Tue, 20 August 2019
Your Visitor Number :-   1790833
SuhisaverSuhisaver Suhisaver
ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਕੋਚ               ਜੰਮੂ-ਕਸ਼ਮੀਰ ਦੀ ਵੰਡ ਖਿਲਾਫ ਖੱਬੀਆਂ ਪਾਰਟੀਆਂ ਵੱਲੋਂ ਦਿੱਲੀ 'ਚ ਮਾਰਚ, ਪੰਜਾਬ 'ਚ ਪ੍ਰਦਰਸ਼ਨ              

ਦੇਸ਼ ਨੂੰ ਭਿ੍ਰਸ਼ਟ ਪਾਰਟੀਆਂ ਤੋਂ ਮੁਕਤ ਕਰਵਾਉਣਾ ਜ਼ਰੂਰੀ : ਕੇਜਰੀਵਾਲ

Posted on:- 18-8-2014

ਪਟਿਆਲਾ :
ਪਟਿਆਲਾ ਜ਼ਿਮਨੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਅਦਾਲਤੀਵਾਲਾ ਦੀ ਚੋਣ ਮੁਹਿੰਮ ਨੂੰ ਸ਼ਿਖਰਾਂ ’ਤੇ ਲਿਜਾਣ ਲਈ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਆ ਕੇ ਸ. ਅਦਾਲਤੀਵਾਲਾ ਦੇ ਹੱਕ ’ਚ ਪ੍ਰਚਾਰ ਕਰਨ ਲਈ ਰੋਡ ਸ਼ੋਅ ਕੱਢਿਆ। ਇਹ ਰੋਡ ਸ਼ੋਅ ਛੋਟੀ ਬਾਰਾਂਦਰੀ ਸਥਿਤ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫਤਰ ਤੋਂ ਸ਼ੁਰੂ ਹੋ ਕੇ ਸਾਰੇ ਬਜ਼ਾਰਾਂ ’ਚ ਹੁੰਦਾ ਹੋਇਆ ਦੇਰ ਸ਼ਾਮ ਖਤਮ ਹੋਇਆ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਪਟਿਆਲਾ ਦੇ ਹਰ ਗਲੀ ਮੁਹੱਲੇ ਦੇ ਲੋਕ ਸ੍ਰੀ ਕੇਜਰੀਵਾਲ ਨੂੰ ਮਿਲਣ ਅਤੇ ਉਨ੍ਹਾਂ ਦੇ ਬੋਲ ਸੁਣਨ ਲਈ ਬੜੀ ਉਤਸੁਕਤਾ ਦਿਖਾ ਰਹੇ ਸਨ। ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਦਿੱਲੀ ਤੋਂ ਆਏ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਉਹ ਹੁਣ ਇਨ੍ਹਾਂ ਭਿ੍ਰਸ਼ਟ ਪਾਰਟੀਆਂ ਦੇ ਹੱਥਾਂ ’ਚ

ਪੰਜਾਬ ਦਾ ਭਵਿੱਖ ਸੁਰੱਖਿਅਤ ਨਹੀਂ ਸਮਝਦੇ। ਉਨ੍ਹਾਂ ਆਖਿਆ ਕਿ ਅੱਜ ਜਿੱਥੇ ਦੇਸ਼ ਨੂੰ ਭਿ੍ਰਸ਼ਟ ਪਾਰਟੀਆਂ ਤੋਂ ਮੁਕਤ ਕਰਵਾਉਣ ਦੀ ਲੋੜ ਹੈ, ਉਥੇ ਹੀ ਪਰਿਵਾਰਵਾਦ, ਰਜਵਾੜਾਸ਼ਾਹੀ ਤੇ ਰਾਜਾਸ਼ਾਹੀ ਦਾ ਖਾਤਮਾ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਸੂਬੇ ’ਚ ਕੈਪਟਨ ਤੇ ਬਾਦਲ ਪਰਿਵਾਰ ਨੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਜਾਗੀਰ ਸਮਝ ਕੇ ਲੋਕ ਹਿੱਤਾਂ ਦਾ ਘਾਣ ਕੀਤਾ ਹੈ, ਪ੍ਰੰਤੂ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਪੰਜਾਬ ਅੰਦਰ ਟ੍ਰਾਂਸਪੋਰਟ, ਰੇਤਾ-ਬਜਰੀ ਅਤੇ ਮੀਡੀਆ ਸਮੇਤ ਹਰ ਖੇਤਰ ’ਚ ਕਬਜ਼ਾ ਕੀਤਾ ਹੋਇਆ ਜਿਸ ਕਾਰਨ ਅੱਜ ਪੰਜਾਬ ਦਾ ਹਰ ਵਰਗ ਬਾਦਲ ਸਰਕਾਰ ਤੋਂ ਦੁਖੀ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਵੱਲੋਂ ਜਿਤਾਏ ਗਏ ਆਪ ਦੇ ਐਮ.ਪੀ ਡਾ. ਧਰਮਵੀਰ ਗਾਂਧੀ ਵੱਲੋਂ ਸੰਸਦ ਅੰਦਰ 2 ਮਹੀਨਿਆਂ ਦੌਰਾਨ ਉਹ ਕੰਮ ਕੀਤੇ ਗਏ ਹਨ ਜਿਹਨਾਂ ਨੂੰ ਕਾਂਗਰਸ ਜਾਂ ਅਕਾਲੀ ਦਾ ਕੋਈ ਐਮ.ਪੀ ਪਿਛਲੇ ਕਈ ਦਹਾਕਿਆਂ ਤੋਂ ਨਹੀਂ ਕਰ ਸਕਿਆ। ਉਨ੍ਹਾਂ ਕਿ ਕਿਹਾ ਪੰਜਾਬ ਵਿਚ ਕੁਝ ਸਮਾਂ ਪਹਿਲਾਂ ਪ੍ਰਭਾਵਸ਼ਾਲੀ ਮੰਤਰੀ ਬਿਕਰਮ ਮਜੀਠੀਆ ਦੇ ਖਿਲਾਫ ਨਸ਼ਾਖੋਰੀ ਦੇ ਦੋਸ਼ ਲੱਗੇ ਸਨ ਅਤੇ ਉਨ੍ਹਾਂ ਨੂੰ ਸਿਆਸੀ ਦਬਾਅ ਕਾਰਨ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਨਸ਼ਾਖੋਰੀ, ਰਿਸ਼ਵਤ ਖੋਰੀੇ ਦਿਨੋ ਦਿਨ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਰਿਵਾਰ ਨੂੰ ਬੜਾਵਾ ਦੇ ਕੇ ਪ੍ਰਕਾਸ ਸਿੰਘ ਐਂਡ ਕੰਪਨੀ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਪਹਿਲਾਂ ਗਾਂਧੀਵਾਦ ਤੋਂ ਛੁਟਕਾਰਾ ਪਾਇਆ ਅਤੇ ਹੁਣ ਬਾਦਲ ਐਂਡ ਕੰਪਨੀ ਤੋਂ ਛੁਟਕਾਰਾ ਪਾਉਣਗੇ। ਸ਼੍ਰੀ ਕੇਜਰੀਵਾਲ ਨੇ ਪਟਿਆਲਾ ਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਦੇਖ ਕੇ ਵੋਟ ਨਾ ਪਾਉਣ ਸਗੋਂ ਸਾਫ ਸੁਥਰੀ ਸਿਆਸਤ ਅਤੇ ਦੇਸ਼ ਨੂੰ ਭਿ੍ਰਸ਼ਟਚਾਰ ਤੋਂ ਮੁਕਤ ਕਰਵਾਉਣ ਵਾਲੀ ਯਤਨਸ਼ੀਲ ਪਾਰਟੀ ਆਮ ਆਦਮੀ ਪਾਰਟੀ ਨੂੰ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਵੋਟਾਂ ਪਾਉਣ ਤਾਂ ਜੋ ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਲਈ ਧਰਨੇ ਨਾ ਲਾਉਣੇ ਪੈਣ ਅਤੇ ਬੇਰੁਜ਼ਗਾਰੀ ਦੇ ਚਲਦਿਆਂ ਤੁਹਾਡੇ ਬੱਚੇ ਨਸ਼ੇ ਜਾਂ ਜ਼ੁਰਮ ਦੇ ਰਾਹ ’ਤੇ ਨਾ ਪੈਣ।

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਰਾਂ ਵੱਲ ਇੱਕ ਨੌਜਵਾਨ ਵੱਲੋਂ ਸੁੱਟੀ ਗਈ ਜੁੱਤੀ ਬਾਬਤ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅਤੇ ਇਹ ਸਾਡੇ ਸ਼ਿਸ਼ਟਾਚਾਰ ਦੇ ਖਿਲਾਫ ਹੈ ਕਿਸੇ ਨੂੰ ਵੀ ਅਜਿਹਾ ਵਿਰੋਧ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਤੇ ਕਾਂਗਰਸ ਪਾਰਟੀ ਨੂੰ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਡਰ ਸਤਾਉਂਦਾ ਹੈ ਇਸੇ ਕਰਕੇ ਜੁੱਤੀ ਵਾਲੀ ਘਟਨਾ ਵੀ ਅਕਾਲੀ ਆਮ ਆਦਮੀ ਪਾਰਟੀ ਸਿਰ ਮੜ ਰਹੇ ਹਨ ਜਦਕਿ ਸਾਡੀ ਪਾਰਟੀ ਦਾ ਇਸ ਘਟਨਾ ਨਾਲ ਕੋਈ ਵਾਸਤਾ ਨਹੀਂ। ਇਸ ਦੌਰਾਨ ਲੋਕ ਸਭਾ ’ਚ ਆਮ ਆਦਮੀ ਪਾਰੀ ਦੇ ਲੀਡਰ ਅਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪਟਿਆਲਾ ਵਿਚ ਪਿਛਲੇ 15 ਸਾਲਾ ਤੋਂ ਕੋਈ ਵੀ ਵਿਕਾਸ ਨਹੀਂ ਹੋਇਆ, ਇਸ ਕਰਕੇ ਸ਼ਹਿਰ ਦੀ ਜਨਤਾ ਪ੍ਰੇਸ਼ਾਨ ਹੈ ਅਤੇ ਉਹ ਆਪਣਾ ਗੁੱਸਾ ਵੋਟਾਂ ਰਾਹੀਂ ਹੀ ਕੱਢਣਗੇ। ਪਟਿਆਲਾ ਵਾਸੀਆਂ ਲਈ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਪੰਜਾਬ ਵਿਚੋਂ ਪਰਿਵਾਰਵਾਦ ਅਤੇ ਧਨਾਢ ਲੋਕਾਂ ਦੀ ਗੰਧਲੀ ਸਿਆਸਤ ਨੂੰ ਖ਼ਤਮ ਕਰਨ ਦਾ। ਇਸ ਦੌਰਾਨ ਸੰਬੋਧਨ ਕਰਦਿਆਂ ਆਪ ਦੇ ਉਮੀਦਵਾਰ ਸ. ਹਰਜੀਤ ਸਿੰਘ ਅਦਾਲਤੀਵਾਲਾ ਨੇ ਕਿਹਾ ਕਿ ਮੈਂਨੂੰ ਇੱਕ ਵਾਰ ਸੇਵਾ ਦਾ ਮੌਕਾ ਦਿਓ ਤਾਂ ਜੋ ਮੈਂ ਵਿਧਾਨ ਸਭਾ ‘ਚ ਜਾ ਕੇ ਆਮ ਲੋਕਾਂ ਦੀ ਅਵਾਜ਼ ਚੁੱਕ ਕੇ ਅਸਲ ਮੁੱਦਿਆਂ ਨੂੰ ਉਜਾਗਰ ਕਰਾਂ ਅਤੇ ਉਹਨਾਂ ਦਾ ਹੱਲ ਕਰਵਾ ਸਕਾਂ। ਇਸ ਮੌਕੇ ਆਪ ਦੇ ਐਮ.ਪੀ ਸ. ਸੁੱਚਾ ਸਿੰਘ ਛੋਟੇਪੁਰ, ਸੀਨੀਅਰ ਆਗੂ ਐਡਵੋਕੇਟ ਐਚ.ਐਸ ਫੂਲਕਾ, ਜ਼ਿਲ੍ਹਾ ਕਨਵੀਨਰ ਜਰਨੈਲ ਸਿੰਘ ਮਨੂੰ, ਮੈਡਮ ਮੋਹਨਜੀਤ ਕੌਰ ਟਿਵਾਣਾ, ਚੇਤੰਨਯਾ ਸ਼ਰਮਾਂ, ਮੈਡਮ ਕੁਲਦੀਪ, ਮੇਜਰ ਆਰਪੀਐਸ ਮਲਹੋਤਰਾ, ਡਾ. ਸ਼ਿਵਰਾਜ ਚੌਹਾਨ, ਚੇਤਨ ਸਿੰਘ ਅਤੇ ਸਾਬਕਾ ਡੀਐਸਪੀ ਦਰਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਹਾਜ਼ਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ