Tue, 17 October 2017
Your Visitor Number :-   1096560
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਫ਼ਿਰਕੂ ਅਨਸਰਾਂ ਵੱਲੋਂ ਹੁੰਦੇ ਹਮਲਿਆਂ ਦੀ ਨਿਖੇਧੀ

Posted on:- 28-07-2017

ਪੰਜਾਬ ਲੋਕ ਸਭਿਆਚਾਰਕ ਮੰਚ ਨੇ ਫਿਰਕੂ ਸਿੱਖ ਜਾਨੂੰਨੀਆਂ ਵੱਲੋਂ ਪੰਜਾਬੀ ਲੇਖਕਾਂ ਖਿਲਾਫ਼ ਗਾਲ਼ੀ ਗਲੋਚ ਦੀ ਭਾਸ਼ਾ ਰਾਹੀਂ ਜ਼ਹਿਰੀਲਾ ਪ੍ਰਚਾਰ ਵਿੱਢ ਕੇ, ਕਲਮਾਂ ਦੀ ਜੁਬਾਨਬੰਦੀ ਕਰਨ ਦੇ ਯਤਨਾਂ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਤੇ ਪੰਜਾਬੀ ਲੇਖਕਾਂ/ਕਲਾਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਵਿਚਾਰ ਪ੍ਰਗਟਾਵੇ ਦੇ ਹੱਕ ’ਤੇ ਹਮਲੇ ਖਿਲਾਫ ਇੱਕਜੁੱਟ ਹੋਣ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਤੇ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਫਿਰਕੂ ਸਿੱਖ ਜਨੂੰਨੀ ਅਨਸਰਾਂ ਵੱਲ਼ੋਂ ਸੋਸ਼ਲ ਮੀਡੀਏ ’ਤੇ ਅਜਿਹੀ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਵੱਖ-ਵੱਖ ਪੰਜਾਬੀ ਲੇਖਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉੱਘੇ ਨਾਵਲਕਾਰ ਬਲਦੇਵ ਸਿੰਘ ਦੇ ਨਾਵਲ “ਸੂਰਜ ਦੀ ਅੱਖ” ਨੂੰ ਅਧਾਰ ਬਣਾ ਕੇ, ਉਸਨੂੰ ਮੰਦਾ ਬੋਲਿਆ ਤੇ ਧਮਕਾਇਆ ਗਿਆ ਹੈ ਤੇ ਗਾਲ਼ੀ ਗਲੋਚ ਦੀ ਪੱਧਰ ’ਤੇ ਜਾ ਕੇ ਅਤਿ ਘਟੀਆ ਸ਼ਬਦਾਵਲੀ ਦੀ ਵਰਤੋ ਕੀਤੀ ਗਈ ਹੈ। ਬਲਦੇਵ ਸਿੰਘ ਪੰਜਾਬੀ ਦੇ ਸਤਿਕਾਰਤ ਸਾਹਿਤਕਾਰਾਂ ਦੀ ਸੂਚੀ ’ਚ ਸ਼ੁਮਾਰ ਹਨ।

ਉਹਨਾਂ ਨੇ ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਦੇ ਅਗਾਂਹਵਧੂ ਤੇ ਜੁਝਾਰ ਵਿਰਸੇ ਨੂੰ ਨਾਵਲੀ ਰੂਪਾਂ ਰਾਹੀਂ ਉਭਾਰਿਆ ਹੈ ਜਿੰਨ੍ਹਾਂ ’ਚ “ਮਹਾਂਬਲੀ ਸੂਰਾ” ਤੇ “ਪੰਜਵਾਂ ਸਾਹਿਬਜ਼ਾਦਾ” ਵਰਗੇ ਨਾਵਲ ਜ਼ਿਕਰਯੋਗ ਹਨ। ਉਹਨਾਂ ਲਈ ਅਜਿਹੀ ਸ਼ਬਦਾਵਲੀ ਦਾ ਵਿਰੋਧ ਕਰਨ ’ਤੇ ਹੀ ਉੱਘੇ ਕਹਾਣੀਕਾਰ ਅਤਰਜੀਤ ਨੂੰ ਵੀ ਅਜਿਹੀ ਸ਼ਬਦਾਵਲੀ ਦਾ ਨਿਸ਼ਾਨਾ ਬਣਾਇਆ ਗਿਆ ਹੈ। ਸੰਤ ਰਾਮ ਉਦਾਸੀ ਦੀ ਧੀ ਇਕਬਾਲ ਕੌਰ ਉਦਾਸੀ ’ਤੇ ਵੀ ਇਉਂ ਹੀ ਹਮਲੇ ਕੀਤੇ ਗਏ ਹਨ। ਪਹਿਲਾਂ ਇਹੀ ਕੁਝ ਸੁਰਜੀਤ ਗੱਗ ਨਾਲ ਕੀਤਾ ਜਾ ਰਿਹਾ ਹੈ। ਇਸ ਸਮੁੱਚੇ ਪ੍ਰਚਾਰ ਦਾ ਨਿਸ਼ਾਨਾ ਅਗਾਂਹਵਧੂ ਤੇ ਲੋਕ ਪੱਖੀ ਲੇਖਕਾਂ/ ਕਲਾਕਾਰਾਂ ਤੇ ਜਮਹੂਰੀ ਹਿੱਸਿਆਂ ਦੀ ਸਮੁੱਚੀ ਧਿਰ ਹੈ ਚਾਹੇ ਵਕਤੀ ਬਹਾਨਾ ਕੋਈ ਵੀ ਬਣਾਇਆ ਜਾਵੇ।

ਉਹਨਾਂ ਕਿਹਾ ਕਿ ਪਹਿਲਾਂ ਹੀ ਦੇਸ਼ ਭਰ ’ਚ ਫਿਰਕੂ ਜਾਨੂੰਨੀਆਂ ਵੱਲ਼ੋਂ ਭਾਜਪਾ ਹਕੂਮਤ ਦੀ ਸ਼ਹਿ ’ਤੇ ਲੇਖਕਾਂ/ਕਲਾਕਾਰਾਂ ਦੀ ਜੂਬਾਨਬੰਦੀ ਲਈ ਫਾਸੀ ਹਮਲਾ ਬੋਲਿਆ ਹੋਇਆ ਹੈ। ਮੁਲਕ ’ਚ ਇਸ ਫਾਸੀ ਹਮਲੇ ਦੀਆਂ ਮੋਹਰੀ ਫਿਰਕਾਪ੍ਰਸਤ ਹਿੰਦੂ ਜਾਨੂੰਨੀ ਤਾਕਤਾਂ ਹਨ। ਪੰਜਾਬ ’ਚ ਅਜਿਹੇ ਫਿਰਕੂ ਪ੍ਰਚਾਰ ਦੀ ਗਰਜ ਫਿਰਕੂ ਸਿੱਖ ਜਾਨੂੰਨੀ ਅਨਸਰਾਂ ਵੱਲੋਂ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਹਾਂ ਦਾ ਮਕਸਦ ਸਾਂਝਾ ਹੈ। ਇਹ ਮਕਸਦ ਲੇਖਕਾਂ-ਕਲਾਕਾਰਾਂ ਨੂੰ ਖੋਫ਼ਜਦਾ ਕਰਕੇ ਉਹਨਾਂ ਦੀ ਜੁਬਾਨਬੰਦੀ ਕਰਨਾ ਹੈ। ਲੋਕਾਂ ਨੂੰ ਦਹਿਸ਼ਤਜ਼ਦਾ ਕਰਕੇ, ਉਹਨਾਂ ਦੇ ਵਿਚਾਰ ਪ੍ਰਗਟਾਵੇ ਦੇ ਹੱਕ ਤੇ ਛਾਪਾ ਮਾਰਨਾ ਹੈ। ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦੇ ਹੱਕ ’ਤੇ ਹਮਲਾ ਦੋ ਧਾਰੀ ਹੈ। ਇੱਕ ਪਾਸੇ ਤਾਂ ਹਾਕਮ ਜਮਾਤਾਂ ਵੱਲੋਂ ਕਾਲ਼ੇ ਕਾਨੂੰਨਾਂ ਤੇ ਧਰਾਵਾਂ ਨਾਲ ਇਸ ਹੱਕ ਨੂੰ ਕੁਚਲਿਆ ਜਾ ਰਿਹਾ ਹੈ। ਧਾਰਾ 295 ਏ ਵਰਗੇ ਕਾਲੇ ਕਾਨੂੰਨ ਤਹਿਤ ਹੀ ਲੇਖਕ ਸੁਰਜੀਤ ਗੱਗ ਨੂੰ ਜੇਲ੍ਹ ’ਚ ਡਕਿਆਂ ਗਿਆ ਹੈ ਤੇ ਦੂਜੇ ਪਾਸੇ ਇਹੀਂ ਕੰਮ ਫਿਰਕੂ ਫਾਸੀ ਅਨਸਰਾਂ ਵੱਲੋਂ ਕੀਤਾ ਜਾ ਰਿਹਾ ਹੈ। ਪੰਜਾਬ ’ਚ ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਬੀਤੇ ਕਾਲੇ ਦੌਰ ’ਚ ਲੇਖਕਾਂ/ਕਲਾਕਾਰਾਂ ਨੂੰ ਨਿਸ਼ਾਨਾ ਬਣਾਉਣ ਤੇ ਪਾਬੰਦੀਆਂ ਮੜ੍ਹਨ ਦੇ ਯਤਨ ਕੀਤੇ ਗਏ ਸਨ ਪਰ ਪੰਜਾਬੀ ਲੇਖਕਾਂ ਤੇ ਲੋਕ ਪੱਖੀ ਕਲਾਕਾਰਾਂ ਨੇ ਇਸ ਹੱਕ ਦੀ ਰਾਖੀ ਲਈ ਜਾਨਾਂ ਦਾ ਮੁੱਲ ਤਾਰਿਆਂ ਹੈ। ਉਹ ਲੋਕਾਂ ਦੀ ਆਵਾਜ਼ ਬਣਕੇ ਡਟੇ ਹਨ ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਲਈ ਹਮੇਸ਼ਾਂ ਸੰਘਰਸ਼ ਕੀਤਾ ਹੈ। ਦੋ ਵਰ੍ਹੇ ਪਹਿਲਾ ਵੀ ਮੁਲਕ ਪੱਧਰ ’ਤੇ ਹਿੰਦੂ ਫਿਰਕੂ ਜਾਨੂੰਨੀਆਂ ਵੱਲੋਂ ਕੀਤੇ ਜਾ ਰਹੇ ਲੇਖਕਾਂ ਤੇ ਬੁੱਧੀਜੀਵੀਆਂ ਦੇ ਕਤਲਾਂ ਖਿਲਾਫ ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਲਈ ਉੱਠੀ ਰੋਸ ਲਹਿਰ ਦੀਆਂ ਮੌਹਲੀਆਂ ਸਫਾਂ ’ਚ ਪੰਜਾਬੀ ਲੇਖਕ ਸ਼ੁਮਾਰ ਸਨ। ਅੱਜ ਜਦੋਂ ਪੰਜਾਬ ਚ ਲੇਖਕਾਂ ਦੀ ਜੁਬਾਨਬੰਦੀ ਕਰਨ ਲਈ ਗਾਲ਼ੀ ਗਲੋਚ ਰਾਹੀਂ ਡਰਾਉਣ-ਧਮਕਾਉਣ ਦੇ ਯਤਨ ਹੋ ਰਹੇ ਹਨ ਤਾਂ ਪੰਜਾਬੀ ਲੇਖਕਾਂ  ਨੂੰ ਇੱਕਜੁੱਟ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ।
ਆਗੂਆਂ ਨੇ ਕਿਹਾ ਕਿ ਸਾਹਿਤਕ ਰਚਨਾਵਾਂ ਦੀ ਨੁਕਤਾਚੀਨੀ ਲਈ ਜਮਹੂਰੀ ਸੰਵਾਦ ਦਾ ਰਸਤਾ ਅਖਤਿਆਰ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਗਾਲ਼ੀ ਗਲੋਚ ਤੇ ਜੇਲ੍ਹਾਂ-ਕੇਸਾਂ ਦਾ।

ਫਿਰਕੂ ਜਾਨੂੰਨੀ ਅਨਸਰਾਂ ਦਾ ਮਕਸਦ ਉਸਾਰੂ ਅਲੋਚਨਾ ਨਹੀਂ ਹੈ ਸਗੋਂ ਆਪਣੇ ਸੌੜੇ ਤੇ ਤੰਗ ਨਜ਼ਰ ਫਿਰਕੂ ਨਜ਼ਰੀਏ ਨੂੰ ਲੋਕਾਂ ’ਤੇ ਜਬਰੀ ਮੜ੍ਹਨ ਦਾ ਏਜੰਡਾ ਹੈ ਤੇ ਅਜਿਹੀ ਗਾਲ਼ੀ ਗਲੋਚ ਦੀ ਭਾਸ਼ਾ ਖੋਫਜਦਾ ਕਰਨ ਦਾ ਹਥਿਆਰ ਹੈ, ਜਿਸਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਅਜਿਹੇ ਅਨਸਰਾਂ ਨੇ ਸੋਸ਼ਲ ਮੀਡੀਏ ਨੂੰ ਵਿਚਾਰ ਚਰਚਾ ਦੇ ਮੰਚ ਦੀ ਥਾਂ ਆਪਣੇ ਜ਼ਹਿਰੀਲੇ ਫਿਰਕੂ ਪ੍ਰਚਾਰ ਦਾ ਸਾਧਨ ਬਣਾਇਆ ਹੋਇਆ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਵਿਚਾਰ ਪ੍ਰਗਟਾਵੇ ਦੇ ਹੱਕ ਦੀ ਆਜ਼ਾਦੀ ਲਈ ਸੰਘਰਸ਼ ਅੱਜ ਅਣਸਰਦੀ ਜ਼ਰੂਰਤ ਹੈ, ਇਹ ਹੱਕ ਚਾਹੇ 295 ਏ ਵਰਗੀ ਜਾਬਰ ਧਾਰਾ ਰਾਹੀਂ ਕੁਚਲਿਆ ਜਾ ਰਿਹਾ ਹੋਵੇ ਚਾਹੇ ਸਿੱਖ ਜਾਨੂੰਨੀ ਅਨਸਰਾਂ ਦੇ ਪ੍ਰਚਾਰ ਰਾਹੀ ਹਮਲੇ ਹੇਠ ਆਇਆ ਹੋਵੇ। ਉਹਨਾਂ ਸਭਨਾਂ ਲੋਕ ਪੱਖੀ ਲੇਖਕਾਂ/ਕਲਾਕਾਰਾਂ ਤੇ ਧਰਮ ਨਿਰਪੱਖ, ਜਮਹੂਰੀ ਹਿੱਸਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਸ਼ਾਨਾਮੱਤੀਆਂ ਸੰਗਰਾਮੀ ਰਵਾਇਤਾਂ ’ਤੇ ਪਹਿਰਾ ਦਿੰਦਿਆਂ ਅੱਗੇ ਆਉਣ ਤੇ ਅਜਿਹੇ ਕੂੜ-ਪ੍ਰਚਾਰ ਖਿਲਾਫ ਜੋਰਦਾਰ ਆਵਾਜ਼ ਬੁਲੰਦ ਕਰਨ। ਪਲਸ ਮੰਚ ਹਮੇਸਾਂ ਵਾਂਗ ਲੋਕਾਂ ਦੇ ਲੇਖਕਾਂ ਤੇ ਕਲਾਕਾਰਾਂ ਦੇ ਅੰਗ-ਸੰਗ ਹੈ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ