Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਭਾਰਤੀ ਰਾਜ :ਗਾਂਧੀਵਾਦੀ ਹਿਮਾਂਸ਼ੂ ਕੁਮਾਰ

Posted on:- 13-11-2016

suhisaver

ਲੁਧਿਆਣਾ: ਇਸ ਵਕਤ ਛੱਤੀਸਗੜ੍ਹ ਅਤੇ ਹੋਰ ਮਾਓਵਾਦੀ ਇਲਾਕਿਆਂ ਵਿਚ ਆਪਣੇ ਹੀ ਲੋਕਾਂ ਦੇ ਖ਼ਿਲਾਫ਼ ਇਕ ਮੁਕੰਮਲ ਯੁੱਧ ਚੱਲ ਰਿਹਾ ਹੈ ਜਿਸਨੂੰ ਬਾਕੀ ਦੇਸ਼ ਤੋਂ ਚਲਾਕੀ ਨਾਲ ਛੁਪਾਇਆ ਜਾ ਰਿਹਾ ਹੈ। ਮੋਦੀ ਦੀ ਅਗਵਾਈ ਹੇਠ ਭਾਜਪਾ ਦੇ ਸੱਤਾਧਾਰੀ ਹੋਣ ਨਾਲ ਇਸ ਯੁੱਧ ਤਹਿਤ ਪੂਰੀ ਦਰਿੰਦਗੀ ਨਾਲ ਗ਼ਰੀਬ ਤੇ ਨਿਤਾਣੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ।'' ਇਹ ਵਿਚਾਰ  ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਇਥੇ ਪੰਜਾਬੀ ਭਵਨ ਵਿਖੇ ਆਯੋਜਤ ਕੀਤੀ ਸੂਬਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮਸ਼ਹੂਰ ਗਾਂਧੀਵਾਦੀ ਅਤੇ ਜਮਹੂਰੀ ਹੱਕਾਂ ਦੇ ਘੁਲਾਟੀਏ ਸ਼੍ਰੀ ਹਿਮਾਂਸ਼ੂ ਕੁਮਾਰ ਨੇ ਪੇਸ਼ ਕੀਤੇ।  ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਹਿਮਾਂਸ਼ੂ ਕੁਮਾਰ, ਪ੍ਰੋਫੈਸਰ ਏ.ਕੇ.ਮਲੇਰੀ, ਪ੍ਰੋਫੈਸਰ ਜਗਮੋਹਣ ਸਿੰਘ, ਮਾਸਟਰ ਤਰਸੇਮ ਲਾਲ, ਐਡਵੋਕੇਟ ਐੱਨ.ਕੇ.ਜੀਤ, ਪ੍ਰਿਤਪਾਲ, ਜਸਵੰਤ ਜੀਰਖ਼ ਸ਼ੁਸ਼ੋਭਿਤ ਸਨ।

ਮੁੱਖ ਵਕਤਾ ਨੇ ਕਿਹਾ ਕਿ ਇਹ ਯੁੱਧ ਜੰਗਲਾਂ ਵਿੱਚੋਂ ਆਦਿਵਾਸੀਆਂ ਦਾ ਸਫ਼ਾਇਆ ਕਰਕੇ ਅਮੀਰ ਕੁਦਰਤੀ ਵਸੀਲਿਆਂ ਉੱਪਰ ਕਾਰਪੋਰੇਟ ਸਰਮਾਏਦਾਰੀ ਦਾ ਕਬਜ਼ਾ ਕਰਾਉਣ ਲਈ ਹੈ। ਸਰਕਾਰੀ ਪ੍ਰਚਾਰ ਦੇ ਉਲਟ ਆਦਿਵਾਸੀ ਤਾਂ ਆਪਣੇ ਘਰ ਵਿਚ ਬੈਠਕੇ ਆਪਣੀ ਸਵੈਰਾਖੀ ਲਈ ਲੜ ਰਹੇ ਹਨ ਜਦਕਿ ਇਹ ਭਾਰਤੀ ਰਾਜ ਹੈ ਜੋ ਉਨ੍ਹਾਂ ਉੱਪਰ ਅਣਐਲਾਨੇ ਫ਼ੌਜੀ ਹਮਲੇ ਕਰ ਰਿਹਾ ਹੈ ਅਤੇ ਸਟੇਟ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ।

ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਇਸ ਯੁੱਧ ਵਿਚ ਨੀਮ-ਫ਼ੌਜੀ ਬਲ, ਛੱਤੀਸਗੜ੍ਹ ਪੁਲਿਸ ਅਤੇ ਰਾਜ ਵਲੋਂ ਖੜ੍ਹੇ ਕੀਤੇ ਗ਼ੈਰਕਾਨੂੰਨੀ ਕਾਤਲ ਗਰੋਹ ਆਦਿਵਾਸੀਆਂ ਦਾ ਵਿਆਪਕ ਪੈਮਾਨੇ 'ਤੇ ਘਾਣ ਕਰ ਰਹੇ ਹਨ। ਆਦਿਵਾਸੀ ਨੌਜਵਾਨ ਨੂੰ ਚੁਣ-ਚੁਣਕੇ ਮਾਰਿਆ ਜਾ ਰਿਹਾ ਹੈ ਕਿਉਂਕਿ ਨੌਜਵਾਨਾਂ ਵਿਚ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਸਮਾਜ ਨੂੰ ਬਦਲਣ ਲਈ ਜੂਝਣ ਦੀ ਬੇਥਾਹ ਤਾਕਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਅਣਐਲਾਨੇ ਤੇ ਗੁਪਤ ਯੁੱਧ ਦੇ ਤੱਥਾਂ 'ਤੇ ਪਰਦਾ ਪਾਉਣ ਲਈ ਪੱਤਰਕਾਰਾਂ, ਵਕੀਲਾਂ ਤੇ ਜਮਹੂਰੀ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਕੇ ਪਰਦਾਪੋਸ਼ੀ ਨੂੰ ਯਕੀਨੀਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਐਨੇ ਸੰਗੀਨ ਹਨ ਕਿ ਬਸਤਰ ਵਿਚ ਕਤਲ ਦੇ ਮਾਮਲੇ ਦਿੱਲੀ ਦੇ ਪ੍ਰੋਫੈਸਰਾਂ ਉੱਪਰ ਦਰਜ ਕੀਤੇ ਜਾ ਰਹੇ ਹਨ। ਅਦਾਲਤਾਂ ਨੂੰ ਪਤਾ ਹੈ ਕਿ ਸੱਚ ਕੀ ਹੈ ਪਰ ਪੁਲਿਸ ਤੇ ਸਰਕਾਰਾਂ ਦੀ ਮਿਲੀਭੁਗਤ ਅਤੇ ਸੱਤਾ ਦੀਆਂ ਮਨਮਾਨੀਆਂ ਅੱਗੇ ਈਮਾਨਦਾਰ ਜੱਜ ਬੇਵੱਸ ਹਨ। ਪੂਰੇ ਦੇਸ਼ ਵਿਚ ਮੋਦੀ ਸਰਕਾਰ ਵਲੋਂ ਫਾਸ਼ੀਵਾਦੀ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘੋਰ ਹਨੇਰਗਰਦੀ ਦੇ ਮਾਹੌਲ ਵਿਚ ਉਮੀਦ ਦੀ ਕਿਰਨ ਇਹ ਹੈ ਲੋਕਾਂ ਖ਼ਾਸ ਕਰਕੇ ਆਦਿਵਾਸੀਆਂ ਅਤੇ ਦਲਿਤਾਂ ਦੀ ਇਸ ਫਾਸ਼ੀਵਾਦ ਦੇ ਖ਼ਿਲਾਫ਼ ਏਕਤਾ ਮਜ਼ਬੂਤ ਹੋ ਰਹੀ ਹੈ ਅਤੇ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਹੋ ਰਿਹਾ ਹੈ।

ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਸੂਬਾ ਪ੍ਰਧਾਨ ਪ੍ਰੋਫੈਸਰ ਮਲੇਰੀ ਨੇ ਕਿਹਾ ਕਿ ਖੁੱਲ੍ਹੀ ਮੰਡੀ ਦੇ ਮਾਡਲ ਦੇ ਸਿਧਾਂਤਕਾਰਾਂ ਅਨੁਸਾਰ ਵਿਚਾਰਾਂ ਦੀ ਆਜ਼ਾਦੀ ਅਤੇ ਸਮਾਜ ਦੇ ਹਿੱਤਾਂ ਦੀ ਗੱਲ ਸਭ ਤੋਂ ਵੱਡਾ ਖ਼ਤਰਾ ਮੰਨੀ ਜਾਂਦੀ ਹੈ। ਕਿਤਾਬਾਂ ਜਦੋਂ ਗਿਆਨ ਦੇ ਪਸਾਰੇ ਦਾ ਸਾਧਨ ਬਣਕੇ ਆਮ ਲੋਕਾਂ ਤੱਕ ਪਹੁੰੰਚਦੀਆਂ ਹਨ ਤਾਂ ਇਹ ਸਥਾਪਤੀ ਨੂੰ ਸਭ ਤੋਂ ਵੱਧ ਭੈਭੀਤ ਕਰਦੀਆਂ ਹਨ। ਇਸੇ ਸੋਚ ਦੇ ਪੈਰੋਕਾਰ ਭਾਰਤੀ ਹੁਕਮਰਾਨ ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਚਿੰਤਨਸ਼ੀਲ ਵਿਚਾਰਾਂ ਦਾ ਸੋਮਾ ਆਹਲਾ ਮਿਆਰੀ ਸਿਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਮੌਕੇ ਐਡਵੋਕੇਟ ਐੱਨ.ਕੇ.ਜੀਤ ਨੇ ਮਲਕਾਨਗਿਰੀ ਮੁਕਾਬਲੇ ਦੇ ਤੱਥ ਖੋਜ ਟੀਮ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਮਾਓਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀ ਆਦਿਵਾਸੀਆਂ ਨੂੰ ਕਤਲ ਕਰਨ ਦੇ ਉਦੇਸ਼ ਨਾਲ ਗੋਲੀਆਂ ਨਾਲ ਭੁੰਨਿਆ ਗਿਆ ਅਤੇ ਅਖਾਉਤੀ ਵਿਕਾਸ ਦਾ ਵਿਰੋਧ ਕਰ ਰਹੇ ਆਦਿਵਾਸੀ ਟਾਕਰੇ ਨੂੰ ਕੁਚਲਣ ਲਈ ਐਸੇ ਮੁਕਾਬਲਿਆਂ ਦੇ ਨਾਂ ਹੇਠ ਆਮ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੱਢਕੇ ਮਾਰਿਆ ਜਾ ਰਿਹਾ ਹੈ। ਜੋ ਦਰਿੰਦਗੀ ਦੀ ਇੰਤਹਾ ਹੈ।

ਇਸ ਮੌਕੇ ਸੂਬਾਈ ਆਗੂ ਪ੍ਰਿਤਪਾਲ ਵਲੋਂ ਪਸ਼ ਕੀਤੇ ਮਤਿਆਂ ਵਿਚ ਭੋਪਾਲ ਅਤੇ ਮਲਕਾਨਗਿਰੀ ਦੇ ਮੁਕਾਬਲਿਆਂ ਨੂੰ ਝੂਠੇ ਮੁਕਾਬਲੇ ਕਰਾਰ ਦਿੰਦੇ ਹੋਏ ਇਨ੍ਹਾਂ ਵਿਚ ਸ਼ਾਮਲ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਕਤਲ ਦੇ ਮੁਕੱਦਮੇ ਦਰਜ ਕਰਨ, ਦੇਸ਼ ਦੇ ਲੋਕਾਂ ਖਿਲਾਫ਼ ਕੀਤੇ ਜਾ ਰਹੇ ਨੀਮ-ਫ਼ੌਜੀ ਤੇ ਪੁਲਸੀ ਹਮਲੇ ਅਤੇ ਪੁਲਿਸ ਮੁਕਾਬਲੇ ਬੰਦ ਕਰਨ, ਆਦਿਵਾਸੀ ਤੇ ਹੋਰ ਇਲਾਕਿਆਂ ਵਿਚੋਂ ਨੀਮ-ਫ਼ੌਜੀ ਤਾਕਤਾਂ ਅਤੇ ਸਪੈਸ਼ਲ ਪੁਲਿਸ ਵਾਪਸ ਬੁਲਾਉਣ, ਜਥੇਬੰਦੀਆਂ ਉੱਪਰ ਪਾਬੰਦੀ ਲਗਾਕੇ ਸਥਾਪਤੀ ਤੋਂ ਵੱਖਰੇ ਵਿਚਾਰਾਂ ਨੂੰ ਕੁਚਲਣ ਦੀ ਨੀਤੀ ਵਾਪਸ ਲੈਣ ਅਤੇ ਜਲੂਰ ਕਾਂਡ ਦੇ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਕਰਨ ਦੀ ਮੰਗ ਕੀਤੀ ਗਈ ਅਤੇ ਦਲਿਤਾਂ ਦੇ ਆਪਣੀ ਹੱਕ-ਜਤਾਈ ਲਈ ਸੰਘਰਸ਼ ਦੀ ਹਮਾਇਤ ਕੀਤੀ ਗਈ। ਇਕ ਹੋਰ ਮਤੇ ਰਾਹੀਂ ਨੋਟ ਬਦਲੀ ਦੇ ਨਾਂ ਹੇਠ ਦੇਸ਼ ਉੱਪਰ ਆਰਥਕ ਐਮਰਜੰਸੀ ਥੋਪਕੇ ਲੋਕਾਂ ਦੀ ਪਹਿਲਾਂ ਹੀ ਸੰਕਟਗ੍ਰਸਤ ਜ਼ਿੰਦਗੀ ਨੂੰ ਹੋਰ ਵਧਾਉਣ ਜਿਸ ਪਿੱਛੇ ਸਰਕਾਰ ਦਾ ਉਦੇਸ਼ ਲੋਕਾਂ ਦੀਆਂ ਬੱਚਤਾਂ ਨੂੰ ਹੜੱਪਕੇ ਕਾਰਪੋਰੇਟ ਸਰਮਾਏਦਾਰੀ ਦੇ ਮੁਨਾਫ਼ਿਆਂ ਦੀ ਸੇਵਾ ਵਿਚ ਲਾਉਣਾ ਹੈ।

ਇਸ ਮੌਕੇ ਪ੍ਰੋਫੈਸਰ ਬਾਵਾ ਸਿੰਘ, ਪ੍ਰਿੰਸੀਪਲ ਬੱਗਾ ਸਿੰਘ, ਡਾਕਟਰ ਅਜੀਤਪਾਲ, ਪ੍ਰੋਫੈਸਰ ਆਰ.ਪੀ. ਸਭਰਵਾਲ, ਪ੍ਰੋਫੈਸਰ ਵੇਦਵ੍ਰਤ, ਕੰਵਲਜੀਤ ਖੰਨਾ, ਤਰਕਸ਼ੀਲ ਆਗੂ  ਹੇਮਰਾਜ ਸਟੈਨੋ, ਕਹਾਣੀਕਾਰ ਅਤਰਜੀਤ, ਨਰਭਿੰਦਰ, ਬੂਟਾ ਸਿੰਘ ਸਮੇਤ ਬਹੁਤ ਸਾਰੀਆਂ ਜਮਹੂਰੀ ਸ਼ਖਸੀਅਤਾਂ, ਲੋਕਪੱਖੀ ਕਾਰਕੁੰਨ ਅਤੇ ਪੰਜਾਬ ਭਰ ਤੋਂ ਜਮਹੂਰੀ ਹੱਕਾਂ ਦੇ ਸੀਨੀਅਰ ਕਾਰਕੁੰਨ ਹਾਜ਼ਰ ਸਨ। ਪ੍ਰੋਫੈਸਰ ਮਲੇਰੀ ਵਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ