Thu, 25 April 2024
Your Visitor Number :-   6999856
SuhisaverSuhisaver Suhisaver

ਦਿਲ ਕਰਦਾ ਹੈ -ਡਾ. ਅਮਰਜੀਤ ਟਾਂਡਾ

Posted on:- 12-07-2016

suhisaver

ਦਿਲ ਕਰਦਾ ਹੈ 
ਉਡਾਰੀ ਜੇਹੀ ਮਾਰਾਂ
ਤੇ ਉੱਡ ਕੇ ਜਾ ਮਿਲਾਂ ਤੈਨੂੰ
ਤੇਰੀ ਵਰਗੀ ਹੀ ਸੋਹਣੀ ਸੁਰੀਲੀ
ਅਵਾਜ਼ ਆਈ ਹੈ ਕਿਤਿਓਂ
ਅਵਾਜ਼!

ਜਿਵੇਂ ਪਵਨ ਚ ਗੀਤ ਸੁਰ ਹੋ ਗਏ ਹੋਣ
ਮਹਿਕ ਜੇਹੀ ਖਿੱਲਰ ਗਈ ਹੋਵੇ
ਚੁਫ਼ੇਰੇ

ਕਲੀਆਂ ਨੇ ਖੋਲ੍ਹ ਲਈਆਂ ਹੋਣ ਅੱਖਾਂ-
ਇੱਕ ਵਾਰ ਫ਼ਿਰ ਬੋਲ
ਦੇਖੀਂ ਮੈਂ ਜਲਦੀ ਲੱਭ ਲਵਾਂਗਾ ਏਦਾਂ-

ਦੇਖ ਕਿੰਨਾ ਚਿਰ ਹੋ ਗਿਆ ਹੈ ਮਿਲਿਆਂ-
ਏਦਾਂ ਕੋਈ ਸਦੀਆਂ ਦਾ ਵਿਯੋਗ ਨਹੀਂ ਦਿੰਦਾ-
ਓਹ ਵੀ ਫ਼ਿਰ ਆਪਣਾ ਕੋਈ-

ਤੂੰ ਜਾਣਦੀ ਹੋਵੇਂਗੀ-
ਜੇ ਸਦੀਆਂ ਨੂੰ ਰੋਗ ਵਿਯੋਗ ਲੱਗ ਜਾਣ
ਸਮੇਂ ਨੂੰ ਨਵ-ਜੀਵਨ ਨਹੀਂ ਮਿਲਦਾ
ਸਰਾਪੇ ਰਹਿ ਜਾਂਦੇ ਨੇ ਅੰਬਰ
ਟੁੱਟ ਜਾਂਦੀਆਂ ਨੇ ਤੜਾਗੀਆਂ ਤਾਰਿਆਂ ਦੀਆਂ
ਐਂਵੇ ਨਾ ਛੁਪ ਛੁਪ ਸੀਟੀਆਂ ਮਾਰ-

ਹਨ੍ਹੇਰਾ ਅੱਗੇ ਬਹੁਤ ਹੈ ਦੁਨੀਆਂ ਤੇ
ਜੁਗਨੂੰ ਬਣ ਕੇ ਕਿਉਂ ਨਹੀਂ ਆਉਂਦੀ
ਰਾਹ ਚ ਮੇਰੇ -

ਜੇ ਇੱਕ ਦੂਸਰੇ ਨੂੰ ਏਦਾਂ ਹੀ ਲੱਭਦੇ ਰਹੇ-
ਰਾਤ ਪੈ ਜਾਵੇਗੀ ਦੁਨੀਆਂ ਤੇ-
ਦੇਖ ਜੇ ਹੁਣ ਆ ਜਾਂਵੇਂ
ਚੰਨ ਨੂੰ ਵੀ ਮੋੜ ਦਿਆਂਗੇ ਘਰ ਨੂੰ
ਬਸ ਤੇਰਾ ਹੀ ਚਾਨਣ ਬਥੇਰਾ ਸਾਨੂੰ -
ਫਿਰ ਵੀ ਆਲੇ ਦੁਆਲੇ ਧਰ ਲਵਾਂਗੇ
ਦੋ ਚਾਰ ਤਾਰਿਆਂ ਦੇ ਦੀਵੇ ਵੀ-
ਤੇਰੀ ਆਰਤੀ ਉਤਾਰਨ ਲਈ-

ਵੈਸੇ ਚੰਦ ਨੂੰ ਕਾਹਦੀ ਲੋੜ ਆਰਤੀ ਦੀ-
ਪਹਿਲੀ ਰਾਤ ਚ ਕੌਣ ਦੇਖਦਾ
ਟਿਮਟਿਮਾਂਦੇ ਤਾਰਿਆਂ ਨੂੰ
ਅਰਸ਼ ਤੇ ਸਜਾਈ ਸੇਜ
ਤੇ ਰੰਗਲਾ ਪਲੰਘ ਪਹਿਲੀ ਮੁਲਾਕਾਤ ਦਾ-
ਨੇੜੇ ਬਹਿ ਬੀਤੇ ਦਿਨਾਂ ਦੀਆ ਗੱਲਾਂ ਕਰਾਂਗੇ-
ਸਫ਼ਾਈਆਂ ਦੇਵਾਂਗੇ ਇੱਕ ਦੂਸਰੇ ਨੂੰ
ਬਹਾਨੇ ਲਾਵਾਂਗੇ ਨਾ ਆਉਣ ਦੇ
ਭੁੱਲੀਆਂ ਯਾਦਾਂ ਦੇ ਸਫ਼ੇ ਉਥੱਲ ਪੁਥੱਲਕੇ
ਬਹੁਤ ਕੁਝ ਰਹਿ ਜਾਂਦਾ ਹੈ ਚਿੱਤਰਿਆ
ਪਹਿਲੇ ਪਹਿਰ ਕੋਰੇ ਪੰਨਿਆਂ ਤੇ ਲਿਖਿਆ
ਤੇ ਕੁਆਰੀਆਂ ਰੀਝਾਂ ਦੇ ਕਿਨਾਰਿਆਂ ਤੇ ਚੱਲਦਿਆਂ ਚੱਲਦਿਆਂ

ਸਫ਼ਾਈ ਦੇ ਕੇ 
ਇੰਜ਼ ਬਹੁਤ ਹੋ ਜਾਂਦੇ ਨੇ ਪਰਿੰਦੇ ਅਜ਼ਾਦ -
ਮਨਾਂ ਤੋਂ ਭਾਰ ਕਿਰ ਜਾਂਦਾ ਹੈ
ਬੀਤੇ ਪਹਿਰਾਂ ਤੇ ਲਹਿਰਾਂ ਦਾ-
ਕਿੰਨਾ ਚੰਗਾ ਲੱਗੇਗਾ ਤੈਨੂੰ ਤੇ ਮੈਨੂੰ
ਫਿਰ ਇੱਕ ਦੂਜੇ ਦੇ ਨਜ਼ਦੀਕ 
ਬਹਿਣਾ ਤੇ ਸਾਰੀ ਉਮਰ ਰਹਿਣਾ
ਕਿੰਨੀ ਖੂਬਸੂਰਤ ਹੋਵੇਗੀ
ਇਹ ਸਜਾ ਦੀ ਕੈਦ -
ਤੇ ਜਦੋਂ ਕੋਈ ਵੀ ਨਹੀਂ ਮੰਗੇਗਾ
ਇੱਕ ਦੂਸਰੇ ਤੋਂ ਰਿਹਾਈ-

ਕਿੱਦਾਂ ਦੀਆਂ ਸ਼ੁਰੂ ਹੋ ਜਾਣਗੀਆਂ ਸਜਾਵਾਂ ਤੇ ਕੈਦਾਂ -
ਕਿਉਂ ਨਾ ਇਹੋ ਜੇਹੀ ਪਿਰਤ ਪਾਈਏ
ਕਿ ਇਸ਼ਕ ਨੂੰ ਮੁਹੱਬਤ ਦੀਆਂ 
ਹੋ ਜਾਣ ਉਮਰ ਭਰ ਦੀਆਂ ਸਜਾਵਾਂ-
ਕਿਤੇ ਨਾ ਲਿਖਿਆ ਹੋਵੇ-ਜ਼ਮਾਨਤ ਦਾ ਪਲ-
ਕਿੱਡੀ ਖੂਬਸੂਰਤ ਹੋ ਜਾਵੇਗੀ ਧਰਤੀ-
ਰਾਤਾਂ ਨੂੰ ਵਿਗੋਚੇ ਨਹੀਂ ਰਹਿਣਗੇ ਜੁਦਾਈਆਂ ਦੇ-
ਮੁੱਦਤਾਂ ਭਰ ਚਾਰਦੇ ਰਹਿਣਗੇ ਚੰਦ
ਮੱਝਾਂ ਗਾਵਾਂ ਚਾਨਣੀ ਦੀਆਂ-

ਜਦੋਂ ਚੂਰੀਆਂ ਇਸ਼ਕ ਚ ਗੁੰਨੀਆਂ ਗਈਆਂ
ਪਿੰਡ ਛੱਡ ਟੁਰ ਜਾਣਗੇ- ਕੈਦੋਂ ਲੰਗੇ
ਘੜੇ ਵਟਾਉਣ ਦੀ ਜ਼ੁਅਰਤ ਵੀ ਨਹੀਂ ਕਰਨੀ- ਕਿਸੇ ਨੇ
ਚੰਗਾ ਤਾਂ ਹੈ 
ਪਹਿਲੀ ਤਰੀਕੇ ਹੀ ਸਜਾ ਸੁਣ ਕੈਦ ਹੋ ਚੱਲੀਏ
ਮੁਹੱਬਤ ਦੀਆਂ ਸਲਾਖਾਂ ਪਿੱਛੇ
ਰਾਤ ਦੀ ਅੱਗ ਨੂੰ ਕਹੀਏ
ਹੋਰ ਨਾ ਜਲ
ਨਾ ਜਾਲ ਸਾਡੇ ਰਹਿ ਗਏ ਸੁਪਨੇ
ਤੇ ਚਾਵਾਂ ਦੇ ਪਰ ਤੇ ਪੰਛੀਆਂ ਨੂੰ-
ਪਿਆਰ ਦੀ ਕੁੱਲੀ ਚ ਰਹਾਂਗੇ-

ਕਿਸੇ ਹਲਕੇ ਸੂਰਜ ਨੂੰ ਨਹੀਂ ਦਿਸਾਂਗੇ-
ਨਾਲੇ ਕੌਣ ਦੇਖਦਾ ਹੈ ਅੱਜਕਲ 
ਤੀਲਿਆਂ ਨੂੰ ਜੋੜ ਜੋੜ ਬਣਾਏ ਇਸ਼ਕ ਸੰਸਾਰ ਵੱਲ-
ਕੌਣ ਲੱਭ ਲਏਗਾ ਸਾਨੂੰ 
ਰੰਗਬਿਰੰਗੇ ਬੱਦਲਾਂ ਦੀਆਂ ਰਜ਼ਾਈਆਂ 'ਚੋਂ
ਚਲ ਉੱਡ ਕੇ ਜਲਦੀ ਮਿਲੀਏ
ਅਵਾਜ਼ਾਂ ਮਾਰ ਮਾਰ ਸਮਾਂ ਗੁਆਚਦਾ ਹੈ-
ਗਲਵੱਕੜੀਆਂ ਖੁਰਦੀਆਂ ਨੇ ਬਾਹਾਂ ਚੋਂ
ਸਾਹ ਮੁੱਕਦੇ ਨੇ ਇੱਕ ਹੋ ਲੈਣ ਵਾਲੇ-

[email protected]

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ