Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਇੰਡੀਅਨ ਵਰਕਰਜ਼ ਐਸੋਸੀਏਸ਼ਨ ਗਰੇਟ ਬ੍ਰਿਟੇਨ ਵਲੋਂ ਸਮੂਹ ਜਮਹੂਰੀ ਅਤੇ ਇਨਸਾਫ਼ਪਸੰਦ ਤਾਕਤਾਂ ਨੂੰ ਅਪੀਲ

Posted on:- 09-04-2017

-ਭਾਰਤ ਵਿਚ ਪ੍ਰੋਫੈਸਰ ਸਾਈਬਾਬਾ ਅਤੇ ਪੰਜ ਹੋਰ ਕਾਰਕੁੰਨਾਂ ਨੂੰ ਦਿੱਤੀ ਉਮਰ ਕੈਦ ਦੀ ਸਜ਼ਾ ਦਾ ਡੱਟਕੇ ਵਿਰੋਧ ਕਰੋ!
-ਨਿਆਂ ਦੇ ਨਾਂ ਹੇਠ ਮਜ਼ਾਕ ਅਤੇ ਜਮਹੂਰੀ ਵਿਰੋਧ ਦੀਆਂ ਆਵਾਜ਼ਾਂ ਦਾ ਗਲਾ ਘੁੱਟਣ ਦਾ ਵਿਰੋਧ ਕਰੋ!
-ਯੂ.ਏ.ਪੀ.ਏ. ਵਰਗੇ ਸਾਰੇ ਕਾਲੇ ਕਾਨੂੰਨ ਵਾਪਸ ਲਉ! ਸਾਰੇ ਸਿਆਸੀ ਕੈਦੀਆਂ ਨੂੰ ਰਿਹਾਅ ਕਰੋ!

7 ਮਾਰਚ 2017 ਨੂੰ ਭਾਰਤ ਦੇ ਮਹਾਰਾਸ਼ਟਰ ਸੂਬੇ ਦੀ ਗੜ੍ਹਚਿਰੌਲੀ ਜ਼ਿਲ੍ਹਾ ਸੈਸ਼ਨਜ਼ ਅਦਾਲਤ ਵਲੋਂ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐੱਨ.ਸਾਈਬਾਬਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਸਨੂੰ ਅਤੇ ਪੰਜ ਹੋਰਨਾਂ ਨੂੰ ਜਾਬਰ ਦਹਿਸ਼ਤਵਾਦ ਵਿਰੋਧੀ ਕਾਨੂੰਨ, ਯੂ.ਏ.ਪੀ.ਏ. (ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ) ਤਹਿਤ ਕਸੂਰਵਾਰ ਠਹਿਰਾਇਆ ਹੈ। ਪ੍ਰੋਫੈਸਰ ਸਾਈਬਾਬਾ ਦੇ ਨਾਲ ਪੰਜ ਹੋਰ ਕਾਰਕੁੰਨਾਂ - ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਪ੍ਰਸ਼ਾਂਤ ਰਾਹੀ, ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਾ ਵਿਦਿਆਰਥੀ ਹੇਮ ਮਿਸ਼ਰਾ ਅਤੇ ਆਦਿਵਾਸੀ ਪਾਂਡੂ ਨਰੋਟੇ, ਮਹੇਸ਼ ਟਿਰਕੀ ਅਤੇ ਵਿਜੇ ਟਿਰਕੀ - ਨੂੰ ਕਸੂਰਵਾਰ ਠਹਿਰਾਇਆ ਗਿਆ ਹੈ। (ਪੰਜ ਨੂੰ ਉਮਰ ਕੈਦ ਜਦਕਿ ਵਿਜੇ ਟਿਰਕੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ।)

ਜ਼ਾਹਿਰ ਹੈ ਕਿ ਸਜ਼ਾਵਾਂ ਦੀ ਇਹ ਘਾੜਤ ਭਾਰਤ ਦੀ ਬ੍ਰਾਹਮਣਵਾਦੀ ਉੱਚਜਾਤੀ ਹਿੰਦੂਤਵੀ ਭਾਜਪਾ ਸਰਕਾਰ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਹੀ ਜਮਹੂਰੀ ਆਵਾਜ਼ਾਂ ਅੰਦਰ ਡਾਹਢਾ ਖ਼ੌਫ਼ ਪੈਦਾ ਕਰਨ ਲਈ ਘੜੀ ਗਈ ਹੈ। ਭਾਵੇਂ ਅਦਾਲਤ ਨੇ ਦਾਅਵਾ ਕੀਤਾ ਹੈ ਕਿ ਮੁਜ਼ਲਿਮਾਂ ਦੇ ਖ਼ਿਲਾਫ਼ ਦੋਸ਼ ਇਸ ਕਦਰ ਸਾਬਤ ਹੋਏ ਹਨ ਕਿ 'ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ', ਪਰ ਬਚਾਓ ਪੱਖ ਦੇ ਵਕੀਲ ਦੇ ਅਨੁਸਾਰ ਉਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਹੀ ਨਹੀਂ ਸਨ। ਯਾਦ ਰਹੇ ਕਿ ਪੁਲਿਸ ਨੇ 2013 ਵਿਚ ਪ੍ਰੋਫੈਸਰ ਸਾਈਬਾਬਾ ਦੇ ਘਰ ਦੋ ਵਾਰ ਗ਼ੈਰਕਾਨੂੰਨੀ ਤੌਰ 'ਤੇ ਛਾਪੇ ਮਾਰੇ ਸਨ ਅਤੇ ਬਿਨਾ ਸੀਲ ਕੀਤੇ ਉਸਦੇ ਕੰਪਿਊਟਰ ਦੀਆਂ ਹਾਰਡ ਡਿਸਕ ਅਤੇ ਹੋਰ ਡਿਵਾਇਸ ਕਬਜ਼ੇ ਵਿਚ ਲੈ ਲਏ ਸਨ। ਐਸਾ ਕਰਦੇ ਸਮੇਂ ਬਰਾਮਦਗੀ ਦੇ ਕਾਇਦੇ-ਕਾਨੂੰਨਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ। ਇਨ੍ਹਾਂ ਨੂੰ ਬਾਦ ਵਿਚ ਅਦਾਲਤ ਵਿਚ ਸਬੂਤ ਵਜੋਂ ਪੇਸ਼ ਕੀਤਾ ਗਿਆ। ਪੁਲਿਸ ਦੇ ਕਬਜ਼ੇ ਵਿਚ ਹੋਣ ਸਮੇਂ ਹਾਰਡ ਡਿਸਕਾਂ ਵਿਚਲੇ ਡੇਟਾ ਨਾਲ ਬਹੁਤ ਸੌਖਿਆਂ ਹੀ ਰੱਦੋਬਦਲ ਕੀਤੀ ਜਾ ਸਕਦੀ ਸੀ। ਬਾਅਦ ਵਿਚ ਅਪ੍ਰੈਲ 2014 ਵਿਚ ਮਹਾਰਾਸ਼ਟਰ ਪੁਲਿਸ ਨੇ ਪੂਰੀ ਤਰ੍ਹਾਂ ਵੀਲ੍ਹ-ਚੇਅਰ ਉੱਪਰ ਨਿਰਭਰ ਪ੍ਰੋਫੈਸਰ ਨੂੰ ਦਿੱਲੀ ਵਿੱਚੋਂ ਅਗਵਾ ਕਰ ਲਿਆ ਅਤੇ ਉਸ ਉੱਪਰ ਭਾਰਤੀ ਰਾਜ ਵਿਰੁੱਧ ਜੰਗ ਛੇੜਨ ਦਾ ਦੋਸ਼ ਲਾਕੇ ਯੂ.ਏ.ਪੀ.ਏ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ। ਅਪ੍ਰੈਲ 2016 ਵਿਚ ਸੁਪਰੀਮ ਕੋਰਟ ਵਲੋਂ ਉਸਦੀ ਡਿਗ ਰਹੀ ਸਿਹਤ ਦੇ ਮੱਦੇਨਜ਼ਰ ਉਸਨੂੰ ਜ਼ਮਾਨਤ ਦੇ ਦਿੱਤੀ ਗਈ ਕਿਉਂਕਿ ਉਸਦਾ ਜਿਸਮ 90% ਨਕਾਰਾ ਹੈ। ਇਸ ਸਮੇਂ ਤਕ ਉਸਦੇ ਮੁਕੱਦਮੇ ਨਾਲ ਸਬੰਧਤ ਸਬੂਤਾਂ ਦੀ ਜਾਂਚ ਵੀ ਕੀਤੀ ਜਾ ਚੁੱਕੀ ਸੀ।

ਇਸ ਦੌਰਾਨ ਉਸਨੂੰ ਜਦੋਂ ਦੋ ਸਾਲ ਵਿਚਾਰ-ਅਧੀਨ ਬੰਦੀ ਦੇ ਤੌਰ 'ਤੇ ਨਾਗਪੁਰ ਕੇਂਦਰੀ ਜੇਲ੍ਹ ਵਿਚ ਬੰਦ ਰੱਖਿਆ ਗਿਆ, ਉਸਨੂੰ ਇਲਾਜ ਅਤੇ ਸਹਾਇਕ ਤੋਂ ਵਾਂਝੇ ਰੱਖੇ ਜਾਣ ਕਾਰਨ ਉਸਦੀ ਸਿਹਤ ਤੇਜ਼ੀ ਨਾਲ ਵਿਗੜ ਗਈ। ਪਿਛਲੇ ਸਾਲ ਜ਼ਮਾਨਤ ਮਿਲ ਜਾਣ ਤੋਂ ਬਾਦ, ਉਸਦੇ ਦਿਲ ਦੇ ਰੋਗਾਂ, ਪਿੱਤੇ ਦੀਆਂ ਪੱਥਰੀਆਂ, ਪੈਂਕਰੀਜ ਦੇ ਰੋਗਾਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਲਗਾਤਾਰ ਇਲਾਜ ਚੱਲ ਰਿਹਾ ਸੀ। ਜੇਲ੍ਹਬੰਦੀ ਦੌਰਾਨ ਉਸਦੀ ਪਿੱਠ ਅਤੇ ਮੋਢੇ ਵਿਚ ਬਣ ਗਈਆਂ ਗੰਭੀਰ ਸਮੱਸਿਆਵਾਂ ਨੂੰ ਲੈਕੇ ਉਸਦੀ ਫਿਜੀਓਥੈਰੇਪੀ ਕੀਤੀ ਜਾ ਰਹੀ ਸੀ। ਦਰਅਸਲ ਉਸਨੂੰ ਦਿੱਲੀ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖ਼ਲ ਰੱਖਿਆ ਗਿਆ ਸੀ ਅਤੇ 28 ਫਰਵਰੀ ਨੂੰ ਹੀ ਹਸਪਤਾਲ ਤੋਂ ਘਰ ਭੇਜਿਆ ਗਿਆ ਸੀ। ਇਕ ਮਹੀਨੇ ਤਕ ਉਸਦਾ ਪਿੱਤਾ ਕੱਢਣ ਲਈ ਸਰਜਰੀ ਕੀਤੇ ਜਾਣ ਲਈ ਉਸਦੀ ਸਿਹਤ ਵਿਚ ਸੁਧਾਰ ਦੀ ਉਡੀਕ ਕੀਤੀ ਜਾ ਰਹੀ ਸੀ। ਇਸਤੋਂ ਪਹਿਲਾਂ ਹੀ ਉਸਨੂੰ 6 ਮਾਰਚ ਨੂੰ ਸੈਸ਼ਨਜ਼ ਅਦਾਲਤ ਵਿਖੇ ਆਪਣੇ ਮੁਕੱਦਮੇ ਦਾ ਫ਼ੈਸਲਾ ਸੁਣਨ ਲਈ ਗੜ੍ਹਚਿਰੌਲੀ ਪਹੁੰਚਣ ਦਾ ਲੰਮਾ ਸਫ਼ਰ ਕਰਨਾ ਪੈ ਗਿਆ। ਉਸਨੂੰ ਲੱਗਦਾ ਸੀ ਕਿ ਉਸਨੂੰ ਦੋ ਘੰਟੇ ਲਈ ਅਦਾਲਤ ਵਿਚ ਹਾਜ਼ਰ ਹੋਣਾ ਪਵੇਗਾ ਅਤੇ ਫਿਰ ਉਸਨੂੰ ਰਿਹਾਅ ਕਰ ਦਿੱਤਾ ਜਾਵੇਗਾ। ਇਸਦੀ ਬਜਾਏ, ਸਾਈਬਾਬਾ ਨੂੰ ਅਦਾਲਤ ਵਿਚ ਜਾਂਦੇ ਸਾਰ ਹੀ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਬਾਦ ਵਿਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਸਫ਼ਾਈ ਪੱਖ ਦੇ ਵਕੀਲ ਨੇ ਗੁਜਾਰਿਸ਼ ਕੀਤੀ ਕਿ ਉਸ ਦੀਆਂ ਗੰਭੀਰ ਬੀਮਾਰੀਆਂ ਨੂੰ ਮੁੱਖ ਰੱਖਦੇ ਹੋਏ ਜੇਲ੍ਹ ਵਿਚ ਸਹਾਇਕ ਅਤੇ ਜ਼ਰੂਰੀ ਇਲਾਜ ਮੁਹੱਈਆ ਕਰਾਇਆ ਜਾਵੇ ਪਰ ਸੈਸ਼ਨਜ਼ ਜੱਜ ਵਲੋਂ ਉਸਦੀ ਗੁਜਾਰਿਸ਼ ਬੇਰਹਿਮੀ ਨਾਲ ਠੁਕਰਾ ਦਿੱਤੀ ਗਈ।

ਪ੍ਰੋਫੈਸਰ ਸਾਈਬਾਬਾ ਬੇਜ਼ਮੀਨੇ ਕਿਸਾਨਾਂ, ਆਦਿਵਾਸੀ ਲੋਕਾਂ, ਦਲਿਤਾਂ, ਮਜ਼ਦੂਰ ਜਮਾਤ ਅਤੇ ਭਾਰਤੀ ਸਮਾਜ ਦੇ ਹੋਰ ਦੱਬੇਕੁਚਲੇ ਅਤੇ ਲਤਾੜੇ ਹਿੱਸਿਆਂ ਲਈ ਲਗਾਤਾਰ ਡੱਟਕੇ ਆਵਾਜ਼ ਉਠਾਉਂਦੇ ਰਹੇ ਹਨ। ਮੁਲਕ ਦੇ ਕੇਂਦਰੀ ਅਤੇ ਪੂਰਬੀ ਸੂਬਿਆਂ ਵਿਚ ਜਿੱਥੇ ਆਦਿਵਾਸੀ ਲੋਕ ਹਾਬੜੀਆਂ ਹੋਈਆਂ ਖਨਣ ਕਾਰਪੋਰੇਸ਼ਨਾਂ ਵਲੋਂ ਮਚਾਈ ਧਾੜਵੀ ਲੁੱਟਮਾਰ ਤੋਂ ਆਪਣਾ ਜਲ-ਵਸੀਲੇ, ਜੰਗਲ ਅਤੇ ਜ਼ਮੀਨਾਂ ਬਚਾਉਣ ਲਈ ਜਾਨ-ਹੂਲਵੀਂ ਲੜਾਈ ਲੜ ਰਹੇ ਹਨ, ਪ੍ਰੋਫੈਸਰ ਸਾਈਬਾਬਾ ਨੇ ਹਮੇਸ਼ਾ ਕਾਰਪੋਰੇਟ ਸਰਮਾਏਦਾਰੀ ਦੇ ਧਾੜਵੀ ਹਮਲਿਆਂ ਵਿਰੁੱਧ ਬੇਖ਼ੌਫ਼ ਹੋਕੇ ਆਵਾਜ਼ ਉਠਾਈ ਹੈ। ਉਹ ਸਰਕਾਰਾਂ ਵਲੋਂ ਓਪਰੇਸ਼ਨ ਗ੍ਰੀਨ ਹੰਟ ਅਤੇ ਹੋਰ ਸ਼ਕਲਾਂ ਵਿਚ ਆਪਣੇ ਹੀ ਲੋਕਾਂ ਵਿਰੁੱਧ ਜੰਗ ਵਿਚ ਲਗਾਈਆਂ ਇਕ ਲੱਖ ਤੋਂ ਵੱਧ ਨੀਮ-ਫ਼ੌਜੀ ਤਾਕਤਾਂ ਅਤੇ ਸਲਵਾ ਜੁਡਮ ਵਰਗੇ ਹਕੂਮਤੀ ਪੁਸ਼ਤਪਨਾਹੀ ਵਾਲੇ ਦਰਿੰਦਾ ਗਰੋਹਾਂ ਵਲੋਂ ਮਚਾਈ ਸਾੜਸਤੀ ਦਾ ਡੱਟਕੇ ਵਿਰੋਧ ਕਰਦੇ ਆ ਰਹੇ ਹਨ। ਹਿੰਦੁਸਤਾਨੀ ਰਾਜ ਪ੍ਰੋਫੈਸਰ ਸਾਈਬਾਬਾ, ਅਤੇ ਉਨ੍ਹਾਂ ਦੇ ਨਾਲ ਦੋਸ਼ੀ ਠਹਿਰਾਏ ਕਾਰਕੁੰਨਾਂ ਦੀ ਇਸੇ ਬੁਲੰਦ ਆਵਾਜ਼ ਦਾ ਗਲਾ ਘੁੱਟਣ 'ਤੇ ਤੁੱਲਿਆ ਹੋਇਆ ਹੈ। ਜ਼ਿਲ੍ਹਾ ਸੈਸ਼ਨਜ਼ ਕੋਰਟ ਦਾ ਹਾਲੀਆ ਫ਼ੈਸਲਾ ਇਸਦਾ ਜ਼ਾਹਰਾ ਸਬੂਤ ਹੈ ਕਿ ਹਿੰਦੁਸਤਾਨ ਦੀਆਂ ਅਦਾਲਤਾਂ ਕਿਵੇਂ ਪੁਲਿਸ ਰਾਜ ਨਾਲ ਰਜ਼ਾਮੰਦ ਹੋਕੇ ਇਸ ਅੱਗੇ ਗੋਡੇ ਟੇਕ ਰਹੀਆਂ ਹਨ।

ਅਸੀਂ ਪ੍ਰੋਫੈਸਰ ਸਾਈਬਾਬਾ, ਪ੍ਰਸ਼ਾਂਤ ਰਾਹੀ, ਹੇਮ ਮਿਸ਼ਰਾ, ਪਾਂਡੂ ਨਰੋਟੇ, ਮਹੇਸ਼ ਟਿਰਕੀ ਅਤੇ ਵਿਜੇ ਟਿਰਕੀ ਨੂੰ ਦਿੱਤੀਆਂ ਸਜ਼ਾਵਾਂ ਦੀ ਨਿਖੇਧੀ ਕਰਦੇ ਹਾਂ। ਅਸੀਂ ਮੰਗ ਕਰਦੇ ਹਨ ਕਿ ਸਾਰਿਆਂ ਨੂੰ ਤੁਰੰਤ ਜ਼ਮਾਨਤ ਦੇਕੇ ਸਹੀ ਮੁਕੱਦਮਾ ਚਲਾਇਆ ਜਾਵੇ, ਅਤੇ ਸੰਯੁਕਤ ਰਾਸ਼ਟਰ ਦੀ ਅਪਾਹਜ ਵਿਅਕਤੀਆਂ ਦੇ ਹੱਕਾਂ ਬਾਰੇ ਕਨਵੈਨਸ਼ਨ ਦੇ ਅਨੁਸਾਰ ਪ੍ਰੋਫੈਸਰ ਸਾਈਬਾਬਾ ਪ੍ਰਤੀ ਮਨੁੱਖੀ ਹਮਦਰਦੀ ਵਾਲਾ ਵਤੀਰਾ ਅਖ਼ਤਿਆਰ ਕੀਤਾ ਜਾਵੇ।

ਕੇਂਦਰੀ ਜਥੇਬੰਦਕ ਕਮੇਟੀ,
ਇੰਡੀਅਨ ਵਰਕਰਜ਼ ਐਸੋਸੀਏਸ਼ਨ ਗਰੇਟ ਬ੍ਰਿਟੇਨ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ