Fri, 19 April 2024
Your Visitor Number :-   6983902
SuhisaverSuhisaver Suhisaver

ਭੁੱਖ -ਜਸਵੀਰ ਮੰਗੂਵਾਲ

Posted on:- 05-05-2012


ਮੈਨੂੰ ਕਾਲੀ ਕਲੂਟੀ, ਸਰਵਾੜ੍ਹ ਜਿਹੇ ਵਾਲਾਂ ਵਾਲੀ ਨੂੰ
ਤੁਸੀ ਪੁੱਛਦੇ ਹੋ ਮੈਂ ਕੌਣ ਹਾਂ?
ਹਜ਼ੂਰ; ਮੈਂ ਭੁੱਖ ਹਾਂ ਉਰਫ ਭੁੱਖਮਰੀ
ਮੈਂ ਕੁਦਰਤੀ ਆਫਤਾਂ ਜਮ੍ਹਾਂਖੋਰਾਂ, ਮੁਨਾਫੇਖੋਰਾਂ
ਦੇ ਗੁਦਾਮਾਂ ਅਤੇ ਸਰਮਾਏਦਾਰੀ ਦੀ ਛਾਂ ਹੇਠ
ਮੈਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ
ਗੁਰੂ ਪੈਗੰਬਰਾਂ ਦੀ ਧਰਤੀ ਭਾਰਤ ਸਮੇਤ
ਸੈਂਕੜੇ ਦੇਸ਼ਾਂ ਵਿੱਚ ਨਿੱਤ ਵੱਧ ਫੁੱਲ ਰਹੀ ਹਾਂ
ਮੈਂ ਤੁਹਾਡੇ ਮਹਿਲਾਂ ਪਿਛਲੀ ਬਸਤੀ ਵਿੱਚ
ਅੱਟਣਾਂ ਬਿਆਈਆਂ ਵਾਲੇ ਪੈਰਾਂ ਵਾਲਿਆਂ
ਖੰਘ, ਟੀ .ਬੀ ਦਮੇ ਨਾਲ ਪੀੜਤ ਲੋਕਾਈ ਦੀਆਂ
ਧਸੀਆਂ ਬੇਆਸ ਅੱਖਾਂ 'ਚ ਵਾਸ ਕਰਦੀ ਹਾਂ

ਤੁਸੀਂ ਮੈਨੂੰ ਵਿਆਹ-ਸਵਾਗਤੀ ਸਮਾਰੋਹਾਂ
ਸਟਿਪਰ ਕਲੱਬਾਂ 'ਚ ਜਦੋਂ ਚਾਹੋ ਮਿਲ ਸਕਦੇ ਹੋ
ਸ਼ੁੱਧ ਟਰੇਡ ਮਾਰਕ ਤੇ ਸੰਤੁਲਿਤ ਭੋਜਨ ਦੇ
ਅਰਥਾਂ ਤੋਂ ਅਣਜਾਣ ਸਦਾ ਵਿਦਮਾਨ ਹਾਂ
ਮੈਂ ਰੈਸਟੋਰੈਂਟਾਂ ਦੇ ਪਿਛਵਾੜੇ ਸੁੱਟੀ ਜੂਠ 'ਚ
ਗੁਰਦੇ ਖੂਨ ਵੇਚਦੇ ਰਿਕਸ਼ਾ ਖਿੱਚਦੇ ਮਜ਼ਦੂਰ 'ਚ
ਵੀਹ ਰੁਪਏ 'ਚ ਵੇਚੀ ਦੋ ਸਾਲਾਂ ਦੀ ਧੀ ਦੇ ਸੌਦੇ 'ਚ
ਦਸ ਰੁਪਏ ਵਿੱਚ ਵੇਚੀ, ਆਪਣੀ ਦੇਹ ਦੀ ਮਜ਼ਬੂਰੀ 'ਚ
ਮੈਂ ਹਾਜ਼ਰ ਨਾਜ਼ਰ ਹਾਂ

ਮੈਂ ਸਦੀਆਂ ਤੋ ਜੰਗਲਾਂ 'ਚ, ਢੋਰ ਪਸ਼ੂਆ ਵਾਂਗ ਵੱਸਦੇ
ਆਦਿਵਾਸੀਆਂ ਦੇ ਛੱਤੜਿਆਂ 'ਚ, ਉੱਗੀ ਉੱਲੀ ਵਾਂਗ ਜੰਮੀ ਹੋਈ ਹਾਂ
 ਤੁਸੀਂ ਉਨ੍ਹਾਂ ਨੂੰ ਏਨੀ ਭੁੱਖਮਰੀ ਬਖਸ਼ੀ ਹੈ
ਕਿ ਉਹ ਹੁਣ ਤੁਹਾਡੇ ਤੇ ਟੁੱਟ ਕੇ ਪੈ ਜਾਣਗੇ ਭੁੱਖੇ ਸ਼ੇਰਾਂ ਵਾਂਗ
ਉਹ ਤੁਹਾਡਾ ਮਾਸ ਆਂਦਰਾਂ ਹੀ ਨਹੀਂ
ਸਗੋਂ ਹੱਡ ਤੱਕ ਖਾ ਜਾਣਗੇ
ਹੁਣ ਤੁਸੀਂ ਮੈਨੂੰ ਜਦ ਵੀ ਮਿਲਣਾ ਹੋਵੇ
ਕਿਸੇ ਗੁਰੀਲੇ ਦੀ ਬੰਦੂਕ 'ਚੋਂ ਨਿਕਲੀ
ਲਾਟ ਵਿੱਚ ਮਿਲ ਸਕਦੇ ਹੋ
ਇਹ ਨਾ ਭੁੱਲ ਕਿ ਮੈਂ ਤੁਹਾਡੇ ਫੌਜੀ ਦਸਤਿਆਂ,
ਕੋਬਰਾ, ਗਰੀਨਹੰਟ ਅਪਰੇਸ਼ਨਾਂ ਸਾਮਵਾਦੀ ਕੰਜ ਪਹਿਨੀ
ਨੁਕਰਾਂ ਦੇ ਸੱਪਾਂ ਨੂੰ ਸਰਾਲ੍ਹ ਵਾਂਗ ਨਿਗਲ ਜਾਵਾਂਗੀ
ਹਾਂ ਮੈਂ ਭੁੱਖ ਹਾਂ ਤੇ ਤੁਸੀਂ ਸੁਣਿਆ ਹੋਵੇਗਾ
ਕਿ ਭੁੱਖ ਮੌਤੋਂ ਵੀ ਬੁਰੀ ਹੁੰਦੀ ਹੈ
ਹਾਂ ਮੌਤੋਂ ਵੀ ਬੁਰੀ  ਹੁੰਦੀ ਹੈ...

Comments

Avtar Gill

Jasvir bahut khoob

jugtar singh

ਬਾ ਕਮਾਲ ਨਹੀ ਕੋਈ ਰੀਸ.......।

Avtar Sidhu

ਬਹੁਤ ਵਧੀਆ, ਜਸਵੀਰ ..ਭੁਖ ਵੀ ਕੀ ..ਤੇ ਇਸ ਦੀ ਕਾਣੀ ਵੰਡ ਨੇ ਆਮ ਲੋਕਾਈ ਦਾ ਜਿਉਣਾ ਦੁਭਰ ਕੀਤਾ ,ਕਈ ਢਿਡ ਏਹੋ ਜੇਹੀ ਜੋ ਭਰਦੇ ਹੀ ਨਹੀ ਭਾਵੇਂ ਲੋਹਾ ਸੀਮੰਟ ਕੁਜ ਵੀ ਹੋਵੇ ਡਕਾਰ ਜਾਂਦੇ ਨੇ ...ਜਿਨ੍ਹਾਂ ਨੂੰ ਇਹ ਤੜਪਾ ਕੇ ਮਾਰਦੀ ਆ ..ਉਹਨਾ ਦਾ ਦਰਦ ਓਹ ਹੀ ਜਾਨਣ..ਤੇ ਭੁਖ ਤੇ ਕੀਨੇ ਹੀ ਰੂਪ ਬੰਦੇ ਨੂੰ ਹੇਵਾਨ ਵਣਾ ਦਿੰਦੇ ਨੇ ..ਤੂੰ ਵਧਾਈ ਦੀ ਪਾਤਰ ..ਅਗਲੀ ਵਾਰ ਜਦੋਂ ਆਈ ਤਾ ਲਡੂ ਖ੍ਲਾਨ ਦੀ ਕੋਸ਼ਿਸ਼ ਕਰੁ ...ਚੰਦਰੀ ਭੁਖ ....

Jasvir Begampuri

Vadhia hai g...

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ