Sat, 20 April 2024
Your Visitor Number :-   6988016
SuhisaverSuhisaver Suhisaver

ਅਮਰੀਕਨ ਸੁਸਾਇਟੀ ਤੇਜ਼ੀ ਨਾਲ ਨਿਘਾਰ ਵੱਲ -ਹਰਚਰਨ ਸਿੰਘ ਪਰਹਾਰ

Posted on:- 11-09-2018

ਸਾਰਾ ਮਨੁੱਖੀ ਇਤਿਹਾਸ, ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਾਨਸਿਕ ਤੌਰ ਤੇ ਆਜ਼ਾਦ ਅਤੇ ਬੌਧਿਕ ਤੌਰ ਤੇ ਸੂਝਵਾਨ ਕੌਮਾਂ ਤੇ ਲੋਕਾਂ ਨੇ ਹੀ ਦੁਨੀਆਂ ਵਿੱਚ ਆਪਣੀਆਂ ਸਲਤਨਤਾਂ ਸਥਾਪਿਤ ਕੀਤੀਆਂ, ਜੀਵਨ ਦੇ ਹਰ ਖੇਤਰ ਵਿੱਚ ਤਰੱਕੀਆਂ ਕੀਤੀਆਂ।ਬੇਸ਼ਕ ਇਸਦਾ ਦੂਜਾ ਪਹਿਲੂ ਇਹ ਵੀ ਹੈ ਕਿ ਇਨ੍ਹਾਂ ਅਜ਼ਾਦ ਤੇ ਸੂਝਵਾਨ ਕੌਮਾਂ ਵਿਚੋਂ ਵੀ ਤਾਕਤਵਰ ਤੇ ਸ਼ਾਤਰ ਲੋਕਾਂ ਨੇ ਹੀ ਆਪਣੀਆਂ ਕੌਮਾਂ ਜਾਂ ਲੋਕਾਂ ਲਈ ਰਾਜ ਸਥਾਪਿਤ ਕੀਤੇ, ਆਪਣੀ ਸ਼ਕਤੀ ਤੇ ਬੌਧਿਕਤਾ ਦਾ ਲੋਹਾ ਮਨਾਇਆ ਅਤੇ ਦੂਜੀਆਂ ਕੌਮਾਂ ਨੂੰ ਗੁਲਾਮ ਬਣਾ ਕੇ ਰਾਜ ਕੀਤੇ।ਇਨ੍ਹਾਂ ਸਾਰੇ ਦੌਰਾਂ ਵਿੱਚ ਮਾਨਸਕਿ ਤੌਰ ਤੇ ਗੁਲਾਮ ਜ਼ਹਿਨੀਅਤ ਅਤੇ ਬੌਧਿਕ ਪੱਧਰ ਤੇ ਪਛੜੀਆਂ ਸੱਭਿਅਤਾਵਾਂ ਦੇ ਲੋਕਾਂ ਨੇ ਹਮੇਸ਼ਾਂ ਸੰਤਾਪ ਤੇ ਗੁਲਾਮੀਆਂ ਭੋਗੀਆਂ।ਅੱਜ ਮਨੁੱਖੀ ਸੱਭਿਅਤਾ, ਜਿਸ ਮੁਕਾਮ ਤੇ ਪਹੁੰਚ ਚੁੱਕੀ ਹੈ, ਇਹ ਸਰਮਾਏਦਾਰੀ ਦੌਰ ਦਾ ਸਿਖਰ ਕਿਹਾ ਜਾ ਸਕਦਾ ਹੈ।

ਅਖੌਤੀ ਲੋਕਤੰਤਰੀ ਸਰਕਾਰਾਂ ਨਾਲ ਰਲ਼ ਕੇ ਸਰਮਾਏਦਾਰੀ ਨਿਜ਼ਾਮ ਵਲੋਂ ਜੋ ਵਿਸ਼ਵ ਮੰਡੀ ਤੇ ਨਵ ਉਦਾਰਵਾਦ ਦਾ ਸੰਕਲਪ ਦੁਨੀਆਂ ਸਾਹਮਣੇ ਰੱਖਿਆ ਸੀ, ਉਹ ਪਛੜੇ ਤੇ ਕੁਰਪਟ ਦੇਸ਼ਾਂ ਦੀ ਲੁੱਟ ਹੀ ਸਾਬਿਤ ਹੋਇਆ।ਪਿਛਲੀਆਂ ਦੋ ਸਦੀਆਂ ਵਿੱਚ ਆਈ ਟੈਕਨੌਲੋਜੀ ਦੀ ਕ੍ਰਾਂਤੀ ਨੇ ਜਿਥੇ ਮਨੁੱਖ ਲਈ ਅਨੇਕਾਂ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਤੇ ਵੱਡੇ ਪੱਧਰ ਤੇ ਸਰਮਾਇਆ ਪੈਦਾ ਕੀਤਾ, ਉਥੇ ਇਹ ਤਰੱਕੀ, ਸਾਡੇ ਲਈ ਪੈਸੇ ਦੀ ਦੌੜ ਤੇ ਮਾਨਸਿਕ ਬੀਮਾਰੀਆਂ ਲੈ ਕੇ ਵੀ ਆਈ ਹੈ।ਮੌਜੂਦਾ ਸਰਮਾਏਦਾਰੀ ਨਿਜ਼ਾਮ ਨੇ ਮਨੁੱਖ ਨੂੰ ਜਿੱਥੇ ਪਹੁੰਚਾ ਦਿੱਤਾ ਹੈ, ਉਸ ਸਬੰਧੀ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਹ ਚੌਂਕਾ ਦੇਣ ਵਾਲੇ ਹਨ।ਸਭ ਤੋਂ ਸ਼ਕਤੀਸ਼ਾਲੀ ਤੇ ਸਰਮਾਏਦਾਰੀ ਦੇ ਲੀਡਰ ਮੰਨੇ ਜਾਂਦੇ ਅਮਰੀਕਾ ਦੇ ਹਾਲਾਤ ਦੇਖੀਏ ਤਾਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਜੇ ਅਮਰੀਕਾ ਵਿੱਚ ਹਾਲਾਤ ਇਹ ਹਨ ਤਾਂ ਬਾਕੀ ਦੇਸ਼ਾਂ ਦੇ ਵੀ ਜੇ ਅਜੇ ਹਾਲਾਤ ਅਜਿਹੇ ਨਹੀਂ ਤਾਂ ਜਲਦੀ ਅਜਿਹੇ ਬਣ ਜਾਣਗੇ?

ਅੱਜ ਦੀ ਇਸ ਲੇਖਣੀ ਵਿੱਚ ਅਸੀਂ ਸਿਰਫ ਮਨੁੱਖੀ ਸਿਹਤ ਤੇ ਸਮਾਜਿਕ ਢਾਂਚੇ ਬਾਰੇ ਹੀ ਗੱਲ ਕਰਾਂਗੇ।ਕਨੇਡਾ ਵਿੱਚ ਵੀ ਤਕਰੀਬਨ ਹਾਲਾਤ ਅਜਿਹੇ ਹੀ ਹਨ, ਪਰ ਇੱਥੇ ਆਬਾਦੀ ਘੱਟ ਹੋਣ ਕਰਕੇ ਜਾਂ ਕਨੇਡਾ ਸਰਕਾਰ ਦੀਆਂ ਕੁਝ ਲੋਕ ਪੱਖੀ ਸੋਸ਼ਲ ਪਾਲਸੀਆਂ ਕਾਰਨ ਅਜੇ ਹਾਲਾਤ ਇਤਨੇ ਖਰਾਬ ਨਹੀਂ ਹਨ, ਪਰ ਜਿਸ ਢੰਗ ਨਾਲ ਸਰਕਾਰਾਂ ਐਜੂਕੇਸ਼ਨ, ਹੈਲਥ ਤੇ ਹੋਰ ਪਬਲਿਕ ਸੇਵਾਵਾਂ ਤੇ ਕੱਟ ਲਾ ਰਹੀਆਂ ਹਨ, ਜੇ ਲੋਕ ਆਪਣੇ ਹੱਕਾਂ ਲਈ ਸੁਚੇਤ ਨਾ ਹੋਏ ਤਾਂ ਅਸੀਂ ਵੀ ਉਧਰ ਨੂੰ ਹੀ ਜਾ ਰਹੇ ਹਾਂ।

ਅਮਰੀਕਾ ਦੀ ‘ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ’ ਸੰਸਥਾ ਦੀ 2015 ਵਿੱਚ ਛਪੀ ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਤਕਰੀਬਨ 50 ਮਿਲੀਅਨ (ਭਾਵ ਹਰ ਪੰਜਵਾਂ ਅਮਰੀਕਨ) ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਮੈਂਟਲ ਇਲਨੈਸ (ਮਾਨਸਿਕ ਰੋਗ) ਨਾਲ ਜੂਝ ਰਿਹਾ ਹੈ।ਮਾਨਸਿਕ ਰੋਗਾਂ ਵਿੱਚ ਡਿਪਰੈਸ਼ਨ, ਸਟਰੈਸ, ਡਰ, ਚਿੰਤਾ, ਗੁੱਸਾ, ਪੈਨਿਕ ਹੋਣਾ, ਹਿੰਸਕ ਹੋਣਾ, ਦਿਮਾਗੀ ਤਵਾਜਨ ਵਿਗੜਨਾ, ਫੋਬੀਆ, ਔਟਿਜ਼ਮ, ਨਸ਼ਿਆਂ ਜਾਂ ਗਲਤ ਖਾਣ ਪੀਣ ਦੀਆਂ ਆਦਤਾਂ ਦਾ ਸ਼ਿਕਾਰ ਆਦਿ ਸ਼ਾਮਿਲ ਹਨ।ਜਿਨ੍ਹਾਂ ਵਿਚੋਂ 10 ਮਿਲੀਅਨ ਤੋਂ ਵੱਧ ਲੋਕ ਸੀਰੀਅਸ ਮੈਂਟਲ ਇਲਨੈਸ ਦਾ ਸ਼ਿਕਾਰ ਹਨ।ਜਿਨ੍ਹਾਂ ਵਿੱਚ ਵੱਡੀ ਗਿਣਤੀ ਉਨ੍ਹਾਂ ਫੌਜੀਆਂ ਦੀ ਹੈ, ਜੋ ਅਮਰੀਕਨ ਫੌਜਾਂ ਨਾਲ ਵੱਖ-ਵੱਖ ਦੇਸ਼ਾਂ ਵਿੱਚ ਲੜਦੇ ਰਹੇ ਸਨ।ਇਸ ਵੇਲੇ 13-18 ਸਾਲ ਦੀ ਉਮਰ ਦੇ 22% ਨੌਜਵਾਨ ਮਾਨਸਿਕ ਰੋਗਾਂ ਦਾ ਸ਼ਿਕਾਰ ਹਨ।ਅਮਰੀਕਾ ਵਿੱਚ ਹੈਲਥ ਸਿਸਟਮ ਪ੍ਰਾਈਵੇਟ ਹੋਣ ਕਰਕੇ ਸਿਰਫ 40% ਲੋਕ ਹੀ ਇਲਾਜ ਕਰਵਾ ਸਕਦੇ ਹਨ ਤੇ ਬਾਕੀ 60% ਬਿਨਾਂ ਇਲਾਜ ਤੋਂ ਇਨ੍ਹਾਂ ਬੀਮਾਰੀਆਂ ਨਾਲ ਜੂਝਦੇ ਪਾਗਲਪਨ ਦੀ ਸਥਿਤੀ ਵਿੱਚ ਹਨ।ਅੰਦਾਜਾ ਲਗਾਉ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਕਿਸ ਤਰ੍ਹਾਂ ਦੇ ਸਮਾਜ ਵੱਲ ਵੱਧ ਰਹੇ ਹਾਂ।‘ਅਮਰੀਕਨ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ’ ਦੀ 2017 ਦੀ ਰਿਪੋਰਟ ਅਨੁਸਾਰ ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ਾਂ ਵਿਚੋਂ ਇੱਕ ਦੇਸ਼ ਵਿੱਚ 6 ਲੱਖ ਦੇ ਕਰੀਬ ਵਿਅਕਤੀ ਹੋਮਲੈਸ (ਬੇ ਘਰੇ) ਹਨ।ਹੋਮਲੈਸ ਲੋਕਾਂ ਦੀ ਮੱਦਦ ਲਈ ਬਣੀ ਹੋਈ ਸੰਸਥਾ ‘ਰੇਜ਼ਿੰਗ ਦਾ ਰੂਫ’ ਦੀ ਰਿਪੋਰਟ ਅਨੁਸਾਰ ਕਨੇਡਾ ਵਿੱਚ ਇਸ ਵਕਤ ਢਾਈ ਲੱਖ ਦੇ ਕਰੀਬ ਲੋਕ ਬੇ ਘਰੇ ਹਨ, ਜਿਨ੍ਹਾਂ ਵਿਚੋਂ ਡੇਢ ਲੱਖ ਦੇ ਕਰੀਬ ਲੋਕ ਸ਼ੈਲਟਰ ਹੋਮਾਂ ਵਿੱਚ ਰਾਤਾਂ ਕੱਟਦੇ ਹਨ।ਇਸ ਰਿਪੋਰਟ ਅਨੁਸਾਰ 50 ਹਜ਼ਾਰ ਤੋਂ ਵੱਧ ਅਜਿਹੇ ਛੁਪੇ ਹੋਏ (ਭਾਵ ਜਿਹੜੇ ਦੱਸਦੇ ਨਹੀਂ ਕਿ ਅਸੀਂ ਬੇਘਰੇ ਹਾਂ) ਬੇਘਰੇ ਹਨ, ਜੋ ਆਪਣੀਆਂ ਰਾਤਾਂ ਕਾਰ, ਸੋਫੇ, ਕਿਸੇ ਪਬਲਕਿ ਥਾਂ ਤੇ ਸੌ ਕੇ ਗੁਜਾਰਦੇ ਹਨ।‘ਅਮਰੀਕਨ ਨੈਸ਼ਨਲ ਸੈਂਟਰ ਫਾਰ ਹੈਲ਼ਥ ਸਟੈਟਿਸਟਿਕਸ’ ਦੀ 2016 ਦੀ ਰਿਪੋਰਟ ਅਨੁਸਾਰ ਤਕਰੀਬਨ 50 ਹਜ਼ਾਰ ਲੋਕ ਹਰ ਸਾਲ ਆਤਮ ਹੱਤਿਆ ਕਰਦੇ ਹਨ। ਇਸ ਰਿਪੋਰਟ ਅਨੁਸਾਰ 1999-2014 ਦੇ 15 ਸਾਲਾਂ ਵਿੱਚ ਆਤਮ ਹੱਤਿਆ ਦੀ ਦਰ 24% ਵਧੀ ਹੈ।ਆਤਮ ਹੱਤਿਆ ਕਰਕੇ ਮਰਨ ਵਾਲੇ ਵਿਅਕਤੀਆਂ ਵਿਚੋਂ ਅੱਧੇ ਤੋਂ ਵੱਧ ਗਿਣਤੀ 30 ਤੋਂ 50 ਸਾਲ ਉਮਰ ਵਾਲਿਆਂ ਦੀ ਹੁੰਦੀ ਹੈ।ਲੈਸਬੀਅਨ, ਗੇਅ, ਬਾਇਸੈਕਸੂਅਲ, ਟਰਾਂਸਜੈਂਡਰ (ਲ਼ਘਭਠ) ਲੋਕਾਂ ਵਿੱਚ ਆਤਮ ਹੱਤਿਆ ਦਾ ਰੁਝਾਨ ਆਮ ਵਿਅਕਤੀਆਂ ਨਾਲੋਂ 3 ਗੁਣਾਂ ਜ਼ਿਆਦਾ ਹੈ।ਇਸਦਾ ਵੱਡਾ ਕਾਰਨ ਉਨ੍ਹਾਂ ਨਾਲ ਸਮਾਜ ਵਿੱਚ ਹੁੰਦਾ ਵਿਤਕਰਾ ਹੈ।

‘ਸਟੈਟਿਕਸ ਕਨੇਡਾ’ ਅਨੁਸਾਰ ਕਨੇਡਾ ਵਿੱਚ ਤਕਰੀਬਨ 5 ਹਜ਼ਾਰ ਵਿਅਕਤੀ ਹਰ ਸਾਲ ਆਤਮ ਹੱਤਿਆ ਕਰਦੇ ਹਨ।ਅਮਰੀਕਾ ਦੀ ‘ਸੂਆਸਾਈਡ ਪ੍ਰੀਵੈਂਸ਼ਨ ਰਿਸੋਰਸ ਸੈਂਟਰ’ ਦੀ ਤਾਜ਼ਾ ਰਿਪੋਰਟ ਅਨੁਸਾਰ ਹਰ ਸਾਲ ਉਨ੍ਹਾਂ ਦੇ 165 ਕਾਲ ਸੈਂਟਰਾਂ ਵਿੱਚ ਆਤਮ ਹੱਤਿਆ ਨਾਲ ਸਬੰਧਤ 15 ਲੱਖ ਕਾਲਾਂ ਆਉਂਦੀਆਂ ਹਨ।ਇਨ੍ਹਾਂ ਕਾਲਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਿਛਲੇ 10 ਸਾਲਾਂ ਵਿੱਚ 98 ਲੱਖ ਲੋਕਾਂ ਵਲੋਂ ਜੀਵਨ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਬਾਰੇ ਵਿਚਾਰ ਕੀਤਾ ਗਿਆ ਸੀ।28 ਲੱਖ ਲੋਕਾਂ ਵਲੋਂ ਆਤਮ ਹੱਤਿਆ ਕਰਨ ਦਾ ਪਲਾਨ ਬਣਾਇਆ ਸੀ ਅਤੇ 13 ਲੱਖ ਲੋਕਾਂ ਵਲੋਂ ਆਤਮ ਹੱਤਿਆ ਕਰਨ ਦੀ ਇੱਕ ਤੋਂ ਵੱਧ ਵਾਰ ਕੋਸ਼ਿਸ਼ ਕੀਤੀ ਸੀ।‘ਯੁਨਾਈਟਡ ਨੇਸ਼ਨ’ ਦੀ ਸੰਸਥਾ ‘ਵਰਲਡ ਹੈਲ਼ਥ ਆਰਗਨਾਈਜ਼ੇਸ਼ਨ’ ਦੇ ਵਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਹਰ ਸਾਲ 8 ਲੱਖ ਬੰਦਾ ਆਤਮ ਹੱਤਿਆ ਕਰਦਾ ਹੈ, ਭਾਵ ਹਰ 40 ਸੈਕਿੰਡ ਬਾਅਦ ਇੱਕ ਵਿਅਕਤੀ ਆਤਮ ਹੱਤਿਆ ਕਰਦਾ ਹੈ।ਅਸੀਂ ਅਕਸਰ ਕਹਿੰਦੇ ਹਾਂ ਕਿ ਦੁਨੀਆਂ ਨੇ ਬੜੀ ਤਰੱਕੀ ਕਰ ਲਈ ਹੈ, ਪਰ ਹਰ ਸਾਲ 8 ਲੱਖ ਬੰਦਾ ਜੀਵਨ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ ਤੇ ਕਦੇ ਕਿਸੇ ਦੇਸ਼ ਦੀ ਸਰਕਾਰ ਨੇ ਇਸਨੂੰ ਆਪਣਾ ਮੁੱਦਾ ਨਹੀਂ ਬਣਾਇਆ? ਅਮਰੀਕਾ ਵਿੱਚ ਹਰ ਸਾਲ ਤਕਰੀਬਨ ਰੋਜ਼ਾਨਾ ਇੱਕ ਮਾਸ ਸ਼ੂਟਿੰਗ ਹੁੰਦੀ ਹੈ ਅਤੇ ਤਕਰੀਬਨ 1000 ਤੋਂ ਵੱਧ ਵਿਅਕਤੀ ਇਨ੍ਹਾਂ ਸ਼ੂਟਿੰਗਾਂ ਵਿੱਚ ਹਰ ਸਾਲ ਮਾਰੇ ਜਾਂਦੇ ਹਨ।ਮਾਸ ਸ਼ੂਟਿੰਗ, ਉਸ ਸ਼ੂਟਿੰਗ ਨੂੰ ਕਹਿੰਦੇ ਹਨ, ਜਿਥੇ 4 ਤੋਂ ਵੱਧ ਵਿਅਕਤੀ ਗੋਲੀ ਲੱਗਣ ਨਾਲ ਮਰਨ ਜਾਂ ਫੱਟੜ ਹੋਣ ਤੇ ਜਿਸ ਵਿੱਚ ਕਾਤਲ ਦਾ ਕਤਲਾਂ ਲਈ ਕੋਈ ਮੰਤਵ ਨਾ ਹੋਵੇ ਤੇ ਨਾ ਹੀ ਮਰਨ ਵਾਲਿਆਂ ਨਾਲ ਕੋਈ ਸਿੱਧਾ ਸਬੰਧ ਹੋਵੇ।

ਆਮ ਤੌਰ ਤੇ ਅਜਿਹੀਆਂ ਮਾਸ ਸ਼ੂਟਿੰਗ ਵਿੱਚ ਕਾਤਲ ਖੁਦਕੁਸ਼ੀ ਕਰ ਲੈਂਦਾ ਹੈ ਜਾਂ ਪੁਲਿਸ ਦੀ ਗੋਲੀ ਨਾਲ ਮਾਰਿਆ ਜਾਂਦਾ ਹੈ।ਪਿਛਲੇ ਸਾਲ ਇਨ੍ਹਾਂ ਸ਼ੂਟਿੰਗਜ਼ ਵਿੱਚ 1358 ਵਿਅਕਤੀ ਮਰੇ ਸਨ।ਹੁਣ ਅਜਿਹੀਆਂ ਮਾਸ ਸ਼ੂਟਿੰਗ ਕਨੇਡਾ ਵਿੱਚ ਹੋਣੀਆਂ ਸ਼ੁਰੂ ਹੋ ਗਈਆਂ ਹਨ।ਆਮ ਤੌਰ ਤੇ ਇਨ੍ਹਾਂ ਸ਼ੂਟਿੰਗਜ਼ ਪਿਛੇ ਮਾਨਸਿਕ ਰੋਗੀਆਂ ਦਾ ਹੱਥ ਹੁੰਦਾ ਹੈ।ਅਮਰੀਕਾ ਦੀ ਰੇਪ ਤੇ ਸੈਕਸੂਅਲ ਐਬਿਊਜ਼ ਨਾਲ ਸਬੰਧਤ ਸੰਸਥਾ ‘ਰੇਪ ਐਬਿਊਜ਼ ਇਨਸੈਸਟ ਨੈਸ਼ਨਲ ਨੈਟਵਰਕ’ (੍ਰਅੀਂਂ) ਦੀ ਇੱਕ ਰਿਪੋਰਟ ਅਨੁਸਾਰ ਤਕਰੀਬਨ 321000 ਰੇਪ ਜਾਂ ਸੈਕਸੂਅਲ ਅਸੌਲਟ ਨਾਲ ਸਬੰਧਤ ਕੇਸ ਅਮਰੀਕਾ ਵਿੱਚ ਦਰਜ ਕੀਤੇ ਜਾਂਦੇ ਹਨ।ਜਿਸਦਾ ਭਾਵ ਹੈ ਕਿ ਹਰ 98 ਸੈਕਿੰਡ ਬਾਅਦ ਅਮਰੀਕਾ ਵਿੱਚ ਇੱਕ ਰੇਪ ਕੇਸ ਦਾਇਰ ਹੁੰਦਾ ਹੈ।ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰੇਪ ਕੇਸ ਦਰਜ ਵੀ ਨਹੀਂ ਹੁੰਦੇ ਕਿਉਂਕਿ ਸਾਰੀਆਂ ਲੜਕੀਆਂ ਪੁਲਿਸ ਤੇ ਕੋਰਟ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੁੰਦੀਆਂ ਅਤੇ ਇੱਕ ਹੋਰ ਕਾਰਨ ਇਹ ਹੈ ਕਿ ਔਰਤ ਨੂੰ ਰੇਪ ਪਰੂਵ ਕਰਨ ਲਈ ਇੱਕ ‘ਰੇਪ ਕਿੱਟ’ (ਆਪਣਾ ਮੈਡੀਕਲ ਕਰਨ ਲਈ) ਲੈਣੀ ਪੈਂਦੀ ਹੈ, ਜਿਸਦਾ ਖਰਚਾ 500-1500 ਅਮਰੀਕਨ ਡਾਲਰ ਹੈ, ਜੇ ਤੁਹਾਡੇ ਕੋਲ ਪ੍ਰਾਈਵੇਟ ਮੈਡੀਕਲ ਇੰਸ਼ੋਰੈਂਸ ਨਾ ਹੋਵੇ ਤਾਂ ਬਹੁਤ ਲੜਕੀਆਂ ਇਤਨੀ ਮਹਿੰਗੀ ਕਿੱਟ ਖਰੀਦਣ ਤੋਂ ਅਸਮਰਥ ਹੋਣ ਕਾਰਨ ਕੇਸ ਦਾਇਰ ਨਹੀਂ ਕਰਦੀਆਂ।ਇਸੇ ਰਿਪੋਰਟ ਅਨੁਸਾਰ 1998 ਤੋਂ 2018 ਤੱਕ 20 ਸਾਲਾਂ ਵਿੱਚ 20 ਮਿਲੀਅਨ ਤੋਂ ਵੱਧ ਰੇਪ ਕੇਸ ਦਰਜ ਹੋਏ ਹਨ।ਇਨ੍ਹਾਂ ਵਿੱਚ 21% ਪੀੜ੍ਹਤ, ਗੇਅ ਤੇ ਲੈਸਬੀਅਨ ਲੋਕ ਸਨ। 38% ਔਰਤਾਂ ਨਾਲ ਰੇਪ ਸਕੂਲ, ਕਾਲਿਜ, ਕੰਮ ਦੀਆਂ ਥਾਵਾਂ ਤੇ ਹੁੰਦੇ ਹਨ।ਹਰ ਸਾਲ ਅਮਰੀਕਨ ਜ਼ੇਲ੍ਹਾਂ ਵਿੱਚ 80 ਹਜ਼ਾਰ ਤੋਂ ਵੱਧ ਕੈਦੀਆਂ ਵਲੋਂ ਰੇਪ ਦੇ ਕੇਸ ਦਰਜ ਕਰਾਏ ਜਾਂਦੇ ਹਨ। ਹਰ ਸਾਲ 20 ਹਜ਼ਾਰ ਤੋਂ ਵੱਧ ਰੇਪ ਕੇਸ ਫੌਜੀਆਂ ਖਿਲਾਫ ਦਰਜ ਕੀਤੇ ਜਾਂਦੇ ਹਨ।

ਇਸੇ ਤਰ੍ਹਾਂ ‘ਸਟੈਟਸ ਕੈਨੇਡਾ’ ਦੀ ਇੱਕ ਚੌਂਕਾ ਦੇਣ ਵਾਲੀ ਰਿਪੋਰਟ ਅਨੁਸਾਰ ਕਨੇਡਾ ਵਿੱਚ ਰੇਪ ਜਾਂ ਸੈਕਸੂਅਲ ਹੈਰਾਸਮੈਂਟ ਦੀਆਂ ਪੀੜ੍ਹਤ ਔਰਤਾਂ ਵਿਚੋਂ ਸਿਰਫ 6% ਹੀ ਪੁਲਿਸ ਕੋਲ ਰਿਪੋਰਟ ਕਰਦੀਆਂ ਹਨ।ਇਸ ਰਿਪੋਰਟ ਅਨੁਸਾਰ 4 ਵਿਚੋਂ 1 ਕਨੇਡੀਅਨ ਔਰਤ ਨਾਲ ਜੀਵਨ ਵਿੱਚ ਘੱਟੋ-ਘੱਟ ਇੱਕ ਰੇਪ ਜਰੂਰ ਹੁੰਦਾ ਹੈ।ਇਸੇ ਰਿਪੋਰਟ ਵਿੱਚ ਦਰਜ ਹੈ ਕਿ 2004 ਤੋਂ 2014 ਦੇ ਦਹਾਕੇ ਦੌਰਾਨ ਕਨੇਡਾ ਵਿੱਚ 6 ਲੱਖ 36 ਹਜ਼ਾਰ ਰੇਪ ਕੇਸ ਦਰਜ ਹੋਏ।‘ਯੂ ਐਸ ਬਿਊਰੋ ਆਫ ਜਸਟਿਸ’ ਅਨੁਸਾਰ ਇਸ ਵੇਲੇ ਅਮਰੀਕਾ ਵਿੱਚ 3000 ਤੋਂ ਵੱਧ ਜ਼ੇਲ੍ਹਾਂ ਹਨ, ਜਿਨ੍ਹਾਂ 25 ਲੱਖ ਤੋਂ ਵੱਧ ਵਿਅਕਤੀ ਨਜ਼ਰਬੰਦ ਹਨ ਅਤੇ 45 ਲੱਖ ਵਿਅਕਤੀ ਜਮਾਨਤ ਤੇ ਬਾਹਰ ਹਨ, ਜਿਨ੍ਹਾਂ ਤੇ ਕਿਸੇ ਨਾ ਕਿਸੇ ਜ਼ੁਰਮ ਦੇ ਮੁਕੱਦਮੇ ਚੱਲ ਰਹੇ ਹਨ।ਇਸ ਤੋਂ ਇਲਾਵਾ 55 ਹਜ਼ਾਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜ਼ੇਲਾਂ ਵਿੱਚ ਹਨ।‘ਵਰਲਡ ਪਰਿਜ਼ਨ ਬਿਉਰੋ’ ਅਨੁਸਾਰ ਜ਼ੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਗਿਣਤੀ ਅਮਰੀਕਾ ਵਿੱਚ ਸਾਰੀ ਦੁਨੀਆਂ ਵਿਚੋਂ ਵੱਧ ਹੈ।ਜਿਸਦਾ ਇੱਕ ਕਾਰਨ ਇਹ ਵੀ ਹੈ ਕਿ ਅਮਰੀਕਨ ਜ਼ੇਲ੍ਹਾਂ ਪ੍ਰਾਈਵੇਟ ਹੋਣ ਕਰਕੇ, ਕੰਪਨੀਆਂ ਲਈ ਜ਼ੇਲ੍ਹਾਂ ਵਿੱਚ ਕੈਦੀਆਂ ਰੂਪੀ ਸਸਤੀ ਲੇਬਰ ਮਿਲੀ ਹੋਈ ਹੈ ਤੇ ਉਨ੍ਹਾਂ ਨੇ ਇਸਨੂੰ ਮੁਨਾਫੇ ਦਾ ਸਾਧਨ ਬਣਾ ਲਿਆ ਹੈ।ਪਿਛਲੇ 20 ਸਾਲਾਂ ਵਿੱਚ ਅਮਰੀਕਾ ਵਿੱਚ 2600 ਤੋਂ ਵੱਧ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਅਧੀਨ ਫਾਹੇ ਲਾਇਆ ਗਿਆ ਹੈ।ਕਨੇਡਾ ਵਿੱਚ ਇਸ ਵੇਲੇ 40 ਹਜ਼ਾਰ ਤੋਂ ਵੱਧ ਵਿਅਕਤੀ ਜ਼ੇਲ੍ਹਾਂ ਵਿੱਚ ਬੰਦ ਹਨ।ਅਮਰੀਕਾ ਵਿੱਚ ਹਰ ਸਾਲ ਤਕਰੀਬਨ 25 ਲੱਖ ਤੋਂ ਵੱਧ ਕਰਿਮੀਨਲ ਕੇਸ ਦਰਜ ਹੁੰਦੇ ਹਨ ਅਤੇ 20 ਹਜ਼ਾਰ ਕਰੀਬ ਵਿਅਕਤੀ ਕਤਲ ਹੁੰਦੇ ਹਨ।ਅਮਰੀਕਾ ਦੀ ‘ਨੈਸ਼ਨਲ ਸੇਫਟੀ ਕੌਂਸਲ’ ਦੀ 2017 ਦੀ ਰਿਪੋਰਟ ਅਨੁਸਾਰ ਹਰ ਸਾਲ ਹੁੰਦੇ ਤਕਰੀਬਨ 54 ਲੱਖ ਸੜਕ ਹਾਦਸਿਆਂ ਵਿੱਚ 40 ਹਜ਼ਾਰ ਤੋਂ ਵੱਧ ਵਿਅਕਤੀ ਮਾਰੇ ਜਾਂਦੇ ਹਨ ਅਤੇ 22 ਲੱਖ ਤੋਂ ਵੱਧ ਲੋਕ ਇਨ੍ਹਾਂ ਹਾਦਸਿਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜ਼ਖਮੀ ਹੁੰਦੇ ਹਨ।

ਅਸੀਂ ਆਮ ਤੌਰ ਤੇ ਇੰਡੀਆ ਵਿੱਚ ਹੁੰਦੇ ਸੜਕ ਹਾਦਸਿਆਂ ਬਾਰੇ ਗੱਲ ਕਰਦੇ ਹਾਂ ਕਿ ਉਥੇ ਰੋਡ ਚੰਗੇ ਨਹੀਂ ਜਾਂ ਰੂਲ ਰੈਗੂਲੇਸ਼ਨ ਨਹੀਂ ਹੈ, ਪਰ ਅਮਰੀਕਾ ਵਰਗੇ ਵਿਕਸਤ ਦੇਸ਼ ਵਿੱਚ ਇਤਨੇ ਹਾਦਸੇ ਹੋਣ ਪਿਛੇ ਵੱਡਾ ਕਾਰਨ ਮਾਨਸਿਕ ਰੋਗ ਹਨ ਅਤੇ 28% ਐਕਸੀਡੈਂਟ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਅਧੀਨ ਹੁੰਦੇ ਹਨ।ਅਮਰੀਕਾ ਦੀ ‘ਡੋਮੈਸਟਿਕ ਵਾਇਲੈਂਸ ਤੇ ਹੋਮਲੈਸਨੈਸ’ ਦੀ 2015 ਦੀ ਇੱਕ ਰਿਪੋਰਟ ਅਨੁਸਾਰ ਇੱਕ ਦਿਨ ਵਿੱਚ ਘਰੇਲੂ ਹਿੰਸਾ ਕਾਰਨ 31500 ਬੱਚੇ ਤੇ ਔਰਤਾਂ ਨੂੰ ਸ਼ੈਲਟਰ ਹੋਮ ਜਾਣਾ ਪਿਆ ਤੇ ਉਸੇ ਦਿਨ 12197 ਕਾਲਰਾਂ ਨੂੰ ਅਟੈਂਡ ਨਹੀਂ ਕੀਤਾ ਜਾ ਸਕਿਆ।ਅਮਰੀਕਾ ਵਿੱਚ ਇਸ ਵੇਲੇ 3000 ਤੋਂ ਵੱਧ ਘਰੇਲੂ ਹਿੰਸਾ ਤੋਂ ਪੀੜ੍ਹਤ ਔਰਤਾਂ ਲਈ ਸ਼ੈਲਟਰ ਹੋਮ ਹਨ।ਪਰ ਘਰੇਲੂ ਹਿੰਸਾ ਨਾਲ ਪੀੜ੍ਹਤ ਔਰਤਾਂ ਦੀ ਗਣਤੀ ਇਤਨੀ ਜ਼ਿਆਦਾ ਹੈ ਕਿ ਉਨ੍ਹਾਂ ਵਿਚੋਂ ਕੁਝ ਪ੍ਰਤੀਸ਼ਤ ਨੂੰ ਹੀ ਜਗ੍ਹਾ ਮਿਲਦੀ ਹੈ।ਇਸੇ ਰਿਪੋਰਟ ਅਨੁਸਾਰ ਅਮਰੀਕਾ ਦੀਆਂ 3 ਵਿਚੋਂ 1 ਔਰਤ ਨੂੰ ਆਪਣੇ ਜੀਵਨ ਵਿੱਚ ਕਿਸੇ ਮਰਦ ਵਲੋਂ ਘੱਟੋ ਘੱਟ ਇੱਕ ਵਾਰ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ।ਪਰ ਸ਼ੈਲਟਰ ਹੋਮ ਵਿੱਚ ਔਰਤਾਂ ਔਸਤ 5-7 ਵਾਰ ਮਰਦਾਂ ਤੋਂ ਕੁੱਟ-ਮਾਰ ਤੋਂ ਬਾਅਦ ਹੀ ਸ਼ੈਲਟਰ ਵਿੱਚ ਜਾਂਦੀਆਂ ਹਨ।‘ਸ਼ੈਲਟਰਜ਼ ਫਾਰ ਅਬਿਊਜ਼ਡ ਵੁਮੈਨ ਕਨੇਡਾ’ ਅਨੁਸਾਰ ਕਨੇਡਾ ਵਿੱਚ ਇਸ ਵਕਤ ਵੱਖ-ਵੱਖ ਵੁਮੈਨ ਸ਼ੈਲਟਰ ਘਰਾਂ ਵਿੱਚ 12000 ਦੇ ਕਰੀਬ ਬੈੱਡ ਹਨ, ਪਰ ਹਰ ਵਕਤ 60 ਹਜ਼ਾਰ ਤੋਂ ਵੱਧ ਔਰਤਾਂ ਸ਼ੈਲਟਰ ਹੋਮ ਦੀ ਸ਼ਰਨ ਵਿੱਚ ਹੁੰਦੀਆਂ ਹਨ।‘ਨੈਸ਼ਨਲ ਇਸਟੀਚਿਊਟ ਆਫ ਅਲਕੋਹਲ ਅਬਿਊਜ਼’ ਅਨੁਸਾਰ 18 ਸਾਲ ਤੋਂ ਵੱਧ ਉਮਰ ਦੇ 86% ਲੋਕ ਸ਼ਰਾਬ ਜਾਂ ਕਿਸੇ ਨਾ ਕਿਸੇ ਤਰ੍ਹਾਂ ਨਸ਼ਾ ਪੀਣ ਦੇ ਆਦੀ ਹਨ।ਜਿਨ੍ਹਾਂ ਵਿਚੋਂ 10% ਅਜਿਹੇ ਹਨ, ਜਿਹੜੇ ਹਫਤੇ ਵਿੱਚ 70 ਤੋਂ ਵੱਧ ਡਰਿੰਕ (ਪੈੱਗ) ਲਾਉਂਦੇ ਹਨ ਅਤੇ ਰੋਜ਼ਾਨਾ 6 ਵਿਅਕਤੀ ਸ਼ਰਾਬ ਕਾਰਨ ਮਰਦੇ ਹਨ।

‘ਵਰਲਡ ਹੈਲ਼ਥ ਆਰਗਨਾਈਜ਼ੇਸ਼ਨ’ ਦੀ 200 ਦੇਸ਼ਾਂ ਦੇ ਅਧਾਰਿਤ ਤਾਜ਼ਾ ਰਿਪੋਰਟ ਅਨੁਸਾਰ ਅਬਾਦੀ ਦੇ ਹਿਸਾਬ ਨਾਲ ਕਨੇਡਾ ਦੇ ਲੋਕ ਦੁਨੀਆਂ ਵਿਚੋਂ ਸਭ ਤੋਂ ਵੱਧ ਸ਼ਰਾਬ ਪੀਂਦੇ ਹਨ ਅਤੇ ਔਸਤਨ ਇੱਕ ਕਨੇਡੀਅਨ ਸਾਲ ਵਿੱਚ 10 ਲੀਟਰ ਸ਼ਰਾਬ ਪੀ ਲੈਂਦਾ ਹੈ।ਅਲਬਰਟਾ ਸੂਬਾ ਸਾਰੇ ਕਨੇਡਾ ਵਿਚੋਂ ਪਹਿਲੇ ਨੰਬਰ ਤੇ ਹੈ।‘ਸਬਸਟਾਂਸ ਅਬਿਊਜ਼ ਤੇ ਮੈਂਟਲ ਹੈਲਥ ਸਰਵਿਸਜ਼’ ਦੀ ਤਾਜ਼ਾ ਰਿਪੋਰਟ ਅਨੁਸਾਰ ਅਮਰੀਕਾ ਵਿੱਚ 70 ਮਿਲੀਅਨ ਲੋਕਾਂ ਨੂੰ ਚੈਨ ਨਾਲ ਸੌਣ ਲਈ ਨੀਂਦ ਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਹਨ।ਨਾਰਥ ਅਮਰੀਕਾ ਵਿੱਚ ਦੁਨੀਆਂ ਵਿਚੋਂ ਸਭ ਤੋਂ ਵੱਧ ਨੀਂਦ ਨਾ ਆਉਣ ਦੀ ਸਮੱਸਿਆ ਹੈ।ਕਨੇਡਾ-ਅਮਰੀਕਾ ਵਿੱਚ ਤਲਾਕ ਦਰ 40-50% ਹੈ ਤੇ ਔਸਤਨ ਵਿਆਹ 10 ਕੁ ਸਾਲ ਚਲਦਾ ਹੈ।ਅੰਕੜਿਆਂ ਅਨੁਸਾਰ ਬੇਸ਼ਕ ਪਿਛਲੇ 2 ਦਹਾਕਿਆਂ ਵਿੱਚ ਤਲਾਕ ਦੀ ਦਰ ਘਟੀ ਹੈ, ਪਰ ਉਸਦਾ ਵੱਡਾ ਕਾਰਨ ਲੋਕਾਂ ਵਲੋਂ ਵਿਆਹ ਦੀ ਥਾਂ ਕਾਮਨ ਲਾਅ ਵਿੱਚ ਰਹਿਣਾ ਜਾਂ ਵਿਆਹ ਨਾ ਕਰਾਉਣਾ ਜਾਂ ਵਿਆਹ ਤੋਂ ਬਿਨਾਂ ਰਹਿਣਾ ਹੈ।ਨਵੀਂ ਪੀੜ੍ਹੀ ਲਈ ਵਿਆਹ ਕਰਾ ਕੇ ਇਕੱਠੇ ਰਹਿਣਾ ਤੇ ਬੱਚੇ ਪੈਦਾ ਕਰਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਇਤਨਾ ਮਹਿੰਗਾ ਹੋ ਰਿਹਾ ਹੈ ਕਿ ਉਨ੍ਹਾਂ ਕੋਲ ਬਿਨਾਂ ਵਿਆਹ ਜਾਂ ਬਿਨਾਂ ਬੱਚਿਆਂ ਤੋਂ ਰਹਿਣਾ ਹੀ ਇੱਕ ਸਾਧਨ ਰਹਿ ਗਿਆ ਹੈ।

ਇਹ ਸਾਰੀਆਂ ਰਿਪੋਰਟਾਂ ਸਾਬਿਤ ਕਰ ਰਹੀਆਂ ਹਨ ਕਿ ਬੇਸ਼ਕ ਪਿਛਲੇ 200 ਸਾਲਾਂ ਵਿੱਚ ਟੈਕਨੌਲੌਜੀ ਦੀ ਤਰੱਕੀ ਨੇ ਸਰਮਾਏ ਨੂੰ ਵਧਾਇਆ ਹੈ, ਪਰ ਇਹ ਵਧਿਆ ਸਰਮਾਇਆ ਸਿਰਫ ਕੁਝ ਮੁੱਠੀ ਭਰ ਲੋਕਾਂ ਦੀਆਂ ਤਿਜੋਰੀਆਂ ਭਰਨ ਦੇ ਕੰਮ ਹੀ ਆਇਆ ਹੈ।ਅੱਜ ਹਰ ਵੱਡਾ ਸਰਮਾਏਦਾਰ ਆਪਣੇ ਮੁਨਾਫੇ ਦਾ ਵੱਡਾ ਹਿੱਸਾ ਟੈਕਨੌਲੌਜੀ ਨੂੰਫ਼ਨਬਸਪ; ਵਧਾਉਣ ਤੇ ਹੋਰ ਵਧੀਆ ਕਰਨ ਵਿੱਚ ਲਗਾ ਰਿਹਾ ਹੈ ਤਾਂ ਕਿ ਮਨੁੱਖ ਦੀ ਲੋੜ ਜਿਤਨੀ ਹੋ ਸਕੇ ਘਟਾਈ ਜਾ ਸਕੇ ਤੇ ਮੁਨਾਫਾ ਹੋਰ ਵਧਾਇਆ ਜਾਵੇ।ਸਰਮਾਏਦਾਰਾਂ ਤੇ ਸਰਕਾਰਾਂ ਦੇ ਏਜੰਡੇ ਤੋਂ ਮਨੁੱਖ ਮਨਫੀ ਹੋ ਚੁੱਕਾ ਹੈ, ਸਰਮਾਏਦਾਰ ਇਸ ਦੌੜ ਵਿੱਚ ਹੈ ਕਿ ਕਿਵੇਂ ਵੱਧ ਮੁਨਾਫਾ ਕਮਾਇਆ ਜਾਵੇ ਅਤੇ ਸਰਕਾਰਾਂ ਇਸ ਦੌੜ ਵਿੱਚ ਹਨ ਕਿਵੇਂ ਵੱਧ ਤੋਂ ਵੱਧ ਟੈਕਸ ਇਕੱਠਾ ਕਰਕੇ ਲੋਕਾਂ ਦੀ ਲੁੱਟ ਕੀਤੀ ਜਾਵੇ।ਸਰਕਾਰਾਂ ਲਈ ਮਨੁੱਖ ਦੀ ਲੋੜ ਸਿਰਫ ਵੋਟਾਂ ਵਾਲੇ ਦਿਨ ਤੋਂ ਬਾਅਦ ਕਦੇ ਨਹੀਂ ਹੁੰਦੀ।ਸਰਮਾਏਦਾਰੀ ਦਾ ਮੁਨਾਫੇ ਤੇ ਕੰਪੀਟੀਸ਼ਨ ਅਧਾਰਿਤ ਬਾਹਰੋਂ ਦਿਸਦਾ ਸਿਸਟਮ, ਬੜਾ ਲੁਭਾਵਣਾ ਲਗਦਾ ਹੈ, ਪਰ ਇਹ ਕੰਪੀਟੀਸ਼ਨ ਛੋਟੇ ਲੈਵਲ ਤੇ ਹੀ ਹੈ, ਵੱਡੇ ਲੈਵਲ ਤੇ ਕੋਈ ਬਹੁਤਾ ਕੰਪੀਟੀਸ਼ਨ ਨਹੀਂ ਹੈ।ਕੁਝ ਲੋਕਾਂ ਦੇ ਹੱਥਾਂ ਵਿੱਚ ਹੀ ਸਾਰਾ ਕੰਟਰੋਲ ਹੈ।ਉਨ੍ਹਾਂ ਨੇ ਹੀ ਵੱਖ-ਵੱਖ ਨਾਵਾਂ ਤੇ ਵੱਖ-ਵੱਖ ਕਾਰਪੋਰੇਸ਼ਨਾਂ ਬਣਾਈਆਂ ਹੋਈਆਂ ਹਨ ਤੇ ਸਭ ਪਾਸੇ ਇਜ਼ਾਰੇਦਾਰੀ ਕੁਝ ਲੋਕਾਂ ਦੀ ਹੀ ਹੈ।ਇਨ੍ਹਾਂ ਲੋਕਾਂ ਵਲੋਂ ਹੀ ਲੁੱਟੇ ਹੋਏ ਮਾਲ ਨੂੰ ਸਫਲ ਕਰਨ ਲਈ ਤੇ ਟੈਕਸ ਚੋਰੀ ਲਈ ਚੈਰਿਟੀ ਸੰਸਥਾਵਾਂ ਬਣਾਈਆਂ ਹੋਈਆਂ ਹਨ।ਅਜਿਹੇ ਲੋਕਾਂ ਦੀ ਗਿਣਤੀ ਦੁਨੀਆਂ ਭਰ ਵਿੱਚ 1-2% ਤੋਂ ਵੱਧ ਨਹੀਂ ਹੈ।ਪਰ ਇਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਹਰ ਖੇਤਰ ਵਿੱਚ ਕੰਪੀਟੀਸ਼ਨ ਦੀ ਅਜਿਹੀ ਦੌੜ ਵਿੱਚ ਮਨੁੱਖ ਜਾਤੀ ਨੂੰ ਪਾ ਦਿੱਤਾ ਹੈ ਕਿ ਮਨੁੱਖ ਰੋਟੀ, ਕੱਪੜਾ, ਮਕਾਨ ਦੀਆਂ ਬੁਨਿਆਦੀ ਲੋੜਾਂ ਦੇ ਨਾਲ-ਨਾਲ ਬਾਹਰੀ ਸੁੱਖ ਸਹੂਲਤਾਂ ਦੀ ਅਣ-ਮੁੱਕਦੀ ਦੌੜ ਵਿੱਚ ਅਜਿਹਾ ਫਸਦਾ ਜਾ ਰਿਹਾ ਹੈ ਕਿ ਉਸਨੂੰ ਜਿਉਣਾ ਭੁੱਲ ਹੀ ਗਿਆ ਹੈ।ਸਰਮਾਏਦਾਰੀ ਨੇ ਮੀਡੀਆ ਤੇ ਇੰਟਰਟੇਨਮੈਂਟ ਦੇ ਅਜਿਹੇ ਸਾਧਨ ਬਣਾ ਲਏ ਹਨ ਕਿ ਮਨੁੱਖ ਕੁਝ ਰਿਲੈਕਸ ਹੋਣ ਲਈ ਉਥੇ ਬੈਠਦਾ ਹੈ ਤਾਂ ਅਜਿਹੇ ਢੰਗ ਨਾਲ ਬ੍ਰੇਨਵਾਸ਼ਿੰਗ ਕੀਤੀ ਜਾਂਦੀ ਹੈ ਕਿ ਮਨੁੱਖ ਜਾਤੀ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਵੇਂ ਸਰਮਾਏਦਾਰ ਤੇ ਲੁਟੇਰਾ ਹਾਕਮਾਂ ਦਾ ਗੱਠਜੜ ਉਨ੍ਹਾਂ ਦਾ ਸਭ ਕੁਝ ਲੁੱਟ ਕੇ ਲਈ ਜਾ ਰਿਹਾ ਹੈ।ਵਿੱਦਿਆ ਦਾ ਕੰਪੀਟੀਸ਼ਨ ਅਧਾਰਿਤ ਸਿਸਟਮ ਅਜਿਹਾ ਬਣਾ ਦਿੱਤਾ ਗਿਆ ਹੈ ਕਿ ਮਨੁੱਖ ਸਰਮਾਏਦਾਰੀ ਲਈ ਇੱਕ ਮਸ਼ੀਨ ਬਣ ਕੇ ਨਿਕਲਦਾ ਹੈ, ਜਿਸਦਾ ਬੌਧਿਕ ਪੱਧਰ ਇਤਨਾ ਨੀਵਾਂ ਹੁੰਦਾ ਹੈ ਕਿ ਵੱਡੀਆਂ-ਵੱਡੀਆਂ ਡਿਗਰੀਆਂ ਵਾਲੇ ਲੋਕ ਵੀ ਇਸ ਮਨੁੱਖਤਾ ਵਿਰੋਧੀ ਨਿਜ਼ਾਮ ਨੂੰ ਸਮਝਣ ਤੋਂ ਅਸਮਰਥ ਹੁੰਦੇ ਹਨ।ਇਸ ਸਿਸਟਮ ਵਿੱਚ ਔਰਤ ਮਰਦ ਦੇ ਭੋਗਣ ਤੇ ਵੇਚਣਯੋਗ ਵਸਤੂ ਤੋਂ ਵੱਧ ਕੁਝ ਅਹਿਮੀਅਤ ਨਹੀਂ ਰੱਖਦੀ, ਭਾਵੇਂ ਕਿ ਉਸਨੂੰ ਭਰਮ ਪਾ ਦਿੱਤਾ ਗਿਆ ਹੈ ਕਿ ਉਹ ਆਜ਼ਾਦ ਤੇ ਆਤਮ ਨਿਰਭਰ ਹੈ।

ਪਰ ਘਰੇਲੂ ਹਿੰਸਾ, ਨਸ਼ੇ, ਰੇਪ, ਤਲਾਕ ਆਦਿ ਦੇ ਅੰਕੜੇ ਉਸਦੀ ਅਸਲੀਅਤ ਸਪੱਸ਼ਟ ਦਿਖਾ ਰਹੇ ਹਨ।ਇੱਕ ਪਾਸੇ ਸਰਮਾਏਦਾਰ ਨਵੀਨ ਟੈਕਨੌਲੌਜੀ ਰਾਹੀਂ ਮਨੁੱਖ ਤੇ ਨਿਰਭਰਤਾ ਘਟਾ ਕੇ ਆਮ ਲੋਕਾਂ ਤੇ ਘੱਟ ਤਨਖਾਹ ਤੇ ਕੰਮ ਕਰਨ ਲਈ ਦਬਾਅ ਵਧਾ ਰਹੇ ਹਨ ਅਤੇ ਦੂਜੇ ਪਾਸੇ ਸਰਕਾਰਾਂ ਟੈਕਸ ਰੇਟ ਵਧਾਈ ਤੁਰੀਆਂ ਜਾ ਰਹੀਆਂ ਹਨ ਤੇ ਪਬਲਕਿ ਸੇਵਾਵਾਂ (ਐਜੂਕੇਸ਼ਨ, ਹੈਲਥ, ਟਰਾਂਸਪੋਰਟੇਸ਼ਨ, ਇਨਫਰਾਸਟਰੱਕਚਰ ਆਦਿ) ਤੇ ਕੱਟ ਲਾਈ ਜਾ ਰਹੀਆਂ ਹਨ।ਜਿਸ ਕਾਰਨ ਇਨ੍ਹਾਂ ਵੱਡੇ ਸਰਮਾਏਦਾਰ ਦੇਸ਼ਾਂ ਵਿੱਚ ਵੀ ਲੋਕਾਂ ਦਾ ਜੀਣਾ ਦੁੱਭਰ ਹੋ ਰਿਹਾ ਹੈ।ਇਸੇ ਕਾਰਨ ਇਤਨੀ ਵੱਡੀ ਪੱਧਰ ਤੇ ਮਾਨਸਿਕ ਅਤੇ ਸਰੀਰਕ ਰੋਗ ਵਧ ਰਹੇ ਹਨ, ਲੋਕ ਨਸ਼ਿਆਂ ਵੱਲ ਧੱਕੇ ਜਾ ਰਹੇ ਹਨ, ਜ਼ੁਰਮ ਦਿਨੋ ਦਿਨ ਵੱਧ ਰਿਹਾ ਹੈ, ਘਰੇਲੂ ਹਿੰਸਾ ਸਿੱਖਰਾਂ ਸ਼ੋ ਰਹੀ ਹੈ, ਕਾਮ ਭੜਕਾਊ ਮਨੋਰੰਜਨ (ਗੀਤ, ਫਿਲਮਾਂ, ਪੱਬ, ਕਲੱਬ, ਨਸ਼ੇ) ਨਾਲ ਮਨੁੱਖ ਵਹਿਸ਼ੀ ਬਣਦਾ ਜਾ ਰਿਹਾ ਹੈ, ਗੇਅ-ਲੈਸਬੀਅਨ ਦੀ ਵਧਦੀ ਗਿਣਤੀ ਸੈਕਸ ਤਵਾਜਨ ਦੇ ਵਿਗੜਨ ਦੀ ਨਿਸ਼ਾਨੀ ਹੈ।ਇਸੇ ਕਾਰਨ ਦੁਨੀਆਂ ਭਰ ਵਿੱਚ ਰੇਪ, ਹਿੰਸਾ ਸਮੇਤ ਔਰਤਾਂ ਤੇ ਜ਼ੁਰਮ ਦਿਨੋ-ਦਿਨ ਵਧ ਰਹੇ ਹਨ।ਸੋਸ਼ਲ ਮੀਡੀਆ ਨੇ ਮਨੁੱਖ ਨੂੰ ਮਾਨਸਿਕ ਗੁਲਾਮੀ ਤੇ ਬੌਧਿਕ ਦੀਵਾਲੀਆਪਨ ਵੱਲ ਹੋਰ ਧੱਕਣਾ ਸ਼ੁਰੂ ਕਰ ਦਿੱਤਾ ਹੈ।ਲੋਕਾਂ ਕੋਲ ਆਪਣੇ ਆਪ ਨਾਲ, ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਬੈਠਣ ਲਈ ਸਮਾਂ ਨਹੀਂ ਹੈ, ਕੁਝ ਚੰਗਾ ਪੜ੍ਹਨ-ਸੁਣਨ ਲਈ ਸਮਾਂ ਨਹੀਂ ਹੈ, ਜਿਸ ਨਾਲ ਸਮਾਜ ਵਿਕਾਸ ਦੀ ਥਾਂ ਨਿਘਾਰ ਵੱਲ ਨੂੰ ਜਾ ਰਿਹਾ ਹੈ।ਸਮਾਜ ਦੇ ਅਗਾਂਹਵਧੂ, ਸੂਝਵਾਨ ਬੁੱਧੀਜੀਵੀਆਂ, ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਲੋਕਾਂ ਨੂੰ ਜਾਗਰੂਕ ਕਰਨ, ਇਸ ਲੁਟੇਰਾ ਨਿਜ਼ਾਮ ਨੂੰ ਸਮਝਣ-ਸਮਝਾਉਣ ਲਈ ਜੋਰਦਾਰ ਯਤਨ ਕਰਨ ਦੀ ਲੋੜ ਹੈ ਤਾਂ ਕਿ ਲੋਕ ਆਪਣੀ ਸਰੀਰਕ, ਮਾਨਸਿਕ ਲੁੱਟ ਪ੍ਰਤੀ ਸੁਚੇਤ ਹੋ ਕੇ ਕੁਝ ਕਰਨ ਲਈ ਤਿਆਰ ਹੋਣ।

ਸੰਪਰਕ: 403-681-8689

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ