Sat, 23 September 2017
Your Visitor Number :-   1088108
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਬਾਪ ਹੁੰਦਾ ਸੀ ਇਕ -ਡਾ ਅਮਰਜੀਤ ਟਾਂਡਾ

Posted on:- 04-11-2016

suhisaver

ਬਾਪ ਹੁੰਦਾ ਸੀ ਇਕ
ਘਰ ਤੇ ਅਸਮਾਨ ਵਰਗਾ
ਛੱਤ ਸੀ ਪੱਕੀ ਘਰ ਦੀ
ਵਿਹੜੇ ਚ ਕਿਤੇ ਫ਼ਿਕਰ ਚਿੰਤਾ ਨਹੀਂ ਸੀ ਵੜ੍ਹੀ
ਚਾਅ ਮਲਾ੍ਹਰ ਸਰ੍ਹਾਣੇ ਰੱਖ ਰੱਖ ਸਾਉਂਦੇ
ਦੁਨੀਆਂ ਦੇ ਸਾਰੇ ਖਿਡਾਉਣੇ ਮੇਰੇ ਹੁੰਦੇ ਸਨ-
ਜ਼ਿੰਦਗੀ ਨੂੰ ਹੱਸਦਿਆ ਦੇਖਣਾਂ ਹੈ
ਤਾਂ ਰੱਬ ਵਰਗੇ ਬਾਪ ਵੱਲ ਝਾਕੋ

ਤਾਰੇ ਨਹੀਂ ਸੀ ਕਦੇ ਟੁੱਟਦੇ ਦੇਖੇ
ਸੂਰਜ ਨਹੀਂ ਸੀ ਕਦੇ ਘਰੋਂ ਗਿਆ
ਵਾਪਿਸ ਪਰਤ ਆਉਂਦੀਆਂ ਸਨ
ਰੁੱਸੀਆਂ ਹਵਾਵਾਂ ਵੀ-

ਜਗਤ ਮੱਤਾਂ ਸਲਾਹਾਂ ਲੈਣ ਆਉਂਦਾ ਸੀ
ਪਿੰਡ ਰੌਣਕ ਦਿਸਦੀ
ਰਾਹ ਭਰੇ ਲੱਗਦੇ
ਮੇਲੇ ਨੱਕੋ ਨੱਕ ਭਰੇ ਜਾਂਦੇ-

ਰੱਬ ਦੇ ਮੋਢਿਆਂ ਤੇ ਚੜ੍ਹ ਚੜ੍ ਮੇਲਿਆਂ ਮੱਸਿਆ
ਤੇ ਸਿੰਝਾਂ ਤੇ ਜਾਂਦੇ-
ਭੈਣਾਂ ਆਉੁਂਦੀਆਂ ਜਾਂਦੀਆਂ
ਪੇਕਿਆਂ ਤੋਂ ਸਰਦਾ ਪੁੱਜਦਾ ਲੈ ਕੇ ਜਾਂਦੀਆਂ-

ਉਡੀਕਾਂ ਬਾਹਰ ਜਾ ਜਾ
ਧੀਆਂ ਧਿਆਣੀਆਂ ਦੇ ਰਾਹ ਤੱਕਦੀਆਂ-
"ਸ਼ਾਇਦ ਬੱਸ ਨਹੀਂ ਮਿਲੀ ਹੋਣੀ
ਅਗਲੀ ਬੱਸ ਤੇ ਆ ਜਾਵੇਗੀ"
ਚਾਹਾਂ ਰਿੱਝਦੀਆਂ ਗੜਵੀਆਂ ਭਰਦੀਆਂ
ਪਕੌੜੇ ਪੂੜੇ ਪੱਕਦੇ
ਪਿੰਨੀਆਂ ਭੱਜਦੀਆਂ ਹੱਥਾਂ ’ਚ-

ਦਾਦੀ ਪੁੱਤ ਪੋਤਿਆਂ ਚ ਮਹਾਂਰਾਣੀ ਬਣ ਬੈਠਦੀ
ਇੱਕ ਦੂਸਰੇ ਦੀਆਂ ਪੁਰਾਣੀਆਂ ਆਦਤਾਂ ਤੇ ਹੱਸਦੇ
ਅੰਬਰ ਨੇੜੇ ਖੜ੍ਹ ਖੜ੍ਹ ਝਾਕਦਾ-
ਤੁਰੇ ਤੁਰੇ ਜਾਂਦੇ ਰਾਹੀ ਗਵਾਂਢੀ ਰੁਕ ਜਾਂਦੇ-
ਪਿੰਡ ਚੋਂ ਫ਼ਿਕਰ ਦੌੜ ਜਾਂਦੇ-

ਬੁਖ਼ਾਰ ਉੱਤਰ ਜਾਂਦਾ ਸੀ-
ਓਸ ਜ਼ਹਾਨ ਦੀ ਇੱਕ ਹੱਥ ਦੀ ਛੁਹ ਨਾਲ
"ਲੈ ਹੁਣ ਮੇਰੇ ਪੁੱਤ ਨੇ ਠੀਕ ਹੋ ਜਾਣਾ"

ਉਸ ਜ਼ਹਾਨ ਦੀਆਂ ਅੱਖਾਂ 'ਚ
ਹੰਝੂ ਦੋ ਵਾਰ ਦੋਖੋਗੇ -ਬੇਟੀ ਦੀ ਡੋਲੀ ਵੇਲੇ ਅਤੇ
ਦੂਜਾ ਜਦ ਪੁੱਤ ਲੜ ਕੇ ਮੂੰਹ ਮੋੜ ਲਏ –

ਜਿਸ ਦਿਨ ਦਾ ਚੰਦ ਟੁੱਟ ਕੇ
ਅਸਮਾਨ ਤੋਂ ਡਿੱਗਾ ਹੈ
ਤਾਰੇ ਝੜ੍ਹੇ ਨੇ ਅੰਬਰੋਂ
ਨਾ ਤਾਂ ਠੰਢੀ ਵਾ ਅੰਦਰ ਵੜੀ ਹੈ
ਤੇ ਨਾ ਹੀ ਨਿੱਜ ਹੋਣਾ ਕੋਈ ਸੁਖਾਵਾਂ ਮੌਸਮ

ਮੰਜੇ ਅਲਾਣੇ ਝਾਕ ਰਹੇ ਹਨ
ਚਾਦਰਾਂ ਦੀਆਂ ਤਹਿਆਂ ਨਹੀਂ ਕਦੇ ਖੁੱਲ੍ਹੀਆਂ
ਤੇ ਨਾ ਹੀ ਹੁਣ ਭੈਣਾਂ ਦੌੜ੍ਹ ਦੌੜ੍ਹ ਆਉੁਂਦੀਆਂ ਨੇ ਹੱਸ ਹੱਸ ਕੇ

ਮਾਪਿਆਂ ਤੋਂ ਬਾਅਦ ਕਾਹਦੇ ਪੇਕੇ
ਭਾਬੀਆਂ ਦੇਰ ਤੱਕ ਅੱਖਾਂ ਨਹੀਂ ਪੂੰਝਦੀਆਂ ਭਿੱਜੀਆਂ
ਬੰਦ ਬੂਹੇ ਦੇਖਣ ਜਾਵੇ ਤਾਂ ਕਿਹੜਾ
ਸੁੰਨ੍ਹੇ ਵਿਹੜੇ ਰੋਂਦਿਆਂ ਨੂੰ ਕਦ ਵਿਰਾਉਂਦੇ ਨੇ-
ਕੌਣ ਪੂੰਝਣ ਆਉਂਦਾ ਹੈ ਅੱਥਰੂ ਪਿੰਡ ਚੋਂ
ਬਾਪ ਵਰਗਾ ਪਰਬਤ ਸਹਾਰਾ ਬਣ ਕੇ
ਤੁਰੀਆਂ ਜਾਂਦੀਆਂ ਹਵਾਵਾਂ ਕਦ ਪੁੱਛਦੀਆਂ ਨੇ
ਵੈਣਾਂ ਦੀਆਂ ਡੂੰਘਾਈਆਂ-
ਕਿਹੜਾ ਰੁੱਖ ਚੁੱਪ ਕਰਾਉਂਦਾ ਹੈ
ਸੁੱਕੇ ਝੜੇ ਪੱਤਿਆਂ ਨੂੰ
ਕਿਹੜਾ ਜ਼ਿੰਦਰੇ ਵਾਲਾ ਬੂਹਾ ਦੇਖਿਆ ਕਿਤੇ
ਲੋਹੜੀਆਂ ਤੇ ਦੀਵਾਲੀਆਂ -ਲੈ ਕੇ ਬੈਠਾ
ਕਿਰਦੀਆਂ ਛੱਤਾਂ ਕੌਣ ਲਿੱਪਦਾ ਹੈ
ਕੋਈ ਆਪਣੇ ਤੋਂ ਵਗੈਰ
ਭਾਈ ਵੀ ਨਹੀਂ ਕਦੇ ਆਇਆ ਹੁਣ ਕਦੇ ਇਹ ਪੁੱਛਣ ਕਿ
ਸਰਦਾਰ ਜੀ ਅਖੰਡ ਪਾਠ ਕਦ ਰੱਖਣਾਂ ਐਤਕੀਂ
ਮੁੰਡਿਆਂ ਨੇ ਕਦੋਂ ਆਉਣਾ ਹੈ ਨਾਰਵੇ ਤੋਂ-

ਨਾ ਤਾਂ ਖੜ੍ਹੇ ਕੀਤੇ ਮੰਜੇ ਬੋਲਦੇ ਹਨ
ਤੇ ਨਾ ਹੀ ਮਾਂ ਦੇ ਸਾਂਭੇ ਸੰਦੂਕ
ਘਰ ਪਏ ਦੋ ਚਾਰ ਔਜ਼ਾਰ ਵੀ ਜਾਪਦਾ
ਓਦਣ ਦੇ ਸਦਾ ਦੀ ਨੀਂਦਰ ਸੌਂ ਗਏ ਹਨ-
ਚੁੱਲ੍ਹੇ ਤੇ ਚਾਹ ਨਹੀਂ ਕਿਸੇ ਨੇ ਧਰੀ ਓਦਣ ਦੀ
ਕੱਪ ਗਲਾਸ ਗੜਵੀਆਂ
ਚੁੱਪ ਪਏ ਬਕਸਿਆ ਚੋਂ ਝਾਕਦੇ ਪਏ ਨੇ
ਓਦਣ ਦੀ ਡੁੱਲ੍ਹੀ ਚਾਹ ਦਾ ਦਾਗ
ਨਹੀਂ ਕਿਸੇ ਨੇ ਫ਼ਰਸ਼ ਤੋਂ ਪੂੰਝਿਆ
ਜਿਸ ਦਿਨ ਦਾ ਸੂਰਜ ਰੁੱਸਿਆ ਹੈ ਸਾਡੇ ਘਰੋਂ
ਚਾਨਣੀ ਰਾਤ ਨਹੀਂ ਦਿਸੀ ਕਦੇ ਘਰ ਦੇ ਨੇੜੇ ਤੇੜੇ-
ਜਿਸ ਦਿਨ ਦਾ ਅੰਬਰ ਫ਼ਟਿਆ ਹੈ ਸਾਡੇ ਵਿਹੜੇ

ਓਸ ਦਿਨ ਅਸਮਾਨੀ ਬਿਜਲੀ ਡਿੱਗੀ ਸੀ ਪਿੰਡ ਤੇ
ਸਾਰੀ ਰਾਤ ਰੋਈ ਸੀ ਓਦਣ
ਸਾਡੇ ਘਰ ਦੀ ਛੱਤ ਤੇ ਕਿਤੇ ਚੰਦ ਤਾਰਾ ਨਹੀਂ ਸੀ ਦਿਸਿਆ
ਓਸ ਦਿਨ ਤੋਂ ਬਾਅਦ-
ਦੁਨੀਆਂ ਭਰ ਦੇ ਖਿਡੌਣੇ ਟੁੱਟ ਗਏ ਸਨ ਮੇਰੇ
ਤੇ ਭੈਣ ਭਰਾਵਾਂ ਦੇ
ਚਾਅ ਮਰ ਗਏ ਸਨ ਰਾਹਵਾਂ ਦੇ
ਸੁਪਨੇ ਮਰ ਗਏ ਸਾਰੇ ਮਾਵਾਂ ਦੇ-

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ