Tue, 16 April 2024
Your Visitor Number :-   6976530
SuhisaverSuhisaver Suhisaver

ਅੰਤਰਰਾਸ਼ਟਰੀ ਵਿਦਿਆਰਥੀਆਂ, ਵਰਕ ਪਰਮਿਟ ਵਾਲੇ ਲੋਕਾਂ ਦੇ ਮਸਲੇ ਅਤੇ ਦੇਸੀ ਕਨੇਡੀਅਨ ਭਾਈਚਾਰਾ! -ਹਰਚਰਨ ਸਿੰਘ ਪਰਹਾਰ

Posted on:- 30-11-2019

ਵਿਦਿਆਰਥੀਆਂ ਵਲੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਰਿਵਾਜ ਸਦੀਆਂ ਪੁਰਾਣਾ ਹੈ।ਬੇਸ਼ਕ ਪਹਿਲੇ ਸਮਿਆਂ ਵਿੱਚ ਅਮੀਰ ਲੋਕਾਂ ਦੇ ਬੱਚੇ ਦੂਜੇ ਦੇਸ਼ਾਂ ਦੀਆਂ ਵੱਡੀਆਂ ਤੇ ਮਸ਼ਹੂਰ ਯੂਨੀਵਰਸਿਟੀਆਂ ਵਿੱਚ ਪੜ੍ਹਨ ਜਾਂਦੇ ਸਨ ਜਾਂ ਕਈ ਵਾਰ ਹੁਸ਼ਿਆਰ ਵਿਦਿਆਰਥੀਆਂ ਨੂੰ ਸਰਕਾਰਾਂ ਜਾਂ ਕੋਈ ਸੰਸਥਾਵਾਂ ਆਪਣੇ ਖਰਚੇ ਤੇ ਵਿਦੇਸ਼ਾਂ ਵਿੱਚ ਪੜ੍ਹਨ ਭੇਜਦੀਆਂ ਸਨ।ਵਿਦੇਸ਼ਾਂ ਵਿੱਚ ਪੜ੍ਹੇ ਹੋਏ ਵਿਦਿਆਰਥੀਆਂ ਦਾ ਆਪਣੇ ਦੇਸ਼ਾਂ ਵਿੱਚ ਇੱਕ ਖਾਸ ਸਨਮਾਨ ਹੁੰਦਾ ਸੀ।ਪੰਜਾਬੀਆਂ ਵਿੱਚੋਂ ਬਹੁਤ ਥੋੜੇ ਲੋਕ ਵਿਦੇਸ਼ਾਂ ਵਿੱਚ ਪੜ੍ਹਨ ਗਏ ਸਨ।ਬਹੁਤੇ ਪੰਜਾਬੀ ਲੋਕ ਵਿਦੇਸ਼ਾਂ ਵਿੱਚ ਸ਼ੁਰੂ ਤੋਂ ਰੁਜ਼ਗਾਰ ਦੀ ਭਾਲ ਵਿੱਚ ਹੀ ਆਉਂਦੇ ਰਹੇ ਤੇ ਫਿਰ ਉਥੇ ਹੀ ਸੈਟਲ ਹੁੰਦੇ ਰਹੇ ਹਨ।ਕਨੇਡਾ ਵਿੱਚ ਵੀ ਪੰਜਾਬੀ ਲੋਕ ਪਿਛਲੀ ਸਦੀ ਦੇ ਸ਼ੁਰੂ ਤੋਂ ਰੁਗਾਰ ਲਈ ਵੱਖ-ਵੱਖ ਢੰਗਾਂ ਨਾਲ ਆਉਂਦੇ ਰਹੇ ਹਨ।ਪਰ 2009 ਵਿੱਚ ਪਹਿਲੀ ਵਾਰ ਕਨੇਡਾ ਦੀ ਹਾਰਪਰ ਸਰਕਾਰ ਵਲੋਂ ਇੰਡੀਆ ਨਾਲ ਇੱਕ ਵਿਸ਼ੇਸ਼ ਸਮਝੌਤੇ ਤਹਿਤ ਇੰਡੀਆ ਤੋਂ ਕਨੇਡਾ ਵਿੱਚ ਵਿਦਿਆਰਥੀ ਮੰਗਵਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸਨੂੰ ਐਸ. ਪੀ. ਪੀ. (ਸਟੂਡੈਂਟ ਪਾਰਟਨਰ ਪ੍ਰੋਗਰਾਮ) ਕਿਹਾ ਜਾਂਦਾ ਸੀ।

ਇਸ ਪ੍ਰੋਗਰਾਮ ਤਹਿਤ ਬਾਕੀ ਇੰਡੀਆ ਤੋਂ ਬਹੁਤ ਘੱਟ ਵਿਦਿਆਰਥੀ ਆਏ, ਪਰ ਇਹ ਪ੍ਰੋਗਰਾਮ ਪੰਜਾਬੀਆਂ ਲਈ ਵਰਦਾਨ ਸਾਬਤ ਹੋਇਆ।ਜਿਸ ਲਈ ਹਾਰਪਰ ਸਰਕਾਰ ਦੀ ਸ਼ਲਾਘਾ ਕਰਨੀ ਬਣਦੀ ਹੈ।ਬੇਸ਼ਕ ਇਸ ਪ੍ਰੋਗਰਾਮ ਰਾਹੀਂ ਬਹੁਤ ਜ਼ਿਆਦਾ ਵਿਦਿਆਰਥੀ ਨਹੀਂ ਆ ਸਕੇ ਸਨ ਕਿਉਂਕਿ ਇਸ ਪ੍ਰੋਗਰਾਮ ਤਹਿਤ ਤਕਰੀਬਨ 50 ਕੁ ਅਜਿਹੇ ਕਮਿਉਨਿਟੀ ਕਾਲਜਾਂ ਨੂੰ ਮਾਨਤਾ ਦਿੱਤੀ ਗਈ ਸੀ, ਜਿਨ੍ਹਾਂ ਦੀ ਸਰਕਾਰੀ ਫੰਡਿੰਗ ਘਟਾ ਕੇ ਇਸਦਾ ਘਾਟਾ ਅੰਰਰਾਸ਼ਟਰੀ ਵਿਦਿਆਰਥੀਆਂ ਤੋਂ ਪੂਰਾ ਕਰਨ ਲਈ ਕਿਹਾ ਗਿਆ ਸੀ।

ਸ਼ੁਰੂ ਵਿੱਚ ਇਹ ਪ੍ਰੋਗਰਾਮ ਸਿਰਫ ਇੰਡੀਆ ਲਈ ਸੀ, ਜੋ ਕਿ ਬਾਅਦ ਚੀਨ ਲਈ ਵੀ ਸ਼ੁਰੂ ਕੀਤਾ ਗਿਆ।ਪਰ 2015 ਵਿੱਚ ਟਰੂਡੋ ਸਰਕਾਰ ਬਣਨ ਨਾਲ ਪ੍ਰੋਗਰਾਮ ਨੂੰ ਓਪਨ ਕਰਨ ਦਿੱਤਾ ਗਿਆ ਤੇ ਕਈ ਸ਼ਰਤਾਂ ਵੀ ਨਰਮ ਕਰ ਦਿੱਤੀਆਂ ਗਈਆਂ, ਜਿਸ ਤਹਿਤ ਬਹੁਤ ਸਾਰੇ ਵਿਦਿਆਰਥੀਆਂ ਨੂੰ ਕਨੇਡਾ ਆਉਣ ਦਾ ਮੌਕਾ ਮਿਲਿਆ।ਜਿਸਦਾ ਸਭ ਤੋਂ ਵੱਧ ਲਾਭ ਪੰਜਾਬੀ ਵਿਦਿਆਰਥੀਆਂ ਨੂੰ ਹੋਇਆ, ਜਿਨ੍ਹਾਂ ਲਈ ਕਨੇਡਾ ਵਿੱਚ ਪੱਕੇ ਆਉਣ ਲਈ ਸੌਖਾ ਰਾਹ ਖੁੱਲ੍ਹ ਗਿਆ।ਸਰਕਾਰੀ ਅੰਕੜਿਆਂ ਅਨੁਸਾਰ 2018 ਵਿੱਚ 7 ਲੱਖ 31 ਹਜ਼ਾਰ ਵਿਦਿਆਰਥੀ ਕਨੇਡਾ ਵਿੱਚ ਸਟੂਡੈਂਟ ਵੀਜਾ ਤੇ ਸਨ, ਜਿਨ੍ਹਾਂ ਵਿਚੋਂ ਤਕਰੀਬਨ ਸਾਢੇ ਚਾਰ ਲੱਖ 2018 ਸਾਲ ਦੇ ਸਨ।ਇਨ੍ਹਾਂ ਵਿੱਚੋਂ 70% ਤੋਂ ਜ਼ਿਆਦਾ ਵਿਦਿਆਰਥੀ ਸਿਰਫ ਉਨਟੇਰੀਉ ਤੇ ਬੀ ਸੀ ਵਿੱਚ ਹਨ ਕਿਉਂਕਿ ਬਹੁਤੇ ਪ੍ਰਾਈਵੇਟ ਕਾਲਿਜ਼ ਇਨ੍ਹਾਂ ਸੂਬਿਆਂ ਵਿੱਚ ਹੀ ਹਨ।ਪਰ ਹੁਣ ਦੂਜੇ ਸੂਬਿਆਂ ਵੱਲ ਵੀ ਵਿਦਿਆਰਥੀ ਆ ਰਹੇ ਹਨ।ਫੈਡਰਲ ਸਰਕਾਰ ਦੀ ਯੋਜਨਾ ਹੈ ਕਿ ਅਗਲੇ 5 ਸਾਲਾਂ ਵਿੱਚ 10 ਲੱਖ ਦੇ ਕਰੀਬ ਨਵੇਂ ਵਿਦਿਆਰਥੀ ਲਿਆਂਦੇ ਜਾਣਗੇ, ਇੰਡੀਆਂ ਤੇ ਚੀਨ ਤੋਂ ਬਿਨਾਂ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਕਨੇਡਾ ਆਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।ਹੁਣ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕਨੇਡਾ ਦੀ ਜੀ ਡੀ ਪੀ ਵਿੱਚ 21.6 ਬਿਲੀਅਨ (2160 ਕ੍ਰੋੜ) ਦਾ ਯੋਗਦਾਨ ਪਾਇਆ ਹੈ ਤੇ 1 ਲੱਖ 70 ਹਜ਼ਾਰ ਜੌਬਾਂ ਪੈਦਾ ਕੀਤੀਆਂ ਹਨ।ਇਥੇ ਇਹ ਵੀ ਵਰਨਣਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਨੇਡੀਅਨ ਵਿਦਿਆਰਥੀਆਂ ਦੇ ਮੁਕਾਬਲੇ ਦੁਗਣੀ ਜਾਂ ਇਸ ਤੋਂ ਵੱਧ ਫੀਸ ਦੇਣੀ ਪੈਂਦੀ ਹੈ ਅਤੇ ਪਹਿਲੇ ਸਾਲ ਦਾ ਰਹਿਣ ਤੇ ਖਾਣ-ਪੀਣ ਦਾ ਖਰਚਾ ਵੀ ਆਪਣੇ ਕਨੇਡੀਅਨ ਅਕਾਊਂਟ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਹੈ।ਪਾਠਕਾਂ ਦੀ ਜਾਣਕਾਰੀ ਲਈ ਇਹ ਤੱਥ ਵੀ ਰੌਚਕ ਹੋਵੇਗਾ ਕਿ ਕਨੇਡਾ ਵਿੱਚ 2025 ਤੱਕ ਤਕਰੀਬਨ 10 ਮਿਲੀਅਨ (1 ਕਰੋੜ) ਕਨੇਡੀਅਨ (ਬੇਬੀ ਬੂਮਰਜ਼, ਜਿਨ੍ਹਾਂ ਦਾ ਜਨਮ 1950-60 ਤੱਕ ਦਾ ਹੈ) ਰਿਟਾਇਰ ਹੋ ਰਹੇ ਹਨ, ਜਿਨ੍ਹਾਂ ਦੀ ਜਗ੍ਹਾ ਭਰਨ ਲਈ ਨੌਜਵਾਨ ਕਾਮਿਆਂ ਦੀ ਲੋੜ ਹੈ, ਜੋ ਲੰਬਾ ਸਮਾਂ ਕਨੇਡਾ ਵਿੱਚ ਕੰਮ ਕਰਨ।

ਬੇਸ਼ਕ ਬਹੁਤ ਸਾਰੇ ਕਨੇਡਾ ਵਾਸੀਆਂ ਨੂੰ ਲਗਦਾ ਹੈ ਕਿ ਸਰਕਾਰ ਬਿਨਾਂ ਵਿਚਾਰ ਤੋਂ ਧੜਾ-ਧੜ ਵਿਦਿਆਰਥੀਆਂ ਨੂੰ ਮੰਗਵਾ ਰਹੀ ਹੈ, ਪਰ ਅਜਿਹਾ ਸਹੀ ਨਹੀਂ, ਜਿਥੇ ਰਿਟਾਇਰ ਹੋ ਰਹੇ ਲੋਕਾਂ ਦੀ ਜਗ੍ਹਾ ਭਰਨ ਲਈ ਨਵੇਂ ਲੋਕਾਂ ਦੀ ਲੋੜਹੈ ਤਾਂ ਕਿ ਪੈਨਸ਼ਨ ਪਲਾਨ ਚੱਲਦੀ ਰਹੇ ਤੇ ਬਜ਼ੁਰਗਾਂ ਨੂੰ ਹੋਰ ਸਹੂਲਤਾਂ ਮਿਲਦੀਆਂ ਰਹਿਣ, ਉਥੇ ਇਸ ਨਾਲ ਕਨੇਡਾ ਦੇ ਬੰਦ ਹੋ ਰਹੇ ਵਿਦਿਅਕ ਅਦਾਰਿਆਂ ਨੂੰ ਵੀ ਵੱਡਾ ਹੁਲਾਰਾ ਮਿਲਿਆ ਹੈ, ਲੱਖਾਂ ਨਵੀਆਂ ਜੌਬਾਂ ਵੀ ਪੈਦਾ ਹੋਈਆਂ ਹਨ।ਕਨੇਡਾ ਵਿੱਚ ਪੱਕੇ ਤੌਰ ਤੇ ਆਉਣ ਵਾਲੇ ਵੱਡੀ ਉਮਰ ਦੇ ਇਮੀਗਰੈਂਟਸ ਆਉਂਦੇ ਹੀ, ਕਨੇਡਾ ਦੀ ਆਰਥਿਕਤਾ ਤੇ ਬੋਝ ਬਣਦੇ ਸਨ, ਜਦਕਿ ਵਿਦਿਆਰਥੀ ਕਨੇਡਾ ਵਿੱਚ ਕਰੋੜਾਂ ਡਾਲਰ ਲੈ ਕੇ ਆ ਰਹੇ ਹਨ।ਹੁਣ ਤੱਕ ਕਨੇਡਾ ਵਿੱਚ ਵਿਦੇਸ਼ਾਂ ਤੋਂ ਆਏ ਵਿਦਿਆਰਥੀਆਂ ਵਿੱਚੋਂ 60% ਦੇ ਕਰੀਬ ਵਿਦਿਆਰਥੀ ਸਿਰਫ ਇੰਡੀਆ (ਪੰਜਾਬ) ਤੇ ਚੀਨ ਤੋਂ ਆ ਰਹੇ ਹਨ। ਬਹੁਤ ਸਾਰੇ ਲੋਕਾਂ ਨੂੰ ਇਹ ਲਗਦਾ ਹੈ ਕਿ ਪੰਜਾਬੀ ਵਿਦਿਆਰਥੀ ਪੜ੍ਹਨ ਨਹੀ, ਸਿਰਫ ਪੱਕੇ ਹੋਣ ਲਈ ਹੀ ਆਉਂਦੇ ਹਨ, ਪਰ ਕਨੇਡਾ ਨੂੰ ਇਸਦਾ ਵੀ ਲਾਭ ਹੈ ਕਿਉਂਕਿ ਕਨੇਡੀਅਨ ਬੌਰਨ ਮਲੇਨੀਅਰ ਬੱਚੇ (ਸਾਲ 2000 ਤੋਂ ਬਾਅਦ ਵਿੱਚ ਜੰਮਣ ਵਾਲੇ) ਆਮ ਲੇਬਰ ਜੌਬਾਂ ਕਰਨ ਲਈ ਤਿਆਰ ਨਹੀਂ ਹਨ, ਇਸਦਾ ਘਾਟਾ ਪੜ੍ਹੇ ਲਿਖੇ ਅੰਤਰਰਾਸ਼ਟਰੀ ਵਿਦਿਆਰਥੀ ਪੂਰਾ ਕਰ ਰਹੇ ਹਨ ਜਾਂ ਕਰਨਗੇ।
ਜਿਸ ਤਰ੍ਹਾਂ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਹੈ ਤੇ ਕਨੇਡਾ ਦੇ ਭਵਿੱਖ ਲਈ ਇਹ ਵਿਦਿਆਰਥੀ ਚੋਖਾ ਯੋਗਦਾਨ ਪਾਉਣਗੇ।ਬੇਸ਼ਕ ਅਨੇਕਾਂ ਦੇਸ਼ਾਂ ਤੋਂ ਵਿਦਿਆਰਥੀ ਕਨੇਡਾ ਵਿੱਚ ਆ ਰਹੇ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਸਾਡੇ ਕੋਲ ਬਹੁਤੀ ਜਾਣਕਾਰੀ ਨਹੀਂ, ਇਸ ਲਈ ਇਥੇ ਅਸੀਂ ਸਿਰਫ ਪੰਜਾਬ ਜਾਂ ਇੰਡੀਆ ਦੇ ਵਿਦਿਆਰਥੀਆਂ ਦਾ ਹੀ ਜ਼ਿਕਰ ਕਰਾਂਗੇ।ਬਹੁਤ ਥੋੜੇ ਜਿਹੇ ਵਿਦਿਆਰਥੀਆਂ ਨੂੰ ਛੱਡ ਕੇ ਜ਼ਿਆਦਾ ਵਿਦਿਆਰਥੀ ਮੱਧ ਵਰਗੀ ਜਾਂ ਨਿਮਨ ਮੱਧ ਵਰਗੀ ਪਰਿਵਾਰਾਂ ਤੋਂ ਆ ਰਹੇ ਹਨ।ਅਜਿਹੇ ਪਰਿਵਾਰਾਂ ਦੇ ਨੌਜਵਾਨ ਹੀ 70ਵਿਆਂ ਤੋਂ ਕਨੇਡਾ ਆ ਰਹੇ ਹਨ, ਪਹਿਲਾਂ ਉਹ ਵਿਜ਼ਟਰ ਵੀਜ਼ੇ ਤੇ ਆਉਂਦੇ ਸਨ ਤੇ ਉਨ੍ਹਾਂ ਨੂੰ ਪੱਕੇ ਹੋਣ ਲਈ ਕਈ ਪਾਪੜ ਵੇਲਣੇ ਪੈਂਦੇ ਸਨ, ਪਰ ਉਸ ਵੇਲੇ ਪੰਜਾਬੀ (ਸਿੱਖ) ਕਮਿਉਨਿਟੀ ਘੱਟ ਹੋਣ ਕਰਕੇ ਲੋਕ ਇੱਕ ਦੂਜੇ ਦੀ ਕਾਫੀ ਮੱਦਦ ਵੀ ਕਰਦੇ ਸਨ।ਫਿਰ 1984 ਤੋਂ ਬਾਅਦ ਨਵੇਂ ਦੌਰ ਵਿੱਚ ਲੋਕ ਫੈਮਲੀ ਕਲਾਸ ਖੁੱਲਣ ਨਾਲ ਵਿਆਹ ਕਰਾ ਕੇ ਜਾਂ ਪਰਿਵਾਰਾਂ ਸਮੇਤ ਅਤੇ ਏਜੰਟਾਂ ਰਾਹੀਂ ਗੈਰ ਕਨੂੰਨੀ ਢੰਗ ਨਾਲ ਆ ਕੇ ਰਿਫਊਜੀ ਬਣ ਕੇ ਪੱਕੇ ਹੁੰਦੇ ਰਹੇ।ਕਿਸੇ ਸਮੇਂ ਨਕਲੀ ਵਿਆਹਾਂ ਰਾਹੀਂ ਮੰਗਵਾਉਣ ਦਾ ਰੁਝਾਨ ਵੀ ਚੱਲਦਾ ਰਿਹਾ।ਇੱਕ ਦੌਰ ਵਿੱਚ ਪੜ੍ਹੇ ਲਿਖੇ ਤੇ ਤਜ਼ੁਰਬੇਕਾਰ ਲੋਕ ਨੰਬਰ ਸਿਸਟਮ ਰਾਹੀਂ ਆਉਣ ਲੱਗੇ।ਕਨੇਡਾ ਨੇ ਸਭ ਨੂੰ ਵੈਲਕਮ ਕੀਤਾ ਤੇ ਅੱਜ ਸਾਰੇ ਲੋਕ ਆਪਣੀ ਆਪਣੀ ਜਗ੍ਹਾ ਪੂਰੇ ਸੈਟ ਹਨ।ਪਿਛਲੇ 25-30 ਸਾਲਾਂ ਵਿੱਚ ਆਏ ਲੋਕ ਹੀ ਸੈਟ ਹੋ ਕੇ ਅੱਜ ਆਪਣੇ ਬਿਜਨੈਸ ਚਲਾ ਰਹੇ ਹਨ, ਜਿਸ ਨਾਲ ਪੰਜਾਬੀਆਂ ਨੇ ਜਿਥੇ ਕਨੇਡੀਅਨ ਅਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ, ਉਥੇ ਪੰਜਾਬੀ ਕਮਿਉਨਿਟੀ ਦਾ ਕਨੇਡਾ ਵਿੱਚ ਇੱਕ ਖਾਸ ਸਥਾਨ ਹੈ।ਪਰ ਪਿਛਲੇ 10 ਸਾਲ ਤੋਂ ਤੇ ਖਾਸਕਰ ਪਿਛਲੇ 4 ਸਾਲ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਨੇਡਾ ਆ ਰਹੇ ਹਨ।ਕੁਝ ਸਾਲ ਪਹਿਲਾਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਸਟਰੇਲੀਆ ਤੇ ਨਿਊਜ਼ੀਲੈਂਡ ਆਉਂਦੇ ਰਹੇ ਹਨ।ਬੇਸ਼ਕ ਇਹ ਰੁਝਾਨ ਹੁਣ ਉਧਰ ਘੱਟ ਹੈ।ਆਮ ਤੌਰ ਤੇ ਵਿਦਿਆਰਥੀ ਇਕੱਲੇ ਆਉਂਦੇ ਹਨ, ਉਨ੍ਹਾਂ ਲਈ ਕਨੇਡਾ ਬਿਲਕੁਲ ਨਵਾਂ ਦੇਸ਼ ਹੁੰਦਾ ਹੈ, ਉਨ੍ਹਾਂ ਵਿੱਚੋਂ ਬਹੁਤੇ ਕਦੇ ਪੰਜਾਬ ਤੋਂ ਬਾਹਰ ਵੀ ਨਹੀਂ ਗਏ ਹੁੰਦੇ।ਇਸ ਲਈ ਸੁਭਾਵਕ ਹੈ ਕਿ ਜਦੋਂ ਉਹ ਇਕੱਲੇ ਜਾਂ ਖਰਚਾ ਬਚਾਉਣ ਲਈ ਗਰੁੱਪ ਵਿੱਚ ਰਹਿਣਗੇ ਤਾਂ ਕੁਝ ਗਲਤੀਆਂ ਕਰਨਗੇ।ਅਸੀਂ ਪਿਛਲੇ 2-3 ਸਾਲਾਂ ਤੋਂ ਦੇਖ ਰਹੇ ਹਾਂ ਕਿ ਕੁਝ ਨੌਜਵਾਨ ਜਵਾਨੀ ਦੇ ਜ਼ੋਸ਼ ਜਾਂ ਪੰਜਾਬੀ ਗਾਇਕਾਂ ਵਲੋਂ ਲੱਚਰ, ਹਿੰਸਕ, ਜਾਤ-ਪਾਤੀ ਮਾਨਸਿਕਤਾ ਵਾਲੇ ਗੀਤਾਂ ਰਾਹੀਂ ਸਿਰਜੇ ਗਏ ਪੰਜਾਬੀ ਕਲਚਰ ਕਾਰਨ ਗੁੰਮਰਾਹ ਹੋ ਕੇ ਗਲਤ ਹਰਕਤਾਂ ਤੇ ਹੁੱਲੜਬਾਜੀ ਕਰਦੇ ਹਨ। ਕਨੇਡਾ ਦੇ ਸਮਾਜ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਕੁਝ ਅਜਿਹੀਆਂ ਹਨ, ਜਿਨ੍ਹਾਂ ਕਰਕੇ ਦੁਨੀਆਂ ਦੇ ਹਰ ਕੋਨੇ ਵਿੱਚੋਂ ਲੋਕ ਕਨੇਡਾ ਆ ਕੇ ਵਸਣ ਵਿੱਚ ਮਾਣ ਮਹਿਸੂਸ ਕਰਦੇ ਹਨ।ਜਿਨ੍ਹਾਂ ਵਿੱਚ ਇਥੇ ਦਾ ਸਾਫ ਸੁਥਰਾ ਪ੍ਰਸ਼ਾਸਨਕ ਸਿਸਟਮ, ਸ਼ਾਂਤੀ ਦਾ ਮਾਹੌਲ ਤੇ ਸਫਾਈ ਪ੍ਰਮੁੱਖ ਹਨ।

ਜਦੋਂ ਅਸੀਂ ਆਪਣੇ ਪਿਛਲੇ ਦੇਸ਼ਾਂ ਨੂੰ ਦੇਖਦੇ ਹਾਂ ਤਾਂ ਉਥੇ ਅਜਿਹਾ ਕੁਝ ਸਾਨੂੰ ਨਹੀਂ ਮਿਲਦਾ ਤਾਂ ਹੀ ਇੱਧਰ ਵੱਲ ਆਉਣ ਦਾ ਵੱਧ ਰੁਝਾਨ ਹੈ।ਪਰ ਬਹੁਤ ਵਾਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਅਣ ਵਿਆਹੇ (ਸਿੰਗਲ) ਨੌਜਵਾਨ ਇਕੱਠੇ ਹੋ ਕੇ ਰਹਿੰਦੇ ਹਨ ਤਾਂ ਬਹੁਤ ਵਾਰ ਆਪਣੇ ਇਲਾਕਿਆਂ ਵਿੱਚ ਗੀਤ-ਸੰਗੀਤ ਜਾਂ ਪਾਰਟੀਆਂ ਦੇ ਸ਼ੋਰ-ਸ਼ਰਾਬੇ ਪਾਉਂਦੇ ਹਨ ਅਤੇ ਜਿਨ੍ਹਾਂ ਘਰਾਂ ਦੀ ਬੇਸਮੈਂਟਾਂ ਜਾਂ ਅਪਾਰਟਮੈਂਟ ਵਿੱਚ ਰਹਿੰਦੇ ਹਨ, ਉਥੇ ਸਫਾਈ ਦਾ ਖਿਆਲ ਨਹੀਂ ਰੱਖਦੇ ਤਾਂ ਉਸ ਨਾਲ ਕਨੇਡੀਅਨ ਭਾਈਚਾਰੇ ਵਿੱਚ ਸਾਰੇ ਵਿਦਿਆਰਥੀਆਂ ਦਾ ਅਕਸ ਖਰਾਬ ਹੁੰਦਾ ਹੈ।ਬੇਸ਼ਕ ਬਹੁਤੇ ਵਿਦਿਆਰਥੀ ਪੜ੍ਹਾਈ ਵੀ ਕਰ ਰਹੇ ਹਨ, ਬੜੀ ਮਿਹਨਤ ਨਾਲ ਕੰਮ ਵੀ ਕਰਦੇ ਹਨ ਤੇ ਪਿਛੇ ਆਪਣੇ ਮਾਂ-ਬਾਪ ਦੀ ਮੱਦਦ ਵੀ ਕਰਦੇ ਹਨ, ਉਨ੍ਹਾਂ ਨੂੰ ਇੱਧਰ ਵਿਜਟਰ ਵੀਜੇ ਤੇ ਸੱਦਦੇ ਹਨ।ਪਰ ਕੁਝ ਗਲਤ ਅਨਸਰਾਂ ਕਰਕੇ ਸਭ ਦਾ ਨਾਮ ਖਰਾਬ ਹੋ ਰਿਹਾ ਹੈ, ਜਿਸ ਲਈ ਵਿਦਿਆਰਥੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।ਪਿਛਲੇ ਸਮੇਂ ਵਿੱਚ ਅਜਿਹੀਆਂ ਵੀਡੀਉ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਨੌਜਵਾਨ ਟੋਲੇ ਬਣਾ ਕੇ ਇੱਕ ਦੂਜੇ ਨੂੰ ਗਾਲ਼ਾਂ ਕੱਢ ਰਹੇ ਹਨ, ਇੱਕ ਦੂਜੇ ਤੇ ਹਮਲੇ ਕਰ ਰਹੇ ਹਨ, ਤੋੜ-ਭੰਨ ਕਰ ਰਹੇ ਹਨ, ਜਿਨ੍ਹਾਂ ਘਰਾਂ ਵਿੱਚ ਰਹਿੰਦੇ ਸਨ, ਉਥੇ ਵੀ ਘਰ ਛੱਡਣ ਮੌਕੇ ਤੋੜ-ਭੰਨ ਕੀਤੀ, ਘਰਾਂ ਵਿੱਚ ਬਹੁਤ ਗੰਦ ਪਾਇਆ ਹੋਇਆ ਸੀ।ਇਸ ਕਾਰਨ ਲੜਕਿਆਂ ਨੂੰ ਕੋਈ ਬੇਸਮੈਂਟ ਦੇਣ ਲਈ ਤਿਆਰ ਨਹੀਂ।ਨਵੇਂ ਸਟੂਡੈਂਟ ਵੱਡੀ ਗਿਣਤੀ ਵਿੱਚ ਆ ਰਹੇ ਹਨ ਤੇ ਅਗਲੇ ਸਾਲਾਂ ਵਿੱਚ ਆਉਂਦੇ ਰਹਿਣਗੇ, ਇਸ ਲਈ ਵਿਦਿਆਰਥੀਆਂ ਨੂੰ ਆਪਣਾ ਇਮੇਜ਼ ਵਧੀਆ ਰੱਖਣ ਲਈ ਗਲਤ ਅਨਸਰਾਂ ਤੇ ਨਿਗ੍ਹਾ ਰੱਖਣੀ ਪਵੇਗੀ ਅਤੇ ਉਨ੍ਹਾਂ ਖਿਲਾਫ ਆਵਾਜ਼ ਵੀ ਬੁਲੰਦ ਕਰਨੀ ਪਵੇਗੀ।ਪੁਰਾਣੇ ਪੰਜਾਬੀ ਭਾਈਚਾਰੇ ਨੂੰ ਨਵੇਂ ਆਏ ਵਿਦਿਆਰਥੀਆਂ ਨੂੰ ਆਪਣੇ ਬੱਚੇ ਜਾਣ ਕੇ, ਜੋ ਸੰਭਵ ਹੋਵੇ, ਜਰੂਰ ਮੱਦਦ ਕਰਨੀ ਚਾਹੀਦੀ ਹੈ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਸਲਿਆਂ ਦਾ ਦੂਜਾ ਪਹਿਲੂ ਬੜਾ ਦੁਖਦਾਈ ਹੈ।ਜਿਸ ਤਰ੍ਹਾਂ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਬਹੁਤੇ ਵਿਦਿਆਰਥੀ ਆਮ ਮੱਧ ਵਰਗੀ ਜਾਂ ਨਿਮਨ ਮੱਧ ਵਰਗੀ ਪਰਿਵਾਰਾਂ ਤੋਂ ਆ ਰਹੇ ਹਨ।ਬਹੁਤੇ ਮਾਂ-ਬਾਪ ਆਪਣੀ ਸਾਰੀ ਉਮਰ ਦੀ ਜੋੜੀ ਹੋਈ ਕਮਾਈ ਲਗਾ ਕੇ ਜਾਂ ਜਮੀਨਾਂ ਵੇਚ ਕੇ ਬੱਚੇ ਵਿਦੇਸ਼ਾਂ ਵਿੱਚ ਭੇਜ ਰਹੇ ਹਨ ਤਾਂ ਕਿ ਉਹ ਕਨੇਡਾ ਜਾ ਕੇ ਸੈਟ ਹੋ ਜਾਣ ਕਿਉਂਕਿ ਪੰਜਾਬ ਦੇ ਜੋ ਹਾਲਾਤ ਹਨ, ਉਥੇ ਕੋਈ ਵੀ ਰਹਿਣਾ ਨਹੀਂ ਚਾਹੁੰਦਾ।ਬੇਰੁਜ਼ਗਾਰੀ ਤੋਂ ਇਲਾਵਾ ਨਸ਼ੇ, ਗੁੰਡਾਗਰਦੀ ਤੇ ਸਿਆਸੀ ਮਾਹੌਲ ਅਜਿਹਾ ਹੈ ਕਿ ਸਭ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਭ ਕੁਝ ਦਾਅ ਤੇ ਲਾਉਣ ਲਈ ਤਿਆਰ ਹਨ। ਜਦੋਂ ਬੱਚੇ ਇਥੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਪੜ੍ਹਾਈ ਵਾਲੇ ਸਮੇਂ ਦੌਰਾਨ 20 ਘੰਟੇ ਕੰਮ ਦੀ ਇਜ਼ਾਜਤ ਹੁੰਦੀ ਹੈ।ਬਾਅਦ ਵਿੱਚ ਜਦੋਂ ਓਪਨ ਵਰਕ ਪਰਮਿਟ ਮਿਲਦਾ ਹੈ ਤਾਂ ਉਹ 40 ਘੰਟੇ ਵੀ ਕੰਮ ਕਰ ਸਕਦੇ ਹਨ।ਪਰ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੂੰ ਪੀ ਆਰ ਹੋਣ ਲਈ ਕਿਸੇ ਇੰਪਲਾਇਰ ਦੀ ਲੋੜ ਹੁੰਦੀ ਹੈ, ਜੋ ਉਨ੍ਹਾਂ ਨੂੰ ਸਪੌਂਸਰ ਕਰ ਸਕੇ? ਪਿਛਲੇ ਕੁਝ ਸਾਲਾਂ ਤੋਂ ਸਾਰੀ ਦੁਨੀਆਂ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ, ਜਿਸ ਤਹਿਤ ਕੰਮਾਂ ਦੀ ਘਾਟ ਹੈ।ਜਿਸਦਾ ਫਾਇਦਾ ਬਿਜਨੈਸਮੈਨ ਉਠਾ ਰਹੇ ਹਨ।ਨਵੇਂ ਆਏ ਵਿਦਿਆਰਥੀਆਂ ਜਾਂ ਵਰਕ ਪਰਮਿਟ ਵਾਲਿਆਂ ਦੀ ਮੱਦਦ ਕਰਨ ਦੀ ਥਾਂ ਬਹੁਤੇ ਲੋਕ ਉਨ੍ਹਾਂ ਨੂੰ ਘੱਟ ਤਨਖਾਹ ਤੇ ਰੱਖ ਕੇ ਸੋਸ਼ਣ ਕਰ ਰਹੇ ਹਨ।ਬਹੁਤ ਵਾਰ ਇਹ ਦੇਖਣ-ਸੁਣਨ ਵਿੱਚ ਆਉਂਦਾ ਹੈ ਕਿ ਵਿਦਿਆਰਥੀਆਂ ਜਾਂ ਵਰਕ ਪਰਮਿਟ ਵਾਲਿਆਂ ਨੂੰ ਮਿਨੀਮਮ ਵੇਜ ਤੋਂ ਅੱਧੀ ਤਨਖਾਹ ਦਿੱਤੀ ਜਾਂਦੀ ਹੈ ਅਤੇ ਕੰਮ ਵੱਧ ਤੋਂ ਵੱਧ ਲਿਆ ਜਾਂਦਾ ਹੈ।ਕਈ ਅਜਿਹੇ ਭੱਦਰਪੁਰਸ਼ ਵੀ ਹਨ ਕਿ ਕੁਝ ਮਹੀਨੇ ਕੰਮ ਕਰਾ ਕੇ ਤਨਖਾਹ ਹੀ ਨਹੀਂ ਦਿੰਦੇ।ਸਭ ਤੋਂ ਵੱਡਾ ਧੱਕਾ ਉਦੋਂ ਹੁੰਦਾ ਹੈ, ਜਦੋਂ ਪੀ ਆਰ ਲਈ ਸਪੌਂਸਰ ਕਰਨ ਵਾਸਤੇ 40 ਤੋਂ 50 ਹਜ਼ਾਰ ਡਾਲਰਾਂ ਦੀ ਮੰਗ ਕੀਤੀ ਜਾਂਦੀ ਹੈ।ਬਹੁਤ ਸਾਰੇ ਲੋਕਾਂ ਨੇ ਨਕਲੀ ਬਿਜਨੈਸ ਬਣਾ ਕੇ ਅਜਿਹਾ ਲੁੱਟ ਦਾ ਧੰਦਾ ਚਲਾਇਆ ਹੋਇਆ ਹੈ, ਜਿਸ ਵਿੱਚ ਕਈ ਇਮੀਗਰੇਸ਼ਨ ਸਲਾਹਕਾਰ ਤੇ ਵਕੀਲ ਵੀ ਸ਼ਾਮਿਲ ਹਨ।ਸਰਕਾਰ ਵਲੋਂ ਕਿਸੇ ਨੂੰ ਪੱਕਾ ਕਰਾਉਣ ਦੀ ਮਾਮੂਲੀ ਜਿਹੀ ਫੀਸ ਤੋਂ ਇਲਾਵਾ ਕੁਝ ਨਹੀਂ ਲਿਆ ਜਾਂਦਾ, ਪਰ ਬਹੁਤ ਸਾਰੇ ਦੇਸੀ ਬਿਜਨੈਸਮੈਨਾਂ ਨੇ ਇਸਨੂੰ ਧੰਦਾ ਬਣਾ ਲਿਆ ਹੈ।ਕੁਝ ਸਿੱਖ ਪ੍ਰਚਾਰਕਾਂ ਨੇ ਦੱਸਿਆ ਕਿ ਗੁਰਦੁਆਰਿਆਂ ਵਾਲੇ ਜਾਂ ਕਈ ਨਕਲੀ ਧਾਰਮਿਕ ਸੁਸਾਇਟੀਆਂ ਬਣਾ ਕੇ ਲੋਕਾਂ ਤੋਂ ਪੱਕੇ ਕਰਾਉਣ ਲਈ 30-50 ਤੱਕ ਡਾਲਰ ਲੈਂਦੇ ਹਨ।ਜ਼ਾਅਲੀ ਦਸਤਾਵੇਜਾਂ ਰਾਹੀਂ ਕਈ ਕਈ ਐਲ ਐਮ ਆਈ ਲੈ ਕੇ ਲੋਕਾਂ ਦੀ ਵੱਡੇ ਪੱਧਰ ਤੇ ਲੁੱਟ ਕਰ ਰਹੇ ਹਨ।ਇੱਕ ਪਾਸੇ ਮਿਨੀਮਮ ਵੇਜ਼ ਤੋਂ ਵੀ ਘੱਟ ਤਨਖਾਹ ਦਿੱਤੀ ਜਾਂਦੀ ਹੈ, ਜੋ ਦਿੱਤੀ ਜਾਂਦੀ ਹੈ, ਉਹ ਪੱਕੇ ਕਰਾਉਣ ਦੇ ਨਾਮ ਤੇ ਵਾਪਿਸ ਲੈ ਲਈ ਜਾਂਦੀ ਹੈ।ਵਿਦਿਆਰਥੀ ਜਾਂ ਵਰਕ ਪਰਮਿਟ ਵਾਲੇ ਪੱਕੇ ਹੋਣ ਦੀ ਮਜਬੂਰੀ ਵਿੱਚ ਸਭ ਕੁਝ ਕਰਨ ਨੂੰ ਤਿਆਰ ਹਨ।ਬਹੁਤ ਸਾਰੇ ਵਿਦਿਆਰਥੀ ਪੱਕੇ ਹੋਣ ਲਈ ਆਪਣੇ ਮਾਪਿਆਂ ਨੂੰ ਜਮੀਨਾਂ ਵੇਚ ਕੇ ਪੈਸੇ ਭੇਜਣ ਲਈ ਮਜਬੂਰ ਕਰਦੇ ਹਨ।

ਸਾਡੀ ਕਨੇਡਾ ਦੀ ਫੈਡਰਲ ਸਰਕਾਰ ਅਤੇ ਸੂਬਾਈ ਸਰਕਾਰਾਂ ਨੂੰ ਅਪੀਲ ਹੈ ਕਿ ਉਹ ਦਖਲ-ਅੰਦਾਜੀ ਕਰਕੇ ਇਸ ਲੁੱਟ ਦੇ ਧੰਦੇ ਨੂੰ ਬੰਦ ਕਰਾਉਣ, ਅਜਿਹੇ ਲੋਕਾਂ ਤੇ ਸਖਤ ਕਰਵਾਈ ਕੀਤੀ ਜਾਵੇ, ਜੋ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਗਰੀਬਾਂ ਦਾ ਲਹੂ ਨਚੋੜ ਰਹੇ ਹਨ ਅਤੇ ਪੱਕੇ ਕਰਾਉਣ ਦੇ ਨਾਮ ਤੇ ਮੋਟੀਆਂ ਰਕਮਾਂ ਵਸੂਲ ਰਹੇ ਹਨ।

ਉਨ੍ਹਾਂ ਵਕੀਲਾਂ ਤੇ ਇਮੀਗ੍ਰੇਸ਼ਨ ਸਲਾਹਕਰਾਂ ਤੇ ਵੀ ਸ਼ਿਕੰਜਾ ਕੱਸਣ ਦੀ ਲੋੜ ਹੈ, ਜੋ ਇਸ ਸਾਜ਼ਿਸ਼ ਵਿੱਚ ਸ਼ਾਮਿਲ ਹਨ।ਸਰਕਾਰ ਨੂੰ ਨਵੇਂ ਇਮੀਗਰੈਂਟਸ ਦੀ ਲੋੜ ਹੈ, ਉਹ ਵੀ ਨਹੀਂ ਚਾਹੁੰਦੇ ਕਿ ਵਰਕ ਪਰਮਿਟ ਵਾਲੇ ਜਾਂ ਵਿਦਿਆਰਥੀ ਇਥੋਂ ਵਾਪਿਸ ਜਾਣ।ਸਾਡਾ ਸੁਝਾਅ ਹੈ ਕਿ ਫਿਰ ਕਿਉਂ ਨਾ ਪੱਕੇ ਕਰਨ ਲਈ ਇੰਪਲਾਇਰ ਸਪੌਂਸਸ਼ਿਪ ਖਤਮ ਕਰਕੇ ਸਰਕਾਰ ਇਸਨੂੰ ਸਿੱਧਾ ਆਪਣੇ ਹੱਥ ਵਿੱਚ ਲਵੇ ਕਿ ਦੋ ਸਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀ ਸਿਟੀਜ਼ਨਸ਼ਿਪ ਵਾਂਗ ਸਰਕਾਰ ਤੋਂ ਸਿੱਧੀ ਪੀ ਆਰ ਲੈ ਸਕਦਣ।ਇਸ ਨਾਲ ਕੰਟਰੋਲ ਸਰਕਾਰ ਕੋਲ ਆਵੇਗਾ ਤੇ ਲੋਕਾਂ ਦਾ ਵੀ ਸੋਸ਼ਣ ਵੀ ਬੰਦ ਹੋਵੇਗਾ।ਸਾਡੀ ਸਾਰੀਆਂ ਸੰਸਥਾਵਾਂ ਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਕੋਈ ਪਟੀਸ਼ਨ ਬਣਾ ਕੇ ਆਪਣੇ ਇਲਾਕੇ ਦੇ ਐਮ ਪੀ ਨੂੰ ਦੇਣ ਤਾਂ ਕਿ ਸਰਕਾਰ ਇਮੀਗ੍ਰੇਸ਼ਨ ਕਨੂੰਨ ਵਿੱਚ ਸੋਧ ਕਰਕੇ ਪੀ ਆਰ ਦਾ ਤਰੀਕਾ ਸੌਖਾ ਕਰਕੇ ਲੋਕਾਂ ਦੀ ਲੁੱਟ ਬੰਦ ਕਰ ਸਕੇ।ਐਲ ਐਮ ਆਈ ਏ ਵਾਲਾ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ, ਇਹ ਕੁਰਪਸ਼ਨ ਤੇ ਲੋਕਾਂ ਦੀ ਲੁੱਟ ਦਾ ਸਾਧਨ ਬਣਿਆ ਹੈ, ਇਹ ਹਰ ਹਾਲਤ ਵਿੱਚ ਬੰਦ ਹੋਣਾ ਚਾਹੀਦਾ ਹੈ, ਸਰਕਾਰ ਨੂੰ ਆਪ ਸਭ ਨੂੰ ਪੱਕੇ ਕਰਨਾ ਚਾਹੀਦਾ ਹੈ, ਲੋਕਾਂ ਦੀ ਹੋ ਰਹੀ ਲੁੱਟ ਬੰਦ ਕਰਾਉਣੀ ਚਾਹੀਦੀ ਹੈ।ਵਿਦਿਆਰਥੀਆਂ, ਵਰਕ ਪਰਮਿਟ ਵਾਲਿਆਂ ਨੂੰ ਮੂਹਰੇ ਲੱਗ ਕੇ ਇਹ ਮੁਹਿੰਮ ਚਲਾਉਣ ਦੀ ਲੋੜ ਹੈ।ਸਾਡੀ ਸਾਰੀ ਕਮਿਉਨਿਟੀ ਨੂੰ ਅਪੀਲ ਹੈ ਕਿ ਇਸ ਦੇਸ਼ ਨੂੰ ਵਧੀਆ ਬਣਾਉਣ ਲਈ ਰਲ਼ ਕੇ ਕੰਮ ਕਰੀਏ!

 ਸੰਪਰਕ: 403-681-8689

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ