Fri, 19 April 2024
Your Visitor Number :-   6983972
SuhisaverSuhisaver Suhisaver

ਗੰਡਾਸਾ... ਉਰਫ਼ ਗੰਢਾ ਸਿੰਘ - ਕਰਮਜੀਤ ਸਕਰੁੱਲਾਂਪੁਰੀ

Posted on:- 24-04-2016

...ਅੱਜ  ਜਦੋਂ ਘੜੂੰਏਂ ਤੋਂ ਪਿੰਡ ਨੂੰ ਮੁੜਿਆ ਤਾਂ ਅੱਗੇ ਗੰਡਾਸਾ ਤਾਇਆ ਪੰਦਰਾਂ ਸਾਲਾਂ ਬਾਅਦ ਨਵੀਂ- ਨਵੀਂ  ਬਣੀ ਸੜਕ 'ਤੇ ਤੁਰਿਆ ਜਾ ਰਿਹਾ ਸੀ !  ਬਾਣਾ ਉਹਦਾ ਓਹੀ, ਚਿੱਟਾ ਕੁੜਤਾ -ਪਜਾਮਾ , 'ਕਾਲੀਆਂ ਵਾਲ਼ੀ ਨੀਲੀ ਪੱਗ ਤੇ ਮੋਢੇ ਉਤੇ ਪਰਨਾ ! ਤਾਏ ਦੀ ਤਿੱਲੇਦਾਰ ਜੁੱਤੀ ਉਹਦੀ ਤੋਰ ਦੀ ਮੜਕ ਨੂੰ ਹੋਰ ਵੀ ਨਿਖ਼ਾਰ  ਰਹੀ ਸੀ! ਮੈਂ ਕੋਲ ਜਾਕੇ ਬਰੇਕ ਲਾਏ!

ਗੱਡੀ ਦੀ ਬਾਰੀ ਖੋਲ੍ਹ ਕੇ   "ਆ... ਜਾ ..! ਤਾਇਆ ..." ਕਿਹਾ!

"ਓ..... ਬੱਲੇ ਉਏ ..'ਲਖਾਰੀਆ! " ਮੈਨੂੰ ਪਛਾਣਦਿਆਂ ਹੀ ਤਾਏ ਦੇ ਮੂੰਹੋਂ  ਆਪ -ਮੁਹਾਰੇ ਨਿਕਲਿਆ ! ਸੀਟ ਤੇ ਬੈਠਦੀ ਸਾਰ ਤਾਏ ਨੇ ਮੋਢੇ 'ਤੇ ਰੱਖੇ ਬਰੀਕ ਡੱਬੀਦਾਰ ਪਰਨੇ ਨਾਲ਼ ਪਸੀਨਾ ਪੂਝਦਿਆਂ ਕਿਹਾ , " ਆਹ ਮਾੜੀ ਜ੍ਹੀ ਠੰਢੀ  'ਵਾ  ਰੋਕ ਪਹਿਲਾਂ ! 'ਬਮਾਰ ਕਰਦੂ ਸਹੁਰੀ!  ਤੁਰਨੇ  ਨਾਲ਼ ਇਕ ਤਾਂ ਪਿੰਡਾ ਗਰਮ ਹੋਇਆ ਪਿਐ ਤੇ ੳੋਪਰੋਂ  ਆਹ, ਕਾਉਂ ਅੱਖ ਕੱਢਮੀਂ ਧੁੱਪ ਐ!  "

ਮੈਂ ਏ.ਸੀ.ਬੰਦ ਕਰਕੇ ਸ਼ੀਸ਼ੇ ਖੋਲ੍ਹ ਦਿੱਤੇ!
          " ਹੋਰ ਸੁਣਾ ਤਾਇਆ? " ਮੈਂ ਪੁਛਦਿਆਂ ਗੱਡੀ ਤੋਰ ਲਈ!
      " ਹਾਲ ਤਾਂ ਸਾਊ ਆਪਣਾ ਪਹਿਲੀ ਘੜੀ ਤੋਂ ਹੀ ਨੌਂ ਬਰ ਨੌਂ ਰਹਿੰਦੈ.........ਤੈਂ ਪਛਾਣ ਲਿਆ ਸੀ ਮੈਨੂੰ? "

  "..ਲੈ ਤਾਇਆ .... ਪਿੰਡ ਦੇ  ਬੰਦੇ ਨੂੰ ਜੇ ਮੂੰਹ ਦੇਖਕੇ ਪਛਾਣਿਆਂ ਤਾਂ ਕਿਆ ਪਛਾਣਿਆ ?  "
        "ਹਾਂ ..ਗੱਲ ਤਾਂ ਸੋਲ਼ਾਂ ਆਨੇ ਸਹੀ ਐ ਤੇਰੀ...!! ਗਰਾਈਂ ਨੂੰ ਤਾਂ ਤੋਰ ਦੇਖਕੇ ਈ ਪਛਾਣ ਲੈਣਾ ਚਾਹੀਦੈ ." ਤਾਏ ਨੇ ਮਲਕੜੇ ਜਹੇ ਕਿਹਾ!

         "ਕਿੱਧਰ ਘੁੰਮ ਆਇਐਂ ਅੱਜ ਤਾਇਆ ? " ਮੈਂ ਬੜਾ ਗੇਅਰ ਬਦਲਦਿਆਂ ਫ਼ੇਰ ਪੁੱਛਿਆ!
           "ਸਹੁਰੇ ਗੇੜਾ ਮਾਰਕੇ ਆਇਐਂ ..." ਤਾਏ ਦਾ ਜਵਾਬ ਹਾਜ਼ਰ ਸੀ!
           "ਤਾਹੀਂ ਪੂਰੀਆਂ ਟੌਹਰਾਂ ਖਿੱਚੀਆਂ ਹੋਈਐਂ ....." ਮੈਂ  ਹੱਸ ਕੇ ਅੱਗੇ ਜੋੜਤਾ..!
     ਤਾਏ ਨੇ ਮੇਰੀ ਗੱਲ ਸੁਣਕੇ ਆਪਣੀ ਬੱਗੀ -ਬੱਗੀ ਦਾਹੜੀ 'ਤੇ ਬੜੇ ਠਰੰਮੇ ਨਾਲ਼  ਹੱਥ ਫ਼ੇਰਿਆ ! ਫ਼ੇਰ ਗਲ਼ਾ ਜਿਹਾ ਸਾਫ਼ ਕਰਕੇ ਕੁੱਝ ਰੁਕ ਕੇ ਬੋਲਿਆ ...

      "ਟੋਹਰਾਂ ਤਾਂ 'ਲਖਾਰੀਆ... ਜੁਆਨੀ ਪਹਿਰੇ ਤੋਂ ਈ ਐਦੈਂ  !"
ਮੇਰੇ ਹਾਣਦੇ ਸਾਰੇ ਬੁੜ੍ਹੇ ਹੋਏ ਬੈਠੇ ਆ ਮੰਜਿਆਂ 'ਤੇ ,  ਗੋਡੇ ਦੁਖਦੇ ਆ ਸਭ ਦੇ !   ਮੈਂ ਤਾਂ ਸੂੁਰਜ ਚੜ੍ਨ ਤੋਂ ਪਹਿਲਾਂ -ਪਹਿਲਾਂ   ਕੱਖ -ਕੰਡਾ ਲੈ ਆਉਨੈਂ ...ਅੱਜ ਵੀ ! ."

         ਸੱਤਰਾਂ ਤੋਂ ਟੱਪੇ ਤਾਏ ਦੇ ਬੁਢਾਪਾ ਤਾਂ ਅਜੇ ਵੀ   ਨੇੜੇ -ਤੇੜੇ ਵੀ ਨੀ ਦਿਸ  ਰਿਹਾ ਸੀ!  ਉਹਦੇ 'ਕਹਿਰੇ ਜਿਹੇ  ਸਰੀਰ ਵਿਚ  ਫ਼ੁਰਤੀ ਤਾਂ ਜਿਵੇਂ ਪੀਲ੍ਹ - ਪਲ਼ਾਂਘੜਾ ਪਾਉਦੀ ਐ! ਚਰ੍ਹੀ ਦਾ ਦਰਮਿਆਨਾ ਜਿਹਾ ਭਾਰ ਕਈ ਵਾਰ ਉਹ ਖੇਤ ਤੋਂ ਸਿਰ 'ਤੇ ਹੀ ਲੈ ਆੳਂਦੈ!

            ਖੁੱਲ੍ਹੇ ਸ਼ੀਸ਼ਿਆਂ ਵਿੱਚਦੀਂ ਸਾੳਣ ਦੇ ਮਹੀਨੇ ਦੀ ਸਲ੍ਹਾਬੀ -ਸਲ੍ਹਾਬੀ ਰੁਮਕਦੀ ਪੌਣ ਨਾਲ ਤਾਏ ਦਾ ਪਸੀਨਾ ਤਾਂ ਸੁਕ ਰਿਹਾ ਸੀ  ..ਪਰ ਊਂ ਗਰਮੀ ਜਹੀ  ਮਹਿਸੂਸ ਹੋ ਰਹੀ ਸੀ!
         ਅੱਗੇ ਰੇਲਵੇ ਫ਼ਾਟਕ ਬੰਦ ਹੋਣ ਕਰਕੇ ਮੈਂ ਫ਼ਾਟਕਾਂ ਤੋਂ ਖ਼ਾਸੀ ਉਰਾਂ ਹੀ ਇੱਕ  ਰੁੱਖ ਦੀ  ਓਟ ਵਿੱਚ  ਗੱਡੀ ਰੋਕ  ਲਈ!  ਹੁੰਮਸ ਬਹੁਤੀ ਸੀ! ਸਾੳੇਣ ਦੇ ਮਹੀਨੇ ਵਿੱਚ ਜਿੰਨਾ ਮਰਜ਼ੀ ਮੀਂਹ ਪੈ ਜਾਵੇ .. ਜੇ ਹਵਾ ਨਾ ਚੱਲੇ ਤਾਂ ਸਾਹ ਲੈਣਾ ਔਖਾ ਹੋ ਜਾਂਦੈ ! ਉਪਰ ਬੱਦਲਵਾਈ ਗੂੜ੍ਹੀ ਹੁੰਦੀ ਜਾ ਰਹੀ ਸੀ  !   ਹਲਕਾ  -ਹਲਕਾ ਮੁੜ੍ਹਕਾ ਹਟਾਉਣ ਲਈ ਮੈਂ ਰੁਮਾਲ ਨਾਲ ਆਪਣਾ ਮੱਥਾ ਪੂੰਝਿਆ !

        " ਲਾ ....ਲੈ , ਫ਼ੇਰ ਏ. ਸੀ. ... ਊ. ਸੀ. ਜੇ ਬਹੁਤੀ ਗਰਮੀ ਲੱਗਦੀ ਆ.. ਪਰ ਹੈ ਇਹਦੀ ਹਵਾ ਮਾੜੀ..   " ਤਾਏ ਨੇ ਕਿਹਾ !
         ਮੈਂ ਸ਼ੀਸ਼ੇ ਬੰਦ ਕਰਕੇ ਏ.ਸੀ. ਲਾ  ਲਿਆ!

     -"ਹੁਣ ਆਹ ਫ਼ਾਟਕ ਵੀ ਜ਼ਿਆਦਾ ਈ ਤੰਗ ਕਰਨ  ਲੱਗ ਗਿਐ ,  ਤਾਇਆ!"
         "ਲਿਆ ਸੁਣਾ ਕੋਈ ਆਪਣਾ ਰਕਾਟ "
          ਮੇਰੀ ਫ਼ਾਟਕ ਵਾਲ਼ੀ ਗੱਲ ਤੇ ਤਾਏ ਨੇ ਕੋਈ ਬਹੁਤਾ ਧਿਆਨ ਨੀ ਦਿੱਤਾ!
ਮੈਂ ਤਾਏ ਦੀ ਮੰਗ ਪੂਰੀ ਕਰਦਿਆਂ ਮਿਊਜ਼ਿਕ ਸਿਸਟਮ 'ਚ ਆਪਣਾ ਨਵਾਂ ਆਇਆ ਗੀਤ ਲਾ ਦਿੱਤਾ !    

......
"ਨਾਨਕ ਤੇਰੀ ਧਰਤੀ 'ਤੇ ਕੁੜੀਆਂ ਨੂੰ ਮੁਕਾਇਆ ਜਾਂਦੈ ...
ਉਂਝ ਸ਼ਾਮ  -ਸਵੇਰੇ ਤੇਰੀ ਬਾਣੀ ਨੂੰ ਗਾਇਆ ਜਾਂਦੈ ..... "

          ਤਾਇਆ ਗੀਤ ਨੂੰ ਮੰਤਰ. - ਮੁਗਧ ਹੋਕੇ  ਸੁਣਨ ਲੱਗ ਗਿਆ!
ਉੱਧਰ ਰੇਲਗੱਡੀ ਲੰਘਣ ਨਾਲ਼ ਫ਼ਾਟਕ ਖੁੱਲ੍ਹ ਗਿਆ ਸੀ !
         ਅਸਲ 'ਚ ਤਾਇਆ ਤਾਂ ਵਿਆਹਿਆ ਹੀ ਨਹੀਂ ਹੋਇਆ!  ਜਵਾਨੀ ਵੇਲੇ  ਕਬੱਡੀ ਦਾ ਨਾਮੀਂ -ਗਰਾਮੀ  ਖਿਡਾਰੀ ਰਿਹੈ!  ਹੁਣ ਜਿਥੇ ਕਿਤੇ ਨੇੜੇ - ਤੇੜੇ  ਕਬੱਡੀ ਟੂਰਨਾਮੈਂਟ ਹੁੰਦੈ ਤਾਇਆ ਉੱਥੇ  ਜਰੂਰ ਜਾਂਦੈ!  ਪ੍ਬੰਧਕ ਵੀ ਤਾਏ ਦੀ ਪੂਰੀ ਆਉਭਗਤ ਕਰਦੇ ਹਨ ! ਤਾਇਆ ਟੂਰਨਾਮੈਂਟ ਨੂੰ ਹੀ ਅਪਣੇ ਸਹੁਰੇ ਦੱਸਦੈ,  ਕਬੱਡੀ ਨੂੰ ਆਪਣੇ ਦਿਲ ਦੀ ਰਾਣੀ ਤੇ ਸਾਡੀ "ਤਾਈ" ਬਣਾ ਦਿੰਦੈ! ਏਸੇ ਕਰਕੇ ਟੂਰਨਾਮੈਂਟ ਨੂੰ ਜਾਣ ਵੇਲੇ ਤਾਇਆ ਸਾਹੁਰਿਆਂ ਦੇ ਜਾਣ ਵਾਂਗ ਪੂਰੀ ਟੌਹਰ ਕੱਢਕੇ ਜਾਂਦੈ!
           ..  ਤਾਇਆ ਜਦੋਂ ਇਹ ਸਾਰਾ ਕੁੱਝ ਮਜ਼ਾਕੀਆ ਲਹਿਜੇ ਵਿੱਚ ਦੱਸਦਾ ਹੁੰਦੈ, ਤਾਂ ... ਅਸਲ ਚ ਉਹ ਉਦੋਂ ਆਪਣੇ ਛੜੇ ਰਹਿ ਜਾਣ ਦੇ ਧੁਰ ਅੰਦਰ ਤੱਕ ਫੈਲੇ ਦਰਦ ਨੂੰ ਪ੍ਰਗਟ ਕਰਦਾ ਹੁੰਦੈ !  ਇਹ ਤਾਂ ਉਮਰਾਂ ਦਾ ਦੁੱਖ ਐ!  ਬੰਦੇ 'ਚ ਕੋਈ ਕਜ ਹੋਵੇ ਤਾਂ ਛੜੇ ਦੀ ਜੂਨ ਵੀ ਕੱਟੀ ਜਾਂਦੀ ਐ ਪਰ .. ਜੇ ਕੋਈ ਨੁਕਸ ਈ ਨਾ ਹੋਵੇ ਤਾਂ ... ਚਿੱਤ ਨੂੰ ਹਮੇਸ਼ਾਂ  ਹੇਰਵਾਂ ਜਿਹਾ ਲੱਗਿਆ  ਰਹਿੰਦੈ !  ਰੱਜਕੇ ਜਿਉਣ ਵਾਲਿਆਂ ਦੀਆਂ ਰੀਝਾਂ ਕਿਥੇ ਛੇਤੀ  ਮਰਦੀਐਂ ???

          ਅਖ਼ਬਾਰਾਂ  'ਚ ਮੇਰੇ ਲੇਖ, ਗੀਤ ਜਾਂ ਕਵਿਤਾਵਾਂ  ਪੜ੍ਨ ਕਰਕੇ ਤਾਇਆ ਮੈਨੂੰ ਆਪਣੇ ਹੀ ਲਹਿਜ਼ੇ ਵਿੱਚ 'ਲਖਾਰੀ ਸੱਦਦਾ ਹੈ! ਪਿੰਡ ਦੇ ਨੇੜੇ ਪੁਜਦਿਆਂ ਗੀਤ  ਖ਼ਤਮ ਹੋ ਗਿਆ! ਚੋਈ ਵਾਲਾ ਪੁਲ਼ ਪਾਰ ਕਰਕੇ ਤਾਏ ਨੇ  ਕਿਹਾ "ਮੈਨੂੰ ਤਾਂ ਆਹ ਚੱਕੀ ਕੋਲ਼ ਈ 'ਤਾਰ ਦਈਂ ...."
              ਚੱਕੀ ਦੀ ਖੁੰਢ ਚਰਚਾ 'ਚ ਸ਼ਾਮਲ ਹੋਣ ਲਈ ਉਤਰਦਿਆਂ ਤਾਇਆ  ਫ਼ੇਰ  ਬੋਲਿਆ,  "ਆਹ ਤੇਰਾ ਗੀਤ ਹੈ ਬਹਤ ਵਧੀਆ,  ..ਸਾਰੇ ਬੋਲ ਗੰਡਾਸਿਆਂ ਵਰਗੇ ਐ  ਐਹਦੇ ....! "
      ਗੀਤ ਦੀ ਤਾਰੀਫ਼ ਤਾਂ ਬਹੁਤ ਜਣਿਆਂ ਨੇ ਕੀਤੀ !  ਅਖੇ : 'ਬਹੁਤ ਵਧੀਆ ਗੀਤ'    'nice song bro '  ' beautiful words', 'ਸਮੇਂ ਦੀ ਲੋੜ ਦਾ ਗੀਤ,' ਤੇ ਕਿਸੇ - ਕਿਸੇ ਨੇ 'ਕਮਾਲ ' ਵੀ ਕਿਹਾ !  ਇਹ ਸਾਰੀਆਂ ਸਿਫ਼ਤਾਂ ਮੈੰਨੂ ਹੁਣ ਤੱਕ  ਇਉਂ ਲਗਦੀਆਂ ਰਹੀਆਂ ਜਿਵੇਂ ਰਟੀਆਂ- ਰਟਾਈਆਂ  ਦਿਮਾਗਾਂ ਦੀਆਂ ਘੁੰਮਣਘੇਰੀਆਂ 'ਚੋਂ  ਨਿਕਲੀਆਂ ਹੋਣ  | ਪਰ ਤਾਏ ਵਲੋਂ ਕੀਤੀ ਸਿਫ਼ਤ ਕਿ  'ਸਾਰੇ ਬੋਲ ਗੰਡਾਸਿਆਂ  ਅਰਗੇ ਆ' ਮੈਨੂੰ ਸਿੱਧੀ ਦਿਲ ਤੋਂ ਨਿਕਲੀ ਲੱਗੀ! ਕਿਉਂਕਿ ਜਦੋਂ ਮੈਂ ਇਹ ਗੀਤ ਲਿਖ ਰਿਹਾ ਸੀ ਤਾਂ ਗੀਤ ਲਿਖਣ ਵੇਲ਼ੇ ਮੇਰੀ  ਭਾਵਨਾ ਵੀ ਏਹੀ ਸੀ, ਗੰਡਾਸੇ ਵਰਗੀ! ਬਹੁਤ ਗੱਸਾ ਸੀ ਮਨ ਵਿਚ!

          ਖ਼ੇਰ  .!... ਗੱਲ ਤਾਂ ਤਾਏ ਦੀ ਚਲਦੀ ਸੀ ! ਪਰ ਤਾਏ ਵਲੋਂ ਵਰਤਿਆ ਗਿਆ ਸ਼ਬਦ " ਗੰਡਾਸਾ "ਮੈਨੂੰ ਕਈ ਸਾਲ ਪਿਛਾਂਹ ਲੈ ਗਿਆ!
ਮੈਨੂੰ ਧੁੰਦਲ਼ਾ  ਜਿਹਾ ਯਾਦ ਆਉਂਦੈ ...

           ਮੈਂ  ਸ਼ਾਇਦ ਅੱਠਵੀਂ 'ਚ ਪੜ੍ਹਦਾ ਸੀ ! ਪਿੰਡ ਵਾਲੇ ਬੜੇ ਸਕੂਲ ਵਿੱਚ ਹੀ!   ਉਦੋਂ ਇਹ ਹਾਈ ਸਕੂਲ ਹੁੰਦਾ ਸੀ  ! ਅੱਧੀ ਛੁੱਟੀ ਨੂੰ ਘਰੋਂ ਰੋਟੀ ਖਾ ਕੇ,  ਮੈਂ ਗੰਨਾ ਚੂਪਦਾ ਸਕੂਲ ਨੂੰ  ਜਾ ਰਿਹਾ ਸੀ!
      ਪਿੱਛੋਂ ਦੋ ਸਕੂਟਰ ਸਵਾਰਾਂ ਨੇ ਮੈਨੂੰ ਰੋਕ ਕੇ ਪੁੱਛਿਆ ਸੀ ," ਓ, ਮੁੰਡਿਆਂ !  ਗੰਢਾ ਸਿੰਘ ਦਾ ਘਰ ਕਿਹੜੈ?  "
     ' ਪਤਾ ਨੀ ਬਾਈ ' ਮੇਰਾ ਰੁੱਖਾ ਜਿਹਾ ਜਵਾਬ ਸੀ!  ਉਦੋਂ ਸ਼ਾਇਦ 'ਅੰਕਲ ਜੀ 'ਕਹਿਣ ਦਾ ਰਿਵਾਜ਼ ਨਹੀਂ ਹੋਣਾ!

         ਮੈਂ ਤਾਂ ਇਹ ਨਾਉਂ ਵੀ  ਪਹਿਲੀ ਵਾਰੀ ਸੁਣਿਆ ਸੀ !  ਘਰ ਦਾ ਕਿਥੇ ਪਤਾ ਹੋਣਾ ਸੀ! ਪਰ ਉਦੋਂ ਕਾਲ਼ੀਆਂ ਲੋਈਆਂ ਵਾਲਿਆਂ ਦੀ ਪੂਰੀ ਦਹਿਸ਼ਤ ਹੋਇਆ ਕਰਦੀ ਸੀ ! ਇਹ  ਘਟਨਾ ਮੈਂ ਕਦੋਂ ਵਿਸਰ ਗਿਆ,  ਮੇਰੇ ਹੁਣ ਯਾਦ ਨਹੀਂ ! ਸਾਲਾਂ ਦੀਆਂ ਕਈ ਪਰਤਾਂ ਵੀ ਚੜ੍ਹ ਗਈਆਂ ਹਨ ਹੁਣ ਇਸ 'ਤੇ!
        ਫ਼ੇਰ ਮੈਂ ਦਸਵੀਂ ਕਰਕੇ ਮੋਹਾਲੀ ਦੇ ਸਰਕਾਰੀ ਕਾਲਜ ਵਿੱਚ ਦਾਖਲਾ ਲੈ ਲਿਆ!  'ਜਨਤਾ ਬਸ 'ਲੱਗੀ ਹੁੰਦੀ ਸੀ  ਉਦੋਂ, ਨੀਲੇ ਰੰਗ ਦੀ ! ਇਹ ਬਸ ਖਰੜ  ਤੋਂ ਸਾਡੇ ਪਿੰਡ ਨੂੰ ਹੁੰਦੀ ਹੋਈ ਬਸੀ ਪਠਾਣਾਂ ਤੱਕ ਜਾਂਦੀ  ਸੀ! ਸਾਰੇ ਪੜ੍ਹਾਕੂ ਲਗਭਗ ਇਸੇ ਬਸ 'ਚ ਜਾਂਦੇ  ਸੀ  ! ਰੰਧਾਵਾ ਰੋਡ ਵਾਲੇ ਬਸ ਅੱਡੇ ਤੋਂ ਆਰੀਆਂ ਕਾਲਜ ਦੀਆਂ ਕੁੜੀਆਂ ਵੀ ਚੜ੍ਹਦੀਆਂ ਹੁੰਦੀਆਂ ਸਨ, ਚੀਂ -ਚੀਂ ਕਰਦੀਆਂ  !

              ਮੈਂ ਬਿਨਾਂ ਫੇਲ੍ਹ ਹੋਇਆਂ  ਬੀ.ਏ. 'ਚ ਪਹੁੰਚ ਗਿਆ ਸੀ ! ਇੱਕ ਦਿਨ ਦੁਪਹਿਰ ਵਾਲ਼ੇ ਗੇੜੇ  'ਚ ਮੈਂ ਉਸੀ ਬਸ 'ਚ  ਕਾਲਜ ਤੋਂ ਵਾਪਸ ਆਉਣਾ ਸੀ ! ਭਾਦੋਂ ਦਾ ਪਿਛਲਾ ਪੱਖ ਸੀ ਸ਼ਾਇਦ  !  ਭੀੜ ਹੁੰਦੀ ਹੀ ਸੀ ਬਸ 'ਚ! ਗੋਦੀਆਂ 'ਚ ਚੁਕੇ ਨਿਆਣੇ ਰੋ ਰਹੇ ਸਨ!  ਕਈ ਜ਼ਨਾਨੀਆਂ  ਆਪਣੀਆਂ  ਚੁੰਨੀਆਂ ਨਾਲ਼ ਹੀ ਹਵਾ ਝੱਲ ਰਹੀਆਂ ਸਨ! ਉਦੋਂ ਕਿਹੜਾ ਅੱਜ ਵਾਂਗੂੰ ਜਣੇ -ਖਣੇ ਕੋਲ ਮੋਟਰਸਾਇਕਲ, ਸਕੂਟਰ ਹੁੰਦਾ ਸੀ ! ਬਹੁਤੇ ਲੋਕ ਬਸ 'ਚ ਹੀ ਆਉਣ ਜਾਣ ਕਰਦੇ ਸਨ !  ਬਸ ਦੀ ਮੂਹਰਲੀ ਬਾਰੀ ਰਾਹੀਂ ਰੰਧਾਵਾ ਰੋਡ ਤੋਂ ਕਾਲਜ ਦੀਆਂ ਕੁੜੀਆਂ ਚੜ੍ਹੀਆਂ !  ਕੰਡਕਟਰ ਦੀ ਲੰਬੀ ਸੀਟੀ ਨਾਲ਼ ਹੀ  ਡਰਾਇਵਰ ਨੇ ਸ਼ੀਸ਼ੇ ਵਿਚਦੀਂ ਦੇਖਕੇ ਮੁੱਛਾਂ ਮਰੋੜ ਕੇ ਬਸ ਤੋਰ ਲਈ !  ਕੰਡਕਟਰ ਟਿਕਟਾਂ ਕੱਟਦਾ ਆ- ਜਾ ਰਿਹਾ ਸੀ! ਬਸ ਤੁਰਨ ਨਾਲ਼ ਸਵਾਰੀਆਂ ਨੂੰ ਹਵਾ ਲੱਗਣ ਲੱਗੀ! ਦਸ ਮਿੰਟਾਂ 'ਚ ਪੀਰ ਸੁਹਾਣੇ ਪਿੰਡ ਪੁਹੰਚ ਗਏ! ਸਵਾਰੀਆਂ ਉਤਰਨ ਨਾਲ਼ ਬਸ ਨੂੰ ਸਾਹ ਆਇਆ!

                
           "  ਕਿੱਧਰ ਘੁੰਮ ਅਇਆ, ਬਾਈ ਗੰਢਾ ਸਿਹਾਂ ?  ਪੁਛਣ ਵਾਲਾ ਲਾਗਲੇ ਪਿੰਡ  ਬਜਹੇੜੀ ਦਾ ਸੀ !  ਨਾੳਂ ਤਾਂ ਮੈਨੂੰ ਉਹਦਾ ਪਤਾ ਨੀ ਸੀ,  ਪਰ ਐਨਾ ਪੱਕਾ ਪਤਾ  ਸੀ ਕਿ ਇਹਦੀ ਦੁਧ ਦੀ ਡੇਅਰੀ ਐ!  ਉਹਦੀ ਅਵਾਜ਼ ਤੋਂ ਇਹ ਵੀ ਪਤਾ ਲੱਗ ਰਿਹਾ ਸੀ ਕਿ ਬੰਦਾ 'ਫ਼ੀਮ ਖਾਂਦਾ ਹੋਊ! " ਗੰਢਾ ਸਿੰਘ" ਨਾਉਂ ਸੁਣਕੇ ਮੈਂ ਪਿਛਾਂਹ ਦੇਖਿਆ !  ਮੇਰੇ ਦਿਮਾਗ 'ਚ ਓਹੀ ਸਕੂਟਰ ਵਾਲਿਆਂ ਵੱਲੋਂ ਕੀਤੀ  'ਪੁੱਛ ਪੜਤਾਲ' ਘੁੰਮਣ ਲੱਗੀ !
"  ਅੱਛਿਆ !!!..ਇਹ ਹੈ ਗੰਢਾ ਸਿੰਘ, ਪਰ ਪਿੰਡ 'ਚ ਤਾਂ ਇਹਨੂੰ ਸਾਰੇ "ਗੰਡਾਸਾ ਤਾਇਆ "ਕਹਿੰਦੇ ਐ!???? "
           "  ਸਹੁਰੇ ਗਿਆ ਸੀ  " ਮੈਨੂੰ ਤਾਏ ਦੇ ਮੂੰਹੋਂ ਐਨਾ ਕੁ ਹੀ ਸੁਣਿਆਂ ਸੀ !

              ਉਦੋਂ ਤਾਏ ਦੀ ਦਾੜ੍ਹੀ ਬੱਗੀ ਨਹੀਂ ਸੀ ਹੋਈ! ਥੋੜ੍ਹੇ ਜਿਹੇ ਵਾਲ਼  ਧੌਲ਼ੇ ਸਨ! ਉਹ ਬੰਦਾ ਤੇ ਤਾਇਆ ਗੱਲਾਂ ਕਰਦੇ ਰਹੇ , ਪਰ  ਬਸ ਦੇ ਖੜਾਕੇ 'ਚ ਮੈਨੂੰ ਸੁਣੀਆਂ ਨਹੀ  ! ਬਜਹੇੜੀ ਪਿੰਡ ਆੳਣ ਸਾਰ  ਉਹ ਬੰਦਾ ਉਤਰ ਗਿਆ! ਦੋ ਕੁ  ਕਿਲੋਮੀਟਰ ਮਗਰੋਂ ਅਗਲਾ ਪਿੰਡ ਸਾਡਾ ਆੳਣਾ ਸੀ ! ਅੰਬਾਂ ਵਾਲੇ ਮੋੜ ਤੋਂ ਹੀ ਸਵਾਰੀਆਂ ਹਮੇਸ਼ਾਂ ਵਾਂਗ  ਉਠ ਗਈਆਂ ! ਅੱਡਾ ਆਉਣ ਤੇ  ਤਾਇਆ ਪਿਛਲ਼ੀ ਬਾਰੀ ਚੋਂ ਉਤਰ ਗਿਆ !  ਮੈਂ ਤੀਸਰੇ ਅੱਡੇ, ਹਾਈ ਸਕੂਲ ਕੋਲ਼ ਉਤਰਦਾ ਹੁੰਦਾ ਸੀ  !
              ਇੱਕ ਦਿਨ ਸੰਝਾਂ ਨੂੰ ਤਾਇਆ ਸਾਡੇ ਘਰ ਆ ਗਿਆ! ਉਹਦੇ ਹੱਥ 'ਚ ਅਖ਼ਬਾਰ ਸੀ  ! ਮੈਂ ਮੰਜਾ ਡਾਹਿਆ ! ਤਾਏ ਨੇ ਅਖ਼ਬਾਰ ਖੋਲ੍ਹਦਿਆਂ ਪੁੁਛਿਆ " ਆਹ ! ਤੈਂ ਲਿਖਿਐ ਬਈ..? "
            "-  ਹਾਂ... ਤਾਏ    " ਮੇਰਾ ਜੁਆਬ ਸੀ !!
           "  ਵਧੀਆ ਲਿਖਦੈਂ ....ਛੱਡੀਂ ਨਾ,  ਲਿਖਦਾ ਰਹੀਂ ..."

        ਤਾਏ ਵੱਲੋਂ ਮਿਲੀ  ਇਹ ਸਿਫ਼ਤ ਮੈਨੂੰ ਦੇਸੀ ਘਿਉ ਵਾਂਗ ਲੱਗੀ ! ਹੋਰ ਵੀ ਗੱਲਾਂ ਹੋਈਆਂ !  ਆਪਣੇ ਪੜ੍ਹਨ ਦੇ ਸ਼ੌਂਕ ਬਾਰੇ ਵੀ ਦੱਸਿਆ ਤਾਏ ਨੇ! ਇਹ ਵੀ ਦਸਿਆ ਕਿ ਉਹ ਕਈ ਸਾਲ ਕਲਕੱਤੇ ਵੀ ਲਾ ਆਇਐ ! ਮੇਰੇ ਮਨ 'ਚ ਸੀ ਕਿ ਤਾਇਆ ਆਪਣੇ ਬਾਰੇ ਹੋਰ ਵੀ ਦੱਸੇ  ! ਬੜਾ ਦਿਲਚਸਪ ਸਲੀਕਾ ਸੀ ਉਹਦਾ  !  ਚਾਹ ਦਾ ਘੁੱਟ ਭਰਦਾ -ਭਰਦਾ ਉਹ ਹੋਰ ਵੀ ਬਹੁਤ ਕੁਝ ਦੱਸ ਰਿਹਾ ਸੀ ....!ਉਹਨੇ ਆਪਣੇ ਕਿਤਾਬਾਂ  ਪੜ੍ਹਨ ਦੇ ਸ਼ੌਂਕ ਬਾਰੇ ਵੀ ਦੱਸਿਆ!  ਮੈਂ ਤਾਏ ਨੂੰ ਪੜ੍ਹਨ ਵਾਸਤੇ ਕਿਤਾਬਾਂ ਕਾਲਜ ਲਾਇਬਰੇਰੀ ਤੋਂ ਲਿਆਕੇ ਦੇਣ ਦੀ ਗੱਲ ਕਰ ਲਈ  !
      ਫ਼ੇਰ ਕਿਤਾਬਾਂ ਦੇਣ -ਲੈਣ ਨਾਲ਼ ਤਾਏ ਕੋਲ਼ ਆੳਣਾ ਜਾਣਾ ਹੋ ਗਿਆ! ਜਦੋਂ ਵੀ ਤਾਏ ਕੋਲ ਜਾਂਦਾ ਤਾਇਆ " ਆ ਬਈ 'ਲਖਾਰੀਆ " ਹੀ ਕਹਿੰਦਾ!  'ਲਿਖਾਰੀ ਸੰਬੋਧਨ " ਸੁਣਕੇ ਮੈਂ ਅੰਦਰੋਂ ਖ਼ੁਸ਼ ਵੀ ਹੁੰਦਾ ਸੀ ਸ਼ਾਇਦ ਉਦੋਂ  !  

   ਤਾਇਆ ਝੱਟ ਚਾਟੀ ਦੀ ਲੱਸੀ, ਜਾਂ ਕਾੜ੍ਹਨੀ ਦਾ  ਦੁਧ ਮੰਗਵਾ ਲੈਦਾਂ ! ਇੱਕ ਦਿਨ ਤਾਏ ਨੂੰ ਮੈਂ ਉਹਦੇ ਵਿਆਹ ਬਾਰੇ ਪੁੱਛ ਲਿਆ! ਤਾਇਆ ਤੂਤ ਛਾਂਗ ਰਿਹਾ ਸੀ  ਉਸ ਦਿਨ ! ਮੈਨੂੰ ਦੇਖਕੇ ਕਹਿੰਦਾ," ਨਰਮ - ਨਰਮ ਲਗਰਾਂ ਦਾ ਟੋਕਰਾ ਵਧੀਆ ਬਣਦੈ,  ਨਾਲ਼ੇ  ਸਿਆਲ਼ ਵਿੱਚ ਧੁੱਪ ਅਇਆ ਕਰੂ ਸਿੱਧੀ ਬਰਾਂਡੇ ਵਿੱਚ !  ਤਾਹੀਂ ਛਾਂਗ ਰਿਹੈਂ  ....ਆਹ ਮੰਜੀ ਖਿੱਚ ਲੈ, ਬਹਿ ਜਾ "
           ਪਿੰਡ ਵਾਲ਼ੇ ਦੇਵੀ ਦੇ ਮੇਲੇ 'ਤੇ ਸਾਡੇ ਪਿੰਡ ਕਬੱਡੀ ਟੂਰਨਾਮੈਂਟ ਹੁੰਦੈ ਹਰ ਸਾਲ ! ਉੱਥੇ ਐਤਕੀਂ ਤਾਏ ਦੀ ਕੁਮੈਂਟਰੀ ਸੁਣੀਂ.....!

             ਖਿਡਾਰੀ ਨੇ ਨੰਬਰ ਵਧੀਆ ਲਿਆ ਸੀ !   ਸੰਗਰੂਰ ਦੀ ਟੀਮ  ਸੀ ੳਹਦੀ !  ਸਾਰੇ ਦਰਸ਼ਕਾਂ ਨੇ ਤਾੜੀਆਂ ਮਾਰ -ਮਾਰ ਕੇ ਗੂੰਜਾਂ ਪਾ ਦਿੱਤੀਂਆਂ ਸਨ!  ਪੈਸਿਆਂ ਦਾ ਮੀਂਹ ਪੈ ਗਿਆ ਸੀ !  ਖਿਡਾਰੀ ਦਾ ਸਰੀਰ ਵੀ ਦਰਸ਼ਨੀ ਸੀ ! ਕਮਾਇਆ ਹੋਇਆ! ਤਾਏ ਨੇ ਸਟੇਜ ਤੋਂ ਉਤਰਕੇ ਉਸ ਖਿਡਾਰੀ ਨੂੰ ਥਾਪੀ ਦਿੱਤੀ ਸੀ  !  ਫ਼ੇਰ ਮਾਈਕ 'ਤੇ ਆਕੇ ਕਹਿੰਦਾ   ", ਸੰਗਰੂਰ ਵਾਲ਼ਿਆ ਚੋਬਰਾ...ਗੱਲ ਸੁਣ ਲੈ ਪਤੇ ਦੀ  !  ਜੇ ਤੇਰੇ ਡੌਲਿਆਂ  'ਤੇ ਤਬੀਤ ਨਾ ਬੰਨ੍ਹੇ ਹੁੰਦੇ  ,  ਮੈਂ ਤੈਨੂੰ ਦੇਸੀ ਘਿਓ ਦਾ ਟੀਨ ਦੇਣਾ ਸੀ ਅੱਜ ,  ਕਬੱਡੀ ਤਾਂ ਆਪਣੇ ਦਮ ਦੀ ਖਲ੍ਹਾਰ ਐ ਬੱਲਿਆ ! ਇਹਦੇ ਵਿੱਚ ਜੇ ਸਰੀਰ ਤਕੜੈ ਤਾਂ, ਮਨ ਵੀ ਤਕੜਾ ਈ ਚਾਹੀਦੈ ,ਮੈਨੂੰ ਤੇਰਾ ਮਨ ਕਮਜ਼ੋਰ ਲਗਦੈ ਹਾਲੇ !  ... ਤਬੀਤਾਂ ਨਾਲ਼ ਡੌਲਿਆਂ 'ਚ ਜਾਨ ਨੀ  ਆੳਂਦੀ .... ਖੋਲ੍ਹ ਕੇ ਖੇਲ੍ਹਿਆ ਕਰ , ਹੌਂਸਲੇ ਨਾਲ਼ .. ਜਿਉਂਦਾ ਰਹੁ .... "
              ਲਗਰਾਂ 'ਕੱਠੀਆਂ  ਕਰਕੇ ਤਾਇਆ ਮੰਜੇ 'ਤੇ ਮੇਰੇ ਕੋਲ਼: ਆ ਕੇ ਬਹਿ ਗਿਆ !

     
         " ਤਾਇਆ  ! ਆਪਣੇ ਵਿਆਹ ਦੀ ਗੱਲ ਛੇੜ ਅੱਜ  ... "ਮੈਂ ਤਾਏ ਨੂੰ ਠੋਰਿਆ.! ਤਾਏ ਨੇ ਮੁੱਛਾਂ 'ਤੇ ਹੱਥ ਫ਼ੇਰਿਆ ! ਬਿਨਾਂ ਕਿਸੇ ਉਚੇਚ ਦੇ ਉਹਨੇ ਰੀਲ੍ਹ ਪਾ ਲਈ:
    "ਵਿਆਹ ਤਾਂ ਸਹੁਰਾ ਜ਼ਮੀਨਾਂ ਨੂੰ ਹੁੰਦੈ ... ਆਪਣੇ ਕੋਲ ਤਾਂ ਜ਼ਮੀਨ ਈ ਗਿੱਠਾਂ ਨਾਲ਼ ਮਿਣਨ ਜੋਗੀ ਐ  , ਅੱਗੇ ਅਸੀਂ ਦੋ ਭਾਈ ! ਮੈਥੌਂ ਬਾਦ ਕੋਈ ਹੋਰ ਨੀ ਜੰਮਿਆਂ ਬੇਬੇ -ਬਾਪੂ ਨੇ !  ਲੋਕ ਕਹਿੰਦੇ ਆ ਬਈ ਮੈਥੌਂ ਬਾਦ ਬਾਪੂ ਨੇ  ਜੁਆਕ ਜੰਮਣ ਵਾਲ਼ੀ ਸੋਚ - ਵਿਚਾਰ 'ਤੇ ਗੰਢ ਮਾਰਤੀ ! ਬਸ,  ਪਿੰਡ ਵਾਲ਼ਿਆਂ  ਨੇ ਮੇਰਾ ਨਾਉਂ ਹੀ ਗੰਢਾ ਸਿੰਘ  ਰੱਖ 'ਤਾ !  ਬੜੇ ਦਾ ਵਿਆਹ ਹੋ ਗਿਆ ,ਮੈਨੂੰ ਤਾਂ  ਬਸ! ਇਕੋ ਰਿਸ਼ਤਾ ਆਇਆ  ਸੀ , ਸਮਰਾਲੇ ਨੇੜਿਓਂ  !  ਪਰ ਗੱਲ ਨੀਂ ਬਣੀਂ, ਉਹਨਾਂ ਜ਼ਮੀਨ ਪੁੱਛ  ਕੇ ਚੁੱਪ ਵੱਟ ਲਈ  !  ਬੇਬੇ  ਦੇ  ਤੁਰ ਜਾਣ ਮਗਰੋਂ ਆਪਾਂ ਨੂੰ ਨਾ ਕਿਸੇ ਨੇ ਫ਼ੇਰ ਕਦੇ ਸਾਕ ਬਾਰੇ ਪੁੱਛਿਆ ਨਾ ਹੀ ਆਪਾਂ ਨੇ ਫ਼ੰਘ ਜਹੇ ਖਲਾਰੇ ਬਹੁਤੇ !!!

         " ਹਾਂ ਇੱਕ ਹੋਰ ਗੱਲ ਦੱਸਦਾਂ ਤੈਨੂੰ ਜੁਆਨੀ ਵੇਲ਼ੇ ਦੀ ... ਆਪਣੇ ਪਿੰਡ ਇੱਕ ਪੰਡਤੈਣ  ਹੁੰਦੀ ਸੀ ! ਪਤਾ ਨੀ ਕਿਥੋਂ ਆਏ ਸੀ ਉਹ ਤੀਵੀਂ -ਮਾਲਕ  ! ਕਿਰਾਏ ਤੇ ਰਹਿੰਦੇ ਸੀ  !  ਪੰਡਤ ਤਾਂ ਕੱਪੜਾ ਵੇਚਦਾ ਹੁੰਦਾ ਸੀ ਸੈਕਲ ਤੇ ਪਿੰਡਾਂ 'ਚ ਜਾ -ਜਾ ਕੇ !  ਪੰਡਤੈਣ ਦਾ ਨਾਉਂ ਸੀ ਲਾਜਵੰਤੀ  ! ਰੱਜਕੇ ਸੁਨੱਖੀ! ਕਾਲ਼ੇ ਛਾਹ ਵਾਲ਼ ਉਹਦੇ !  ਗਜ- ਗਜ ਲੰਬੇ ! ਕਦੇ - ਕਦੇ ਜਲੇਬੀ ਜੂੜਾ ਕਰਦੀ ਹੁੰਦੀ ਸੀ ! ਗੋਰਾ ਰੰਗ ! ਲੰਬੀ -ਲੰਝੀ! ਗੁੰਦਵਾਂ ਸਰੀਰ ! ਪਰ ਕੋੜ੍ਹਨ ਨੂੰ ਮੈਂ ਕਦੇ ਹਸਦੀ ਨੀ ਸੀ  ਦੇਖਿਆ ! ਮੈਨੂੰ ਲੱਗਦਾ ਸੀ ਪੰਡਤ ਬਹੀ ਖ਼ਾਤੇ  'ਜ਼ਾਅਦਾ ਦੇਖਦਾ ਹੋਣੈ ..ਉਹਨੂੰ ਘੱਟ !  ਪਰ ਹੈ ਸੀ ਉਹ ਹਵਾ ਦੇ ਬੁੱਲੇ ਵਰਗੀ ਜਾਂ ਤੂੰ ਕਹਿ ਲੈ ਬਈ ਚੁਟਕੀ ਵਰਗੀ! ਜਨਾਨੀ ਸਿਫ਼ਤ ਮੰਗਦੀ ਐ 'ਲਖਾਰੀਆ, ... ਸਿੱਧੀ ਸੁਚੇ ਮਨ ਦੀ!   ਸ਼ੀਸ਼ੇ ਥੋੜ੍ਹੀ ਬੋਲਕੇ ਦੱਸਦੇ ਹੁੰਦੇ  ਆ  ਬਈ ਤੂੰ  ਕਿੰਨੀ  ਸੋਹਣੀ ਐ ? "
       ਮੈਂ ਸਮਝ ਗਿਆ ਸੀ  ਤਾਇਆ ਸਿਫ਼ਤਾਂ ਕਿਉਂ ਕਰ ਰਿਹੈ !  ਜੇ ਕੋਈ ਦਿਲ ਦੇ ਆਰ -ਪਾਰ ਹੋਕੇ ਚਿਤ -ਚੇਤਿਆਂ ਵਿਚ ਉਤਰ ਜਾਵੇ, ਉਸੀ ਦੇ ਤਾਂ  ਗੁਣ ਗਾ ਹੁੰਦੇ ਆ ! ਤਾਏ ਦੀ ਰੀਲ ਅਜੇ ਚੱਲ ਰਹੀ ਸੀ ....!
         " ....ਮੈਂ ਪੰਡਤ ਤੋਂ ਪਰਨਾ ਖਰੀਦ ਲੈਂਦਾ ਸੀ ਕਦੇ  -ਕਦੇ !  ਚੰਦਰੀ,  ਮੋਹ ਕਰਗੀ ਮੇਰਾ ! ਇੱਕ ਦਿਨ  ਮੈਨੂੰ ਕਹਿੰਦੀ ' ਭਜਾ ਕੇ ਲੈ ਜਾ ..ਜਿਥੇ ਲਿਜਾਣਾ ਮੈਨੂੰ ' ਮੇਰੀਆਂ ਤਾਂ ਅੱਖਾਂ ਅੱਡੀਆਂ ਈ ਰਹਿ ਗਈਆਂ 'ਲਖਾਰੀਆ ! ਇਹ ਗੱਲ ਡੇਰੇ  ਦੇ ਬਾਹਰ-ਬਾਹਰ  ਹੋਈ ਸੀ ! ਉਹਨੂੰ ਐਨ ਅਪਣੇ ਕੋਲ ਖੜ੍ਹੀ ਦੇਖਕੇ  ,  ਮੈਂ ਹਾਉਂਕਾ ਲੈ ਕੇ ਮਨ ਹੀ ਮਨ ਕਿਹਾ ਸੀ "ਜੋੜੀਆਂ ਜੱਗ ਥੋੜ੍ਹੀਆਂ 'ਤੇ ਨਰੜ ਬਥੇਰੇ  " ਪੰਡਤ ਤਾਂ ਉਹਦੇ ਮੇਚਦਾ ਈ ਨਹੀਂ ਸੀ ਲਗਦਾ ਕਿਧਰੇ ਤੋਂ ਵੀ ..! "

         ਮੈਂ ਹੀ ਪਾਸਾ ਵੱਟ ਗਿਆ ਸਾਊ ! ਬਦਨਾਮੀ ਤੋਂ ਡਰ ਗਿਆ ਬਸ!  ਲੋਕਾਂ ਨੇ ਪਿੰਡ 'ਚ ਨਹੀਂ ਵੜਨ ਦੇਣਾ ਸੀ  !  ਜਿਵੇਂ ਹੁਣ ਫ਼ਿਰਦੈਂ ਸਿਰ ਚੱਕ ਕੇ!  ਫ਼ੇਰ ਐਂ ਕਿਥੇ???
       ਭੂਤਰੇ ਹੋਏ ਕਬੂਤਰਾਂ ਵਾਲੇ ਜਾਣਬੁੱਝ ਕੇ ਉਨਾਂ ਦੇ ਚਬਾਰੇ ਉਪਰ ਆ ਚੜ੍ਹਦੇ ਸੀ !  ਉਹ ਲੰਡਰ ਟੋਲਾ ਕਿਥੇ ਜਾਣਦਾ ਸੀ ਕਿ "ਕਬੂਤਰੀ"ਕਿਹੜੀ ਛਤਰੀ ਤੇ ਬਹਿਣ ਨੂੰ ਕਰਦੀ ਐ!  ਪੰਡਤ ਉਹਨਾਂ ਤੋਂ  ਡਾਹਢਾ ਦੁਖੀ ਹੋ ਗਿਆ ! ਪਰ ਬਿਗਾਨੇ ਪਿੰਡ 'ਚ ਕਿਸੇ ਨੂੰ ਕਹਿ ਵੀ ਨਹੀਂ ਸਕਦਾ ਕੁਛ! ਆਖਿਰ ਉਹ ਇਕ ਦਿਨ ਐਥੋਂ ਚਲੇ ਗਏ !  ਮੇਰਾ ਮਨ ਵੀ ੳਚਾਟ ਜਿਹਾ ਰਿਹਾ ਕਈ ਦਿਨ  !  ਫ਼ੇਰ ਮੇਰਾ ਵੀ ਵਿਆਹ ਕਰਾੳਣ ਨੂੰ ਜੀਅ ਨੀ ਕਰਿਆ ...! ਕਬੱਡੀ ਨਾਲ਼ ਹੀ ਵਿਆਹ ਕਰਾ ਲਿਆ ਫ਼ੇਰ ਤਾਂ .. ਬਸ !  ਟੌਹਰ ਕੱਢ ਕੇ ਸਹੁਰੇ ਜਾਣ ਦੀ ਰੀਝ  ਟੂਰਨਾਮੈਂਟ 'ਤੇ ਜਾ ਕੇ ਪੂਰੀ ਕਰ ਲਈਦੀ ਐ !  ਚੱਲ ਛੱਡ ਪੁਰਾਣੀਆਂ ਫ਼ੋਲ ਕੇ ਕਿਆ ਲੈਣੈ !  "
     ਤਾਏ ਨੇ ਮੰਜੇ ਤੋਂ  ਉਠ ਕੇ ਢਾਈ ਵਜੇ ਵਾਲੇ ਗੀਤ ਸੁਣਨ ਲਈ ਰੇਡਿਉ ਲਾ ਲਿਆ  !

                ..........
            ਤੇਰੇ  ਟਿੱਲੇ ਤੋਂ ਓ ਸੂਰਤ ਦੀਂਹਦੀ ਹੀਰ ਦੀ   
            ਓ ਲੈ ਵੇਖ ਗੋਰਖਾ ਉਡਦੀ ਐ ਫ਼ੁਲਕਾਰੀ   .....!
            ਬੁੱਲ੍ਹ ਪਤੀਸੀਆਂ, ਉਹਦੀਆਂ ਗੱਲ੍ਹਾਂ ਗਲਗਲ ਨਾਲ਼ ਦੀਆਂ
            ਟੋਆ ਠੋਡੀ ਦੇ ਵਿੱਚ ਨਾ ਪਤ੍ਹਲੀ ਨਾ ਭਾਰੀ ...!  

               ........
          ਤਾਇਆ ਗੀਤ ਨੇ ਜਿਵੇਂ ਕੀਲ  ਹੀ ਲਿਆ ਸੀ !  ਜਦੋਂ ਕੋਈ ਯਾਦ ਆੳਂਦੈ ਤਾਂ ਐਦਾਂ ਈ ਹੁੰਦੈ ...!
        ਤਾਇਆ  ਮੂੰਹ 'ਤੇ ਗੱਲ ਕਹਿਣ ਵਾਲਾ ਬੰਦਾ ਐ  !  ਨਫ਼ੇ ਨੁਕਸਾਨ ਦੀ ਇਹਨੂੰ ਚਿੰਤਾ ਨੀ  !  ਜਮਾਂ ਕੋਰਾ !  ਗੁਰੁਦੁਆਰੇ ਜਾਂਦਾ ਕਦੇ ਮੈਂ ਵੇਖਿਆ ਨੀ ! ਪੰਜਾਬੀ ਵਧੀਆ ਪੜ੍ਹ ਲੈਂਦੈ ....!  ਪੰਜਾਬੀ ਜ਼ੁਬਾਨ ਬਾਰੇ ਕਹਿੰਦਾ ਹੁੰਦੈ ਜਿਹਨੂੰ ਆਪਣੀ ਬੋਲੀ ਨੀ ਆਉਦੀ ਉਹ ਤਾਂ ਅੱਧਾ ਈ ਜੰਮਿਐ !
        
            ਇੱਕ ਵਾਰੀ ਸਾਡੇ ਪਿੰਡ ਦਿਵਾਨ ਲੱਗੇ !  ਪਗੋਰਾਮ ਦੇ ਆਖਰ 'ਚ ਤਾਏ ਨੇ ਸਭ ਦਾ ਧੰਨਵਾਦ ਕਰਨਾ ਸੀ !  ਤਾਇਆ ਮਾਇਕ ਫ਼ੜ ਕੇ ਕਹਿੰਦਾ;

        " ਵਾਹਿਗੁਰੁ ਜੀ ਕਾ ਖ਼ਾਲਸਾ ਵਾਹਿਗੁਰੁ ਜੀ ਕੀ ਫ਼ਤਿਹ !!!
     ਸਾਧ ਸੰਗਤ ਜੀਓ ...!!!  ਆਪਾਂ ਤਿੰਨ ਦਿਨਾਂ ਤੋਂ ਦਬਾਨ ਸਰਬਣ ਕਰ ਰਹੇ ਹਾਂ .... ਜਿਹੜੇ ਸੰਤ ਜੀ  ਆਪਾਂ ਨੂੰ ਕਥਾ ਸੁਣਾਉਂਦੇ ਰਹੇ ਹਨ , ਉਨਾਂ ਤੋਂ ਬਹੁਤੀ ਦੇਰ ਬੈਠਿਆ ਨੀ ਜਾਂਦਾ  ....ਬਾਬਾ ਜੀ ਦੀ  ਸਿਹਤ ਬਹੁਤ ਭਾਰੀ ਐ  ... ਇਨਾਂ ਨੂੱ  ਚਾਹੀਦਾ ਹੈ ਕਿ ਆਪਣੀ ਸਿਹਤ ਦਾ ਬੀ ਖਿਆਲ ਰੱਖਣ   ...ਕੀਰਤਨ ਭਾਮੇਂ ਥੋੜ੍ਹਾ ਘੱਟ ਕਰ ਲਿਆ ਕਰਨ!  ਨਾਲ਼ੇ ਪਬੰਧਕ ਬੀਰਾਂ ਨੂੰ ਬੀ ਬੇਨਤੀ  ਐ ਕਿ ਇਹ ਕੋਈ ਗੁਰਪੁਰਬ ਨਹੀਂ !  ਆਪਾਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੋਂ ਸਬਕ ਲੈਣ ਲਈ 'ਕਠੇ ਹੋਏ ਹਾਂ .. ਐਨੀਆਂ ਸਜਾਵਟਾਂ ਕਾਹਦੇ ਲਈ ?  ਲੰਗਰ ਬੀ ਕਈ ਤਰਾਂ ਦਾ ਬਣਾਇਆ ਪਿਐ ... ਜਿਵੇਂ ਆਪਾਂ ਵਿਆਹ ਤੇ ਆਏ  ਹੁੰਦੇ ਆਂ  ...!  ਸੋ ਭਾਈ ਅਗਾਂਹ ਤੋਂ ਵਿਚਾਰ ਕਰਿਓ !

     ..ਬਾਕੀ  ਭਾਈ ਤੁਸੀਂ ਗੁਰੂ ਗਰੰਥ ਸਾਬ੍ਹ ਜੀ ਨੂੰ ਮੱਥਾ ਟੇਕ ਕੇ  ਸਾਹਮਣੇ ਬੈਠ ਜਾਇਆ ਕਰੋ .... ਐਵੈਂ ਆਲੇ - ਦੁਆਲ਼ੇ  ਘੁੰਮ -ਘੁੰਮ ਕੇ  ਬਹੁਤੇ ਮੱਥੇ ਨੀ ਟੇਕੀ ਦੇ ... ਮੱਥਾ ਤਾਂ ਮਨ ਚਿੱਤ ਹੋਕੇ ਇੱਕ ਵਾਰ ਈ ਟੇਕਿਆ ਬਹੁਤ ਹੁੰਦੈ ....
".....ਦੱਸਣੀਆਂ ਤਾਂ ਇਹ ਗੱਲਾਂ ਸੰਤਾਂ ਨੂੰ ਚਾਹੀਦੀਆਂ ਸੀ ਪਰ ..ਇਨਾਂ ਤੋਂ ਬਹੁਤੀ ਦੇਰ ਬੈਠ ਨੀ ਹੁੰਦਾ  ਸੋ ਭਾਈ ਮੈਂ ਦਸ 'ਤੀਆਂ   ....  ਨਾਲ਼ੇ ਬਾਣੀ ਅਮਲ ਦੀ ਗਲ ਕਰਦੀ ਐ .... ਇਹ ਕੋਈ ਗੀਤ ਨੀ ਜਿਹੜਾ ਰੋਜ  ਸੁਨਣਾ ਹੁੰਦੈ ..... ਸਭ ਦਾ ਧੰਨਵਾਦ ..... ਸਾਧਸੰਗਤ ਜੀ!

  ...ਸੋ ਭਾਈ ਜੇ ਕੋਈ ਅੱਖਰ ਵੱਧ ਘੱਟ  ਬੋਲ ਹੋ ਗਿਆ ਹੋਵੇ ...ਖ਼ਿਮਾ ਦਾ ਜਾਚਕ ਹਾਂ ...
       ਵਾਹਿਗੁਰੂ ਜੀ ਕਾ ਖ਼ਾਲਸਾ ...ਵਾਹਿਗੁਰੂ ਜੀ ਕੀ ਫ਼ਤਿਹ!! .... "
         ਇਸੇ ਤਰਾਂ ਇਕ ਵਾਰ ਕਿਸੇ ਦੇ ਭੋਗ 'ਤੇ ਬੋਲਣਾ ਸੀ ! ਜਿਹੜਾ ਬੰਦਾ ਅਕਸਰ  ਅਜਿਹੇ ਮੌਕਿਆਂ 'ਤੇ ਬੋਲਦਾ ਹੰਦਾ ਸੀ ਉਹ ਉਦਣ ਕਿਤੇ ਬਾਹਰ ਸੀ!  ਮਾਇਕ ਤਾਏ ਕੋਲ ਦੇ ਦਿੱਤਾ  :

        "ਭਾਈ ਅੱਜ ਆਪਾਂ ਮੱਘਰ ਸਿੰਹੁ ਦੇ ਭੋਗ ਤੇ 'ਕੱਠੇ ਹੋਏ ਆਂ !  ਬੰਦਾ ਕਾਮਾ ਸੀ ! ਫ਼ੁਰਤੀਲਾ ਵੀ ਬਾਹਲ਼ਾ ਸੀ   !  ਦਿਲ ਦਾ ਬੀ ਸਾਫ਼  ! ਪਰ ਸ਼ਾਮ ਨੂੰ ਪੀ ਕੇ ਗਲ਼ੀ 'ਚ ਖ਼ੌਰੂ ਪਾ ਲੈਂਦਾ ਸੀ ਕਦੇ ਕਦੇ !  ਮੁੰਡਿਆਂ ਨੂੰ ਵੀ ਗਾਲਾਂ!  ਘਰਵਾਲ਼ੀ ਨੂੰ ਤਾਂ ਕੁੱਟ ਬੀ ਦਿੰਦਾ ਸੀ  !  ਕਈ ਵਾਰ ਸਮਝਾਇਆ ਵੀ ਪਰ, ਦਾਰੂ ਦਾ ਐਬ ਈ ਮਾੜੈ .. . ਬਚੋ ਭਾਈ ਬਚੋ ਇਸਤੋਂ!  ਉਹਦੇ ਤੁਰ ਜਾਣ ਦਾ ਡਾਹਢਾ ਦੁੱਖ ਐ!
         ਆਪਾਂ ਸਾਰੇ ਗੁਰੂ ਮਾਹਰਾਜ ਦੀ ਹਜ਼ੂਰੀ 'ਚ ਬੈਠੇ ਆਂ! ਝੂਠ ਨੀ ਮੈਥੋਂ ਬੋਲਿਆ ਜਾਂਦਾ ਭਾਈ ! ਸਾਰਾ ਪਿੰਡ ਜਾਣਦੈ ਮੈਂ ਕਦੇ ਕਿਸੇ ਦੀ ਝੂਠੀ ਵਡਿਆਈ ਨੀ ਕੀਤੀ ! ਨਾ ਹੀ ਕਿਸੇ ਦਾ ਨਿਰਾਦਰ ਕੀਤੈ !   
    ਮੱਘਰ ਸਿੰਹੁ ਨਾਲ਼ ਮੇਰੀ  ਬਚਪਨ ਦੀ ਸਾਂਝ ਸੀ ! ਰਾਤੀਂ ਭਾਂਮੇਂ  ਕੋਹੜੀ ਖ਼ੌਰੂ ਪਾੳਂਦਾ ..ਪਰ ਸਵੇਰੇ ਦਿਨ ਚੜਦੇ ਨੂੰ ਕੰਮ ਨੂੰ ਮੂਹਰੇ ਲਾ ਲੈਂਦਾ ਸੀ! ਸਿਫ਼ਤ ਬੀ ਬਥੇਰੀ ਸੀ ਚੰਦਰੇ 'ਚ!  !!

      ਆਏ ਹੋਏ ਸਾਰੇ ਰਿਸ਼ਤੇਦਾਰਾਂ,  ਦੋਸਤ ਮਿਤਰਾਂ ਦਾ ਭਾਈ ਪਰਿਵਾਰ ਵਲੋਂ ਬਹੁਤ - ਬਹੁਤ ਧੰਨਵਾਦ ਕਰਿਆ ਜਾਂਦਾ ਹੈ ! ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਦਵੇ ਸਤਗੁਰੂ !
..........  ਵਾਹਿਗੁਰੂ ਜੀ ਖਾਲਸਾ.... ਵਾਹੇਗੁਰੂ ਜੀ ਕੀ ਫ਼ਤਿਹ !!!!
                   
        ਇੱਕ ਵਾਰੀ ਤਾਏ ਕੋਲ਼ ਪਿੰਡ ਦੇ ਮੋਹਰੀ ਬੰਦੇ 'ਕੱਠੇ ਹੋ ਕੇ ਆਏ!  ਸਰਪੰਚੀ ਦੇਣ,  ਸਰਬਸੰਮਤੀ ਨਾਲ਼!  ਤਾਏ ਨੇ ਆਪਣਾ ਫ਼ੈਸਲਾ ਗੁਰੂਦੁਆਰੇ  'ਚ ਦੱਸਣ  ਲਈ ਕਹਿ ਦਿੱਤਾ ! ਭਾਰੀ 'ਕੱਠ ਹੋ ਗਿਆ ! ਘਰ ਭਰਤੀ ਇੱਕ- ਇੱਕ ਬੰਦਾ ਆ ਗਿਆ ਸੀ!  ਤਾਏ ਨੇ ਆਪਣੀ ਵਾਰੀ 'ਤੇ ਬਿਨਾਂ ਕਿਸੇ ਦੇਰੀ ਦੇ ਮਾਈਕ ਫ਼ੜਕੇ ਕਿਹਾ, " ਭਾਈ ਪਿੰਡ ਦਾ ਹੁਕਮ ਸਿਰ ਮੱਥੇ, ਪਰ ਮੇਰੀਆਂ ਬੇਨਤੀਆਂ ਹਨ ਇੱਕ ਦੋ ,  ਸਭ ਨੂੰ! ....ਉਹਨਾਂ ਨੂ ਪ੍ਰਵਾਨ ਕਰ ਲਓ ਭਾਈ ! ਫ਼ੇਰ ਆਪਾਂ ਨੂੰ ਸਭ ਕੁੱਝ ਮਨਜੂਰ ਐ!
       "... ਪਹਿਲਾਂ ਸਾਰੇ ਸ਼ਾਮਲਾਟਾਂ ਦੇ ਕਬਜ਼ੇ ਛੱਡੋ ! ਇਹ ਗਲਤ ਗੱਲ ਐ! ਸ਼ਮਲਾਟ ਜ਼ਮੀਨ ਦੀ ਆਮਦਨ ਦਾ 'ਸਾਬ - 'ਕਤਾਬ ਬੀ ਸਭ ਦੇ ਸਾਹਮਣੇ ਹੋਇਆ ਕਰੂ  !  ਪਿੰਡ ਦੇ ਸਾਰੇ ਪਾਸੇ ਬਰਾਬਰ -ਬਰਾਬਰ ਗਰਾਂਟਾਂ ਲੱਗਣਗੀਆਂ! ਲੜਾਈ - ਝਗੜੇ ਪੰਚਾਇਤ 'ਚ ਹੀ ਨਿਬੜਿਆ ਕਰਨਗੇ  ,  ਬਾਕੀ ਭਾਈ ਅਾਹ ਮੰਡੀਰ ਮੋੜਾਂ 'ਤੇ ਖੜ੍ਹਦੀ ਐ ਜਿਹੜੀ.. ਅਾਪਣੇ -ਆਪਣੇ ਨੂੰ ਪਛਾਣਕੇ ਸਮਝਾਓ ..ਕਿਸੇ ਕੰਮ -ਧੰਦੇ ਤੇ ਲਾਓ  ਇਹਨਾਂ ਨੂੰ  !!!  
                  ਤਾਏ ਦੀਆਂ ਬੇਨਤੀਆਂ ਸੁਣਕੇ 'ਕੱਠ 'ਚ ਘੁਸਰ -ਮੁਸਰ ਸ਼ੁਰੂ ਹੋ ਗੀ !  ਬਾਕੀ ਗੱਲਾਂ ਤਾਂ ਠੀਕ  ਸੀ  !  ਪਰ ਸ਼ਾਮਲਾਟ ਵਾਲ਼ੇ ਕਬਜ਼ਿਆਂ ਨੂੰ ਲੈ ਕੇ ਮੋਹਰੀ  ਬੰਦੇ ਵੀ ਚੁੱਪ ਸੀ !  ਆਖਰ ਫ਼ੈਸਲਾ ਹੋਇਆ ਕਿ 'ਕੱਠ ਫ਼ੇਰ ਕੀਤਾ ਜਾਊ,  ਸੋਚ ਵਿਚਾਰ ਕਰਕੇ !  

            ਫੇਰ 'ਕੱਠ ਕਿੱਥੇ ਹੋਣਾ ਸੀ !  ਕਬਜ਼ੇ ਕਿੱਥੇ  ਛੱਡ ਹੁੰਦੇ ਆ, ਭਲਾਂ ?  ਵੋਟਾਂ ਹੀ ਪਈਆਂ!!!! ਪੂਰੀ ਦਾਰੂ ਚੱਲੀ! ਡਾਂਗ ਲਹਿਦੀ ਖੜਕੀ!
           ਤਾਏ ਵਾਸਤੇ ਕਿਤਾਬ ਲੈਕੇ ਆਇਆ ਸੀ ਇਕ ਦਿਨ  " ਗੁਰੂ ਨਾਨਕ ਬਾਰੇ ਸੱਚ ਦੀ ਖੋਜ " !  ਆਪ ਪੜ੍ਹਕੇ ਮੈਂ ਤਾਏ ਨੂੰ ਫ਼ੜਾਉਣ ਚਲੇ ਗਿਆ! ਅੱਗੇ ਤਾਇਆ ਖ਼ੇਤ ਨੂੰ ਜਾਣ ਲਈ ਰੇੜ੍ਹਾ ਬਾਹਰ ਕੱਢ ਰਿਹਾ ਸੀ ! ਉਹਨੇ ਥਾਪੀ ਦੇ ਕੇ ਬਲ਼ਦ ਨੂੰ ਕੈਮ ਕਰ ਲਿਆ! ਮੈਂ ਸੋਚਿਆ ਅੱਜ ਤਾਏ ਨਾਲ਼ ਖੇਤ ਨੂੰ ਹੀ ਚਲਦੈਂ ....
"  ਆਹ ਲੈ ਤਾਇਆ ! ਅਸਲੀ ਨਾਨਕ ਦੀ ਕਹਾਣੀ ,  ਮੈਂ ਤਾਂ ਰਾਤ ਈ ਪੜ੍ਹਲੀ ! " ਮੈਂ ਕਿਤਾਬ ਫ਼ੜਾ ਕੇ ਬਲਦ ਦਾ ਰੱਸਾ ਫੜ ਲਿਆ !  ਤਾਏ  ਨੇ  ਕਿਤਾਬ ਅੰਦਰ ਰੱਖਣ ਲਈ ਆਪਣੇ  'ਪੋਤੇ ' ਪਿ੍ੰਸ ਨੂੰ  ਫ਼ੜਾ ਦਿਤੀ!

              ਮੌਸਮ ਖ਼ੁਸ਼ਗਵਾਰ  ਸੀ  ! ਰਾਹ 'ਚ  ਇੱਕ ਪਾਸੇ ਮੋਰ ਪੈਲ ਪਾ ਰਿਹਾ ! ਤਾਇਆ ਕਹਿੰਦਾ ਕੋਈ ਮੋਰਨੀ ਹੋਊ ਨੇੜੇ - ਤੇੜੇ!  ਮੋਰਨੀ ਨੂੰ ਬੁਲਾੳਂਦੈ  'ਕੰਜਰ ' !
             "ਹਾ ਹਾ ਹਾ " ਅਸੀਂ ਦੋਵੇਂ ਹੱਸ ਪਏ!
    ਮੈਂ ਕਿਹਾ "ਤਾਇਆ ਸਿਹਾਂ ਐਂ ਦੱਸ ਬਈ ਤੇਰਾ ਨਾਉਂ "ਗੰਡਾਸਾ "ਕਿਵੇਂ ਪੈ ਗਿਆ!
      ਹੱਸਕੇ ਕਹਿੰਦਾ , "ਤੈਂ ਬੀ ਬੜੀ ਪੁਰਾਣੀ ਗੱਲ ਯਾਦ ਕਰਾਈ ਐ 'ਲਖਾਰੀਆ ! ਐਹਦੇ ਬਾਰੇ ਟਾਂਵੇਂ -ਟਾਂਵੇ ਬੰਦੇ ਨੂੰ  ਈ ਪਤੈ ...ਹੁਣ ਪਿੰਡ 'ਚ ...ਉਹ ਬੀ ਮੇਰੇ ਹਾਣਦਿਆਂ ਨੂੰ !
ਲੈ ਸੁਣ .... ਫ਼ੇਰ,


       ਉਦੋਂ  ਨੰਦਪੁਰ ਕਲੌੜ ਦਾ ਮੇਲਾ ਸੀ ,  ਕਬੱਡੀ ਦਾ ਟੂਰਨਾਮੈਂਟ ਵੀ ਸੀ !  ਇਲਾਕੇ 'ਚ ਮੇਰਾ  ਨਾਉਂ ਬਹੁਤ ਸੀ,  ਮੈਂ ਖੇਲ੍ਹਣ ਚਲੇ ਗਿਆ !  'ਕੱਲਾ ਈ  ! ਉਨਾਂ ਦਿਨਾਂ 'ਚ ਭੀਮੇ ਹੋਰਾਂ ਦੀ ਕੁੜੀ ਦਾ ਵਿਆਹ ਸੀ,   ਊਂ.. ਉਹ ਤੇ ਮੈਂ 'ਕਠੇ ਹੀ ਖੇਲ੍ਹਦੇ ਹੁੰਦੇ  ਸੀ!  ਪਰ ਉਦਣ, ਉਥੇ  ਧਾਵੀ  ਵੀ ਮੈਂ ਹੀ ਜਾਫ਼ੀ ਵੀ ਮੈਂ ਹੀ! ਸੋਚਿਆ ਦੇਖੀ ਜਾਊ, ਖੇਲ੍ਹ ਕੇ ਹਾਰਾਂਗੇ , ਬਿਨ੍ਹਾਂ ਖੇਲ੍ਹੇ ਨੀ ਹਾਰ ਮੰਨਣੀ!  ਮਲਕਪੁਰੀਆਂ ਨਾਲ਼ ਪੈ ਗਿਆ ਪੇਚਾ !

           ... ਉਹ ਤਿੰਨ,  ਮੈਂ 'ਕੱਲਾ!
        ਮੈਚ ਸ਼ੁਰੂ ਹੋ ਗਿਆ  !  ਮੇਲੀਆਂ 'ਚ ਜਕੋ- ਤਕੀ!  ਮੈਂ ਇੱਕ ਵੀ ਨੰਬਰ ਸੌਖਾ ਨੀ ਛੱਡਿਆ!  ਮੈਂ ਬੀ ਹੈਰਾਨ ! ਦਰਸ਼ਕਾਂ ਨੇ ਤਾਂ ਹੋਣਾ ਹੀ ਸੀ !  ਸਿਰੇ ਜਾ ਕੇ ਉਹਨਾਂ ਦੇ ਗਿਆਰਾਂ ਪੁਐਂਟ ਅਤੇ ਮੇਰੇ  ਤੇਰਾਂ ...! ਮੇਰੇ ਇੱਕ - ਇੱਕ ਪੁਐਂਟ ਉਪਰ ਢੋਲ ਬੱਜਦਾ ਸੀ !ਮੈਂ ਲੁੱਡੀਆਂ ਪਾਉਂਦਾ ਲਿਆਉਂਦਾ ਸੀ ਪੁਐਂਟ ! ਜੀਹਦਾ ਗੁੱਟ ਫੜ ਲੈਂਦਾਂ,  ਅਗਲੇ ਦੀ ਕਿਆ ਮਜਾਲ ਕਿ ਛਡਾ  ਲਵੇ !  ਗਿੱਚੀ 'ਚ ਧੱਫ਼ਾ ਮਾਰਕੇ ਬੰਦੇ ਦਾ ਮੂੰਹ ਗੱਡ ਦਿੰਦਾ ਸੀ ਧਰਤੀ ਬਿੱਚ ! ਇੱਕ ਨੂੰ ਤਾਂ ਮੈਂ ਮੋਢਿਆਂ ਪਰ ਚਕ ਲਿਆਇਆ ਆਪਣੇ ਪਾਲ਼ੇ ਬਿੱਚ !
       ਕੁਮੈਂਟਰੀ ਵਾਲਾ ਕਹਿੰਦਾ  "ਲਓ ਬਈ ਸਕਰੁੱਲਾਂਪੁਰੀਆ ਗੰਢਾ ਸਿਹੁੰ ਤਾਂ ਅੱਜ 'ਗੰਡਾਸਾ ' ਈ ਬਣ ਗਿਆ ਭਾਈ,  ਜੁਆਨ ਦਾ ਹੌਂਸਲਾ ਦੇਖੋ? ਸੁਆਦ ਲਿਆ 'ਤਾ ਬਈ ਖਲ੍ਹਾਰ ਦਾ !!  .ਨੰਬਰ ਵੱਢ. -ਵੱਢ ਕੇ ਲਿਆ ਰਿਹੈ ! "

    ....  ਬਸ ਉਸ ਦਿਨ ਤੋਂ ਮੇਰਾ ਨਾਉਂ"ਗੰਡਾਸਾ "ਈ ਪੈ ਗਿਆ !  ਇਹ ਗੱਲ ਲਗਭਗ ਤੀਹ -ਪੈਂਤੀ ਸਾਲ ਪੁਰਾਣੀ ਹੋਊ   ....ਉਦੋਂ ਤਾਂ ਤੈਨੂੰ ਸੋਝੀ ਬੀ ਨੀ  ਹੋਣੀ 'ਲਖਾਰੀਆ !
     ਸਰੀਰ ਬਣਾਉਣੇ ਦਾ ਸੌਂਕ ਹੁੰਦਾ ਸੀ ਮੈਨੂੰ  !  ਐਬ ਕੋਈ ਕੀਤਾ ਨੀ ਕਦੇ !  ਮਿਟੀ ਦੀ ਬੋਰੀ ਭਰਕੇ ਮੋਢੇ 'ਤੇ ਰੱਖਕੇ  ਬੈਠਕਾਂ  ਮਾਰਦਾ ਹੁੰਦਾ ਸੀ ਮੈਂ !  " ਘੜੂਏਂ ਆਲ਼ੀ  ਗੋਹਰ 'ਚ ਦੌੜ ਲਾਇਆ ਕਰਦਾ ਸੀ ਤੜਕੇ -ਤੜਕੇ !  ਡੰਡ ਪੇਲਣੈ  ਭੀਮੇ ਨੇ ਅਤੇ ਮੈਂ,  ਜਿਦੋ- ਜਿਦੀ !

     ਉਦੋਂ ਸੋਚਿਆ ਕਰਦਾ ਸੀ ਸਾਰੇ ਇਨਾਮ ਘਰਵਾਲ਼ੀ ਦਖਾਇਆ ਕਰੂੰਗਾ .... ਮਾਣ ਨਾਲ਼ ! ਜਦੋਂ ਕਦੇ ਐਧਰ ਦੀ ਲੰਘਿਆ ਕਰਾਂਗੇ ਦੋਵੇਂ ਤਾਂ ਉਹਨੂੰ ਦੱਸਿਆ ਕਰੂੰਗਾ "ਐਥੇ ਮੈਂ ਦੌੜਾਂ ਲਾਇਆ ਕਰਦਾ ਸੀ..... "
          
        ਤਾਏ ਦੀ ਰੀਝ ਸੁਣਕੇ  ਮੇਰਾ ਮਨ ਜਿਹਾ  ਭਰ  ਗਿਆ !  ਮੈਨੂੰ ਲਗਿਆ , ਜੇ ਤਾਏ ਦਾ ਵਿਆਹ ਹੋ ਜਾਂਦਾ "ਤਾਈ " ਨੇ ਰੱਜ -ਰੱਜ   ਜਿਊਣਾ ਸੀ  ! ਜ਼ਿੰਦਗੀਆਂ ਜ਼ਮੀਨਾਂ -ਜਾਇਦਾਦਾਂ ਨਾਲ਼ ਥੋੜੀ, ਜ਼ਿੰਦਾਦਿਲੀ ਨਾਲ ਭੋਗ ਹੁੰਦੀਆਂ ਨੇ!  ਤਾਇਆ  ਰੱਜ ਕੇ ਜਿਉਣ ਵਾਲ਼ਾ ਬੰਦਾ ਹੀ ਤਾਂ ਐ  ! .....
                   ਇੱਕ ਵਾਰੀ ਵੋਟਾਂ ਪੈਣੀਆ ਸਨ ! ਸਾਡੇ ਪਿੰਡ 'ਚ   ਇਸ ਵਾਰ ਸਾਰੀਆਂ ਪਾਰਟੀਆਂ ਦੇ ਬੰਦੇ ਦੁਖੀ ਸਨ  ! ਕਿਸੇ ਵੀ ਪਾਰਟੀ ਨੇ ਪਿੰਡ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਸਨ !  ਸੋ ਫ਼ੈਸਲਾ ਹੋਇਆ ਕਿ ਉਨਾਂ ਪਾਰਟੀਆਂ ਦੇ ਲੀਡਰਾਂ ਨੂੰ ਪਿੰਡ ਬੁਲਾ ਕੇ ਖਰੀਆ- ਖਰੀਆਂ ਸੁਣਾਈਆਂ ਜਾਣ ਨਾਲ਼ੇ ਉਨਾਂ ਲੀਡਰਾਂ ਦਾ ਬਾਈਕਾਟ ਕੀਤਾ ਜਾਵੇ !

       ਪਾਰਟੀਆਂ ਦੇ ਲੀਡਰਾਂ ਨੂੰ ਬੁਲਾਇਆ ਗਿਆ!  ਚੌਂਕ ਵਿੱਚ 'ਕੱਠ ਹੋਇਆ!  ਲੀਡਰਾਂ ਨੂੰ ਕੁਰਸੀਆਂ ਦਿਤੀਆਂ ਗਈਆਂ!  ਬਾਕੀ ਪਿੰਡ ਵਾਲੇ ਦਰੀਆਂ ਉਤੇ ਬੈਠ ਗਏ !  

          ਹੁਣ, ਤਾਏ ਬਿਨਾਂ ਖ਼ਰੀਆਂ -ਖ਼ਰੀਆਂ ਕੌਣ  ਸੁਣਾਉਂਦਾ??? ਸੋ ਤਾਏ ਨੂੰ ਸਾਰਾ ਪ੍ਰੋਗਾਮ ਸਮਝਾਕੇ ਮਾਇਕ ਫ਼ੜਾਇਆ ਗਿਆ!
"   ਵਾਹਿਗੁਰੂ ਜੀ ਕਾ ਖਾਲਸਾ ..ਵਾਹੇਗੁਰੂ ਜੀ ਕੀ ਫ਼ਤਿਹ !
    .....ਅੱਜ ਆਪਣੇ ਨਗਰ ਵਿੱਚ ਕਈ ਪਾਲਟੀਆਂ ਦੇ  ਲੀਡਰ ਆਏ ਹੋਏ ਹਨ ਭਾਈ ... ਆਪਾਂ ਨੇ ਸਭ ਨੂੰ ਵਾਰੀ- ਵਾਰੀ ਵੋਟਾਂ ਪਾਈਆਂ ਹੋਈਐਂ !  ਇਹ ਵਾਰੀ ਵਾਰੀ  ਜਿੱਤੇ ਐ ! ਪਰ ਆਪਣੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ! ਜਿਉਂ ਦਾ ਤਿਉਂ ਪਿਆ ਸਾਰਾ ਕੁਝ ! ਮੰਗਾਂ ਦਾ  ਆਪਾਂ ਨੂੰ  ਸਭ ਨੂੰ ਪਤੈ  !  ਸੋ ਇਨਾਂ ਲੀਡਰਾਂ ਨੂੰ ਪੁਛਣ ਤੋਂ ਪਹਿਲਾਂ ਪਿੰਡ ਵਾਲਿਆਂ ਨੂੰ ਵੀ ਪੁਛਣੈ ਬਣਦੈ ,

   ..ਸੋ ਹੋ ਜਾਉ ਤਿਆਰ ਸਾਰੇ  !
...ਕੱਠ 'ਚੋਂ ਉਹ ਬੰਦਾ ਹੱਥ ਖ਼ੜਾ ਕਰੋ ਜਿਹਨੇ ਵੋਟਾਂ ਦੀ ਦਾਰੂ ਨਹੀਂ ਪੀਤੀ ! ਹੈ ਕੋਈ ! ਦੇਖਿਉ ਕਿਤੇ ਝੂਠ ਨਾ ਬੋਲ ਦਿਓ ... ਅਗਲੇ- ਪਿਛਲੇ  ਸਭ ਬਰਕੇ  ਫ਼ੋਲ ਦੂੰ  ਉਹਦੇ!
... ਲੰਗਰ ਲੱਗੇ ਹੋਏ ਸੀ ਇਨਾਂ ਪਾਲਟੀਆਂ ਦੇ ! ਲੋਕ ਲਿਟਦੇ ਫ਼ਿਰਦੇ ਸੀ ! ਪੰਦਰਾਂ ਦਿਨ ਤਾਂ ਗਲ਼ੀਆ 'ਚ ਲਲਕਾਰੇ ਵੱਜਦੇ ਰਹੇ ! ਸਾਊ ਬੰਦੇ ਘਰੋਂ  ਨਿਕਲਣੇ ਬੰਦ ਕਰਤੇ ਸੀ ! ਜਿਹਨੇ ਦਾਰੂ ਨੀ ਪੀਤੀ ਉਹਨੂੰ ਪੈਸੇ ਨਾਲ ਪਲੋਸ ਲਿਆ ! ਤੀਮੀਆਂ ਵੀ ਪਿਛੇ ਨੀ ਰੲ੍ਹੀਆਂ , ਉਨਾਂ ਨੂੰ ਬੱਤਿਆਂ ਦੀਆਂ ਬੋਤਲਾਂ ਦੇ 'ਤੀਆਂ  ! ਗਰੀਬ ਗੁਰਬਿਆਂ ਦੇ ਘਰ ਤਾਂ ਆਟਾ  -ਦਾਣਾ ਬੀ ਸੁਟਿਆ ਗਿਆ ਉਦੋਂ !

             ..ਜਿਨ੍ਹਾਂ ਨੇ ਆਪਣੇ ਮਨ ਦੀ ਸੁਣਕੇ ਵੋਟ ਪਾਈ ਉਹ ਅੱਜ ਐਸ 'ਕੱਠ ਨੀ ਆਏ ! ਮੈਂ ਜਾਂਣਦਾਂ ਸਭ ਕੁੱਝ ! "ਪੰਜਾਹ ਪਿੰਡਾਂ ਨਾਲ਼ ਵਾਹ  ਰਿਹੈ ਮੇਰਾ,  ਜੁਆਨੀ ਪਹਿਰੇ ਤੋਂ !  ਬੰਦੇ ਈ ਪਰਖੇ ਐ ਹੁਣ ਤੱਕ !"
     ......ਆਹ ਹਾਈ ਸਕੂਲ ਦੇ ਨੇੜੇ ਦੇਖਲੋ .. ਟੋਭੇ ਦਾ ਕੋਈ ਹਾਲ ਐ  ?  ਨਿਰਾ ਗੰਦ ! ਜੁਆਕ ਥੋਡੇ ਪੜ੍ਹਦੇ ਐ ਐਥੇ! ਸਾਰਾ ਪਿੰਡ ਗੁਰੂਦਆਰਿਆਂ ਤੇ ਪੈਸੇ ਥੱਪੀ ਜਾਂਦੈ ! ਲਿਸ਼ਕਾਏ ਐਂ   ਪਏ ਆ ਸਾਰੇ ਜਿਵੇਂ ਰੱਬ ਸਾਡੇ ਪਿੰਡ 'ਚ ਈ ਰਹਿੰਦੈ !  ਦਬਾਨ ਲਾ- ਲਾ  ਕੇ ਬਾਬਿਆਂ ਨੂੰ ਮਾਇਆ ਲਟਾਈ ਜਾਂਦੈ ਅੱਧਾ ਪਿੰਡ ..!.. ਅੱਧੇ ਕੁ  ਸੱਭਿਆਚਾਰਕ ਮੇਲਿਆਂ ਦੇ ਨਾਉਂ 'ਤੇ ਕੰਜਰ ਗਿੱਧਾ ਪੁਆਉਣ ਲੱਗ ਗੇ ਹੁਣ ... ਅਖੇ ਸੇਵਾ ਕਰਦੇ ਆਂ ..ਦੁਰਰ ਫ਼ਿਟੇ ਮੂੰਹ ਐਹੋ ਜ੍ਹੀ ਸੇਵਾ ਦੇ ! ਆਵਾ ਈ ਊਤਿਆ ਪਿਐ !!

            ਲੀਡਰਾਂ ਵੱਲ  ਉਂਗਲ਼ੀ ਕਰਕੇ  ਤਾਇਆ  ਕਹਿੰਦਾ "ਇਹ ਸਾਰੇ  ਇਕੋ ਐ,   ਸੁਆਰ ਕੇ ਦੇਖੋ   ਐਨਕਾਂ ਲਾ ਕੇ, ਇਨਾਂ ਕਨੀਂ !  ਜੇ ਦਾਰੂ ਐਦਾਂ ਈ ਆਉਂਦੀ ਰਹੀ ਤਾਂ ਇਨਾਂ ਨੇ ਪਿੰਡ- ਪਿੰਡ ਠੇਕੇ ਖੋਲ੍ ਦੇਣੇ ਐਂ, ਪਹਿਲਾਂ  ਥੌਡੀਆਂ ਨਸਲਾਂ ਨੂੰ ਕਮਲ਼ੀਆਂ ਕਰਨਗੇ ਤੇ ਮਗਰੋਂ ਕਰਨਗੇ ਰਾਜ! ਜਿਵੇਂ ਤੁਸੀ ਰੁਲ਼ਦੇ ਫ਼ਿਰਦੇ ਓਂ ...ਜੁਆਕ ਵੀ ਐਦਾਂ ਈ ਰੁਲ਼ਣਗੇ!  ਕਮਲਿਉ ਇਹਨਾਂ ਦੇ ਸਿਰਾਂ  ਉਪਰ ਟਾਟੇ - ਬਿਰਲਿਆਂ ਦਾ ਹੱਥ ਐ  ! ਇਹ  ਉਨ੍ਹਾਂ ਦੇ ਸੇਵਾਦਾਰ ਐ ! ਆਪਾਂ ਨੂੰ ਤਾਂ ਵੋਟਾਂ ਵੇਲ਼ੇ ਮਿਲਣ ਆੳਂਦੇ ਆ ਬਸ!   ਅਖੇ: ਪੈਸਾ ਖੋਟਾ ਆਪਣਾ ਬਾਣੀਏ ਨੂੰ ਕਿਆ ਦੋਸ !
ਸਾਰੇ 'ਕੱਠ 'ਚ ਸੁੰਨ ਪਸਰ ਗਈ ਸੀ !
    ਅੱਧਿਆਂ ਦੀਆਂ ਗਰਦਨਾਂ ਐਂ ਮੂਹਰੇ ਨੂੰ ਗਿਰੀਆਂ ਪਈਆਂ ਸਨ ਜਿਵੇਂ' ਗੰਡਾਸੇ' ਦੇ  ਟੱਕ ਵੱਜੇ ਹੋਣ!
          ਤਾਏ ਨੇ ਆਖਰ 'ਚ  ਬੜੇ ਠਰੰਮੇ ਨਾਲ਼ ਕਿਹਾ ਸੀ!

      " ਮੈਂ  ਇਨਾਂ ਲੀਡਰਾਂ ਨੂੰ ਆਪਣਾ ਨਾਉਂ ਬੀ ਦੱਸ ਦਿੰਨੈਂ , ਐਵੇਂ ਕਿਸੇ ਕਿਸੇ ਨੂੰ ਪੁਛਦੇ ਫ਼ਿਰਨਗੇ !
 
ਨਾਉਂ ਤਾਂ ਮੇਰਾ  " ਗੰਢਾ ਸਿੰਘ " ਹੈ,...ਪਰ ਤੁਸੀਂ " ਗੰਡਾਸਾ " ਯਾਦ  ਰੱਖਿਓ  !!!!
    ਵਾਹੇਗੁਰੁ ਜੀ ਕਾ ਖ਼ਾਲਸਾ! ਵਾਹੇਗੁਰ ਜੀ ਕੀ ਫ਼ਤਿਹ !!!
       ਮੈਂ ਸੁਣਦਿਆਂ ਸਾਰ ਈ  ਮਨ ''ਚ ਕਿਹਾ 'ਬੱਲੇ ਉਏ !! ਤਾਇਆ  ਤੇਰੇ, ਨਹੀਂ ਰੀਸਾਂ  ਤੇਰੀਆਂ!! ਅੱ ਜ ਫੇਰ ਗੰਡਾਸਾ ਫ਼ੇਰਤਾ  ....!!
       
         ਤਾਏ ਦੀ ਇਹ ਦਸ -ਬਾਰਾਂ ਸਾਲ ਪਹਿਲਾਂ ਸੁਣੀ ਤਕਰੀਰ ਮੇਰੇ ਕੰਨਾਂ 'ਚ ਗੂੰਜਦੀ ਰਹਿੰਦੀ ਐ ...........!!!!!!
                           ਤਾਇਆ ਜ਼ਿੰਦਾਬਾਦ !

                  ਸੰਪਰਕ: +91 94632 89212


Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ