Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਭਾਈਚਾਰਕ ਸਾਂਝ ਅਤੇ ਸਮਾਜਿਕ ਸਦਭਾਵਨਾ ਨੂੰ ਸੱਟ ਮਾਰਨ ਵਾਲਿਆਂ ਤੋਂ ਚੌਕਸ ਰਹਿਣ ਦੀ ਅਪੀਲ

Posted on:- 01-03-2017

ਜਮਹੂਰੀ ਅਧਿਕਾਰ ਸਭਾ (ਪੰਜਾਬ) ਦੀ ਸੂਬਾ ਕਮੇਟੀ ਨੇ ਸੂਬੇ ਅੰਦਰ ਵਾਪਰ ਰਹੀਆਂ ਚਿੰਤਾਜਨਕ ਘਟਨਾਵਾਂ ਉੱਪਰ ਡੂੰਘੀ ਫ਼ਿਕਰਮੰਦੀ ਦਾ ਇਜ਼ਹਾਰ ਕੀਤਾ ਹੈ ਅਤੇ ਅਮਨਪਸੰਦ ਨਾਗਰਿਕਾਂ ਨੂੰ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖ਼ਤਰਨਾਕ ਮਨਸੂਬਿਆਂ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਅਤੇ ਡੇਰਾ-ਪ੍ਰੇਮੀ ਪਿਉ-ਪੁਤ ਕਤਲ ਕਾਂਡ ਦੀ ਨਿਖੇਧੀ ਕੀਤੀ।

ਸਭਾ ਦੇ ਸੂਬਾ ਪ੍ਰਧਾਨ ਪੋਫੈਸਰ ਏ.ਕੇ. ਮਲੇਰੀ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਕਿਹਾ ਪੰਜਾਬ ਵਿਚ ਪਿਛਲੇ ਦੋ-ਢਾਈ ਸਾਲਾਂ ਤੋਂ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੋਂ ਲੈਕੇ ਧਾਰਮਿਕ ਫਿਰਕਿਆਂ ਨਾਲ ਸਬੰਧਤ ਵਿਅਕਤੀਆਂ ਦੇ ਕਤਲਾਂ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ।

ਪੰਜਾਬ ਸਰਕਾਰ ਅਤੇ ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਜ਼ਿੰਮੇਵਾਰ ਪੁਲਿਸ ਤੇ ਹੋਰ ਸਰਕਾਰੀ ਏਜੰਸੀਆਂ ਇਨ੍ਹਾਂ ਤਮਾਮ ਘਟਨਾਵਾਂ ਦੀ ਸਹੀ ਜਾਂਚ ਕਰਕੇ ਮੁਜਰਿਮਾਂ ਨੂੰ ਕਟਹਿਰੇ ਵਿਚ ਖੜ੍ਹੇ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ। ਜਦਕਿ ਮੌੜ ਮੰਡੀ ਬੰਬ ਕਾਂਡ ਵਿਚ ਜ਼ਿਲ੍ਹਾ ਪੁਲਸ ਵਲੋਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਉਲਝਾਉਣ ਦੀ ਬੇਹੂਦਾ ਕੋਸ਼ਿਸ਼ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ,  ਆਰ.ਐੱਸ. ਐੱਸ. ਦੇ ਮੁੱਖ ਆਗੂ ਗਗਨੇਜਾ ਦੇ ਕਤਲ ਤੋਂ ਲੈਕੇ ਮੌੜ ਮੰਡੀ ਬੰਬ ਕਾਂਡ ਆਦਿ ਵੱਡੀਆਂ ਵਾਰਦਾਤਾਂ ਅਜੇ ਤਕ ਡੂੰਘਾ ਭੇਤ ਬਣੀਆਂ ਹੋਈਆਂ ਹਨ ਅਤੇ ਹੁਣ ਮੰਡੀ ਅਹਿਮਦਗੜ੍ਹ ਨੇੜੇ ਡੇਰਾ ਸਿਰਸਾ ਦੇ ਸ਼ਰਧਾਲੂ ਪਿਓ-ਪੁੱਤ ਨੂੰ ਕਤਲ ਕਰ ਦਿੱਤਾ ਗਿਆ ਹੈ। ਇਹ ਕਾਤਲ ਵੀ ਹੁਣ ਤਕ ਅਣਪਛਾਤੇ ਹੀ ਹਨ। ਪੰਜਾਬ ਸਰਕਾਰ ਦੀ ਨਾਲਾਇਕ ਗਵਰਨੈਂਸ ਕਾਰਨ ਹੁਣ ਤਕ ਇਹ ਭੇਤ ਬਣਿਆ ਹੋਇਆ ਹੈ ਕਿ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀਆਂ ਸਾਜ਼ਿਸ਼ੀ ਤਾਕਤਾਂ ਕੌਣ ਹਨ ਅਤੇ ਉਨ੍ਹਾਂ ਦੇ ਉਦੇਸ਼ ਕੀ ਹਨ।

ਸਭਾ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਅਮਨ-ਕਾਨੂੰਨ ਲਈ ਜ਼ਿੰਮੇਵਾਰ ਪ੍ਰਸ਼ਾਸਨਿਕ ਮਸ਼ੀਨਰੀ ਦੀ ਇਹ ਮੁਜਮਰਾਨਾ ਲਾਪ੍ਰਵਾਹੀ ਇਨ੍ਹਾਂ ਦੀ ਨੀਅਤ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ ਜੋ ਸੂਬੇ ਦੇ ਮਾਹੌਲ ਨੂੰ ਵਿਗਾੜਨ ਦਾ ਕਾਰਨ ਬਣ ਸਕਦੀ ਹੈ। ਸਭਾ ਸਿੱਖ ਫਿਰਕੇ ਨਾਲ ਸਬੰਧਤ ਕੁਝ ਲੋਕਾਂ ਵਲੋਂ ਡੇਰਾ ਸਿਰਸੇ ਦੇ ਪੈਰੋਕਾਰਾਂ ਨੂੰ ਉਨ੍ਹਾਂ ਦੇ ਧਾਰਮਕ ਸਥਾਨਾਂ ਅਤੇ ਇਥੋਂ ਤਕ ਘਰਾਂ ਅੰਦਰ ਵੀ ਆਪਣੇ ਧਾਰਮਿਕ ਵਿਸ਼ਵਾਸ ਅਨੁਸਾਰ ਅਕੀਦਤ ਦੀ ਪਾਲਣਾ ਕਰਨ ਤੋਂ ਰੋਕਣ ਦਾ ਵੀ ਗੰਭੀਰ ਨੋਟਿਸ ਲੈਂਦੀ ਹੈ ਜੋ ਨਹਾਇਤ ਧੱਕੇਸ਼ਾਹੀ ਅਤੇ ਧਰਮ ਨੂੰ ਮੰਨਣ ਦੀ ਮਨੁੱਖੀ ਆਜ਼ਾਦੀ ਉੱਪਰ ਹਮਲਾ ਹੈ। ਸਥਾਪਤ ਧਾਰਮਕ ਸੰਸਥਾਵਾਂ ਵਲੋਂ ਕਿਸੇ ਭਾਈਚਾਰੇ ਦਾ ਸਮਾਜਕ ਬਾਈਕਾਟ ਦੇ ਖੁੱਲ੍ਹੇ ਫਤਵੇ ਜਾਰੀ ਕੀਤੇ ਜਾਣ ਕਿਸੇ ਵੀ ਸਭਿਅਕ ਤੇ ਜਮਹੂਰੀ ਸਮਾਜ 'ਚ ਮਾਨਤਾ ਨਹੀਂ ਦਿਤੀ ਜਾ ਸਕਦੀ ਅਤੇ ਇਹ ਸਿੱਖ ਲਹਿਰ ਦੀ ਵਿਚਾਰਾਂ ਦੀ ਆਜ਼ਾਦੀ ਦੇ ਹੱਕ ਵਿਚ ਡੱਟਣ ਦੀ ਸ਼ਾਨਦਾਰ ਵਿਰਾਸਤ ਦੇ ਵੀ ਉਲਟ ਹੈ।

ਸਭਾ ਪੰਜਾਬ ਦੇ ਲੋਕਾਂ ਨੂੰ ਦਰਿਆਈ ਪਾਣੀਆਂ ਦੀ ਵੰਡ ਦੇ ਸਵਾਲ ਉੱਪਰ ਖੇਡੀ ਜਾ ਰਹੀ ਖ਼ੁਦਗਰਜ਼ ਤੇ ਸੌੜੀ ਸਿਆਸਤ ਤੋਂ ਵੀ ਖ਼ਬਰਦਾਰ ਕਰਦੀ ਹੈ, ਜਿਸਨੂੰ ਹੁਣ ਤਕ ਕੇਂਦਰ ਵਿਚ ਬਣੀਆਂ ਸਰਕਾਰਾਂ ਵਲੋਂ ਸਥਾਪਤ ਨੇਮਾਂ ਅਨੁਸਾਰ ਹੱਲ ਕਰਨ ਤੋਂ ਟਾਲਾ ਵੱਟਿਆ ਗਿਆ ਹੈ ਅਤੇ ਇਸ ਮਸਲੇ ਨੂੰ ਅਦਾਲਤਾਂ ਵਿਚ ਦਹਾਕਿਆਂ ਬੱਧੀ ਘਸੀਟਕੇ ਸੱਤਾ ਉੱਪਰ ਕਾਬਜ਼ ਹੋਣ ਦੀ ਘਿਣਾਉਣੀ ਸਿਆਸੀ ਖੇਡ ਲਈ ਵਰਤਿਆ ਜਾ ਰਿਹਾ ਹੈ। ਸਭਾ ਜਮਹੂਰੀ ਅਤੇ ਅਮਨਪਸੰਦ ਤਾਕਤਾਂ ਨੂੰ ਅਪੀਲ ਦਰਿਆਈ ਪਾਣੀਆਂ ਦੇ ਤਰਕਸ਼ੀਲ ਹੱਲ ਲਈ ਆਵਾਜ਼ ਉਠਾਉਣ ਅਤੇ ਗੁਆਂਢੀਆਂ ਸੂਬਿਆਂ ਦਰਮਿਆਨ ਤਣਾਓ ਪੈਦਾ ਕਰਨ ਦੀਆਂ ਸਿਆਸੀ ਚਾਲਾਂ ਤੋਂ ਚੌਕਸ ਰਹਿਣ ਦੀ ਅਪੀਲ ਕਰਦੀ ਹੈ।

ਸਭਾ ਨੇ ਆਪਣੀਆਂ ਇਕਾਈਆਂ ਅਤੇ ਸਮੂਹ ਮੈਂਬਰਾਂ ਨੂੰ ਆਮ ਲੋਕਾਂ ਨੂੰ ਐਸੀਆਂ ਭੜਕਾਊ ਸਾਜ਼ਿਸ਼ਾਂ ਤੋਂ ਖ਼ਬਰਦਾਰ ਕਰਨ, ਫੁੱਟਪਾਊ ਅਤੇ ਧੌਂਸਬਾਜ਼ ਫਿਰਕਾਪ੍ਰਸਤ ਸਿਆਸਤ ਦਾ ਸਮਾਜ ਵਿਰੋਧੀ ਚਿਹਰਾ ਬੇਨਕਾਬ ਕਰਨ, ਰਾਜਤੰਤਰ ਦੀ ਨਲਾਇਕੀ ਵਿਰੁੱਧ ਆਵਾਜ਼ ਉਠਾਉਣ ਅਤੇ ਲੋਕਾਂ ਨੂੰ ਭਾਈਚਾਰਕ ਸਾਂਝ ਦੀ ਰਾਖੀ ਲਈ ਜਾਗਰੂਕ ਕਰਨ ਦੀ ਭੂਮਿਕਾ ਨਿਭਾਉਂਦੇ ਹੋਏ ਸਮਾਜ ਅਤੇ ਲੋਕਾਂ ਦੇ ਹਕੀਕੀ ਮਸਲਿਆਂ ਨੂੰ ਉਭਾਰਨ ਲਈ ਜ਼ੋਰਦਾਰ ਯਤਨ ਜੁਟਾਉਣ ਦੀ ਅਪੀਲ ਕੀਤੀ ਹੈ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ