Sat, 20 April 2024
Your Visitor Number :-   6987259
SuhisaverSuhisaver Suhisaver

ਲੋਕ ਸਭਾ ਚੋਣਾਂ 'ਚ ਪੰਜਾਬ ਦੇ ਮਿਜਾਜ਼ ਨੂੰ ਪੜਦਿਆਂ -ਤਰਨਦੀਪ ਬਿਲਾਸਪੁਰ

Posted on:- 09-05-2019

suhisaver

2019 ਦੇ ਅਪ੍ਰੈਲ ਮਈ ਮਹੀਨੇ ਵਿਚ 17 ਵੀਂ ਲੋਕ ਸਭਾ ਦੇ 543 ਮੈਂਬਰਾਂ ਨੂੰ ਚੁਨਣ ਲਈ ਮੁਲਕ ਦੇ 81 ਕਰੋੜ ਲੋਕ ਵੋਟ ਦਾ ਅਧਿਕਾਰ ਰੱਖਦੇ ਹਨ ਤੇ ਮੰਨਿਆ ਜਾ ਰਿਹਾ ਕਿ 50 ਤੋਂ 60 ਕਰੋੜ ਦੇ ਵਿਚਕਾਰ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਵੀ ਕਰਨਗੇ । ਹਾਲਾਂਕਿ ਜਦੋਂ ਅਸੀਂ ਸਮੁੱਚੇ ਭਾਰਤ ਵਿਚ ਆਪਣੇ ਪਿਤਰੀ ਸੂਬੇ ਪੰਜਾਬ ਦੀ ਗੱਲ ਕਰਦੇ ਹਨ ਤਾਂ ਪੰਜਾਬ ਵਿਚ ਤੇਰਾਂ ਲੋਕ ਸਭਾ ਹਲਕੇ ਤੇ ਇੱਕ ਕਰੋੜ ਪੰਜਾਹ ਲੱਖ ਦੇ ਕਰੀਬ ਵੋਟਰ ਹਨ । ਜੋ 19 ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਆਪਣੇ ਵੋਟ ਦੇ ਹੱਕ ਦਾ ਇਸਤਮਾਲ ਕਰ ਸਕਦੇ ਹਨ । ਕੌਮੀ ਤੌਰ ਤੇ ਪੰਜਾਬ ਹਮੇਸ਼ਾਂ ਹੀ ਵੱਖਰੀ ਤਾਸੀਰ ਦਾ ਸੂਬਾ ਮੰਨਿਆ ਜਾਂਦਾ ਹੈ । ਇਸ ਬਾਰ ਵੀ ਪੰਜਾਬ ਵਿਚ ਮੁਲਕ ਭਰ ਤੋਂ ਵੱਖਰੇ ਤਰੀਕੇ ਨਾਲ ਚੋਣ ਲੜੀ ਜਾ ਰਹੀ ਹੈ । ਕਿਸੇ ਇੱਕ ਪਾਰਟੀ ਦੀ ਹਵਾ ਨਹੀਂ ਵਗ ਰਹੀ , ਉਮੀਦਵਾਰਾਂ ਦੇ ਕਿਰਦਾਰ ,ਲੋਕਲ ਮੁੱਦੇ , ਗੁਰੂ ਗਰੰਥ ਸਾਹਿਬ ਦੇ ਬੇਅਦਵੀ , ਨਸ਼ੇ ,ਬੇਰੁਜ਼ਗਾਰੀ ਤੇ ਪੰਜਾਬ ਦੀ ਪਲੀਤ ਹੋ ਰਹੀ ਆਬੋ ਹਵਾ ਤੇ ਕਿਸਾਨੀ ਦੀ ਗੱਲ ਚੋਣ ਜਲਸਿਆਂ ਅਤੇ ਲੋਕਾਂ ਦੀਆਂ ਸੱਥਾਂ ਵਿਚ ਹੋ ਰਹੀ ਹੈ ।

ਪੰਜਾਬ ਵਿਚ ਮੁਕਾਬਲਾ ਕਰ ਰਹੀਆਂ ਮੁੱਖ ਚਾਰ ਧਿਰਾਂ ਹਨ ,ਜਿਹਨਾਂ ਵਿਚ  ਸੱਤਾਧਾਰੀ ਕਾਂਗਰਸ ,ਅਕਾਲੀ ਭਾਜਪਾ ਗਠਜੋੜ , ਛੇ ਪਾਰਟੀਆਂ ਦਾ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ.ਡੀ.ਏ) ਅਤੇ ਆਮ ਆਦਮੀ ਪਾਰਟੀ ਸ਼ਾਮਿਲ ਹਨ । ਇਸ ਤੋਂ ਇਲਾਵਾ ਟਕਸਾਲੀ ਅਕਾਲੀ ਦਲ ,ਸ਼ਿਰੋਮਣੀ ਅਕਾਲੀ ਦਲ ਅਮ੍ਰਿਤਸਰ , ਸੀ.ਪੀ.ਐਮ ,ਸੀ.ਪੀ.ਆਈ (ਐਮ ਐਲ.) ਸਮੇਤ ਕਾਫੀ ਅਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਆਪਣੀ ਹਾਜ਼ਰੀ ਲਗਵਾ ਰਹੇ ਹਨ ।

ਇਸ ਲੇਖ ਵਿਚ ਅਸੀਂ ਹਲਕਾ ਅਧਾਰ ਤੇ ਗਰਾਊਂਡ ਰਿਪੋਰਟ ਦੇਣ ਦੀ ਕੋਸ਼ਿਸ ਕਰਾਂਗੇ । ਜੋ ਸਿਆਸੀ ਮਾਹਿਰਾਂ ਅਤੇ ਪੱਤਰਕਾਰਾਂ ਨਾਲ ਰਾਇ ਤੋਂ ਬਾਅਦ ਤਿਆਰ ਕੀਤੀ ਗਈ ਹੈ । ਪੰਜਾਬ ਦੇ ਸੱਤ ਲੋਕ ਸਭਾ ਹਲਕੇ ਅਜਿਹੇ ਹਨ ਕਿ ਜਿਥੇ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਵਿਚ ਸਿੱਧਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ । ਪਰ ਬਾਕੀ ਛੇ ਹਲਕੇ ਅਜਿਹੇ ਹਨ ਜਿਹਨਾਂ ਤੇ ਮੁਕਾਬਲੇ ਤਿੰਨ ਕੋਨੇ ਹਨ । ਜਿਥੇ ਪੀ.ਡੀ.ਏ ਉਮੀਦਵਾਰ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਕਾਬਲੇ ਨੂੰ ਸਖ਼ਤ ਹੀ ਨਹੀਂ ਬਣਾ ਰਹੇ ਸਗੋਂ ਮੁਕਾਬਲੇ ਨੂੰ ਜਿੱਤ ਵਿਚ ਵੀ ਬਦਲਣ ਦਾ ਮਾਦਾ ਰੱਖਦੇ ਹਨ । ਅਸੀਂ ਹਲਕਿਆਂ ਦੀ ਦਰਜਾਬੰਦੀ ਅਨੁਸਾਰ ਚੱਲਾਂਗੇ ।

1 ਗੁਰਦਾਸਪੁਰ

ਗੁਰਦਾਸਪੁਰ ਲੋਕ ਸਭਾ ਹਲਕਾ ਬਾਰਡਰ ਏਰੀਆ ਦੇ ਨਾਲ ਨਾਲ ਸਿਵਾਲਿਕ ਦੀਆਂ ਪਹਾੜੀਆਂ ਨਾਲ ਵੀ ਲੱਗਦਾ ਹੈ । ਇਥੇ ਕਾਂਗਰਸ ਵਲੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜਿਥੇ ਚੋਣ ਮੈਦਾਨ ਵਿਚ ਹਨ । ਉੱਥੇ ਹੀ ਭਾਜਪਾ ਵਲੋਂ ਬਾਲੀਵੁੱਡ ਦੇ ਸਟਾਰ ਤੇ ਧਰਮਿੰਦਰ ਦੇ ਪੁੱਤ ਸਨੀ ਦਿਓਲ ਨੂੰ ਉਤਾਰ ਕੇ ਸਮੁੱਚੇ ਪੰਜਾਬ ਦੀ ਨਜ਼ਰ ਗੁਰਦਾਸਪੁਰ ਵੱਲ ਮੋੜ ਦਿੱਤੀ ਹੈ । ਹਾਲਾਂਕਿ ਆਪ ਦੇ ਪੀਟਰ ਮਸੀਹ ਤੇ ਪੀ.ਡੀ.ਏ ਡੀ ਭਾਈਵਾਲ ਮੰਗਤ ਰਾਮ ਪਾਸਲਾ ਦੀ ਪਾਰਟੀ ਆਰ ਐਮ ਪੀ ਵਲੋਂ ਲਾਲ ਚੰਦ ਵੀ ਹਾਜ਼ਰੀ ਲਗਵਾ ਰਹੇ ਹਨ । ਪਰ ਇਥੇ ਮੁੱਖ ਤੇ ਕਾਂਟੇ ਦਾ ਮੁਕਾਬਲਾ ਸੁਨੀਲ ਜਾਖੜ ਤੇ ਸਨੀ ਦਿਓਲ ਵਿਚਕਾਰ ਹੈ । ਸ਼ੁਰੂਆਤੀ ਦੌਰ ਵਿਚ ਸੁਨੀਲ ਜਾਖੜ ਤੇ ਕਾਂਗਰਸ ਇਸ ਸੀਟ ਨੂੰ ਜੇਤੂ ਮੰਨਕੇ ਚੱਲ ਰਹੀ ਸੀ । ਪਰ ਭਾਜਪਾ ਦੇ ਫੈਸਲੇ ਨੇ ਜਾਖੜ ਸਮੇਤ ਕਾਂਗਰਸ ਦੀਆਂ ਜੁਗਤਾਂ ਬਦਲ ਦਿੱਤੀਆਂ ਹਨ । ਭਾਜਪਾ ਪੇਂਡੂ ਖੇਤਰ ਵਿਚ ਸਨੀ ਦਿਓਲ ਦੇ ਜੱਟ ਹੋਣ ਤੇ ਸ਼ਹਿਰੀ ਖੇਤਰ ਵਿਚ ਆਰੀਆ ਸਮਾਜੀ ਹੋਣ ਨੂੰ ਸਿਆਸੀ ਤੌਰ ਤੇ ਭੁੰਨ ਰਹੀ ਹੈ । ਸੁਨੀਲ ਜਾਖੜ ਦਾ ਖੁਦ ਬਾਹਰੀ ਹੋਣਾ ਸਨੀ ਦਿਓਲ ਦੇ ਵੀ ਖੂਬ ਰਾਸ ਆ ਰਿਹਾ ਹੈ । ਪਰ ਸੁਨੀਲ ਜਾਖੜ ਕੋਲ ਜਿਥੇ 9 ਵਿਚੋਂ 7 ਵਿਧਾਇਕ ਹਨ ,ਉੱਥੇ ਭਾਸ਼ਣ ਕਲਾ ਦੇ ਨਾਲ ਉਹ ਐਕਟਰ ਤੋਂ ਸਿਆਸਤਦਾਨ ਬਣੇ ਸਨੀ ਦਿਓਲ ਨੂੰ ਖੂਬ ਰਗੜੇ ਲਾ ਰਹੇ ਹਨ ।  ਸੋ ਇਸ ਹਲਕੇ ਵਿਚ ਮੁਕਾਬਲਾ ਦੋਵਾਂ ਧਿਰਾਂ ਵਿਚ 50 -50 ਤੇ ਆਕੇ ਖੜ ਗਿਆ ਹੈ ।

2 ਸ੍ਰੀ ਅਮ੍ਰਿਤਸਰ ਸਾਹਿਬ
ਅੰਮ੍ਰਿਤਸਰ ਦੀ ਸਿਆਸੀ ਚੋਣ ਇਸ ਬਾਰ ਪਿਛਲੇ ਬਾਰ ਜਿੰਨੀ ਤਾਂ ਦਿਲਚਸਪ ਨਹੀਂ । ਪਰ ਫਿਰ ਵੀ ਇਥੇ ਮੁਕਾਬਲਾ ਰਵਾਇਤੀ ਅਕਾਲੀ ਭਾਜਪਾ ਤੇ ਕਾਂਗਰਸ ਵਿਚਕਾਰ ਹੀ ਹੈ । ਕਾਂਗਰਸ ਵਲੋਂ ਜਿਥੇ ਮਜੂਦਾ ਐਮ.ਪੀ ਗੁਰਜੀਤ ਸਿੰਘ ਔਜਲਾ ਚੋਣ ਮੈਦਾਨ ਵਿਚ ਹਨ । ਉੱਥੇ ਹੀ ਭਾਜਪਾ ਨੇ ਇਸ ਬਾਰ ਫੇਰ ਪੈਰਾਸ਼ੂਟ ਰਾਹੀਂ ਕੇਂਦਰੀ ਮੰਤਰੀ ਤੇ ਸਾਬਕਾ ਡਿਪਲੋਮੈਟ ਹਰਦੀਪ ਸਿੰਘ ਪੁਰੀ ਨੂੰ ਮੈਦਾਨ ਵਿਚ ਉਤਾਰਿਆ ਹੈ । ਜਿਹਨਾਂ ਨੂੰ ਔਜਲਾ ਦੇ ਮੁਕਾਬਲੇ ਜਿਆਦਾ ਪਸੀਨਾ ਵਹਾਉਣਾ ਪੈ ਰਿਹਾ ਹੈ । ਬਾਕੀ ਇਸ ਬਾਰ ਬਿਕਰਮਜੀਤ ਸਿੰਘ ਮਜੀਠੀਆ ਦੀ ਗੈਰ ਹਾਜ਼ਰੀ ਤੇ ਸਿੱਧੂ ਜੋੜੇ ਦਾ ਗੈਰ ਸਰਗਰਮ ਹੋਣਾ ਦੋਵਾਂ ਧਿਰਾਂ ਲਈ ਬਰਾਬਰ ਹੋਣ ਵਾਂਗ ਹੀ ਹੈ । ਇਸਤੋਂ ਇਲਾਵਾ ਇਸ ਹਲਕੇ ਵਿਚ ਆਪ ਦੇ ਕੁਲਦੀਪ ਸਿੰਘ ਧਾਲੀਵਾਲ ਤੇ ਪੀ.ਡੀ.ਏ ਡੀ ਦਸਵਿੰਦਰ ਕੌਰ ਸੀ.ਪੀ.ਆਈ ਵਲੋਂ ਆਪਣੀਆਂ ਧਿਰਾਂ ਦੀ ਵੋਟ ਪ੍ਰਤੀਸ਼ਤ ਨੂੰ ਵਧਾਉਣ ਦੀ ਕੋਸ਼ਿਸ ਵਿਚ ਹਨ । ਪਰ ਅਮ੍ਰਿਤਸਰ ਵਿਚ ਹਾਲ ਦੀ ਘੜੀ ਮਜੂਦਾ ਐਮ.ਪੀ ਗੁਰਜੀਤ ਸਿੰਘ ਔਜਲਾ ਦਾ ਅੰਦਰੂਨੀ ਕਾਂਗਰਸੀ ਵਿਰੋਧ ਦੇ ਬਾਵਜੂਦ ਵੀ ਹੱਥ ਬਾਹਰੀ ਹਰਦੀਪ ਸਿੰਘ ਪੁਰੀ ਤੋਂ ਉਚਾ ਨਜ਼ਰ ਆ ਰਿਹਾ ਹੈ ।

3 ਖਡੂਰ ਸਾਹਿਬ
ਖਡੂਰ ਸਾਹਿਬ ਇਸ ਸਮੇਂ ਸਮੁੱਚੇ ਪੰਜਾਬ ਹੀ ਨਹੀਂ ਸੰਸਾਰ ਭਰ ਦੇ ਪੰਜਾਬੀਆਂ ਲਈ ਦਿਲਚਸਪੀ ਦਾ ਸਬੱਬ ਬਣਿਆ ਹੋਇਆ ਹੈ । ਇਹ ਪੰਜਾਬ ਦਾ ਇੱਕੋ ਇੱਕ ਅਜਿਹਾ ਹਲਕਾ ਹੈ ਜੋ ਖਿੱਤਾ ਅਧਾਰ ਤੇ ਮਾਝੇ ਮਾਲਵੇ ਤੇ ਦੁਆਬੇ ਤਿੰਨਾ ਵਿਚ ਪਸਰਿਆ ਹੋਇਆ ਹੈ । ਇਸ ਹਲਕੇ ਵਿਚ ਪੰਜਾਬ ਦਾ ਇੱਕ ਜਬਰਦਸਤ ਤਿਕੋਣਾ ਮੁਕਾਬਲਾ ਹੋ ਰਿਹਾ ਹੈ । ਜਿੱਥੇ ਪੀ.ਡੀ.ਏ ਦੀ ਪੰਜਾਬ ਏਕਤਾ ਪਾਰਟੀ ਵਲੋਂ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜਿਹਨਾਂ ਨੂੰ ਅਕਾਲੀ ਦਲ ਦੀ ਬਾਗੀ ਧਿਰ ਟਕਸਾਲੀ ਅਕਾਲੀ ਦਲ ਤੇ ਮਜੂਦਾ ਐਮ.ਪੀ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੀ ਸਮਰਥਨ ਹੈ  , ਉੱਥੇ ਕਾਂਗਰਸ ਵਲੋਂ ਦਬੰਗ ਜਸਬੀਰ ਸਿੰਘ ਡਿੰਪਾ ਤੇ ਅਕਾਲੀ ਭਾਜਪਾ ਵਲੋਂ ਸਾਬਕਾ ਮੰਤਰੀ ਤੇ ਐਸ.ਜੀ.ਪੀ.ਸੀ ਦੀ ਪ੍ਰਧਾਨ ਰਹਿ ਚੁੱਕੀ ਪ੍ਰਧਾਨ ਬੀਬੀ ਜਾਗੀਰ ਕੌਰ ਉਮੀਦਵਾਰ ਹਨ । ਖਡੂਰ ਸਾਹਿਬ ਦੀ ਚੋਣ ਵਿਚ ਇੱਕ ਬਾਰ ਫੇਰ ਪੰਜਾਬ ਦੇ ਕਾਲੇ ਦੌਰ ਤੇ ਝੂਠੇ ਪੁਲਸ ਮੁਕਾਬਲਿਆਂ ਦਾ ਮੁੱਦਾ ਮੁੱਖ ਧਾਰਾ ਵਿਚ ਲੈ ਆਂਦਾ ਹੈ । ਉੱਥੇ ਹੀ ਬੇਅਦਵੀ ਦੇ ਮੁੱਦੇ ਨੇ ਵੀ ਬੀਬੀ ਖਾਲੜਾ ਨੂੰ ਮਜਬੂਤ ਉਮੀਦਵਾਰ ਵਜੋਂ ਪੇਸ਼ ਕੀਤਾ ਹੈ । ਪਰ ਜਸਬੀਰ ਸਿੰਘ ਡਿੰਪਾ ਦੀ ਇਸ ਇਲਾਕੇ ਵਿਚ ਪਕੜ ਤੇ ਮਜੂਦਾ ਸਰਕਾਰ ਹੋਣੀ ਤੇ ਅਕਾਲੀਆਂ ਦਾ ਰਿਵਾਇਤੀ ਹਲਕਾ ਹੋਣਾ ਮੁਕਾਬਲੇ ਨੂੰ ਸਖ਼ਤ ਤੇ ਤਿਕੋਣਾ ਕਰ ਦਿੰਦਾ ਹੈ । ਮੰਨਿਆ ਇਹ ਜਾ ਰਿਹਾ ਹੈ ਕਿ ਇਸ ਹਲਕੇ ਵਿਚ ਜਿੱਤ ਹਾਰ ਦਾ ਫਰਕ ਥੋੜਾ ਤੇ ਅਣਕਿਆਸਾ ਰਹਿਣ ਦੀ ਉਮੀਦ ਹੈ ।

4 - ਜਲੰਧਰ (ਰਿਜ਼ਰਵ)
ਜਲੰਧਰ ਪੰਜਾਬ ਦੀ ਦਲਿਤ ਸਿਆਸਤ ਵਿਚ ਸਿਰਮੌਰ ਹਲਕਾ ਹੈ । ਜਿਥੋਂ ਦਲਿਤ ਆਗੂ ਪੰਜਾਬ ਹੀ ਨਹੀਂ ਕੌਮੀ ਫਰੇਮ ਵਿਚ ਵੀ ਹਾਜ਼ਰੀ ਲਵਾਉਂਦੇ ਤੇ ਪ੍ਰਭਾਵ ਪਾਉਂਦੇ ਰਹੇ ਹਨ । ਜਲੰਧਰ ਵਿਚ ਇਸ ਬਾਰ ਵੋਟਰ ਦੇ ਰੁੱਖ ਵਿਚ ਚੁੱਪ ਪਸਰੀ ਹੋਈ ਹੈ । ਪਾਰਟੀਆਂ ਦੀ ਅੰਦਰਲੀ ਟੁੱਟ ਭੱਜ ਦਾ ਸਾਹਮਣਾ ਸਾਰੀਆਂ ਧਿਰਾਂ ਕਰ ਰਹੀਆਂ ਹਨ । ਪਰ ਫਿਰ ਵੀ ਸਮੁੱਚੇ ਅਧਾਰ ਤੋਂ ਇਥੇ ਮੁਕਾਬਲਾ ਤਿਕੋਣਾ ਤੇ ਗਹਿ-ਗੱਚ ਬਣਨ ਦੀਆਂ ਸੰਭਾਵਨਾਵਾਂ ਵੀ ਦੇਖਿਆ ਜਾ ਰਹੀਆਂ ਹਨ । ਜਲੰਧਰ ਵਿਚ ਇਸ ਬਾਰ ਫੇਰ ਬਸਪਾ ਜਲੋਅ ਵਿਚ ਹੀ ਨਜ਼ਰ ਨਹੀਂ ਆ ਰਹੀ ਸਗੋਂ ਪੀ.ਡੀ.ਏ ਦੀ ਤੀਸਰੀ ਤਾਕਤਵਰ ਸੀਟ ਵਜੋਂ ਚੋਣ ਲੜ ਰਹੀ ਹੈ । ਇਸ ਹਲਕੇ ਵਿਚ ਕਾਂਗਰਸ ਵਲੋਂ ਪਿਛਲੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ,ਅਕਾਲੀ ਭਾਜਪਾ ਵਲੋਂ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਤੇ ਪੀ.ਡੀ.ਏ ਵਲੋਂ ਬਸਪਾ ਦੇ ਬਲਵਿੰਦਰ ਕੁਮਾਰ ਚੋਣ ਮੈਦਾਨ ਵਿਚ ਹਨ । ਹਾਲਾਂਕਿ ਆਪ ਦੇ ਜਸਟਿਸ ਜੋਰਾ ਸਿੰਘ ਵੀ ਚੋਣ ਲੜ ਰਹੇ ਹਨ ਪਰ ਆਪ ਦਾ ਪਿਛਲੀ ਬਾਰ ਵਾਲਾ ਜਲੋਅ ਉਹਨਾਂ ਦੀ ਚੋਣ ਮੁਹਿੰਮ ਵਿਚੋਂ ਉੱਕਾ ਹੀ ਗਾਇਬ ਹੈ । ਇਸ ਹਲਕੇ ਵਿਚ ਆਉਂਦੇ ਦਸ ਦਿਨਾਂ ਵਿਚ ਲੋਕ ਰਾਬਤੇ ਦੇ ਅਧਾਰ ਤੇ ਤਿਕੋਣੇ ਮੁਕਾਬਲੇ ਵਿਚ ਕੋਈ ਪੇਸ਼ਨਗੋਈ ਸੰਭਵ ਹੈ । ਪਰ ਚੌਧਰੀ ਸੰਤੋਖ ਸਿੰਘ ਲਈ ਇਸ ਮੌਕੇ ਮਹਿੰਦਰ ਸਿੰਘ ਕੇ.ਪੀ ਦੀ ਭੂਮਿਕਾ ਨੰਬਰ ਗਣਿਤ ਵਿਚ ਅੱਗੇ ਕਰਨ ਦੀ ਸਥਿਤੀ ਜ਼ਰੂਰ ਰੱਖਦੀ ਹੈ ।

5 - ਹੁਸ਼ਿਆਰਪੁਰ (ਰਿਜਰਵ)
ਹੁਸ਼ਿਆਰਪੁਰ ਇੱਕ ਅਜਿਹਾ ਲੋਕ ਸਭਾ ਹਲਕਾ ਹੈ । ਜਿੱਥੇ ਪੰਜਾਬ ਦੀ ਸਿਆਸਤ ਦੇ ਬਹੁਤੇ ਮਸਲੇ ਉਹਨਾਂ ਅਸਰ ਨਹੀਂ ਦਿਖਾਉਂਦੇ ,ਜਿਹਨੇ ਉਹ ਹੋਰ ਹਲਕਿਆਂ ਵਿਚ ਉੱਚੀ ਸੁਰ ਵਿਚ ਸੁਣਾਈ ਦਿੰਦੇ ਹਨ । ਹੁਸ਼ਿਆਰਪੁਰ ਸ਼ਿਵਾਲਕ ਦੀ ਗੋਦੀ ਵਿਚ ਪ੍ਰਵਾਸੀਆਂ ਦੀ ਭਰਮਾਰ ਵਾਲੇ ਹਲਕੇ ਦੇ ਨਾਲ ਨਾਲ ਸਿੱਖਿਆ ਦੀ ਦਰ ਵਿਚ ਵੀ ਸਮੁੱਚੇ ਪੰਜਾਬ ਤੋਂ ਅੱਗੇ ਹੈ । ਇਸ ਹਲਕੇ ਦਾ ਜਾਤ ਅਧਾਰਿਤ ਗਣਿਤ ਵੀ ਆਪਣੇ ਰੂਪ ਵਿਚ ਵੱਖਰਾ ਹੈ । ਇਥੇ ਇਸ ਬਾਰ ਪਿਛਲੀ ਬਾਰ ਦੇ ਤਿਕੋਣੇ ਮੁਕਾਬਲੇ ਵਿਚੋਂ ਆਮ ਆਦਮੀ ਪਾਰਟੀ ਸਮੇਤ ਸਮੁੱਚੀ ਤੀਜੀ ਧਿਰ ਗਾਇਬ ਹੈ । ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਤੇ ਭਾਜਪਾ ਦੇ ਵਿਧਾਇਕ ਤੇ ਸਾਬਕਾ ਉੱਚ ਅਧਿਕਾਰੀ ਸੋਮ ਪ੍ਰਕਾਸ਼ ਵਿਚਕਾਰ ਹੈ । ਪਰ ਮਜੂਦਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਕੱਟੀ ਗਈ ਟਿਕਟ ਤੇ ਉਹਨਾਂ ਦਾ ਸੋਮ ਪ੍ਰਕਾਸ਼ ਨਾਲ ਛੱਤੀ ਦਾ ਅੰਕੜਾ ਭਾਜਪਾ ਦੇ ਗਣਿਤ ਨੂੰ ਵਿਗਾੜ ਸਕਦਾ ਹੈ । ਓਧਰ ਰਾਜ ਕੁਮਾਰ ਚੱਬੇਵਾਲ ਵੀ ਮਹਿੰਦਰ ਸਿੰਘ ਕੇਪੀ ਦੀ ਥਾਂ ਮੈਦਾਨ ਵਿਚ ਹਨ , ਪਰ ਮਜੂਦਾ ਸਰਕਾਰ ਸਮੇਤ ਸਥਾਨਿਕ ਕਾਡਰ ਦਾ ਨਾਲ ਹੋਣਾ ਰਾਜ ਕੁਮਾਰ ਚੱਬੇਵਾਲ ਨੂੰ ਕੰਪੇਨ ਤੇ ਲੋਕ ਸਮਰਥਨ ਵਿਚ ਥੋੜਾ ਅੱਗੇ ਤੋਰ ਰਿਹਾ ਜਾਪਦਾ ਹੈ । ਹਾਲਾਂਕਿ ਇਸ ਹਲਕੇ ਵਿਚੋਂ ਬਸਪਾ ਦੇ ਰਾਹੀਂ ਪੀ.ਡੀ.ਏ ਵੀ ਆਪਣੀ ਹਾਜ਼ਰੀ ਤਾਂ ਭਰ ਰਹੀ ਹੈ । ਪਰ ਬਸਪਾ ਦੇ ਕਾਡਰ ਤੋਂ ਬਿਨਾ ਪੀ.ਡੀ.ਏ ਡੀ ਇਸ ਹਲਕੇ ਵਿਚ ਵੋਟ ਨਾਂ ਹੋਣੀ ਬਸਪਾ ਉਮੀਦਵਾਰ ਖੁਸ਼ੀ ਰਾਮ ਲਈ ਤੀਸਰੇ ਨੰਬਰ ਤੇ ਰਹਿ ਕੇ ਪਹਿਲਾ ਨਾਲੋਂ ਆਪਣੀ ਵੋਟ ਬੈਂਕ ਨੂੰ ਵਧਾਉਣਾ ਹੀ ਵੱਡਾ ਸਵਾਲ ਹੈ । ਹਾਲਾਂਕਿ ਆਪ ਉਮੀਦਵਾਰ ਰਵਜੋਤ ਸਿੰਘ ਵੀ ਆਪਣੀ ਸਿਆਸੀ ਹਾਜ਼ਰੀ ਇਸ ਹਲਕੇ ਵਿਚ ਲਗਵਾ ਰਹੇ ਹਨ । ਪਰ ਉਹਨਾਂ ਦਾ ਹੋਣਾ ਜਾਂ ਨਾ ਹੋਣਾ ਇਸ ਹਲਕੇ ਵਿਚ ਬਹੁਤ ਅਸਰ ਨਹੀਂ ਪਾ ਰਿਹਾ ।

6 - ਸ੍ਰੀ ਅਨੰਦਪੁਰ ਸਾਹਿਬ
ਅਨੰਦਪੁਰ ਸਾਹਿਬ ਵਿਚ ਜਿੱਥੇ ਦੁਆਬੇ ,ਪੁਆਧ ਤੇ ਮਾਲਵੇ ਦਾ ਮਿਸ਼ਰਣ ਹੈ । ਉੱਥੇ ਇਸ ਹਲਕੇ ਵਿਚ ਸਿੱਖ ਸਿਆਸਤ ਦਾ ਵੀ ਦਖਲ ਹੈ । ਅਨੰਦਪੁਰ ਸਾਹਿਬ ਵਿਚ ਹਾਲਾਂਕਿ ਮੁੱਖ ਮੁਕਾਬਲਾ ਅਕਾਲੀ ਭਾਜਪਾ ਗੱਠਜੋੜ ਤੇ  ਕਾਂਗਰਸ ਵਿਚ ਵੀ ਹੈ । ਪਰ ਇਥੇ ਟਕਸਾਲੀ ਅਕਾਲੀ ਦਲ ਦੇ ਬੀਰ ਦਵਿੰਦਰ ਸਿੰਘ , ਪੀ.ਡੀ.ਏ ਡੀ ਧਿਰ ਬਸਪਾ ਦੇ ਅਮੀਰ ਉਮੀਦਵਾਰ ਵਿਕਰਮ ਸਿੰਘ ਸੋਢੀ ਤੇ ਆਪ ਦੇ ਨਰਿੰਦਰ ਸਿੰਘ ਸ਼ੇਰਗਿੱਲ ਦੀ ਵੀ ਜਿਕਰਯੋਗ ਹਾਜ਼ਰੀ ਹੈ । ਅਕਾਲੀ ਦਲ ਦੇ ਮਜੂਦਾ ਸੰਸਦ ਮੈਂਬਰ ਤੇ ਸਿਆਸੀ ਘੁਲਾਟੀਏ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਤਜਰਬਾ ਤੇ ਐਮ.ਪੀ ਲੈਂਡ ਫੰਡ ਵਰਤਣ ਵਿਚ ਕਾਰਜ ਕੁਛਲਤਾ ਉਹਨਾਂ ਨੂੰ ਸਾਬਕਾ ਕੇਂਦਰੀ ਮੰਤਰੀ ਤੇ ਸੱਤਾਧਾਰੀ ਧਿਰ ਦੇ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਸਨਮੁਖ ਤਕੜੇ ਉਮੀਦਵਾਰ ਵਜੋਂ ਪੇਸ਼ ਕਰ ਰਹੀ ਹੈ । ਸਿਆਸੀ ਪੰਡਤਾਂ ਦਾ ਦੁਬਾਰਾ ਮੰਨਿਆ ਜਾ ਰਿਹਾ ਹੈ ਕਿ ਅਨੰਦਪੁਰ ਸਾਹਿਬ ਤੋਂ ਮੁਕਾਬਲਾ ਗਹਿਗੱਚ ਤੇ ਨਜ਼ਦੀਕੀ ਹੋਣ ਦੀ ਸੰਭਾਵਨਾਂ ਹੈ । ਅਕਾਲੀ ਦਲ ਲਈ ਅਨੰਦਪੁਰ ਸਾਹਿਬ ਦੀ ਜਿੱਤ ਸਿੱਖ ਸਿਆਸਤ ਵਿਚ ਸੰਜੀਵਨੀ ਵਾਂਗ ਸਾਬਿਤ ਹੋ ਸਕਦੀ ਹੈ । ਦੂਸਰੇ ਪਾਸੇ ਲੁਧਿਆਣੇ ਤੋਂ ਸਿਆਸੀ ਜ਼ਮੀਨ ਤੋਂ ਬੇਦਖਲ ਹੋ ਜਾਣ ਤੋਂ ਬਾਅਦ ਚੰਡੀਗੜ ਰਾਹੀਂ ਅਨੰਦਪੁਰ ਸਾਹਿਬ ਪਹੁੰਚੇ ਮੁਨੀਸ਼ ਤਿਵਾੜੀ ਲਈ ਉਕਤ ਚੋਣ ਸੂਲੀ ਦੀ ਬਾਜੀ ਵਰਗੀ ਜਾਪਦੀ ਹੈ ।

7 - ਲੁਧਿਆਣਾ
ਲੁਧਿਆਣਾ ਪੰਜਾਬ ਦਾ ਸਨਅਤੀ ਹਲਕਾ ਹੈ । ਸੰਗਰੂਰ ਤੋਂ ਬਾਅਦ ਇਥੇ ਤੀਸਰੀ ਧਿਰ ਦਾ ਵੋਟ ਬੈਂਕ ਹਮੇਸ਼ਾ ਦੇਖਣ ਨੂੰ ਮਿਲਿਆ ਹੈ । ਇਸ ਹਲਕੇ ਤੋਂ ਵੀ ਮੁਕਾਬਲਾ ਤਿਕੋਣਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ । ਕਾਂਗਰਸੀ ਮੰਤਰੀਆਂ ਦੀ ਕਾਰਜਵਿਧੀ ਮਜੂਦਾ ਸੰਸਦ ਮੈਂਬਰ ਤੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਸੌਖੀ ਦਾਹਵੇਦਾਰੀ ਨੂੰ ਸਾਣ ਤੇ ਲਾ ਰਹੀ ਨਜ਼ਰ ਆਉਂਦੀ ਹੈ । ਉੱਥੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਤੇ ਪੀ.ਡੀ.ਏ ਉਮੀਦਵਾਰ ਦਾ ਦਬੰਗਪੁਣਾ ਪਿੰਡਾਂ ਵਿਚ ਵੀ ਪਸੰਦ ਕੀਤਾ ਜਾ ਰਿਹਾ ਹੈ । ਜੋ ਬੈਂਸ ਨੂੰ ਪਿਛਲੀ ਬਾਰ ਲਈ ਪੌਣੇ ਦੋ ਲੱਖ ਵੋਟ ਦੇ ਮੁਕਾਬਲੇ ਇਸ ਬਾਰ ਥੋੜਾ ਅੱਗੇ ਹੀ ਨਹੀਂ ਕਰਦਾ । ਸਗੋਂ ਆਪ ਕੇਡਰ ਦੇ ਕਾਫੀ ਹੱਦ ਤੱਕ ਇਸ ਹਲਕੇ ਵਿਚ ਪੀ.ਡੀ.ਏ ਵਾਲੇ ਪਾਸੇ ਵੀ ਕਾਫੀ ਹੱਦ ਤੱਕ ਕਰਦਾ ਨਜ਼ਰ ਆ ਰਿਹਾ ਹੈ । ਇਥੇ ਅਕਾਲੀ ਭਾਜਪਾ ਵਲੋਂ ਚੋਣ ਲੜ ਰਹੇ ਸਾਬਕਾ ਮੰਤਰੀ ਤੇ ਮੁੱਖ ਮੰਤਰੀ ਦੇ ਸਲਾਹਕਾਰ ਰਹੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵੀ ਘਟਾਕੇ ਨਹੀਂ ਦੇਖਿਆ ਜਾ ਸਕਦਾ । ਲੁਧਿਆਣੇ ਸ਼ਹਿਰ ਵਿਚ ਸਵਾ ਲੱਖ ਪ੍ਰਵਾਸੀ ਮਜਦੂਰਾਂ ਵਿਚ ਮੋਦੀ ਪੱਤਾ ਵੰਡਿਆ ਜਾ ਰਿਹਾ ਹੈ । ਪਰ ਜਿਸਦੇ ਅਸਰ ਦਾ 23 ਮਈ ਨੂੰ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ । ਪਿਛਲੀ ਬਾਰ ਦੀ ਵੱਡੀ ਧਿਰ ਆਪ ਵਲੋਂ ਡਾਕਟਰ ਤੇਜਪਾਲ ਸਿੰਘ ਹਾਜ਼ਰੀ ਤਾਂ ਲਗਵਾ ਰਿਹਾ ਹੈ । ਪਰ ਆਪ ਦੇ ਨਿਘਾਰ ਦਾ ਅਸਰ ਉਸਦੀ ਚੋਣ ਤੇ ਸਾਫ਼ ਪੈਂਦਾ ਨਜ਼ਰ ਆ ਰਿਹਾ ਹੈ ।

8 ਫਤਿਹਗੜ ਸਾਹਿਬ (ਰਿਜ਼ਰਵ)
ਫਤਹਿਗੜ ਸਾਹਿਬ ਦੀ ਲੋਕ ਸਭਾ ਚੋਣ ਵਿਚ ਮੁੱਖ ਮੁਕਾਬਲਾ ਦੋ ਸਾਬਕਾ ਨੌਕਰਸ਼ਾਹਾਂ ਵਿਚਕਾਰ ਹੈ । ਪਰ ਪੀ.ਡੀ.ਏ ਦੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਵੀ ਇਸ ਹਲਕੇ ਵਿਚ ਬਹੁਤ ਘਟਾ ਕੇ ਨਹੀਂ ਦੇਖਿਆ ਜਾ ਸਕਦਾ । ਬੇਅਦਵੀ ਕਾਂਡ ਤੇ ਗਿਆਸਪੁਰਾ ਦਾ ਹੋਂਦ ਚਿੱਲੜ ਨਰ ਸਿੰਘਾਰ ਵਿਚ ਕੀਤਾ ਕੰਮ ਪਿੰਡਾਂ ਵਿਚ ਉਸਦੀ ਚੋਣ ਮੁਹਿੰਮ ਨੂੰ ਜਿੱਥੇ ਬਲ ਦੇ ਰਿਹਾ ਹੈ । ਉੱਥੇ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਨਕੋਦਰ ਗੋਲੀ ਕਾਂਡ ਵਿਚ ਭੂਮਿਕਾ ਦੀ ਵੀ ਇਸ ਹਲਕੇ ਵਿਚ ਚਰਚਾ ਤੇਜ਼ ਹੋ ਰਹੀ ਹੈ । ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਹਾਲਾਂਕਿ ਕਾਂਗਰਸੀ ਵਿਧਾਇਕਾਂ ਨਾਲ ਚੋਣ ਮੁਹਿੰਮ ਵਿਚ ਨੰਬਰ ਇੱਕ ਤੇ ਚੱਲ ਰਹੇ ਹਨ । ਪਰ ਰਾਜ ਸਭਾ ਮੈਂਬਰ ,ਸਾਬਕਾ ਪ੍ਰਧਾਨ ਪ੍ਰਦੇਸ਼ ਕਾਂਗਰਸ ਸਮਸ਼ੇਰ ਸਿੰਘ ਦੂਲੋਂ ਦੀ ਬਾਗੀ ਭੂਮਿਕਾ ਤੇ ਉਸ ਦੇ ਪੁੱਤਰ ਬਨੀ ਦੂਲੋਂ ਦਾ ਆਮ ਆਦਮੀ ਪਾਰਟੀ ਵਲੋਂ ਚੋਣ ਲੜਨਾ ਤੇ ਅਮਲੋਹ ਤੋਂ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਦੀ ਚੁੱਪ ਦੇ ਭੇਦ ਸਮਝਣ ਵਿਚ ਸਥਾਨਿਕ ਮਾਹਿਰ ਅਜੇ ਚੋਣਾਂ ਤੋਂ ਕੁਝ ਘੰਟੇ ਪਹਿਲਾ ਦਾ ਇੰਤਜਾਰ ਕਰ ਰਹੇ ਹਨ ਤਾਂਕਿ ਇੱਕ ਅੰਦਾਜ਼ਾ ਲਗਾਇਆ ਜਾ ਸਕੇ ।

9 ਫਰੀਦਕੋਟ (ਰਿਜ਼ਰਵ)
ਫਰੀਦਕੋਟ ਹਲਕਾ ਹੋ ਹਲਕਾ ਹੈ । ਜਿੱਥੇ ਗੁਰੂ ਗਰੰਥ ਸਾਹਿਬ ਦਾ ਬੇਅਦਵੀ ਦਾ ਸਭ ਤੋਂ ਵੱਧ ਅਸਰ ਹੈ । ਇਹ ਉਹ ਹਲਕਾ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਬਿਨਾ ਕਿਸੇ ਖਾਸ਼ ਪ੍ਰਚਾਰ ਤੋਂ ਦੂਸਰੀ ਵੱਡੀ ਜਿੱਤ ਪ੍ਰੋਫੈਸਰ ਸਾਧੂ ਸਿੰਘ ਨੂੰ ਦਿੱਤੀ ਸੀ । ਇਹ ਉਹ ਹਲਕਾ ਜਿਹੜਾ ਵੀਹ ਵਰੇ ਅਕਾਲੀ ਦਲ ਦਾ ਸਭ ਤੋਂ ਵੱਡਾ ਗੜ੍ਹ ਰਿਹਾ ।ਫਰੀਦਕੋਟ ਹਲਕੇ ਵਿਚ ਐਨਾ ਸਭ ਕੁਝ ਹੋਣ ਦੇ ਬਾਵਜ਼ੂਦ ਇਸ ਬਾਰ ਨਾਂ ਤਾਂ ਆਮ ਆਦਮੀ ਪਾਰਟੀ ਕੀਤੇ ਦਿਖ ਰਹੀ ਹੈ ਅਤੇ ਨਾਂ ਹੀ ਅਕਾਲੀ ਦਲ ਦਾ ਜਲਵਾ । ਪੀ.ਡੀ.ਏ ਉਮੀਦਵਾਰ ਮਾਸਟਰ ਬਲਦੇਵ ਸਿੰਘ ਦੀ ਸਰਗਰਮੀ ਤਾਂ ਦਿਖਦੀ ਹੈ । ਪਰ ਨਤੀਜਿਆਂ ਵਿਚ ਮਾਸਟਰ ਬਲਦੇਵ ਸਿੰਘ ਜੋਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹਨ ਪ੍ਰੋਫੈਸਰ ਸਾਧੂ ਸਿੰਘ ਨਾਲ ਤੀਸਰੀ ਥਾਂ ਲਈ ਮੁਕਾਬਲਾ ਕਰਦੇ ਨਜ਼ਰ ਆ ਰਹੇ ਹਨ । ਅਕਾਲੀ ਦਲ ਵਲੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਮਾਝੇ ਤੋਂ ਪੱਟਕੇ ਮਾਲਵੇ ਵਿਚ ਲਾਉਣ ਦੀ ਕੋਸ਼ਿਸ ਤਾਂ ਕੀਤੀ ਜਾ ਰਹੀ ਹੈ । ਪਰ ਕਾਂਗਰਸੀ ਉਮੀਦਵਾਰ ਤੇ ਸਦਾਬਹਾਰ ਗਾਇਕ ਮੁਹੰਮਦ ਸਦੀਕ ਦੇ ਸਾਹਮਣੇ ਫਿੱਕੇ ਹੀ ਨਜ਼ਰ ਆ ਰਹੇ ਹਨ । ਕਾਂਗਰਸ ਹਾਲਾਂਕਿ ਅੰਦਰੂਨੀ ਵਿਰੋਧ ਦੀ ਸ਼ਿਕਾਰ ਹੈ । ਪਰ ਅਕਾਲੀ ਦਲ ਦੀ ਸਥਿਤੀ ਤੇ ਆਪ ਦੀ ਪਾਟੋਧਾੜ ਦਾ ਸਿੱਧਾ ਫਾਇਦਾ ਲੈਂਦੀ ਨਜ਼ਰ ਆ ਰਹੀ ਹੈ ਤੇ ਇਸ ਹਲਕੇ ਵਿਚ ਮੁਹੰਮਦ ਸਦੀਕ ਦੀ ਜਿੱਤ ਨੂੰ ਸਿਆਸੀ ਮਾਹਿਰ ਇੱਕ ਕਿਸਮ ਨਾਲ ਅਗੇਤੇ ਹੀ ਤਸਦੀਕ ਕਰ ਰਹੇ ਹਨ ।

10 ਫਿਰੋਜ਼ਪੁਰ
ਫਿਰੋਜ਼ਪੁਰ ਵੀ ਬਾਰਡਰ ਦਾ ਇੱਕ ਅਜਿਹਾ ਹਲਕਾ ਹੈ । ਜਿੱਥੇ ਕਿਸੇ ਵੀ ਇੱਕ ਜਾਤ ਦਾ ਡੌਮੀਨੇਟ ਫੈਕਟਰ ਨਹੀਂ , ਜਿੱਥੇ ਸਮੁੱਚੇ ਪੰਜਾਬ ਵਿਚ ਸਭ ਤੋਂ ਜਿਆਦਾ ਅਨਪੜਤਾ ਹੈ । ਪਰ ਲੜਾਈ ਹਮੇਸ਼ਾਂ ਫਿਰ ਵੀ ਜਾਤ ਅਧਾਰਿਤ ਰਹੀ ਹੈ । ਇਸ ਹਲਕੇ ਵਿਚ ਇਸ ਬਾਰ ਮਾਣ ,ਇੱਜਤ ਤੇ ਸਰਮਾਏ ਅਧਾਰਿਤ ਹੈ । ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਆਪਣੇ ਕਿਸੇ ਸਮੇਂ ਵਿਸ਼ਵਾਸ ਪਾਤਰ ਰਹੇ ਤੇ ਮਜੂਦਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਲੜ ਰਹੇ ਹਨ । ਅਕਾਲੀ ਦਲ ਦੇ ਪ੍ਰਧਾਨ ਇਥੋਂ ਆਪਣੀ ਸਿਰਮੌਰਤਾ ਨੂੰ ਸਿੱਧ ਕਰਨਾ ਚਾਹੁੰਦੇ ਹਨ । ਜਿਸ ਲਈ ਇਸ ਹਲਕੇ ਵਿਚ ਜੋੜ ਤੋੜ ਤੇ ਪੈਸੇ ਦੇ ਪ੍ਰਭਾਵ ਵੋਟਾਂ ਤੋਂ ਪਹਿਲਾ ਹੋਰ ਉੱਘੜਣਗੇ । ਕਾਂਗਰਸੀ ਉਮੀਦਵਾਰ ਨੂੰ ਪਾਰਟੀ ਦੀ ਪੂਰਨ ਸਪੋਰਟ ਨਾ ਮਿਲਣਾ ਤੇ ਇੱਕ ਬਲਿਊ ਸੀ.ਡੀ ਪ੍ਰਚਾਰ ਹੋਣਾ ਘਾਤਕ ਸਾਬਿਤ ਹੋ ਸਕਦਾ ਹੈ । ਆਪ ਤੇ ਪੀਡੀਏ ਦਾ ਇਸ ਹਲਕੇ ਦੇ ਚੋਣ ਦੰਗਲ ਵਿਚ ਇੱਕ ਖਿਡਾਰੀ ਤੋਂ ਵਧਕੇ ਕੋਈ ਅਸਰ ਨਹੀਂ । ਸਿਆਸੀ ਮਾਹਿਰ ਤੇ ਪੱਤਰਕਾਰ ਸੁਖਬੀਰ ਬਾਦਲ ਨੂੰ ਉੱਪਰ ਰੱਖ ਕੇ ਦੇਖ ਰਹੇ ਹਨ । ਪਰ ਸ਼ੇਰ ਸਿੰਘ ਘੁਬਾਇਆ ਨੂੰ ਮਾੜੇ ਉਮੀਦਵਾਰ ਵਜੋਂ ਨਹੀਂ ਦੇਖਿਆ ਜਾ ਰਿਹਾ । ਸ਼ੇਰ ਸਿੰਘ ਘੁਬਾਇਆ ਗੇਮ ਬਦਲਣ ਲਈ ਜਾਣੇ ਜਾਂਦੇ ਹਨ , ਪਰ ਦੇਖਣਾ ਇਹ ਬਣਦਾ ਮੈਨਜਮੈਂਟ ਦੇ ਮਾਹਿਰ ਤੇ ਸਰਮਾਏ 'ਚ ਧਨੀ ਸੁਖਬੀਰ ਬਾਦਲ ਨੂੰ ਰੋਕ ਸਕਣਗੇ ਜਾਂ ਨਹੀਂ !

11 ਬਠਿੰਡਾ
ਬਠਿੰਡਾ ਲੋਕ ਸਭਾ ਹਲਕਾ , ਜਿੰਨਾ ਪਹਿਲਾ ਦੇਖਣ ਨੂੰ ਹਲਕਾ ਲਗਦਾ ਸੀ ਉਹਨਾਂ ਅੱਜ ਦੀ ਘੜੀ ਨਜ਼ਰ ਨਹੀਂ ਆ ਰਿਹਾ । ਪੰਜਾਬ ਦੇ ਪੰਜ ਬਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਜ਼ਮੀਨ ਰਿਹਾ ਹੈ । ਉਸੇ ਜ਼ਮੀਨ ਨੂੰ ਬਚਾਉਣ ਲਈ ਅੱਜ ਉਹਨਾਂ ਦੀ ਨੂੰਹ, ਕੇਂਦਰੀ ਮੰਤਰੀ ਤੇ ਮਜੂਦਾ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਚੋਣ ਲੜ ਰਹੀ ਹੈ । ਪਰ ਪਿਛਲੇ ਦਸ ਸਾਲਾਂ ਦਾ ਅਕਾਲੀ ਦਲ ਦਾ ਕਾਰਜ਼ਕਾਲ ,ਗੁਰੂ ਗਰੰਥ ਸਾਹਿਬ ਬੇਅਦਵੀ ਕਾਂਡ ,ਕਿਸਾਨ ਖੁਦਕੁਸ਼ੀਆਂ , ਡੇਰਾ ਸਿਰਸਾ ਦੀ ਮੱਦਦ ਬੀਬਾ ਹਰਸਿਮਰਤ ਬਾਦਲ ਦੇ ਰਾਹ ਵਿਚ ਰੋੜੇ ਵਰਗੀ ਹੈ । ਦੂਸਰੇ ਪਾਸੇ ਕਾਂਗਰਸੀ ਉਮੀਦਵਾਰ ਰਾਜੇ ਵੜਿੰਗ ਨੇ ਚੋਣ ਮੁਹਿੰਮ ਨੂੰ ਪਿੱਛੋਂ ਤੁਰ ਕੇ ਅੱਗੇ ਤਾਂ ਲਾ ਲਿਆ ਹੈ । ਪਰ ਉਸਦਾ ਬੜਬੋਲਾਪਣ , ਧੜੇਬੰਦੀ ਤੇ ਕਈ ਅੰਦਰੂਨੀ ਗੱਠਜੋੜ ਰਾਜੇ ਦੀ ਰਾਹ ਨੂੰ ਸੁਖਾਲਾ ਨਹੀਂ ਕਰਦੇ ਨਜ਼ਰ ਆ ਰਹੇ । ਹਾਲਾਂਕਿ ਪੀਡੀਏ ਉਮੀਦਵਾਰ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਇੱਕ ਨਿੱਡਰ ਆਗੂ ਵਲੋਂ ਜਾਣੇ ਜਾਂਦੇ ਸੁਖਪਾਲ ਸਿੰਘ ਖਹਿਰਾ ਵੀ ਚੋਣ ਮੈਦਾਨ ਵਿਚ ਹਨ । ਪਰ ਉਹਨਾਂ ਦੀ ਚੋਣ ਮੁਹਿੰਮ ਵਿਚ ਅਜੇ ਤੱਕ ਤਿਕੋਣੇ ਮੁਕਾਬਲੇ ਵਾਲਾ ਦਮ ਨਹੀਂ ਦਿਖ ਰਿਹਾ । ਇਸ ਮੌਕੇ ਸੁਖਪਾਲ ਖਹਿਰਾ ਦੇ ਨਜ਼ਦੀਕੀ ਨਜ਼ਰ ਸਿੰਘ ਮਾਨਸ਼ਾਹੀਆ ਦਾ ਕਾਂਗਰਸ ਵਿਚ ਰਲਣਾ ਉਹਨਾਂ ਦੇ ਲੱਕ ਤੋੜਨ ਵਾਂਗ ਹੈ । ਮੰਨਿਆ ਇਹ ਜਾ ਰਿਹਾ ਹੈ ਕਿ ਬਠਿੰਡਾ ਵਿਚ ਅਕਾਲੀ ਕਾਂਗਰਸ ਵਿਚਕਾਰ ਗਹਿਗੱਚ ਮੁਕਾਬਲਾ ਹੋਵੇਗਾ । ਜਿਸ ਵਿਚ ਪੈਸੇ ,ਪਾਵਰ ,ਸਮਝੌਤੇ ,ਰਿਸ਼ਤੇਦਾਰੀਆਂ ਤੇ ਭਵਿੱਖ ਸਿਆਸੀ ਰੋਡ ਮੈਪ ਸਭ ਦਾਅ ਤੇ ਲੱਗੇ ਹੋਏ ਹਨ । ਅਕਾਲੀ ਦਲ ਦੇ ਇੱਕ ਪਰਿਵਾਰ ਵਲੋਂ ਦੋ ਵਕਾਰੀ ਸੀਟਾਂ ਲੜਨ ਕਰਨ ਕਰਕੇ ਪਹਿਲਾ ਵਾਲਾ ਕਰੰਟ ਨਜ਼ਰ ਨਹੀਂ ਆ ਰਿਹਾ । ਜੋ ਕਈ ਬਾਰ ਰਾਜੇ ਵੜਿੰਗ ਦੀਆਂ ਅੱਖਾਂ ਵਿਚ ਚਮਕ ਦਿਖਾ ਰਿਹਾ ਹੈ । ਰਾਜਾ ਵੜਿੰਗ ਪਹਿਲੀ ਬਾਰ ਗਿੱਦੜਬਾਹੇ ਵਿਚ ਇਸੇ ਘਰੇਲੂ ਲੜਾਈ ਵਿਚੋਂ ਹੀ ਜੇਤੂ ਹੋਕੇ ਨਿੱਕਲਿਆ ਸੀ । ਹਾਲਾਂਕਿ ਇਸ ਹਲਕੇ ਤੋਂ ਆਪ ਵਿਧਾਇਕ ਬੀਬਾ ਬਲਜਿੰਦਰ ਕੌਰ ਵੀ ਦੋ ਹੋਰ ਵਿਧਾਇਕਾਂ ਦੇ ਸਾਥ ਨਾਲ ਦਮ ਮਾਰ ਰਹੀ ਹੈ । ਪਰ ਉਹਨਾਂ ਦੀ ਵੋਟ ਨੂੰ ਆਪਣੇ ਕਲਾਵੇ ਵਿਚ ਲੈਣ ਵਿਚ ਸੁਖਪਾਲ ਸਿੰਘ ਖਹਿਰਾ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ । ਸੁਖਪਾਲ ਸਿੰਘ ਖਹਿਰਾ ਹਾਲ ਦੀ ਘੜੀ 2022 ਦੀ ਲੜਾਈ ਜਿਆਦਾ ਲੜਦੇ ਨਜ਼ਰ ਆ ਰਹੇ ਹਨ ।

12 ਸੰਗਰੂਰ
ਸੰਗਰੂਰ ਉਹ ਲੋਕ ਸਭਾ ਹਲਕਾ ਹੈ । ਜਿੱਥੇ ਹਮੇਸ਼ਾਂ ਤੀਸਰੀ ਧਿਰ ਨੂੰ ਲੋਕਾਂ ਪਿਆਰ ਹੀ ਨਹੀਂ ਦਿੱਤਾ ਜਿੱਤ ਵੀ ਦਿੱਤੀ ਹੈ । ਸੰਗਰੂਰ ਆਮ ਆਦਮੀ ਪਾਰਟੀ ਲਈ ਸਮੁੱਚੇ ਪੰਜਾਬ ਵਿਚ ਇੱਕੋ ਇੱਕ ਅਜਿਹਾ ਹਲਕਾ ਨਜ਼ਰ ਆ ਰਿਹਾ ਹੈ । ਜਿੱਥੇ ਲੱਗਦਾ ਹੈ ਕਿ ਉਹ ਸੂਰਮਿਆਂ ਵਾਂਗ ਲੜਾਈ ਲੜ ਰਹੇ ਹਨ । ਉਸ ਵਿਚ ਪਾਰਟੀ ਪ੍ਰਧਾਨ ਭਗਵੰਤ ਮਾਨ ਦਾ ਨਿੱਜੀ ਕੱਦ ਤੇ ਬਤੌਰ ਐਮ.ਪੀ ਕੀਤੇ ਕੰਮ ਉਹਨਾਂ ਦਾ ਸਾਥ ਦੇ ਰਹੇ ਹਨ । ਪਰ ਦੂਸਰੇ ਪਾਸੇ ਪਾਰਟੀ ਦੀ ਅੰਦਰੂਨੀ ਟੁੱਟ ਭੱਜ ਤੇ ਭਗਵੰਤ ਮਾਨ ਖਿਲਾਫ਼ ਹੋ ਰਿਹਾ ਪ੍ਰਚਾਰ ਪਿਛਲੀ ਬਾਰ ਵਾਲੇ ਜਲਵੇ ਤੋਂ ਕੋਹ ਦੂਰ ਨਜ਼ਰ ਆ ਰਿਹਾ ਹੈ । ਸੰਗਰੂਰ ਵਿਚ ਕਾਂਗਰਸ ਵਿਚ ਵਿਰੋਧ ਹੈ ਜਿਸਨੂੰ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਰਮਾਏ ਰਾਹੀਂ ਪੂਰਨ ਦੀ ਕੋਸ਼ਿਸ ਵਿਚ ਲੱਗੇ ਹੋਏ ਹਨ । ਤੀਸਰੇ ਪਾਸੇ ਪਰਮਿੰਦਰ ਢੀਂਡਸਾ ਦੀ ਉਮੀਦਵਾਰੀ ਵਿਚ ਅਕਾਲੀ ਦਲ ਇੱਕ ਜੁੱਟ ਤੇ ਪਹਿਲਾ ਨਾਲੋਂ ਜਿਆਦਾ ਊਰਜਾ ਵਿਚ ਨਜ਼ਰ ਆ ਰਿਹਾ ਹੈ । ਜਿਸ ਕਰਕੇ ਸਿਆਸੀ ਮਾਹਿਰ ਸੰਗਰੂਰ ਦੇ ਮੁਕਾਬਲੇ ਨੂੰ ਤਿੰਨਕੋਨਾ ਤੇ ਫਸਵਾਂ ਤੱਕ ਦਰਸਾ ਰਹੇ ਹਨ । ਭਗਵੰਤ ਮਾਨ ਕੋਲ ਜਿੱਥੇ ਲੋਕਾਂ ਨਾਲ ਜੁੜਨ ਦੀ ਕਲਾ ਹੈ , ਉੱਥੇ ਹੀ ਪੀਡੀਏ ਵਲੋਂ ਖੜੇ ਕੀਤੇ ਜੱਸੀ ਜਸਰਾਜ ਦੀ ਸਿਰਦਰਦੀ ਵੀ ਹੈ । ਕੇਵਲ ਸਿੰਘ ਢਿੱਲੋਂ ਬਾਬਤ ਵੀ ਕਈ ਕਹਿ ਰਹੇ ਹਨ ਕਿ ਬੀਬੀ ਰਾਜਿੰਦਰ ਕੌਰ ਭੱਠਲ ਵਲੋਂ ਸੁਆਲ ਪੁੱਛਣ ਤੇ ਇੱਕ ਨੌਜਵਾਨ ਨੂੰ ਵੱਜਿਆ ਥੱਪੜ ਅਸਲ ਵਿਚ ਕੇਵਲ ਢਿੱਲੋਂ ਦੀ ਗੱਲ਼ ਤੇ ਛਪਿਆ ਨਜ਼ਰ ਆ ਰਿਹਾ ਹੈ । ਪਰਮਿੰਦਰ ਢੀਂਡਸਾ ਤੇ ਉਸਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਦਾ ਚੋਣ ਵਿਚ ਨਾਂ ਸ਼ਾਮਿਲ ਹੋਣ ਦਾ ਪਰਛਾਵਾਂ ਤਾਂ ਹੈ । ਪਰ ਉਸਦਾ ਨਰਮ ਰੁੱਖ ਵਾਲਾ ਹੋਣ ਕਰਕੇ ਮੁਕਾਬਲੇ ਵਿਚ ਉਸਦੀ ਪਕੜ ਮਜਬੂਤ ਹੁੰਦੀ ਨਜ਼ਰ ਆ ਰਹੀ ਹੈ । ਉੱਥੇ ਇਸ ਹਲਕੇ ਵਿਚ ਸਾਬਕਾ ਐਮ ਪੀ ਤੇ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੀ ਹਾਜ਼ਰੀ ਵੀ ਕਈ ਜੋੜ ਬਣਾਉਣ ਤੇ ਵਿਗਾੜਨ ਦੀ ਸਮਰੱਥਾ ਰੱਖਦੀ ਨਜ਼ਰ ਆ ਰਹੀ ਹੈ । ਜਿਸਦੀ ਬੈਂਗਣੀ 23 ਮਈ ਨੂੰ ਉਘੜਕੇ ਸਾਹਮਣੇ ਆਵੇਗੀ ।

13 ਪਟਿਆਲਾ
ਪਟਿਆਲਾ ਲੋਕ ਸਭਾ ਹਲਕਾ ਪੰਜਾਬ ਦਾ ਸਭ ਤੋਂ ਵੱਡਾ ਲੋਕ ਸਭਾ ਹਲਕੇ ਵਜੋਂ ਜਾਣਿਆ ਜਾਂਦਾ ਹੈ । ਇਥੇ ਪੰਜਾਬ ਦੇ ਮਜੂਦਾ ਮੁੱਖ ਮੰਤਰੀ ਦੀ ਧਰਮ ਪਤਨੀ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਜਿੱਥੇ ਕਾਂਗਰਸੀ ਉਮੀਦਵਾਰ ਹੈ । ਉੱਥੇ ਹੀ ਮਜੂਦਾ ਐਮ ਪੀ ਤੇ ਪੀਡੀਏ ਦੇ ਬੋਧਿਕ ਤੇ ਵਿਚਾਰਕ ਰੀਡ ਦੀ ਹੱਡੀ ਡਾਕਟਰ  ਧਰਮਵੀਰ ਗਾਂਧੀ ਆਪਣੀ ਨਵੀਂ ਪਾਰਟੀ ਨਵਾਂ ਪੰਜਾਬ ਪਾਰਟੀ ਵਲੋਂ ਮੈਦਾਨ ਵਿਚ ਹਨ । ਤੀਸਰੇ ਪਾਸੇ ਅਕਾਲੀ ਭਾਜਪਾ ਵਲੋਂ ਸਾਬਕਾ ਮੰਤਰੀ ਤੇ ਸਰਮਾਏਦਾਰ ਸੁਰਜੀਤ ਸਿੰਘ ਰੱਖੜਾ ਚੋਣ ਮੈਦਾਨ ਵਿਚ ਨਜ਼ਰ ਆ ਰਹੇ ਹਨ । ਹਾਲਾਂਕਿ ਆਮ ਆਦਮੀ ਪਾਰਟੀ ਵਲੋਂ ਵੀ ਇਸ ਹਲਕੇ ਤੋਂ ਨੀਨਾ ਮਿੱਤਲ ਵੀ ਮੁਕਾਬਲੇ ਵਿਚ ਹਨ । ਪਰ ਹਾਲ ਦੀ ਘੜੀ ਮੁੱਖ ਮੁਕਾਬਲਾ ਪ੍ਰਨੀਤ ਕੌਰ ਤੇ ਡਾਕਟਰ ਧਰਮਵੀਰ ਗਾਂਧੀ ਵਿਚਕਾਰ ਬਣਿਆ ਹੋਇਆ ਹੈ । ਕਾਂਗਰਸ ਵਲੋਂ ਆਪਣੇ ਬਚਾਓ ਲਈ ਇਸ ਹਲਕੇ ਵਿਚ ਅਕਾਲੀ ਦਲ ਨਾਲ ਤਿਕੋਣਾ ਮੁਕਾਬਲਾ ਬਣਾਏ ਜਾਣ ਦੀਆਂ ਜਿੱਥੇ ਕੋਸ਼ਿਸਾਂ ਹਨ । ਉੱਥੇ ਨੀਨਾ ਮਿੱਤਲ ਦੀ ਕੰਪੇਨ ਵਿਚ ਵੀ ਸੱਤਾ ਧਿਰ ਦੇ ਜਿਕਰਯੋਗ ਪ੍ਰਭਾਵ ਦਿਖਦੇ ਹਨ । ਡਾਕਟਰ ਗਾਂਧੀ ਦੀ ਬਤੌਰ ਡਾਕਟਰ ,ਸਮਾਜ ਸੇਵੀ ਜਿੱਥੇ ਆਪਣੀ ਸਾਖ਼ ਹੈ । ਉੱਥੇ ਹੀ ਬਤੌਰ ਐਮ ਪੀ ਕੀਤੇ ਕੰਮ ਤੇ ਐਮ ਪੀ ਲੈਂਡ ਫੰਡ ਰਾਹੀਂ ਪਾਏ ਪੂਰਨੇ ਆਪਣਾ ਅੰਦਰਖਾਤੇ ਕੰਮ ਕਰ ਰਹੇ ਹਨ । ਦੂਸਰੇ ਪਾਸੇ  ਬਸਪਾ ਤੇ ਕਾਮਰੇਡਾਂ ਦੇ ਪੈਸਵ ਹੋਏ ਕਾਡਰ ਦੇ ਮੁੜ ਰਫਤਾਰ ਫੜਨ ਨੇ ਵੀ ਆਪਣਾ ਅਸਰ ਦਿਖਾਇਆ ਹੈ । ਜਿਸਦੇ ਚੱਲਦਿਆਂ ਪ੍ਰਨੀਤ ਕੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਟ ਦੇ ਕਈ ਮੰਤਰੀ ,ਚੈਅਰਮੈਨ , ਅਫ਼ਸਰ ,ਹਰ ਗਲੀ ,ਮੁਹੱਲੇ ਦੀ ਮਿੱਟੀ ਫਿਰੋਲ ਰਹੇ ਹਨ ਤੇ ਹਰ ਤਰੀਕੇ ਨੂੰ ਵਰਤ ਕੇ ਇਸ ਵਕਾਰੀ ਸੀਟ ਨੂੰ ਜਿੱਤਣ ਦੀ ਕੋਸ਼ਿਸ ਵਿਚ ਲੱਗੇ ਹੋਏ ਹਨ । ਉਕਤ ਹਲਕੇ ਨੂੰ ਸਿਆਸੀ ਹਲਕਿਆਂ ਵਿਚ ਬਠਿੰਡਾ ਦੇ ਹਾਣ ਦੇ ਹਲਕੇ ਵਜੋਂ ਦੇਖਿਆ ਜਾ ਰਿਹਾ ਹੈ । ਜਿੱਥੇ ਸਮਝੌਤੇ ,ਪਰਿਵਾਰ ,ਪੈਸੇ ਤੇ ਪਾਵਰ ਆਪਣੇ ਦਮ ਨੂੰ ਦਿਖਾਉਣ ਦੀ ਕੋਸ਼ਿਸ ਵਿਚ ਜੁਟੇ ਹੋਏ ਹਨ । ਦੂਸਰੇ ਪਾਸੇ ਡਾਕਟਰ ਗਾਂਧੀ ਜੋ ਕਿ ਚਾਲੀ ਸਾਲ ਤੋਂ ਲੋਕ ਪੱਖੀ ਸਿਆਸਤ ਵਿਚ ਵਿਚਰ ਰਹੇ ਹਨ ਦੇ ਵਿਲੱਖਣ ਪ੍ਰਚਾਰ ਸਾਧਨ ,ਤੇ ਦਸ ਦਸ ਰੁਪਏ ਦੇ ਫੰਡ ਆਪਣਾ ਕੰਮ ਕਰਦੇ ਨਜ਼ਰ ਆ ਰਹੇ ਹਨ । ਜਿਹਨਾਂ ਪਟਿਆਲੇ ਦੀ ਸਿਆਸੀ ਲੜਾਈ ਨੂੰ ਇਮਾਨਦਾਰੀ ਤੇ ਆਮ ਲੋਕਾਂ ਦੀ ਲੜਾਈ ਬਨਾਮ ਮਹਿਲਾਂ ਤੇ ਸੱਤਾ ਦੀ ਲੜਾਈ ਦਾ ਨਾਮ ਦੇ ਦਿੱਤਾ ਹੈ । ਜਿਸ ਕਰਕੇ ਇਸ ਹਲਕੇ ਨੂੰ ਲੋਕਤੰਤਰ ਦੀ ਹਰ ਵਿਧੀ ਨੂੰ ਪੜਨ ਦੇਖਣ ਵਾਲੇ ਬਹੁਤ ਨਜ਼ਦੀਕ ਤੋਂ ਵਾਚਣ ਵਿਚ ਲੱਗੇ ਹੋਏ ਹਨ ।

4 C RUSSELL ROAD MANUREWA 2102
AUCKLAND ,NZ
ਰਾਬਤਾ:  0064220491964


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ