Thu, 18 April 2024
Your Visitor Number :-   6981456
SuhisaverSuhisaver Suhisaver

ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ

Posted on:- 10-08-2014




ਕੌੜੀਆਂ ਕਹਿੰਦੇ ਨਾ ਕਈ ਸ਼ਰਮ ਕਰਦੇ


ਕੌੜੀਆਂ ਕਹਿੰਦੇ ਨਾ ਕਈ ਸ਼ਰਮ ਕਰਦੇ
ਕਈ ਅਦਬ ਨਾਲ ਕਰਦੇ ਸਲਾਮ ਏਥੇ

ਨਮਕ ਹਲਾਲੀ ਨਾ ਛਡਦੇ ਜੋ ਸੋਚ ਲੈਂਦੇ
ਕਈ ਤਾਂ ਕਰਦੇ ਨੇ ਨਮਕ ਹਰਾਮ ਏਥੇ

ਜੋ ਲੱਜਿਆ ਦੀ ਬੁੱਕਲ ਨੂੰ ਉਤਾਰ ਦੇਂਦੇ   
ਚਰਚੇ ਰਹਿੰਦੇ ਨੇ ਉਹਦੇ ਫਿਰ ਆਮ ਏਥੇ  

ਜੀਵਨ ਲੋਕਾਂ ਦੇ ਹਿੱਤਾਂ ਤਾਈੰ ਜੀ ਰਹੇ  
ਓਸ ਸਖਸ਼ ਦਾ ਰਹਿੰਦਾ ਫਿਰ ਨਾਮ ਏਥੇ  

ਜਨਤਾ ਲੁੱਟ-ਲੁੱਟ ਕਈਆਂ ਅਫਾਰ ਚਾੜੇ
ਭੁੱਖੇ ਦਾ ਦਿੰਨ ਕੀ ਏ ਤੇ ਕੀ ਏ ਸ਼ਾਮ ਏਥੇ

ਹਰਫ਼ ਚੁਣ ਕੇ ਤੂੰ ਸ਼ਬਦਾ ਦੀ ਪ੍ਰੋਅ ਮਾਲਾ
ਬੋਲੀ ਮਾਂ ਨੂੰ ਨਾ ਕਰ ਦਈੰ ਬਦਨਾਮ ਏਥੇ

“ਸੋਹਲ” ਗਾਹ ਕੇ ਸਮੁੰਦਰ ਲੈ ਚੁਣ ਮੋਤੀ  
ਫਲ ਮੁਸ਼ੱਕਤ ਦਾ ਮਿਲਦਾ ਆਰਾਮ ਏਥੇ

***

ਮੇਰੀ ਦਿਲ ਦੀ ਧਰਤੀ ਤੇ ਸੱਜਣਾ

ਮੇਰੀ ਦਿਲ ਦੀ ਧਰਤੀ ਤੇ ਸੱਜਣਾ ਰਹੇ ਹਰ ਦਮ ਪਤਝੜ ਛਾਇਆ ਵੇ I
ਉਹ ਢਹਿੰਦਾ ਢਹਿੰਦਾ ਢਹਿ ਜਾਣਾ ਜਿਹੜਾ ਰੇਤ ਤੇ ਘਰ ਬਣਾਇਆ ਵੇ,

ਅਸੀਂ ਇਸ਼ਕ ‘ਚ ਅੱਗੇ ਵਧ ਗਏ ਹਾਂ ਪਿਛੇ ਮੁੜਣਾ ਵੀ ਹੁਣ ਨਹੀਂ ਸੋਖਾ,
ਨਾ ਤਿੜਕ ਜਾਵਾਂ ਮੈਂ ਕਚ ਵਾਂਗੂੰ ਪਥਰਾਂ ਨਾਲ ਦਿਲ ਵਟਾਇਆ ਵੇ I

ਤੇਰੀ ਆਸ ਦੀ ਬੁਨਤੀ ਬੁਣ ਬੁਣ ਕੇ ਮੈਂ ਗਮ ਵਿਚੋਂ ਖੁਸ਼ੀਆਂ ਲਭਦੀ ਹਾਂ,
ਰੱਖਾਂ ਨਜ਼ਰਾਂ ਮੈਂ ਤੇਰੇ ਰਾਹਾਂ ਵਿੱਚ ਦਹਿਲੀਜ਼ ਤੇ ਵਕਤ ਬਿਤਾਇਆ ਵੇ I

ਸਾਨੂ ਆਸ ਵਸਲ ਦੀ ਦੇ ਗਿਆ ਤੂੰ ਪਰ ਯਾਦ ਨਾ ਕਿਧਰੇ ਕੀਤਾ ਏ,  
ਅੱਗ ਯਾਦਾਂ ਦੀ ਅਸੀਂ ਰੱਖ ਸੀਨੇ ਸਧਾ ਆਪਣਾ ਆਪ ਜਲਾਇਆ ਵੇ I

ਇੱਕ ਵਾਰ ਤੂੰ ਆ ਕੇ ਮਿਲ ਸੱਜਣਾ ਸਾਹਾਂ ਦੀ ਡੋਰ ਨਾ ਟੁੱਟ ਜਾਵੇ,  
ਤੈਨੂ ਪਾਉਣ ਦੀ ਖਾਤਿਰ ਵੇ ਸੋਹਲ ਮੈਂ ਆਪਣਾ ਆਪ ਮਿਟਾਇਆ ਵੇ I

***

ਮੇਰੇ ਹਰਫ਼ ਵੀ ਹੁਣ ਤਾਂ ਹਫ਼ ਗਏ ਨੇ

ਮੇਰੇ ਹਰਫ਼ ਵੀ ਹੁਣ ਤਾਂ ਹਫ਼ ਗਏ ਨੇ
ਪੂਰੀ ਕਰ ਲਵਾਂ ਮੈਂ ਕਿਦਾਂ ਕਖਾਣੀ ਨੀ    
ਜਾ ਬੈਠ ਗਿਆ ਨਦੀ ਦੇ ਤੂੰ ਓਸ ਕੰਡੇ
ਵਿੱਚ ਵਗਦਾ ਏ ਜਾਲਮ ਪਾਣੀ ਨੀ

ਹੁਣ ਬਦਲੇ ਖਿਆਲ ਹਵਾਵਾਂ ਨੇ
ਇੱਕ ਸ਼ੋਕ ਸੁਨੇਹਾ ਘੱਲਿਆ ਏ
ਦਹਿਲੀਜ਼ ਤੋਂ ਮਾਹੀ ਮੁੱੜ ਚੱਲਿਆ
ਬੂਹਾ ਆਣ ਗਮਾਂ ਨੇ ਮੱਲਿਆ ਏ

ਸਾਨੂੰ ਅੱਗ ਰਾਖਵੀਂ ਦੇ ਦਿੱਤੀ
ਇਹਨੂੰ ਬੁਝਨੋ ਰਾਖੀ ਕੋਣ ਕਰੇ
ਜੋ ਧੁੱਖਦੀ ਰਹਿੰਦੀ ਦਿਲ ਮੇਰੇ
ਸੇਕ ਉੱਸਦਾ ਹੁਣ ਭਲਾ ਕੋਣ ਜਰੇ

ਤੇਰੇ ਨੈਣਾਂ ਵੀ ਅੱਜ ਸੁਣਾ ਦਿੱਤੀ
ਕੁਝ ਕਹਿ ਕੇ ਗੱਲ ਮੁਕਾ ਦਿੱਤੀ
ਪਰ ਅਜੇ ਵੀ ਤੇਰੇ ਹੋਕਿਆਂ ਨੇ
ਸਾਡੇ ਮੇਲ ਦੀ ਤਾਂਗ ਵਧਾ ਦਿੱਤੀ

ਜੇ ਨਜਰ ਤੇਰੀ ਮਨਜੂਰ ਹੋਵਾਂ
ਤੇਰੇ ਕਦਮਾਂ ਦੇ ਵਿੱਚ ਚੂਰ ਹੋਵਾਂ
ਮੈਂ ਕਰ ਲਾਂ ਪੂਰੀ ਕਖਾਣੀ ਨੂੰ
ਸੋਹਲ ਕੋਲੋਂ ਨਾ ਕਦੇ ਦੂਰ ਹੋਵਾਂ

***

ਤੇਰੇ ਦਿਲ ਦੀ ਸੱਜਣਾ ਤੂੰ ਜਾਣੇ

ਤੇਰੇ ਦਿਲ ਦੀ ਸੱਜਣਾ ਤੂੰ ਜਾਣੇ
ਅਸੀਂ ਪਿਆਰ ਤੇਰੇ ਨਾਲ ਕੀਤਾ ਏ
ਨਾ ਮਰਨੋ ਕੋਈ ਡਰ ਸਾਨੂੰ
ਅਸਾਂ ਜ਼ਹਿਰ ਪਿਆਲਾ ਪੀਤਾ ਏ

ਹਰ ਰਾਤ ਗੁਜ਼ਰਦੀ ਜਾਗਦਿਆਂ
ਹਰ ਦਿੰਨ ਵਿੱਚ ਚੇਤਾ ਤੇਰਾ ਵੇ
ਤੇਰੇ ਰਾਹਾਂ ਵਿੱਚ ਮੈਂ ਖੱੜ ਜਾਵਾਂ
ਤੇਰਾ ਵੇਖਣ ਲਈ ਬਸ ਚੇਹਰਾ ਵੇ

ਨਾ ਵੇਖਣ ਤਾਂ ਇਹ ਪਿਆਸੇ ਨੇ  
ਸਾਡੇ ਨੈਣਾਂ ਦੀ ਮਜਬੂਰੀ ਏ
ਮਿਲੇ ਝਲਕ ਤੇਰੀ ਤਾਂ ਸਾਹ ਤੁਰਦੇ
ਤੈਨੂੰ ਤੱਕਣਾ ਹੀ ਬੜਾ ਜਰੂਰੀ ਏ

ਤੇਰੇ ਬਿਨ ਨਾ ਕਦੇ ਵੀ ਮੈਂ ਸੱਜਣਾ
ਇੱਕ ਪੱਲ ਵੀ ਨਾ ਮੈਂ ਲੰਘਾਵਾਂਗੀ  
ਤੇਰੀ ਚੋਖਟ ਵਿੱਚ ਮੈਂ ਸਿਰ ਰੱਖ ਕੇ
ਬਸ ਸਾਰੀ ਉਮਰ ਬਤਾਂਵਾਂਗੀ

ਅਸੀਂ ਸੋਚ ਸਮਝ ਵੇ ਮਾਹੀਆ
ਦਿਲ ਤੇਰੇ ਲਈ ਹੀ ਹਾਰਿਆ ਏ
ਹੁਣ ਦੁਖਾਂ ਦੀ ਦੱਸ ਕੀ ਚਿੰਤਾ
ਸੁਖ ਤੇਰੇ ਤੋਂ ਅਸੀਂ ਵਾਰਿਆ ਵੇ

ਇੱਕ ਵਾਰੀ ਆ ਕੇ ਮਿਲ ਚੰਨਾ  
ਮੈਨੂੰ ਡੰਗਦੀ ਬੜਾ ਜੁਦਾਈ ਵੇ
ਜੇ ਹੋਵੇ ਯਾਰ ਨਾ ਕੋਲ ਮੇਰੇ
ਕਿਸ ਕੰਮ ਦੀ ਸੋਹਲ ਖੁਦਾਈ ਵੇ

***

ਨਾ ਦਿਨ ਚੰਗਾ ਲੱਗੇ ਨਾ ਹੀ ਰਾਤ ਚੰਗੀ ਲੱਗੇ

ਦਿਨ ਚੰਗਾ ਲੱਗੇ ਨਾ ਹੀ ਰਾਤ ਚੰਗੀ ਲੱਗੇ
ਹੁਣ ਹਰ ਇੱਕ ਪੱਲ ਮੈਨੂ ਸਾਲ ਜਿਹਾ ਲੱਗੇ

ਸਾਰਾ ਸਾਰਾ ਦਿਨ ਵੇ ਮੈਂ ਔਸੀਆਂ ਹੀ ਪਾਵਾਂ
ਹੋ ਕੇ ਦੂਰ ਅੜਿਆ ਕਿਓਂ ਦਿੱਤੀਆਂ ਸਜਾਵਾਂ
ਸਾਉਣ ਦਾ ਮਹੀਨਾ ਮੈਨੂੰ ਸੁੱਕਾ-ਸੁੱਕਾ ਲੱਗੇ
ਹੁਣ ਹਰ ਇੱਕ ਪੱਲ ਮੈਨੂ ਸਾਲ ਜਿਹਾ ਲੱਗੇ

ਸੋਚਾਂ ਵਾਲੀ ਬੁੱਕਲ ‘ਚ ਮੁੰਹ ਮੈਂ ਲੁਕਵਾਂ
ਗਿਣਦੀ ਹੀ ਤਾਰੇ ਸਾਰੀ ਰਾਤ ਮੈਂ ਲੰਘਾਵਾਂ
ਚਾਨਣੀ ਵੀ ਭੈੜੀ ਮੈਨੂੰ ਕਾਲੀ-ਕਾਲੀ ਲਗੇ
ਹੁਣ ਹਰ ਇੱਕ ਪੱਲ ਮੈਨੂ ਸਾਲ ਜਿਹਾ ਲੱਗੇ

ਕਿਹੜਾ ਸੁਣੇ ਹੁਣ ਸਾਡੇ ਦੁਖਾਂ ਦੀ ਕਖਾਣੀ
ਤੂੰ ਜਾ ਕੇ ਪ੍ਰਦੇਸ ਸਾਡੀ ਖ਼ਬਰ ਨਾ ਜਾਣੀ
ਤੇਰੇ ਬਾਝੋਂ ਪੋਣ ਵੀ ਹਿਜਰ ਵਾਲੀ ਵਗੇ
ਹੁਣ ਹਰ ਇੱਕ ਪੱਲ ਮੈਨੂ ਸਾਲ ਜਿਹਾ ਲੱਗੇ

ਹੋ ਕੇ ਦੂਰ ਮੈਥੋਂ ਵੇ ਤੂੰ ਦੱਸ ਕੀ ਕਮਾਇਆ   
ਦਿੱਲਾਂ ਵਿੱਚ ਜ਼ਾਲਮਾਂ ਵਿਛੋੜਾ ਕਾਥੋਂ ਪਾਇਆ
ਵਤਨਾਂ ‘ਚ ਤੇਰੇ ਬਿਨਾ  ਸੁੰਨਾ ਸੁੰਨਾ ਲੱਗੇ
ਹੁਣ ਹਰ ਇੱਕ ਪੱਲ ਮੈਨੂ ਸਾਲ ਜਿਹਾ ਲੱਗੇ

***

ਤੇਰੇ ਰਾਹਾਂ ਵਿੱਚ ਅੱਖੀਆਂ ਵਿਛਾਉਣ ਲੱਗੇ ਹਾਂ


ਤੇਰੇ ਰਾਹਾਂ ਵਿੱਚ ਅੱਖੀਆਂ ਵਿਛਾਉਣ ਲੱਗੇ ਹਾਂ
ਤੇਰੇ ਕਦਮਾਂ ‘ਚ ਦੁਨੀਆਂ ਝੁਕਾਉਣ ਲੱਗੇ ਹਾਂ
ਅੱਜ ਝੁੱਲਦੇ ਤੁਫਾਨਾਂ ਅੱਗੇ ਸ਼ੀਸ ਨੂੰ ਨਿਮਾ ਕੇ  
ਅਸੀਂ ਇਸ਼ਕੇ ਦੀ ਜੋਤ ਨੂੰ ਜਗਾਉਣ ਲੱਗੇ ਹਾਂ

ਵੇਖਿਆ ਜਦੋਂ ਦਾ ਤੈਨੂੰ ਦਿਲ ‘ਚ ਨਾ ਚੈਨ ਵੇ
ਉੱਡ ਗਈਆਂ ਨੀਂਦਰਾਂ ਨਾ ਕਾਬੂ ਵਿੱਚ ਨੈਣ ਵੇ
ਰਾਤ ਸਾਰੀ ਪਲਕਾਂ ਹਿਲਾਉਣ ਲੱਗੇ ਹਾਂ
ਅਸੀਂ ਇਸ਼ਕੇ ਦੀ ਜੋਤ ਨੂੰ ਜਗਾਉਣ ਲੱਗੇ ਹਾਂ

ਦਿੱਲਾਂ ਦਿਆ ਜਾਣੀਆਂ ਤੂੰ ਸਾਹਾਂ ਦਾ ਵੀ ਹਾਣੀ ਏਂ
ਪਿਆਰ ਤੋਂ ਵੀ ਵੱਢੀ ਕਿਹੜੀ ਦੱਸ ਦੇ ਨਿਸ਼ਾਨੀ ਏਂ
ਸਾਰਾ ਕੁਝ ਤੇਰੇ ਤੋਂ ਲੁਟਾਉਣ ਲੱਗੇ ਹਾਂ
ਅਸੀਂ ਇਸ਼ਕੇ ਦੀ ਜੋਤ ਨੂੰ ਜਗਾਉਣ ਲੱਗੇ ਹਾਂ

ਵੇਖੀਂ ਸਾਡੀ ਵਫ਼ਾ ਉੱਤੇ ਕਰੀਂ ਨਾ ਤੂੰ ਸ਼ੱਕ ਵੇ
ਪੈੜਾਂ ਨੇ ਮੁਹੱਬਤਾਂ ਤੇ ਪੈਰ ਤੂੰ ਵੀ ਰੱਖ ਵੇ
ਤੇਰੇ ਉੱਤੇ ਹੱਕ ਨੂੰ ਜਤਾਉਣ ਲੱਗੇ ਹਾਂ
ਅਸੀਂ ਇਸ਼ਕੇ ਦੀ ਜੋਤ ਨੂੰ ਜਗਾਉਣ ਲੱਗੇ ਹਾਂ

ਹਰਫ਼ ਤਾਂ ਮੇਰੇ ਤੈਨੂੰ ਲਿਖਣੋ ਨਾ ਰਹਿੰਦੇ ਨੇ  
ਕਵਿਤਾ ਦਾ ਰੂਪ ਤੇ ਗਜ਼ਲ ਤੈਨੂੰ ਕਹਿੰਦੇ ਨੇ
ਤੈਨੂੰ ਸੋਹਲ ਦੇ ਖਿਆਲਾਂ ‘ਚ ਲਿਆਉਣ ਲੱਗੇ ਹਾਂ
ਅਸੀਂ ਇਸ਼ਕੇ ਦੀ ਜੋਤ ਨੂੰ ਜਗਾਉਣ ਲੱਗੇ ਹਾਂ

***

ਧੋਖਿਆਂ ਦੇ ਤੀਰ ਸਾਡੇ ਦਿਲ ਖੁੱਬੇ ਰਹਿਣਗੇ

ਧੋਖਿਆਂ ਦੇ ਤੀਰ ਸਾਡੇ ਦਿਲ ਖੁੱਬੇ ਰਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ  

ਤੈਨੂੰ ਜ਼ਲਮੇ ਨੀ ਕਦੇ ਦਿੱਲੋਂ ਨਾ ਵਸਾਰਿਆ
ਨੈਣਾਂ ਚ ਬਿਠਾਇਆ ਕਦੇ ਪੁੰਝੇ ਨਾ ਉਤਾਰਿਆ
ਕੀਤੀ ਬੇ-ਵਫਾਈ ਸਦਾ ਇਹੀ ਤੈਨੂੰ ਕਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ  

ਖੁਸ਼ੀਆਂ ਨੂੰ ਤਾਪ ਪੈਣ ਰੀਝਾਂ ਨੂੰ ਵੀ ਦੰਦਲਾਂ
ਮੁੱਕ ਚੱਲੇ ਸਾਹ ਦੱਸ ਹੋਰ ਕਿਥੋਂ ਮੰਗ ਲਾਂ
ਹਰਫ਼ ਵੀ ਵੈਨ ਪਾਉਂਦੇ ਮੱੜੀ ਤੱਕ ਜਾਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ  

ਸੜ ਜਾਣ ਅੱਖਾਂ ਕੀ ਤੂੰ ਜਾਣੇ ਹੰਝੂ ਖਾਰੇ ਨੀ  
ਪੱਥਰਾਂ ਚ ਵੱਸੀ ਕੀ ਤੂੰ ਜਾਣੇ ਕੱਚੇ ਢਾਰੇ ਨੀ  
ਜ਼ੁਲਮ ਤੁਫਾਨਾਂ ਵਿੱਚ ਇਹ ਤਾਂ ਢਹਿੰਦੇ ਰਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ  

ਹਿਜਰ ਹਨੇਰਾ ਨੀ ਤੂੰ ਮੇਰੇ ਪੱਲੇ ਪਾਇਆ ਏ
ਚੂਸ ਕੇ ਤੂੰ ਰੱਤ ਲਾਂਭੂ ਹੱਡੀਆਂ ਨੂੰ ਲਾਇਆ ਏ
“ਸੋਹਲ” ਦੀਆਂ ਲਿਖਤਾਂ ‘ਚ ਦਾਗ ਤੇਰੇ ਰਹਿਣਗੇ
ਸੁੱਕ ਜਾਣੇ ਨੀਰ ਕਦੇ ਨੈਣਾਂ ਚੋਂ ਨਾ ਵਹਿਣਗੇ  


ਸੰਪਰਕ: +91 95968 98840
ਈ-ਮੇਲ: [email protected]


Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ