Tue, 16 April 2024
Your Visitor Number :-   6976790
SuhisaverSuhisaver Suhisaver

ਕਿਰਤੀਆਂ ਦੀ ਆਵਾਜ਼ : ਸੰਤ ਰਾਮ ਉਦਾਸੀ

Posted on:- 27-07-2014

suhisaver

-ਡਾ. ਰਜਿੰਦਰਪਾਲ ਸਿੰਘ
ਸੰਪਰਕ: +91 98150 50617
-ਅਜਮੇਰ ਸਿੱਧੂ
ਸੰਪਰਕ: +91 94630 63990

ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ 440
ਕੀਮਤ 450

ਸੰਤ ਰਾਮ ਉਦਾਸੀ ਉਸ ਦੌਰ ਦਾ ਕਵੀ ਹੈ ਜਦੋਂ ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿੱਚ ਉੱਠੀਆਂ ਲਹਿਰਾਂ ਨੇ ਵਕਤ ਦੀਆਂ ਸਰਕਾਰਾਂ ਅਤੇ ਸਥਾਪਤੀ ਨੂੰ ਵਖ਼ਤ ਪਾਇਆ ਹੋਇਆ ਸੀ। ਉਹ ਦੌਰ ਢਾਈ ਤਿੰਨ ਦਹਾਕਿਆਂ ਦੀ ਸਥਿੱਲਤਾ ਨੂੰ ਤੋੜ ਰਿਹਾ ਸੀ ਅਤੇ ਉਸ ਦੌਰ ਵਿੱਚ ਖ਼ਾਸ ਕਰਕੇ ਨੌਜਵਾਨ ਤਬਕਾ ਸਥਾਪਤੀ ਤੋਂ ਨਾਬਰ ਹੋ ਰਿਹਾ ਸੀ। ਭਾਰਤ ਦੀ ਆਜ਼ਾਦੀ ਤੋਂ ਦੋ ਦਹਾਕੇ ਬਾਅਦ ਵੀ ਆਮ ਲੋਕਾਂ ਲਈ ਆਜ਼ਾਦੀ, ਸੁਪਨਾ ਹੀ ਬਣੀ ਹੋਈ ਸੀ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਭਾਰਤ ਵਿੱਚ ਜਿਹੜੇ ਨੌਜਵਾਨਾਂ ਦਾ ਇੱਕ ਹਿੱਸਾ ਸਾਹਮਣੇ ਮੈਦਾਨ ਵਿੱਚ ਡਟਿਆ, ਉਦਾਸੀ ਉਹਨਾਂ ਵਿਚੋਂ ਇੱਕ ਸੀ।

ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਦੇਸ਼ਵਾਸੀਆਂ ਦਾ ਸੁਪਨਾ ਸੀ ਕਿ ਦੇਸ਼ ਆਜ਼ਾਦ ਹੋਣ ਨਾਲ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦੋਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਇਉਂ ਜਾਪਣ ਲੱਗਾ ਜਿਵੇਂ ਉਹਨਾਂ ਨਾਲ ਕੋਈ ਧੋਖਾ ਹੋਇਆ ਹੋਵੇ। ਇੱਕ ਤਰ੍ਹਾਂ ਆਜ਼ਾਦੀ ਤੋਂ ਪਹਿਲਾਂ ਦੀ ਕਵਿਤਾ ਸੁਪਨੇ ਦੀ ਸਿਰਜਣਾ ਸੀ ਅਤੇ ਆਜ਼ਾਦੀ ਤੋਂ ਪਿਛੋਂ ਉਸ ਸੁਪਨੇ ਦੇ ਤਿੜਕਣ ਦੀ ਗਾਥਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਅੰਦਰ ਜੋ ਜਮਹੂਰੀਅਤ ਦਾ ਪ੍ਰਬੰਧ ਚੱਲਿਆ, ਉਸ ਨਾਲ ਰਾਜ ਤਾਂ ਬਦਲਦਾ ਰਿਹਾ ਹੈ ਪਰ ਰਾਜ ਪ੍ਰਬੰਧ ਨਹੀਂ ਬਦਲਿਆ। ਸਾਰੀਆਂ ਹੀ ਸਮੱਸਿਆਵਾਂ ਭ੍ਰਿਸ਼ਟਾਚਾਰ, ਕੁਨਬਾਪਰਵਰੀ, ਸੰਪਰਦਾਇਕਤਾ, ਜਾਤੀ ਭੇਦ-ਭਾਵ ਅਤੇ ਅਮੀਰੀ-ਗਰੀਬੀ ਦਾ ਪਾੜਾ ਪਹਿਲਾਂ ਨਾਲੋਂ ਵੀ ਵੱਧ ਗਿਆ। ਸਿੱਟੇ ਵਜੋਂ ਸਮਾਜ ਦੇ ਚੇਤੰਨ ਹਿੱਸੇ ਵਿੱਚ ਤਥਾ-ਕਥਿਤ ਜਮੂਹਰੀਅਤ ਦਾ ਪਾਜ ਉੱਘੜਣਾ ਸ਼ੁਰੂ ਹੋ ਗਿਆ। ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਾਰਲੀਮਾਨੀ ਪ੍ਰਬੰਧ ਵਿੱਚ ਕਮਿਊਨਿਸਟ ਪਾਰਟੀਆਂ ਨੇ ਵੀ ਹਿੱਸਾ ਲਿਆ।

ਕੁਝ ਰਾਜਾਂ ਵਿੱਚ ਇਨ੍ਹਾਂ ਨੇ ਸਰਕਾਰਾਂ ਬਣਾਈਆਂ ਪਰ ਜਦੋਂ ਇਨ੍ਹਾਂ ਰਾਜਾਂ ਵਿੱਚ ਵੀ ਬੁਨਿਆਦੀ ਤਬਦੀਲੀ ਨਾ ਵਾਪਰੀ, ਮੁੱਢਲੇ ਜ਼ਮੀਨੀ ਸੁਧਾਰ, ਜਿਨ੍ਹਾਂ ਵਿੱਚ ਮੁੱਖ ਨਾਅਰਾ ਜ਼ਮੀਨ ਹੱਲ਼ਵਾਹਕ ਨੂੰ ਦੇਣਾ ਸੀ, ਨਾ ਪੂਰਾ ਹੋਇਆ ਤਾਂ ਹਥਿਆਰਬੰਦ ਇਨਕਲਾਬ ਦੀ ਗੱਲ ਉੱਠੀ। ਇਸ ਵਿਚਾਰ ਨੂੰ ਗੁਆਂਢੀ ਦੇਸ਼ ਚੀਨ ਦੇ ਇਨਕਲਾਬ ਨੇ ਵੀ ਪ੍ਰੇਰਿਤ ਕੀਤਾ। ਚੀਨ ਨੇ ਭਾਰਤ ਤੋਂ ਪਿਛੋਂ ਆਜ਼ਾਦੀ ਪ੍ਰਾਪਤ ਕੀਤੀ ਸੀ ਪਰ ਕਮਿਊਨਿਸਟ ਪ੍ਰਬੰਧ ਅਧੀਨ ਤਰੱਕੀ ਦੀਆਂ ਮੰਜ਼ਿਲਾਂ ਮਾਰੀਆਂ ਤਾਂ ਕਮਿਊਨਿਸਟਾਂ ਦੇ ਇੱਕ ਹਿੱਸੇ ਵਿੱਚ ‘ਚੀਨ ਦਾ ਚੇਅਰਮੈਨ, ਸਾਡਾ ਚੇਅਰਮੈਨ’ ਦਾ ਵਿਚਾਰ ਪ੍ਰਬਲ ਹੋਇਆ ਅਤੇ ‘ਚੀਨ ਦਾ ਰਾਹ, ਸਾਡਾ ਰਾਹ’ ਦਾ ਪੈਂਤੜਾ ਮੱਲਿਆ। ਇਸ ਪ੍ਰਸੰਗ ਵਿੱਚ ਦੇਸ਼ ਦੀ ਆਜ਼ਾਦੀ ਬਾਰੇ ਇਹ ਵਿਚਾਰ ਪ੍ਰਚੱਲਿਤ ਹੋਇਆ ਕਿ ਸਿਰਫ਼ੳਮਪ; ਗੋਰੇ ਅੰਗਰੇਜ਼ਾਂ ਦੀ ਥਾਂ ਕਾਲੇ ਅੰਗਰੇਜ਼ ਆਏ ਹਨ ਅਤੇ ਜਮਹੂਰੀਅਤ ਸਰਾਸਰ ਧੋਖਾ ਹੈ। ਸੰਤ ਰਾਮ ਉਦਾਸੀ ਨੇ ਆਪਣੇ ਪ੍ਰਸਿੱਧ ਗੀਤ ‘ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ’ ਵਿੱਚ ਸਪੱਸ਼ਟ ਰੂਪ ਵਿੱਚ ਕਹਿ ਦਿੱਤਾ:-

ਵਿਹਲੜਾਂ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ,
ਕਾਮਿਆਂ ਦੀ ਜਾਨ ਲੀਰੋ ਲੀਰ ਹੋਈ ਏ।
ਤੇਰੇ ਜ਼ੁਲਮਾਂ ਦੀ,
ਤੇਰੇ ਜ਼ੁਲਮਾਂ ਦੀ ਜ਼ਾਲਮਾ, ਅਖ਼ੀਰ ਹੋਈ ਏ।
ਸੁਣ ਲਵੋ ਕਾਗੋ, ਅਸੀਂ ਕਰ ਦੇਣਾ ਤੁਹਾਨੂੰ ਪੁੱਠੇ,
ਘੁੱਗੀਆਂ ਦੇ ਬੱਚਿਆਂ ਨੂੰ ਕੋਹਣ ਵਾਲਿਓ।
ਰੋਟੀ ਬੱਚਿਆਂ ਦੇ,
ਰੋਟੀ ਬੱਚਿਆਂ ਦੇ ਹੱਥਾਂ ਵਿਚੋਂ ਖੋਹਣ ਵਾਲਿਓ।

ਇਹੀ ਰੰਗ ਉਸਦੀ ਦੀ ‘ਪੰਦਰਾਂ ਅਗਸਤ ਦੇ ਨਾਂ’ ਕਵਿਤਾ ਵਿੱਚ ਮਿਲਦਾ ਹੈ। ਜਦੋਂ ਉਹ ਲਿਖਦਾ ਹੈ:-

ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ,
ਬੜੇ ਹੀ ਅਸੀਂ ਦੁਖੜੇ ਜ਼ਰੇ।
ਆਖਣਾ ਸਮੇਂ ਦੀ ਸਰਕਾਰ ਨੂੰ,
ਉਹ ਗਹਿਣੇ ਸਾਡਾ ਦੇਸ਼ ਨਾ ਧਰੇ।
ਉੱਚੀ ਕਰ ਕੇ ਆਵਾਜ਼, ਮਜ਼ਦੂਰ ਨੇ ਹੈ ਕਹਿਣਾ।
ਹਿੱਸਾ ਦੇਸ਼ ਦੀ ਆਜ਼ਾਦੀ ਵਿੱਚੋਂ, ਅਸੀਂ ਵੀ ਹੈ ਲੈਣਾ।
ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਧਰੇ।
ਆਖਣਾ ਸਮੇਂ ਦੀ ਸਰਕਾਰ ਨੂੰ,
ਉਹ ਗਹਿਣੇ ਸਾਡਾ ਦੇਸ਼ ਨਾ ਧਰੇ।


‘ਆਜ਼ਾਦੀ ਦਾ ਉਹ ਦਿਨ’ ਕਵਿਤਾ ਵਿੱਚ ਉਹ ਪੂੰਜੀਪਤੀਆਂ ਵਲੋਂ ਲੋਕਾਂ ਨੂੰ ਆਪਸ ਵਿੱਚ ਪਾੜਨ ਦੇ ਸਾਰੇ ਢੰਗ ਤਰੀਕਿਆਂ ਨੂੰ ਨੰਗਾ ਕਰਦਾ ਹੈ। 14 ਅਗਸਤ 1975 ਨੂੰ ਐਮਰਜੈਂਸੀ ਦੇ ਸਮੇਂ ਹਵਾਲਾਤ, ਸ਼ਹਿਣਾ ਥਾਣੇ ਅੰਦਰ ਲਿਖੀ ਕਵਿਤਾ ਨੇ ਤਾਂ ਆਜ਼ਾਦੀ ਦਾ ਸਾਰਾ ਹੀਜ਼-ਪਿਆਜ਼ ਨੰਗਾ ਕਰ ਦਿੱਤਾ। ਜਦੋਂ ਉਸ ਨੇ ਸਪੱਸ਼ਟ ਲਿਖ ਦਿੱਤਾ:-
ਐਤਕੀਂ ਤਾਂ ਬਹੁਤ ਲੰਮੀ ਹੋ ਜਾਏਗੀ
ਰਾਸ਼ਟਰਪਤੀ ਅਵਾਰਡਾਂ ਦੀ ਲਿਸਟ
ਤੇ ਉਦੂੰ ਵੀ ਬਹੁਤ ਲੰਬੇ ਹੋ ਜਾਣਗੇ
ਵੱਢੀਆਂ ਲੈਣ ਲਈ ਅਫ਼ਸਰਾਂ ਦੇ ਹੱਥ
ਤੇ ਏਦੂੰ ਵੀ ਸੈਂਕੜੇ ਗੁਣਾ ਵੱਧ ਜਾਏਗੀ
ਜੇਲ੍ਹ ਸੁਪਰਡੈਂਟਾਂ ਨੂੰ ਸਿਆਸੀ ਕੈਦੀਆਂ ਨੂੰ ਸਾਂਭਣ ਦੀ ਸਿਰਦਰਦੀ
ਪਰ ਬਹੁਤ ਛੋਟੇ ਹੋ ਜਾਣਗੇ ਥਾਣਿਆਂ ਦੇ ਰੋਜ਼ਨਾਮਚੇ
ਕਿਉਂਕਿ ਪੁਲਿਸ ਨੂੰ ਬਹੁਤ ਕਾਹਲ ਹੋਏਗੀ
‘ਰੋਟੀ ਮੰਗਦੇ ਸਮਾਜ ਵਿਰੋਧੀ ਅਨਸਰ’ ਨਾਲ
ਨਹਿਰ ਦੇ ਪੁਲ ‘ਤੇ ਮੁਕਾਬਲਾ ਦਿਖਾਉਣ ਲਈ
ਮਨਾਇਆ ਤਾਂ ਐਤਕੀ ਵੀ ਜਾਏਗਾ ਆਜ਼ਾਦੀ ਦਾ ਦਿਨ।
ਲਾਏ ਜਾਣਗੇ ਵਿਧਾਨ ਦੀ ਰੱਖਿਆ ਦੇ ਨਾਹਰੇ
ਪਰ ਹਰ ਵੱਡੇ ਨੂੰ ਹੱਕ ਹੋਏਗਾ ਵਿਧਾਨ ਦੀ ਨਾੜ ਮਰੋੜਨ ਦਾ
ਕਿਉਂਕਿ ਇਹ ਕਿਹੜਾ ਗੁਰੁ ਗੋਬਿੰਦ ਸਿੰਘ ਜੀ ਦਾ ਸਿਧਾਂਤ ਹੈ
ਜਾਂ ਇੰਨਟੈਰੋਗੇਸ਼ਨ ਵਿੱਚ ਨਿਭਾਇਆ ਗਿਆ ‘ਕਾਮਰੇਡਾਂ ਦਾ ਸਿਦਕ’
ਵਿਧਾਨ ਦੇ ਕਿਸੇ ਵੀ ਅੰਗ ਦੀ ਭੰਨ ਤੋੜ
ਅੱਤ ਜ਼ਰੂਰੀ ਹੈ ਸਾਡੇ ‘ਅੱਵਲ ਨੰਬਰ ਦੇ ਲੋਕਰਾਜ’ ਦੀ
‘ਸਿਹਤ’ ਅਤੇ ‘ਸੇਧ’ ਲਈ।
ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ।

    
ਸੰਤ ਰਾਮ ਉਦਾਸੀ ਕਾਵਿ ਵਿੱਚ ਦੇਸ਼ ਦੀ ਆਜ਼ਾਦੀ ਨੂੰ ਸੱਤਾ ਤਬਦੀਲੀ ਪਿੱਛੋਂ ਬਸਤੀਆਂ ਰਹੇ ਦੇਸ਼ਾਂ ਵਿੱਚ ਪੈਦਾ ਹੋਈ ਦਲਾਲ ਸਰਮਾਏਦਾਰੀ ਦੇ ਕਿਰਦਾਰ ਨੂੰ, ਇਸੇ ਦਲਾਲ ਸਰਮਾਏਦਾਰੀ ਵਲੋਂ ਪੇਂਡੂ ਖੇਤਰ ਵਿੱਚ ਜਾਣ ਬੁੱਝ ਕੇ ਰੱਖੀ ਜਗੀਰਦਾਰੀ ਰਹਿੰਦਖੂੰਦ ਨੂੰ ਅਤੇ ਉਨ੍ਹਾਂ ਦੇ ਗੱਠਜੋੜ ਨੂੰ ਚੰਗੀ ਤਰ੍ਹਾਂ ਨੰਗਾ ਕੀਤਾ ਹੈ। ਵਾਰ-ਵਾਰ ਸਿੱਧ ਕੀਤਾ ਹੈ ਕਿ ਮੌਜੂਦਾ ਪ੍ਰਬੰਧ ਵਿੱਚ ਰਾਜਸੀ ਪਾਰਟੀਆਂ ਅਤੇ ਪੁਲਿਸ ਦਾ ਗੱਠਜੋੜ ਬੜਾ ਗੂੜ੍ਹਾ ਹੈ, ਜਿਸ ਵਿੱਚ ਹਰ ਕਿਸਮ ਦੇ ਮਿਹਨਤ ਕਰਨ ਵਾਲੇ ਕਿਰਤੀ, ਕਿਸਾਨ ਅਤੇ ਛੋਟੇ ਨੌਕਰੀਪੇਸ਼ਾ ਦਾ ਖੂਨ ਚੂਸਿਆ ਜਾ ਰਿਹਾ ਹੈ। ਉਦਾਸੀ ਇਸ ਦਾ ਹੱਲ ਕਿਸੇ ਪਾਰਲੀਮਾਨੀ ਪ੍ਰਬੰਧ ਜਾਂ ਕਿਸੇ ਸੁਧਾਰ ਵਿੱਚ ਨਹੀਂ ਦੇਖਦਾ, ਸਗੋਂ ਇਨਕਲਾਬ ਵਿੱਚ ਹੀ ਦੇਖਦਾ ਸੀ:-
• ਮੈਂ ਥੱਕ ਗਿਆ ਹਾਂ ਸੁਣ-ਸੁਣ ਕੇ, ਅੱਜ ਕਹਿਣ ਦੀ ਹਿੰਮਤ ਕਰਦਾ ਹਾਂ।
ਲਹਿਰਾ ਝੰਡਾ ਸੰਗਰਾਮਾਂ ਦਾ, ਅੱਜ ਫੇਰ ਬਗਾਵਤ ਕਰਦਾ ਹਾਂ।
ਫਿਰ ਕਿਉਂ ਨਾ ਅੱਜ ਮਜ਼ਦੂਰ ਕਹੇ, ਜੋ ਧਰਤੀ ‘ਤੇ ਉਹ ਮੇਰਾ ਏ।
ਜਿਸ ਨੂੰ ਤੂੰ ਆਪਣਾ ਦੇਸ਼ ਕਹੇ, ਉਹ ਤੇਰਾ ਨਹੀਂ ਉਹ ਮੇਰਾ ਏ।
(ਮਜ਼ਦੂਰ ਦੀ ਦੇਸ਼-ਸੇਵਾ)
• ਕੁੱਤੇ ਜਿਹੀ ਇਨਸਾਨ ਦੀ ਕਦਰ ਹੈ ਨਾ,
ਅੱਗੋਂ ਮੰਗਦੇ ਨਾ ਸਾਥੋਂ ਵਫ਼ੳਮਪ;ਾਦਾਰੀ।
ਜਾਂ ਤਾਂ ਅਸੀਂ ਹੀ ਰਹਾਂਗੇ ਦੇਸ਼ ਅੰਦਰ,
ਜਾਂ ਫਿਰ ਰਹੇਗੀ ਇੱਥੇ ਸਰਮਾਏਦਾਰੀ।
(ਲਲਕਾਰ: ਮਜ਼ਦੂਰ ਦੇ ਨਾਂ)
• ਜਿਹੜੀ ਖੂਨ ਹੈ ਕਿਰਤ ਦਾ ਪੀਂਦੀ, ਤੋੜ ਦੇਣੀ ਤਨ ਦੇ ਉੱਤੋਂ।
ਜੋਕ ਵੇ! ਲੋਕੀਂ ਅੱਜ ਨਿਕਲ ਪਏ ਹਿੱਕਾਂ ਠੋਕ ਵੇ।
(ਲੋਕ ਰੰਗ)
• ਫੇਰ ਸਾਡੇ ਪਿੰਡਾਂ ‘ਚੋਂ ਨਿਰਾਸ਼ਾ ਨਾ ਤੂੰ ਜਾਏਂਗਾ।
ਚੂੜੀਆਂ ਦੇ ਨਾਲ ਜਦੋਂ ਚਾਕੂ ਵੀ ਲਿਆਏਂਗਾ।
ਅਸੀਂ ਪਾੜ੍ਹਨਾ ਕਨੂੰਨ ਦਾ ਵੇ ਖੋਖਾ
ਖੋਖਾ ਵੇ ਵੀਰਾ ਵਣਜਾਰਿਆ
(ਚੂੜੀਆਂ ਦਾ ਹੋਕਾ)

   
ਜਿਵੇਂ-ਜਿਵੇਂ ਮਨੁੱਖ ਨੂੰ ਗਿਆਨ ਵਿਗਿਆਨ ਦੀ ਤਰੱਕੀ ਨਾਲ ਧਰਤੀ ਦੀ ਸ਼ਕਲ ਅਤੇ ਆਕਾਰ ਦਾ ਪਤਾ ਲੱਗਿਆ। ਉਵੇਂ-ਉਵੇਂ ਹੀ ਸ਼ਕਤੀਸ਼ਾਲੀ ਕੌਮਾਂ ਨੇ ਆਪਣੇ-ਆਪਣੇ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰਲੇ ਦੇਸ਼ਾਂ ਦੀਆਂ ਸਰਹੱਦਾਂ ‘ਤੇ ਕਬਜ਼ੇ ਕਰਨੇ ਸ਼ੁਰੂ ਕੀਤੇ। ਉਦਯੋਗਿਕ ਵਿਕਾਸ ਤੋਂ ਪਹਿਲਾਂ ਦੂਜੇ ਦੇਸ਼ਾਂ ਨੂੰ ਜਿੱਤਣ ਦਾ ਮਤਲਬ ਸਿਰਫ ਆਪਣੇ ਦੇਸ਼ ਵਿੱਚ ਮਿਲਾ ਲੈਣ ਜਾਂ ਉਥੋਂ ਦੇ ਹਾਕਮਾਂ ਤੋਂ ਈਨ ਮਨਾ ਲੈਣ ਤੱਕ ਹੀ ਸੀ। ਉਦਯੋਗਿਕ ਵਿਕਾਸ ਨਾਲ ਮੰਡੀ ਅਰਥਚਾਰੇ ਨੇ ਦੂਜੇ ਦੇਸ਼ਾਂ ਦਾ ਕੱਚਾ ਮਾਲ ਲੁੱਟਣ ਅਤੇ ਮੁੜ ਆਪਣਾ ਤਿਆਰ ਮਾਲ ਉਨ੍ਹਾਂ ਮੰਡੀਆਂ ਵਿੱਚ ਵੇਚਣ ਦੀ ਪ੍ਰਥਾ ਪਾਈ। ਇਸ ਨਾਲ ਹੀ ਅਧੁਨਿਕ ਸਾਮਰਾਜਾਂ ਦਾ ਜਨਮ ਹੋਇਆ।ਇਹ ਸਾਮਰਾਜੀ ਜਾਲ ਇੱਕ ਸਮੇਂ ਪੂਰੀ ਦੁਨੀਆਂ ਵਿੱਚ ਫੈਲ ਗਿਆ ਸੀ। ਇਸ ਸਾਮਰਾਜ ਦਾ ਵਿਰੋਧ ਕੌਮੀ ਲਹਿਰਾਂ ਨੇ ਕੀਤਾ। ਕੌਮੀ ਲਹਿਰਾਂ ਦੀ ਅਗਵਾਈ ਧਰਤੀ ਦੇ ਵੱਖ-ਵੱਖ ਖਿੱਤਿਆਂ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕਾਂ ਦੇ ਹੱਥਾਂ ਵਿੱਚ ਸੀ। ਕਿਤੇ ਕਮਿਊਨਿਸਟ ਅਗਵਾਈ ਕਰ ਰਹੇ ਸਨ। ਕਿਤੇ ਕੌਮੀ ਸਰਮਾਏਦਾਰੀ ਅਗਵਾਈ ਕਰਦੀ ਸੀ। ਕਿਤੇ ਇਸ ਦਾ ਰੂਪ ਜਨਤਕ ਵਿਰੋਧਤਾਈ ਦਾ ਸੀ ਅਤੇ ਕਿਤੇ ਗੁਪਤ ਹਥਿਆਰਬੰਦ ਵਿਰੋਧਤਾ ਦਾ। ਇਸੇ ਸਮੇਂ ਹੀ ਅੰਤਰ-ਰਾਸ਼ਟਰੀਵਾਦ ਦਾ ਜਨਮ ਹੋਇਆ। ਇਕ ਤਰ੍ਹਾਂ ਨਾਲ ਅੰਤਰ ਰਾਸ਼ਟਰੀਵਾਦ ਸਾਮਰਾਜੀ ਸਰਮਾਏਦਾਰੀ ਦੀ ਵਿਰੋਧੀ ਵਿਚਾਰਧਾਰਾ ਹੈ। ਜਿਸ ਵਿੱਚ ਆਜ਼ਾਦੀ ਲਈ ਤਾਂਘਦੀਆਂ ਕੌਮਾਂ ਇੱਕ ਦੂਸਰੇ ਦੀ ਸਹਾਇਤਾ ਕਰਨਾ ਲੋਚਦੀਆਂ ਹਨ ਅਤੇ ਇੱਕ ਦੂਸਰੇ ਨਾਲ ਬਰਾਬਰੀ ਦੇ ਆਧਾਰ ‘ਤੇ ਸਬੰਧ ਸਥਾਪਿਤ ਕਰਦੀਆਂ ਹਨ। ਰੂਸ ਦੇ ਅਕਤੂਬਰ 1917 ਦੇ ਇਨਕਲਾਬ ਤੋਂ ਬਾਅਦ ਹੀ ਅੰਤਰ-ਰਾਸ਼ਟਰੀਵਾਦ ਫੈਲਣਾ ਸ਼ੁਰੂ ਹੋਇਆ ਸੀ ਪਰ ਦੂਜੀ ਸੰਸਾਰ ਜੰਗ ਤੋਂ ਬਾਅਦ ਇਹ ਵਿਚਾਰ ਬਹੁਤ ਹੀ ਤੇਜ਼ੀ ਨਾਲ ਫੈਲਿਆ ਕਿ ਸਾਰੀਆਂ ਦਬਾਈਆਂ ਕੌਮਾਂ ਇਕੱਠੀਆਂ ਹੋਣ ਅਤੇ ਇੱਕ ਦੂਸਰੇ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ। ਸੰਤ ਰਾਮ ਉਦਾਸੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਇਸ ਪ੍ਰਸੰਗ ਵਿੱਚ ਵਿਚਾਰੀਆਂ ਜਾ ਸਕਦੀਆਂ ਹਨ। ‘ਲੈਨਿਨ ਦੇ ਨਾਂ’, ‘ਵੀਅਤਕਾਂਗੀ ਕੁੜੀ ਦਾ ਪਿਆਰ’, ‘ਸੂਰਮੇ ਵਿਅਤਕਾਂਗੀ ਬੱਚੇ’, ‘ਵੀਅਤਨਾਮ’, ‘ਦੁਨੀਆਂ ਭਰ ਦੇ ਕਾਮਿਓ’, ‘ਸਾਥੀ ਮਾਓ ਦੇ ਨਾਂ’ ਆਦਿ ਕਵਿਤਾਵਾਂ ਉਸਦੇ ਅੰਤਰ ਰਾਸ਼ਟਰੀ ਸਰੋਕਾਰਾਂ ਨੂੰ ਦਰਸਾਉਂਦੀਆਂ ਹਨ। ਉਹ ਰੂਸ, ਚੀਨ, ਵੀਅਤਨਾਮ ਵਰਗੇ ਇਨਕਲਾਬ ਕਰ ਚੁੱਕੇ ਜਾਂ ਇਨਕਲਾਬ ਦੇ ਰਾਹ ਪਏ ਹੋਏ ਲੋਕਾਂ ਨਾਲ ਸਾਂਝ ਵਧਾਉਂਦਾ ਹੈ। ਅਸਲ ਵਿੱਚ ਤਾਂ ਸੰਤ ਰਾਮ ਉਦਾਸੀ ਦੀ ਮੁੱਖ ਖਾਸੀਅਤ ਹੀ ਇਹ ਸੀ ਕਿ ਉਹ ਅੰਤਰ ਰਾਸ਼ਟਰੀ ਪੱਧਰ ਦੇ ਗੰਭੀਰ ਰਾਜਨੀਤਿਕ ਮੁੱਦਿਆਂ ਨੂੰ ਲੋਕ ਭਾਸ਼ਾ ਵਿੱਚ ਸੌਖਿਆਂ ਕਰਕੇ ਸਮਝਾਉਣ ਦੀ ਸਮਰੱਥਾ ਰੱਖਦਾ ਸੀ। ਇਹਦੇ ਲਈ ‘ਵੀਅਤਨਾਮ’ ਕਵਿਤਾ ਦੇਖੀ ਜਾ ਸਕਦੀ ਹੈ।

ਦੁਨੀਆਂ ਦੇ ਲੋਕੋ ਵੇ, ਧਰਤੀ ਦੇ ਜਾਇਓ ਵੇ।
ਇੱਕ ਗੀਤ ਸੁਣਾਵਾਂ ਮੈਂ, ਇੱਕ ਬਾਤ ਸੁਣਾਵਾਂ ਮੈਂ।
ਜੋ ਦਰਦ ਕਹਾਣੀ ਏ, ਪਰ ਸਭ ਦੀ ਸਾਂਝੀ ਏ।
ਦੁਨੀਆਂ ਦੇ ਲੋਕੋ ਵੇ, ਧਰਤੀ ਦੇ ਜਾਇਓ ਵੇ।
ਉਸ ਪਾਰ ਸਮੁੰਦਰ ਵਿੱਚ, ਇੱਕ ਨਾਗ ਵਸੇਂਦਾ ਏ।
ਜੋ ਬੜਾ ਜ਼ਹਿਰੀਲਾ ਏ, ਜਨਤਾ ਦਾ ਵੈਰੀ ਏ।
ਉਹ ਪੱਛਮ ਵਿੱਚ ਰਹਿੰਦਾ, ਅਸੀ ਪੂਰਬ ਵਿੱਚ ਰਹਿੰਦੇ।
ਉਹ ਉਸ ਕਿਨਾਰੇ ‘ਤੇ, ਅਸੀਂ ਇਸ ਕਿਨਾਰੇ ਹਾਂ।
ਪਰ ਫਿਰ ਵੀ ਡਰ ਉਸਦਾ, ਪੂਰਬ ਦੀ ਧਰਤੀ ਨੂੰ।
ਦੁਨੀਆਂ ਦੇ ਲੋਕੋ ਵੇ………………………।
ਉਹ ਉਸ ਕਿਨਾਰੇ ‘ਤੇ ਹੈ ਜ਼ਹਿਰਾਂ ਘੋਲ ਰਿਹਾ।
ਇਸ ਦੁਧੀਏ ਪਾਣੀ ਵਿੱਚ, ਅਮਨਾਂ ਦੇ ਸਾਗਰ ਵਿੱਚ।
‘ਤੇ ਘੋਲ-ਘੋਲ ਜ਼ਹਿਰਾਂ ਸਾਡੇ ਵੱਲ ਘੱਲ ਰਿਹਾ।
ਦੁਨੀਆਂ ਦੇ ਲੋਕੋ ਵੇ, ਜਾਗੋ ਵੇ ਸੰਭਲੋ ਵੇ।
ਦੁਨੀਆਂ ਦੇ ਲੋਕੋ ਵੇ…………………………।
ਤੁਹਾਨੂੰ ਸਹੁੰ ਖੇਤਾਂ ਦੀ, ਤੁਹਾਨੂੰ ਸਹੁੰ ਬੱਚਿਆਂ ਦੀ।
ਤੇ ਸਹੁੰ ਏਸ਼ੀਆ ਦੀ, ਪੂਰਬ ਦੀ ਧਰਤੀ ਦੀ।
ਇੱਕ ਸੋਟਾ ਏਕੇ ਦਾ, ਆਪਣੇ ਹੱਥ ਫੜੀਏ ਵੇ।
ਤੇ ਉਸ ਕਿਨਾਰੇ ਜਾ, ਫ਼ੳਮਪ;ਨੀਅਰ ਦੇ ਜੜੀਏ ਵੇ।
ਦੁਨੀਆਂ ਦੇ ਲੋਕੋ ਵੇ…………………………।
ਉਸ ਏਸ ਸਮੁੰਦਰ ਵਿੱਚ ਜੋ ਜ਼ਹਿਰ ਮਿਲਾਈ ਏ।
ਜੋ ਕਹਿਰ ਮਚਾਇਆ ਏ, ਜੋ ਮੌਤ ਰਲਾਈ ਏ।
ਪੀ ਅੰਮ੍ਰਿਤ ਏਕੇ ਦਾ, ਜ਼ਹਿਰਾਂ ਸਭ ਚੂਸ ਲਈਏ।
ਜ਼ਹਿਰਾਂ ਸਭ ਚੂਸ ਲਈਏ, ਪਾਣੀ ਨੂੰ ਧੋ ਸੁਟੀਏ
ਦੁਨੀਆਂ ਦੇ ਲੋਕੋ ਵੇ, ਧਰਤੀ ਦੇ ਜਾਇਓ ਵੇ।

   
ਸਾਮਰਾਜੀ ਜਾਲ ਫੈਲਣ ਤੋਂ ਬਾਅਦ ਧਰਤੀ ਉੱਪਰ ਦੋ ਕਿਸਮ ਦੀਆਂ ਲੜਾਈਆਂ ਚੱਲਦੀਆਂ ਰਹੀਆਂ ਹਨ। ਇੱਕ ਲੜਾਈ ਸਾਮਰਾਜੀਆਂ ਦੀ ਧਰਤੀ ਨੂੰ ਆਪਸ ਵਿੱਚ ਵੰਡਣ ਦੀ ਸੀ ਅਤੇ ਦੂਸਰੀ ਸਾਮਰਾਜੀਆਂ ਤੋਂ ਮੁਕਤ ਹੋਣ ਦੀ ਕੌਮੀ ਮੁਕਤੀ ਦੀ ਲੜਾਈ ਸੀ। ਦੋ ਸੰਸਾਰ ਜੰਗਾਂ ਸਾਮਰਾਜੀਆਂ ਦੀਆਂ ਆਪਸੀ ਖਹਿਬਾਜ਼ੀ ਦਾ ਸਿੱਟਾ ਸਨ, ਜਿਸ ਵਿੱਚ ਬੇਦੋਸ਼ੇ ਲੋਕਾਂ ਨੂੰ ਆਪਸ ਵਿੱਚ ਭਾੜੇ ‘ਤੇ ਲੜਾਇਆ ਜਾਂਦਾ ਸੀ। ਇਨ੍ਹਾਂ ਸਾਮਰਾਜੀ ਜੰਗਾਂ ਦਾ ਅਸਲੀ ਖਾਤਮਾ ਤਾਂ ਸਾਮਰਾਜ ਤੋਂ ਮੁਕਤੀ ਹੀ ਸੀ ਪਰ ਇੱਕ ਸੰਸਾਰ ਪੱਧਰ ‘ਤੇ ਅਮਨ ਦੀ ਲ਼ਹਿਰ ਚੱਲੀ ਜੋ ਸਾਮਰਾਜੀ ਵਿਰੋਧੀ ਤਾਕਤਾਂ ਲਈ ਇੱਕ ਪੈਂਤੜੇਬਾਜ਼ੀ ਵਜੋਂ ਹਥਿਆਰ ਸੀ। ਇਸ ਅਮਨ ਲ਼ਹਿਰ ਦਾ ਜ਼ੋਰ ਦੂਜੀ ਸੰਸਾਰ ਜੰਗ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਚੱਲਿਆ ਸੀ। ਇਹੀ ਕਿਤੇ ਨਾ ਕਿਤੇ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਵਿੱਚੋਂ ਮਿਲਦਾ ਹੈ। ਇਸ ਪ੍ਰਸੰਗ ਵਿੱਚ ਉਸਦੀਆਂ ਕਵਿਤਾਵਾਂ ‘ਅਮਨ ਦੀ ਹੂਕ’ ਅਤੇ ‘ਸਮਾਜਵਾਦੀ ਜੰਗ’ ਪੜ੍ਹੀਆਂ ਜਾ ਸਕਦੀਆਂ ਹਨ। ਖੂਬਸੂਰਤ ਗੱਲ ਇਹ ਹੈ ਕਿ ਉਦਾਸੀ ਇਨ੍ਹਾਂ ਕਵਿਤਾਵਾਂ ਵਿੱਚ ਅਮਨ ਦੀ ਸਾਮਰਾਜੀ ਪਰਿਭਾਸ਼ਾ ਤੋਂ ਮੁਕਤ ਹੈ। ਉਹ ਤਾਂ ਅਮਨ ਨੂੰ ਇਨਕਲਾਬੀਆਂ ਦੀ ਨਜ਼ਰ ਤੋਂ ਦੇਖਦਾ ਹੈ। ਇਸੇ ਲਈ ਉਹ ਦੋਹਾਂ ਜੰਗਾਂ ਦੇ ਦਰਮਿਆਨ ਫ਼ਰਕ ਕਰਦਾ ਹੈ।

ਸੱਚ ਦੱਸੀਂ ਫੀਤੀ ਜਦੋਂ ਸੂਟ ‘ਤੇ ਲਵਾਈ ਸੀ।
ਮਾਰੇ ਮੇਰੇ ਵੀਰ ਜਾਂ ਤੇਰੇ ਬਾਪ ਦੇ ਜਵਾਈ ਸੀ।
ਤਾਹੀਓਂ ਪਿੰਡਾਂ ‘ਚ ਖੁੱ੍ਹਲੇ ਨਾ ਅੱਖ ਤੇਰੀ……..।
ਮੈਨੂੰ ਚੰਗਾ ਲੱਗੇ ਨਾ ਦਿਹਾੜੀਦਾਰ ਯੋਧਾ ਵੇ।
ਜਾਣੇ ਨਾ ਬਰੂਦ ਕੀ ਅਰਥ ਹੁੰਦਾ ਮੋਹ ਦਾ ਵੇ।
ਬਾਲ ਵੇਖ ਸਾਰੀ ਭੁੱਖ ਲਹਿ ਜਾਊ ਤੇਰੀ……।
ਆਉਣ ਦੀ ਚਿੱਠੀ ਨਾ ਪਾਈ ਇੱਕ ਵੀ ਨਾ ਜਾਕੇ ਨੀ।
ਖ਼ਬਰੇ ਕੀ ਤੋਰਿਆ ਏ ਪਿਪੜੀ ਪੜ੍ਹਾਕੇ ਨੀ।
ਗੱਲ ਉਤਲੇ ਪਤੇ ਦੀ ਹੁੰਦੀ ਤੇਰੀ………………..।
(ਅਮਨ ਦੀ ਹੂਕ)


ਦੂਸਰੇ ਪਾਸੇ ਉਹ ਸਮਾਜਵਾਦੀ ਜੰਗ ਨੂੰ, ਭਾਵ ਕੌਮੀ ਮੁਕਤੀ ਲਹਿਰ ਦੀ ਜੰਗ ਨੂੰ ਰੋਟੀ ਜਿੰਨੀ ਮੰਗ ਦੱਸਦਾ ਹੈ। ਉਹ ਲਿਖਦਾ ਹੈ:
ਤੂੰ ਕਾਮਿਆਂ ਦੀ ਜਿੱਤ ਦਾ ਨਿਸ਼ਾਨ ਹੈਂ, ਜੋ ਮੱਥੇ ਲਾਇਆ ਚਾਰੇ ਕੂਟਾਂ ਦੇ।
ਜੰਗ ਵੇ! ਜੰਗ ਵੇ!! ਦੁਨੀਆਂ ਦੇ ਕਾਮਿਆਂ ਲਈ, ਤੂੰ ਰੋਟੀ ਜਿੰਨੀ ਮੰਗ ਵੇ।
(ਸਮਾਜਵਾਦੀ ਜੰਗ)

  
 ਇਸ ਕਵਿਤਾ ਨੂੰ ਜੇ ਅਸੀਂ ਨਕਸਲਵਾੜੀ ਲ਼ਹਿਰ ਦੇ ਹੋਰ ਕਵੀਆਂ ਜਿਵੇਂ ਪਾਸ਼ ਦੀ ‘ਯੁੱਧ ਅਤੇ ਸ਼ਾਂਤੀ’, ‘ਤੀਸਰਾ ਮਹਾਂ ਯੁੱਧ’ ਅਤੇ ਓਮ ਪ੍ਰਕਾਸ਼ ਸ਼ਰਮਾ ਦੀ ‘ਜੰਗ ਅਜੇ ਮੁੱਕੀ ਨਹੀਂ’ ਨਾਲ ਜੋੜ ਕੇ ਪੜ੍ਹੀਏ ਤਾਂ ਇਸ ਲ਼ਹਿਰ ਦੇ ਕਵੀ ਸਾਮਰਾਜੀ ਭਰਾ ਮਾਰੂ ਜੰਗਾਂ ਦਾ ਵਿਰੋਧ ਅਮਨ ਦੇ ਪੈਂਤੜੇ ਤੋਂ ਕਰਦੇ ਸਨ ਪਰ ਸਾਮਰਾਜ ਖਿਲਾਫ਼ੳਮਪ; ਉੱਠ ਰਹੀਆਂ ਹਥਿਆਰਬੰਦ ਕੌਮੀ ਲ਼ਹਿਰਾਂ ਨੂੰ ਜੀ ਆਇਆਂ ਆਖਦੇ ਸਨ। ਜੰਗਾਂ ਦਰਮਿਆਨ ਅਜਿਹਾ ਸੂਖਮ ਨਿਖੇੜਾ ਰਾਜਸੀ ਦਸਤਾਵੇਜ਼ਾਂ ਵਿੱਚ ਕਰਨਾ ਤਾਂ ਸੰਭਵ ਹੁੰਦਾ ਹੈ ਪਰ ਕਵਿਤਾ ਵਰਗੀ ਵਿਧਾ ਵਿੱਚ ਇਸ ਨੂੰ ਲੋਕ ਪੱਧਰ ‘ਤੇ ਸਮਝਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਮਾਣ ਵਾਲੀ ਗੱਲ ਇਹ ਹੈ ਕਿ ਉਦਾਸੀ ਦੇ ਹਿੱਸੇ ਇਹ ਕਾਰਨਾਮਾ ਕਰਨਾ ਆਇਆ ਹੈ।

   
ਸੰਤ ਰਾਮ ਉਦਾਸੀ ਬੁਨਿਆਦੀ ਤੌਰ ‘ਤੇ ਰਾਜਸੀ ਚੇਤਨਾ ਦਾ ਕਵੀ ਹੈ ਅਤੇ ਉਹ ਰਾਜਸੀ ਸਰੋਕਾਰਾਂ ਨੂੰ ਪ੍ਰਮੁੱਖਤਾ ਦਿੰਦਾ ਸੀ ਪਰ ਇਸ ਦੇ ਬਾਵਜੂਦ ਉਸ ਦੀ ਕਵਿਤਾ ਵਿੱਚ ਸਮਾਜਿਕ ਅਤੇ ਸਭਿਆਚਾਰਕ ਸਰੋਕਾਰਾਂ ਨੂੰ ਵੀ ਥਾਂ ਮਿਲੀ ਹੋਈ ਹੈ। ਉਸਦਾ ਇਨ੍ਹਾਂ ਮਸਲਿਆਂ ਪ੍ਰਤੀ ਦ੍ਰਿਸ਼ਟੀਕੋਣ ਰਾਜਸੀ ਹੀ ਸੀ। ਭਾਰਤੀ ਸਮਾਜ ਵਿੱਚ ਔਰਤ ਦੀ ਹਾਲਤ ਮੁੱਢ ਤੋਂ ਹੀ ਮਾੜੀ ਰਹੀ ਹੈ। ਆਧੁਨਿਕਤਾ ਨਾਲ ਇਸ ਵਿੱਚ ਕੁਝ ਫ਼ੳਮਪ;ਰਕ ਪਿਆ ਹੈ ਪਰ ਅਕਸਰ ਕੁਝ ਕਵੀ ਔਰਤ ਪ੍ਰਤੀ ਜ਼ਿਆਦਾਤਰ ਤਰਸ ਭਾਵਨਾ ਤਾਂ ਪੈਦਾ ਕਰਦੇ ਸਨ ਪਰ ਉਸ ਦੀ ਹਾਲਤ ਨੂੰ ਗੌਰਵਮਈ ਢੰਗ ਨਾਲ ਬਹੁਤ ਘੱਟ ਚਿਤਰਦੇ ਸਨ। ਸੰਤ ਰਾਮ ਉਦਾਸੀ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਕੁੜੀ ਦੇ ਜਜ਼ਬਾਤ ਨੂੰ ਜ਼ੁਬਾਨ ਦਿੰਦਾ ਹੈ। ਖੂਬਸੂਰਤ ਗੱਲ ਇਹ ਹੈ ਕਿ ਕੁੜੀ ਇਸ ਵਿੱਚ ਬਹੁਤੀ ਵਿਚਾਰੀ ਨਹੀਂ ਹੈ ਸਗੋਂ ਸਵੈ-ਮਾਣ ਨਾਲ ਭਰੀ ਹੋਈ ਹੈ।

ਪੁੱਤ ਬਣਕੇ ਕਮਾਊਂ ਘਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
ਚਿੱਤ ਨਾ ਡੁਲਾਈ ਬਾਬਲਾ……
ਲੋਕੀਂ ਕਹਿੰਦੇ ਪੁੱਤ ਬਿਨਾਂ ਜਗ ‘ਚ ਮਿਲਾਪ ਨੀਂ
ਮੈਂ ਤਾਂ ਕਹਾਂ ਜਿਹਦੇ ਧੀ ਨਾ, ਉਹ ਤਾਂ ਸਹੀ ਬਾਪ ਨੀਂ
ਪੁੱਤ ਹੁੰਦੇ ਨੇ ਕੁਲੱਛਣੇ ਵਥੇਰੇ
ਚਿੱਤ ਨਾ ਡੁਲਾਈਂ ਬਾਬਲਾ…………
(ਚਿੱਤ ਨਾ ਡੁਲਾਈਂ ਬਾਬਲਾ)


‘ਕਾਲੀ ਕੁੜੀ ਦਾ ਗੀਤ’ ਕੇਵਲ ਕੁੜੀ ਦੀਆਂ ਭਾਵਨਾਵਾਂ ਨੂੰ ਨਹੀਂ ਦਰਸਾਉਂਦਾ, ਸਗੋਂ ਉਸ ਵਿੱਚ ਸੁੰਦਰਤਾ ਦੇ ਬੁਰਜੂਆ ਸੁਹਜ ਮਿਆਰਾਂ ਨੂੰ ਇਨਕਲਾਬੀ ਪੱਖ ਤੋਂ ਰੱਦਿਆ ਗਿਆ ਹੈ ਜਿਨ੍ਹਾਂ ਵਿੱਚ ਗੋਰੇ ਰੰਗ ਨੂੰ ਤਰਜੀਹ ਦਿੱਤੀ ਗਈ ਹੈ। ਲੇਖਕ ਨੇ ਕਾਲੇ ਰੰਗ ਨੂੰ ਮਿਹਨਤ ਨਾਲ ਜੋੜ ਕੇ ਕਾਲੇ ਰੰਗ ਦਾ ਗੌਰਵ ਸਥਾਪਤ ਕੀਤਾ ਹੈ।
ਚਿੱਟੇ ਚੰਮ ਵਿੱਚ ਭਾਵੇਂ ਕਾਲਖਾਂ, ਲਕੋਈ ਰੱਖੋ,
ਹਰ ਕੋਈ ਉਹਨੂੰ ਹੈ ਪਿਆਰਦਾ।
ਕਿਉਂ ਸਰਮਾਏਦਾਰੀ ਦੌਰ ਵਿੱਚ ਜੋੜ ਗੂਹੜਾ,
ਪੈਸਿਆਂ ਦਾ ਰੂਪ ਤੇ ਸ਼ਿੰਗਾਰਦਾ।
ਮਿਹਨਤਾਂ ਦੇ ਅੰਗ ਸੰਗ, ਜੋਬਨੇ ਦਾ ਕਾਲਾ ਰੰਗ,
ਧੁੱਪਾਂ ਵਿੱਚ ਬੈਠ ਮੈਂ ਰੰਗਾਇਆ।
(ਕਾਲੀ ਕੁੜੀ ਦਾ ਗੀਤ)


‘ਮਜ਼ਦੂਰ ਕੁੜੀ ਦੀ ਪਹਿਲੀ ਰਾਤ’ ਵਿੱਚ ਉਸ ਨੇ ਨਾ ਕੇਵਲ ਮਜ਼ਦੂਰ ਕੁੜੀ ਦੀਆਂ ਸੱਧਰਾਂ ਅਤੇ ਦੁਸ਼ਵਾਰੀਆਂ ਨੂੰ ਹੀ ਪੇਸ਼ ਕੀਤਾ ਹੈ ਸਗੋਂ ਉਸ ਦੇ ਇੱਕ ਪਾਸੇ ਤਾਂ ਪੈਸੇ ਵਾਲਿਆਂ ਦੀ ਹਵਸ ਨੂੰ ਨੰਗਾ ਕੀਤਾ ਹੈ, ਦੂਜੇ ਪਾਸੇ ਤਥਾਕਥਿਤ ਬੁਰਜੂਆ ਨੈਤਿਕਤਾ ਦਾ ਪਰਦਾ ਵੀ ਚਾਕ ਕੀਤਾ ਹੈ। ਦਾਜ ਦੀ ਲਾਹਨਤ ਦੇ ਖਿਲਾਫ਼ੳਮਪ; ਉਸ ਦਾ ਬਹੁਤ ਪ੍ਰਸਿੱਧ ਹੋਇਆ ਗੀਤ ‘ਡੋਲੀ’ ਪ੍ਰਚੱਲਿਤ ਸੱਭਿਆਚਾਰਕ ਮਰਿਯਾਦਾ ਦੇ ਉਲਟ ਇਨਕਲਾਬੀ ਮਰਿਯਾਦਾ ਨੂੰ ਸਥਾਪਿਤ ਕਰਦਾ ਹੈ।
ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੀ ਬਾਬਲਾ ਵੇ, ਕਿਹੜੀ ਗੱਲੋਂ ਰਿਹਾ ਏ ਝੂਰ।
ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ, ਮਾਂਗ ਮੇਰੀ ਮੰਗਦੀ ਸੰਧੂਰ।
ਸੁੱਤੇ ਸੁੱਤੇ ਪਏ ਦੀ ਤਾਂ ਨੀਂਦ ਤੇਰੀ ਟੁੱਟ ਜਾਂਦੀ, ਹੋਈ ਸੀ ਮੈਂ ਜਿੱਦੇਂ ਦੀ ਜੁਆਨ।
ਕਿਉਂ ਜੋ ਸਰਮਾਏਦਾਰੀ ਦੌਰ ਵਿੱਚ ਬੜਾ ਔਖਾ, ਸਾਂਭਣਾ ਵੇ ਧੀਆਂ ਨੂੰ ਈਮਾਨ।
ਡੱਕ ਨਾ ਨੀ ਮਾਏ ਸਾਨੂੰ ਸੁੱਚੀਆਂ ਸੁਗੰਧੀਆਂ ਨੂੰ, ਆਇਆ ਮੇਰੀ ਆਸਾਂ ਉੱਤੇ ਬੂਰ।
ਜਿਵੇਂ ਸਾਡਾ ਸਾਰਿਆਂ ਦਾ ਢਿੱੱਡ ਰੋਟੀ ਮੰਗਦਾ ਹੈ, ਮਾਂਗ ਮੇਰੀ ਮੰਗਦੀ ਸੰਧੂਰ।
(ਡੋਲੀ)

   
ਸੰਤ ਰਾਮ ਉਦਾਸੀ ਦੀ ਇੱਕ ਹੋਰ ਖਾਸੀਅਤ ਉਸ ਦਾ ਕਾਵਿਕ ਵਿਧਾ ਵਜੋਂ ਗੀਤ ਕਾਵਿ ਰੂਪ ਨੂੰ ਚੁਣਨਾ ਅਤੇ ਖੁਦ ਗਾਉਣਾ ਵੀ ਸੀ। ਗੀਤ ਪੰਜਾਬੀ ਦਾ ਮੌਲਿਕ ਕਾਵਿ ਰੂਪ ਹੈ ਅਤੇ ਇਸੇ ਕਰਕੇ ਇਹ ਪੰਜਾਬੀ ਮਨ ਦੇ ਸਭ ਤੋਂ ਵੱਧ ਨੇੜੇ ਹੈ। ਸੰਤ ਰਾਮ ਉਦਾਸੀ ਨੇ ਗੀਤਾਂ ਨੂੰ ਇਨਕਲਾਬੀ ਭਾਵਾਂ ਦੇ ਪ੍ਰਚਾਰ ਲਈ ਵਾਹਨ ਬਣਾਇਆ। ਉਸ ਦੀ ਆਪਣੀ ਗਾਉਣ ਕਲਾ ਸੋਨੇ ‘ਤੇ ਸੁਹਾਗਾ ਸੀ। ਉਹ ਆਪਣੇ ਗੀਤਾਂ ਨੂੰ ਆਪਣੀਆਂ ਬਣਾਈਆਂ ਤਰਜ਼ਾਂ ਵਿੱਚ ਆਪ ਹੀ ਗਾਉਂਦਾ ਸੀ ਤਾਂ ਹਜ਼ਾਰਾਂ ਲੋਕ ਕੇਵਲ ਝੂਮਣ ਹੀ ਨਹੀਂ ਲੱਗ ਪੈਂਦੇ ਸਨ ਸਗੋਂ ਸੋਚਣ ਵੀ ਲੱਗ ਪੈਂਦੇ ਸਨ। ਗੀਤਾਂ ਤੋਂ ਇਲਾਵਾ ਉਸਨੇ ਬੋਲੀਆਂ, ਟੱਪੇ, ਕਲੀਆਂ ਆਦਿ ਲੋਕ ਕਾਵਿ ਰੂਪਾਂ ‘ਤੇ ਵੀ ਕਲਮ ਚਲਾਈ।ਭਾਵੇਂ ਉਸਨੇ ਗ਼ਜ਼ਲ, ਰੁਬਾਈ ਅਤੇ ਖੁੱਲੀ ਕਵਿਤਾ ਵਰਗੇ ਕਾਵਿ-ਰੂਪ ਵੀ ਵਰਤੇ ਹਨ ਪਰ ਉਸਦੀ ਪ੍ਰਤਿਭਾ ਦਾ ਅਸਲ ਜਲੌਅ ਗੀਤਾਂ ਵਿੱਚ ਹੀ ਪ੍ਰਗਟ ਹੁੰਦਾ ਹੈ।

   
ਭਾਰਤੀ ਸਮਾਜ ਜਮਾਤਾਂ ਦੇ ਨਾਲ ਨਾਲ ਜਾਤਾਂ ਵਿੱਚ ਵੀ ਵੰਡਿਆ ਹੋਇਆ ਹੈ। ਮੱਧ ਕਾਲ ਵਿੱਚ ਭਗਤੀ ਲਹਿਰ ਅਧੀਨ ਕਵੀਆਂ ਨੇ ਇਸਦਾ ਵਿਰੋਧ ਵੀ ਕੀਤਾ। ਕਿਸੇ ਸਮੇਂ ਇਹ ਵਿਰੋਧ ਮਹਾਤਮਾ ਬੁੱਧ ਨੇ ਵੀ ਕੀਤਾ ਸੀ ਪਰ ਜਾਤੀ-ਪਾਤੀ ਬ੍ਰਾਹਮਣਵਾਦ ਦੀ ਜਕੜ ਬਹੁਤ ਪੀਡੀ ਸੀ ਅਤੇ ਪੀਡੀ ਰਹੀ ਹੈ। ਮੱਧ ਕਾਲ ਵਿੱਚ ਦਲਿਤ ਗੁਰੂਆਂ, ਕਵੀਆਂ ਨੇ ਇਸਦੇ ਵਿਰੁੱਧ ਆਵਾਜ਼ ਉਠਾਈ, ਉੱਥੇ ਤਥਾ-ਕਥਿਤ ਸਵਰਨ ਸ਼੍ਰੇਣੀਆਂ ਵਿੱਚੋਂ ਸਮਝੇ ਜਾਂਦੇ ਬਾਣੀਕਾਰਾਂ ਨੇ ਵੀ ਇਸ ਕੁਰੀਤੀ ਨੂੰ ਨਿੰਦਿਆ। ਮੱਧ ਕਾਲੀ ਧਰਮ ਅਧਾਰਿਤ ਕਾਵਿ ਚਿੰਤਨ ਦਾ ਮੁੱਖ ਆਧਾਰ ਇਹ ਸੀ ਕਿ ਜੇ ਸਾਰੇ ਮਨੁੱਖ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਤਾਂ ਉਨ੍ਹਾਂ ਵਿੱਚ ਬਰਾਬਰੀ ਵੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਊਚ-ਨੀਚ ਦੀ ਦਰਜਾਬੰਦੀ ਵਿੱਚ ਵੰਡਣਾ ਗੁਨਾਹ ਹੈ। ਗੁਰੂ ਰਵਿਦਾਸ ਜੀ ਦੀ ਬਾਣੀ ਵਿੱਚ ਇਹ ਵਿਚਾਰ ਪ੍ਰਮੁੱਖ ਤੌਰ ‘ਤੇ ਉਭਰਿਆ ਸੀ।

ਸਤਿਗੁਰੂ ਕਬੀਰ ਜੀ ਦੀ ਸੁਰ ਤਾਂ ਗੁਰੂ ਰਵਿਦਾਸ ਮਹਾਰਾਜ ਜੀ ਨਾਲੋਂ ਵੀ ਤਿੱਖੀ ਹੈ। ਬ੍ਰਾਹਮਣਵਾਦ ਦੇ
ਖਿਲਾਫ਼ ਸਾਫ਼ ਤੇ ਸਪੱਸ਼ਟ ਸਟੈਂਡ ਉਨ੍ਹਾਂ ਦੀ ਕਵਿਤਾ ਦਾ ਕੇਂਦਰੀ ਨੁਕਤਾ ਹੈ। ਗੁਰੂ ਨਾਨਕ ਦੇਵ ਜੀ ਨੇ

ਇਸੇ ਨੂੰ ਵੱਖਰੇ ਪ੍ਰਸੰਗ ਵਿੱਚ ਪੇਸ਼ ਕੀਤਾ ਸੀ। ਆਧੁਨਿਕ ਕਾਲ ਵਿੱਚ ਆ ਕੇ ਸਮਾਜ ਸੁਧਾਰਕਾਂ ਨੇ ਜਾਤ-ਪਾਤ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਹ ਇਸ ਨੂੰ ਮੁੱਖ ਤੌਰ ‘ਤੇ ਪੱਛਮ ਦੇ ਮਾਨਵਵਾਦੀ

ਨਜ਼ਰੀਏ ਤੋਂ ਵੇਖਦੇ ਸਨ। ਜਿਸ ਅਨੁਸਾਰ ਸਾਰੇ ਮਨੁੱਖ ਕੁਦਰਤ ਦੀ ਗੋਦ ‘ਚ ਪੈਦਾ ਹੋਏ ਹਨ ਅਤੇ
ਕੁਦਰਤੀ ਸਮਾਜਿਕ ਨਿਆਂ ਦੇ ਕਾਨੂੰਨ ਅਨੁਸਾਰ ਸਾਰੇ ਲੋਕ ਬਰਾਬਰ ਹਨ।ਮੁੱਢਲੀ ਆਧੁਨਿਕ ਪੰਜਾਬੀ
ਕਵਿਤਾ ਵਿੱਚ ਜਾਤ-ਪਾਤ ਦਾ ਮਸਲਾ ਉੱਠਿਆ ਹੀ ਨਹੀਂ। ਮਾਰਕਸਵਾਦ ਦੇ ਪ੍ਰਭਾਵ ਅਧੀਨ ਇਹ ਵੀ
ਸਮਝਿਆ ਜਾਂਦਾ ਰਿਹਾ ਕਿ ਮੁੱਖ ਮਸਲਾ ਜਮਾਤ ਦਾ ਹੈ। ਸਮਾਜਵਾਦ ਆ ਜਾਣ ਨਾਲ ਜਮਾਤਾਂ ਖਤਮ
ਹੋ ਜਾਣਗੀਆਂ ਤਾਂ ਜਾਤ-ਪਾਤ ਦਾ ਕੁਹਜ ਆਪੇ ਹੀ ਖਤਮ ਹੋ ਜਾਵੇਗਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ
(ਭਾਵੇਂ ਇਸ ਦਾ ਆਰੰਭ ਤਾਂ ਪੂਨਾ ਐਕਟ ਦੇ ਨਾਲ ਹੀ ਲਾਗੂ ਹੋ ਗਿਆ ਸੀ) ਹਰ ਪੱਧਰ ‘ਤੇ
ਰਾਖਵਾਂਕਰਨ ਪਾਲਸੀ ਲਾਗੂ ਹੋ ਜਾਣ ਨਾਲ ਇੱਕ ਪਾਸੇ ਤਾਂ ਦਲਿਤ ਭਾਈਚਾਰੇ ਨੂੰ ਰਾਹਤ ਮਿਲਣੀ ਸ਼ੁਰੂ
ਹੋ ਗਈ, ਉਥੇ ਦੂਸਰੇ ਪਾਸੇ ਦਲਿਤ ਪਛਾਣ ਦਾ ਮਸਲਾ ਵੀ ਉਭਰਨ ਲੱਗਿਆ। ਕਮਿਊਨਿਸਟ ਲਹਿਰ
ਦੇ ਧੀਮੇ ਪੈ ਜਾਣ ਨਾਲ ਇਸ ਮਸਲੇ ਨੇ ਵਧੇਰੇ ਜ਼ੋਰ ਪਕੜਿਆ। ਇੱਕ ਤਰ੍ਹਾਂ ਬਸਪਾ ਨੇ ਭਾਰਤ ਦੀ
ਰਾਜਨੀਤੀ ਵਿੱਚ ਇਹ ਵਿਚਾਰ ਸੁੱਟਿਆ ਕਿ ਆਰਥਿਕ ਪੱਧਰ ਉੱਪਰ ਉੱਠ ਜਾਣ ਨਾਲ ਦਲਿਤ
ਭਾਈਚਾਰੇ ਦੀਆਂ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ। ਇਸ ਨੂੰ ਮੁੱਦਾ ਬਣਾਉਣ ਦੀ ਜ਼ਰੂਰਤ ਹੈ।

ਇਸੇ ਸੋਚ ਅਧੀਨ ਨਾ ਕੇਵਲ ਸਮਕਾਲੀਨ ਸਮੇਂ ਵਿੱਚ ਹੀ ਦਲਿਤ ਸਾਹਿਤ ਨੂੰ ਪਛਾਣਿਆ ਗਿਆ ਸਗੋਂ ਇਤਿਹਾਸ ਵਿੱਚ ਵੀ ਦਲਿਤ ਭਾਈਚਾਰੇ ਵਲੋਂ ਰਚੀਆਂ ਰਚਨਾਵਾਂ ਨੂੰ ਦਲਿਤ ਪ੍ਰਸੰਗਾਂ ਵਿੱਚ ਉਭਾਰਿਆ ਜਾਣ ਲੱਗਿਆ।ਇੰਝ ਜਾਪਦਾ ਹੈ ਕਿ ਦਲਿਤ ਭਾਈਚਾਰੇ ਵਿੱਚ ਪੈਦਾ ਹੋਈ ਸਤਾਧਾਰੀ ਉੱਚ ਵਰਗ ਨੂੰ ਇਹ ਨੀਤੀ ਰਾਸ ਆਉਂਦੀ ਹੈ।ਸਿੱਟੇ ਵਜੋਂ ਨਕਸਲਵਾੜੀ ਲਹਿਰ ਦੇ ਇਨਕਲਾਬੀ ਕਵੀਆਂ ਜਿਨ੍ਹਾਂ ਦਾ ਪਿਛੋਕੜ ਦਲਿਤ ਭਾਈਚਾਰੇ ਨਾਲ ਜੁੜਦਾ ਸੀ, ਉਨ੍ਹਾਂ ਦੀਆਂ ਰਚਨਾਵਾਂ ਨੂੰ ਰਾਜਸੀ ਲਹਿਰ ਦੇ ਇਨਕਲਾਬੀ ਪ੍ਰਸੰਗਾਂ ਅਤੇ ਮਾਰਕਸਵਾਦ ਦੇ ਵਿਚਾਰਧਾਰਕ ਚੌਖਟੇ ਤੋਂ ਤੋੜ ਕੇ ਵਿਚਾਰਿਆ ਜਾਣਾ ਸ਼ੁਰੂ ਹੋਇਆ। ਸੰਤ ਰਾਮ ਉਦਾਸੀ ਦਲਿਤ ਭਾਈਚਾਰੇ ਨਾਲ ਸਬੰਧ ਰੱਖਦਾ ਸੀ ਅਤੇ ਉਸਦਾ ਇਹ ਜੀਵਨ ਅਨੁਭਵ ਉਸ ਦੀਆਂ ਰਚਨਾਵਾਂ ਵਿੱਚ ਵੀ ਕਿਤੇ ਨਾ ਕਿਤੇ ਮੌਜੂਦ ਹੈ ਪਰ ਇਹ ਕਵਿਤਾਵਾਂ ਅੰਦਰ ਠੋਸ ਯਥਾਰਥਕ ਜਮਾਤੀ ਸੱਚ ਵਜੋਂ ਮੌਜੂਦ ਹੈ। ਇਸ ਵਿੱਚ ਪੰਜਾਬੀ ਸਮਾਜ ਦਾ ਜਮਾਤੀ ਪੱਖ ਤਾਂ ਹਾਜ਼ਰ ਹੈ ਪਰ ਇਹ ਸਮੁੱਚੇ ਸਮਾਜਕ ਸੱਚ ਨੂੰ ਸਿਰਫ਼ੳਮਪ; ਜਾਤ ਤੱਕ ਸੀਮਤ ਨਹੀਂ ਕਰਦਾ, ਸਗੋਂ ਉਹ ਜਾਤ ਦਾ ਖਾਤਮਾ ਜਮਾਤ ਦੇ ਖਾਤਮੇ ਨਾਲ ਅਤੇ ਜਮਾਤ ਦੇ ਖਾਤਮੇ ਲਈ ਮਾਰਕਸਵਾਦ ‘ਤੇ ਟੇਕ ਰੱਖਦਾ ਹੈ ਅਤੇ ਮਾਰਕਸਵਾਦ ਲਈ ਵੀ ਉਸ ਸਮੇਂ ਦੇ ਰਾਜਸੀ ਪੈਂਤੜੇ ਹਥਿਆਰਬੰਦ ਇਨਕਲਾਬ ਨੂੰ ਅਹਿਮ ਮੰਨਦਾ ਹੈ। ਉਸਦੇ ਕਿਸੇ ਵੀ ਗੀਤ ਵਿੱਚ ਜਮਾਤ ਉੱਤੇ ਜਾਤ ਨੂੰ ਅਹਿਮੀਅਤ ਨਹੀਂ ਮਿਲੀ ਸਗੋਂ ਪੇਂਡੂ ਕਿਸਾਨੀ ਸਮਾਜ ਵਿੱਚ ਜੱਟ ਅਤੇ ਸੀਰੀ ਦੇ ਰਿਸ਼ਤੇ ਨੂੰ ਆਪਸੀ ਵਿਰੋਧ ਦੀ ਥਾਂ ਆਪਸੀ ਭਾਈਚਾਰੇ ਦੇ ਰਿਸ਼ਤੇ ਵਜੋਂ ਚਿਤਰਿਆ ਹੈ। ਉਦਾਹਰਣ ਵਜੋਂ ਉਸਦਾ ਗੀਤ ‘ਹਾਲੀਆਂ ਪਾਲੀਆਂ ਦਾ ਗੀਤ’ ਦੇਖਿਆ ਜਾ ਸਕਦਾ ਹੈ:-

ਸਿੰਗਾਂ ਦੀਆਂ ਤਿੱਖੀਆਂ ਸੰਗੀਨਾ ਕਰ ਲਵੀਂ ਤੂੰ ਵੀ,
ਥੰਮ੍ਹ ਜਾਣ ਨ੍ਹੇਰੀਆਂ ਦੇ ਵੇਗ ਨੀਂ।
ਸੀਰੀਆਂ ਦੇ ਹੌਂਸਲੇ ਨੂੰ ਉਜੜਿਆਂ ਟਾਂਡਿਆਂ ਦਾ,
ਪੁੱਤ ਜਿੰਨਾ ਹੁੰਦਾ ਏ ਦਰੇਗ ਨੀ।
ਹੱਥਾਂ ਦੀਆਂ ਰੇਖਾ ਵਾਂਗੂ ਯੁੱਗ-ਪਲਟਾਊ ਹੁੰਦੇ,
ਜੱਟਾਂ ਲਈ ਖੇਤਾਂ ਦੇ ਸਿਆੜ।
ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ।


    ਇਸੇ ਪ੍ਰਕਾਰ ਹੀ ਉਸਦਾ ਗੀਤ ‘ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਂ…’ ਵੀ ਵਾਚਿਆ ਜਾ ਸਕਦਾ ਹੈ।
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲ੍ਹਾਂ ਵਿਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿੱਚੋਂ ਪੁੱਤ ‘ਜੱਗਿਆ’।

   
ਹਰ ਕਵੀ/ਲੇਖਕ ਦਾ ਵਿਅਕਤੀਗਤ ਅਨੁਭਵ ਹੁੰਦਾ ਹੈ ਜੋ ਕਾਵਿ ਵਿੱਚ ਢਲਦਾ ਹੈ। ਇੱਕ ਆਲੇ ਦੁਆਲੇ ਤੋਂ ਗ੍ਰਹਿਣ ਕੀਤੀ ਵਿਚਾਰਧਾਰਕ ਚੇਤਨਾ ਹੁੰਦੀ ਹੈ ਜੋ ਉਸਦੇ ਕਾਵਿ ਨੂੰ ਦਿਸ਼ਾ-ਨਿਰਦੇਸ਼ ਦਿੰਦੀ ਹੈ। ਸੰਤ ਰਾਮ ਉਦਾਸੀ ਦੇ ਕਾਵਿ ਵਿੱਚ ਉਸਦਾ ਮੁੱਖ ਅਨੁਭਵ ਖੇਤਰ ਪੇਂਡੂ ਜੀਵਨ ਸੀ, ਜਿਸ ਵਿੱਚ ਭਾਵੇਂ ਵੱਖ-ਵੱਖ ਜਾਤਾਂ ਹਾਜ਼ਰ ਸਨ ਅਤੇ ਉਨ੍ਹਾਂ ਦੀਆਂ ਆਪਸੀ ਵਿਰੋਧਤਾਈਆਂ ਵੀ ਹੋਣਗੀਆਂ ਪਰ ਉਸਦੀ ਵਿਚਾਰਧਾਰਕ ਚੇਤਨਾ ਉਸ ਨੂੰ ਸੁਝਾਉਂਦੀ ਸੀ ਕਿ ਮੁੱਖ ਵਿਰੋਧਤਾਈ ਜਾਤਾਂ ਵਿੱਚ ਨਹੀਂ ਸਗੋਂ ਜਮਾਤਾਂ ਅੰਦਰ ਹੈ।ਇਸੇ ਲਈ ਉਹ ਆਪਣੇ ਕਾਵਿ ਵਿੱਚ ਜਾਤਾਂ ਅੰਦਰ ਮੌਜੂਦ ਕੰਮ ਸਾਂਝ ਕਾਰਨ ਪੈਦਾ ਹੋਈ ਭਾਈਚਾਰਕ ਰਵਾਂਦਾਰੀ ਨੂੰ ਪ੍ਰੋਹਸਥਾਨ ਦਿੰਦਾ ਸੀ ਅਤੇ ਜਮਾਤੀ ਵਿਰੋਧਤਾਈ ਨੂੰ ਮੁੱਖ ਰੂਪ ਵਿੱਚ ਪੇਸ਼ ਕਰਦਾ ਸੀ। ਇਸਦਾ ਕਾਰਨ ਉਸਦੀ ਚੇਤਨਾ ਵਿੱਚ ਕਮਿਊਨਿਸਟ ਵਿਚਾਰਧਾਰਾ ਦਾ ਤੀਖਣ ਪ੍ਰਭਾਵ ਸੀ। ਇਸੇ ਕਰਕੇ ਉਹ ਲਿਖਦਾ ਹੈ:-

ਵਰ੍ਹਿਆ ਏ ਸੌਣ ਉਨ੍ਹਾਂ ਬੱਚਿਆਂ ਦੇ ਨਾਂ ‘ਤੇ,
ਜਿਨ੍ਹਾਂ ਖੀਰ ਦਾ ਨਾ ਚੱਖਿਆ ਸੁਆਦ।
ਕੰਮੀਆਂ ਦੀ ਜੀਤੋ ਦੇ ਨਾਂ ਲੱਗੀਆਂ ਨੇ ਤੀਆਂ,
ਜੀਹਦਾ ਰਸ ਪੀ ਗਏ ਸੰਘਣੇ ਕਮਾਦ।
ਕਰੇਂ ਛੇੜਖਾਨੀਆਂ ਤੂੰ ਰੂਪ ਨਾਲ, ਤੇਰੇ ਉੱਤੇ
ਦੰਦ ਪੀਹੇ ਤੀਆਂ ਵਾਲਾ ਬੋਹੜ।
ਤੇਰੀ ਨੀਂਦ ਉੱਤੇ ਪਹਿਰਾ…….
ਕੱਲ੍ਹ, ‘ਜੈਲੂ’ ਚੌਂਕੀਦਾਰ ਦਿੰਦਾ ਫਿਰੇ ਹੋਕਾ,
ਅਖੇ ‘ਖੇਤਾਂ ਵਿੱਚ ਬੀਜੋ ਹਥਿਆਰ।’
ਕੱਠੇ ਹੋ ‘ਵਲਾਇਤੀ ਸੰਗਲਾਂ’ ਦੀ ਵਾੜ ਤੋੜਨੀ ਜੁ
ਬੂਥ ਰਹੀ ਦੋਧਿਆਂ ਨੂੰ ਮਾਰ।
ਤੁਸੀਂ ਰਾਜੇ ਸ਼ੀਸ਼ੇ ਦੇ ਪੁਸ਼ਾਕ ਪਾ ਕੇ ਰੱਖੋ,
ਦੇਣੀ ਉਭਰੇ ਹਥੌੜਿਆਂ ਨੇ ਤੋੜ।
ਇੱਕ ਤੂੰ ਕਸਾਈ ਮੇਰੇ ਪਿੰਡ ਦਿਆ ਰਾਜਿਆ ਓਏ,
ਦੂਜਾ ਤੇਰਾ ਸ਼ਾਹਾਂ ਨਾਲ ਜੋੜ।
ਤੇਰੀ ਨੀਂਦ ਉੱਤੇ ਪਹਿਰਾ ਤੇਰਿਆਂ ਮੁਕੱਦਮਾਂ ਦਾ,
ਕੁੱਤੇ ਰੱਖਣ ਦੀ ਨਹੀਂ ਲੋੜ।
(ਬੁਰਜੂਆ ਤਾਣੇ ਬਾਣੇ)


    ਉਸ ਲਈ ਦੁਨੀਆਂ ਭਰ ਦੇ ਕਾਮੇ ਇੱਕ ਸਨ। ਇਸੇ ਲਈ ਉਹ ਸਪੱਸ਼ਟ ਰੂਪ ਵਿੱਚ ਲਿਖਦਾ ਹੈ:-
ਕਿਰਤ ਲੁਟਾਵਣ ਵਾਲਿਓ ਸਾਰੇ ਇੱਕ ਹੋ ਜਾਓ, ਇੱਕ ਹੋ ਜਾਓ।
ਜਿਸਮ ਤੁੜਾਵਣ ਵਾਲਿਓ ਸਾਰੇ ਇੱਕ ਹੋ ਜਾਓ, ਇੱਕ ਹੋ ਜਾਓ।
(ਦੁਨੀਆਂ ਭਰ ਦੇ ਕਾਮਿਓ)


ਇਸੇ ਕਵਿਤਾ ਵਿੱਚ ਉਸਨੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ ਕਿ ਦੁਨੀਆਂ ਭਰ ਦੇ ਕਾਮਿਆਂ ਦੇ ਸੰਘਰਸ਼ ਅੱਗੇ ਜਾਤ ਅਤੇ ਧਰਮ ਮਹੱਤਵਪੂਰਨ ਨਹੀਂ ਹਨ:-
ਪੂੰਜੀਪਤੀ ਦੀ ਮਰਜ਼ੀ ਹੈ ਕਿ, ਤੂੰ ਲੜਦਾ ਰਹੇਂ, ਤੂੰ ਮਰਦਾ ਰਹੇਂ।
ਧਰਮ, ਕਾਨੂੰਨ, ਜਾਤ ਦਾ ਡੰਡਾ, ਤੂੰ ਚੁੱਕਦਾ ਰਹੇਂ, ਤੂੰ ਧਰਦਾ ਰਹੇਂ।
ਫੌਜ ਪੁਲਿਸ ਦੇ ਸਾਏ ਹੇਠਾਂ, ਰਹਿਣ ਉਸਰਦੇ ਮਹਿਲ ਮੁਨਾਰੇ।
ਹੈ ਕੜਕਦੀ ਬਿਜਲੀ ਬੇਸ਼ੱਕ, ਪਰ ਨਾ ਕੁਸਕਣ ਕੁੱਲੀਆਂ ਢਾਰੇ।
ਸਾਂਝਾ ਕਰੋ ਲਹੂ ਤੇ ਮੁੜ੍ਹਕਾ, ਤੇ ਲੋਹੇ ਦਾ ਪਹਿਰਾ ਲਾਓ।
ਇੱਕ ਹੋ ਜਾਓ! ਇੱਕ ਹੋ ਜਾਓ!!

   
ਸਪੱਸ਼ਟ ਹੈ ਕਿ ਸੰਤ ਰਾਮ ਉਦਾਸੀ ਦੀ ਕਾਵਿ ਚੇਤਨਾ ਵਿੱਚ ਦੋ ਹੀ ਜਾਤਾਂ ਹਨ ਇੱਕ ਲੁੱਟਣ ਵਾਲੀ ਤੇ ਦੂਜੀ ਲੁੱਟੇ ਜਾਣ ਵਾਲੀ। ਉਹ ਕਿਸੇ ਵੀ ਹੋਰ ਜਾਤ ਨੂੰ ਨਹੀਂ ਪਛਾਣਦਾ। ਇਸ ਪੱਖ ਤੋਂ ਉਹ ਜਮਾਤੀ ਚੇਤਨਾ ਦਾ ਸ਼ਇਰ ਸੀ। ਉਸਨੂੰ ਦਲਿਤ ਸ਼ਾਇਰ ਵਜੋਂ ਪ੍ਰਭਾਸ਼ਿਤ ਕਰਨਾ ਅਸਲ ਵਿੱਚ ਮਨੂੰਵਾਦੀ ਸੋਚ ਹੈ ਜੋ ਵਿਅਕਤੀ ਨੂੰ ਕਰਮ ਜਾਂ ਵਿਚਾਰ ਦੀ ਥਾਵੇਂ ਉਸਦੇ ਜਨਮ ਤੋਂ ਪਛਾਣਦੀ ਹੈ। ਸੰਤ ਰਾਮ ਉਦਾਸੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ‘ਖੂਹ ਹੱਕਣ ਵਾਲੇ ਨੂੰ ਅਸੀਸ’, ਹਾੜ੍ਹੀਆਂ ਦੇ ਹਾਣੀਓ’, ‘ਹਾਲੀਆਂ ਪਾਲੀਆਂ ਦਾ ਗੀਤ’, ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਂ’, ‘ਮਜ਼ਦੂਰ ਦੀ ਕਲੀ’, ‘ਕੰਮੀਆਂ ਦਾ ਵਿਹੜਾ’ ਆਦਿ ਕਵਿਤਾਵਾਂ ਵਿੱਚ ਕੋਈ ਵੀ ਜਾਤੀਗਤ ਅਨੁਭਵ ਨਹੀਂ ਹੈ ਸਗੋਂ ਕਿਸੇ ਵੀ ਜਾਤ ਦੇ ਕਿਰਤੀ ਦਾ ਅਨੁਭਵ ਹੈ। ਇੰਝ ਹੀ ‘ਰੰਗਰੇਟਾ ਗੁਰੁ ਕਾ ਬੇਟਾ’, ‘ਭਗਤ ਰਵਿਦਾਸ ਨੂੰ’, ਜਾਂ ‘ਭਗਤ ਰਵਿਦਾਸ ਨੂੰ ਸ਼ਰਧਾਂਜਲੀ’ ਕਵਿਤਾਵਾਂ ਵਿੱਚੋਂ ਵੀ ਕਿਸੇ ਜਾਤੀਗਤ ਅਨੁਭਵ ਨੂੰ ਤਲਾਸ਼ਣਾ ਕਵੀ ਨਾਲ ਬੇਇਨਸਾਫ਼ੳਮਪ;ੀ ਹੈ। ਜਦੋਂ ਕਿ ਸ਼ਾਇਰ ‘ਭਗਤ ਰਵਿਦਾਸ ਨੂੰ’ ਕਵਿਤਾ ਵਿੱਚ ਖੁਦ ਲਿਖਦਾ ਹੈ:-

ਕਿਰਤੀ ਇੱਕ ਜਮਾਤ ਹੈ ਜਾਤ ਨਹੀਓਂ,
ਜਾਤੀ ਭੇਦ ਹੈ ਹੇਜ ਜਨੂੰਨੀਆਂ ਦਾ।
ਕੁੰਨਾ ਵਿੱਚ ਘੁਚੱਲ ਕੇ ਸਾਫ ਕੀਤਾ,
ਕਾਲਾ ਚਿੱਤ ਤੂੰ ਮਜ਼੍ਹਬੀ ਕਾਨੂੰਨੀਆਂ ਦਾ।
ਤੇਰੇ ਗੀਤਾਂ ‘ਚੋਂ ਸਮਿਆਂ ਨੇ ਸੇਧ ਲੈ ਕੇ,
ਸਮਾਂ ਸੋਚਣਾ ਕਿਰਤ ਆਜ਼ਾਦੀਆਂ ਦਾ।
ਕਦੇ ਹੋਏਗਾ ਹਿੰਦ ਦੀ ਹਿੱਕ ਉੱਤੇ,
ਬੇਗਮਪੁਰਾ ਇੱਕ ਪਿੰਡ ਅਬਾਦੀਆਂ ਦਾ।

   
ਨਕਸਲਵਾੜੀ ਲਹਿਰ ਦੀ ਕਵਿਤਾ ਤੋਂ ਪਹਿਲਾਂ ਮੌਜੂਦ ਪੰਜਾਬੀ ਮਾਰਕਸਵਾਦ ਤੋਂ ਪ੍ਰਭਾਵਤ ਪ੍ਰਗਤੀਵਾਦੀ ਪੰਜਾਬੀ ਕਵਿਤਾ ਵਿੱਚ ਧਰਮ ਖਾਸ ਕਰਕੇ ਸਿੱਖ ਧਰਮ ਨਾਲ ਸਬੰਧਿਤ ਹਵਾਲਿਆਂ ਨੂੰ ਘੱਟ ਵਰਤਿਆ ਗਿਆ ਸੀ। ਇਸ ਦਾ ਇੱਕ ਕਾਰਨ ਤਾਂ ਇਹ ਸੀ, ਮੱਧਕਾਲੀ ਪੰਜਾਬੀ ਕਵਿਤਾ ਕਿੱਸਿਆਂ ਅਤੇ ਵਾਰਾਂ ਦੀ ਲੌਕਿਕ ਧਾਰਾ ਨੂੰ ਛੱਡ ਕੇ ਬਾਕੀ ਧਾਰਮਿਕ ਕਵਿਤਾ ਸੀ ਅਤੇ ਉਸਦੇ ਪਿੱਛੇ ਕੰਮ ਕਰਦਾ ਬੁਨਿਆਦੀ ਦਰਸ਼ਨ ਅਧਿਆਤਮਿਕ ਰਹੱਸਵਾਦੀ ਸੀ। ਆਧੁਨਿਕ ਪੰਜਾਬੀ ਕਵਿਤਾ ਆਪਣੇ ਲੱਛਣ ਵਜੋਂ ਹੀ ‘ਰੱਬ’ਦੀ ਥਾਵੇਂ ‘ਮਨੁੱਖ’ ਨੂੰ ਕੇਂਦਰ ਵਿੱਚ ਰੱਖਦੀ ਹੈ। ਯਥਾਰਥਵਾਦੀ ਵਿਧੀ ਨੂੰ ਅਹਿਮੀਅਤ ਦਿੰਦੀ ਹੈ। ਇਸ ਦੀ ਮੁੱਖ ਟੇਕ ਧਰਮ-ਨਿਰਪੱਖਤਾ ਉੱਪਰ ਸੀ। ਇਸ ਨਾਲ ਕਵਿਤਾ ਵਿਸ਼ੇ ਪੱਖੋਂ ਧਾਰਮਿਕਤਾ ਦੇ ਸੀਮਤ ਦਾਇਰੇ ਵਿੱਚੋਂ ਨਿਕਲ ਗਈ ਅਤੇ ਰਾਜਸੀ ਤੌਰ ‘ਤੇ ਧਰਮ ਨਿਰਪੱਖ ਹੋ ਗਈ ਸੀ। ਇਸ ਦੇ ਵਿਸ਼ਿਆਂ ਵਿੱਚ ਵੰਨ-ਸੁਵੰਨਤਾ ਆਈ ਅਤੇ ਰੂਪਕਾਰਾਂ ਤੋਂ ਲੈ ਕੇ ਸ਼ੈਲੀ ਦੇ ਪੱਧਰ ‘ਤੇ ਨਵੇਂ ਪ੍ਰਯੋਗ ਹੋਣ ਲੱਗੇ। ਇਸਦੀ ਵਿਸ਼ਾਲਤਾ ਦੇ ਬਾਵਜੂਦ ਇਹ ਆਪਣੇ ਇਤਿਹਾਸਕ ਵਿਰਸੇ ਤੋਂ ਟੁੱਟ ਗਈ ਸੀ। ਅਜਿਹੀ ਸਥਿਤੀ ਵਿੱਚ ਸਾਰੇ ਹੀ ਨਕਸਲਵਾੜੀ ਲਹਿਰ ਦੇ ਕਵੀਆਂ ਨੇ ਸਿੱਖ ਗੌਰਵਸ਼ਾਲੀ ਇਤਿਹਾਸ ਨੂੰ ਨਾ ਕੇਵਲ ਆਪਣੇ ਵਿਰਸੇ ਵਜੋਂ ਮੁੜ ਪਛਾਣਨਾ ਸ਼ੁਰੂ ਕਰ ਦਿੱਤਾ ਸਗੋਂ ਇਸਦੇ ਹਵਾਲੇ ਵੀ ਕਵਿਤਾ ਵਿੱਚ ਆਉਣੇ ਸ਼ੁਰੂ ਹੋਏ। ਇੱਥੇ ਇੱਕ ਹੋਰ ਧਿਆਨ ਦੇਣ ਵਾਲਾ ਨੁਕਤਾ ਹੈ ਕਿ ਮਾਰਕਸਵਾਦ ਦੀ ਪੰਜਾਬੀ ਵਿੱਚ ਹੋਈ ਸੰਤ ਸਿੰਘ ਸੇਖੋਂ ਵਾਲੀ ਵਿਆਖਿਆ ਅਨੁਸਾਰ ਗੁਰਬਾਣੀ ਅਧਿਆਤਮਿਕ ਵਿਸ਼ਿਆਂ ‘ਤੇ ਲਿਖਿਆ ਕਾਵਿ ਹੈ, ਜਿਸ ਵਿੱਚ ਕਿਤੇ-ਕਿਤੇ ਸਮਾਜਿਕ ਸਰੋਕਾਰ ਮਿਲ ਜਾਂਦੇ ਹਨ। ਇਸਦੇ ਉਲਟ ਪ੍ਰੋ. ਕਿਸ਼ਨ ਸਿੰਘ ਦੀ ਵਿਆਖਿਆ ਅਨੁਸਾਰ ਗੁਰਬਾਣੀ ਦਾ ਮੁਹਾਵਰਾ ਧਾਰਮਿਕ ਹੈ ਪਰ ਇਸ ਵਿੱਚ ਪੇਸ਼ ਸਮਾਜਕ ਚਿੱਤਰ ਉਸ ਸਮੇਂ ਦੀਆਂ ਸਮਾਜਕ ਹਕੀਕਤਾਂ ਨੂੰ ਪੇਸ਼ ਕਰਦਾ ਹੈ, ਜਿਸ ਵਿੱਚ ਨਾ ਕੇਵਲ ਠੋਸ ਵਿਰੋਧਤਾਈਆਂ ਪੇਸ਼ ਹਨ ਸਗੋਂ ਬਾਣੀਕਾਰ ਇੱਕ ਵਿਸ਼ੇਸ਼ ਵਿਚਾਰਧਾਰਕ ਪੈਂਤੜੇ ਤੋਂ ਮਾਇਆ ਅਤੇ ਮਾਇਆ ਦੇ ਰੱਖਿਅਕਾਂ ਰਾਜਸੀ ਅਤੇ ਧਾਰਮਿਕ ਆਗੂਆਂ ਦਾ ਵਿਰੋਧ ਕਰ ਰਹੇ ਸਨ। ਇਸ ਪ੍ਰਸੰਗ ਵਿੱਚ ਗੁਰਬਾਣੀ ਇਨਕਲਾਬੀ ਹੈ। ਗੁਰਬਾਣੀ ਦੀ ਇਸ ਵਿਚਾਰਧਾਰਕ ਵਿਆਖਿਆ ਕਰਕੇ ਨਕਸਲੀ ਕਵਿਤਾ ਵਿੱਚ ਸਿੱਖ ਇਤਿਹਾਸ ਨੂੰ ਜਮਾਤੀ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨਾ ਸ਼ੁਰੂ ਕੀਤਾ। ਪੂਰਵਲੀ ਕਵਿਤਾ ਮੁੱਖ ਤੌਰ ‘ਤੇ ਗੁਰਪੁਰਬਾਂ ਤੇ ਗੁਰੁ ਸਹਿਬਾਨ ਦੇ ਜੀਵਨ ਪ੍ਰਸੰਗਾਂ ਨੂੰ ਕਵਿਤਾਉਣ ਤੱਕ ਸੀਮਤ ਸੀ। ਇਸ ਵਿੱਚ ਗੁਰੂ ਸਹਿਬਾਨ ਦਾ ਜੱਸ ਗਾਇਨ ਤਾਂ ਹੁੰਦਾ ਸੀ, ਨਾਲ ਇਸ ਵਿੱਚ ਅਲੌਕਿਕਤਾ ਭਾਰੂ ਸੀ ਪਰ ਇਹ ਮਿੱਥ ਸਿਮਰਨ ਸੀ। ਸੰਤ ਰਾਮ ਉਦਾਸੀ ਦੇ ਪਿਛੋਕੜ ਵਿੱਚ ਇਹ ਧਾਰਮਿਕ ਕਵੀ ਦਰਬਾਰਾਂ ਦੀ ਪਰੰਪਰਾ ਸੀ ਪਰ ਉਸਨੇ ਇਸ ਨੂੰ ਮਾਰਕਸਵਾਦੀ ਚੇਤਨਾ ਨਾਲ ਰੂਪਾਂਤਰਨ ਕਰ ਦਿੱਤਾ। ਇਉਂ ਇਹ ਮਿਥ ਸਿਮਰਨਾਂ ਦੀ ਥਾਵੇਂ ਮਿਥ ਵਿਸਫੋਟ ਹੋ ਗਿਆ। ਸੰਤ ਰਾਮ ਉਦਾਸੀ ਦੀ ਖੁਦ ਦੀ ਕਵਿਤਾ ਵਿੱਚ ਇਹ ਵਿਕਾਸ ਦੇਖਣ ਨੂੰ ਮਿਲਦਾ ਹੈ। ਇੱਕ ਪਾਸੇ ਉਸ ਦੀ ‘ਗੁਰੂ ਅਰਜਨ ਦੇਵ ਜੀ ਦੀ ਉਦਾਰਤਾ’ ਵਰਗੀਆਂ ਕਵਿਤਾਵਾਂ ਹਨ ਜਿਨ੍ਹਾਂ ਵਿੱਚ ਸਿੱਧਾ ਘਟਨਾਵੀਂ ਬਿਰਤਾਂਤ ਹੈ। ਦੂਜੇ ਪਾਸੇ ‘ਮਰਦਾਨੇ ਦਾ ਮਰਦਾਨਣ ਨੂੰ ਖ਼ਤ’ ਅਤੇ ‘ਗੁਰੂ ਨਾਨਕ ਹੈ-ਅੱਜ’ ਕਵਿਤਾਵਾਂ ਪੜ੍ਹੀਆਂ ਜਾ ਸਕਦੀਆਂ ਹਨ। ਜਿਸ ਵਿੱਚ ਸੰਤ ਰਾਮ ਉਦਾਸੀ ਨੇ ਗੁਰੂ ਇਤਿਹਾਸ ਨੂੰ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਪੇਸ਼ ਕੀਤਾ ਹੈ।

ਜਦੋਂ ਹੈ ਦੌਰ ਚੱਲਦਾ ਦੀਨ ਤੇ ਫ਼ਿਰਕਾਪ੍ਰਸਤੀ ਦਾ,
ਜਦੋਂ ਵੀ ਲੋਕ-ਹਿੱਤ ਮਜ਼ਬਾਂ ਦੇ ਨਾਪੇ-ਨਾਪਿਆ ਜਾਂਦਾ।
ਜਦੋਂ ਮਜ਼ਦੂਰ ਦੇ ਮੁੜ੍ਹਕੇ ਦਾ ਕੋਈ ਮੁੱਲ ਨਾ ਤਾਰੇ,
ਵਤਨ ਹੈ ਕੀਲਿਆ ਜਾਂਦਾ ਅਤੇ ਸਰਾਪਿਆ ਜਾਂਦਾ।
ਮੈਂ ਜਨਤਾ ਦੇ ਸਮੁੰਦਰ ਵਿੱਚ ਆਪਾ ਖ਼ੋਰ ਦਿੱਤਾ,
ਜ਼ੁਲਮ ਦੇ ਬਾਜ਼ ਜਾ ਲੋਕਾਂ ਨੂੰ ਚਿੜੀਆਂ ਵਾਂਗ ਸੀ ਫੜਦੇ।
ਲਹਿਜ਼ਾ ਹੋਰ ਹੁੰਦਾ ਏ ਨਿਰੇ ਮਿਸਰੀ ਦੇ ਪਾਣੀ ਵਿੱਚ,
ਤੇ ਮਕਸਦ ਹੋਰ ਹੁੰਦਾ ਸੀ ਮੇਰੇ ਅੰਮ੍ਰਿਤ ਛਕਾਵਣ ਦਾ।
ਰੰਗਰੇਟੇ ਆਖ ਕੇ ਮੈਂ ਕਿਰਤੀ ਦਾ ਸਤਿਕਾਰ ਕਰਦਾ ਹਾਂ,
ਇਨ੍ਹਾਂ ਨੇ ਦਰਸ਼ ਅੰਤਿਮ ਬਾਪ ਦਾ ਮੈਨੂੰ ਕਰਾਇਆ ਸੀ।
ਮੈਂ ਨਾਈਆਂ, ਛੀਂਬਿਆਂ, ਝੀਊਰਾਂ ਤੋਂ ਜ਼ੁਲਮੀ ਛੱਟ ਲਾਹੁਣੀ ਸੀ,
ਮੈਂ ਸਾਂਝਾ ਪੰਥ ਸਾਜਣ ਦਾ ਤਾਹੀਓਂ ਕੌਤਕ ਰਚਾਇਆ ਸੀ।
ਜੇ ਮੈਨੂੰ ਪਿਆਰ ਕਰਨਾ ਏ, ਮੇਰੇ ਲੋਕਾਂ ਦਾ ਦਿਲ ਫੋਲੋ।
ਮੇਰੇ ਏਕੇ ਦਾ ਸੁਪਨਾ ਵੀ ਤਾਂ ਫਿਰ ਸਾਕਾਰ ਹੋ ਜਾਵੇ।
ਮੈਂ ਜਿਸ ਦੇ ਨਾਲ ਲਿਖਿਆ ਏ, ਖੂਨੀ ਇਤਿਹਾਸ ਦਾ ਵਰਕਾ,
ਮੇਰੀ ਕਲਮ, ਮੇਰੀ ਕਵਿਤਾ ਦਾ ਬੇੜਾ ਪਾਰ ਹੋ ਜਾਏ।

   
ਇਸ ਦਾ ਇਹ ਅਰਥ ਹੈ ਕਿ ਗੁਰੂ ਇਤਿਹਾਸ ਵਿੱਚ ਗਰੀਬ ਮਜ਼ਲੂਮ, ਨਿਆਂ, ਬਰਾਬਰੀ ਅਤੇ ਸਮਤਾ ਦੀ ਗੱਲ ਸੀ। ਮਤਲਬ ਇਹ ਹੈ ਕਿ ਉਦਾਸੀ ਨੇ ਇਸ ਪੱਖ ਨੂੰ ਉਭਾਰ ਕੇ ਪੇਸ਼ ਕੀਤਾ ਹੈ। ਇੱਕ ਤਰ੍ਹਾਂ ਨਾਲ ਕਵਿਤਾ ਵਿੱਚ ਮੌਜੂਦ ਅਲੌਕਿਕ ਕੌਤਕਾਂ ਨੂੰ ਲੋਕਿਕਤਾ ਵਿੱਚ ਬਦਲ ਦਿੱਤਾ ਅਤੇ ਇਤਿਹਾਸ ਨੂੰ ਸਮਕਲੀਨਤਾ ਨਾਲ ਜੋੜ ਦਿੱਤਾ। ਇੱਥੋਂ ਤੱਕ ਕਿ ‘ਗੁਰੂ ਨਾਨਕ ਹੈ-ਅੱਜ’ ਸੰਬੋਧਨ ਕਵਿਤਾ ਵਿੱਚ ਇੱਕ ਤਰ੍ਹਾਂ ਨਾਲ ਇਸੇ ਇਤਿਹਾਸ ਨੂੰ ਸਮਕਲੀਨਤਾ ਵਿੱਚ ਪਲਟਣ ਦਾ ਯਤਨ ਹੈ। ਸਿੱਖ ਇਤਿਹਾਸ ਦੇ ਮੌਜੂਦ ਚਿੰਨ੍ਹਾਂ ਨੂੰ ਖਾਲੀ ਕਰਕੇ ਨਵੇਂ ਅਰਥ ਭਰੇ ਹਨ। ਖਾਸ ਕਰਕੇ ਲਾਲੋ ਦੇ ਚਿੰਨ੍ਹ ਨੂੰ ਕਿਰਤੀ ਨਾਲ ਭਰ ਦਿੱਤਾ ਹੈ।

   
ਨਕਸਲਵਾੜੀ ਦੌਰ ਦੀ ਸਾਰੀ ਕਵਿਤਾ ਵਿੱਚ ਨਾਬਰੀ ਦਾ ਨੁਕਤਾ ਬਹੁਤ ਪ੍ਰਚੰਡ ਸੀ।ਇਹ ਨਾਬਰੀ ਸਥਾਪਿਤ ਮੁੱਲ ਪ੍ਰਬੰਧ ਤੋਂ ਸੀ ਅਤੇ ਇਸ ਦਾ ਮੁੱਖ ਨਿਸ਼ਾਨਾ ਧਾਰਮਿਕ ਆਗੂ ਅਤੇ ਰਾਜਸੀ ਸੱਤਾਧਾਰੀ ਬਣਦੇ ਸਨ।ਇਤਿਹਾਸ ਵਿੱਚ ਜਿੱਥੇ ਕਿਤੇ ਵੀ ਨਾਬਰੀ ਦੀ ਗੱਲ ਆਉਂਦੀ ਸੀ, ਉਸ ਨੂੰ ਨਕਸਲਵਾੜੀ ਦੀ ਲਹਿਰ ਨੇ ਆਪਣੇ ਵਿਚਾਰਧਾਰਕ ਵਿਰਸੇ ਵਜੋਂ ਪਛਾਣਿਆ ਸੀ। ਪੰਜਾਬ ਅੰਦਰ ਸਿੱਖ ਲਹਿਰ ਇਤਿਹਾਸਕ ਤੌਰ ‘ਤੇ ਰਜਵਾੜਾਸ਼ਾਹੀ ਦੇ ਖਿਲਾਫ਼ੳਮਪ; ਨਾਬਰੀ ਦੀ ਲਹਿਰ ਸੀ ਜੋ ਸਮੰਤਵਾਦ ਦੀ ਵਿਚਾਰਧਾਰਕ ਬੁਨਿਆਦ ਜਾਤ-ਪਾਤ ‘ਤੇ ਵੀ ਚੋਟ ਕਰਦੀ ਸੀ। ਸੰਤ ਰਾਮ ਉਦਾਸੀ ਨੇ ਸਿੱਖ ਇਤਿਹਾਸ ਵਿੱਚ ਮੌਜੂਦ ਇਸ ਨਾਬਰੀ ਨੂੰ ਆਪਣੀ ਕਵਿਤਾ ਵਿੱਚ ਰੱਜ ਕੇ ਪੇਸ਼ ਕੀਤਾ ਹੈ।ਉਦਾਹਰਣ ਵਜੋਂ ਉਸਦੀ ਕਵਿਤਾ ‘ਗੁਰੂ ਗੋਬਿੰਦ ਸਿੰਘ ਜੀ ਦਾ ਲੋਕਾਂ ਦੇ ਨਾਂ ਅੰਤਿਮ ਸੁਨੇਹਾ’ ਦੀਆਂ ਪੰਕਤੀਆਂ ਦੇਖੀਆਂ ਜਾ ਸਕਦੀਆਂ ਹਨ।

ਮੈਂ ਇਸੇ ਲਈ ਗੜ੍ਹੀ ਚਮਕੌਰ ਦੀ ਵਿੱਚ ਜੰਗ ਲੜਿਆ ਸੀ,
ਕਿ ਕੱਚੇ ਕੋਠੜੇ ਮੋਹਰੇ ਮਹਿਲ ਮੁਨਾਰ ਝੁਕ ਜਾਏ।


    ਇਸੇ ਪ੍ਰਕਾਰ ਹੀ ‘ਔਰੰਗਜੇਬ ਦਾ ਖ਼ਤ-ਦਸ਼ਮੇਸ਼ ਦਾ ਜਵਾਬ’ ਕਵਿਤਾ ਵਿੱਚ ਫ਼ਿੳਮਪ;ਰ ਨਾਬਰੀ ਦੀ ਗੱਲ ਹੈ-

ਮੇਰੇ ਆਦਰਸ਼ ਤੋਂ ਮੈਨੂੰ ਜਰਾ ਥਿੜਕਾ ਨਹੀਂ ਸਕਦਾ,
ਵਿਛੋੜਾ ਬਾਪ, ਮਾਤਾ ਦਾ ਅਤੇ ਪੁੱਤਰਾਂ ਹਜ਼ਾਰਾਂ ਦਾ।
ਜੇ ਦੀਵਾ ਰਹਿ ਸਕੇ ਬਲਦਾ ਮਸੂਮਾਂ ਤੇ ਅਨਾਥਾਂ ਦਾ,
ਮੈਂ ਰੀਝਾਂ ਨਾਲ ਪਾਇਆ ਖੂਨ ਹੈ ਵਿੱਚ ਲਾਲ ਚਾਰਾਂ ਦਾ।
  

 ‘ਦਿੱਲੀਏ ਦਿਆਲਾ ਵੇਖ’ ਕਵਿਤਾ ਸਾਰੀ ਦੀ ਸਾਰੀ ਹੀ ਨਾਬਰੀ ਦਾ ਖੁੱਲ੍ਹਾ ਬਿਆਨ ਹੈ। ਦਿੱਲੀ ਰਾਜ ਸੱਤਾ ਦੀ ਪ੍ਰਤੀਕ ਵਜੋਂ ਮੱਧਕਾਲ ਤੋਂ ਹੀ ਵਿਦਮਾਨ ਰਹੀ ਹੈ। ਇਸ ਦਿੱਲੀ ਨਾਲ ਰਾਜਪੂਤਾਣੇ ਦੇ ਹਿੰਦੂ ਜੈਮੱਲ ਫ਼ੳਮਪ;ੱਤੇ ਵੀ ਟਕਰਾਉਂਦੇ ਰਹੇ ਹਨ। ਇਸੇ ਦਿੱਲੀ ਨਾਲ ਸੰਦਲਬਾਰ ਦਾ ਮੁਸਲਮਾਨ ਦੁੱਲਾ ਵੀ ਟਕਰਾਉਂਦਾ ਰਿਹਾ ਹੈ। ਇਸੇ ਨਾਲ ਸਿੱਖ ਜੋਧੇ ਵੀ ਲੋਹਾ ਲੈਂਦੇ ਰਹੇ ਹਨ। ਇਹ ਸਾਰੇ ਬਾਗੀ ਧਰਮ ਕਰਕੇ ਦਿੱਲੀ ਨਾਲ ਨਹੀਂ ਟਕਰਾਉਂਦੇ ਸਨ। ਇਹ ਜਾਬਰਾਂ ਅਤੇ ਮਜ਼ਲੂਮਾਂ ਦੀ ਲੜਾਈ ਸੀ। ਜ਼ੁਲਮੀ ਹਾਕਮਾਂ ਤੇ ਹੱਕ-ਸੱਚ ਲਈ ਜੂਝ ਰਹੇ ਪਰਜਾ ਜਾਂ ਰਿਆਈ ਦੀ ਲੜਾਈ ਸੀ। ਇਹ ਦਿੱਲੀ ਇੱਕ ਚੇਨ ਵਜੋਂ ਸਾਰੀ ਹੀ ਇਨਕਲਾਬੀ ਕਵਿਤਾ ਵਿੱਚ ਸਮਾਈ ਹੋਈ ਹੈ। ਪਾਸ਼ ਵੀ ਇਸ ਤੱਥ ਨੂੰ ਤਸਲੀਮ ਕਰਦਾ ਹੈ ਕਿ ਕੋਹਜ ਦੀ ਨਦੀ, ਦਿੱਲੀ ਦੇ ਗੋਲਪਰਬਤ ਵਿੱਚੋਂ ਸਿੰਮਦੀ ਹੈ। ਪੈਰੋਂ ਨੰਗੀ ਪਿੰਡ ਦੀ ਕੁੜੀ ਦੀ ਦਿੱਲੀ ਦੀ ਹੁਕਮਰਾਨ ਔਰਤ ਨਾਲ ਦੁਸ਼ਮਣੀ ਹੈ। ਇਹੀ ਭਾਵ ਦਰਸ਼ਨ ਖਟਕੜ ਦੀਆਂ ਕਵਿਤਾਵਾਂ ਦਾ ਵੀ ਨਿਕਲਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਜਗੀਰਦਾਰੀ-ਸਰਮਾਏਦਾਰੀ ਪ੍ਰਬੰਧ ਨਾਲ ਟਕਰਾਉਣ ਵਾਲੇ ਸਾਰੇ ਇਨਕਲਾਬੀ ਨਾਇਕ ਨਕਸਲਵਾੜੀ ਲਹਿਰ ਦੇ ਪ੍ਰੇਰਨਾ ਸਰੋਤ ਬਣੇ ਹਨ।ਪੰਜਾਬ ਵਿੱਚ ਸਿੱਖ ਲਹਿਰ ਦਾ ਜੁਝਾਰੂ ਪਿਛੋਕੜ ਸੀ। ਜਿਸ ਨੇ ਆਪਣੇ ਸਮੇਂ ਵਿੱਚ ਜਗੀਰਦਾਰੀ ਪ੍ਰਬੰਧ ਦੇ ਪਾਲਕ ਅਤੇ ਸੰਸਥਾਪਕ ਮੁਗਲ ਸਾਮਰਾਜ ਨਾਲ ਟੱਕਰ ਲਈ ਸੀ। ਇਸੇ ਕਾਰਨ ਕਰਕੇ ਨਕਸਲਵਾੜੀ ਯੋਧਿਆਂ ਲਈ ਗੁਰੂ ਸਹਿਬਾਨ ਅਤੇ ਸਿੱਖ ਯੋਧੇ ਪ੍ਰੇਰਨਾ ਸਰੋਤ ਬਣ ਗਏ ਹਨ। ਉਦਾਸੀ ਦੀ ਕਵਿਤਾ ਵਿੱਚ ਇਹ ਚਿੰਨ੍ਹ ਵਾਰ-ਵਾਰ ਆਉਂਦੇ ਹਨ। ਪਰ ਧਿਆਨ ਦੇਣ ਵਾਲਾ ਨੁਕਤਾ ਇਹ ਹੈ ਕਿ ਉਦਾਸੀ ਉਨ੍ਹਾਂ ਨੂੰ ਸਮਕਾਲੀਨ ਪ੍ਰਸੰਗ ਵਿੱਚ ਪੇਸ਼ ਕਰ ਰਿਹਾ ਹੈ ਅਤੇ ਉਹ ਇਸ ਨੂੰ ਕਿਸੇ ਵੀ ਧਾਰਮਿਕ ਕੱਟੜਤਾ ਤੋਂ ਮੁਕਤ ਕਰਕੇ ਅਮੀਰ-ਗਰੀਬ ਦੀ ਲੜਾਈ ਵਿੱਚ ਪਰਿਵਰਤਿਤ ਕਰ ਰਿਹਾ ਹੈ। ਉਦਾਹਰਣ ਵਜੋਂ - ‘ਗੁਰੂ ਗੋਬਿੰਦ ਸਿੰਘ ਜੀ ਵਲੋਂ ਮਾਧੋ ਦਾਸ ਵੈਰਾਗੀ ਨੂੰ ਬੰਦਾ ਬਹਾਦਰ ਬਣਾ ਕੇ ਪੰਜਾਬ ਵੱਲ ਭੇਜਣਾ’ ਕਵਿਤਾ ਦਾ ਪਹਿਲਾ ਬੰਦ ਅਤੇ ਖ਼ਾਸ ਕਰਕੇ ਆਖ਼ਰੀ ਦੋ ਬੰਦ ਦੇਖੇ ਜਾ ਸਕਦੇ ਹਨ-
ਜੇ ਤੂੰ ਬੰਦੇਂ ਤਾਂ ਕਰ ਬੰਦ ਖਲਾਸ ਸਭ ਦੀ,
ਕਰਾਮਾਤਾਂ ਨਹੀਂ ਕੰਮ ਬਹਾਦਰਾਂ ਦੇ।
ਆਪਣਾ ਬਾਪ ਬਣਿਆ ਚਾਦਰ ਹਿੰਦ ਦੀ ਸੀ,
ਤੂੰ ਵੀ ਤੰਦ ਬਣ ਜੀਂ ਉਨ੍ਹਾਂ ਚਾਦਰਾਂ ਦੇ।
ਸਾਡਾ ਯੁੱਧ ਜੇਕਰ ਫਿਰਕੂ ਯੁੱਧ ਹੁੰਦਾ,
ਮਾਛੀਵਾੜੇ ਨਾ ਮੈਨੂੰ ਪਨਾਹ ਮਿਲਦੀ।
ਤੈਨੂੰ ਕਿਰਤੀ ਕਿਸਾਨਾਂ ਦੀ ਰੱਖ ਸਿੰਘਾ,
ਦੇਖੀਂ ਲੋਕਾਂ ਦੀ ਸ਼ਕਤੀ ਅਥਾਹ ਮਿਲਦੀ।
ਬੀਜ ਬੀਜਣ ਤੋਂ ਰੋਟੀ ਦੇ ਸਫ਼ੳਮਪ;ਰ ਤਾਈਂ
ਕਿਰਤ ਕਰਨ ਦਾ ਪੂਰਾ ਅਧਿਕਾਰ ਜਿੱਥੇ।
ਰੋਟੀ ਹੱਥ ਤੇ ਟਿਕੇ ਜਾ ਕਾਮਿਆਂ ਦੇ,
ਗਿਰਝਾਂ ਲੈਂਦੀਆਂ ਨੇ ਝਪਟ ਮਾਰ ਜਿੱਥੇ।

   
ਬਿਲਕੁਲ ਸਪੱਸ਼ਟ ਰੂਪ ਵਿੱਚ ਕਵੀ ਲਿਖਦਾ ਹੈ ਕਿ ਇਹ ਲੜਾਈ ਧਾਰਮਿਕ ਨਹੀਂ, ਕਿਰਤ ਦੀ ਲੁੱਟ ਵਿਰੁੱਧ ਲੜਾਈ ਸੀ। ਸੰਤ ਰਾਮ ਉਦਾਸੀ ‘ਮਾਤਾ ਗੁਜਰੀ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਪੇਸ਼ੀ’ ਕਵਿਤਾ ਵਿੱਚ ਜੋ ਸਿੱਖ ਰਾਜ ਦਾ ਚਿੱਤਰ ਖਿੱਚਦਾ ਹੈ ਉਹ ਨਾ ਕੇਵਲ ਧਰਮ ਨਿਰਪੱਖ ਹੀ ਹੈ, ਸਗੋਂ ਉਹ ਕਿਰਤੀ ਦੀ ਚੜ੍ਹਾਈ ਵਾਲ ਸਮਾਜਵਾਦੀ ਸਮਾਜ ਹੈ-

ਜਿਹੜੇ ਲੋਕਾਂ ਦੀ ਕਿਰਤ ਨੂੰ ਪੈਣ ਗਿਰਝਾਂ,
ਮੇਰੇ ਲੋਕ ਉਹ ਮੇਰਾ ਖੁਆਬ ਹੈਗਾ।
ਮੇਰੇ ਮੁਸਲਮਾਨਾਂ, ਸਿੱਖਾਂ, ਹਿੰਦੂਆਂ ਨੇ,
ਕਰਨਾ ਸਰਬਹਾਰਾ ਇਨਕਲਾਬ ਹੈਗਾ।
ਤੈਨੂੰ ਕਿਹਾ ਮਸੰਦਾਂ ਜ਼ਰੂਰ ਹੋਣਾ,
ਕਿਹਾ ਹੋਵੈ ਗੋਬਿੰਦ ਨੂੰ ਹੋੜ ਮਾਏਂ।
ਪੈਰ-ਪੈਰ ‘ਤੇ ਉਨ੍ਹੇ ਕਿਉਂ ਪੈਰ ਬੱਧੇ,
ਲੈਣਾ ਲੋਕਾਂ ਤੋਂ ਕੀ ਉਹਨੂੰ ਲੋੜ ਮਾਏਂ।

   
ਅਸਲ ਵਿੱਚ ਤਾਂ ਕਵਿਤਾ ਚਿੰਨ੍ਹਾਂ ਅਤੇ ਪ੍ਰਤੀਕਾਂ ਰਾਹੀਂ ਬਿੰਬਾਂ ਦੀ ਭਾਸ਼ਾ ਵਿੱਚ ਗੱਲ ਕਰਦੀ ਹੈ। ਇਸ ਕਾਰਨ ਉਸ ਵਿੱਚ ਅਰਥ ਸਿਰਜਣ ਦੀਆਂ ਅਸੀਮ ਸੰਭਾਵਨਾਵਾਂ ਹੁੰਦੀਆਂ ਹਨ। ਹਰ ਪਾਠਕ ਆਪਣੀ ਮਾਨਸਿਕ ਅਵਸਥਾ ਅਨੁਸਾਰ ਉਸ ਵਿੱਚੋਂ ਅਰਥ ਉਤਪਾਦਨ ਕਰਨ ਦੀ ਸਮਰੱਥਾ ਰੱਖਦਾ ਹੁੰਦਾ ਹੈ। ਉਦਾਸੀ ਦੀ ਕਵਿਤਾ ਵਿਚਾਰਧਾਰਕ ਤੌਰ , ਤੇ ਸਪੱਸ਼ਟ ਰੂਪ ਵਿੱਚ ਇਨਕਲਾਬੀ ਲਹਿਰ ਨਾਲ ਖੜ੍ਹੀ ਸੀ। ਇਸ ਦੇ ਬਾਵਜੂਦ ਇੱਕਾ-ਦੁੱਕਾ ਲੋਕ ਉਸ ਦੀਆਂ ਕਵਿਤਾਵਾਂ ਦੇ ਹਵਾਲਿਆਂ ਨੂੰ ਮਨਮਰਜ਼ੀ ਦੇ ਅਰਥ ਦਿੰਦਿਆਂ ਬਾਅਦ ਦੇ ਪ੍ਰਸੰਗਾਂ ਵਿੱਚ ਉਲਟ ਰੂਪ ਵਿੱਚ ਫਿੱਟ ਕਰਕੇ ਆਪਣੇ ਹਿੱਤ ਅਨੁਸਾਰ ਸੰਤ ਰਾਮ ਉਦਾਸੀ ਨੂੰ ਭੁਗਤਾਉਣ ਦਾ ਯਤਨ ਕਰਦੇ ਹਨ। ਪਾਸ਼ ਦੀ ਕਵਿਤਾ ਵਿੱਚ ਜ਼ਿਕਰ ਆਉਂਦਾ ਹੈ ਕਿ ਤੇਰਾ ਖ਼ਤ ਬਹੁਤ ਤੜਫੇਗਾ ਜ਼ਹਾਲਤ ਦੀ ਤਲੀ ਦੇ ਉੱਤੇ ਜਦ ਅਰਥਾਂ ਦੇ ਹੋਣਗੇ ਅਨਰਥ।

   
ਸੰਤ ਰਾਮ ਉਦਾਸੀ ਆਪਣੇ ਨਕਸਲਵਾੜੀ ਲਹਿਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀਆਂ ਕੁਝ ਕਵਿਤਾਵਾਂ ਨੂੰ ਛੱਡ ਕੇ ਜੋ ਉਸ ਨੇ ਖੁਦ ਕਿਸੇ ਸੰਗ੍ਰਿਹਿ ਵਿਚੱ ਸ਼ਾਮਿਲ ਨਹੀਂ ਕੀਤੀਆਂ, ਨੇ ਕਦੇ ਵੀ ਕੋਈ ਰਿਵਾਇਤੀ ਕਿਸਮ ਦੀਆਂ ਧਾਰਮਿਕ ਕਵਿਤਾਵਾਂ ਨਹੀਂ ਲਿਖੀਆਂ। ਸੰਤ ਰਾਮ ਉਦਾਸੀ ਨੇ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਆਉਣ ਤੋਂ ਪਹਿਲਾਂ ਕੁਝ ਕਵਿਤਾਵਾਂ ਧਾਰਮਿਕ ਸਖ਼ਸ਼ੀਅਤਾਂ ਬਾਰੇ ਜ਼ਰੂਰ ਲਿਖੀਆਂ ਸਨ ਪਰ ਉਨ੍ਹਾਂ ਨੇ ਉਹ ਬਾਅਦ ਵਿੱਚ ਕਿਸੇ ਸੰਗ੍ਰਹਿ ਵਿੱਚ ਆਪ ਸ਼ਾਮਿਲ ਨਹੀਂ ਕੀਤੀਆਂ। ਬਹੁਤ ਸਾਰੇ ਕਵੀ ਮੁੱਢਲੇ ਦੌਰ ਵਿੱਚ ਧਾਰਮਿਕ ਕਵਿਤਾਵਾਂ ਲਿਖਦੇ ਰਹੇ ਹਨ ਪਰ ਬਾਅਦ ਵਿੱਚ ਉਨ੍ਹਾਂ ਆਪਣਾ ਵਿਸ਼ਾ ਖੇਤਰ ਬਦਲ ਲਿਆ ਸੀ। ਉਦਾਹਰਣ ਵਜੋਂ ਅੰਮ੍ਰਿਤਾ ਪ੍ਰੀਤਮ ਦੀਆਂ ਮੁੱਢਲੀਆਂ ਕਵਿਤਾਵਾਂ ਧਾਰਮਿਕ ਹਨ ਪਰ ਬਾਅਦ ਵਿੱਚ ਉਹ ਰੁਮਾਂਸਵਾਦੀ ਪ੍ਰਗਤੀਸ਼ੀਲ ਕਵਿਤਾ ਲਿਖਣ ਲੱਗ ਪਈ। ਹਰ ਲੇਖਕ ਵਿੱਚ ਇੱਕ ਵਿਕਾਸ ਆਉਂਦਾ ਹੈ। ਨਿਸ਼ਚੇ ਹੀ ਉਦਾਸੀ ਦੀ ਕਵਿਤਾ ਵਿੱਚ ਵੀ ਨਕਸਲਬਾੜੀ ਲਹਿਰ ਦੇ ਪ੍ਰਭਾਵ ਅਧੀਨ ਬੁਨਿਆਦੀ ਤਬਦੀਲੀ ਵਾਪਰੀ। 1964 ਵਿੱਚ ਜਵਾਹਰ ਲਾਲ ਨਹਿਰੂ ਦੀ ਮੌਤ ਉੱਤੇ ਮਰਸੀਆਨੁਮਾ ਕਵਿਤਾਵਾਂ ਲਿਖਣ ਵਾਲਾ ਬਾਅਦ ਦੀਆਂ ਕਵਿਤਾਵਾਂ ਵਿੱਚ ਇਹ ਸਮਝਦਾ ਹੈ ਕਿ ਜਵਾਹਰ ਲਾਲ/ਗਾਂਧੀ ਬਨਾਮ ਕਾਂਗਰਸ ਦੀ ਲਿਆਂਦੀ ਆਜ਼ਾਦੀ ਤਾਂ ਝੂਠੀ ਆਜ਼ਾਦੀ ਸੀ।

   
1964 ਤੋਂ 1975 ਤੱਕ ਗਿਆਰਾਂ ਸਾਲਾਂ ਵਿੱਚ ਉਸਦੀ ਰਾਜਸੀ ਚੇਤਨਾ ਵਿੱਚ ਵਿਕਾਸ ਆਇਆ ਹੈ। ਜਿਸ ਨਾਲ ਉਸ ਨੇ ਭਾਰਤੀ ਸਰਮਾਏਦਾਰੀ ਦੇ ਆਗੂਆਂ ਦੇ ਚਰਿੱਤਰ ਨੂੰ ਨਵੇਂ ਸਿਰਿਓਂ ਪ੍ਰਭਾਸ਼ਿਤ ਕੀਤਾ। ਇਸੇ ਪ੍ਰਕਾਰ ਧਾਰਮਿਕ ਸਖ਼ਸ਼ੀਅਤਾਂ ਦੇ ਗੁਣਗਾਨ ਕਰਨ ਵਾਲਾ ਬਾਅਦ ਵਿੱਚ ਇਸ ਕਿਸਮ ਦੇ ਵਿਚਾਰ ਕਵਿਤਾ ਵਿੱਚ ਪੇਸ਼ ਨਹੀਂ ਕਰਦਾ। ਸੰਤ ਰਾਮ ਉਦਾਸੀ ਆਪਣੀ ਸਾਰੀ ਮਹੱਤਵਪੂਰਨ ਕਵਿਤਾ 1979 ਤੱਕ ਲਿਖ ਚੁੱਕਿਆ ਸੀ। ਉਸ ਤੋਂ ਬਾਅਦ ਉਸ ਨੇ ਜਿਹੜੀਆਂ ਕਵਿਤਾਵਾਂ ਲਿਖੀਆਂ ਉਹ ਪੂਰਬਲੇ ਕਾਵਿ ਪੈਰਾਡਾਈਮ ਤੋਂ ਬਾਹਰ ਨਹੀਂ ਜਾਂਦੀਆਂ। ਉਸ ਦੀ ਕਵਿਤਾ ਦੀ ਵਿਚਾਰਧਾਰਕ ਸੁਰ 1971 ਤੋਂ ਲੈ ਕੇ ਅੰਤ ਤੱਕ ਇੱਕੋ ਹੀ ਰਹਿੰਦੀ ਹੈ। 1979 ਤੋਂ ਬਾਅਦ ਲਿਖੀਆਂ ਕਵਿਤਾਵਾਂ ਦੀ ਸੁਰ ਕੋਈ ਵੱਖਰੀ ਨਹੀਂ ਹੈ। ਕੁਝ ਲੋਕ ਇਨ੍ਹਾਂ ਕਵਿਤਾਵਾਂ ਨੂੰ ਪੰਜਾਬ ਸੰਕਟ ਤੋਂ ਬਾਅਦ ਦੀਆਂ ਕਵਿਤਾਵਾਂ ਵਜੋਂ ਪੜ੍ਹਦੇ ਅਤੇ ਪ੍ਰਚਾਰਦੇ ਹਨ, ਜੋ ਉਦਾਸੀ ਨਾਲ ਸਰਾਸਰ ਜ਼ਿਆਦਤੀ ਤਾਂ ਹੈ ਹੀ ਪੰਜਾਬੀ ਸਾਹਿਤ ਦੇ ਇਤਿਹਾਸ ਨਾਲ ਵੱਡਾ ਧ੍ਰੋਹ ਹੈ। ਕਵਿਤਾ ਵਿਧਾ ਵਜੋਂ ਹੀ ਬਹੁ-ਆਰਥਕ ਹੁੰਦੀ ਹੈ ਅਤੇ ਉਸ ਵਿੱਚ ਨਵੇਂ ਪ੍ਰਸੰਗ ਜੋੜੇ ਜਾਣ ਦੀ ਨਿਰੰਤਰ ਸੰਭਾਵਨਾ ਬਣੀ ਰਹਿੰਦੀ ਹੈ। ਸੰਤ ਰਾਮ ਉਦਾਸੀ ਦੀਆਂ ਨਕਸਲਬਾੜੀ ਦੌਰ ਦੀਆਂ ਸਿੱਖ ਯੋਧਿਆਂ ਨੂੰ ਪ੍ਰੇਰਣਾ ਪ੍ਰਤੀਕ ਬਣਾ ਕੇ ਲਿਖੀਆਂ ਕਵਿਤਾਵਾਂ ਨੂੰ ਇੱਕਾ-ਦੁੱਕਾ ‘ਵਿਦਵਾਨਾਂ’ ਨੇ ਕੱਟੜ ਸਿੱਖ ਧਾਰਮਿਕ ਲਹਿਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਕਿ ਸੰਤ ਰਾਮ ਉਦਾਸੀ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾਇਆ ਕਵੀ ਸੀ ਅਤੇ ਉਸ ਦਾ ਧਰਮ ਜਾਂ ਜਾਤੀਗਤ ਵੰਡੀਆਂ ਦੀ ਥਾਵੇਂ ਜਮਾਤੀ ਸੰਘਰਸ਼ ਵਿੱਚ ਅਟੁੱਟ ਵਿਸ਼ਵਾਸ਼ ਸੀ। ਉਸ ਦੀਆਂ ਸਾਰੀਆਂ ਕਵਿਤਾਵਾਂ ਜਮਾਤੀ ਸੰਘਰਸ਼ ਨੂੰ ਪ੍ਰਚਾਰਦੀਆਂ ਹਨ। ਇਸ ਦੀ ਪੁਸ਼ਟੀ ਲਈ ਮੱਧਕਾਲੀ ਸਿੱਖ ਲਹਿਰ ਦੇ ਨਾਇਕਾਂ ਨੂੰ ਪ੍ਰੇਰਨਾ ਸ੍ਰੋਤ ਮੰਨਦਾ ਹੈ। ਕਿਉਂਕਿ ਸਿੱਖ ਲਹਿਰ ਦੇ ਨਾਇਕ ਵੀ ਅਸਲ ਵਿੱਚ ਤਾਂ ਜਗੀਰਦਾਰੀ ਮੁਗਲ ਸਾਮਰਾਜ ਦੇ ਖਿਲਾਫ਼ੳਮਪ; ਲੋਕ ਲਹਿਰ ਹੀ ਜਥੇਬੰਦ ਕਰ ਰਹੇ ਸਨ। ਉਦਾਹਰਣ ਵਜੋਂ ‘ਭਾਈ ਘਨੱਈਏ ਦੀ ਪੇਸ਼ੀ’ ਕਵਿਤਾ ਦੇਖੀ ਜਾ ਸਕਦੀ ਹੈ।

ਅੋਹ ਕੋਈ ਅੱਲਾ!ਅੱਲਾ!! ਕਰੇ,
ਜ਼ਿਦੀ ਜ਼ਰ, ਜ਼ੋਰੂ ਉੱਤੇ ਨੀਤ ਹੈ, ਕਰੋੜੀਏ ਕਰਾੜ ਦੀ।
ਨਾਲ ਹੀ ਪਰੇ ਹੈ ਕੋਈ ਵਾਹਿਗੁਰੂ ਬੋਲੇ,
ਜਿਦੀ ਸ਼ਾਦੀ ਸਿਗੀ ਪਿਛਲੇ ਹੀ ਹਾੜ ਦੀ।
ਜਾਤ-ਪਾਤ ਨਾਲੋਂ ਜ਼ਿਆਦਾ ਮਾਣਦਾ ਜਮਾਤ,
ਤੇਰੇ ਖੰਜਰ ਪਿਆਲੇ ਦਾ ਸਰੂਰ।
ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ….
ਇਨ੍ਹਾਂ ਨੂੰ ਜਮਾਤੀ ਯੁੱਧ ਦੀ ਜੇ ਜ਼ਰਾ ਸੂਝ ਹੁੰਦੀ,
ਕਾਹਨੂੰ ਇਹ ਸ਼ਰੀਕਾਂ ਨਾਲ ਖੜ੍ਹਦੇ।
ਬੁੱਧੂ ਸ਼ਾਹ ਦੇ ਪੀਰਾ! ਪੀਰ ਜੱਗ ਦਾ ਬਣਾ ਕੇ
ਤੈਨੂੰ ਵੈਰੀਆਂ ਦੇ ਘੇਰਿਆਂ ‘ਚੋਂ ਕੱਢਦੇ।
ਤੇਰੀ ਹਾਜ਼ਰੀ ‘ਚ ਪਾਣੀ ਪਿਆਸੜੇ ਨੂੰ ਦੇਣਾ,
ਮੈਨੂੰ ਏਦੂੰ ਵੱਡਾ ਹੋਣਾ ਕੀ ਗਰੂਰ,
ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ…….
ਕਣਕਾਂ ਨੂੰ ਆਊਗਾ ਪਸੀਨਾ ਡੁੱਲੇ ਖੂਨ ਦਾ ਜਾ,
ਜੋਰੀ ਜਰਵਾਣੇ ਰਹਿ ਨੀ ਸਕਣੇ।
ਭਾਈ, ਮੁੱਲਾਂ, ਪਾਦਰੀ, ਦੇ ਫੇਰ ਰਾਜ ਮਹਿਲਾਂ ਵਿੱਚ,
ਫਿਰਕੂ ਠਿਕਾਣੇ ਰਹਿ ਨੀ ਸਕਣੇ।
ਤੇਰੀ ਦਿੱਤੀ ਅਜੇ ਭਰੀ ਦੀ ਭਰਾਈ,
ਇਹ ਨਾ ਊਣੇ ਅਜੇ, ਨੱਕੋ ਨੱਕ ਨੂਰ।
ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ…
ਅੱਜ ਫ਼ਿੳਮਪ;ਰਕੇਦਾਰੀ ਮਾਣਸ ਖਾਣੀ, ਪਾੜੇ ਵੀਰੋ ਵੀਰ।
ਕਿਹੜਾ ਲਛਮਣ ਮਾਰੇ ਆ ਕੇ, ਸਰੂਪਨਖਾ ਦੇ ਤੀਰ।
ਧਰਮ ਅਤੇ ਸਰਮਾਇਆ ਇੱਕੋ, ਸੁਣ ਲੋ! ਸ਼ਰਧਾ ਵਾਲਿਓ।
ਓ ਖੇਡਾਂ ਵਾਲਿਓ!
(ਰਾਖਿਓ)

    
ਸੰਤ ਰਾਮ ਉਦਾਸੀ ਨੇ ਜਦੋਂ ਆਪਣੀ ਕਵਿਤਾ ਵਿੱਚ ਸਿੱਖੀ ਨਾਲ ਸਬੰਧਤ ਬਿੰਬ ਪੇਸ਼ ਕੀਤੇ ਤਾਂ ਉਸਦਾ ਆਧਾਰ ਸੀ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੀ ਸਾਂਝੀਵਾਲਤਾ, ਗੁਰੁ ਗੋਬਿੰਦ ਸਿੰਘ ਦੀ ਅੰਮ੍ਰਿਤ ਦੀ ਦਾਤ ਅਤੇ ਭਾਈ ਘਨੱਈਏ ਦਾ ਅਦਵੈਤਵਾਦ। ਪਿਛਲੇ 3-4 ਸਾਲਾਂ ਵਿੱਚ ਉਦਾਸੀ ਨੂੰ ਕਦੇ ਕਿਸੇ ਖਾਸ ਜਾਤ ਅਤੇ ਕਦੇ ਕਿਸੇ ਵਿਸ਼ੇਸ਼ ਧਰਮ ਤੱਕ ਸੀਮਿਤ ਕਰਨ ਦੇ ਯਤਨ ਹੋਏ ਹਨ। ਕੁਝ ਵਿਅਕਤੀ ਸਾਹਿਤਕਾਰਾਂ ਤੇ ਸ਼ਹੀਦਾਂ ਨੂੰ ਜਾਤਾਂ, ਧਰਮਾਂ ਅਤੇ ਇਲਾਕਿਆਂ ਵਿੱਚ ਵੰਡ ਰਹੇ ਹਨ ਅਤੇ ਸੰਤ ਰਾਮ ਉਦਾਸੀ ਵਰਗੇ ਸ਼ਾਇਰ ਨੂੰ ਵੀ ਆਪਣੀ ਸੌੜੀ ਰਾਜਨੀਤੀ ਦਾ ਜਰੱਈਆ ਅਪਣਾਉਣਾ ਚਾਹੁੰਦੇ ਹਨ ਪਰ ਉਸ ਦੀ ਸਮੁੱਚੀ ਕਵਿਤਾ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਉਹ ਦੁਨੀਆਂ ਭਰ ਦੇ ਕਿਰਤੀਆਂ ਨਾਲ ਸਾਂਝ ਰੱਖਦਾ ਸੀ। ਕਿਰਤੀ ਹੋਣਾ ਹੀ ਉਸ ਦੀ ਜਾਤ ਸੀ। ਕਿਰਤੀ ਹੋਣਾ ਹੀ ਉਸ ਦਾ ਧਰਮ ਸੀ। ਕਿਰਤੀ ਵਜੋਂ ਹੀ ਉਹ ਵਿਚਰਿਆ, ਕਿਰਤੀ ਵਜੋਂ ਹੀ ਪਰਵਾਨ ਚੜ੍ਹਿਆ ਅਤੇ ਉਸ ਦਾ ਅੰਤ ਵੀ ਉਸੇ ਤਰ੍ਹਾਂ ਹੋਇਆ ਜਿਵੇਂ ਕਿਰਤੀ ਅਣਆਈ ਮੌਤੇ ਮਰਦੇ ਹਨ।

ਕਿਰਤ ਲੁਟਾਵਣ ਵਾਲਿਓ ਸਾਰੇ ਇੱਕ ਹੋ ਜਾਓ, ਇੱਕ ਹੋ ਜਾਓ!
ਜਿਸਮ ਤੁੜਾਵਣ ਵਾਲਿਓ ਸਾਰੇ ਇੱਕ ਹੋ ਜਾਓ, ਇੱਕ ਹੋ ਜਾਓ!!
ਅੱਗ ਧੁਖੇ ਜਦ ਕਾਂਗੋ ਵਿੱਚ ਤਾਂ, ਭਾਂਬੜ ਵੀਅਤਨਾਮ ਵਿੱਚ ਨਿਕਲੇ।
ਹੱਡ ਸੜਨ ਜਦ ਫ਼ੳਮਪ;ਲਸਤੀਨਾਂ ਦੇ, ਰੋਹ ਕੰਬੋਡੀਆ ਅੰਦਰ ਬਿਫ਼ਰੇ।
ਮਰੇ ਜਦੋਂ ਅਮਰੀਕੀ ਕਾਮਾ, ਚੀਨੀ ਮਾਂ ਦੇ ਆਵਣ ਹੰਝੂ।
ਪਾਕਿਸਤਾਨੀ ਪੜ੍ਹੇ ਨਮਾਜ਼ਾਂ, ਸੜਦੇ ਕਰੇ ਤਿਲਕ ਤੇ ਜੰਝੂ।
ਪੂੰਜੀਪਤੀ ਦੀ ਪੂੰਜੀ ਅੰਦਰ, ਆਪਣਾ ਮਹਿੰਗਾ ਲਹੂ ਨਾ ਪਾਓ।
ਇੱਕ ਹੋ ਜਾਓ! ਇੱਕ ਹੋ ਜਾਓ!!
(ਦੁਨੀਆਂ ਭਰ ਦੇ ਕਾਮਿਓ)

ਜਦ ਵੀ ਉਪਰਾਲਾ ਕਰਕੇ ਮੈਂ, ਜ਼ੰਜੀਰ ਤੋੜਨੀ ਚਾਹੀ ਏ।
ਟੁੱਟੀ ਨੰੁੂ ਟਾਂਕੇ ਲਾ ਲਾ ਕੇ, ਤਕਦੀਰ ਜੋੜਨੀ ਚਾਹੀ ਏ।
ਧਰਮਾਂ ‘ਤੇ ਖ਼ਤਰਾ ਬਣ ਜਾਵੇ, ਕਾਨੂੰਨ ‘ਤੇ ਖ਼ਤਰਾ ਆ ਜਾਵੇ।
ਮਜ਼ਹਬਾਂ ਦੇ ਠੇਕੇਦਾਰਾਂ ਦੇ, ਜਨੂੰਨ ‘ਤੇ ਖ਼ਤਰਾ ਆ ਜਾਵੇ।
ਦੇ ਫ਼ੳਮਪ;ਤਬਾ ਦੇਸ਼-ਧਰੋਹੀ ਦਾ, ਜੇਲ੍ਹਾਂ ਦੇ ਬੂਹੇ ਖੁੱਲ੍ਹ ਜਾਂਦੇ।
ਅੰਨ੍ਹੇ ਹੋ ਵਿੱਚ ਤਸ਼ੱਦਦ ਦੇ, ਬੰਦੇ ਨੂੰ ਬੰਦਾ ਭੁੱਲ ਜਾਂਦੇ।

(ਮਜ਼ਦੂਰ ਦੀ ਦੇਸ਼ ਸੇਵਾ)

ਫਿਰਨ ਕਾਨੂੰਨ ਅਤੇ ਕੌਮ ਦਾ ਜਨੂੰਨ,
ਸਾਡੇ ਰਾਹਾਂ ਵਿੱਚ ਕੰਡੇ ਅਟਕਾਉਂਦਾ।
ਪੂੰਜੀਪਤੀ ਢਾਂਚਾ ਦੋਵਾਂ ਨਾਗਾਂ ਤਾਈਂ ਪਾਲ,
ਸਾਡੇ ਲੋਕਾਂ ਵਿੱਚ ਜ਼ਹਿਰ ਉਗਾਂਵਦਾ।
ਐਨਾ ਚਿਰ ਰਾਜ ‘ਤੇ ਬਹਾਇਆ ਏਸ ਤੱਤੜੇ ਨੂੰ,
ਇਹਨੇ ਕੀ ਕਦਰ ਸਾਡੀ ਜਾਨਣੀ।
ਕਾਹਦੀ ਏ ਆਜ਼ਾਦੀ ਅਸੀਂ ਮਾਨਣੀ।
(ਆਜ਼ਾਦੀ)

   
21ਵੀਂ ਸਦੀ ਵਿੱਚ ਹੁਣ ਜਦੋਂ ਗਲੋਬਲੀ-ਸਾਮਰਾਜੀ ਨੀਤੀਆਂ ਕਾਰਨ ਕਿਰਤੀਆਂ ਦੀ ਲੁੱਟ ਬਹੁਤ ਸੂਖਮ ਢੰਗ ਨਾਲ ਹੋਣੀ ਸ਼ੁਰੂ ਹੋ ਗਈ ਹੈ ਤਾਂ ਉਦਾਸੀ ਦੀ ਕਵਿਤਾ ਇਸ ਸੰਕਟ ਨਾਲ ਨਜਿੱਠਣ ਲਈ ਰਾਹ ਖੋਲ੍ਹਦੀ ਪ੍ਰਤੀਤ ਹੁੰਦੀ ਹੈ। ਉਸਨੇ ਜਿਸ ਤਰ੍ਹਾਂ ਆਪਣੇ ਦੌਰ ਵਿੱਚ ਸਥਾਪਤੀ ਨੂੰ ਵੰਗਾਰਿਆ, ਉਸ ਤਰ੍ਹਾਂ ਦੀ ਸੁਰ ਹੁਣ ਦਰਕਾਰ ਹੈ। ਹੁਣ ਮਸਲਾ ਉਦਾਸੀ ਦੀ ਕਵਿਤਾ ਵਿੱਚ ਪਈਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਦਾ ਹੈ। ਉਦਾਸੀ ਦੀ ਕਵਿਤਾ ਜਾਤ, ਧਰਮ, ਨਸਲ, ਖੇਤਰ, ਭਾਸ਼ਾਈ ਵਖਰੇਵਿਆਂ ਨੂੰ ਉਲੰਘ ਕੇ ਕਿਰਤੀਆਂ ਨੂੰ ਇੱਕ ਮਾਲਾ ਦੇ ਮਣਕੇ ਬਣਾਉਣ ਲਈ ਪ੍ਰੇਰਦੀ ਹੈ। ਇਉਂ ਆਧੁਨਿਕ ਦੌਰ ਵਿੱਚ ਉਦਾਸੀ ਦੀ ਕਵਿਤਾ ਦਾ ਮੁੱਲ ਹੋਰ ਵੀ ਵੱਧ ਗਿਆ ਹੈ। ਉਸਦੀ ਕਵਿਤਾ ਹਰ ਧਰਮ, ਹਰ ਜਾਤ, ਹਰ ਨਸਲ ਅਤੇ ਹਰ ਭਾਈਚਾਰੇ ਨੂੰ ਜੋੜਦੀ ਹੈ ਅਤੇ ਉਨ੍ਹਾਂ ਦੀ ਲੜਾਈ ਦਾ ਰੁਖ਼ ਸਥਾਪਤੀ ਵੱਲ ਮੋੜਦੀ ਹੈ ਜੋ ਜੁੱਗਾਂ ਤੋਂ ਕਿਰਤੀ ਵਰਗ ਦੀ ਲੁੱਟ-ਖਸੁੱਟ ਕਰ ਰਹੀ ਹੈ।


Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ