Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

10 ਜਨਵਰੀ ਨੂੰ ਜੈਤੋ ’ਚ ਮਨਾਇਆ ਜਾਵੇਗਾ ਮਰਹੂਮ ਗੁਰਦਿਆਲ ਸਿੰਘ ਦਾ ਜਨਮ ਦਿਹਾੜਾ

Posted on:- 16-12-2016

suhisaver

ਬੀਤੇ ਅਗਸਤ ਮਹੀਨੇ ਵਿਛੋੜਾ ਦੇ ਗਏ ਸ਼੍ਰੋਮਣੀ ਲੋਕ ਪੱਖੀ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦੀ ਸਾਹਿਤਕ ਦੇਣ ਨੂੰ ਸਿਜਦਾ ਕਰਨ ਲਈ 10 ਜਨਵਰੀ ਨੂੰ ਆ ਰਿਹਾ ਉਹਨਾਂ ਦਾ ਜਨਮ ਦਿਹਾੜਾ ਕਿਰਤੀਆਂ ਤੇ ਸਾਹਿਤਕਾਰਾਂ ਵੱਲੋਂ ਰਲਕੇ ਮਨਾਇਆ ਜਾਵੇਗਾ। ਇਹ ਦਿਹਾੜਾ ਮਨਾਉਣ ਲਈ ਕਿਰਤੀ-ਕਾਮਿਆਂ ਤੇ ਸਾਹਿਤਾਕਾਰਾਂ-ਕਲਾਕਾਰਾਂ ਵੱਲੋਂ ਪਹਿਲਾਂ ਵਿਆਪਕ ਜਨਤਕ ਮੁਹਿੰਮ ਚਲਾਈ ਜਾਵੇਗੀ ਤੇ ਸਿਖਰ ਵਜੋਂ ਜੈਤੋਂ ’ਚ ਲੋਕਾਂ ਦਾ ਵਿਸ਼ਾਲ ਇਕੱਠ ਹੋਵੇਗਾ। ਇਸ ਮੁਹਿੰਮਤੇ ਸਮਾਗਮ ਦੌਰਾਨ ਗੁਰਦਿਆਲ ਸਿੰਘ ਦੀ ਸਾਹਿਤ ਸਿਰਜਣਾ ਦੇ ਮਹੱਤਵ ਨੂੰ ਕਿਰਤੀ ਲੋਕਾਂ ਦੇ ਵਿਸ਼ਾਲ ਜਨ ਸਮੂਹਾਂ ’ਚ ਉਭਾਰਿਆ ਜਾਵੇਗਾ।

ਸਲਾਮ ਕਾਫਲੇ ਦੇ ਕਨਵੀਨਰ ਜਸਪਾਲ ਜੱਸੀ ਤੇ ਟੀਮ ਮੈਂਬਰਾਂ ਪਾਵੇਲ ਕੁੱਸਾ ਤੇ ਅਮੋਲਕ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲੇ ਦੇ ਸੱਦੇ ’ਤੇ ਹੋ ਰਿਹਾ ਸਮਾਗਮ ਉਸ ਨਿਵੇਕਲੀ ਪ੍ਰੰਪਰਾ ਦਾ ਜਾਰੀ ਰੂਪ ਹੋਵੇਗਾ ਜਿਸ ਤਹਿਤ ਪਹਿਲਾਂ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਤੇ ਮਗਰੋਂ ਨਾਟਕਕਾਰ ਅਜਮੇਰ ਔਲਖ ਨੂੰ ਵਿਸ਼ਾਲ ਜਨਤਕ ਇਕੱਠਾਂ ’ਚ ਸਨਮਾਨਿਤ ਕੀਤਾ ਗਿਆ ਸੀ।

ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਜਨਤਕ ਸਖਸੀਅਤਾਂ ਦੇ ਅਧਾਰ ’ਤੇ ਬਣੇ ਇਸ਼ ਪਲੇਟਫਾਰਮ ਨੂੰ ਪਹਿਲਾਂ ਵੀ ਨਾਮਵਰ ਸਾਹਿਤਕਾਰਾਂ/ਕਲਾਕਾਰਾਂ ਵੱਲੋਂ ਸਹਿਯੋਗੀ ਕੰਨ੍ਹਾਂ ਲਾਇਆ ਜਾਂਦਾ ਰਿਹਾ ਹੈ ਹੁਣ ਵੀ ਇਸ ਸਮਾਗਮ ’ਚ ਉੱਘੀਆਂ ਸਾਹਿਤਕ ਸਖਸ਼ੀਅਤਾਂ ਸ਼ਿਰਕਤ ਕਰਨਗੀਆਂ। ਗੁਰਦਿਆਲ ਸਿੰਘ ਦੀ ਸਾਹਿਤਕ ਦੇਣ ਬਾਰੇ ਟਿੱਪਣੀ ਕਰਦਿਆਂ ਆਗੂਆਂ ਨੇ ਕਿਹਾ ਕਿ ਉਹਨਾਂ ਨੇ ਪੰਜਾਬੀ ਸਾਹਿਤ ਦੀ ਲੋਕ ਪੱਖੀ ਧਾਰਾ ਦੇ ਖੇਤਰ ’ਚ ਨਵੀਆਂ ਪੈੜਾਂ ਪਾਈਆਂ। ਉਹਨਾਂ ਕਿਰਤੀਆਂ ਦੇ ਜੀਵਨ ਯਥਾਰਥ ਨੂੰ ਇਉਂ ਕਲਾਮਈ ਢੰਗ ਨਾਲ ਚਿਤਰਿਆਂ ਕਿ ਦੱਬੇ ਕੁਚਲੇ ਲੋਕਾਂ ’ਚੋਂ ਲਏ ਜਗਸੀਰ ਬਿਸ਼ਨੇ ਤੇ ਮੋਦਨ ਵਰਗੇ ਪਾਤਰ ਪੰਜਾਬੀ ਸਾਹਿਤ ਜਗਤ ’ਚ ਨਾਇਕਾਂ ਦਾ ਰੁਤਬਾ ਹਾਸ਼ਲ ਕਰ ਗਏ। ਉਹਨਾਂ ਨੇ ਜਮਾਤਾਂ ’ਚ ਵੰਡੇ ਸਮਾਜ ਦੀ ਹਕੀਕਤ ਨੂੰ ਹਮੇਸ਼ਾਂ ਸਾਹਮਣੇ ਰੱਖਿਆ ਤੇ ਦੱਬੇ ਕੁਚਲੇ ਲੋਕਾਂ ਦੀਆਂ ਪੀੜਾਂ ਤੇ ਅਣ ਪੂਰੀਆਂ ਠੀਕਾਂ ਦਾ ਚਿਤਰਨ ਕੀਤਾ। ਉਹਨਾਂ ਦੇ ਨਾਵਲਾਂ ਨੇ ਅਗਾਂਹ ਹੋਰਨਾਂ ਸਾਹਿਤਕਾਰਾਂ ਲਈ ਉੱਚੇ ਕਲਾ ਮਿਆਰ ਸਿਰਜੇ। ਉਹਨਾਂ ਦੇ ਨਾਵਲਾਂ ਨੂੰ ਅਜਮੇਰ ਸਿੰਘ ਔਲਖ ਵਰਗੇ ਨਾਟਕਕਾਰ ਨਾਟਕਾਂ ’ਚ ਢਾਲ ਕੇ ਕਿਰਤੀ ਲੋਕਾਂ ’ਚ ਲੈ ਕੇ ਗਏ ਜੋ ਬਹੁਤ ਮਕਬੂਲ ਹੋਏ।ਉਹਨਾਂ ਕਿਹਾ ਕਿ ਗੁਰਦਿਆਲ ਸਿੰਘ ਦੀ ਸਾਹਿਤਕ ਘਾਲਣਾ ਲੋਕ ਹੱਕਾਂ ਦੀ ਲਹਿਰ ਲਈ ਬਹੁਤ ਮੁੱਲਵਾਨ ਹੈ। 10 ਜਨਵਰੀ ਨੂੰ ਕਿਸਾਨ, ਮਜਦੂਰ, ਮੁਲਾਜਮ, ਨੌਜਵਾਨ, ਵਿਦਿਆਰਥੀ ਤੇ ਹੋਰ ਮਿਹਨਤਕਸ਼ ਹਿੱਸੇ ਸਾਹਿਤਕਾਰਾਂ ਕਲਾਕਾਰਾਂ ਸੰਗ ਆਪਣੇ ਮਕਬੂਲ ਸਾਹਿਤਕਾਰ ਦੀ ਘਾਲਣਾ ਨੂੰ ਸਿਜਦਾ ਕਰਨਗੇ ਅਤੇ ਕਿਰਤ, ਕਲਾ ਤੇ ਸੰਗਰਾਮ ਦੀ ਸਾਂਝ ਦਾ ਮਹੱਤਵ ਉਭਾਰਨਗੇ।
                              
ਸਲਾਮ ਕਾਫਲੇ ਨੇ ਸਭਨਾਂ ਲੋਕ ਪੱਖੀ ਜਨਤਕ ਜਥੇਬੰਦੀਆਂ, ਸਾਹਿਤਕ ਸਖਸ਼ੀਅਤਾਂ, ਪਲੇਟਫਾਰਮਾਂ ਅਤੇ ਲੋਕ ਪੱਖੀ ਕਲਾਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਜਨਮ ਦਿਹਾੜਾ ਸਮਾਗਮ ਦੀ ਤਿਆਰੀ ਲਈ ਅੱਗੇ ਆਉਣ। ਸਮਾਗਮ ਦੀ ਤਿਆਰੀ ’ਚ ਵੱਖ-ਵੱਖ ਖੇਤਰਾਂ ’ਚ ਜਨਤਕ ਸਰਗਰਮਾਂ ਤੇ ਸਾਹਿਤਕ ਹਿੱਸਿਆਂ ਵੱਲੋਂ ਸਾਂਝੀਆਂ ਕਮੇਟੀਆਂ ਜਥੇਬੰਦ ਕਰਕੇ ਤਿਆਰੀ ਮੁਹਿੰਮ ਚਲਾਈ ਜਾਵੇਗੀ। ਪੰਜਾਬ ਦੇ ਕੋਨੇ-ਕੋਨੇ ’ਚ ਮੀਟਿੰਗਾਂ, ਰੈਲੀਆਂ, ਜਨਤਕ ਇਕੱਤਰਤਾਵਾਂ ਤੇ ਨੁੱਕੜ ਨਾਟਕਾਂ ਰਾਹੀਂ ਮੁਹਿੰਮ ਦਾ ਸੰਦੇਸ਼ ਦਹਿ ਹਜਾਰਾਂ ਲੋਕਾਂ ਤੱਕ ਲਿਜਾਇਆ ਜਾਵੇਗਾ। ਇੱਕ ਕੰਧ ਪੋਸਟਰ ਤੇ ਹੱਥ ਪਰਚਾ ਜਾਰੀ ਕੀਤਾ ਜਾਵੇਗਾ। ਸਮਾਗਮ ਮੌਕੇ ਸਲਾਮ ਦਾ ਅੰਕ ਵੀ ਜਾਰੀ ਕੀਤਾ ਜਾਵੇਗਾ। ਸਮਾਗਮ ਦੌਰਾਨ ਜਿੱਥੇ ਨਾਮਵਰ ਸਾਹਿਤਕ ਸਖਸ਼ੀਅਤਾਂ ਲੋਕਾਂ ਨੂੰ ਸੰਬੋਧਿਤ ਹੋਣਗੀਆਂ ਉੱਥੇ ਗੁਰਦਿਆਲ਼ ਸਿੰਘ ਦੇ ਪ੍ਰਸਿੱਧ ਨਾਵਲ “ਅੱਧ ਚਾਨਣੀ ਰਾਤ”’ਤੇ ਅਧਾਰਿਤ ਨਾਟਕ ਵੀ ਪੇਸ਼ ਹੋਵੇਗਾ। ਉਹਨਾਂ ਦੱਸਿਆਂ ਕਿ ਵੱਖ-ਵੱਖ ਮਿਹਨਤਕਸ਼ ਤਬਕਿਆਂ ਦੇ ਜੋਰਦਾਰ ਸੰਘਰਸ਼ ਰੁਝੇਵਿਆਂ ਦੇ ਦਰਮਿਆਨ ਵੀ ਸੈਂਕੜੇ ਕਾਰਕੁੰਨ ਇਸ ਸਮਾਗਮ ਤੇ ਮੁਹਿੰਮ ਦੀ ਸਫ਼ਲਤਾ ਲਈ ਜੁਟਣਗੇ।

ਕਾਫਲਾ ਟੀਮ- ਸ੍ਰੀਮਤੀ ਕੈਲਾਸ਼ ਕੌਰ, ਅਮੋਲਕ ਸਿੰਘ,ਝੰਡਾ ਸਿੰਘ ਜੇਠੂਕੇ, ਜੋਰਾ ਸਿੰਘ ਨਸਰਾਲੀ, ਦਰਸ਼ਨ ਸਿੰਘ ਕੂਹਲੀ,ਯਸ਼ਪਾਲ,ਪਾਵੇਲ ਕੁੱਸਾ, ਹਰਜਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਰਾਮ ਸਵਰਨ ਲੱਖੇਵਾਲੀ, ਪੁਸ਼ਪਲਤਾ, ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ।

ਜਾਰੀ ਕਰਤਾ- ਜਸਪਾਲ ਜੱਸੀ (ਕਨਵੀਨਰ)
ਅਮੋਲਕ ਸਿੰਘ,ਪਾਵੇਲ ਕੁੱਸਾ

Comments

Kuldeep kaur

ਮਨਾਂ ਦੀਆਂ ਡੂਘੀਆਂ ਪਰਤਾਂ ਨੂੰ ਸ਼ਬਦਾ ਵਿਚ ਪਰੋਣ ਵਾਲੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਉਣ ਵਾਲੇ ਲੇਖਕ ਨੂੰ ਦਿਲ਼ੋਂ ਪ੍ਰਣਾਮ।

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ