Thu, 18 April 2024
Your Visitor Number :-   6980295
SuhisaverSuhisaver Suhisaver

ਮੌਲਿਕ ਕਾਵਿ-ਮੁਹਾਵਰੇ ਦਾ ਸਿਰਜਕ : ਜਗਤਾਰ ਸਾਲਮ

Posted on:- 18-05-2012

suhisaver

ਪੰਜਾਬੀ ਕਾਵਿ-ਖੇਤਰ ਵਿਚ ਗ਼ਜ਼ਲ ਕਾਵਿ-ਰੂਪ ਹੁਣ ਸਰਬ-ਪ੍ਰਵਾਣਿਤ ਹੋ ਚੁੱਕਾ ਪ੍ਰਤੀਤ ਹੁੰਦਾ ਹੈ। ਹੁਣ ਇਸਦੀ ਸਫਲਤਾ/ਅਸਫਲਤਾ ਬਾਰੇ ਖਦਸ਼ਿਆਂ ਦਾ ਪ੍ਰਗਟਾਵਾ ਵੀ ਘਟਦਾ ਜਾ ਰਿਹਾ ਹੈ। ਕੁਝ ਦਹਾਕੇ ਪਹਿਲਾਂ ਮੁੱਖ ਖਦਸ਼ਾ ਇਹ ਪ੍ਰਗਟਾਇਆ ਜਾਂਦਾ ਸੀ ਕਿ ਉਰਦੂ ਪੜ੍ਹੇ ਬਗ਼ੈਰ ਪੰਜਾਬੀ ਵਿੱਚ ਚੰਗੀ ਗ਼ਜ਼ਲ ਨਹੀਂ ਲਿਖੀ ਜਾ ਸਕਦੀ। ਹੌਲੀ-ਹੌਲੀ ਇਹ ਤੌਖਲਾ ਦੂਰ ਹੋ ਚੁੱਕਾ ਹੈ। ਨਵੇਂ ਪੰਜਾਬੀ ਗ਼ਜ਼ਲਗੋ ਚੰਗੀ ਗ਼ਜ਼ਲ ਲਿਖ ਰਹੇ ਹਨ ਤੇ ਬਗ਼ੈਰ ਉਰਦੂ ਭਾਸ਼ਾ ਸਿੱਖੇ ਲਿਖ ਰਹੇ ਹਨ।
      
ਦੂਸਰਾ ਤੌਖਲਾ ਪਰੰਪਰਾਵਾਦੀ ਗ਼ਜ਼ਲ ਲਿਖਣ ਵਾਲਿਆਂ ਵੱਲੋਂ ਇਹ ਪ੍ਰਗਟ ਕੀਤਾ ਜਾਂਦਾ ਸੀ ਕਿ ਸ਼ਰਾਬਖ਼ਾਨੇ ਨਾਲ ਸਬੰਧਤ ਰਵਾਇਤੀ ਭਾਂਤ ਦੀ ਅਰਬੀ-ਫ਼ਾਰਸੀ ਦੀ ਪ੍ਰਤੀਕਾਵਲੀ ਬਗ਼ੈਰ ਗ਼ਜ਼ਲ ਦਾ ਪ੍ਰਭਾਵ ਸਿਰਜਿਆ ਜਾਣਾ ਅਸੰਭਵ ਹੈ। ਹੁਣ ਅਜਿਹੇ ਖਦਸ਼ਿਆਂ ਦੀ ਪੰਜਾਬੀ ਵਿੱਚ ਕੋਈ ਥਾਂ ਰਹਿ ਨਹੀਂ ਗਈ। ਨਿੱਤ ਨਵੇਂ ਉਠ ਰਹੇ ਗ਼ਜ਼ਲਗੋ ਪੰਜਾਬੀ ਵਿੱਚ ਨਿਰੋਲ ਇਸ ਧਰਤੀ ਤੇ ਇਸਦੇ ਪ੍ਰਕਿਰਤਕ ਅਤੇ ਸਮਾਜਕ ਚੌਗਿਰਦੇ ਅਥਵਾ ਪੰਜਾਬੀ ਸੱਭਿਆਚਾਰ ਵਿੱਚੋਂ ਪ੍ਰਤੀਕ ਤੇ ਬਿੰਬ ਸਿਰਜ ਕੇ ਨਵੀਂ ਨਕੋਰ ਗ਼ਜ਼ਲ ਲਿਖ ਰਹੇ ਹਨ।
       
ਇੱਕ ਤੀਸਰਾ ਰਿਵਾਜ ਇਹ ਵੀ ਪ੍ਰਚਲਿਤ ਕੀਤਾ ਗਿਆ ਸੀ ਕਿ ਪਰਪੱਕ ਉਸਤਾਦਾਂ ਦੀ ਇਸਲਾਹ ਤੋਂ ਬਗ਼ੈਰ ਬੇ-ਐਬ ਤੇ ਬੇ-ਨੁਕਸ ਗ਼ਜ਼ਲ ਲਿਖਣੀ ਅਸੰਭਵ ਹੈ। ਉਸਤਾਦੀ ਸ਼ਾਗਿਰਦੀ ਦੀ ਇਹ ਪਰੰਪਰਾ ਸ਼ਾਇਦ ਕੁੱਝ ਦਹਾਕੇ ਪਹਿਲਾਂ ਜਰੂਰੀ ਵੀ ਸਮਝੀ ਜਾਂਦੀ ਹੋਵੇਗੀ ਪਰ ਹੌਲੀ-ਹੌਲੀ ਨਵੇਂ ਉਠਦੇ ਗ਼ਜ਼ਲ ਲੇਖਕ ਇਸ ਪਰੰਪਰਾ ਤੋਂ ਬਾਗ਼ੀ ਹੋ ਕੇ ਖ਼ੁਦ ਹੀ ਗ਼ਜ਼ਲ ਦੇ ਕਾਵਿ-ਸ਼ਾਸਤਰ ਤੋਂ ਵਾਕਿਫ਼ ਹੋ ਰਹੇ ਹਨ, ਜਾਂ ਫਿਰ ਉਹ ਆਪਣੇ ਨਿੱਜੀ ਅਧਿਐਨ, ਲੋੜੀਂਦੇ ਅਭਿਆਸ, ਦੋਸਤਾਂ-ਮਿੱਤਰਾਂ ਤੇ ਕਵੀਆਂ ਦੀ ਪ੍ਰੇਰਨਾ ਅਤੇ ਸਾਹਿਤ ਸਭਾਵਾਂ ਤੇ ਕਲਾ ਸੰਗਠਨਾਂ ਰਾਹੀਂ ਲੋੜੀਂਦੀ ਅਗਵਾਈ ਤੇ ਸਿਖਲਾਈ ਪ੍ਰਾਪਤ ਕਰਕੇ ਗ਼ਜ਼ਲ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਹਨ। ਉਂਝ ਵੀ ਪੁਰਾਣੇ ਉਸਤਾਦਾਂ ਕੋਲ ਦੱਸਣ ਲਈ ਕੇਵਲ ਘਸੇ-ਪਿਟੇ ਤੇ ਵੇਲਾ ਵਿਹਾ ਚੁੱਕੇ ਅਰਬੀ-ਫ਼ਾਰਸੀ ਦੇ ਫ਼ਾਰਮੂਲੇ ਹੀ ਹੁੰਦੇ ਸਨ ਤੇ ਵੇਖਣ ਵਿੱਚ ਆਉਂਦਾ ਸੀ ਕਿ ਅਜਿਹੇ ਉਸਤਾਦ ਖ਼ੁਦ ਵੱਡੇ ਸ਼ਾਇਰ ਘੱਟ ਹੀ ਹੁੰਦੇ ਸਨ। ਉਨ੍ਹਾਂ ਕੋਲ ਉਰਦੂ ਜ਼ੁਬਾਨ ਦਾ ਕੁੱਝ ਗਿਆਨ ਤਾਂ ਹੁੰਦਾ ਹੋਵੇਗਾ ਪਰ ਉਨ੍ਹਾਂ ਕੋਲ ਸਮੇਂ ਅਨੁਕੂਲ ਨਵੀਂ ਵਿਚਾਰਧਾਰਾ ਦੇ ਨਾਲ-ਨਾਲ ਉੱਚੀ ਕਲਪਣਾ ਉਡਾਨ ਘੱਟ ਹੀ ਹੁੰਦੀ ਸੀ, ਥੋੜੀ ਬਹੁਤ ਟੁੱਟੀ-ਭੱਜੀ ਅਗਵਾਈ ਦੇਣ ਦੇ ਪੱਜ ਉਹ ਨਵੇਂ ਉਠਦੇ ਸ਼ਾਇਰਾਂ ਨੂੰ ਉਮਰ ਭਰ ਲਈ ਆਪਣੇ ਸੇਵਕ ਅਥਵਾ ਚਮਚੇ ਬਣਾ ਕੇ ਆਪ ਸਾਹਿਤ ਦੇ ਖੇਤਰ ਵਿੱਚ ਤੀਸ ਮਾਰ ਖਾਂ ਬਣੇ ਫਿਰਦੇ ਰਹਿੰਦੇ ਸਨ। ਇਹ ਉਸਤਾਦ ਨਵੇਂ ਚੇਲੇ ਨੂੰ ਕੇਵਲ ਆਪਣੀ ਕਾਰਬਨ ਕਾਪੀ ਹੀ ਬਣਾ ਸਕਦੇ ਸਨ, ਆਪਣੇ ਤੋਂ ਬਿਹਤਰ ਕਵੀ ਨਹੀਂ। ਹੁਣ ਉਹ ਵੇਲੇ ਲੰਘ ਚੁੱਕੇ ਹਨ ਪੰਜਾਬੀ ਵਿੱਚ ਨਿੱਤ ਨਵੇਂ ਸ਼ਾਇਰ ਉਗਮ-ਵਿਗਸ ਤੇ ਪ੍ਰਵਾਨ ਚੜ ਰਹੇ ਹਨ, ਜਿਨ੍ਹਾਂ ਕੋਲ ਅਜਿਹੀ ਪਰੰਪਰਾਵਾਦੀ ਸਿਖਲਾਈ ਦੇ ਅਖੌਤੀ ਸਰਟੀਫਿਕੇਟ ਨਹੀਂ ਹੁੰਦੇ। ਉਹ ਆਪ ਹੀ ਸ਼ਾਗਿਰਦ ਤੇ ਆਪ ਹੀ ਉਸਤਾਦ ਅਥਵਾ ਸਵੈ-ਸਿੱਖਿਅਤ ਸ਼ਾਇਰ ਹਨ, ਕਿਉਂਕਿ ਨਵੀਂ ਪ੍ਰਤਿਭਾ ਦੇ ਮਾਲਕ ਸ਼ਾਇਰ ਸਭ ਪੁਰਾਣੇ ਬੰਧਨ ਤੋੜ ਆਪਣੀ ਕਲਾ ਕੌਸ਼ਲਤਾ ਸਦਕਾ ਸਾਹਿਤ ਵਿੱਚ ਪ੍ਰਵੇਸ਼ ਕਰਕੇ ਪ੍ਰਵਾਨ ਚੜ ਰਹੇ ਹਨ।

ਇਹਨਾਂ ਨਵੇਂ ਉੱਠੇ ਸ਼ਾਇਰਾਂ ਵਿੱਚ ਇੱਕ ਨਵਾਂ ਨਾਂ ਜਗਤਾਰ ਸਾਲਮ ਦਾ ਹੈ। ਮੈਂ ਉਸਦਾ ਗ਼ਜ਼ਲ ਸੰਗ੍ਰਹਿ ਪੜ੍ਹ ਕੇ ਹੈਰਾਨ ਹੋਇਆ ਹਾਂ, ਜਿਵੇਂ ਉਸ ਉੱਤੇ ਕਿਸੇ ਵੀ ਸਮਕਾਲੀ ਜਾਂ ਪੂਰਵਕਾਲੀ ਸ਼ਾਇਰ ਦਾ ਕੋਈ ਸਪੱਸਟ ਪ੍ਰਭਾਵ ਨਾ ਹੋਵੇ, ਜਿਵੇਂ ਉਹ ਆਪਣੇ ਬੋਲ, ਆਪਣਾ ਸੱਜਰਾ ਤੇ ਵੱਖਰਾ ਅਨੁਭਵ-ਖਜ਼ਾਨਾ ਪਹਿਲੀ ਵਾਰ ਨਾਲ ਲੈ ਕੇ ਆਇਆ ਹੋਵੇ। ਉਸਦੇ ਕਾਵਿ-ਸੰਸਾਰ ਵਿਚਲਾ ਮੌਲਿਕ ਰੰਗ ਹੈਰਾਨ ਕਰਨ ਵਾਲਾ ਹੈ। ਅਸਲ ਵਿੱਚ ਅਜਿਹੇ ਕਵੀ ਵੱਖਰੀ ਪ੍ਰਤਿਭਾ ਦੇ ਮਾਲਕ ਹੁੰਦੇ ਹਨ। ਉਹਨਾਂ ਦਾ ਅਨੁਭਵ ਜਗਤ ਹੀ ਵੱਖਰਾ ਨਹੀਂ ਹੁੰਦਾ ਉਹਨਾਂ ਦੀ ਕਾਵਿ-ਸ਼ੈਲੀ ਅਥਵਾ ਅੰਦਾਜ਼ ਵੀ ਵੱਖਰਾ ਤੇ ਸੱਜਰਾ ਹੁੰਦਾ ਹੈ।
         
ਪਹਿਲੀ ਗੱਲ ਜੋ ਉਸਦੀ ਸ਼ਾਇਰੀ ਵਿੱਚ ਪਾਠਕ ਦਾ ਧਿਆਨ ਖਿੱਚਦੀ ਹੈ, ਉਹ ਨਾਬਰੀ ਤੇ ਵਿਰੋਧ ਦੀ ਤਿੱਖੀ ਭਾਵਨਾ ਹੈ। ਉਹ ਵਾਰ ਵਾਰ ਵਕਤ ਦੇ ਰਾਜਿਆਂ, ਬਾਦਸ਼ਾਹਾਂ ਨੂੰ ਅਥਵਾ ਹਾਕਮਾਂ ਨੂੰ ਸੰਬੋਧਨ ਹੁੰਦਾ ਹੈ। ਉਸਦੀ ਸੁਰ ਬਾਗ਼ੀਆਨਾ ਹੈ ਪਰ ਨਾਲ ਹੀ ਉਸਨੂੰ ਇਹ ਅਹਿਸਾਸ ਵੀ ਹੈ ਕਿ ਸਮਾਜਕ ਪ੍ਰੀਵਰਤਨ ਜਨ-ਸਧਾਰਨ ਦੇ ਵਿਰੋਧ ਤੇ ਬੱਝਵੇਂ ਸੰਘਰਸ਼ ਨਾਲ ਰੂਪਮਾਨ ਹੁੰਦੇ ਹਨ। ਸੰਘਰਸ਼ ਵਿੱਚ ਅਵਾਮ ਦੇ ਭਰਵੇਂ ਰੂਪ ਵਿੱਚ ਸ਼ਾਮਿਲ ਹੋਣ ਤੋਂ ਬਗ਼ੈਰ ਕਦੇ ਇਨਕਲਾਬੀ ਤਬਦੀਲੀ ਨਹੀਂ ਹੁੰਦੀ। ਕਵੀ ਦੀ ਇਹ ਸੁਰ ਉਸਨੂੰ ਸਮਕਾਲੀ ਕਵੀਆਂ ਨਾਲੋਂ ਨਿਖੇੜਦੀ ਹੈ।
                             
                           ਲੋਕ ਤੁਰਦੇ ਨਾਲ ਤਾਂ ਕੁਝ ਹੋਰ ਸੀ
                             ਫੇਰ ਨਾ ਆਪਾਂ ਕਦੇ ਵੀ ਹਾਰਦੇ
                                        
               ਨਾ ਤਾਂ ਮੈਂ ਤਲਵਾਰ ਦਿਆਂ ਤੇ ਨਾ ਹੀ ਕਿਸੇ ਨੂੰ ਢਾਲ ਦਿਆਂ
                  ਮੈਂ ਤਾਂ ਸੁੱਤੇ ਹੋਏ ਬੰਦੇ ਨੂੰ ਜਾਗਣ ਦਾ ਖ਼ਿਆਲ ਦਿਆਂ
                            
                              ਲੜਨ ਦੀ ਤਾਕਤ ਨਹੀਂ ਤਾਂ ਫੇਰ ਕੀ ਹੈ
                              ਲੜਨ ਦੀ ਖ਼ਾਹਿਸ਼ ਤਾਂ ਹੈ ਕਮਜ਼ੋਰ ਅੰਦਰ
                                 
                              ਰਾਗ਼ੀ ਹਾਂ ਤੇ ਮੂੰਹੋਂ ਬਾਗ਼ੀ ਨਿਕਲ ਗਿਆ
                              ਇਸਦੇ ਵਿਚ ਤਾਂ ਮੇਰਾ ਕੋਈ ਕਸੂਰ ਨਹੀਂ

ਅਜਿਹੇ ਸ਼ਿਅਰ ਉਸਦੀਆਂ ਗ਼ਜ਼ਲਾਂ ਵਿੱਚ ਥਾਂ ਪੁਰ ਥਾਂ ਮਿਲਦੇ ਹਨ। ਪਰ ਉਸਦੇ ਇਸ ਬਾਗ਼ੀ ਅੰਦਾਜ਼ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੀ ਗੱਲ ਸਹਿਜ ਸੁਭਾ ਹੀ ਆਖ ਜਾਂਦਾ ਹੈ। ਕਿਤੇ ਵੀ ਇਹ ਪ੍ਰਤੀਤ ਨਹੀਂ ਹੁੰਦਾ ਕਿ ਉਸਨੇ ਇੱਕ ਇੱਕ ਸ਼ਿਅਰ ਲਿਖਣ ਵੇਲੇ ਕਿੰਨੀ ਮਿਹਨਤ ਕਿੰਨਾ ਰਿਆਜ਼ ਕੀਤਾ ਹੈ। ਉਸਦੀ ਇਹ ਸਹਿਜ-ਸੁਭਾਵਕਤਾ ਪਾਠਕ ਨੂੰ ਅਚੇਤ ਹੀ ਪ੍ਰਭਾਵਤ ਕਰ ਜਾਂਦੀ ਹੈ। ਕਿਤੇ ਕੋਈ ਉਚੇਚੀ ਬਨਾਵਟ ਦਿਖਾਈ ਨਹੀਂ ਦਿੰਦੀ, ਹਾਲਾਂਕਿ ਸਾਰੀ ਕਵਿਤਾ ਬਨਾਵਟ ਦੀ ਉਪਜ ਹੁੰਦੀ ਹੈ।
          
ਜਗਤਾਰ ਸਾਲਮ ਸਾਹਿਤਕ ਤੇ ਸਮਾਜਕ ਫ਼ਰਜ਼ਾਂ ਪ੍ਰਤੀ ਵੀ ਕਾਫ਼ੀ ਜਾਗਰੂਕ ਦਿਖਾਈ ਦਿੰਦਾ ਹੈ। ਉਸਨੂੰ ਪਤਾ ਹੈ ਕਿ ਕੋਈ ਵੀ ਕਲਾਤਮਕ ਰਚਨਾ ਆਖ਼ਰ ਆਪਣੇ ਨਾਲ ਕੋਈ ਨਵਾਂ ਸੰਕਲਪ ਕੋਈ ਵਿਚਾਰਾਤਮਿਕ ਕਾਰਜ ਲੈ ਕੇ ਆਉਂਦੀ ਹੈ। ਕਲਾਕਾਰ ਨੇ ਕੇਵਲ ਪਾਠਕਾਂ ਜਾਂ ਸਰੋਤਿਆਂ ਦਾ ਸਸਤਾ ਮਨ ਪ੍ਰਚਾਵਾ ਨਹੀਂ ਕਰਨਾ ਹੁੰਦਾ, ਉਸਨੇ ਇੱਕ ਨਵਾਂ ਭਾਵਨਾ ਸੰਸਾਰ ਸਿਰਜਣਾ ਹੁੰਦਾ ਹੈ। ਠੀਕ ਹੈ, ਬੜੀ ਦੇਰ ਗ਼ਜ਼ਲ ਰਾਜ ਦਰਬਾਰਾਂ ਵਿਚਲੀਆਂ ਮਹਿਫ਼ਲਾਂ ਵਿੱਚ ਸ਼ਾਸਕਾਂ ਦੇ ਮਨ ਪ੍ਰਚਾਵੇ ਦਾ ਵਸੀਲਾ ਬਣੀ ਰਹੀ ਹੈ, ਹੁਣ ਗ਼ਜ਼ਲ ਇਸ ਘੇਰੇ ਇਸ ਚੱਕਰਵੀਊ ਨੂੰ ਤੋੜ ਕੇ ਜਨ-ਸਧਾਰਨ ਦੇ ਦਰਦ ਨਾਲ ਆਪਣਾ ਰਿਸ਼ਤਾ ਪੱਕਾ ਕਰ ਚੁੱਕੀ ਹੈ। ਗ਼ਜ਼ਲ ਦੇ ਉਹ ਸ਼ਿਅਰ ਹੀ ਜ਼ਿੰਦਾ ਰਹਿੰਦੇ ਤੇ ਹਰਮਨ-ਪਿਆਰੇ ਹੁੰਦੇ ਹਨ ਜੋ ਲੋਕਾਈ ਦੇ ਦਰਦ ਦੀ ਜ਼ਬਾਨ ਬਣਦੇ ਹਨ।

                             ਕਿਹੜੇ ਕੰਮ ਦੀਆਂ ਇਹ ਗ਼ਜ਼ਲਾਂ ਸਾੜ ਦਿਓ
                             ਇਹਨਾਂ ਵਿਚ ਜੇ ਸਮਿਆਂ ਦੀ ਆਵਾਜ਼ ਨਹੀਂ

                             ਵੇਚ ਦੇਵਾਂ ਗੀਤ ਵਿਉਪਾਰੀ ਨਹੀਂ
                             ਮੈਂ ਕਵੀ ਹਾਂ ਕੋਈ ਦਰਬਾਰੀ ਨਹੀਂ

                              ਰੋਹ ਦੇ ਵਿਚ ਆਈ ਸੀ ਪੁਸਤਕ ਜਦੋਂ
                              ਉਡ ਗਈ ਸੀ ਹੋਸ਼ ਫਿਰ ਤਲਵਾਰ ਦੀ

                              ਦਰਦ ਇਹ ਸਿਰਫ਼ ਮੇਰੀ ਗ਼ਜ਼ਲ ਵਿਚ ਨਹੀਂ
                              ਦਰਦ ਇਹ ਮੇਰੇ ਸੀਨੇ 'ਚ ਧੁਰ ਤੀਕ ਹੈ

ਸਾਲਮ ਦੀਆਂ ਗ਼ਜ਼ਲਾਂ ਵਿਚ ਭਰਤੀ ਦੇ ਸ਼ਿਅਰ ਨਹੀਂ ਹੁੰਦੇ। ਉਸਦੇ ਹਰ ਸ਼ਿਅਰ ਵਿੱਚ ਨਰੋਈ ਤੇ ਨਿਵੇਕਲੀ ਗੱਲ ਹੁੰਦੀ ਹੈ। ਇਹ ਨਵੇਕਲਾਪਨ ਉਸਦੀ ਵਿਸ਼ੇਸ਼ਤਾਈ ਬਣ ਚੁੱਕਾ ਹੈ।
       
ਗ਼ਜ਼ਲ ਦਾ ਮੀਰੀ ਗੁਣ ਤਗ਼ੱਜ਼ਲ ਦੀ ਅਵਸਥਾ ਸਿਰਜਣਾ ਹੈ ਅਰਥਾਤ ਸ਼ਿਅਰ ਦੀ ਪਹਿਲੀ ਤੇ ਦੂਸਰੀ ਪੰਕਤੀ ਵਿੱਚ ਵਿਰੋਧਾਭਾਸ ਤੇ ਟਕਰਾਓ ਦੀ ਸਥਿਤੀ ਸਿਰਜਣੀ, ਇਸ ਸਥਿਤੀ ਦੇ ਸਿਰਜਣ ਨਾਲ ਹੀ ਗ਼ਜ਼ਲ ਦੇ ਸ਼ਿਅਰ ਆਮ ਨਜ਼ਮ ਦੀ ਪੰਕਤੀ ਨਾਲੋਂ ਵੱਖਰੀ ਨੁਹਾਰ ਰਚਦੇ ਹਨ। ਏਸੇ ਤਕਨੀਕ ਨਾਲ ਗ਼ਜ਼ਲ ਦੇ ਸ਼ਿਅਰ ਪਾਠਕ ਨੂੰ ਚਕ੍ਰਿਤ ਅਤੇ ਪ੍ਰਭਾਵਿਤ ਕਰਨ ਦਾ ਕਾਰਨ ਬਣਦੇ ਹਨ।

                               ਥਹੁ ਪਤਾ ਜੰਗਲ ਦਾ ਮਿਲ ਜਾਵੇ ਕਿਤੇ ਜੇ
                               ਅੱਗ ਮੇਰੇ ਕੋਲ ਕਿੰਨੀ ਵਾਰ ਆਈ

                               ਅੰਬਰੋਂ ਵੱਡਾ ਵੀ ਭਾਵੇਂ ਜਾਲ਼ ਹੁੰਦਾ
                               ਉਡਣ ਦਾ ਪੰਛੀ ਨੂੰ ਜੇਕਰ ਖ਼ਿਆਲ ਹੁੰਦਾ

               ਇਸਦੀ ਛਾਵੇਂ ਬਹਿ ਕੇ ਯਾਰੋ! ਕਰਿਆ ਨਾ ਕਰੋ ਅੱਗ ਦੀ ਗੱਲ
                   ਮੇਰੇ ਵਿਹੜੇ ਦੇ ਰੁੱਖ ਨੂੰ ਅੰਗਿਆਰਾਂ ਤੋਂ ਡਰ ਲਗਦਾ ਹੈ
                                
                               ਕੀ ਦੱਸਾਂ ਤੈਨੂੰ ਇਹ ਖੇਡ ਹੈ ਜੋਰਾਂ ਦੀ
                               ਰਾਖੀ ਕਰਨ ਸਿਪਾਹੀ ਏਥੇ ਚੋਰਾਂ ਦੀ

ਸਾਲਮ ਨੇ ਆਲੇ ਦੁਆਲੇ ਦਾ ਲੋਕ ਦਰਦ ਇਸ ਤਰ੍ਹਾਂ ਆਪਣੀ ਕਾਵਿ-ਚੇਤਨਾ ਵਿੱਚ ਸਮੋਅ ਲਿਆ ਹੈ ਕਿ ਦੋਵੇਂ ਪੱਖ ਆਪੋ ਵਿੱਚ ਘਿਓ-ਖਿਚੜੀ ਵਾਂਗ ਇੱਕ-ਮਿੱਕ ਹੋ ਗਏ ਹਨ। ਜਦੋਂ ਕਵੀ ਇਸ ਪੜਾਅ ਉੱਤੇ ਪਹੁੰਚ ਜਾਂਦਾ ਹੈ ਤਾਂ ਜੇਕਰ ਉਹ ਨਿੱਜੀ ਗੱਲ ਵੀ ਬਿਆਨ ਕਰੇ, ਪਾਠਕ ਨੂੰ ਸਮਾਜਕ ਗੱਲ ਲੱਗਦੀ ਹੈ। ਉਸਦੀ ਗ਼ਜ਼ਲ ਦੇ ਤਕਨੀਕੀ ਪੱਖਾਂ ਬਾਰੇ ਕਾਫ਼ੀ ਕੁਝ ਕਿਹਾ ਜਾਣਾ ਸੰਭਵ ਹੈ, ਪਰ ਗੱਲ ਉਸਦੇ ਕਾਵਿ-ਅਨੁਭਵ ਦੀ ਸਮਾਜਕਤਾ ਤੇ ਇਸ ਦੇ ਵਿਲੱਖਣ ਅੰਦਾਜ਼ ਦੀ ਹੈ। ਉਸਦੇ ਕਾਵਿਕ ਬੋਲ ਹੁਣ ਪਛਾਨਣਯੋਗ ਹੋ ਗਏ ਹਨ।

ਐਸੇ ਸੰਭਾਵਨਾ ਭਰੇ ਸ਼ਾਇਰ ਨੂੰ ਪੜ੍ਹਨਾ ਇੱਕ ਵੱਖਰੇ ਅਤੇ ਸੱਜਰੇ ਅਨੁਭਵ ਖੇਤਰ ਵਿੱਚ ਪ੍ਰਵੇਸ਼ ਕਰਨ ਬਰਾਬਰ ਹੈ। ਮੈਂ ਸਾਲਮ ਨੂੰ ਜੀ ਆਇਆਂ ਆਖਦਾ ਹਾਂ ਤੇ ਆਸ ਕਰਦਾ ਹਾਂ ਕਿ ਉਹ ਇਸ ਚੁਣੇ ਮਾਰਗ ਉੱਤੇ ਪੱਕੇ ਪੈਰੀਂ ਤੁਰਿਆ ਜਾਵੇਗਾ, ਕਵੀਆਂ ਲਈ ਸਾਹਿਤ ਦੇ ਦਰ ਕਦੇ ਬੰਦ ਨਹੀਂ ਹੁੰਦੇ।

-ਹਰਭਜਨ ਸਿੰਘ ਹੁੰਦਲ

(ਜਗਤਾਰ ਸਾਲਮ ਦਾ ਗ਼ਜ਼ਲ ਸੰਗ੍ਰਹਿ `ਖ਼ੁਦਕੁਸ਼ੀ ਤੋਂ ਪਹਿਲਾਂ ` ਜਿਸਦਾ ਬਾਜ਼ਾਰੀ ਮੁੱਲ 70 ਰੁਪਏ ਹੈ ਨੂੰ `ਸੂਹੀ ਸਵੇਰ ` ਦੇ ਪਾਠਕ ਹੇਠ ਦਿੱਤੇ ਨੰਬਰ `ਤੇ ਫੋਨ ਕਰਕੇ ਇਹ ਗ਼ਜ਼ਲ ਸੰਗ੍ਰਹਿ ਸਿਰਫ 40 ਰੁਪਏ ਵਿੱਚ ਪ੍ਰਾਪਤ ਕਰ ਸਕਦੇ ਹਨ | ਪੁਸਤਕ ਪ੍ਰਾਪਤੀ ਲਈ  97804 70386  'ਤੇ ਕਾਲ ਕਰੋ ਜੀ।)

Comments

harisinghmohi

salam baray hundal sahib ne'n khoob kihaa hai. salam noo'n mubarik te shubh kamnava'n.

Harvinder Sidhu

Jagtar Saalm di kitaab nu khushaamdeed keihnde haan...Ussdi ihh kitaab parrh rihaa haan...Barra nighaa te moh-khora Insaan hai Jagtar...ussdi bhatkan nu salaam...!!

Kewal Kranti

changi kitab hai bai ji....

Raanjh Ruh

i read it.....

Sunil Chandianvi

SWAGAT HAI... SHUBH KAAMNAVA'N...

Ninder Ghugianvi

book mill gye hai ji, padi hai, v gud hai, mubrkan ji

kamal Sekhon

ਸਾਲਮ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਜੀ

ਅੰਮ੍ਰਿਤ

..ਸੱਚ ਪੁੱਛੋਂ ਤਾਂ ਜਿੰਨੀ ਕੁ ਪੜ੍ਹ ਸਕਿਆ (ਪੂਰੀ ਪੜ੍ਹ ਸਕਣਾ ਮੇਰੇ ਵੱਸੋਂ ਬਾਹਰ ਸੀ) ਇਸ ਕਿਤਾਬ ਨੂੰ, ਮੈਨੂੰ ਤਾਂ ਬਿਲਕੁਲ ਵੀ ਨਵਾਂਪਣ ਨਹੀਂ ਲੱਗਾ.. ਕਵੀ ਸ਼ਬਦਾਂ 'ਚ ਸੋਚਦੈ, ਬਿੰਬਾਂ 'ਚ ਨਹੀਂ.. ਨਵੇਂ ਬਿੰਬ ਤਾਂ ਲੱਗਭੱਗ ਹੈ ਨਹੀਂ, ਜੋ ਹੈ ਵੀ ਨੇ ਉਹਨਾਂ 'ਚ ਗਹਿਰਾਈ ਤੇ ਦਾਰਸ਼ਨਿਕਤਾ ਨਹੀਂ.. ਗਜ਼ਲ ਨਾਂ ਦੀ ਵਿਧਾ ਨਾ (ਮੈਨੂੰ ਇੰਝ ਲੱਗਦਾ) ਪੰਜਾਬੀ ਕਵਿਤਾ ਦਾ ਬੇੜਾ ਗਰਕ ਕਰ ਰੱਖਿਆ.. ਤੁੱਕਬੰਦੀ, ਤੁੱਕਬੰਦੀ ਤੇ ਬਸ ਤੁੱਕਬੰਦੀ.. ਇਹੀ ਹੈ ਅਜੋਕੀ ਪੰਜਾਬੀ ਕਵਿਤਾ ਦਾ ਖਾਸ ਕਰਕੇ ਪੰਜਾਬੀ ਗਜ਼ਲ ਦਾ ਸਾਰਤੱਤ ਉਂਝ ਅਦੀਬ ਜਿੰਨੇ ਮਰਜ਼ੀ ਵਿਸ਼ੇਸ਼ਣ ਲਾਕੇ ਭੂਮਿਕਾਵਾਂ ਲਿਖੀ ਜਾਣ, ਸੱਚ ਇਹੀ ਹੈ ਕਿ ਇਹਦੀ ਉਮਰ ਪਾਣੀ ਦੇ ਬੁਲਬਲੇ ਤੋਂ ਵੀ ਘੱਟ ਹੈ..

ਕਿਰਨ ਰਾਏ

ਏਸ ਕਿਤਾਬ ਵਿਚ ਦੂਹਰਾਵ ਬੁਹਤ ਹੈ, ਕੁਜ਼ ਸ਼ਬਦ ਜਿਵੇ ਜੰਗਲ, ਅੱਗ, ਚੀਖ, ਤਲਵਾਰ ਆਦਿ ਵਾਰ ਵਾਰ ਆਏ ਨੇ. ਪਰ ਹਰ ਸ਼ਬਦ ਨਵਾ ਅਰਥ ਲੈ ਕੇ ਆਉਂਦਾ ਹੈ, ਏਸ ਲਈ ਜਗਤਾਰ ਸਾਲਮ ਵਧਾਈ ਦਾ ਪਾਤਰ ਹੈ.

????

ਜਿੰਨੀਆਂ ਟੂਕਾਂ ਹੁੰਦਲ ਜੀ ਨੇ ਦਿਤੀਆਂ ਹਨ, ਉਹਨਾ ਵਿਚ ਨਾ ਤਾਂ ਕਿਤੇ ਤਾਜ਼ਗੀ ਲਭਦੀ ਹੈ ਤੇ ਨਾ ਹੀ ਨਵੀਂ ਮੁਹਾਵਰਾ-ਸਾਜ਼ੀ। ਕੋਈ ਦਿਲ-ਟੁੰਬਵਾਂ ਸ਼ੇਅਰ ਨਹੀਂ ਲਭਦਾ। ਇਸਦੀ ਛਾਵੇਂ ਬਹਿ ਕੇ ਯਾਰੋ! ਕਰਿਆ ਨਾ ਕਰੋ ਅੱਗ ਦੀ ਗੱਲ ਮੇਰੇ ਵਿਹੜੇ ਦੇ ਰੁੱਖ ਨੂੰ ਅੰਗਿਆਰਾਂ ਤੋਂ ਡਰ ਲਗਦਾ ਹੈ ਉੱਪਰਲੇ ਸ਼ੇਅਰ ਦੀ ਪਹਿਲੀ ਸਤਰ ਪਿੰਗਲ ਦੀ ਘਸਵੱਟੀ `ਤੇ ਪੂਰੀ ਨਹੀਂ ਉੱਤਰਦੀ।

Jessamea

I want to send you an award for most helpful innetret writer.

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ