Tue, 26 September 2017
Your Visitor Number :-   1089009
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਲੇਖਕਾਂ ਨੂੰ ਧਮਕਾਉਣ ਦਾ ਸਿਲਸਿਲਾ ਬੰਦ ਹੋਵੇ : ਜਮਹੂਰੀ ਅਧਿਕਾਰ ਸਭਾ

Posted on:- 12-08-2017

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਏ.ਕੇ.ਮਲੇਰੀ, ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਲੇਖਕਾਂ ਵਿਰੁੱਧ ਚਲਾਇਆ ਜਾ ਰਿਹਾ ਸੋਸ਼ਲ ਮੀਡੀਆ ਟਰਾਇਲ ਅਤੇ ਕਾਨੂੰਨੀ ਨੋਟਿਸਾਂ/ਕੇਸਾਂ ਦਾ ਰੁਝਾਨ ਬਹੁਤ ਹੀ ਚਿੰਤਾਜਨਕ ਹੈ ਅਤੇ ਇਹ ਵਿਚਾਰਾਂ ਦੀ ਆਜ਼ਾਦੀ ਉੱਪਰ ਹਮਲਾ ਹੈ। ਸੋਸ਼ਲ ਮੀਡੀਆ ਟਿੱਪਣੀਕਾਰਾਂ ਦੇ ਇਕ ਹਿੱਸੇ ਵਲੋਂ ਵਿਚਾਰਾਂ ਦੇ ਮੱਤਭੇਦ ਅਤੇ ਇਤਿਹਾਸਕ ਤੱਥਾਂ  ਨੂੰ ਲੈਕੇ ਵਾਦਵਿਵਾਦ ਵਾਲੇ ਮੁੱਦਿਆਂ ਨੂੰ ਅਣਉੱਚਿਤ ਫੋਰਮਾਂ ਉੱਪਰ ਉਛਾਲਕੇ ਨਫ਼ਰਤ ਅਤੇ ਟਕਰਾਓ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਮੁੱਦਿਆਂ ਨੂੰ ਸਪਸ਼ਟ ਕਰਨ ਦੀ ਬਜਾਏ ਇਹ ਵਰਤਾਰਾ ਘਚੋਲਾ ਅਤੇ ਗੰਧਲਾਪਣ ਵਧਾ ਰਿਹਾ ਹੈ।

ਪਿਛਲੇ ਕੁਝ ਸਾਲਾਂ ਤੋਂ ਬਾਹਰਲੇ ਸੂਬਿਆਂ ਅੰਦਰ ਚਲ ਰਿਹਾ ਇਹ ਵਰਤਾਰਾ ਹੁਣ ਪੰਜਾਬ ਵਿਚ ਵੀ ਫੈਲ ਗਿਆ ਹੈ। ਜਿਸ ਤਹਿਤ ਸਾਹਿਤਿਕ ਰਚਨਾਵਾਂ ਉੱਪਰ ਸੰਜੀਦਾ ਬਹਿਸ ਚਲਾਉਣ ਤੇ ਸੰਵਾਦ ਰਚਾਉਣ ਦੀ ਬਜਾਏ ਲੇਖਕਾਂ ਨੂੰ ਕਾਨੂੰਨੀ ਕਾਰਵਾਈ ਅਤੇ ਮੁਕੱਦਮਿਆਂ ਦੀਆਂ ਧਮਕੀਆਂ ਦੇਕੇ ਤੇ ਭੱਦੀ ਸ਼ਬਦਾਵਲੀ ਵਰਤਕੇ ਆਪਣੀਆਂ ਰਚਨਾਵਾਂ ਵਾਪਸ ਲੈਣ ਲਈ ਮਜਬੂਰ ਕਰਨ ਦੀ ਰੁਚੀ ਮਜ਼ਬੂਤ ਹੋਈ ਹੈ। ਇਹ ਫ਼ਤਵੇਬਾਜ਼ ਤਰੀਕਾ ਲੇਖਕਾਂ ਨੂੰ ਆਪਣੀ ਖੋਜ ਦੀਆਂ ਕਮੀਆਂ ਨੂੰ ਦੂਰ ਕਰਕੇ ਆਪਣੀਆਂ ਰਚਨਾਵਾਂ ਨੂੰ ਰਚਨਾਤਮਕ ਬਣਾਉਣ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਵਿਕਸਤ ਹੋਣ ਵਿਚ ਮਦਦਗਾਰ ਬਣਨ ਦੀ ਬਜਾਏ ਲੇਖਣੀ ਨੂੰ ਨਿਰਉਤਸ਼ਾਹਤ ਕਰਨ ਵੱਲ ਸੇਧਤ ਹੈ।

ਚਾਹੇ ਦੱਖਣ ਭਾਰਤੀ ਲੇਖਕ ਮੁਰੂਗਨ ਹੋਣ ਜਾਂ ਬਲਦੇਵ ਸਿੰਘ ਸੜਕਨਾਮਾ, ਉਨ੍ਹਾਂ ਵਲੋਂ ਐਸੀ ਫ਼ਤਵੇਬਾਜ਼ੀ ਦੇ ਦਬਾਓ ਹੇਠ ਲਿਖਣ ਦੇ ਪ੍ਰੋਜੈਕਟਾਂ ਤੋਂ ਕਿਨਾਰਾ ਕਰਨ ਦੇ ਮਾਯੂਸੀ ਵਾਲੇ ਬਿਆਨ ਸਾਹਿਤਕਾਰੀ ਲਈ ਅਤੇ ਸਮਾਜਿਕ ਤਰੱਕੀ ਲਈ ਮਨਹੂਸ ਸੰਕੇਤ ਹਨ। ਸਭਾ ਸਮਝਦੀ ਹੈ ਕਿ ਨਾਵਲਕਾਰ ਬਲਦੇਵ ਸਿੰਘ ਦੇ ਨਾਵਲ ਵਿਚ ਇਤਿਹਾਸਕ ਕਿਰਦਾਰਾਂ ਦੀ ਪੇਸ਼ਕਾਰੀ ਬਾਰੇ ਕਿਸੇ ਵੀ ਪਾਠਕ ਜਾਂ ਆਲੋਚਕ ਦੇ ਬਹੁਤ ਸਾਰੇ ਸਵਾਲ ਹੋ ਸਕਦੇ ਹਨ ਜਿਨ੍ਹਾਂ ਨੂੰ ਲੈਕੇ ਲੇਖਕ ਨਾਲ ਸਿੱਧਾ ਸੰਵਾਦ ਕਰਨ ਦੀ ਬਜਾਏ ਸੋਸ਼ਲ ਮੀਡੀਆ ਉੱਪਰ ਸਰਗਰਮ ਕੁਝ ‘ਟਿੱਪਣੀਕਾਰਾਂ’ ਵਲੋਂ ਬਦਜ਼ਬਾਨ ਅਤੇ ਧਮਕਾਊ ਟਿੱਪਣੀਆਂ ਦਾ ਸਿਲਸਿਲਾ ਚਲਾਇਆ ਜਾ ਰਿਹਾ ਹੈ ਅਤੇ ਇਸ ਨੂੰ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਲੋਕਾਂ ਨੂੰ ਭੰਡਣ ਦਾ ਹਥਿਆਰ ਬਣਾਇਆ ਗਿਆ ਹੈ। ਇਸ ਤੋਂ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ ਕਿ ਇਸ ਪਾਸੇ ਜੁੱਟੇ ਵਿਅਕਤੀਆਂ ਦੀ ਮਨਸ਼ਾ ਸਾਹਿਤਿਕ ਰਚਨਾਵਾਂ ਦੀਆਂ ਕਮੀਆਂ ਨੂੰ ਸਾਹਮਣੇ ਲਿਆਉਣ ਦੀ ਨਹੀਂ ਸਗੋਂ ਇਸ ਬਹਾਨੇ ਆਪਣੇ ਵਿਚਾਰਾਂ ਨੂੰ ਦੂਜਿਆਂ ਉੱਪਰ ਥੋਪਣ ਦੀ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਦਲ ਖ਼ਾਲਸਾ ਵਲੋਂ ਲੇਖਕ ਨੂੰ ਕਾਨੂੰਨੀ ਨੋਟਿਸ ਜਾਰੀ ਕਰਨ ਦਾ ਰੁਝਾਨ ਸਟੇਟ ਦੇ ਹੱਥ ਮਜ਼ਬੂਤ ਕਰਨ ਤੋਂ ਬਿਨਾ ਕੁਝ ਨਹੀਂ ਕਿਉਂਕਿ ਭਾਰਤੀ ਹੁਕਮਰਾਨ ਜਮਾਤ ਵਲੋਂ ਬਣਾਈਆਂ ਐਸੀਆਂ ਕਾਨੂੰਨੀ ਧਾਰਾਵਾਂ ਦੀ ਧੁਸ ਹਮੇਸ਼ਾ ਸੀਮਤ ਜਮਹੂਰੀ ਜ਼ਮੀਨ ਨੂੰ ਖ਼ਤਮ ਕਰਨ ਦੀ ਰਹੀ ਹੈ। ਇਹ ਯਾਦ ਰਹੇ ਕਿ ਮਿਲਟਨ ਫਰੀਡਮੈਨ ਜਿਸਨੂੰ ਅੱਜ ਦੇ ਲੋਟੂਤੰਤਰ “ਨਵ ਊਦਾਰਵਾਦ” ਦਾ ਜਨਮਦਾਤਾ ਕਿਹਾ ਜਾਂਦਾ ਹੈ ਨੇ ਸਾਮਰਾਜੀ ਹੁਕਮਰਾਨਾਂ ਨੂੰ ਇਹੀ ਗੁਰ ਦੱਸਿਆ ਸੀ ਕਿ ਨਿੱਜੀ ਲਾਭ ’ਤੇ ਅਧਾਰਤ ਪੂੰਜੀਵਾਦੀ ਲੁੱਟਤੰਤਰ ਤਾਂ ਹੀ ਚੱਲ ਸਕਦਾ ਹੈ ਜੇ ਬੁੱਧੀਜੀਵੀਆਂ ਚਿੰਤਕਾਂ ਨੂੰ ਨਕਾਰਿਆ ਜਾਵੇ ਤੇ ਲੋਕ ਹਿਤਾਂ ਵਿਚ ਚਲ ਰਹੇ ਪਬਲਿਕ ਅਦਾਰਿਆਂ ਨੂੰ ਬਰਬਾਦ ਕੀਤਾ ਜਾਵੇ। ਭਾਰਤੀ ਬ੍ਰਾਹਮਣਵਾਦ ਦਾ ਮੂਲ਼ ਵੀ ਲੋਕਾਂ ਨੂੰ ਗਿਆਨ ਵਿਹੂਣਾ ਰਖਕੇ ਵਿਚਾਰਕਾਂ ਨੂੰ ਭੰਡੀ ਪਰਚਾਰ ਰਾਹੀਂ ਨਿਖੇੜਨਾ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਖ਼ਤਮ ਕਰਨਾ ਹੀ ਹੈ। ਇਸ ਲਈ ਗਹਿਰੇ ਚਿੰਤਨ ਦੀ ਲੋੜ ਹੈ ਕਿ ਅਜੇਹੇ ਧੌਂਸਬਾਜ਼ ਕਦਮ ਕਿਸ ਦਾ ਹਿਤ ਪੂਰਦੇ ਹਨ।


ਸਭਾ ਸਮਝਦੀ ਹੈ ਕਿ ਇਸ ਤਰ੍ਹਾਂ ਧੌਂਸਬਾਜ਼ੀ ਨਾਲ ਕਿਸੇ ਲੇਖਕ ਨੂੰ ਧਮਕਾਕੇ ਉਸਦੀ ਵਕਤੀ ਜ਼ੁਬਾਨਬੰਦੀ ਤਾਂ ਕੀਤੀ ਜਾ ਸਕਦੀ ਹੈ ਪਰ ਇਹ ਤਰੀਕਾ ਸਮਾਜ ਵਿਚ ਸਹੀ ਵਿਚਾਰਾਂ ਨੂੰ ਸਥਾਪਤ ਕਰਨ ਦਾ ਸਾਧਨ ਨਹੀਂ ਹੋ ਸਕਦਾ। ਸਭਾ ਇਸ ਪੱਖ ਉੱਪਰ ਜ਼ੋਰ ਦੇਣਾ ਚਾਹੁੰਦੀ ਹੈ ਕਿ ਸਾਹਿਤਿਕ ਰਚਨਾਵਾਂ ਉੱਪਰ ਮੀਡੀਆ ਟਰਾਇਲ ਬੰਦ ਕੀਤਾ ਜਾਵੇ ਅਤੇ ਇਸਦੀ ਬਜਾਏ ਸਿੱਖਣ ਸਿਖਾਉਣ ਅਤੇ ਉਸਾਰੂ ਆਲੋਚਨਾ ਵਾਲੇ ਮੰਚਾਂ ਉੱਪਰ ਸੰਵਾਦ ਰਚਾਇਆ ਜਾਵੇ ਜਿਥੇ ਸੰਵਾਦ ਭਾਸ਼ਾ ਦੇ ਸੁਹਜ ਅਤੇ ਮਿਆਰੀ ਦਲੀਲਬਾਜ਼ੀ ਅਤੇ ਆਪਣੇ ਵਿਚਾਰ ਪੇਸ਼ ਕਰਨ ਦੀ ਖੁੱਲ੍ਹ ਦੇ ਮਾਹੌਲ ਵਿਚ ਹੋਵੇ। ਐਸਾ ਮਾਹੌਲ ਧਮਕਾਊ ਮੁਕੱਦਮੇਬਾਜ਼ੀ ਅਤੇ ਬਾਂਹ ਮਰੋੜ ਕਾਨੂੰਨੀ ਚਾਲਾਂ ਨੂੰ ਛੱਡਕੇ ਹੀ ਸਿਰਜਿਆ ਜਾ ਸਕਦਾ ਹੈ। ਸਭਾ ਅਪੀਲ ਕਰਦੀ ਹੈ ਕਿ ਸਮਾਜ ਦੀ ਮਜ਼ਬੂਤੀ ਤੇ ਤਰੱਕੀ ਦੇ ਖਾਹਸ਼ਮੰਦ ਸਾਰੇ ਲੋਕ ਇਸ ਵਰਤਾਰੇ ਵਿਰੁੱਧ ਇਕਜੁੱਟ ਆਵਾਜ਼ ਬੁਲੰਦ ਕਰਨ।

-ਬੂਟਾ ਸਿੰਘ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ