Thu, 21 September 2017
Your Visitor Number :-   1087172
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਜਮਹੂਰੀ ਅਧਿਕਾਰ ਸਭਾ ਵਲੋਂ ਅਦਾਲਤਾਂ ਦੇ ਅਨਿਆਂ ਵਿਰੁੱਧ ਮੁਹਿੰਮ ਚਲਾਉਣ ਦਾ ਫ਼ੈਸਲਾ

Posted on:- 19-03-2017

ਲੁਧਿਆਣਾ: ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਸਕੱਤਰੇਤ ਦੀ ਮੀਟਿੰਗ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਦੇਸ਼ ਅੰਦਰ ਚੋਣ ਪ੍ਰਣਾਲੀ ਦੀ ਮਦਦ ਨਾਲ ਹਿੰਦੂਤਵੀ ਫਾਸ਼ੀਵਾਦੀ ਤਾਕਤਾਂ ਵਲੋਂ ਸੱਤਾ ਉੱਪਰ ਆਪਣੀ ਜਕੜ ਮਜ਼ਬੂਤ ਬਣਾਉਂਦੇ ਜਾਣ ਨਾਲ ਦਿਨੋ ਦਿਨ ਵਧੇਰੇ ਖ਼ਤਰਨਾਕ ਰੁਖ਼ ਅਖ਼ਤਿਆਰ ਕਰ ਰਹੀ ਹਾਲਤ ਉੱਪਰ ਭਰਵੀਂ ਚਰਚਾ ਕੀਤੀ ਗਈ। ਮੀਟਿੰਗ ਨੇ ਨੋਟ ਕੀਤਾ ਕਿ ਆਰ.ਐੱਸ.ਐੱਸ. ਅਤੇ ਇਸਦੇ ਸਿਆਸੀ ਵਿੰਗਾਂ ਭਾਜਪਾ, ਏ.ਬੀ.ਵੀ.ਪੀ. ਆਦਿ ਵਲੋਂ ਖੁੱਲ੍ਹੀ ਮੰਡੀ ਦੇ ਵਿਨਾਸ਼ਕਾਰੀ ਆਰਥਕ ਮਾਡਲ ਅਤੇ ਹਿੰਦੂਤਵ ਦਾ ਜੁੜਵਾਂ ਏਜੰਡਾ ਥੋਪਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ।

ਪੁਲਿਸ ਤੇ ਅਮਨ-ਕਾਨੂੰਨ ਦੀ ਰਾਖੀ ਲਈ ਬਣਾਏ ਹੋਰ ਪ੍ਰਸ਼ਾਸਨਿਕ ਅਦਾਰੇ ਸੰਵਿਧਾਨਕ ਡਿਊਟੀ ਨਿਭਾਉਣ ਦੀ ਥਾਂ ਹਿੰਦੂਤਵੀ ਤਾਕਤਾਂ ਦੀ ਇਸ ਘਿਣਾਉਣੀ ਸਾਜ਼ਿਸ਼ ਦੇ ਮੋਹਰੇ ਬਣੇ ਹੋਏ ਹਨ। ਨਿਆਂ ਲਈ ਚਾਰਾਜ਼ੋਈ ਦਾ ਆਖ਼ਰੀ ਦਰਵਾਜ਼ਾ ਅਦਾਲਤੀ ਪ੍ਰਣਾਲੀ ਵੀ ਇਸ ਤੋਂ ਅਣਭਿੱਜ ਨਹੀਂ। ਅਦਾਲਤਾਂ ਦੇ ਜੱਜ ਸੱਤਾਧਾਰੀ ਧਿਰ ਦੇ ਦਬਾਅ ਅਤੇ ਪ੍ਰਭਾਵ ਹੇਠ ਸ਼ਰੇਆਮ ਪੱਖਪਾਤੀ ਅਤੇ ਅਨਿਆਂਪੂਰਨ ਫ਼ੈਸਲੇ ਸੁਣਾ ਰਹੇ ਹਨ । ਰਾਸ਼ਟਰਵਾਦ ਦੀ ਆੜ ਹੇਠ ਧੌਂਸਬਾਜ਼ ਹਿੰਸਕ ਮੁਹਿੰਮਾਂ ਚਲਾਕੇ ਆਲੋਚਨਾਤਮਕ ਆਵਾਜ਼ਾਂ ਨੂੰ ਦਹਿਸ਼ਤਜ਼ਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਇਹ ਬੁੱਧੀਜੀਵੀ ਅਤੇ ਜਮਹੂਰੀ ਕਾਰਕੁੰਨ ਹੀ ਹਨ ਜੋ ਸੱਤਾਧਾਰੀ ਜਮਾਤ ਦੀਆਂ ਨੀਤੀਆਂ ਉੱਪਰ ਸਵਾਲ ਉਠਾਕੇ ਸਮਾਜ ਨੂੰ ਜਗਾਉਂਦੇ ਹਨ।

ਯੂਨੀਵਰਸਿਟੀਆਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਵਿਚ ਅਗਾਂਹਵਧੂ ਪ੍ਰੋਫੈਸਰਾਂ ਅਤੇ ਵਿਦਿਆਰਥੀ ਜਥੇਬੰਦੀਆਂ ਉੱਪਰ ਲਗਾਤਾਰ ਹਮਲੇ ਅਤੇ ਮਹਿਜ਼ ਵਿਚਾਰਾਂ ਦੇ ਅਧਾਰ 'ਤੇ ਅਦਾਲਤਾਂ ਵਲੋਂ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁੰਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਇਕ ਸੋਚੀ-ਸਮਝੀ ਸਾਜ਼ਿਸ਼ ਹਨ ਕਿਉਂਕਿ ਸੱਤਾਧਾਰੀ ਇਨ੍ਹਾਂ ਆਲੋਚਨਾਤਮਕ ਆਵਾਜ਼ਾਂ ਨੂੰ ਆਪਣੇ ਲਈ ਵੱਡਾ ਖ਼ਤਰਾ ਮੰਨਦੇ ਹਨ। ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਦੱਸਿਆ ਕਿ ਗੜ੍ਹਚਿਰੌਲੀ ਦੀ ਸੈਸ਼ਨਜ਼ ਅਦਾਲਤ ਵਲੋਂ ਪ੍ਰੋਫੈਸਰ ਸਾਈਬਾਬਾ ਸਮੇਤ ਛੇ ਜਮਹੂਰੀ ਸ਼ਖਸੀਅਤਾਂ ਅਤੇ ਗੁੜਗਾਓਂ ਸੈਸ਼ਨਜ਼ ਅਦਾਲਤ ਵਲੋਂ ਮਾਰੂਤੀ ਸਜ਼ੂਕੀ ਵਰਕਰਜ਼ ਯੂਨੀਅਨ ਦੇ 13 ਆਗੂਆਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੇ ਜਾਣ ਦੇ ਅਦਾਲਤੀ ਪੱਖਪਾਤ ਅਤੇ ਇਨ੍ਹਾਂ ਫ਼ੈਸਲਿਆਂ ਦੀਆਂ ਖ਼ਤਰਨਾਕ ਅਰਥਸੰਭਾਵਨਾਵਾਂ ਬਾਰੇ ਸਭਾ ਵਲੋਂ ਵੱਖ-ਵੱਖ ਜ਼ਿਲ੍ਹਿਆਂ ਅੰਦਰ ਵਿਸ਼ੇਸ਼ ਮੀਟਿੰਗਾਂ, ਕਨਵੈਨਸ਼ਨਾਂ ਆਯੋਜਤ ਕਰਕੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਜਿਸਦੇ ਸਿਖ਼ਰ 'ਤੇ ਸੂਬਾ ਪੱਧਰੀ ਕਨਵੈਨਸ਼ਨ ਕਰਕੇ ਸਮੂਹ ਜਮਹੂਰੀ ਤਾਕਤਾਂ ਨੂੰ ਸੱਤਾ ਦੇ ਇਸ ਫਾਸ਼ੀਵਾਦੀ ਹਮਲੇ ਵਿਰੁੱਧ ਲਾਮਬੰਦ ਹੋਣ ਦਾ ਹੋਕਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸੂਬਾਈ ਆਗੂ ਮਾਸਟਰ ਤਰਸੇਮ ਲਾਲ, ਪ੍ਰਿਤਪਾਲ ਸਿੰਘ, ਐਡਵੋਕੇਟ ਰਾਜੀਵ ਲੋਹਟਬੱਦੀ, ਐਡਵੋਕੇਟ ਐੱਨ.ਕੇ.ਜੀਤ, ਐਡਵੋਕੇਟ ਅਮਰਜੀਤ ਬਾਈ, ਬਲਜੀਤ ਸਿੰਘ ਹਾਜ਼ਰ ਸਨ।

-ਬੂਟਾ ਸਿੰਘ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ