Tue, 17 October 2017
Your Visitor Number :-   1096559
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਗ਼ਜ਼ਲ - ਆਰ.ਬੀ.ਸੋਹਲ

Posted on:- 10-02-2016

suhisaver

ਹਸੀਨ ਸੁਪਨੇ  ਤੇ  ਖਿਆਲ ਉੱਤਮ, ਸਦਾ ਤੂੰ ਸੋਚਾਂ ’ਚ ਪਾਲ ਰੱਖੀਂ I
ਜੋ ਫਤਿਹ ਕਰਦਾ ਮੁਸੀਬਤਾਂ ਨੂੰ ,ਉਹ ਜੋਸ਼ ਜੀਵਨ ‘ਚ ਢਾਲ ਰੱਖੀਂ I
 
ਇਹ ਨ੍ਹੇਰ ਸੂਰਜ ਨੂੰ  ਨਿਗਲ ਜਾਂਦੇ,ਤੇ  ਕੈਦ  ਕਰਦੇ ਉਜਾਲਿਆਂ ਨੂੰ,
ਕਰੀਂ  ਤੂੰ  ਰਾਖੀ ਉਜਾਲਿਆਂ  ਦੀ, ਮਿਸਾਲ  ਬਲਦੀ ਤੂੰ ਨਾਲ ਰੱਖੀਂ I

ਬੜੇ ਹੀ ਨਾਜ਼ੁਕ ਨੇ ਪਾਕ ਰਿਸ਼ਤੇ, ਇਹ  ਤਿੜਕ ਜਾਂਦੇ ਨੇ ਕੱਚ ਵਾਂਗੂੰ,
ਨਾ  ਫੇਰ  ਜੁੜਦੇ ਜੇ ਟੁੱਟ  ਜਾਵਣ, ਇਨ੍ਹਾਂ ਨੂੰ ਹਰ ਪਲ ਸੰਭਾਲ ਰੱਖੀਂ I
 
ਜ਼ਮੀਰ  ਆਪਣੀ  ਨਾ  ਵੇਚ  ਦੇਵੀਂ, ਪਰਾਨ   ਭਾਵੇਂ   ਤਿਆਗ  ਦੇਣਾ,
ਖਿੜੀਂ ਤੂੰ ਕਮਲ  ਦੇ ਫੁੱਲ  ਵਾਂਗੂੰ, ਸਦਾ  ਤੂੰ ਦਿਲ  ਦਾ ਜਲਾਲ ਰੱਖੀਂ I
 
ਖੁਦਾ ਦੀ ਰਹਿਮਤ ਕਬੂਲ ਕਰਨਾ, ਤੇ ਕਦਰ ਕਰਨਾ ਤੂੰ ਰਹਿਮਤਾਂ ਦੀ,
ਜੋ  ਚੀਜ਼ ਤੇਰੇ  ਨਾ  ਕੋਲ  ਹੋਵੇ, ਕਦੇ  ਨਾ  ਉਸਦਾ  ਮਲਾਲ  ਰੱਖੀਂ I

ਇਹ ਰਾਹ  ਵੀ ਔਖੇ ਨੇ ਮੰਜ਼ਿਲਾਂ ਦੇ, ਤੇ ਰਸਤਿਆਂ ਵਿਚ ਵੀ ਹੋਣ ਸੂਲਾਂ,
ਬੜੇ ਹੀ ਪੈਰਾਂ ‘ਚ  ਪੈਣ ਛਾਲੇ, ਬਣਾ  ਕੇ  ਫਿਰ  ਵੀ  ਤੂੰ  ਚਾਲ ਰੱਖੀਂ I
 
ਇਹ ਹੰਸ ਦਿਲ  ਦਾ ਨਾ ਤਰਸ ਜਾਵੇ, ਕਦੇ ਵੀ  ਵਸਲਾਂ ਦੇ ਮੋਤੀਆਂ ਤੋਂ,
ਸਦਾ ਤੂੰ ਹਿਜਰਾਂ  ਦੇ ਕੰਕਰਾਂ ‘ਚੋਂ,   ਵਫ਼ਾ  ਦੇ ਮੋਤੀ ਵੀ  ਭਾਲ ਰੱਖੀਂ I

ਲਿਖੀਂ  ਤੂੰ  ਦਰਦਾਂ  ਦੀ  ਦਾਸਤਾਂ  ਨੂੰ, ਪੜੇ  ਜੋ  ਉਸਨੂੰ  ਮਸੂਸ  ਹੋਵੇ,
ਦਿਲਾਂ ਨੂੰ ਦੇਵੇ ਸਕੂਨ  ਸੋਹਲ , ਸਦਾ  ਤੂੰ  ਗਜ਼ਲਾਂ ‘ਚ ਖਿਆਲ ਰੱਖੀਂ I

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ