Tue, 16 April 2024
Your Visitor Number :-   6976147
SuhisaverSuhisaver Suhisaver

ਜੈ ਕਿਸਾਨ ਅਤੇ ਜੈ ਜਵਾਨ ਵਿੱਚ ਪਾਏ ਜਾ ਰਹੇ ਹਨ ਵਖਰੇਵੇਂ -ਵਰਗਿਸ ਸਲਾਮਤ

Posted on:- 11-02-2021

26 ਜਨਵਰੀ ਗਣਤੰਤਰ ਦਿਵਸ ਦੀ ਅਣਸੁਖਾਵੀਂ ਘਟਨਾ ਤੋਂ ਬਾਅਦ ਸਰਕਾਰ ਅਤੇ ਕਿਸਾਨਾਂ ਦੇ ਲਗਭਗ 80 ਦਿਨਾਂ ਤੋਂ ਸ਼ਾਂਤਮਈ ਢੰਗ ਤਰੀਕਿਆਂ ਨਾਲ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਚਲ ਰਹੇ ਜਨਅੰਦੋਲਨ 'ਚ ਖਿੱਚੋਤਾਣ ਵੱਧ ਚੁੱਕੀ ਹੈ।ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦੋਹਾਂ ਧਿਰਾਂ 'ਚ ਅੰਦੋਲਨ ਨੂੰ ਲੈ ਕੇ ਸਮੀਕਰਨ ਬੜੀ ਤੇਜ਼ੀ ਨਾਲ ਬਦਲ ਰਹੇ ਹਨ।ਸੰਘਰਸ਼ ਦੀ ਸਿਆਣੀ ਲੀਡਰਸ਼ਿਪ ਨੇ ਜਿੱਥੇ ਸਰਕਾਰ ਦੇ ਅੜਿਅਲ ਰਵਈਏ ਨੂੰ ਝੱਲਦਿਆਂ ਹਮੇਸ਼ਾ ਸਮਝ ਅਤੇ ਹੋਸ਼ ਤੋਂ ਕੰਮ ਲਿਆ ਸੀ ਉੱਥੇ ਤਾਰਪੀਡੋ ਹੋਏ 26 ਜਨਵਰੀ ਦੇ ਟਰੈਕਟਰ ਮਾਰਚ ਰੈਲੀ ਦੀ ਨੈਤਿਕ ਜ਼ਿੰਮੇਵਾਰੀ ਲੈ ਕੇ ਤਿਰੰਗੇ ਦਾ ਮਾਨ ਵਧਾਇਆ ਹੈ।

ਜਦੋਂ ਕਿ ਉਸ ਘਟਨਾ ਤੋਂ ਬਾਅਦ ਸਰਕਾਰ ਹਰ ਉਹ ਹੀਲਾ ਵਰਤ ਰਹੀ ਹੈ ਜਿਸ ਦੀ ਭਾਰਤੀ ਲੋਕਤੰਤਰ ਵਿਚ ਕੋਈ ਥਾਂ ਨਹੀਂ ਹੈ......ਪਹਿਲਾਂ 26 ਦੀ ਰਾਤ ਤੋਂ ਹੀ ਸਰਕਾਰ ਨੇ ਆਪਣਾ ਦਮਨਕਾਰੀ ਰੂਪ ਵਿਖਾਉਦਿਆਂ ਰੈਲੀ ਵਾਲੀਆਂ ਥਾਂਵਾਂ ਤੋਂ ਟੈਂਟ ਆਦਿ ਉਖਾੜ ਕੇ ਧਰਨਿਆਂ  ਵਾਲੀਆਂ ਥਾਵਾਂ 'ਤੇ ਲਾਠੀ ਚਾਰਜ ਕੀਤੇ ਗਏ  ਅਤੇ ਦਿਨ ਭਰ ਦੇ ਥੱਕੇ ਲੋਕਾਂ ਨੂੰ ਬਿਸਤਰਿਆਂ 'ਚੋ ਕੱਢ-ਕੱਢ ਮਾਰਿਆ ਗਿਆ।ਜਿੱਥੇ ਕਿਸਾਨ ਆਗੁ ਰਾਕੇਸ਼ ਟਿਕੈਤ ਜੀ ਦੇ ਹੰਝੂ ਲੋਕਾਂ ਦਾ ਸੈਲਾਬ ਲੈ ਕੇ ਆਏ ਉੱਥੇ ਬਾਕੀ ਬਾਰਡਰ ਵੀ ਨਾਰਿਆਂ ਦੀਆਂ ਬੁਲੰਦ ਅਵਾਜ਼ਾਂ ਨਾਲ ਗੂੰਜ ਉੱਠੇ।ਰਾਤੋ-ਰਾਤ ਲੋਕਾਂ ਉੱਥੇ ਪਹੁੰਚ ਕੇ ਅੰਦੋਲਨ ਨੂੰ ਫਿਰ ਪੈਰਾਂ 'ਤੇ ਖੜਾ ਕਰ ਦਿੱਤਾ ।ਅੱਜ ਦੀ ਤਾਰੀਕ 'ਚ ਇਹ ਜੰਨ-ਅੰਦੋਲਨ ਤੇਜ਼ੀ ਨਾਲ ਮਹਾਂ-ਜਨਅਦੋਲਨ 'ਚ ਬਦਲ ਰਿਹਾ ਹੈ।

ਕੇਂਦਰ ਸਰਕਾਰ ਵੱਲੋਂ ਕਿਸਾਨ , ਜਵਾਨ ਅਤੇ ਵਿਗਿਆਨ ਵਿਚ ਵਖਰੇਵੇਂ ਪਾਏ ਜਾ ਰਹੇ ਹਨ। ਦਿੱਲੀ ਦੀ ਸਰਹਦ ਜਿੱਥੇ-ਜਿੱਥੇ ਕਿਸਾਨ ਬੈਠੇ ਹਨ ਨੂੰ ਅੰਤਰਾਸ਼ਟਰੀ ਸਰਹੱਦ ਵਾਂਗ ਸੀਲ ਕਰਨਾ , ਵਾੜਬੰਦੀ ,ਕੀਲਬੰਦੀ ਅਤੇ ਫੋਰ-ਫਾਈਵ ਲੇਅਰ ਸੀਮੈਂਟ ਦੀਆਂ ਭਾਰੀ ਸਿੱਲਾਂ ਖੜੀਆਂ ਕਰਕੇ ਬੈਰੀਕੇਟਿੰਗ ਕਰਨਾ, ਹਜ਼ਾਰਾਂ ਸੁਰੱਖਿਆ ਬਲਾਂ ਦੀ ਤੈਨਾਤੀ ਕਰਕੇ ਕਿਲਾਬੰਦੀ ਕਰਨਾ, ਇੰਟਰਨੈਟ ਬੰਦ ਕਰਨਾ , ਅਸਥਾਈ ਟਾਈਲਟ ਬਾਥਰੂਮ ਉਠਵਾ ਦੇਣੇ, ਅਖੌਤੀ ਸਥਾਨੀਯ ਲੋਕਾਂ ਵੱਲੋਂ ਪੁਲਿਸ ਦੀ ਹਾਜ਼ਰੀ 'ਚ ਪੱਥਰਬਾਜ਼ੀ ਕਰਵਾਉਣਾ ,ਜਿੱਥੇ ਅਨੈਤਿਕ ਹੈ ਉੱਥੇ ਲੋਕਾਂ ਦੇ ਜਮਹੁਰੀ ਹੱਕਾਂ ਦਾ ਘਾਣ੍ਹ ਵੀ ਹੈ। ਕੁੱਝ ਨਿਰਪੱਖ ਵਿਸ਼ਲੇਸ਼ਕਾ ਦਾ ਮੰਨਣਾ ਹੈ ਕਿ ਅਜਿਹੀ ਤਿਆਰੀ ਕਿਤੇ ਹੁਣ ਤੱਕ ਅੰਤਰਾਸ਼ਟਰੀ ਸਰਹਦਾਂ ਤੇ ਕੀਤੀ ਹੁੰਦੀ ਤਾਂ ਸ਼ਾਇਦ ਉੜੀ ,ਪੁਵਲਾਮਾਂ ਜਾਂ ਡਕਲਾਮ ਵਰਗੇ ਵੱਡੇ ਕਾਂਡ ਹੋਣੋ ਬਚ ਜਾਂਦੇ।

ਜੈ ਕਿਸਾਨ ਜੈ ਜਵਾਨ ਦਾ ਨਾਅਰਾ ਦੇਣ ਵਾਲੇ ਮਹਾਂਨਾਇਕ ਅਜ਼ਾਦ ਭਾਰਤ ਦੇ ਦੁਸਰੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਆਤਮਾ ਅਵਸ਼ ਹੀ ਦੂਖੀ ਹੋਇਆ ਹੋਵੇਗਾ ਕਿ ਇਹ ਨਾਅਰਾ ਤਾਂ ਦੋਹਾਂ ਦੇ ਸਹਿਯੋਗ ਦਾ ਸੀ, ਦੋਹਾ ਦੀ ਦੇਸ਼ ਪ੍ਰਤੀ ਵੱਡਮੁਲੀ ਭੁਮਿਕਾ ਦਾ ਸੀ ਅਤੇ ਉਸ ਜਿੰਮੇਵਾਰੀ ਦਾ ਸੀ ਜੋ ਇਹ ਦੋਵੇਂ ਰਲ ਕੇ ਨਿਭਾਉਂਦੇ ਹਨ।ਕਿਸਾਨ ਜਿੱਥੇ ਦੂਨੀਆਂ ਭਰ ਲਈ ਅੰਨਦਾਤਾ ਹੈ ਉੱਥੇ ਮਾਂ ਵਾਂਗ ਖਾਣਾ ਖੁਆ ਕੇ ਪੇਟ ਭਰਨ ਦਾ ਕੰਮ ਵੀ ਕਰਦਾ ਹੈ ਤਾਂ ਹੀ ਦੇਸ਼ ਦਾ ਅਸਲੀ ਨਾਇਕ ਅਰਥਾਤ ਜਵਾਨ ਸਰਹੱਦਾਂ ਤੇ ਸੁਰੱਖਿਆ ਦੇ ਕਾਬਿਲ ਬਣਦਾ ਹੈ। ਦੇਸ਼ ਤੇ ਪਈਆਂ ਵੱਡੀਆਂ ਮੁਸੀਬਤਾਂ  ਜਿਵੇਂ ਹੱੜ ,ਸੋਕਾ ਜਾਂ ਮਹਾਂਮਰੀਆਂ ਵੇਲੇ ਦੋਹਾਂ ਦੇ ਸਹਿਯੋਗ ਦੀ ਭੁਮਿਕਾ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ।ਵਿਦਵਾਨਾਂ ਨੇ ਕਿਸਾਨਾਂ ਨੂੰ ਧਰਤੀ 'ਤੇ ਭਗਵਾਨ  ਅਰਥਾਤ ਅੰਨਦਾਤਾ ਕਹਿ ਕੇ ਨਿਵਾਜਿਆ ਹੈ।ਸਾਡੀ ਸਾਰਿਆਂ ਦੀ ਅਤੇ  ਸੁਰੱਖਿਆ ਦੀ ਸਾਹ ਨਲੀ ਵੀ ਅੰਨਦਾਤਾ ਕਰਕੇ ਹੀ ਚਲਦੀ ਹੈ।

ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਿਬ ਜੀ ਨੇ ਆਪਣੇ ਕਾਵਿ ਸ਼ੈਲੀ ਅੰਦਾਜ਼ ਚ ਸਮੇਂ ਦੀ ਸਮਝ ਅਤੇ ਲੋੜ ਅਨੁਸਾਰ ਜੈ ਕਿਸਾਨ ਜੈ ਜਵਾਨ ਅਤੇ ਜੈ ਵਿਗਿਆਨ ਦਾ ਨਾਅਰਾ ਜੋੜ ਕੇ ਚੰਗੀ ਗੱਲ ਕੀਤੀ ਹੈ।  ਦੇਸ਼  ਗਲੋਬਲੀ ਸਾਇੰਸ 'ਚ ਅੱਗੇ ਵੀ ਵੱਧਿਆ ਹੈ।ਵਿਗਿਆਨ ਸਦਕਾ ਦੇਸ਼ ਨੂੰ ਮਜਬੂਤੀ ਦੇ ਦਾਵੇ ਕੀਤੇ ਜਾ ਰਹੇ ਹਨ।ਇਸ ਵਿਚ ਕੋਈ ਸ਼ਕ ਨਹੀਂ ਕਿ ਜਵਾਨ ਅਤੇ ਕਿਸਾਨ ਦੇ ਹੱਥਾਂ 'ਚ ਜੈ ਵਿਗਿਆਨ ਦੀ ਟੈਕਨਾਲਜੀ ਆਈ ਹੈ ਅਤੇ ਦੋਵੇਂ ਮਜਬੂਤ ਵੀ ਹੋਏ ਹਨ। ਪਰ ਹੁਣ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅੰਨਦਾਤਾ ਭਾਵ ਧਰਤੀ ਦੇ ਜਿਉਂਦੇ ਜਾਗਦੇ ਭਗਵਾਨ ਜੋ ਵਿਸ਼ਵ ਦੀ ਰੋਟੀ ਦਾ ਜੁਗਾੜ ਆਪਣੇ ਪਸੀਨਾ ਵਹਾ ਕੇ ਹੱਥ ਨਾਲ ਕਰਦਾ ਹੈ ਉਸਨੂੰ ਅਣਦੇਖਾ ਕਰਕੇ ਵਿਸ਼ਵ ਮੰਡੀ ਦੀ ਵਸਤੂ ਵਾਂਗ ਮੰਡੀ 'ਚ ਲੱਗੇ ਸਹੀ ਮੁੱਲ ਤੇ ਨਾ ਵਿਕਣ ਵਾਲੇ ਢੇਰ ਵਾਂਗ ਖੂੰਜੇ ਲਗਾਇਆ ਜਾ ਰਿਹਾ ਹੈ ਅਤੇ ਜਵਾਨ ਜੋ ਕਿਸਾਨ ਦੀ ਹੀ ਸੰਤਾਨ ਹੈ ਉਸਨੂੰ ਵਿਸ਼ਵ ਗੁਰੁ ਜਿਹੇ ਸਬਜਬਾਗ਼ ਵਿਖਾਏ ਜਾ ਰਹੇ ਹਨ।ਦੂਸਰਾ, ਲੋਕ ਮੌਜੂਦਾ ਸੁਰੱਖਿਆ ਅਤੇ ਨੌਕਰਸ਼ਾਹੀ ਦਾ ਧਰੂਵੀਕਰਨ ਮਹਿਸੂਸ ਕਰ ਰਹੇ ਹਨ। ਜਦੋਂ ਕਿ ਜਵਾਨ ਦੀ ਹੋਂਦ ਕਿਸਾਨ ਹੀ ਬਣਾਉਂਦਾ ਹੈ ਅਤੇ ਦੋਹਾਂ ਦਾ ਸਹਿਯੋਗ ਨਾਲ ਦੇਸ਼ ਦੀ ਹੋਂਦ ਬਣਦੀ ਹੈ ਅਤੇ ਜੈ ਵਿਗਿਆਨ ਦੋਹਾਂ ਲਈ ਸੋਨੇ ਪੇ ਸੁਹਾਗਾ ਹੈ ਹਾਲਾਂਕਿ ਵਿਗਿਆਨਿਕ ਟੈਕਨਾਲਜੀ ਤੋਂ ਪਹਿਲਾਂ ਵੀ ਕਿਸਾਨ ਅਤੇ ਜਵਾਨ ਆਪਣੀ ਜੁਗਾੜਬੰਦੀ ਨਾਲ ਦੇਸ ਦੀ ਸੁਰਖਿਆ ਕਰਦੇ ਹੀ ਰਹੇ ਹਨ।ਪਰ ਅੱਜ ਦੀ ਤਾਰੀਕ 'ਚ ਦਿੱਲੀ ਦੇ ਆਲੇ ਦੁਆਲੇ ਦਾ ਇੰਟਰਨੈਟ ਬੰਦ ਕਰਵਾਕੇ ਜਿੱਥੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਠੇਸ ਪਹੁੰਚਾਈ  ਹੈ ਉੱਥੇ ਜੈ ਕਿਸਾਨ ਜੈ ਜਵਾਨ ਅਤੇ ਜੈ ਵਿਗਿਆਨ ਦਾ ਨਾਅਰੇ ਨੂੰ ਵੀ ਲੋਕਾਂ ਦੇ ਕਟਿਹਰੇ 'ਚ ਦਾਗਦਾਰ ਕੀਤਾ ਹੈ।

ਦਹਾਕਿਆਂ ਤੋਂ ਪੜਦੇ ਆਏ ਹਾਂ ਕਿ ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ਇਸ ਦੀ 70 ਪ੍ਰਤੀਸ਼ਤ ਵੱਸੋਂ ਪਿੰਡਾਂ ਵਿਚ ਵੱਸਦੀ ਹੈ ਅਤੇ ਖੇਤੀ 'ਤੇ ਹੀ ਨਿਰਭਰ ਹੈ।ਸ਼ਹਿਰ ਦੇ 30 ਪ੍ਰਤੀਸ਼ਤ ਵਿਚ ਵੀ ਜ਼ਿਆਦਾਤਰ ਲੋਕ ਪੇਂਡੂ ਪਿਛੋਕੜ ਦੇ ਹਨ।ਇਹ ਵੀ ਚਿੱਟਾ ਸੱਚ ਹੈ ਕਿ ਅਗਰ ਸਾਰੇ ਸੁਰੱਖਿਆ ਬਲਾਂ ਭਾਵੇਂ ਉਹ ਰਾਸ਼ਟਰੀ ਹੋਣ ਜਾਂ ਸਟੇਟ 80 ਤੋਂ 85 ਪ੍ਰਤੀਸ਼ਤ ਪਿੰਡਾਂ ਨਾਲ ਹੀ ਸੰਬਧਤ ਹਨ ਅਤੇ ਉਹ ਵੀ ਕਿਸਾਨਾਂ ਅਤੇ ਮਜ਼ਦੂਰ ਪਰਿਵਾਰਾਂ ਦੇ ਪੁੱਤਰ ਜਾਂ ਪੱਤਰੀਆਂ ਹਨ।ਅਸੀ ਕਦੇ ਇਹ ਖਬਰ ਨਹੀਂ ਪੜੀ ਕਿ ਫਲਾਂ ਸ਼ਹਿਰ ਦੇ ਨੌਜਵਾਨ ਦੀ ਸ਼ਹੀਦੀ ਹੋਈ ਜਾਂ ਫਲਾਂ ਸ਼ਹਿਰ ਦੇ ਜਵਾਨ ਦੀ ਲਾਸ਼ ਤਿਰੰਗੇ 'ਚ ਲਿਪਟੀ ਘਰ ਆਈ।ਇਸਦਾ ਇਹ ਵੀ ਅਰਥ ਨਾ ਸਮਝ ਲਿਆ ਜਾਵੇ ਕਿ ਸ਼ਹਿਰਾਂ 'ਚ ਦੇਸ਼ ਭਗਤੀ ਨਹੀਂ ਹੈ।ਬਸ ! ਉਹਨਾਂ ਕੋਲ ਤਰਜੀਹਾਂ ਜ਼ਿਆਦਾ ਹੁੰਦੀਆਂ ਹਨ।ਸੋਚਣ ਵਾਲੀ ਗੱਲ ਹੈ ਕਿ ਕੁੱਝ ਸਾਲਾਂ ਤੋਂ ਦਿੱਲੀ ਵਿੱਚ ਜਨਤਾ ਅਤੇ ਸੁਰੱਖਿਆ ਬਲ ਅੰਦੋਲਨਾ ਨੂੰ ਲੈ ਕੇ ਆਮ੍ਹੋ-ਸਾਮ੍ਹਣੇ ਹੋਏ ਹੀ ਰਹਿਂਦੇ ਹਨ।26 ਜਨਵਰੀ ਨੂੰ ਦੇਸ਼ ਦੇ ਸਨਮਾਨ ਨੂੰ ਉਸ ਵੇਲੇ ਬਹੁਤ ਠੇਸ ਪਹੁੰਚੀ ਜਦੋਂ ਕੁੱਝ ਅਰਾਜ਼ਕੀ ਅਤੇ ਸ਼ਰਾਰਤੀ ਅਨਸਰਾਂ ਨੇ ਜਵਾਨ ਅਤੇ ਕਿਸਾਨ ਨੂੰ ਆਮ੍ਹੋ- ਸਾਮ੍ਹਣੇ ਕਰਵਾ ਦਿੱਤਾ। ਅੰਜਾਮ ਕਿਸਾਨਾਂ ਕੋਲੋਂ ਜਵਾਨ ਅਤੇ ਜਵਾਨਾਂ ਕੋਲੋਂ ਕਿਸਾਨ ਕੁੱਟਵਾ ਛੱਡੇ। ਤਿੰਨ ਸੌ ਤੋ ਵੱਧ ਜਵਾਨ ਜ਼ਖਮੀ ਹੋਏ ,ਅੰਦਾਜਨ ਏਨੇ ਕੁ ਹੀ ਕਿਸਾਨ ਜ਼ਖਮੀ ਅਤੇ ਲਾਪਤਾ ਜਾਂ ਜੇਲ ਵਿਚ ਭੇਜੇ ਗਏ ,ਇਕ ਨੌਜਵਾਨ ਦੀ ਜਾਨ ਗਈ, ਕਈ ਅਜੇ ਵੀ ਨਹੀਂ ਲੱਭੇ।

ਜਦੋਂ ਦੇ ਮੀਡੀਏ ਦੀ ਭੂਮਿਕਾ ਉੱਤੇ ਪ੍ਰਸ਼ਨਚਿੰਨ ਤੇ ਪ੍ਰਸ਼ਨਚਿੰਨ ਲੱਗ ਰਹੇ ਹਨ ,ਉਦੋਂ ਤੋਂ ਹਰ ਆਦਮੀ ,ਹਰ ਸੰਸਥਾ,ਹਰ ਅੰਦੋਲਨ ਆਪਣਾ ਮੀਡੀਆ ਆਪ ਲੈ ਕੇ ਚਲਦਾ ਹੈ ਜਿਸ ਨਾਲ ਸਰਕਾਰਾਂ ਅਤੇ ਨੌਕਰਸ਼ਾਹਾਂ ਦੀਆਂ ਕਈ ਸਾਜਿਸ਼ਾਂ ਅਤੇ ਘਾੜਨਕਾਰੀਆਂ ਸਾਮ੍ਹਣੇ ਆਈਆਂ ਹਨ।ਵਿਸ਼ਲੇਸ਼ਕਾਂ ਨੂੰ ਉਸਨੂੰ ਸਵੀਕਾਰ ਵੀ ਕਰਨਾ ਪਿਆ ਹੈ।ਸੋ ਇਸ ਅੰਦੋਲਨ ਵਿਚ ਵੀ ਸ਼ੋਸ਼ਲ ਮੀਡੀਏ ਦਾ ਆਪਣਾ ਰੋਲ ਹੈ ਬਲਕਿ ਸ਼ੋਸ਼ਲ ਮੀਡੀਏ ਨੇ ਹੀ ਸਰਕਾਰ ਦੇ ਉਸ ਜਬਰ ਦੀ ਰਾਤ ਨੂੰ ਲੋਕਾਂ ਤੱਕ ਪਹੁੰਚਾਇਆ ਅਤੇ ਸਹਿਯੋਗ ਲਈ ਲੋਕ ਆਪ-ਮੁਹਾਰੇ ਘਰਾਂ ਤੋਂ ਨਿਕਲ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਢਾਲ ਬਣ ਨਾਲ ਆ ਖੜੋ ਗਏੇ।ਦੇਸ਼ ਭਰ 'ਚੋਂ ਕਿਸਾਨ ਤਿੰਨੋਂ ਕਾਨੂੰਨ ਵਾਪਸੀ ਦੀ ਮੰਗ ਲੈ ਕੇ ਦਿੱਲੀ ਦੇ ਕਿੰਗਰਿਆਂ 'ਤੇ ਡਟੇ ਹੋਏ ਹਨ।ਸੰਯੁਕਤ ਰਾਸ਼ਟਰ ਸੰਘ 'ਚ ਰਾਸ਼ਟਰਪਤੀ ਟਰੰਪ ਦੀ ਹਾਜ਼ਰੀ 'ਚ ਮਨੁੱਖਤਾ ਦੇ ਹੱਕ 'ਚ ਤਾੜਨਾ ਦਿੰਦੀ ਕਵਿਤਾ" ਹਾਉ ਡੇਅਰ ਯੂ" ਕਹਿਣ ਵਾਲੀ ਗਰੇਟਾ ਥਨਬਰਗ ਦੀ ਕਿਸਾਨੀ ਅੰਦੋਲਨ ਦੇ ਹੱਕ 'ਚ ਟਵੀਟ, ਗਰੇਟ ਪੌਪ ਸਟਾਰ ਅਤੇ ਸਿੰਗਰ ਰਿਹਾਨਾ , ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਆਦਿ ਹੋਰ ਕੋਮਾਂਤਰੀ ਹੱਸਤੀਆਂ ਦਾ ਕਿਸਾਨੀ ਅੰਦੋਲਨ ਦੇ ਹੱਕ 'ਚ ਖੜੇ ਹੋਣਾ ਇਸ ਅੰਦੋਲਨ ਨੂੰ ਕੋਮਾਂਤਰੀ ਬਣਾ ਦਿੰਦਾ ਹੈ।ਕੁੱਝ ਜਮਹੂਰੀਅਤ ਦੀ ਕਦਰ ਕਰਨ ਵਾਲੇ ਦੇਸ਼ ਪਹਿਲਾਂ ਹੀ ਕਿਸਾਨੀ ਅੰਦੋਲਨ ਦੇ ਹੱਕ ਚ ਮਤੇ ਪਾਸ ਕਰ ਚੁੱਕੇ ਹਨ।ਪਰ ਭਾਰਤੀ ਕੋਮਾਂਤਰੀ ਹਸਤੀਆਂ ਦਾ ਮੂਕ ਰਿਹ ਕੇ ਦਿੱਲੀ ਡਰਾਮਾਂ ਵੇਖਣਾ ਉਹਨਾਂ ਦੀ ਫੈਨ ਲਿਸਟ 'ਤੇ ਅਵਸ਼ ਹੀ ਅਸਰ ਪਾਵੇਗਾ।

29 ਫਰਵਰੀ ਤੋਂ ਸ਼ੁਰੂ ਹੋਏ ਬੱਜਟ ਸ਼ੈਸ਼ਨ ਵਿਚ ਜਨਤਾ ਦੀ ਮੰਗ 'ਤੇ ਕਿਸਾਨਾ ਦੀ ਮੰਗ ਮਜਬੂਤੀ ਨਾਲ ਰੱਖਣ ਦੀ ਲੋੜ ਹੈ ।ਕਿਉਂਕਿ ਸਾਡੇ ਮਾਨਯੋਗ ਕੇਂਦਰੀ ਖੇਤੀ ਮੰਤਰੀ ਸਾਹਿਬ ਜੀ ਨੂੰ ਛੇ ਮਹੀਨਿਆਂ ਤੋਂ ਚਲ ਰਹੇ ਇਸ ਕਿਸਾਨੀ ਅੰਦੋਲਨ ਵਿਚ , ਲੱਗਭਗ 12 ਵਾਰਤਾਵਾਂ ਵਿਚ, ਸੈਂਕੜੇ ਚੈਨਲਾਂ ਦੀਆਂ ਬਹਿਸਾਂ ਵਿਚ ਅਤੇ ਸ਼ੋਸ਼ਲ ਮੀਡੀਏ ਦੇ ਹੜ ਵਿੱਚੋਂ ਵੀ ਇਹ ਕਾਨੂੰਨ ਸਫੇਦ ਵਿਖਦਾ ਹੈ।ਉਹ ਵੱਖਰੀ ਗੱਲ ਹੈ ਕਿ ਕਿਸੇ ਕਾਲੇ ਬਕਸੇ 'ਤੇ ਸਫੇਦ ਸ਼ਬਦ ਲਿੱਖ ਕੇ ਅਸੀ ਅੰਧ-ਭਗਤਾਂ ਵਾਂਗ ਬਕਸਾ ਸਫੇਦ ਦੱਸੀ ਜਾਈਏ।

ਸਾਰੇ ਵਿਰੋਧੀ ਰਾਜਨੀਤਿਕ ਦਲਾਂ ਨੂੰ ਕਿਸਾਨਾ ਦੀਆਂ ਰੈਲੀਆਂ 'ਚ ਟਾਈਮ ਮੰਗਣ ਦੀ ਬਜਾਏ ਕਿਸਾਨਾਂ ਦੇ ਹੱਕ 'ਚ ਆਪਣੇ ਮੋਰਚੇ ਦੇ ਇਕੱਠ ਕਰਨੇ ਚਾਹੀਦੇ ਹਨ।ਅਤੇ ਪਾਰਟੀਆਂ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਵੱਡੀ ਲੜਾਈ ਦੀ ਲੋੜ ਹੈ।ਵੈਸੇ ਖਾਪ ਪੰਚਾਇਤਾਂ ਦੇ ਭਰਵੇਂ ਇੱਕਠ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੀਆਂ ਅੱਖਾਂ ਚੁੰਦਿਆ ਰਹੀਆਂ ਹਨ।ਆਉਣ ਵਾਲਾ ਵਕਤ ਦਸੇਗਾ ਕਿ 26 ਜਨਵਰੀ ਦੇ ਬਾਅਦ ਹਰਿਆਣਾ ਦੇ ਲੋਕਾਂ ਦੇ ਖਾਪ ਪੰਚਾਇਤਾਂ ਦੇ ਭਰਵੇਂ ਇੱਕਠਾਂ ਨੇ ਹਰਿਆਣੇ ਦੇ ਸਮੀਕਰਨ ਤੇਜ਼ੀ ਬਦਲ ਦਿੱਤੇ ਹਨ।ਪਰ ਅਜੇ ਵੀ ਬਹੁਤ ਸਿਆਣੀ ਲੀਡਰਸ਼ਿਪ ਅਤੇ ਲਾਮਬੰਦੀ ਦੀ ਲੋੜ ਹੈ ਤਾਂ ਕਿ ਕਿਸੇ ਵੀ ਸ਼ਰਾਰਤੀ ਅਤੇ ਅਰਾਜਕਤੀ ਅਨਸਰ ਨੂੰ ਮੌਕਾ ਹੀ ਨਾ ਮਿਲੇ...

ਉੁਸਦਾ ਹਰੇਕ ਹੰਝੂ
ਸਮੰਦਰ ਹੋ ਗਿਆ
ਝੱਟ ਸਾਰਾ ਆਲਮ
ਉਸ 'ਚ ਸਮੋ ਗਿਆ


 ਸੰਪਰਕ 98782 61522
                                                                                           

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ