Thu, 18 April 2024
Your Visitor Number :-   6981504
SuhisaverSuhisaver Suhisaver

ਪੁਸਤਕ ‘ਗਾਥਾ ਗ਼ਦਰੀਆਂ ਦੀ…’: ਕੁਝ ਵਿਚਾਰ

Posted on:- 14-01-2014

suhisaver

- ਗੁਰਬਚਨ ਸਿੰਘ ਭੁੱਲਰ
ਸੰਪਰਕ: 011-65736868


ਗ਼ਦਰ ਲਹਿਰ ਦੀ ਨੀਂਹ ਰੱਖੇ ਜਾਣ ਦੇ ਇਸ ਸੌਵੇਂ ਸਾਲ ਵਿਚ ਗ਼ਦਰੀ ਬਾਬਿਆਂ ਦੀਆਂ ਉੱਚੀਆਂ-ਸੁੱਚੀਆਂ ਕਰਨੀਆਂ ਨੂੰ ਧੰਨਵਾਦੀ ਸ਼ਰਧਾ ਭਾਵਨਾ ਨਾਲ ਸਿਮਰਿਆ ਜਾ ਰਿਹਾ ਹੈ।ਅਜਿਹਾ ਹੋਵੇ ਵੀ ਕਿਉਂ ਨਾ ਜਦੋਂ ਦਰਵੇਸ਼ੀ ਇਨਸਾਨੀਅਤ ਦੀਆਂ ਅਤੇ ਤਨ, ਮਨ, ਧਨ ਸਭ ਕੁਝ ਦੇਸ ਤੋਂ ਕੁਰਬਾਨ ਕਰ ਦੇਣ ਵਾਲੇ ਨਿਸ਼ਕਾਮ ਜਜ਼ਬੇ ਦੀਆਂ ਉਹਨਾਂ ਵਰਗੀਆਂ ਮਿਸਾਲਾਂ ਮਨੁੱਖੀ ਇਤਿਹਾਸ ਵਿਚ ਘੱਟ ਹੀ ਮਿਲਦੀਆਂ ਹਨ।ਇਸ ਸੰਬੰਧ ਵਿਚ ਲੇਖਾਂ ਅਤੇ ਪੁਸਤਕਾਂ ਦੇ ਰੂਪ ਵਿਚ ਬਹੁਤ ਕੁਝ ਪ੍ਰਕਾਸ਼ਿਤ ਹੋ ਰਿਹਾ ਹੈ।ਅਜਿਹੀ ਇਕ ਪੁਸਤਕ, ਜਿਸ ਨੂੰ ਦੇਖ ਕੇ ਮੈਨੂੰ ਖ਼ੁਸ਼ੀ ਵੀ ਹੋਈ ਹੈ ਅਤੇ ਤਸੱਲੀ ਵੀ, ਮਨਦੀਪ ਅਤੇ ਰਣਦੀਪ ਦੀ ਸੰਪਾਦਿਤ ‘ਗਾਥਾ ਗ਼ਦਰੀਆਂ ਦੀ…’ ਹੈ ਜਿਸ ਵਿਚ ਇਨਕਲਾਬੀ ਗ਼ਦਰੀ ਦੇਸਭਗਤਾਂ ਦੀਆਂ ਸੰਖੇਪ ਜੀਵਨੀਆਂ ਦਿੱਤੀਆਂ ਗਈਆਂ ਹਨ।

ਦੇਸ ਨੂੰ ਆਜ਼ਾਦ ਕਰਾਉਣ ਦੇ ਆਪਣੇ ਮਿਸ਼ਨ ਵੱਲ ਇਹਨਾਂ ਦਰਵੇਸ਼ਾਂ ਦੀ ਵਚਨਬੱਧਤਾ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਉਹਨਾਂ ਨੇ ਆਪਣੀ ਨਿੱਜਤਾ ਨੂੰ ਦੇਸ-ਪਿਆਰ ਖ਼ਾਤਰ ਪੂਰੀ ਤਰ੍ਹਾਂ ਲਾਂਭੇ ਕਰ ਦਿੱਤਾ।ਉਸ ਸਮੇਂ ਕੈਲੀਫ਼ੋਰਨੀਆਂ ਵਿਚ ਰੁਜ਼ਗਾਰ ਦੇ ਕਈ ਖੇਤਰ ਪੰਜਾਬੀਆਂ ਲਈ ਖੁੱਲ੍ਹੇ ਪਏ ਸਨ।ਉਹਨਾਂ ਨੇ ਲਹੂ ਬਾਲ ਕੇ ਅਤੇ ਪਸੀਨਾ ਵਹਾ ਕੇ ਕੰਮ ਮਿਲਣ ਦੀਆਂ ਇਹਨਾਂ ਸੰਭਾਵਨਾਵਾਂ ਦਾ ਖ਼ੂਬ ਫ਼ਾਇਦਾ ਉਠਾਇਆ ਅਤੇ ਉਹ ਪੈਸਾ ਪੈਸਾ ਕਰ ਕੇ ਆਪਣੀਆਂ ਛੋਟੀਆਂ-ਵੱਡੀਆਂ ਗੁਥਲੀਆਂ ਭਰਨ ਵਿਚ ਕਾਮਯਾਬ ਹੋਏ।ਪਰ ਅਸ਼ਕੇ ਉਹਨਾਂ ਦੀ ਦੇਸਭਗਤੀ ਦੇ, ਗ਼ਦਰ ਲਹਿਰ ਦਾ ਬਿਗਲ ਬੱਜਿਆ ਤਾਂ ਇਹ ਗੁਥਲੀਆਂ ਲਹਿਰ ਦੇ ਚਰਨਾਂ ਵਿਚ ਰੱਖਣ ਲੱਗਿਆਂ ਉਹਨਾਂ ਨੇ ਇਕ ਪਲ ਵੀ ਰੁਕ ਕੇ ਸੋਚਿਆ ਨਹੀਂ! ਸਾਂਝੇ ਹਿਤ ਵਾਸਤੇ ਨਿਜੀ ਹਿਤ ਦਾ ਤਿਆਗ ਕਰਨਾ ਲਹਿਰ ਵਿਚ ਸ਼ਾਮਲ ਹੋਣ ਦੀ ਪਹਿਲੀ ਸ਼ਰਤ ਅਤੇ ਦੇਸਭਗਤੀ ਦੇ ਮਾਰਗ ਉੱਤੇ ਤੁਰਨ ਦਾ ਪਹਿਲਾ ਕਦਮ ਸੀ।ਯਾਦ ਰਹੇ, ਇਹ ਉਹ ਸਮਾਂ ਸੀ ਜਦੋਂ ਅਜੇ ਕਾਂਗਰਸ ਨੇ ਵੀ ਅੰਗਰੇਜ਼ ਤੋਂ ਮੁਕੰਮਲ ਆਜ਼ਾਦੀ ਨੂੰ ਆਪਣਾ ਨਿਸ਼ਾਨਾ ਨਹੀਂ ਸੀ ਮਿਥਿਆ।

ਗ਼ਦਰੀਆਂ ਦੀ ਇਕ ਹੋਰ ਵੱਡੀ ਦੇਣ ਸੋਚ ਨੂੰ ਕਿਸੇ ਇਕ ਜਾਤ, ਧਰਮ ਜਾਂ ਇਲਾਕੇ ਤੱਕ ਰੱਖਣ ਦੀ ਥਾਂ ਸਿੱਧਾ ਸਭਨਾਂ ਹਿੰਦੀਆਂ ਨੂੰ ਸੰਬੋਧਿਤ ਹੋਣਾ ਸੀ।ਅੰਗਰੇਜ਼ਾਂ ਦਾ ਸਭ ਤੋਂ ਕਾਰਗਰ ਹਥਿਆਰ ਸੀ ਫੁੱਟ ਪਾਉਣਾ, ਵੰਡੋ ਤੇ ਰਾਜ ਕਰੋ ਦਾ ਤਰੀਕਾ ਅਪਣਾਉਣਾ।ਉਹਨਾਂ ਨੇ ਧਰਮਾਂ ਦੀਆਂ, ਜਾਤਾਂ ਦੀਆਂ, ਸੂਬਿਆਂ ਦੀਆਂ, ਇਲਾਕਿਆਂ ਦੀਆਂ ਵੰਡੀਆਂ ਪਾਈਆਂ।ਗ਼ਦਰੀਆਂ ਨੇ ਸਭ ਭਾਰਤੀਆਂ ਨੂੰ ਅਜਿਹੀਆਂ ਸਭ ਵੰਡੀਆਂ ਭੁਲਾ ਕੇ ਇਕ ਹੋਣ ਦਾ ਰਾਹ ਦਿਖਾਇਆ।

ਗ਼ਦਰੀਆਂ ਨੂੰ ਕਈ ‘ਸਾਜ਼ਿਸ਼ ਕੇਸ’ ਬਣਾ ਕੇ ਬੜੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ।ਉਹਨਾਂ ਨੂੰ ਵੱਡੀ ਗਿਣਤੀ ਵਿਚ ਫ਼ਾਂਸੀਆਂ ਅਤੇ ਕਾਲੇ ਪਾਣੀ ਦੀਆਂ ਨਰਕੀ ਉਮਰ ਕੈਦਾਂ ਸੁਣਾਉਣ ਤੋਂ ਅੱਗੇ ਵਧ ਕੇ ਘਰਘਾਟ ਕੁਰਕ ਕਰਦਿਆਂ ਉਹਨਾਂ ਦੇ ਸਮੁੱਚੇ ਪਰਿਵਾਰਾਂ ਨੂੰ ਸਜ਼ਾ ਦੇ ਭਾਗੀ ਬਣਾਇਆ ਗਿਆ।ਪਰ ਇਹ ਗ਼ਦਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਅਦੁਤੀ ਸਿਦਕ ਸੀ ਜੋ ਇਸ ਸੰਕਟ ਵਿਚ ਵੀ ਡੋਲਿਆ ਨਹੀਂ।ਫ਼ਾਂਸੀਆਂ, ਗੋਲ਼ੀਆਂ, ਉਮਰ ਕੈਦਾਂ, ਲੰਮੀਆਂ ਕੈਦਾਂ, ਤਸੀਹਿਆਂ, ਕੁਰਕੀਆਂ, ਤੰਗੀਆਂ, ਮੰਦਹਾਲੀਆਂ ਕਾਰਨ ਅਨੇਕ ਗ਼ਦਰੀ ਜਾਨਾਂ ਵਾਰ ਗਏ ਪਰ ਏਨੀ ਹੀ ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜੇ ਬਚ ਰਹੇ ਜਾਂ ਕੈਦਾਂ ਭੁਗਤ ਕੇ ਛੁਟਦੇ ਰਹੇ, ਅਸਹਿ-ਅਕਹਿ ਜਬਰ ਦੀ ਚੱਕੀ ਵਿਚੋਂ ਲੰਘੇ ਹੋਣ ਦੇ ਬਾਵਜੂਦ ਯਰਕ ਕੇ ਬੈਠ ਨਹੀਂ ਗਏ ਸਗੋਂ ਪੂਰੀ ਚੜ੍ਹਦੀ ਕਲਾ ਨਾਲ ਭਵਿੱਖੀ ਲਹਿਰਾਂ ਦੇ ਅੰਗ ਬਣ ਕੇ ਆਪਣਾ ਸਰਗਰਮ ਸੀਰ ਰਲਾਉਂਦੇ ਰਹੇ।ਉਹਨਾਂ ਦੇ ਅਟੁੱਟ ਅਤੇ ਅਝੁਕ ਜਜ਼ਬੇ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਆਪਣੇ ਅੰਤਲੇ ਸਾਹਾਂ ਤੱਕ ਜਾਂ ਅੰਗਰੇਜ਼ ਦੇ ਨਿਕਲਣ ਤੱਕ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਸੰਗਰਾਮ ਜਾਰੀ ਰੱਖਿਆ।ਜਿਹੜੇ ਗ਼ਦਰੀ ਅੰਗਰੇਜ਼ ਤੋਂ ਮਿਲੀ ਰਾਜਨੀਤਕ ਆਜ਼ਾਦੀ ਤੋਂ ਮਗਰੋਂ ਜੀਵਤ ਰਹੇ, ਉਹ ਆਪਣੇ ਲੋਕਾਂ ਦੀ ਸਮਾਜਕ-ਆਰਥਿਕ ਆਜ਼ਾਦੀ ਦਾ ਸੰਘਰਸ਼ ਉਸੇ ਜਜ਼ਬੇ ਨਾਲ ਲੜਦੇ ਰਹੇ।

ਜਿਥੇ 1857 ਦਾ ਗ਼ਦਰ ਮੂਲ ਰੂਪ ਵਿਚ ਖੁੱਸੀਆਂ ਰਿਆਸਤਾਂ ਪਰਾਪਤ ਕਰਨ ਲਈ ਹਾਰੇ ਹੋਏ ਰਾਜਿਆਂ ਦੀ ਲੜਾਈ ਸੀ, ਇਹਨਾਂ ਗ਼ਦਰੀਆਂ ਦਾ ਇਕੋ-ਇਕ ਉਦੇਸ਼ ਆਪਣਾ ਸਭ ਕੁਝ ਵਾਰ ਕੇ ਸਮੁੱਚੇ ਦੇਸ ਨੂੰ ਆਜ਼ਾਦ ਕਰਵਾਉਣਾ ਸੀ।ਲਹਿਰ ਦੀ ਸਫਲਤਾ ਦੀ ਸੂਰਤ ਵਿਚ ਗ਼ਦਰੀਆਂ ਨੂੰ ਕੋਈ ਖੁੱਸੀ ਹੋਈ ਨਿੱਜੀ ਰਿਆਸਤ ਨਹੀਂ ਸੀ ਮਿਲਣੀ ਸਗੋਂ ਬੱਸ ਉਹਨਾਂ ਦੇ ਹਮਵਤਨਾਂ ਨੂੰ ਆਜ਼ਾਦੀ ਮਿਲਣੀ ਸੀ।1857 ਦੇ ਗ਼ਦਰ ਦੀ ਮਸਲਵੀਂ ਹਾਰ ਤੋਂ ਮਗਰੋਂ ਇਹ ਆਸ ਨਹੀਂ ਸੀ ਕੀਤੀ ਜਾ ਸਕਦੀ ਕਿ ਛੇਤੀ ਹੀ ਕੋਈ ਅੰਗਰੇਜ਼-ਵਿਰੋਧੀ ਲਹਿਰ ਉੱਠ ਸਕੇਗੀ।ਦੇਸਭਗਤਾਂ ਲਈ ਉਸ ਹਾਰ ਨਾਲ ਫ਼ੈਲੀ ਨਿਰਾਸ਼ਾ, ਬੇਦਿਲੀ ਅਤੇ ਆਪਣੀ ਸਮਰੱਥਾ ਵਿਚ ਭਰੋਸੇ ਦੇ ਖ਼ਾਤਮੇ ਵਾਲੇ ਮਾਹੌਲ ਨੂੰ ਪਲਟਣਾ ਅਸੰਭਵ ਵਰਗਾ ਮੁਸ਼ਕਿਲ ਹੋਣ ਦੇ ਬਾਵਜੂਦ ਜ਼ਰੂਰੀ ਅਤੇ ਅਹਿਮ ਕਾਰਜ ਸੀ।ਗ਼ਦਰ ਲਹਿਰ ਦਾ ਮਹੱਤਵ ਇਸ ਗੱਲ ਵਿਚ ਹੈ ਕਿ ਇਹਨੇ ਇਹ ਕਾਰਜ ਬਾਖ਼ੂਬੀ ਨੇਪਰੇ ਚਾੜ੍ਹਿਆ ਅਤੇ ਇਸ ਤੋਂ ਪ੍ਰੇਰਿਤ ਹੋਏ ਹਿੰਦੁਸਤਾਨੀ ਅੰਗੜਾਈ ਲੈ ਕੇ ਉੱਠ ਖਲੋਤੇ।ਗ਼ਦਰ ਲਹਿਰ ਨੇ ਨਿਤਾਣਿਆਂ ਨੂੰ ਤਾਣ ਦੇ ਕੇ, ਨਿਰਜਿੰਦਾਂ ਵਿਚ ਨਵੀਂ ਜਾਨ ਧੜਕਾ ਕੇ ਲੜਾਈ ਲਈ ਨਵੇਂ ਸਿਰਿਉਂ ਤਿਆਰ ਕੀਤਾ।

ਅੱਜ ਜਦੋਂ ਅਸੀਂ ਗ਼ਦਰ ਲਹਿਰ ਦੀ ਸ਼ਤਾਬਦੀ ਮਨਾ ਰਹੇ ਹਾਂ, ਦੇਸ ਅਨੇਕ ਸਮਾਜਕ-ਆਰਥਕ ਸੰਕਟਾਂ ਵਿਚੋਂ ਲੰਘ ਰਿਹਾ ਹੈ।ਇਹਨਾਂ ਸੰਕਟਾਂ ਵਿਚੋਂ ਨਿਕਲਣ ਦਾ ਰਾਹ ਇਹੋ ਹੈ ਕਿ ਦੇਸ ਵਿਚ ਗ਼ਦਰੀਆਂ ਵਾਲੀ ਦੇਸਭਗਤੀ, ਲੋਕਭਗਤੀ, ਨਿਸ਼ਕਾਮਤਾ, ਨਿਮਰਤਾ, ਕੁਰਬਾਨੀ ਅਤੇ ਹਰ ਕਿਸਮ ਦੀਆਂ ਸੌੜੀਆਂ ਵਲਗਣਾਂ ਤੋਂ ਉੱਚੇ ਉੱਠ ਕੇ ਸੋਚਣ-ਦੇਖਣ ਦੀ ਭਾਵਨਾ ਸੁਰਜੀਤ ਕੀਤੀ ਜਾਵੇ।ਵਰਤਮਾਨ ਸਮੱਸਿਆਵਾਂ ਵਿਚੋਂ ਦੇਸ ਦੇ ਨਿਕਲਣ ਦਾ ਇਕੋ-ਇਕ ਰਾਹ ਇਹੋ ਹੈ!

ਮਗਰਲੀਆਂ ਪੀੜ੍ਹੀਆਂ ਦੇ ਮਨ ਵਿਚ ਅਕਸਰ ਇਹ ਸਵਾਲ ਆਉਂਦਾ ਹੈ ਕਿ ਧਰਤੀ ਦੇ ਗੋਲੇ ਦੇ ਸਾਥੋਂ ਬਿਲਕੁਲ ਦੂਜੇ ਪਾੱਸੇ, ਅਮਰੀਕਾ ਅਤੇ ਕੈਨੇਡਾ ਵਿਚ ਜਾ ਕੇ ਲਾਮਬੰਦ ਹੋਏ ਦੇਸ ਦੀ ਆਜ਼ਾਦੀ ਵਾਸਤੇ ਮਰ ਮਿਟਣ ਲਈ ਤਿਆਰ ਇਹ ਹਜ਼ਾਰਾਂ ਲੋਕ ਕੌਣ ਸਨ? ਇਸ ਲਈ ਅੱਜ ਉਹਨਾਂ ਦੀਆਂ ਜੀਵਨੀਆਂ ਨੂੰ ਨੌਜਵਾਨਾਂ ਸਾਹਮਣੇ ਪ੍ਰਕਾਸ਼ਨਾ ਬੜਾ ਮਹੱਤਵ ਰਖਦਾ ਹੈ।ਇਸ ਨਜ਼ਰੀਏ ਤੋਂ ਮਨਦੀਪ ਅਤੇ ਰਣਦੀਪ ਦੀ ਸੰਪਾਦਿਤ ਇਹ ਪੁਸਤਕ ਕਾਫ਼ੀ ਮੁੱਲਵਾਨ ਹੈ।ਇਸ ਵਿਚ 39 ਗ਼ਦਰੀਆਂ ਦੀਆਂ ਸੰਖੇਪ ਜੀਵਨੀਆਂ ਤੋਂ ਇਲਾਵਾ 83 ਗ਼ਦਰੀਆਂ ਦੀਆਂ ਅਤਿ-ਸੰਖੇਪ ਜੀਵਨੀਆਂ ਵੀ ਦਿੱਤੀਆਂ ਗਈਆਂ ਹਨ।

ਸੰਪਾਦਕਾਂ ਨੇ ਸੰਪਾਦਨ-ਕਲਾ ਦੀ ਵਧੀਆ ਸੂਝ ਦਿਖਾਉਂਦਿਆਂ ਜਿਥੇ ਵੀ ਕਿਸੇ ਜੀਵਨੀ ਦੇ ਪਿਛੇ ਖਾਲੀ ਥਾਂ ਬਚਿਆ ਹੈ, ਉਥੇ ਕੋਈ ਮੁੱਲਵਾਨ ਲਿਖਤ ਜਾਂ ਕੋਈ ਪ੍ਰਸੰਗਕ ਤਸਵੀਰ ਦੇ ਦਿੱਤੀ ਹੈ।ਇਉਂ ਪੁਸਤਕ ਵਿਚ ਸ਼ਾਮਲ ਸਭਨਾਂ ਗ਼ਦਰੀਆਂ ਦੀਆਂ ਤਸਵੀਰਾਂ ਤੋਂ ਇਲਾਵਾ ਇਸ ਵਿਚ ਅਨੇਕ ਹੋਰ ਵਡਮੁੱਲੀਆਂ ਤਸਵੀਰਾਂ ਸ਼ਾਮਲ ਹੋ ਗਈਆਂ ਹਨ।ਸੰਪਾਦਕਾਂ ਦੀ ਸੂਝ-ਸਿਆਣਪ ਸਦਕਾ 128 ਪੰਨਿਆਂ ਵਿਚ ਏਨਾ ਕੁਝ ਸਮੋਇਆ ਜਾ ਸਕਿਆ ਹੈ ਕਿ ਇਹ ਪੁਸਤਕ ਪੜ੍ਹ ਕੇ ਗ਼ਦਰ ਲਹਿਰ ਬਾਰੇ ਕੋਈ ਜਾਣਕਾਰੀ ਨਾ ਰੱਖਣ ਵਾਲਾ ਪਾਠਕ ਵੀ ਭਰਪੂਰ ਅਤੇ ਸਰਬੰਗੀ ਜਾਣਕਾਰੀ ਹਾਸਲ ਕਰ ਸਕਦਾ ਹੈ।ਇਸ ਪੁਸਤਕ ਦੇ ਪ੍ਰਕਾਸ਼ਨ ਲਈ ਸੰਪਾਦਕਾਂ ਦੇ ਨਾਲ ਨਾਲ ਲੋਕ-ਹਿਤੈਸ਼ੀ ਸਾਹਿਤ ਪੇਸ਼ ਕਰਨ ਲਈ ਪ੍ਰਸਿੱਧ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਵੀ ਪ੍ਰਸ਼ੰਸਾ ਦੇ ਹੱਕਦਾਰ ਹਨ।

ਪੁਸਤਕ ਪ੍ਰਾਪਤੀ ਲਈ ਸੰਪਰਕ:

ਵਰਿੰਦਰ ਦੀਵਾਨਾ, ਸੰਪਰਕ: +91 99880 71233
ਮਨਦੀਪ, ਸੰਪਰਕ: +91 98764 42052


Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ