿਆ ਉਹਨੇ ਫਿਰ ਓ ਟੇਪ ਕੱਢ ਲਈ ਤੇ ਆਪਣੇ ਇਕ ਦੋਸਤ ਦੇ ਘਰੋਂ ਜਾ ਕੇ ਆਪਣੇ ਘਰ ਫ਼ੋਨ ਕੀਤਾ ਜਦ ਅੱਗੋਂ ਉਹਦੇ ਅੱਬੇ ਜਵਾਬ ਦਿੱਤਾ ਤੇ ਕੜੀਨਗੇ ਟੇਪ ਚਲਾ ਦਿੱਤੀ । ਅੱਬੇ ਨੂੰ ਸ਼ੁਰੂ ਵਿਚ ਤੇ ਕੁਝ ਸਮਝ ਨਹੀਂ ਆਈ ਉਹ ਚੁੱਪ ਕਰ ਕੇ ਸੁਣਦੇ ਰਹੇ,  ਜਦੋਂ ਪਤਾ ਲੱਗਿਆ ਕਿ  ਖ਼ੈਰ ਨਾਲ਼ ਪਿਛਲੇ ਪੰਜਾਂ ਮਿੰਟਾਂ ਤੋਂ ਗਾਲ੍ਹਾਂ ਸੁਣ ਰਹੇ ਨੇ ਤੇ ਗ਼ੁੱਸੇ ਵਿਚ ਆ ਕੇ ਉੱਚੀ ਆਵਾਜ਼ ਵਿਚ ਬੋਲੇ ਉਏ ਕੌਣ ਏਂ ਤੂੰ ਗਾਲ੍ਹਾਂ ਦਾ ਪ੍ਰਿੰਸੀਪਲ? ਉਏ ਏਡੀਆਂ ਗਾਲ੍ਹਾਂ? ਨਾ ਤੂੰ ਹਲਾਲ ਦਾ ਐਂ ਤੇ ਨਾ ਤੇਰਾ ਪਿਓ। ਕੋਈ ਦਸ ਮਿੰਟਾਂ ਮਗਰੋਂ ਬੜਾ ਆਕੜ ਕੇ ਦੋਸਤਾਂ ਕੋਲ਼ ਆਇਆ ਕਿ ਮੈਂ ਅੱਬੇ ਤੋਂ ਬਦਲਾ  ਲੈ  ਆਇਆਂ ਤੇ ਉਹਨੂੰ ਟੇਪ ਸੁਣਾ ਦਿੱਤੀ ਏ ।  ( ਅੱਬਾ ਜੀ ਦੇ ਸਾਮ੍ਹਣੇ ਤੇ ਮੈਂ ਹੱਸਦੀ ਰਹੀ ਪਰ ਦਿਲ ਵਿਚ ਸੋਚਿਆ ਕੇ ਅੱਬਾ ਜੀ ਨੇ ਕਿਹੋ ਜਿਹੇ ਲੋਕਾਂ ਨੂੰ ਦੋਸਤ ਬਣਾਇਆ ਹੋਇਆ ਸੀ) ਨਾਲ਼ ਅੱਬਾ ਜੀ ਨੂੰ ਇਕ ਤੋਂ ਮਗਰੋਂ ਇਕ ਗੱਲ ਯਾਦ ਆ ਰਹੀ ਸੀ। ਸਾਡਾ ਆ ਦੋਸਤ ਪੰਜਾਬੀ ਫ਼ਿਲਮਾਂ ਤੇ ਗਾਣਿਆਂ ਦਾ ਬੜਾ ਸ਼ੌਕੀਨ ਸੀ । ਪਰ ਮੁਸੀਬਤ  ਇਹ ਸੀ ਕਿ ਫ਼ਿਲਮ ਦੇਖਣ ਤੋਂ ਮਗਰੋਂ ਸਾਨੂੰ ਵੀ ਫ਼ਿਲਮ ਦੀ ਸਾਰੀ ਕਹਾਣੀ ਗਾਣਿਆਂ ਸਮੇਤ ਸੁਣਾਉਣਾ ਆਪਣਾ ਫ਼ਰਜ਼ ਸਮਝਦਾ ਈ । ਕਦੀਂ ਉਹਨੂੰ ਫ਼ਿਲਮ ਦੀ ਕਹਾਣੀ ’ਤੇ ਇਤਰਾਜ਼ ਹੁੰਦਾ ਤੇ ਕਦੀ ਹੀਰੋਇਨ ਦੇ ਕੱਪੜਿਆਂ ’ਤੇ। ਇਕ ਵਾਰੀ ਉਹਨੇ ਆਪ ਵੀ ਫ਼ਿਲਮ ਬਣਾਉਣ  ਦੀ ਸੋਚੀ ਪਰ ਸ਼ੁਕਰ ਏ ਕਿ ਸਿਰਫ਼ ਸੋਚਿਆ ਈ ਸੀ ਬਣਾਈ ਨਹੀਂ ।  ਖ਼ੈਰ ਨਾਲ਼ ਕਹਾਣੀ ਐਸੀ ਸੀ ਕਿ ਜੇ ਕਿਧਰੇ ਗ਼ਲਤੀ ਨਾਲ਼ ਵੀ ਆ  ਫ਼ਿਲਮ ਬਣ ਜਾਂਦੀ ਤੇ ਸੈਂਸਰ ਬੋਰਡ ਵਾਲਿਆਂ ਨੂੰ ਵੀ ਬੁਰਕਾ ਪਾ ਕੇ ਵੇਖਣੀ ਪੈਂਦੀ ,  ਕੋਈ ਚੰਗੀ ਆਦਤ ਨਹੀਂ ਸੀ ਚਾਚਾ ਜੀ ਵਿੱਚ?”  ਮੈਂ ਹਿੰਮਤ ਕਰ ਕੇ ਪੁੱਛ ਈ ਲਿਆ ।ਸਾਨੂੰ ਟੁਰਦੇ ਹੋਇਆਂ ਵੀ ਅੱਧੇ ਘੰਟੇ ਤੋਂ ਵੱਧ ਹੋ ਗਿਆ ਏ ਤੇ ਤੁਸੀਂ ਅਜੇ ਤੱਕ ਉਨ੍ਹਾਂ ਬਾਰੇ ਕੋਈ ਇੱਕ ਵੀ ਚੰਗੀ ਗੱਲ ਨਹੀਂ ਦੱਸੀ ਤੇ ਅੱਬਾ ਜੀ ਹੱਸ ਪਏ ਤੇ ਬੋਲੇ ‘ਇਕ ਉਮਰ ਵਿਚ ਇਹ ਸਭ ਚਲਦਾ ਏ ਹੁਣ ਤੂੰ ਜਾ ਰਹੀ ਐਂ ਮਿਲਣ ਤੇ ਆਪ ਈ ਵੇਖ ਲਈਂ ।’ ਟੁਰਦੇ-ਟੁਰਦੇ ਅਸੀਂ ਮਿਆਣੀ ਸਾਹਿਬ ਕਬਰਸਤਾਨ ਵਾਲ਼ੀ ਸੜਕ ਤੋਂ ਲੰਘ ਕੇ ਅੱਗੇ ਇਕ ਹੋਰ ਸੜਕ ’ਤੇ ਪਹੁੰਚ ਗਏ ਉੱਥੇ ਪੰਜ-ਸੱਤ ਫੁੱਲਾਂ ਵਾਲੇ (ਕਬਰਾਂ ’ਤੇ ਚੜ੍ਹਾਣ ਵਾਲੇ) ਬੈਠੇ ਸਨ ਤੇ ਥੋੜਾ ਹੋਰ ਅੱਗੇ ਜਾ ਕੇ ਕਬਰਾਂ ਦੇ ਪੱਥਰ ਬਣਾਉਣ ਵਾਲਿਆਂ ਦੀਆਂ ਦੋ ਤਿੰਨ ਦੁਕਾਨਾਂ ਸਨ। ਸਾਨੂੰ ਦੂਰੋਂ ਵੇਖ ਕੇ ਇੱਕ ਬੰਦਾ  ਆਪਣੀ ਦੁਕਾਨ ਤੋਂ ਉੱਠ ਕੇ ਬੜੀ ਕਾਹਲ਼ੀ ਨਾਲ਼ ਸਾਡੇ ਵੱਲ ਆਉਣ ਲੱਗ ਪਿਆ ਤੇ ਅੱਬਾ ਜੀ ਨੇ ਕਿਹਾ ਕਿ ਉਹ ਆ ਰਹਿਆ ਏ ਤੇਰਾ ਚਾਚਾ ਗ਼ੁਲਾਮ ਮੁਹੰਮਦ ਤੇ  ਮੇਰਾ ਕੜੀਨਗਾ । ਤੇ ਸੱਚੀ ਗੱਲ ਤੇ ਆ ਵੇ ਕਿ ਉਨ੍ਹਾਂ ਨੂੰ ਵੇਖ ਕੇ ਮੈਂ ਅੱਬਾ ਜੀ ਦੇ ਦੋਸਤ ਮੁਲਕ ਇਨਾਇਤ ਨੂੰ ਦਿਲ ਵਿਚ ਬੜੀ ਦਾਦ ਦਿੱਤੀ ਕਿ ਚਾਚਾ ਜੀ ਦਾ ਏਸ ਤੋਂ ਚੰਗਾ ਹੋਰ ਕੋਈ ਨਾਂ ਹੋ ਈ  ਨਹੀਂ ਸਕਦਾ। ਇਹ ਨਾਂ ਮੁੰਦਰੀ ਵਿਚ ਨਗੀਨੇ ਵਾਂਗੂੰ ਫਿੱਟ ਸੀ। ਚਾਚਾ ਜੀ ਦਾ ਬਾਕੀ ਜਿਸਮ ਤੇ ਪਤਲਾ ਸੀ ਪਰ ਢਿੱਡ ਚੰਗਾ ਭਲਾ ਭਾਰਾ ਸੀ ਉਪਰੋਂ ਉੱਤਰੇ ਆ ਰਹੇ ਸਨ ਤਾਂ ਲਗਦਾ ਸੀ  ਜਿਵੇਂ  ਇੱਕ ਬੰਦਾ  ਆਪਣੇ ਢਿੱਡ ਦੇ ਪਿੱਛੇ-ਪਿੱਛੇ ਟੁਰਿਆ ਆ ਰਿਹਾ ਏ । ਸਾਡੇ ਕੋਲ਼ ਆ ਕੇ ਬੜੇ ਪਿਆਰ ਨਾਲ਼ ਮਿਲੇ ਤੇ ਆਪਣੀ ਦੁਕਾਨ ’ਤੇ ਲੈ ਗਏ ਜਿੱਥੇ ਕਬਰਾਂ ’ਤੇ ਲਾਉਣ ਵਾਲੇ ਪੱਥਰ ਬਣਾਏ ਜਾ ਰਹੇ ਸਨ। ਆ ਉਨ੍ਹਾਂ ਦਾ ਜੱਦੀ ਪੁਸ਼ਤੀ ਕੰਮ ਸੀ ਜੋ ਆਪਣੇ ਪਿਓ ਦੇ ਮਗਰੋਂ ਚਾਚਾ ਜੀ ਨੇ ਸਾਂਭ ਲਿਆ ਸੀ । ਸਾਨੂੰ ਬਿਠਾ ਕੇ ਉਨ੍ਹਾਂ ਨੇ ਇੱਕ ਮੁੰਡੇ ਨੂੰ ਆਵਾਜ਼ ਦਿੱਤੀ, ਉਏ ਗਾਮੇ, ਜਾ ਕੇ ਅਮਰੂਦ ਤੇ ਨਾਲ਼ ਲਮਕ (ਨਮਕ) ਵੀ ਲੈ ਆ । ਲਮਕ ਸੁਣ ਕੇ ਤੇ ਮੈਨੂੰ ਹਾਸਾ ਰੋਕਣਾ ਵੀ ਮੁਸ਼ਕਿਲ ਹੋ ਗਿਆ। ਅੱਬਾ ਜੀ ਨੇ ਕਿਹਾ , ਉਏ ਤੂੰ ਹੁਣ ਵੀ ਨਮਕ ਨੂੰ ਲਮਕ ਈ ਕਹਿਣਾ ਐਂ? (ਮੈਂ ਆਪਣੀ ਦਾਦੀ ਨੂੰ ਨਮਕ ਨੂੰ ਹਮੇਸਾਂ ਲੋਨ ਈ ਕਹਿੰਦੇ ਸੁਣਿਆ ਸੀ ਤੇ ਮੈਨੂੰ ਲੱਗਿਆ ਕੇ ਚਾਚੇ ਨੇ ਵੀ ਲੋਨ ਤੋਂ ਨਮਕ ਤੱਕ ਜਾਣ ਦੀ ਕੋਸ਼ਿਸ਼ ਕੀਤੀ ਏ ਤੇ ਵਿਚਕਾਰ ਇਹ ਲਮਕ ਆ ਗਿਆ ਏ ਤੇ ਉੱਥੇ ਈ ਟਿਕ ਗਏ ਨੇ) । ਫਿਰ ਅੱਬਾ ਜੀ ਨੇ ਚਾਚਾ ਜੀ ਨੂੰ ਦੱਸਿਆ ਕੇ ਆ ਮੇਰੀ ਧੀ ਏ ਤੇ ਮੈਂ ਸਾਰੇ ਰਸਤੇ ਇਹਨੂੰ ਤੇਰੀਆਂ ਗੱਲਾਂ ਦੱਸਦਾ ਆਇਆਂ। ਉਏ ਤੂੰ ਸਾਰੀਆਂ ਤੇ ਨਹੀਂ ਦੱਸ ਦਿੱਤੀਆਂ , ਚਾਚਾ ਹੱਸ ਪਿਆ। ਅੱਬਾ ਜੀ ਨੇ ਦੱਸਿਆ ਕੇ ਆ  ਹੁਣ ਪੰਜਾਬੀ ਵਿਚ ਲਿਖਣ ਲੱਗ ਗਈ ਏ ਤੇ  ਕਿਉਂ ਜੇ ਤੂੰ ਬੜਾ ਅਣਖੀ ਪੰਜਾਬੀ ਐਂ ਤੇ ਏਸ ਮਾਰੇ ਮੈਂ ਇਹਨੂੰ ਤੇਰੇ ਨਾਲ਼ ਮਿਲਾਉਣ ਵਾਸਤੇ ਲੈ ਕੇ ਆਇਆਂ ਵਾਂ, ਚਾਚਾ ਕੜੀਨਗੇ ਨੇ ਇੱਕ ਵਾਰੀ ਫਿਰ ਉੱਠ ਕੇ ਮੇਰੇ ਸਿਰ ’ਤੇ ਹੱਥ ਫੇਰਿਆ । ਓ ਜਿਉਂਦੀ ਰਹਿ ਕਾਕੀ , ਕਿੱਥੇ ਲਿਖਣੀ ਐਂ ਮਜ਼ਮੂਨ? ਮੈਂ ਦੱਸਿਆ ਕੇ ਇੱਕ ਗੁਰਮੁੱਖੀ ਦੇ ਅਖ਼ਬਾਰ ਵਿਚ  ਜਿਹਦਾ ਨਾਂ ਅਜੀਤ ਏ ਤੇ ਇਹ ਕੈਨੇਡਾ ਅਮਰੀਕਾ ਤੇ ਇੰਗਲੈਂਡ ਤੋਂ ਛਪਦਾ ਏ ਤੇ ਮੇਰੇ ਪੜ੍ਹਨ ਵਾਲੇ ਬਹੁਤੇ ਸਿੱਖ  ਭੈਣ  ਤੇ ਭਰਾ  ਨੇ ਇਹ ਸੁਣ ਕੇ ਚਾਚਾ ਜੀ ਜ਼ਰਾ ਜੋਸ਼ ਵਿਚ ਆ ਗਏ, ਲੈ ਕਾਕੀ ਜੇ ਇਹ ਗੱਲ ਏ  ਤਾਂ  ਤੂੰ ਮੇਰਾ ਇੱਕ ਕੰਮ ਕਰਨਾ ਏ, ਮੇਰੇ ਸਾਰੇ ਸਿੱਖ ਭੈਣ ਭਰਾਵਾਂ ਨੂੰ ਮੇਰਾ ਸਲਾਮ ਕਹਿਣਾ ਏ। ਤੇ ਅਸੀਂ ਵਾਰੇ-ਵਾਰੇ ਜਾਈਏ ਬਾਬਾ ਗੁਰੂ ਨਾਨਕ ਜੀ ਤੇ ਗੁਰੂ ਗੋਬਿੰਦ ਸਿੰਘ ਤੋਂ  ਜਿਹਨਾਂ  ਦੇ ਤੁਫ਼ੈਲ ਸਾਨੂੰ ਬਾਬਾ ਫ਼ਰੀਦ ਜੀ ਦਾ ਕਲਾਮ ਨਸੀਬ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਮੈਂ  ਪੁੱਛਿਆ ‘ਕੀ ਤੁਸੀਂ ਪੜ੍ਹਿਆ  ਏ ਗੁਰੂ ਗ੍ਰੰਥ  ਸਾਹਿਬ? ਤੇ ਕਹਿਣ ਲੱਗੇ  ਕਿ  ਮੈਂ ਆਪ ਤੇ ਨਹੀਂ ਪੜ੍ਹਿਆ ਪਰ ਇੱਕ ਵਾਰੀ ਗੁਰਦੁਆਰੇ ਵਿਚ ਕੀਰਤਨ ਜ਼ਰੂਰ ਸੁਣਿਆ ਸੀ ਤੇ ਹੁਣ ਤੂੰ ਆਪਣੀ ਮਾਂ ਬੋਲੀ ਵਿਚ ਲਿਖਣਾ ਸ਼ੁਰੂ ਕੀਤਾ ਏ ਤੇ ਛੱਡੀਂ ਨਾ। ਜਿਹੜਾ ਬੰਦਾ ਵੀ  ਚਾਰ  ਜਮਾਤਾਂ ਪੜ੍ਹ ਜਾਂਦਾ ਏ ਉਹ ਆਪਣੀ ਮਾਂ ਬੋਲੀ ਤੋਂ ਪਤਾ ਨਹੀਂ ਕਿਉਂ ਨੱਸ ਜਾਂਦਾ ਏ ਤੇ ਸਮਝਦਾ ਏ  ਕਿ  ਪੰਜਾਬੀ ਬੋਲਾਂਗੇ ਤੇ ਅਨਪੜ੍ਹ ਲੱਗਾਂਗਾ ।ਉਏ ਤੂੰ ਓ  ਚੁਟਕਲਾ  ਸੁਣਿਆ ਏ  ਪੱਗ ਵਾਲ਼ਾ? ਚਾਚਾ ਜੀ ਨੇ ਅੱਬਾ ਜੀ ਤੋਂ  ਪੁੱਛਿਆ , ਮੈਂ ਸੁਣਿਆ ਵੀ ਹੋਇਆ ਤੇ ਮੈਨੂੰ ਪਤਾ ਏ ਕੇ ਤੂੰ ਫਿਰ ਵੀ ਸੁਣਾ ਕੇ ਈ ਛੱਡੇਗਾ  ਹੁਣ ਅੱਬਾ ਜੀ  ਹੱਸੇ, ਜਾ ਫਿਰ ਪਰ੍ਹੇ ਹੋ ਮੈਂ ਆਪਣੀ ਧੀ ਨੂੰ ਸੁਣਾ ਦੇਣਾ। ਲੈ ਕਾਕੀ ਤੋਂ ਸੁਣ  ਚੁਟਕਲਾ ।ਇੱਕ ਪਿੰਡ ਦੇ ਨੰਬਰਦਾਰ ਦਾ ਪੁੱਤਰ ਬੜੀਆਂ ਗਾਲ੍ਹਾਂ ਕੱਢਦਾ ਸੀ ਤੇ ਉਹਦੇ ਕੋਲੋਂ ਹਰ ਬੰਦਾ ਤੰਗ ਸੀ ਕੇ ਇਹਦੀ ਜ਼ਬਾਨ ਬੜੀ ਗੰਦੀ ਏ। ਇਸ ਮੁੰਡੇ ਨੂੰ ਆਪਣੇ ਪਿੰਡ ਦੀ ਇੱਕ ਕੁੜੀ ਪਸੰਦ ਆ ਗਈ ਤੇ ਉਹਨੇ ਆਪਣੇ ਮਾਂ- ਪਿਓ ਨੂੰ ਕਿਹਾ  ਕਿ ਉਹ  ਉਸ ਕੁੜੀ  ਦਾ ਰਿਸ਼ਤਾ ਮੰਗਣ  ਜਾਣ। ਨੰਬਰਦਾਰ ਨੇ ਕਿਹਾ  ਕਿ  ਤੂੰ ਸਾਡੀ  ਬੇ-ਇੱਜ਼ਤੀ  ਕਰਾਨੀ ਏ, ਤੂੰ ਏਡੀਆਂ ਗਾਲ੍ਹਾਂ ਕੱਢਦਾ ਐਂ ਤੈਨੂੰ ਕੌਣ ਕੁੜੀ ਦੇਵੇਗਾ ਨਾਲੇ ਉਹ ਪੜ੍ਹੀ-ਲਿਖੀ ਕੁੜੀ ਤੇ ਤੂੰ ਚਿੱਟਾ ਅਨਪੜ੍ਹ , ਮੁੰਡਾ ਬੋਲਿਆ , ਨਹੀਂ ਮੇਰੇ ਬੇਲੀਆਂ ਨੇ ਕਿਹਾ ਏ  ਕਿ  ਤੂੰ ਕੁੜੀ ਦੇ ਘਰ ਜਾ ਕੇ ਪੰਜਾਬੀ ਨਹੀਂ ਬੋਲਣੀ ਤੇ ਉਰਦੂ ਵਿਚ ਗੱਲ ਕਰਨੀ ਏ ਇੰਜ ਤੂੰ ਪੜ੍ਹਿਆ ਲਿਖਿਆ  ਲੱਗੇਂਗਾ। ਨੰਬਰਦਾਰ ਮੁੰਡੇ ਦੀ ਜ਼ਿੱਦ ਅੱਗੇ ਮੰਨ ਗਿਆ ਤੇ ਉਹ ਕੁੜੀ ਦੇ ਘਰ ਰਿਸ਼ਤਾ ਮੰਗਣ ਤੁਰੇ ਗਏ। ਮੁੰਡੇ ਨੂੰ ਉਰਦੂ ਬੋਲਣੀ ਨਹੀਂ ਆਉਂਦੀ ਏਸ ਮਾਰੇ ਉਹਦੇ ਦੋਸਤਾਂ ਨੇ ਉਹਨੂੰ ਚਾਰ ਪੰਜ ਉਰਦੂ ਦੇ ਲਫ਼ਜ਼ ਰਟਾ ਦਿੱਤੇ। ਦਸਤਾਰ,(ਪੱਗ) ,ਆਦਾਬ, ਆਪ ਕੀ ਇੱਜ਼ਤ ਅਫ਼ਜ਼ਾਈ  ਕਾ ਸ਼ੁਕਰੀਆ। ਕੁੜੀ ਦੇ ਘਰ ਪਹੁੰਚੇ ਤੇ ਮੁੰਡੇ ਨੇ ਬੜੀ ਤਮੀਜ਼ ਨਾਲ਼ ਆਦਾਬ ਕੀਤਾ। ਕੁੜੀ ਦੇ ਪਿਓ ਨੇ ਕਿਹਾ ਕਿ ਬੈਠੋ ਤਸ਼ਰੀਫ਼ ਰੱਖੋ , ਤੇ ਮੁੰਡਾ ਫ਼ਿਰ ਬੜੀ ਤਮੀਜ਼ ਨਾਲ਼ ਬੋਲਿਆ, ਇੱਜ਼ਤ ਅਫ਼ਜ਼ਾਈ  ਕਾ ਸ਼ੁਕਰੀਆ, ਤੇ ਕੁੜੀ ਦਾ ਪਿਓ ਬੜਾ ਹੈਰਾਨ ਹੋਇਆ ਤੇ  ਕਹਿਣ  ਲੱਗਾ ਕੇ ਅਸੀਂ ਤੇ ਏਸ ਮੁੰਡੇ ਬਾਰੇ ਕੁਝ ਹੋਰ ਈ ਸੁਣਿਆ ਸੀ ਕੇ ਬੜਾ ਬਦਤਮੀਜ਼ ਏ ਤੇ ਬੜੀਆਂ ਗਾਲ੍ਹਾਂ ਕੱਢਦਾ ਏ ਪਰ ਆ ਤੇ ਬੜੀ ਤਮੀਜ਼ ਵਾਲ਼ਾ ਮੁੰਡਾ ਏ । ਤੇ ਇਹ ਸੁਣ  ਕੇ  ਉਹ ਮੁੰਡਾ ਨਾਲ਼ ਈ ਬੜੇ ਜੋਸ਼ ਵਿਚ ਆ ਕੇ ਬੋਲਿਆ  ਉਏ  ਦੱਲਿਆ । ਬੇ ਗ਼ੈਰਤਾ ,  ਕੁੱਤੀ ਦੇ ਬੱਚੇ, ਨਾਲ਼  ਪੰਜ-ਸੱਤ  ਹੋਰ ਵੱਡੇ  ਸਾਰੇ ਫੱਕੜ।ਤੂੰ ਹੁਣੇ ਈ ਪਾਗਲ ਹੋਇਆ ਜਾ ਰਿਹਾ ਐਂ ਅਜੇ ਤੇ ਮੈਂ ਪੱਗ ਨੂੰ ਦਸਤਾਰ ਵੀ ਕਹਿਣਾ ਏ।

ਬੱਸ ਕਾਕੀ ਅਸੀਂ ਸਾਰੇ ਪੰਜਾਬੀ ਵੀ ਪੱਗ ਨੂੰ ਦਸਤਾਰ ਕਹਿਣ ਦੇ ਚੱਕਰ ਵਿਚ ਪੈ ਗਏ ਆਂ ਤੇ ਆਪਣੀ ਮਾਂ ਬੋਲੀ ਛੱਡ ਕੇ ਆਪਣੇ ਆਪ ਨੂੰ ਬੜਾ ਪੜ੍ਹਿਆ ਲਿਖਿਆ ਸਮਝਣ ਲੱਗ  ਗਏ  ਆਂ ਤੇ ਸਾਡੇ ਨਾਲ਼ ਵੀ ਉਹ  ਹੋ ਰਿਹਾ ਏ ਜੋ ਨੰਬਰਦਾਰ ਦੇ ਮੁੰਡੇ ਨਾਲ਼ ਬਾਦ ਵਿਚ ਹੋਇਆ  ਹੋਵੇਗਾ ।ਮੈਂ ਕਿਹਾ ਚਾਚਾ ਜੀ ਲਗਦਾ ਏ  ਕਿ  ਤੁਸੀਂ ਉਰਦੂ ਵਿਚ ਆਪਣੀ ਨਾਲਾਇਕੀ  ਦੀ ਵਜ੍ਹਾ ਤੋਂ ਨਹੀਂ  ਸਗੋਂ  ਜ਼ਬਰਦਸਤੀ ਫ਼ੇਲ੍ਹ  ਹੁੰਦੇ ਸੋ ਕਿ  ਸਾਨੂੰ ਸਾਡੀ ਮਾਂ ਬੋਲੀ ਵਿਚ  ਕਿਉਂ ਨਹੀਂ ਪੜ੍ਹਾਇਆ ਜਾ ਰਿਹਾ । ਚਾਚੇ ਨੇ ਇੰਝ ਸਿਰ ਹਿਲਾਇਆ ਜਿਵੇਂ ਵਾਕਈ  ਇਹੋ ਗੱਲ ਹੋਵੇ। (ਅੱਬਾ ਜੀ ਦੱਸ ਚੁੱਕੇ ਸਨ ਕਿ  ਉਹ ਰੱਜ ਕੇ  ਨਿਕੰਮਾ ਸੀ)। ਕਾਕੀ ਤੋਂ ਬੜੀ ਚਾਲਾਕ ਐਂ ਆਪਣੇ ਪਿਓ ਦੀ ਤਰ੍ਹਾਂ । ਫਿਰ ਇਕਦਮ ਆਪਣੇ ਮੱਥੇ  ’ਤੇ ਹੱਥ ਮਾਰ ਕੇ ਬੋਲੇ  ਕਿ ਮੈਂ ਤੇ ਆਪਣੀ ਧੀ ਨੂੰ ਗੱਲਾਂ ਵਿਚ ਈ ਲਾ ਲਿਆ । ਉਏ  ਇੱਧਰ ਆ ਮੈਂ ਤੇਰਾ ਕੰਮ ਕਰ ਦਿੱਤਾ ਏ  ਤੂੰ ਆਇਆ ਈ  ਬੜੇ ਚਿਰ ਬਾਦ ਐਂ । ਮੇਰਾ ਕਿਹੜਾ ਕੰਮ? ਅੱਬਾ ਜੀ ਨੇ ਜ਼ਰਾ ਹੈਰਾਨ ਹੋ ਕੇ ਪੁੱਛਿਆ। ਉਏ  ਮੈਂ ਤੇਰੀ ਕਬਰ ਦਾ ਪੱਥਰ ਬਣਾ ਲਿਆ ਏ  ਹੁਣ ਦਸ ਤਾਰੀਖ਼ ਕੀ ਲਿਖਣੀ ਏ ?  ਅੱਬਾ  ਜੀ ਹੱਸਣ ਲੱਗ ਪਏ  ਉਏ ਤੂੰ ਮੇਰੇ ਤੋਂ ਵੱਡਾ ਐਂ । ਤੂੰ ਮੇਰਾ ਕਲਾਸਫ਼ੈਲੋ ਸੀ  ਕਿ  ਹਰ ਕਲਾਸ ਵਿੱਚ ਤਿੰਨ ਚਾਰ ਸਾਲ ਲਾਏ ਨੀਂ । ਲੈ ਤੂੰ ਵੀ ਸੁਣ ਜ਼ਰਾ ਆਪਣੇ ਚਾਚੇ ਦੇ ਕਾਰਨਾਮੇ ,ਅੱਬਾ ਜੀ ਨੇ ਮੈਨੂੰ ਕਿਹਾ। ਜਦੋਂ ਮੈਂ ਪਹਿਲੀ ਜਮਾਤ ਵਿੱਚ ਦਾਖ਼ਲ ਹੋਇਆ ਤੇ ਤੇਰਾ ਚਾਚਾ ਉਸ ਵੇਲੇ ਚੌਥੀ ਜਮਾਤ ਵਿਚ ਸੀ ਮੈਂ ਦੂਜੀ ਵਿੱਚ ਗਿਆ ਚਾਚਾ ਚੌਥੀ ਵਿੱਚ ਸੀ, ਮੈਂ ਤੀਜੀ ਵਿੱਚ ਗਿਆ ਤੇ ਚਾਚਾ ਪੰਜਵੀਂ ਵਿਚ ਸੀ। ਮੈਂ ਚੌਥੀ ਵਿੱਚ ਗਿਆ ਚਾਚਾ ਪੰਜਵੀਂ ਵਿੱਚ ਸੀ, ਮੈਂ ਪੰਜਵੀਂ ਵਿੱਚ ਤੇ ਚਾਚਾ ਵੀ ਪੰਜਵੀਂ ਵਿੱਚ । ਮੈਂ ਛੇਵੀਂ ਵਿੱਚ ਤੇ ਚਾਚਾ ਵੀ ਛੇਵੀਂ ਵਿੱਚ ।  ਫਿਰ ਏਸ ਤੋਂ ਬਾਦ ਮੈਂ ਤਾਂ ਮੈਟ੍ਰਿਕ ਕਰ ਕੇ ਨਿਕਲ ਗਿਆ ਪਰ ਚਾਚਾ ਛੇਵੀਂ ਤੋਂ ਨਹੀਂ ਨਿਕਲਿਆ ।ਚਾਚਾ ਜੀ ਉਂਝ ਕਹਿਕਹੇ ਲਾ ਕੇ ਹੱਸੇ ਜਿਸ ਤਰ੍ਹਾਂ ਅੱਬਾ ਜੀ ਨੇ ਉਨ੍ਹਾਂ ਦਾ ਕੋਈ ਵੱਡਾ ਕਾਰਨਾਮਾ ਦੱਸਿਆ ਹੋਵੇ। ਚੱਲ ਹੁਣ ਤੂੰ ਗੱਲ ਨਾ ਬਦਲ ਤੇ ਦਸ ਤਾਰੀਖ਼ ਕੀ ਲਿਖਣੀ ਏ ਪੱਥਰ ’ਤੇ? ਔ ਫਿਰ ਉਹੀ ਗੱਲ, ਮੈਂ ਕਹਿ ਤੇ ਰਿਹਾ ਆਂ ਕਿ ਤੂੰ ਵੱਡਾ ਐਂ ਤੇਰਾ ਜ਼ਿਆਦਾ ਚਾਂਸ ਏ ਤੂੰ ਪਹਿਲੇ ਆਪਣੇ ਵਾਸਤੇ ਬਣਾ, ਅੱਬਾ ਜੀ ਬੋਲੇ। ਓ ਨਾ ਭਾਈ ਮੈਂ ਤੇ ਬੜਾ ਡਰਨਾ ਦੱਬਣ ਤੋਂ(ਕਬਰ ਵਿੱਚ ਜਾਣ ਤੋਂ)। ਮੈਂ  ਤੇ ਪਹਿਲੇ ਈ ਸਾਰੀ ਉਮਰ ਕਬਰਸਤਾਨ ਵਿਚ ਕੱਟ ਲਈ ਏ ਮੈਨੂੰ ਕੋਈ  ਸ਼ੌਕ ਨਹੀਂ ਕਬਰ ਵਿਚ ਜਾਣ ਦਾ। ਮੈਂ ਤੇ ਹਰ ਜੁਮੇ ਰਾਤ ਦਾਤਾ ਦਰਬਾਰ ਜਾ ਕੇ ਬੱਸ ਇਕੋ ਦੁਆ ਮੰਗਣਾ ਕੇ ਰੱਬਾ ਮੈਨੂੰ ਕਬਰ ਦੇ ਅਜ਼ਾਬ ਤੋਂ ਬਚਾਈਂ ਜਿਹੜਾ  ਮੌਲਵੀ ਹੋਰੀਂ ਦੇਖ ਆਏ ਨੇ ਤੇ ਸਾਨੂੰ ਵੀ ਤਰਾਹੀ ਰੱਖਦੇ ਨੇ। ਇੱਕ ਮੌਲਵੀ ਕੋਲੋਂ ਤੇ ਮੈਂ ਪੁੱਛ ਵੀ ਲਿਆ ਇੱਕ ਵਾਰੀ ਕਿ ਇਹ ਕਬਰ ਦਾ ਅਜ਼ਾਬ ਸਿਰਫ਼ ਮੌਲਵੀਆਂ ਨੂੰ ਹੋਣਾ ਏ  ਕਿ  ਸਾਡੇ ਵਰਗੇ ਆਮ ਬੰਦਿਆਂ ਨੂੰ ਵੀ ਹੋਵੇਗਾ?  ਹਿੰਦੂ ਸਿੱਖ ਤੇ ਫਿਰ ਅਕਲਮੰਦ ਹੋਏ ਨਾ ਓ ਤੇ ਬਚ  ਗਏ  ਕਬਰ ਦੇ ਅਜ਼ਾਬ ਤੋਂ। ਮੇਰੀ ਇਹ ਗੱਲ ਸੁਣ  ਕੇ ਉਹ  ਮੇਰਾ ਵੈਰੀ ਹੋ ਗਿਆ।(ਚਾਚਾ ਜੀ ਆਪਣੀ ਗੱਲਾਂ ਤੋਂ ਮੈਨੂੰ ਬੜੇ ਆਜ਼ਾਦ ਖ਼ਿਆਲ ਤੇ ਚੰਗੇ ਬੰਦੇ ਲੱਗੇ, ਜਿਨ੍ਹਾਂ ਵਿੱਚ ਇੱਕ ਸਟਰੀਟ ਵਿਜ਼ਡਮ ਸੀ)।ਨਾਲੇ ਮੇਰਾ ਨਾਂ ਗ਼ੁਲਾਮ ਮੁਹੰਮਦ ਏ ਜਿਹਦਾ ਮਤਲਬ ਏ ਮੁਹੰਮਦ ਦਾ ਗ਼ੁਲਾਮ ਮੈਨੂੰ ਨਹੀਂ ਹੋਣਾ ਕਬਰ ਦਾ ਅਜ਼ਾਬ, ਚਾਚਾ ਜੀ ਰੋਣਹਾਕੇ ਹੋ ਗਏ । ਮੈਨੂੰ ਤੇ ਇਹ ਸਮਝ  ਨਹੀਂ ਆਂਦੀ  ਕਿ  ਅਸੀਂ ਮੁਸਲਮਾਨ , ਹਿੰਦੂ, ਸਿੱਖ ਤੇ ਈਸਾਈ ਤੇ ਫੱਟ ਬਣ ਜਾਂਦੇ ਆਂ ਪਰ ਬੰਦਾ ਨਹੀਂ ਬਣਦੇ ,ਚਾਚਾ ਜੀ ਇੱਕ ਵਾਰੀ ਫਿਰ ਸਿਰ ਸੁੱਟ ਕੇ ਬਹਿ  ਗਏ । ਓ ਤੂੰ ਮੈਨੂੰ ਕਿਹੜੀਆਂ ਗੱਲਾਂ ਵਿੱਚ ਲਾ ਲਿਆ ਏ। ਚਾਚਾ ਜੀ ਨੇ ਅੱਬਾ ਜੀ ਨੂੰ ਕਿਹਾ । ਕੁਝ ਹੋਰ ਗੱਲਾਂ ਕਰਨ  ਬਾਦ ਅੱਬਾ ਜੀ ਨੇ ਇਜਾਜ਼ਤ ਲਈ ਤੇ ਚਾਚਾ ਜੀ ਨੇ ਇੱਕ ਵਾਰੀ ਫਿਰ ਮੈਨੂੰ ਕਿਹਾ  ਕਾਕੀ ਤੂੰ ਮੇਰਾ ਸਲਾਮ ਜ਼ਰੂਰ ਕਹਿਣਾ ਮੇਰੇ ਪੰਜਾਬੀ ਤੇ ਸਿੱਖ ਭੈਣ-ਭਰਾਵਾਂ ਨੂੰ ਤੇ ਉੱਠ ਕੇ ਮੇਰੇ ਸਿਰ ’ਤੇ ਹੱਥ ਫੇਰਿਆ ।ਵਾਪਸੀ ਤੇ ਮੈਂ ਅੱਬਾ ਜੀ ਨੂੰ  ਕਿਹਾ  ਕਿ ਮੈਨੂੰ ਤੇ ਚਾਚਾ ਜੀ ਬੜੇ ਚੰਗੇ ਲੱਗੇ ਨੇ ਤੇ ਮੈਂ ਇਨ੍ਹਾਂ ਬਾਰੇ ਵੀ ਇੱਕ  ਲੇਖ  ਲਿਖਾਂਗੀ। ਅੱਬਾ ਜੀ ਨੇ  ਕਿਹਾ ਅਜੇ ਤੇ ਤੈਨੂੰ  ਕੁਝ ਪਤਾ ਈ ਨਹੀਂ ਮੇਰੇ ਯਾਰ ਬਾਰੇ । ਤੂੰ ਪੁੱਛਿਆ ਸੀ ਨਾ ਕਿ ਚਾਚਾ ਜੀ ਵਿੱਚ ਕੋਈ ਚੰਗੀ ਗੱਲ ਵੀ ਏ ਤੇ ਲੈ ਹੁਣ ਮੈਂ ਤੈਨੂੰ ਦੱਸਣਾ। ਸਾਡਾ ਯਾਰ ਇੱਕ ਬਹੁਤ ਈ ਨੇਕ ਤੇ ਲੋਕਾਂ ਦੇ ਕੰਮ ਆਉਣ ਵਾਲ਼ਾ ਇਨਸਾਨ ਏ। ਹਰ ਮਹੀਨੇ ਹਸਪਤਾਲ ਜਾ ਕੇ ਖ਼ੂਨ ਦੀਆਂ ਦੋ ਬੋਤਲਾਂ ਦੇ ਕੇ ਆਉਂਦਾ ਏ  ਪਰ  ਏਸ ਵਾਰੀ ਡਾਕਟਰ ਨੇ ਮਨ੍ਹਾ ਕਰ ਦਿੱਤਾ ਸੀ  ਕਿ ਹੁਣ ਉਮਰ ਜ਼ਿਆਦਾ ਹੋ  ਗਈ  ਏ  ਤੇ ਅੱਗੋਂ ਤੂੰ  ਖ਼ੂਨ  ਨਹੀਂ  ਦੇ ਸਕਦਾ। ਇਹ  ਗੱਲ ਸੁਣ ਕੇ ਕੜੀਨਗਾ ਬੜਾ ਦੁਖੀ ਸੀ ਤੇ ਜਦੋਂ ਪਿਛਲੀ ਵਾਰੀ ਮੇਰੀ ਮੁਲਾਕਾਤ ਹੋਈ  ਤੇ ਰੌਣ ਈ ਲੱਗ ਪਿਆ  ਕਿ  ਦੱਸ ਯਾਰ  ਹੁਣ ਮੈਂ ਏਸ  ਜੋਗਾ ਵੀ ਨਹੀਂ ਰਹਿ  ਗਿਆ ਕਿ  ਕਿਸੇ ਦੀ ਜ਼ਿੰਦਗੀ ਬਚਾ ਸਕਾਂ। ਹੋਰ ਪਤਾ  ਨਹੀਂ  ਕਿੰਨੇ ਲੋਕਾਂ ਦੀ ਰੁਪੀਏ  ਪੈਸੇ  ਨਾਲ਼ ਮਦਦ ਕਰਦਾ ਏ ਤੇ  ਏਸ ਗੱਲ ਦਾ ਬਹੁਤ ਈ ਘੱਟ ਲੋਕਾਂ ਨੂੰ ਪਤਾ ਕਿ ਉਹ ਹਰ ਜੁਮੇਰਾਤ  ਦਾਤਾ  ਦਰਬਾਰ ਜਾ ਕੇ ਲੰਗਰ ਵੰਡਦਾ ਏ ਤੇ ਲੋਕਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹਿੰਦਾ ਏ। ਮੈਨੂੰ ਤੁਹਾਡਾ ਦੋਸਤ ਬਹੁਤ ਚੰਗਾ ਲੱਗਾ ਏ ਤੇ ਮੈਂ ਦੁਬਾਰਾ ਵੀ ਉਨ੍ਹਾਂ ਨੂੰ ਮਿਲਣ ਜਾਵਾਂਗੀ ਤੇ ਉਨ੍ਹਾਂ ’ਤੇ ਇੱਕ ਲੇਖ ਲਿਖਾਂਗੀ। ਪਰ ਬਦਕਿਸਮਤੀ ਨਾਲ਼ ਮੈਨੂੰ ਫਿਰ ਆ ਮੌਕਾ ਈ ਨਾ ਮਿਲ ਸਕਿਆ ।

ਚਾਚਾ ਜੀ ਨਾਲ਼ ਮੁਲਾਕਾਤ ਨੂੰ ਮਸਾਂ ਨੋਹਾਂ ਹਫ਼ਤਾ ਲੰਘਿਆ ਸੀ ਕਿ ਇੱਕ ਸ਼ਾਮ ਅਸੀਂ ਟੀ. ਵੀ. ਲਾਇਆ  ਤੇ ਬਰੇਕਿੰਗ ਨਿਊਜ਼ ਚੱਲ ਰਹੀ ਸੀ ਕਿ ਦਾਤਾ ਦਰਬਾਰ ਵਿਚ ਆਪ ਮਾਰੂ  ਧਮਾਕਾ ਹੋ ਗਿਆ ਏ ਤੇ ਬਹੁਤ ਸਾਰੇ ਲੋਕਾਂ ਦੀ ਜਾਨ ਗਈ  ਏ ਇਕਦਮ ਮੈਨੂੰ ਖ਼ਿਆਲ ਆਇਆ  ਕਿ  ਅੱਜ ਤੇ ਜੁਮੇਰਾਤ ਏ ਤੇ ਅੱਬਾ ਜੀ  ਦੱਸਿਆ ਸੀ ਕੇ ਚਾਚਾ ਜੀ ਹਰ ਜੁਮੇਰਾਤ ਨੂੰ ਦਾਤਾ ਦਰਬਾਰ ਜਾਂਦੇ ਨੇ। ਮੈਂ ਅੱਬਾ ਜੀ ਨੂੰ ਕਿਹਾ ਕਿ ਤੁਸੀਂ ਫ਼ੋਨ ਕਰ ਕੇ ਪਤਾ ਕਰੋ ਚਾਚੇ ਦਾ। ਅੱਬਾ ਜੀ ਨੇ ਫ਼ੋਨ ਕੀਤਾ ਪਰ ਰਾਬਤਾ ਨਾ ਹੋਇਆ ਫਿਰ ਚਾਚੇ ਦੇ ਪੁੱਤਰ ਨਾਲ਼ ਵੀ ਗੱਲ ਹੋਈ ਪਰ ਉਹਨੂੰ ਵੀ ਕੋਈ ਖ਼ਬਰ ਨਹੀਂ ਸੀ ਉਸ ਵੇਲੇ ਤੱਕ। ਮੈਂ ਹੈਰਾਨ ਹੋ ਰਹੀ ਸਾਂ ਕੇ ਚਾਚਾ ਜੀ ਦਾ ਪੁੱਤਰ ਤੇ ਅੱਬਾ ਜੀ ਬੜੇ ਸਕੂਨ ਨਾਲ਼ ਗੱਲ ਕਰ ਰਹੇ ਸਨ ਤੇ ਦੋਨਾਂ ਨੂੰ ਯਕੀਂ ਸੀ ਕੇ ਚਾਚਾ ਜੀ ਖ਼ੈਰੀਅਤ  ਨਾਲ਼ ਨੇ ਤੇ ਜ਼ਰੂਰ ਉੱਥੇ  ਜ਼ਖ਼ਮੀ ਹੋਣ ਵਾਲਿਆਂ ਦੀ  ਮਦਦ ਕਰ ਰਹੇ ਹੋਣਗੇ, ਖ਼ੂਨ ਦੇਣ ਟੁਰ ਪਏ ਹੋਣਗੇ ।ਉਹ ਇੱਕ ਖ਼ੁਦਾਈ ਫ਼ੌਜਦਾਰ ਸਨ ਤੇ ਕੋਈ ਭੈੜਾ ਵੇਲ਼ਾ ਆ ਜਾਵੇ ਤੇ ਕੋਈ ਨਾ ਕੋਈ ਕੰਮ ਆਪ ਈ ਆਪਣੇ ਸਿਰ ਲੈ ਲੈਂਦੇ ਸਨ ਪਰ ਜਦੋਂ ਅਗਲਾ ਦਿਨ ਵੀ ਲੰਘ ਗਿਆ ਤੇ ਚਾਚਾ ਜੀ ਦੇ ਨਾਲ਼ ਕੋਈ ਰਾਬਤਾ ਨਾ ਹੋਇਆ ਤੇ ਪ੍ਰੇਸ਼ਾਨੀ ਹੋਰ ਵੱਧ ਗਈ ਤੇ ਦੂਸਰੇ ਦਿਨ ਅੱਬਾ ਜੀ ਨੂੰ ਚਾਚਾ ਗ਼ੁਲਾਮ ਮੁਹੰਮਦ ਦੇ ਪੁੱਤਰ ਦਾ ਫ਼ੋਨ ਆਇਆ  ਤੇ ਅੱਬਾ ਜੀ ਗੱਲਾਂ ਕਰਦੇ ਕਰਦੇ ਬਾਹਰ ਵੱਲ ਟੁਰ ਪਏ ਮੈਨੂੰ  ਇੰਜ ਲੱਗਾ ਜਿਵੇਂ ਚਾਚਾ ਜੀ ਦਾ ਪਤਾ ਲੱਗ  ਗਿਆ ਏ  ਕੋਈ ਇੱਕ ਘੰਟੇ ਮਗਰੋਂ ਵਾਪਸ ਆਏ ਮੈਂ  ਪੁੱਛਿਆ ‘ ਕੋਈ ਪਤਾ ਲੱਗਾ ਚਾਚਾ ਜੀ ਦਾ ? ਕੀ ਲੱਭ ਗਏ ਨੇ ? ਅੱਬਾ ਜੀ ਬੋਲੇ, ਹਾਂ ਪੁੱਤਰ ਚਾਚਾ ਤੇਰਾ ਲੱਭ ਤੇ ਗਿਆ ਏ ਪਰ ਪੂਰਾ ਨਹੀਂ ਲੱਭਾ ।

ਕੀ ਮਤਲਬ? ਮੇਰਾ ਉੱਤੇ ਦਾ ਸਾਹ ਉੱਤੇ ਤੇ ਥੱਲੇ ਦਾ ਥੱਲੇ ਰਹਿ ਗਿਆ।
ਤੇਰੇ ਚਾਚੇ ਦੀ ਦੁਆ ਕਬੂਲ ਹੋ ਗਈ ਏ ਉਹ ਕਬਰ ਦੇ ਅਜ਼ਾਬ ਤੋਂ ਬਚ ਗਿਆ ਏ। ਅੱਜ ਹਸਪਤਾਲ ਤੋਂ ਉਹਦੀ ਇੱਕ ਲੱਤ ਲੱਭ  ਗਈ  ਏ ਤੇ ਉਹਦੇ ਪੈਰ ਦੀ ਸੱਟ ਤੋਂ ਅਸੀਂ ਉਹਨੂੰ ਪਹਿਚਾਣ ਲਿਆ ਏ ।ਹੁਣ ਭਲਾ ਖ਼ਾਲੀ ਲੱਤ ਨੂੰ ਕੀ ਅਜ਼ਾਬ ਹੋਣਾ ਏ।ਏਸ ਗੱਲ ਤੋਂ ਮਗਰੋਂ ਅਸੀਂ ਕੋਈ  ਹੋਰ ਗੱਲ ਕਰਨ ਜੋਗੇ ਰਹੇ ਈ ਨਹੀਂ  ।
ਪਰ  ਮੈਨੂੰ ਅੱਜ ਵੀ ਖ਼ਿਆਲ ਆਉਂਦਾ ਏ ਕਿ ਚਾਚਾ ਜੀ ਦੀ ਉਹ ਲੱਤ ਈ ਕਿਉਂ ਲੱਭੀ ਜਿਹਦੇ ’ਤੇ ਸੱਟ ਲੱਗੀ ਸੀ ?  ਜਿਹਦੀ ਵਜ੍ਹਾ ਤੋਂ ਉਨ੍ਹਾਂ ਦਾ ਨਾਂ ਕੜੀਨਗਾ ਪੈ ਗਿਆ ਸੀ । ਕੀ ਉਹ ਲੱਤ ਅੱਲ੍ਹਾ ਵੱਲੋਂ ਰਸੀਦ  ਸੀ ਕਿ ਕੜੀਨਗੇ ਦੀ ਦੁਆ ਕਬੂਲ ਹੋ ਗਈ  ਏ ਤੇ ਬਾਕੀ ਕੜੀਨਗਾ ਹੁਣ ਮੇਰੇ ਕੋਲ਼ ਏ।

ਚਾਚਾ ਜੀ ਤਾਂ ਆਪਣੀ ਸਾਰੀ ਹਸਰਤ ਦੇ ਹੁੰਦਿਆਂ ਸੁਣਦਿਆਂ ਆਪਣੇ ਮੂੰਹੋਂ ਸਿੱਖਾਂ ਨੂੰ ਸਲਾਮ ਨਹੀਂ ਦੇ ਸਕੇ ਪਰ ਉਨ੍ਹਾਂ ਦਾ ਇਹ ਸਲਾਮ ਮੇਰੇ ਕੋਲ਼ ਅਮਾਨਤ ਏ ਤੇ ਮੈਂ ਉਨ੍ਹਾਂ ਦਾ ਇਹ ਸਲਾਮ ਸਾਰੇ ਪੰਜਾਬੀਆਂ ਤੇ ਸਿੱਖਾਂ ਨੂੰ ਪਹੁੰਚਾ ਰਹੀ ਆਂ।

Comments

mUKHTIAR Mukhtiar Singh

Kahani Vadia hai ji , Mubark

dhanwant bath

bahot vadiya kahani hai g....

Kulwant Jassal

shuru ton akhir takk apne nal banni rakhan wali Zarnigar Saeed nu slam..bahut khub

punjab vich 10 saal atvaad da joor riha. bhut hi chache kadinaga varge look bedoshe mare gae. par ik vi khani is khani de meech di nahi shapi. bhut hi khubsoorat khani hai. is nu khani tan koi keh hi nahi sakda. eh ik birtant hai atvaad di bhathi vich julsan vale beksoor lokan da. pakstan vich data de darbaar vich hoi bomb dhamake nu adhar bana ke likhi eh kahni punjabi khani vich sehej kahani kehan da . ji aia nu punjabi sahit nu ameer karn vali eh kahani. mubark

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ