Mon, 15 July 2024
Your Visitor Number :-   7187215
SuhisaverSuhisaver Suhisaver

ਭਾਰਤੀ ਖੱਬੇ ਪੱਖੀਆਂ ਦਾ ਭੂਤ ਅਤੇ ਭਵਿੱਖ -ਰਾਮਚੰਦਰ ਗੁਹਾ

Posted on:- 07-05-2013

(ਰਾਮਚੰਦਰ ਗੁਹਾ ਭਾਰਤ ਦੇ ਆਧੁਨਿਕ ਇਤਿਹਾਸ ਦਾ ਵੱਡਾ ਵਿਦਵਾਨ ਹੈ। ਪਦਮ ਭੂਸ਼ਣ ਅਤੇ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਰਾਮਚੰਦਰ ਗੁਹਾ ਨੇ ਦੇਸ ਅਤੇ ਵਿਦੇਸ਼ ਦੀਆਂ ਨਾਮਵਰ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਦਾ ਕਾਰਜ ਕੀਤਾ ਹੈ। ਆਧੁਨਿਕ ਇਤਿਹਾਸ ਉਪਰ ਚਰਚਿਤ ਰਹੀਆਂ ਪੁਸਤਕਾਂ ਲਿਖਣ ਤੋਂ ਇਲਾਵਾ ਉਨ੍ਹਾਂ ਦੇ ਟੈਲੀਗ੍ਰਾਫ ਅਤੇ ਹਿੰਦੁਸਤਾਨ ਟਾਈਮਜ਼ ਵਰਗੇ ਅਖ਼ਬਾਰਾਂ ਵਿੱਚ ਰੈਗੂਲਰ ਕਾਲਮ ਛਪਦੇ ਹਨ। ਇਸ ਲੇਖ ਤੋਂ ਪਤਾ ਚਲਦਾ ਹੈ ਕਿ ਕਮਿਊਨਿਸਟ ਦਾਇਰੇ ਤੋਂ ਬਾਹਰਲੇ ਵਿਅਕਤੀ ਭਾਰਤੀ ਕਮਿਊਨਿਸਟਾਂ ਬਾਰੇ ਕੀ ਵਿਚਾਰ ਰਖਦੇ ਹਨ।)         
    
2011 ਦੀਆਂ ਗਰਮੀਆਂ ਵਿੱਚ ਹੋਈਆਂ ਚੋਣਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਕੇਰਲਾ ਵਿਚੋਂ ਸੱਤਾ ਗੁਆ ਬੈਠੀ ਅਤੇ ਇਸ ਤੋਂ ਵੀ ਵੱਧ ਹਾਨੀ ਇਸਨੂੰ ਪੱਛਮੀ ਬੰਗਾਲ ਵਿੱਚ ਹੋਈ ਜਿੱਥੇ ਇਹ 34 ਸਾਲ ਤੋਂ ਰਾਜ ਕਰ ਰਹੀ ਸੀ। ਇਹ ਹਾਰਾਂ ਆਧੁਨਿਕ ਭਾਰਤ ਦੇ ਇਤਿਹਾਸ ਵਿੱਚ ਪਾਰਟੀ ਦੇ ਸਥਾਨ ਦੇ ਨਿਰਪੱਖ ਅਤੇ ਗੈਰ-ਜਜ਼ਬਾਤੀ  ਵਿਸ਼ਲੇਸ਼ਣ ਦੀ ਮੰਗ ਕਰਦੀਆਂ ਹਨ। ਸਿਧਾਂਤਕ ਤੌਰ 'ਤੇ ਇੱਕ ਪਾਰਟੀ ਰਾਜ ਨੂੰ ਮੰਨਣ ਵਾਲੇ ਇਨ੍ਹਾਂ ਰਾਜਨੀਤਕਾਂ ਨੇ ਕਿਸ ਢੰਗ ਨਾਲ, ਅਤੇ ਕਿਸ ਹੱਦ ਤੀਕ ਆਪਣੇ ਆਪ ਨੂੰ ਸਰਮਾਏਦਾਰਾ ਜਮਹੂਰੀਅਤ ਦੇ ਅਮਲ ਨਾਲ ਇੱਕਸੁਰ ਕੀਤਾ?  ਕੇਰਲ ਅਤੇ ਪੱਛਮੀ ਬੰਗਾਲ ਵਿੱਚ ਸੀ.ਪੀ.ਐੱਮ. ਦੀ ਚੋਣਾਵੀ ਹਰਮਨਪਿਆਰਤਾ ਦਾ ਕੀ ਆਧਾਰ ਸੀ? ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਾ ਇਨ੍ਹਾਂ ਦੀਆਂ ਨੀਤੀਆਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਸੀ? ਇਹ ਵਿਚਾਰਧਾਰਾ ਮੌਜੂਦਾ ਹਾਲਤਾਂ ਦੀ ਰੋਸ਼ਨੀ ਵਿੱਚ ਕਿਵੇਂ ਮੁੜ-ਉਸਾਰੀ ਜਾਣੀ ਚਾਹੀਦੀ ਹੈ? ਕੇਰਲ ਅਤੇ ਪੱਛਮੀ ਬੰਗਾਲ ਵਿੱਚ ਲੱਗੇ ਚੋਣ ਧੱਕਿਆਂ ਤੋਂ ਬਾਅਦ ਕਮਿਊਨਿਸਟ ਕਿਵੇਂ ਆਪਣੇ ਆਪ ਨੂੰ ਬਹਾਲ ਕਰ ਸਕਦੇ ਹਨ?
    
ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਵਿੱਚ ਮੈਂ ਸਭ ਤੋਂ ਪਹਿਲਾਂ ਇਹ ਕਹਾਂਗਾ ਕਿ ਕਮਿਊਨਿਸਟ ਵੀ ਆਪਣੇ ਗ੍ਰੰਥਾਂ ਦੇ ਓਨੇ ਹੀ ਗੁਲਾਮ ਹਨ ਜਿੰਨੇ ਕਿ ਕੱਟੜ ਮੁਸਲਮਾਨ ਜਾਂ ਈਸਾਈ।
    

ਮੇਰਾ ਪੱਕਾ ਵਿਸ਼ਵਾਸ ਹੈ ਕਿ ਭਾਰਤੀ ਕਮਿਊਨਿਸਟਾਂ ਦਾ ਕੇਂਦਰੀ ਵਿਰੋਧਾਭਾਸ ਇਹ ਹੈ ਕਿ ਉਨ੍ਹਾਂ ਦਾ ਅਮਲ ਉਨ੍ਹਾਂ ਦੇ ਸਿਧਾਂਤ ਤੋਂ ਕਿਤੇ ਜਿਆਦਾ ਵਧੀਆ ਹੈ। ਜਿੱਥੇ ਹੋਰ ਧਿਰਾਂ ਦੇ ਸਿਆਸਤਦਾਨ ਚਮਕ ਦਮਕ ਵਾਲੀ ਉੱਚ ਸੋਸਾਇਟੀ ਵਿੱਚ ਖੁਸ਼ੀ ਖੁਸ਼ੀ ਸ਼ਾਮਲ ਹੋ ਚੁੱਕੇ ਹਨ, ਉਥੇ ਕਮਿਊਨਿਸਟ ਅਜੇ ਵੀ ਕਿਰਤੀ ਲੋਕਾਂ ਵਿੱਚ ਵਿਚਰਦੇ ਹਨ। ਕਮਿਊਨਿਸਟ ਲੀਡਰ ਅਤੇ ਕਾਰਕੁੰਨ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਅਤੇ ਕਾਰਕੁੰਨਾਂ ਨਾਲੋਂ ਜਿਆਦਾ ਬੁੱਧੀਮਾਨ ਹਨ ਅਤੇ ਮੋਟੇ ਤੌਰ 'ਤੇ ਜਿਆਦਾ ਇਮਾਨਦਾਰ ਹਨ। (ਇਹ ਠੀਕ ਹੈ ਕਿ ਪਿਛਲੇ ਸਾਲਾਂ ਦੌਰਾਨ ਕੇਰਲਾ ਦੇ ਕੁਝ ਸੀ.ਪੀ.ਐੱਮ. ਆਗੂਆਂ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ, ਪਰ ਜਿੰਨੀ ਧਨ ਰਾਸ਼ੀ ਦੀ ਹੇਰਾਫੇਰੀ ਦਾ ਇਲਜ਼ਾਮ ਲਾਇਆ ਗਿਆ ਹੈ ਉਹ ਦੂਸਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਦੁਆਰਾ ਕੀਤੇ ਘਪਲਿਆਂ ਮੁਕਾਬਲੇ ਤਾਂ ਤਰਸਯੋਗ ਮਾਤਰਾ ਹੀ ਹੈ।)
    
ਇਹ ਗੱਲ ਸਾਫ ਹੈ ਕਿ ਭਾਰਤ ਦੀਆਂ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਵਿਚੋਂ ਸਿਰਫ ਕਮਿਊਨਿਸਟ ਆਗੂਆਂ ਦੇ ਹੀ ਸਵਿੱਸ ਬੈਂਕਾਂ ਵਿੱਚ ਖਾਤੇ ਨਹੀਂ ਹਨ (ਕੁਝ ਦੇ ਤਾਂ ਭਾਰਤੀ ਬੈਂਕਾਂ ਵਿੱਚ ਵੀ ਖਾਤੇ ਨਹੀਂ ਹਨ) ਉਨ੍ਹਾਂ ਦੇ ਵਿਚਾਰ ਵੇਲਾ ਵਿਹਾ ਚੁੱਕੇ ਹੋ ਸਕਦੇ ਹਨ, ਪਰ ਉਨ੍ਹਾਂ ਬਹੁਤੇ ਮੁੱਖ ਆਗੂਆਂ ਦੇ ਵਰਤਾਉ ਅਤੇ ਆਚਰਣ ਬਾਰੇ ਇੱਕ ਹੀ ਸ਼ਬਦ ਜ਼ੁਬਾਨ 'ਤੇ ਆਉਂਦਾ ਹੈ - ਸਾਊ ਲੋਕ (ਜੈਂਟਲਮੈਨ) ਜਿਵੇਂ ਮੇਰੀ ਇੱਕ ਬੁਰਜੂਆ ਦੋਸਤ ਕਹਿੰਦੀ ਹੁੰਦੀ ਹੈ, ਉਹ ਅਜਿਹੇ ਲੋਕ ਹਨ ਜਿਨ੍ਹਾਂ ਦੇ ਘਰ ਉਹ ਆਪਣੀ ਨੌਜਵਾਨ ਲੜਕੀ ਨੂੰ ਰਾਤ ਵਕਤ ਸੁਰਖਿਅਤ ਛੱਡ ਸਕਦੀ ਹੈ।  
    
ਕਮਿਊਨਿਸਟ ਆਗੂ ਘੱਟ ਲਾਲਚੀ ਅਤੇ ਘੱਟ ਭ੍ਰਿਸ਼ਟਾਚਾਰੀ ਹਨ, ਉਹ ਸ਼ਾਹੀ ਜੀਵਨ ਨਹੀਂ ਜਿਉਂਦੇ, ਇਹ ਇੱਕ ਮਹੱਤਵਪੂਰਨ ਕਾਰਣ ਹੈ ਕਿ ਉਹ ਆਪਣੇ ਤਰਕਹੀਣ ਅਤੇ ਪੁਰਾਤਨ ਵਿਚਾਰਾਂ ਦੇ ਬਾਵਜੂਦ ਪੱਛਮੀ ਬੰਗਾਲ, ਕੇਰਲਾ ਅਤੇ ਤ੍ਰਿਪੁਰਾ ਵਿੱਚ ਐਨਾ ਲੰਮਾ ਸਮਾਂ ਰਾਜ ਸੱਤਾ 'ਤੇ ਕਾਬਜ ਰਹਿ ਸਕੇ ਹਨ। ਇਨ੍ਹਾਂ ਤਿੰਨਾਂ ਰਾਜਾਂ ਵਿੱਚ ਉਨ੍ਹਾਂ ਨੇ ਗਰੀਬਾਂ ਅਤੇ ਖੂੰਜੇ ਲਾਏ ਲੋਕਾਂ ਵਿੱਚ ਕੰਮ ਕਰ ਕੇ ਆਪਣੀ ਤਾਕਤ ਨੀਂਹ ਤੋਂ ਖੜ੍ਹੀ ਕੀਤੀ ਹੈ। ਉਨ੍ਹਾਂ ਨੇ ਬੇਜ਼ਮੀਨੇ ਮਜਦੂਰਾਂ, ਗਰੀਬ ਕਿਸਾਨਾਂ, ਝੁੱਗੀਆਂ ਵਿੱਚ ਰਹਿਣ ਵਾਲਿਆਂ, ਸਨਅਤੀ ਕਾਮਿਆਂ ਅਤੇ ਉਜੜੇ ਪੁਜੜੇ ਲੋਕਾਂ ਨੂੰ ਚੰਗੀਆਂ ਉਜਰਤਾਂ, ਜ਼ਮੀਨ, ਚੰਗੀਆਂ ਰਿਹਾਇਸ਼ੀ ਸਹੂਲਤਾਂ ਅਤੇ ਹੋਰ ਅਜਿਹੀਆਂ ਚੀਜਾਂ ਲਈ ਲੜਨ ਵਾਸਤੇ ਜਥੇਬੰਦ ਕੀਤਾ।
    
ਦੱਬੇ ਕੁਚਲੇ ਲੋਕਾਂ ਵਿੱਚ ਦਹਾਕਿਆਂ ਬੱਧੀ ਬੇਗਰਜ਼ ਕੰਮ ਕਰਨ ਦਾ ਸਿੱਟਾ ਵੋਟਾਂ ਦੌਰਾਨ ਸਫਲਤਾ ਵਿੱਚ ਨਿਕਲਿਆ। ਕੇਰਲਾ ਅਤੇ ਤ੍ਰਿਪੁਰਾ ਵਿੱਚ ਇਹ ਸਫਲਤਾ ਟੁਟਵੀਂ ਰਹੀ ਹੈ ਜਿਥੇ ਕਮਿਊਨਿਸਟ ਸਰਕਾਰਾਂ ਕਾਂਗਰਸ ਨਾਲ ਬਦਲ ਬਦਲ ਆਉਂਦੀਆਂ ਰਹੀਆਂ ਜਦ ਕਿ ਪੱਛਮੀ ਬੰਗਾਲ ਵਿੱਚ ਇਹ ਸਫਲਤਾ ਲਗਾਤਾਰ ਬਣੀ ਰਹੀ ਜਿਥੇ ਇਹ 1977 ਤੋਂ 2011 ਤੱਕ ਸੱਤਾ ਵਿੱਚ ਬਣੇ ਰਹੇ। ਸੱਤਾ ਦੇ ਇਨ੍ਹਾਂ 34 ਸਾਲਾਂ ਦੌਰਾਨ, ਪੱਛਮੀ ਬੰਗਾਲ ਦੇ ਦੋ ਹੀ ਮੁੱਖ ਮੰਤਰੀ ਰਹੇ - ਜਯੋਤੀ ਬਾਸੂ ਅਤੇ ਬੁੱਧਾਦੇਬ ਭੱਟਾਚਾਰੀਆ। ਜਿਥੋਂ ਤੱਕ ਮੈਂ ਜਾਣਦਾ ਹਾਂ ਦੋਹਵਾਂ ਵਿਚੋਂ ਕੋਈ ਵੀ ਜਾਤੀ ਤੌਰ 'ਤੇ ਕੁਰੱਪਟ ਨਹੀਂ ਸੀ। ਸਭਿਅਕ ਲੋਕ ਹੋਣ ਕਰ ਕੇ ਉਹ ਬੰਗਾਲੀ ਮੱਧਵਰਗ ਵਿੱਚ ਵੀ ਹਰਮਨ ਪਿਆਰੇ ਸਨ। ਪਰ ਪ੍ਰਬੰਧਕਾਂ ਵਜੋਂ ਉਨ੍ਹਾਂ ਦਾ ਰਿਕਾਰਡ ਇਸ ਤਰ੍ਹਾਂ ਦਾ ਚੰਗਾ ਨਹੀਂ ਹੈ। ਉਨ੍ਹਾਂ ਦੀ ਅਗਵਾਈ ਹੇਠ ਪੱਛਮੀ ਬੰਗਾਲ ਸਮਾਜਿਕ ਆਰਥਿਕ ਵਿਕਾਸ ਦੇ ਪ੍ਰਚਲਿਤ ਮਾਪਦੰਡਾਂ 'ਤੇ ਬਹੁਤ ਪਛੜ ਗਿਆ। 2011 ਦਾ ਸਾਲਾਨਾ ਸਿੱਖਿਆ ਸਰਵੇਖਣ ਦਰਸਾਉਂਦਾ ਹੈ ਕਿ ਪੱਛਮੀ ਬੰਗਾਲ ਦੇ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਬਿਹਾਰ ਅਤੇ ਉੱਤਰ ਪ੍ਰਦੇਸ਼ ਨਾਲੋਂ ਮਾੜਾ ਰਿਹਾ। ਇਸੇ ਦੌਰਾਨ ਪ੍ਰਤੀ ਵਿਅਕਤੀ ਆਮਦਨ ਵਿੱਚ ਬੰਗਾਲ ਭਾਰਤ ਦੇ 28 ਰਾਜਾਂ ਵਿਚੋਂ ਸੋਲਵੇਂ ਨੰਬਰ 'ਤੇ ਸੀ। ਆਰਥਿਕ ਮਾਹਿਰ ਇਸਨੂੰ ਪੱਛੜੇ ਗਰੁੱਪ ਵਿੱਚ ਰਖਦੇ ਹਨ। ਇਹ ਗੱਲ ਬੰਗਾਲ ਦੇ ਲੋਕਾਂ ਅਤੇ ਮਾਰਕਸੀਆਂ ਦੇ ਬਿੰਬ ਦੇ ਬਿਲਕੁਲ ਉਲਟ ਜਾ ਖੜ੍ਹਦੀ ਹੈ, ਬੰਗਾਲੀ ਲੋਕ ਜੋ ਆਪਣੇ ਆਪ ਨੂੰ ਭਾਰਤ ਵਿੱਚ ਸਭ ਤੋਂ ਅਗਾਂਹਵਧੂ ਕਹਾਉਂਦੇ ਸਨ ਅਤੇ ਮਾਰਕਸੀ ਆਪਣੇ ਆਪ ਨੂੰ ਸਾਰੀ ਮਨੁੱਖਤਾ ਦਾ ਆਗੂ ਦਸਤਾ ਮੰਨਦੇ ਹਨ।
    
ਸੀ.ਪੀ.ਐੱਮ. ਦੀ ਅਗਵਾਈ ਹੇਠ ਖੱਬਾ ਮੋਰਚਾ ਪੱਛਮੀ ਬੰਗਾਲ ਵਿੱਚ 1977 ਵਿੱਚ ਸੱਤਾ ਵਿੱਚ ਆਇਆ। ਆਪਣੇ ਰਾਜ ਦੇ ਪਹਿਲੇ ਦਹਾਕੇ ਵਿੱਚ ਇਸ ਨੇ ‘ਓਪਰੇਸ਼ਨ ਬਰਗਾ' ਸ਼ੁਰੂ ਕੀਤਾ ਜਿਸ ਨਾਲ ਮੁਜਾਰਿਆਂ ਅਤੇ ਹਿੱਸੇ 'ਤੇ ਫਸਲ ਬੀਜਣ ਵਾਲਿਆਂ ਦੇ ਹਿਤਾਂ ਦੀ ਰਾਖੀ ਹੋਈ। ਇਹ ਬਹੁਤ ਹੱਦ ਤੱਕ ਸਫਲ ਸੀ ਅਤੇ ਇਸਦੀ ਭਰਪੂਰ ਪ੍ਰਸੰਸਾ ਹੋਈ। ਪਰ ਦੂਜੇ ਖੇਤਰਾਂ ਵਿੱਚ ਕੋਈ ਸੁਧਾਰ ਨਾ ਕੀਤੇ ਗਏ। ਸਕੂਲੀ ਸਿੱਖਿਆ ਪ੍ਰਬੰਧ ਨੂੰ ਸੁਧਾਰਨ ਲਈ ਕੋਈ ਯਤਨ ਨਾ ਕੀਤੇ ਗਏ। ਅਸਲ ਵਿਚ ਅੰਗਰੇਜੀ ਦੀ ਪੜ੍ਰਾਈ ਨੂੰ ਨਿਰਉਤਸ਼ਾਹਿਤ ਕਰ ਕੇ ਕਮਿਊਨਿਸਟਾਂ ਨੇ ਰਾਜ ਦੇ ਬੱਚਿਆਂ ਨੂੰ ਬਹੁਤ ਘਾਟਾ ਪਾਇਆ (ਜਿਸ ਤੋਂ ਉਹ ਅਜੇ ਤੀਕ ਉਭਰ ਨਹੀ ਸਕੇ) ਸਰਕਾਰੀ ਸਿਹਤ ਸਹੂਲਤਾਂ ਦਾ ਹਾਲ ਪਹਿਲਾਂ ਵਾਂਗ ਹੀ ਮਾੜਾ ਰਿਹਾ। ਪੇਂਡੂ ਸੜਕਾਂ ਅਤੇ ਪੁਲ ਬਨਾਉਣ ਵੱਲ ਕੋਈ ਤਵੱਜੋਂ ਨਾ ਦਿੱਤੀ ਗਈ। ਜੇ ਓਪਰੇਸ਼ਨ ਬਰਗਾ ਤੋਂ ਇਲਾਵਾ ਪੇਂਡੂ ਵਿਕਾਸ ਵੱਲ ਬਹੁਤਾ ਧਿਆਨ ਨਾ ਦਿੱਤਾ ਗਿਆ ਤਾਂ ਸ਼ਹਿਰੀ ਅਤੇ ਸਨਅਤੀ ਖੇਤਰ ਤਾਂ ਹੋਰ ਵੀ ਵੱਧ ਅਣਗਹਿਲੀ ਦਾ ਸ਼ਿਕਾਰ ਹੋਏ। ਹੋਰ ਵੱਧ ਮਾੜੀ ਗੱਲ ਸਾਰੇ ਜਨਤਕ ਅਦਾਰਿਆਂ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੀ ਸੀ। ਪੁਲਸ ਪਾਰਟੀ ਕਾਡਰ ਦੇ ਕੰਟਰੋਲ ਵਿੱਚ ਆ ਗਈ ਜਿਸ ਦੀ ਵਰਤੋਂ ਉਨ੍ਹਾਂ ਨੇ ਸਥਾਨਕ ਚੋਣਾਂ ਨੂੰ ਜਿੱਤਣ ਲਈ ਕੀਤੀ। (ਪੰਜਾਬ ਵਿੱਚ ਅਕਾਲੀ ਇਹੀ ਕੁਝ ਕਰ ਰਹੇ ਹਨ) ਸੀਨੀਅਰ ਅਫਸਰਾਂ ਤੋਂ ਲੈਕੇ ਵਾਈਸ ਚਾਂਸਲਰਾਂ ਤੀਕ ਸਭ ਦੀ ਨਿਯੁਕਤੀ ਪਾਰਟੀ ਦੇ ਹੱਥਾਂ ਵਿੱਚ ਸੀ। ਵਿਦਿਅਕ ਅਦਾਰਿਆਂ ਵਿੱਚ ਪਾਰਟੀ ਵਫਾਦਾਰ ਹੀ ਭਰਤੀ ਕੀਤੇ ਜਾਣ ਲੱਗੇ। ਸਥਿਤੀ ਐਨੀ ਵਿਅੰਗਮਈ ਹੋ ਗਈ ਕਿ ਕਲਕੱਤਾ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿਚੋਂ ਜਿਨ੍ਹਾਂ ਨਾਮਵਰ ਵਿਦਵਾਨਾਂ ਨੂੰ ਤੰਗ ਕਰ ਕੇ ਵਿਭਾਗ ਵਿਚੋਂ ਜਾਣ ਲਈ ਮਜਬੂਰ ਕੀਤਾ ਗਿਆ ਉਹ ਸਾਰੇ ਖੱਬੇ ਪੱਖੀ ਵਿਦਵਾਨ ਸਨ ਪਰ ਉਹ ਪਾਰਟੀ ਦੀ ਵਫਾਦਾਰੀ ਨਾਲੋਂ ਸਚਾਈ ਨੂੰ ਵੱਧ ਮਹੱਤਵ ਦਿੰਦੇ ਸਨ।
    
ਕਈ ਦਹਾਕਿਆਂ ਤੀਕ ਸਰਮਾਏਦਾਰਾਂ ਨੂੰ ਦਾਨਵ ਕਰਾਰ ਦਿੰਦੇ ਰਹਿਣ ਤੋਂ ਬਾਅਦ, 2006 ਵਿੱਚ ਪੱਛਮੀ ਬੰਗਾਲ ਦੇ ਖੱਬੇ ਫਰੰਟ ਨੇ ਆਪਣੇ ਸੂਬੇ ਦੇ ਵਿਕਾਸ ਲਈ ਖੁਦ ਇਨ੍ਹਾਂ ਦਾਨਵਾਂ ਨੂੰ ਲਿਆਉਣ ਦਾ ਫੈਸਲਾ ਕਰ ਲਿਆ। ਇੰਡੋਨੇਸ਼ੀਆ ਦੇ ਸਲੀਮ ਗਰੁੱਪ ਨੂੰ ਵਿਸ਼ੇਸ਼ ਆਰਥਿਕ ਜ਼ੋਨ ਸਥਾਪਿਤ ਕਰਨ ਲਈ 40,000 ਏਕੜ ਜ਼ਮੀਨ ਅਲਾਟ ਕੀਤੀ ਗਈ। ਭਾਰਤ ਦੇ ਮੁੱਖ ਸਨਅਤੀ ਘਰਾਣੇ ਟਾਟਾ ਨੂੰ ਕਾਰ ਫੈਕਟਰੀ ਸਥਾਪਿਤ ਕਰਨ ਲਈ ਸੱਦਿਆ ਗਿਆ। ਨੰਦੀਗ੍ਰਾਮ ਅਤੇ ਸਿੰਗੂਰ ਵਿੱਚ ਲੱਗਣ ਵਾਲੇ ਇਹ ਪ੍ਰੋਜੈਕਟ ਵਿਵਾਦਗ੍ਰਸਤ ਹੋ ਗਏ ਕਿਉਂਕਿ ਸਥਾਨਿਕ ਕਿਸਾਨਾਂ ਦੀ ਨਾ ਤਾਂ ਕੋਈ ਰਾਇ ਲਈ ਗਈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਢੁਕਵਾਂ ਮੁਆਵਜਾ ਦਿੱਤਾ ਗਿਆ। ਬਲਕਿ ਉਨ੍ਹਾਂ ਦੀ ਜ਼ਮੀਨ ਯਕਦਮ ਲੈ ਲਈ ਗਈ, ਜਦ ਕਿਸਾਨਾਂ ਨੇ ਇਤਰਾਜ਼ ਕੀਤਾ ਤਾਂ ਪੁਲੀਸ ਨੇ ਪਾਰਟੀ ਕਾਡਰ ਦੀ ਸਹਾਇਤਾ ਨਾਲ ਉਨ੍ਹਾਂ ਤੇ ਹਮਲੇ ਕੀਤੇ ਜੋ ਕਿ ਅਕਸਰ ਜ਼ਾਲਮਾਨਾ ਹੁੰਦੇ ਸਨ।
    
ਵਾਹੀਯੋਗ ਜ਼ਮੀਨ ਦੀ ਜ਼ਬਰੀ ਪ੍ਰਾਪਤੀ ਦਾ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਵਿਰੋਧ ਹੋਇਆ ਹੈ। ਬੰਗਾਲ ਦੀ ਖੱਬੇ ਪੱਖੀ ਸਰਕਾਰ  ਸਨਅਤੀਕਰਨ ਦਾ ਕੋਈ ਨਵਾਂ ਮਾਡਲ ਦੇ ਸਕਦੀ ਸੀ ਜਿਸ ਵਿੱਚ ਜ਼ਮੀਨ ਦਾ ਚੰਗਾ ਮਾਰਕੀਟ ਮੁੱਲ ਦਿੱਤਾ ਜਾਂਦਾ, ਜਾਂ ਜ਼ਮੀਨ ਖਰੀਦਣ ਦੀ ਥਾਂ ਉਸਦਾ ਸਾਲਾਨਾ ਕਿਰਾਇਆ ਦਿੱਤਾ ਜਾਂਦਾ, ਜਾਂ ਕਿਸਾਨਾਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਤਾਂ ਕਿ ਉਹ ਆਪਣੀ ਜ਼ਮੀਨ ਉੱਤੇ ਲੱਗਣ ਵਾਲੀਆਂ ਫੈਕਟਰੀਆਂ ਵਿੱਚ ਚੰਗੀ ਤਨਖਾਹ  ਵਾਲੀਆਂ ਨੌਕਰੀਆਂ 'ਤੇ ਲੱਗ ਸਕਦੇ। ਇਸਦੀ ਬਜਾਏ ਦੋਹਵੇਂ ਪ੍ਰੋਜੈਕਟ ਧੱਕੜ ਢੰਗ ਨਾਲ ਲਾਗੂ ਕੀਤੇ ਗਏ। ਨੰਦੀਗ੍ਰਾਮ ਦੀ ਹਿੰਸਾ ਨੇ ਤਾਂ ਸੀ.ਪੀ.ਐੱਮ. ਦੇ ਬਿੰਬ 'ਤੇ ਬਹੁਤ ਡੂੰਘੇ ਦਾਗ ਲਗਾਏ।
    
ਬੰਗਾਲ ਵਿੱਚ ਸੀ.ਪੀ.ਐੱਮ. ਦੀ ਇੱਕ ਵਰਣਨਯੋਗ ਸਫਲਤਾ ਉਥੇ ਫਿਰਕੂ ਹਿੰਸਾ ਨਾ ਹੋਣਾ ਹੈ। 1984 ਵਿੱਚ, ਜਦ ਸਾਰੇ ਉਤਰੀ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਸੀ ਤਾਂ ਕਲਕੱਤੇ ਦੇ ਸਿੱਖਾਂ ਨੂੰ ਕਿਸੇ ਨੇ ਛੋਹਿਆ ਤੱਕ ਨਾ। ਅਯੋਧਿਆ ਅੰਦੋਲਨ ਦੀਆਂ ਛੱਲਾਂ ਵੀ ਸੂਬੇ ਵਿੱਚ ਕਦੇ ਨਹੀਂ ਪਹੁੰਚੀਆਂ। ਉੜੀਸਾ ਅਤੇ ਗੁਜਰਾਤ ਦੇ ਉਲਟ, ਦੂਰ ਦੁਰਾਡੇ ਇਲਾਕਿਆਂ ਵਿੱਚ ਕੰਮ ਕਰਦੇ ਈਸਾਈ ਮਿਸ਼ਨਰੀਆਂ ਉੱਤੇ ਹਮਲੇ ਨਹੀਂ ਹੋਏ। ਪੱਛਮੀ ਬੰਗਾਲ ਦੇ ਕਮਿਊਨਿਸਟ ਰਾਜ ਵਿੱਚ ਸਿੱਖ, ਮੁਸਲਮਾਨ ਅਤੇ ਈਸਾਈ ਸੁਰਖਿਅਤ ਮਹਿਸੂਸ ਕਰਦੇ ਰਹੇ ਹਨ।
    
ਭਾਰਤ ਨੂੰ ਕਮਿਊਨਿਸਟਾਂ ਦੀ ਲੋੜ ਹੈ। ਇੱਕ ਸੁਪਨਸਾਜ ਆਪਣੀਆਂ ਆਸਾਂ ਨਕਸਲੀਆਂ 'ਤੇ ਲਗਾ ਸਕਦਾ ਹੈ ਜੋ ਬੁਰਜੂਆ ਸਿਸਟਮ ਨੂੰ ਹਥਿਆਰਾਂ ਦੇ ਜੋਰ ਉਲਟਾਉਣਾ ਚਾਹੁੰਦੇ ਹਨ ਪਰ ਇੱਕ ਯਥਾਰਥਵਾਦੀ ਜਾਣਦਾ ਹੈ ਕਿ ਇਹ ਸਿਰਫ ਖ਼ੂਨੀ ਖਾਮਖਿਆਲੀ ਹੀ ਹੈ। ਇਸ ਹਾਲਤ ਵਿੱਚ ਇੱਕ ਜਮਹੂਰੀ ਭਾਰਤੀ ਕਿਹੋ ਜਿਹੇ ਖੱਬੇ ਪੱਖ ਤੋਂ ਆਸਾਂ ਰੱਖ ਸਕਦਾ ਹੈ? ਗੁਪਤਵਾਸ ਤੋਂ ਬਾਹਰ ਆਉਣ ਬਾਅਦ ਨੇਪਾਲੀ ਮਾਓਵਾਦੀ ਨੇਤਾ ਪਰਚੰਡ ਨੇ ਕਿਹਾ ਕਿ ‘ਇੱਕੀਵੀਂ ਸਦੀ ਦਾ ਰਾਜਨੀਤਕ ਸਿਸਟਮ ਬਹੁ-ਪਾਰਟੀ ਜਮਹੂਰੀਅਤ ਹੈ'। ਇਹ ਮੰਨਣਾ ਅਜੇ ਭਾਰਤੀ ਮਾਓਵਾਦੀਆਂ ਪਾਸੋਂ ਨਹੀਂ ਹੋਇਆ ਹੈ, ਇਥੋਂ ਤੱਕ ਕਿ ਸੀ.ਪੀ.ਐੱਮ. ਵੱਲੋਂ ਵੀ ਨਹੀਂ ਜੋ ਪਾਰਲੀਮਾਨੀ ਚੋਣਾਂ ਲੜਦੀ ਹੈ ਪਰ ਅਜੇ ਵੀ ਆਪਣੀ ਅਗਵਾਈ ਹੇਠ ਇੱਕ ਪਾਰਟੀ ਰਾਜ ਹੋਣ ਵਿੱਚ ਵਿਸ਼ਵਾਸ਼ ਰੱਖਦੀ ਹੈ। ਇਸੇ ਕੱਟੜਪੁਣੇ ਨੇ ਉਨ੍ਹਾਂ ਨੂੰ 1996 ਅਤੇ 2004 ਵਿੱਚ ਕੇਂਦਰੀ ਸਰਕਾਰਾਂ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ।   
    

ਹਾਲਾਂ ਕਿ ਮਾਰਕਸ ਖੁਦ ਆਧੁਨਿਕ ਤਕਨੀਕ ਦਾ ਵੱਡਾ ਹਮਾਇਤੀ ਸੀ, ਭਾਰਤੀ ਮਾਰਕਸਵਾਦੀ ਤਕਨੀਕ-ਵਿਰੋਧੀ ਹਨ। ਅਸੀਵਿਆਂ ਅਤੇ ਨੱਬੇ ਦੇ ਦਹਾਕੇ ਵਿੱਚ ਉਨ੍ਹਾਂ ਨੇ ਬੈਂਕਾਂ ਅਤੇ ਰੇਲਵੇ ਦੇ ਕੰਪਿਊਟਰੀਕਰਨ ਦਾ ਵਿਰੋਧ ਕੀਤਾ। ਇਕ ਛੋਟੇ ਜਿਹੇ ਜਥੇਬੰਦ ਕਾਮੇ ਵਰਗ ਦੇ ਹਿਤਾਂ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੇ ਕਰੋੜਾਂ ਆਮ ਖਪਤਕਾਰਾਂ ਦੀ ਅਣਦੇਖੀ ਕੀਤੀ ਜਿਨ੍ਹਾਂ ਨੂੰ ਕੰਪਿਊਟਰੀਕਰਨ ਤੋਂ ਲਾਭ ਹੋਇਆ।
    
ਅਜੋਕੇ ਖੱਬੇ ਪੱਖੀਆਂ ਨੂੰ ਮੱਧਵਰਗ ਵਿੱਚ ਵੀ ਆਪਣੇ ਲਈ ਖਿੱਚ ਪੈਦਾ ਕਰਨੀ ਚਾਹੀਦੀ ਹੈ। ਆਉਂਦੇ ਦਹਾਕਿਆਂ ਵਿੱਚ ਇਹ ਜਮਾਤ ਗਿਣਤੀ ਅਤੇ ਪ੍ਰਭਾਵ ਪੱਖੋਂ ਹੋਰ ਵਧੇ ਫੁੱਲੇਗੀ। ਬਹੁਤੇ ਮੱਧਵਰਗੀ ਲੋਕ, ਵੱਡੀਆਂ ਪਾਰਟੀਆਂ ਦੇ ਲੀਡਰਾਂ ਵੱਲੋਂ ਠੱਗਾਂ ਅਤੇ ਥੈਲੀਸ਼ਾਹਾਂ ਨਾਲ ਨੇੜਤਾ ਰੱਖਣ ਤੋਂ ਦੁਖੀ ਹਨ। ਇਸ ਤੋਂ ਅੱਗੇ, ਕੁਝ ਕਾਂਗਰਸ ਦੇ ਖੁਸ਼ਾਮਦੀ ਰੁਝਾਨਾਂ ਤੋਂ ਨਿਰਾਸ਼  ਹਨ ਅਤੇ ਕੁਝ ਹੋਰ ਭਾਜਪਾ ਦੇ ਕੱਟੜਪੁਣੇ ਨੂੰ ਨਫ਼ਰਤ ਕਰਦੇ ਹਨ। ਪਰ ਉਨ੍ਹਾਂ ਕੋਲ ਕੋਈ ਹੋਰ ਬਦਲ ਨਹੀਂ ਹੈ। ਜਿਹੜੇ ਗਾਂਧੀ ਪਰਿਵਾਰ ਤੋਂ ਨਿਰਾਸ਼ ਹਨ ਉਨ੍ਹਾਂ ਦੇ ਵੋਟ ਭਾਜਪਾ ਨੂੰ ਚਲੇ ਜਾਂਦੇ ਹਨ ਅਤੇ ਜਿਹੜੇ ਭਾਜਪਾ ਦੇ ਹਿੰਦੂਵਾਦ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਉਹ ਜਕਦੇ ਜਕਾਉਂਦੇ ਕਾਂਗਰਸ ਨੂੰ ਵੋਟ ਪਾ ਦਿੰਦੇ ਹਨ। ਜੇ ਖੱਬੀ ਧਿਰ ਆਪਣੇ ਆਪ ਦਾ ਆਧੁਨਿਕੀਕਰਨ ਕਰ ਸਕੇ ਅਤੇ ਖ਼ੁਦ ਨੂੰ ਇਕ ਸੁਧਾਰਕ ਪਾਰਟੀ ਵਜੋਂ ਪੇਸ਼ ਕਰ ਸਕੇ, ਅਜਿਹੀ ਪਾਰਟੀ ਜੋ ਹੋਰ ਵਿਚਾਰਾਂ ਨੂੰ ਸਮਾਉਂਦੀ ਹੋਵੇ ਅਤੇ ਯਥਾਰਥਵਾਦੀ ਨਜ਼ਰੀਆ ਰਖਦੀ ਹੋਵੇ, ਇੱਕ ਪਾਰਟੀ ਜੋ ਸਮਾਜਿਕ ਭਲਾਈ ਨੂੰ ਪ੍ਰਤੀਬੱਧ ਹੋਵੇ ਪਰ ਆਰਥਿਕ ਵਿਕਾਸ ਦੀ ਵਿਰੋਧੀ ਨਾ ਹੋਵੇ, ਅਤੇ ਨਾਲ ਨਾਲ ਜਿਸਦੇ ਆਗੂ ਇਮਾਨਦਾਰ ਅਤੇ ਮਿਹਨਤੀ ਹੋਣ, ਤਾਂ ਇਹ ਉਸ ਬਹੁਤ ਵੱਡੇ ਵੋਟ ਬੈਂਕ ਨੂੰ ਪਕੜ ਸਕਦੀ ਹੈ ਜੋ ਇਸ ਦੇ ਮੌਜੂਦਾ ਘੇਰੇ , ਜਥੇਬੰਦ ਮਜਦੂਰ ਜਮਾਤ, ਨਾਲੋਂ  ਬਹੁਤ ਵੱਡਾ ਹੋਵੇਗਾ।
    
ਕਮਿਊਨਿਸਟਾਂ ਨੂੰ ਇਹ ਹੱਠਧਰਮੀ ਵੀ ਛੱਡ ਦੇਣੀ ਚਾਹੀਦੀ ਹੈ ਕਿ ਕੇਵਲ ਉਹ ਹੀ ਗਰੀਬਾਂ ਦੇ ਹਿਤਾਂ ਨੂੰ ਸਮਝਦੇ ਅਤੇ ਉਨ੍ਹਾਂ ਲਈ ਲੜਦੇ ਹਨ। ਇਹ ਗੱਲ ਉਨ੍ਹਾਂ ਨੂੰ ਪਾਰਟੀ ਦਾਇਰੇ ਤੋਂ ਬਾਹਰ ਕੰਮ ਕਰਨ ਵਾਲੇ ਸਰਗਰਮ ਗਰੁੱਪਾਂ ਦੇ ਵਿਰੋਧ ਵਿੱਚ ਲੈ ਆਉਂਦੀ ਹੈ। ਅੱਸੀਵਿਆਂ ਵਿੱਚ ਕਮਿਊਨਿਸਟਾਂ ਨੇ ਭਾਰਤੀ ਵਾਤਾਵਰਣਵਾਦੀਆਂ ਨੂੰ ਪਿਛਾਂਹਖਿੱਚੂ ਅਤੇ ਤਰੱਕੀ ਵਿਰੋਧੀ ਗਰਦਾਨਣ ਦੀ ਮੂਰਖਤਾ ਪੂਰਨ ਗਲਤੀ ਕੀਤੀ। ਮੈਨੂੰ ਯਾਦ ਹੈ ਕਿ ਸੀ.ਪੀ.ਐੱਮ. ਦਾ ਇੱਕ ਮਿੱਤਰ ਮੈਨੂੰ ਕਹਿ ਰਿਹਾ ਸੀ ਕਿ ਚਿਪਕੋ ਲਹਿਰ ਦਾ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਹ ਮਜਦੂਰ ਜਮਾਤ ਦੇ ਵਿਰੋਧ ਵਿੱਚ ਹੈ। ਉਸ ਦੇ ਵਿਚਾਰ ਅਨੁਸਾਰ ਇਨਕਲਾਬ ਲਿਆਉਣ ਵਾਲਾ ਸਨਅਤੀ ਮਜਦੂਰ ਪੈਦਾ ਕਰਨ ਵਾਸਤੇ ਹਿਮਾਲਾ ਪਰਬਤ ਦੇ ਦਰਖਤਾਂ ਦਾ ਵਢਾਂਗਾ ਜਰੂਰੀ ਹੈ। ਇਹ ਗੱਲਾਂ ਕਿ ਜੰਗਲਾਂ ਦੇ ਖਾਤਮੇ ਨੇ ਪਹਾੜੀ ਲੋਕਾਂ ਨੂੰ ਆਰਥਿਕ ਤੌਰ 'ਤੇ ਬਰਬਾਦ ਕਰ ਦਿੱਤਾ ਹੈ ਜਾਂ ਇਸ ਕਰਕੇ ਮੈਦਾਨੀ ਇਲਾਕੇ ਵਿੱਚ ਹੜ੍ਹਾਂ ਨਾਲ ਤਬਾਹੀ ਹੋ ਰਹੀ ਹੈ, ਉਸ ਲਈ ਕੋਈ ਮਹੱਤਵ ਨਹੀਂ ਰਖਦੀਆਂ ਸਨ। ਚਿਪਕੋ ਅਤੇ ਨਰਮਦਾ ਬਚਾਉ ਅੰਦੋਲਨ ਦਾ ਵਾਤਾਵਰਣਵਾਦ ਗਰੀਬ ਪੱਖੀ ਹੈ। ਇਹ ਕਿਸਾਨਾਂ, ਦਸਤਕਾਰਾਂ, ਚਰਵਾਹਿਆਂ, ਮਛੇਰਿਆਂ ਅਤੇ ਕਬਾਇਲੀਆਂ ਦੇ ਹਿਤਾਂ ਦੀ ਰਾਖੀ ਕਰਦਾ ਹੈ। ਇਸ ਨੇ ਧਰਤੀ ਉੱਤੇ ਮਨੁੱਖੀ ਜੀਵਨ ਦੇ ਆਧਾਰ ਨੂੰ ਨਸ਼ਟ ਕਰਨ ਵਾਲੇ ਵਿਕਾਸ ਮਾਡਲ ਦਾ ਬਦਲ ਮੁਹੱਈਆ ਕੀਤਾ ਹੈ। ਫਿਰ ਵੀ ਕਮਿਊਨਿਸਟਾਂ ਨੇ ਗਰੀਬਾਂ ਦੇ ਇਸ ਵਾਤਾਵਰਣਵਾਦ ਦਾ ਵਿਰੋਧ ਕੀਤਾ।
    
1985 ਵਿੱਚ ਸੀ.ਪੀ.ਐੱਮ. ਦੇ ਉਸ ਵਕਤ ਦੇ ਜਨਰਲ ਸਕੱਤਰ ਨੇ ਸਿਵਲ ਸੋਸਾਇਟੀ ਗਰੁੱਪਾਂ 'ਤੇ ਇਹ ਕਹਿੰਦਿਆਂ ਜੋਰਦਾਰ ਹਮਲਾ ਕੀਤਾ ਕਿ ਇਹ ਅਮਰੀਕਨ ਸਾਮਰਾਜਵਾਦ ਦੇ ਫਰੰਟ ਹਨ। ਇਸ ਧਾਰਨਾ ਦੀਆਂ ਜੜ੍ਹਾਂ ਇਸ ਵਿਚਾਰਧਾਰਾ ਵਿੱਚ ਹਨ ਕਿ ਸਿਰਫ ਪਾਰਟੀ ਹੀ ਸੱਚ ਜਾਣਦੀ ਹੈ ਅਤੇ ਜੋ ਕੁਝ ਪਾਰਟੀ ਦਾਇਰੇ ਤੋਂ ਬਾਹਰ ਹੋ ਰਿਹਾ ਹੈ, ਉਹ ਲਾਜ਼ਮੀ ਹੀ ਗਲਤ ਹੈ। ਵੈਸੇ ਤਾਂ ਇਹ ਪਹੁੰਚ ਹਰ ਸਥਿਤੀ ਵਿੱਚ ਹੀ ਹਾਸੋਹੀਣੀ ਹੈ ਪਰ ਭਾਰਤ ਵਰਗੇ ਭਿੰਨਤਾਵਾਂ ਭਰਪੂਰ ਦੇਸ਼ ਵਿੱਚ ਤਾਂ ਇਹ ਹੋਰ ਵੀ ਗਲਤ ਹੈ। ਇਹ ਕੱਟੜਤਾਵਾਂ ਪਾਰਟੀ ਨੂੰ ਮਹਿੰਗੀਆਂ ਪਈਆਂ ਹਨ ਅਤੇ ਇਸ ਨੂੰ ਦੇਸ਼ ਦੇ ਹੋਰ ਭਾਗਾਂ ਅਤੇ ਹੋਰ ਸਮਾਜਿਕ ਵਰਗਾਂ ਵਿੱਚ ਫੈਲਣ ਤੋਂ ਰੋਕੀ ਰੱਖਿਆ ਹੈ ਅਤੇ ਇਨ੍ਹਾਂ ਨੇ ਉਨ੍ਹਾਂ ਆਦਰਸ਼ਵਾਦੀ ਨੌਜਵਾਨਾਂ ਨੂੰ ਵੀ ਦੂਰ ਕਰ ਦਿੱਤਾ ਹੈ ਜੋ ਗਰੀਬਾਂ ਵਿੱਚ ਕੰਮ ਕਰਨਾ ਚਾਹੁੰਦੇ ਹਨ।     
     
ਵਿਦੇਸ਼ੀ ਸਿਧਾਂਤਕਾਰਾਂ ਉਪਰ ਨਿਰਭਰਤਾ ਲਈ ਭਾਰਤੀ ਕਮਿਊਨਿਸਟਾਂ ਦੀ ਆਲੋਚਨਾ ਹੁੰਦੀ ਰਹੀ ਹੈ। ਸੀ.ਪੀ.ਐੱਮ. ਦੀ ਪਾਰਟੀ ਕਾਂਗਰਸ ਵਿੱਚ ਚਾਰ ਆਦਮੀਆਂ ਦੀ ਤਸਵੀਰ ਲਗਾਈ ਜਾਂਦੀ ਹੈ - ਮਾਰਕਸ, ਏਂਗਲਜ਼, ਲੈਨਿਨ ਅਤੇ ਸਟਾਲਿਨ।  ਦੋ ਉਨੀਵੀਂ ਸਦੀ ਦੇ ਜਰਮਨ ਬੁੱਧੀਜੀਵੀ ਅਤੇ ਦੋ ਵੀਹਵੀਂ ਸਦੀ ਦੇ ਰੂਸੀ ਤਾਨਾਸ਼ਾਹ। ਨਕਸਲਾਈਟ ਚੀਨ ਦੇ ਚੇਅਰਮੈਨ ਨੂੰ ਆਪਣਾ ਚੇਅਰਮੈਨ ਮੰਨਦੇ ਰਹੇ ਅਤੇ ਮੱਧ ਭਾਰਤ ਦੇ ਪਹਾੜੀ ਅਤੇ ਜੰਗਲੀ ਇਲਾਕੇ ਦੇ ਕਾਫੀ ਹਿੱਸੇ ਨੂੰ ਕੰਟਰੋਲ ਕਰਨ ਵਾਲੇ ਉਨ੍ਹਾਂ ਦੇ ਵਾਰਿਸ ਹੁਣ ਵੀ ਆਪਣੇ ਆਪ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਓਵਾਦੀ) ਕਹਿੰਦੇ ਹਨ। ਜੇ ਕਮਿਊਸਿਟ ਆਪਣੇ ਆਪ ਨੂੰ ਨਵਿਆਉਣਾ ਚਾਹੁੰਦੇ ਹਨ ਅਤੇ ਭਾਰਤੀ ਸਿਆਸਤ ਵਿੱਚ ਮੁੜ ਇੱਕ ਤਾਕਤ ਬਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮਾਰਕਸ ਨੂੰ ਕਾਇਮ ਰਖਦੇ ਹੋਏ (ਜੋ ਕਿ ਬਿਨਾਂ ਸ਼ੱਕ ਪ੍ਰਤਿਭਾਸ਼ਾਲੀ ਚਿੰਤਕ ਸੀ) ਭਾਰਤੀ ਚਿੰਤਕਾਂ ਦੇ ਵਿਚਾਰਾਂ ਨੂੰ ਸਥਾਨ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਅੱਜ ਦੇ ਭਾਰਤ ਲਈ ਵਧੇਰੇ ਪ੍ਰਸੰਗਿਕ ਹਨ। 

ਅਨੁਵਾਦ ਅਤੇ ਸੰਖੇਪ - ਰਾਜਪਾਲ ਸਿੰਘ
ਸੰਪਰਕ:  98767-10809    
      

Comments

P C Nakodre

ਵਿਦੇਸ਼ੀ ਸਿਧਾਂਤਕਾਰਾਂ ਉਪਰ ਨਿਰਭਰਤਾ ਲਈ ਭਾਰਤੀ ਕਮਿਊਨਿਸਟਾਂ ਦੀ ਆਲੋਚਨਾ ਹੁੰਦੀ ਰਹੀ ਹੈ। ਸੀ.ਪੀ.ਐੱਮ. ਦੀ ਪਾਰਟੀ ਕਾਂਗਰਸ ਵਿੱਚ ਚਾਰ ਆਦਮੀਆਂ ਦੀ ਤਸਵੀਰ ਲਗਾਈ ਜਾਂਦੀ ਹੈ - ਮਾਰਕਸ, ਏਂਗਲਜ਼, ਲੈਨਿਨ ਅਤੇ ਸਟਾਲਿਨ। ਦੋ ਉਨੀਵੀਂ ਸਦੀ ਦੇ ਜਰਮਨ ਬੁੱਧੀਜੀਵੀ ਅਤੇ ਦੋ ਵੀਹਵੀਂ ਸਦੀ ਦੇ ਰੂਸੀ ਤਾਨਾਸ਼ਾਹ। ਨਕਸਲਾਈਟ ਚੀਨ ਦੇ ਚੇਅਰਮੈਨ ਨੂੰ ਆਪਣਾ ਚੇਅਰਮੈਨ ਮੰਨਦੇ ਰਹੇ ਅਤੇ ਮੱਧ ਭਾਰਤ ਦੇ ਪਹਾੜੀ ਅਤੇ ਜੰਗਲੀ ਇਲਾਕੇ ਦੇ ਕਾਫੀ ਹਿੱਸੇ ਨੂੰ ਕੰਟਰੋਲ ਕਰਨ ਵਾਲੇ ਉਨ੍ਹਾਂ ਦੇ ਵਾਰਿਸ ਹੁਣ ਵੀ ਆਪਣੇ ਆਪ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਓਵਾਦੀ) ਕਹਿੰਦੇ ਹਨ। ਜੇ ਕਮਿਊਸਿਟ ਆਪਣੇ ਆਪ ਨੂੰ ਨਵਿਆਉਣਾ ਚਾਹੁੰਦੇ ਹਨ ਅਤੇ ਭਾਰਤੀ ਸਿਆਸਤ ਵਿੱਚ ਮੁੜ ਇੱਕ ਤਾਕਤ ਬਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮਾਰਕਸ ਨੂੰ ਕਾਇਮ ਰਖਦੇ ਹੋਏ (ਜੋ ਕਿ ਬਿਨਾਂ ਸ਼ੱਕ ਪ੍ਰਤਿਭਾਸ਼ਾਲੀ ਚਿੰਤਕ ਸੀ) ਭਾਰਤੀ ਚਿੰਤਕਾਂ ਦੇ ਵਿਚਾਰਾਂ ਨੂੰ ਸਥਾਨ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਅੱਜ ਦੇ ਭਾਰਤ ਲਈ ਵਧੇਰੇ ਪ੍ਰਸੰਗਿਕ ਹਨ।

Security Code (required)Can't read the image? click here to refresh.

Name (required)

Leave a comment... (required)

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ