Sat, 23 September 2017
Your Visitor Number :-   1088108
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਗੁਰਪ੍ਰੀਤ ਡੋਨੀ ਦੀਆਂ ਤਿੰਨ ਕਾਵਿ-ਰਚਨਾਵਾਂ

Posted on:- 21-01-2017

suhisaver

(1)

ਪੱਲੇ ਗਰੀਬੀ ਹੱਥ ਨੇ ਤੰਗ
ਕੁੱਝ ਲੋਕੀ ਮੈਨੂੰ ਕਹਿੰਦੇ ਨੰਗ,

ਮੈਂ ਗਰੀਬ ਮਾਂ-ਬਾਪ ਦਾ ਬੱਚਾ
ਪੇਟੋਂ ਭੁੱਖਾ ਦਿਲ ਤੋਂ ਕੱਚਾ,
ਮੇਰਾ ਪਿਓ ਰਲਦਾ ਸੀਰੀ ਪਾਲੀ
ਖੇਤਾਂ ਵਿੱਚ ਉਸਨੇ ਜ਼ਿੰਦਗੀ ਗਾਲੀ,
ਰਾਤਾਂ ਨੂੰ ਉਹ ਜਾਗ ਜਾਗ ਕੇ ਫਸਲਾਂ ਪਾਲੇ
ਉਸ ਫਸਲ ਤੇ ਐਸ਼ ਕਰਨ ਸ਼ਾਹੂਕਾਰ ਤੇ ਲਾਲੇ,
ਜੂਨ ਬੁਰੀ ਹੈ ਗਰੀਬਾਂ ਦੀ ਤੇ ਇਹਨਾਂ ਦੇ ਹੱਕ ਦੀ
ਗਰੀਬਾਂ ਦਾ ਸ਼ੋਸ਼ਣ ਹਰ ਥਾਂ ਹੁੰਦਾ ਗੱਲ ਅੱਜ ਦੇ ਸੱਚ ਦੀ,

ਮਾਂ ਮੇਰੀ ਵੀ ਲੋਕੋ ਏਸ ਗਰੀਬੀ ਕਰਕੇ
ਨਿਕਲ ਪੈਂਦੀ ਕਮਾਉਣ ਲਈ ਉਹ ਤੜਕੀ ਤੜਕੇ,
ਵੱਡੇ ਵੱਡੇ ਘਰਾਂ ਚ ਜਾ ਲਾਉਂਦੀ ਪੋਚੇ
ਘਰ ਦਾ ਮਾਲਕ ਮਾਂ ਮੇਰੀ ਵੱਲ ਮਾੜਾ ਸੋਚੇ,
ਐਸਾ ਸਭ ਕੁਝ ਦੇਖਕੇ ਦਿਲ ਮਾਂ ਮੇਰੀ ਧਾਹਾਂ ਮਾਰੇ
ਜਿਵੇਂ ਗਰੀਬ ਦੀ ਕੋਈ ਇੱਜਤ ਨਈਂ ਇਹ ਸੋਚਣ ਸਾਰੇ,

ਮੈਂ ਉਹਨਾਂ ਦਾ ਬੱਚਾ ਜੋ ਅੱਠਵੀਂ ਵਿੱਚ ਪੜ੍ਹਦਾ
ਮੇਰੀ ਗਰੀਬੀ ਕਰਕੇ ਕੋਈ ਮੇਰਾ ਨੀ ਕਰਦਾ,
ਮਾਸਟਰ ਆਡਰ ਲਾਉਂਦਾ ਧੁਪੇਓਂ ਕੁਰਸੀ ਛਾਵੇਂ ਚੱਕਲਾ
ਆਖੇ ਜੇ ਪਾਸ ਹੋਣਾ ਤਾ ਟਿਊਸ਼ਨ ਰੱਖਲਾ,
ਟਿਊਸ਼ਨ ਕਿਥੋਂ ਰੱਖਲਾ ਕੋਲ ਪੈਸੇ ਨਾ ਧੇਲੇ
ਮੇਰੇ ਬਾਪ ਦੀ ਬਿਮਾਰੀ ਦੇ ਸਾਡੇ ਕੋਲ ਨਾ ਹੀਲੇ,

ਗਰੀਬੀ ਕਰਕੇ ਪੜ੍ਹਿਆ ਨਾ ਗਿਆ ਤਾਹੀਂ ਫੇਲ ਹੋਗਿਆ
ਬਾਪੂ ਦੇ ਉਸ ਧੰਦੇ ਨਾਲ ਮੇਰਾ ਮੇਲ ਹੋਗਿਆ,
ਜਦ ਮੈਂ ਖੜ ਗਿਆ ਬਣਕੇ ਸੀ ਬਾਪੂ ਦਾ ਹਾਣੀ
ਓਹਨਾ ਦੇ ਸੁਪਨਿਆਂ ਤੇ ਉਦੋਂ ਫਿਰ ਗਿਆ ਪਾਣੀ,
ਮੇਰੇ ਏਸੇ ਸੱਚ ਦਾ ਯਾਰੋ ਇਹੋ ਕਹਿਣਾ
ਇਸ ਦੁਨੀਆ ਤੇ ਆ ਗਰੀਬ ਕਿਉਂ ਗਰੀਬ ਹੀ ਰਹਿਣਾ,

ਇਸ ਗਰੀਬੀ ਦੀ ਨਿਜ਼ਾਤ ਲਈ ਸਾਨੂੰ ਲੜਨਾ ਪੈਣਾ
ਕੱਠੇ ਹੋਕੇ ਲੜਨਾ ਪੈਣਾ,


(2)

ਮੈਂ ਫੁਕਰਾ ਨਈਂ,ਮੈਂ ਸਿਆਣਾ ਨਈਂ,
ਇਹਨਾਂ ਵਰਗਾ ਤਾਣਾ ਬਾਣਾ ਨਈਂ,
ਮੈਂ ਸੋਚ ਸਮਝਕੇ ਤੁਰਦਾ ਹਾਂ,
ਕਿ ਬੇ-ਮਕਸਦ ਮਰ ਜਾਣਾ ਨਈਂ।

ਮੈਂ ਮਿੱਟੀ ਹਾਂ ਮੈਂ ਲੋਹਾ ਹਾਂ,
ਇੱਕ ਪਿਓ ਦੀ ਮੈਂ ਮਜਦੂਰੀ ਹਾਂ
ਤੇ ਇੱਕ ਮਾਂ ਦਾ ਪਥਿਆ ਗੋਹਾ ਹਾਂ,
ਮੈਂ ਗੈਰਤ,ਦੁੱਖ,ਤੂਫ਼ਾਨ
ਤੇ ਗਰੀਬੀ ਦਾ ਭਰਿਆ ਟੋਆ ਹਾਂ,
ਮੈਂ ਭਗਤ ਸਿੰਘ ਦਾ ਨਾਹਰਾ ਹਾਂ
ਕਿਸੇ ਬੇ-ਤੱਥੇ ਦਾ ਗਾਣਾ ਨਈਂ,

ਮੈਂ ਸੋਚ ਸਮਝਕੇ ਤੁਰਦਾ ਹਾਂ
ਕਿ ਬੇ-ਮਕਸਦ ਮਰ ਜਾਣਾ ਨਈਂ।

ਮੈਂ ਪੰਡ ਹਾਂ ਕੱਖਾਂ ਵਾਲੀ ਦੀ
ਮੈਂ ਕਿਸੇ ਚੋਰ ਦੀ ਗੰਢ ਨਹੀਂ,
ਮੈਂ ਨੰਗਾ ਸੜਕ ਸਰ੍ਹਾਣੇ ਸੌਂ ਰਿਹਾ
ਜਿਹਨੂੰ ਲਗਦੀ ਗਰਮੀ ਠੰਡ ਨਹੀਂ,
ਮੈਂ ਕਣਕਾਂ ਦਾ ਰਾਖਾ ਸੀਰੀ ਹਾਂ
ਜਿਹਦੇ ਲੜਦੀ ਕਾਹਤੋਂ ਕੰਡ ਨਹੀਂ,
ਇਹਦਾ ਕਾਰਨ ਸ਼ਾਸ਼ਕ ਏਥੋਂ ਦੇ
ਕੋਈ ਪਾਕ ਹਿੰਦ ਦੀ ਵੰਡ ਨਹੀਂ,
ਹੁਣ ਪਊ ਦਰਦਾਂ ਨੂੰ ਮਾਰਨਾ
ਜਿਨ੍ਹਾਂ ਨੂੰ ਕਿਸੇ ਵੰਡਾਣਾ ਨਹੀਂ,

ਮੈਂ ਸੋਚ ਸਮਝਕੇ ਤੁਰਦਾ ਹਾਂ
ਕਿ ਬੇ-ਮਕਸਦ ਮਰ ਜਾਣਾ ਨਈਂ।

ਮੈਂ ਕਿਰਤੀ ਜੋ ਲੁੱਟਿਆ ਜਾ ਰਿਹਾ
ਮੈਂ ਸ਼ਿਕਾਰ ਇਹਨਾਂ ਸਰਕਾਰਾਂ ਦਾ,
ਜਿਨ੍ਹਾਂ ਦੀ ਆਜ਼ਾਦੀ ਤੇ ਪਿੰਜਰੇ
ਮੈਂ ਹਾਉਕਾ ਓਹਨਾ ਨਾਰਾਂ ਦਾ,
ਮੈਂ ਪੁੱਤਰ ਦਿਹਾੜੀਦਾਰ ਦਾ ਹਾਂ
ਸੀਰੀ ਪਾਲੀ ਮੈਂ ਸਰਦਾਰਾਂ ਦਾ,
ਜਿਹਨੂੰ ਕਰਕੇ ਪੂਰੀ ਕਮਾਈ ਵੀ
ਜੁੜਦਾ ਦੋ ਡੰਗ ਦਾ ਖਾਣਾ ਨਈਂ,

ਮੈਂ ਸੋਚ ਸਮਝਕੇ ਤੁਰਦਾ ਹਾਂ
ਕਿ ਬੇ-ਮਕਸਦ ਮਰ ਜਾਣਾ ਨਈਂ।

ਮੈਂ ਭਾਰਤੀ ਇਕ ਗੁਲਾਮ ਹਾਂ
ਮੈਂ ਭਾਰਤੀ ਕੋਈ ਮਹਾਨ ਨਹੀਂ,
ਮੈਂ ਉਜਾੜਿਆ ਜਾ ਰਿਹਾ ਵਤਨ ਵਿੱਚ
ਕਿਉਂ ਮੇਰੀ ਕੋਈ ਪਹਿਚਾਣ ਨਹੀਂ,
ਮੇਰੇ ਰਾਜੇ ਬਣਗੇ ਭੇੜੀਏ
ਤੇ ਪੁਲਸ ਵੀ ਘੱਟ ਹੈਵਾਨ ਨਹੀਂ,
ਮੈਂ ਸੱਚ ਦਾ ਸੰਗ ਛੱਡ ਸਕਦਾ ਨੀ
ਤੇ ਝੂਠ ਦੇ ਨੇੜੇ ਜਾਣਾ ਨਈਂ,

ਮੈਂ ਸੋਚ ਸਮਝਕੇ ਤੁਰਦਾ ਹਾਂ
ਕਿ ਬੇ-ਮਕਸਦ ਮਰ ਜਾਣਾ ਨਈਂ।

ਜਾਤ-ਧਰਮ ਦੇ ਨਾਂ ਤੇ ਲੜਾ ਦੇਣਾ
ਇਹ ਸਰਕਾਰਾਂ ਦੀਆਂ ਹੀ ਖੇਲਾਂ ਨੇ,
ਇਥੇ ਲਾਠੀਚਾਰਜ ਹੱਕ ਲਈ ਲੜਦਿਆਂ ਤੇ
ਝੂਠੇ ਪਰਚੇ ਤੇ ਫਿਰ ਜੇਲ੍ਹਾਂ ਨੇ,
ਏਥੇ ਬੇ ਰੁਜਗਾਰਾਂ ਲਈ ਟੈਂਕੀਆਂ ਨੇ
ਜਾਂ ਲੀਹ ਤੇ ਪੈਣ ਲਈ ਰੇਲਾਂ ਨੇ,
ਏ ਜੋ ਦੇਸ਼ ਨੂੰ ਲੁੱਟਕੇ ਖਾ ਰਹੇ
ਕਿਉਂ ਓਹਨਾ ਲਈ ਕੋਈ ਥਾਣਾ ਨਈਂ,

ਮੈਂ ਸੋਚ ਸਮਝਕੇ ਤੁਰਦਾ ਹਾਂ
ਕਿ ਬੇ-ਮਕਸਦ ਮਰ ਜਾਣਾ ਨਈਂ।

ਮੇਰਾ ਮਕਸਦ ਹੱਕ ਲਈ ਲੜਨਾ ਹੈ
ਜੜ ਜ਼ੁਲਮ ਦੀ ਪੁੱਟਣਾ ਚਾਉਂਦਾ ਹਾਂ,
ਮੈਂ ਝੰਡਾ ਮੇਹਨਤੀ ਖ਼ੂਨ ਦਾ
ਲਾਲ ਕਿਲੇ ਤੇ ਉਡਣਾ ਚਾਉਂਦਾ ਹਾਂ,
ਜੋ ਕ੍ਰਾਂਤੀਆਂ ਸ਼ੁਰੂ ਲਲਕਾਰ ਤੋਂ
ਓਹਨਾ ਵਿੱਚ ਰੁਝਣਾ ਚਾਉਂਦਾ ਹਾਂ,
ਬਣਨਾ ਪਊ ਅੰਗਿਆਰਾ ਲੋੜ ਲਈ
ਬਣ ਬੁਜ਼ਦਿਲ ਮੈਂ ਡਰ ਜਾਣਾ ਨਈਂ,

ਮੈਂ ਸੋਚ ਸਮਝਕੇ ਤੁਰਦਾ ਹਾਂ
ਕਿ ਬੇ-ਮਕਸਦ ਮਰ ਜਾਣਾ ਨਈਂ।


(3)

ਆਪ ਲਿਖਾਂਗੇ ਆਪ ਗਾਵਾਂਗੇ
ਗਾਣਾ ਸਿੱਧਾ ਸਾਫ ਗਾਵਾਂਗੇ
ਲੋਕੀ ਮਿਰਜ਼ਾ ਹੀਰ ਨੇ ਗਾਉਂਦੇ
ਅਸੀਂ ਆਪਦੇ ਹਾਲਾਤ ਗਾਵਾਂਗੇ
ਅਸੀਂ ਆਪਦੇ ਮਾਂ ਬਾਪ ਗਾਵਾਂਗੇ

ਕਿੱਦਾਂ ਕੋਈ ਵਿਧਵਾ ਆਪ ਸੰਭਾਲੇ
ਕਿਵੇਂ ਕੋਈ ਕਾਮਾ ਟੱਬਰ ਪਾਲੇ
ਕਿਵੇਂ ਮਜਦੂਰ ਕੋਈ ਪੁੱਤ ਧੀ ਵਿਹਾਉਂਦਾ
ਕਿਵੇਂ ਅਨਾਥ ਕੋਈ ਜ਼ਿੰਦਗੀ ਜਿਓੰਦਾ
ਇਹ ਸਭ ਦਾ ਬਿਰਲਾਪ ਗਾਵਾਂਗੇ
ਆਪ ਲਿਖਾਂਗੇ ਆਪ ਗਾਵਾਂਗੇ
ਗਾਣਾ ਸਿੱਧਾ ਸਾਫ ਗਾਵਾਂਗੇ

ਪੜ੍ਹ ਲਿੱਖ ਕੇ ਦੱਸੋ ਕੀ ਖੱਟਿਆ
ਦਾਜਪ੍ਰਥਾ ਤੇ ਭਰੂਣ ਹੱਤਿਆ
ਭੁੱਖਮਰੀ ਤੇ ਬੇਰੁਜਗਾਰੀ
ਤਾਨਾਸ਼ਾਹੀ ਅੱਜ ਸਰਕਾਰੀ
ਹਰ ਇਕ ਬੁਰਾਈ ਖ਼ਿਲਾਫ਼ ਗਾਵਾਂਗੇ
ਆਪ ਲਿਖਾਂਗੇ ਆਪ ਗਾਵਾਂਗੇ
ਗਾਣਾ ਸਿੱਧਾ ਸਾਫ ਗਾਵਾਂਗੇ

ਰੱਬ ਨਾਂ ਧਰਤੀ ਉੱਪਰ ਜਾਪੇ
ਲਾਚਾਰ ਬਿਮਾਰ ਤੇ ਬੁੱਢੇ ਮਾਪੇ
200 ਰੁਪਏ ਦਿਹਾੜੀ ਜੀਹਦੀ
ਭੁੱਖੇ ਸੌਂਦੇ ਬੱਚੇ ਬੀਵੀ
ਕਿਵੇਂ ਪਾਲੂਗਾ ਜਵਾਕ ਗਾਵਾਂਗੇ
ਆਪ ਲਿਖਾਂਗੇ ਆਪ ਗਾਵਾਂਗੇ
ਗਾਣਾ ਸਿੱਧਾ ਸਾਫ ਗਾਵਾਂਗੇ

ਨੌਜਵਾਨ ਅੱਖ ਤੇਰੀ ਵੀ ਰੋਈ
ਨੌਕਰੀ ਤੈਨੂੰ ਮਿਲੀ ਨਾਂ ਕੋਈ
ਆਹ ਤੂੰ ਕਿਹੜੀ ਕਮਾਈ ਕਰਤੀ
m.b.a ਕਰਕੇ m.a ਭਰਤੀ
ਰੌਲਾ ਪਊਗਾ ਚਾਰ ਚੁਫ਼ੇਰੇ
ਇਹ ਨਈਂ ਕੇ ਚੁਪਚਾਪ ਗਾਵਾਂਗੇ
ਆਪ ਲਿਖਾਂਗੇ ਆਪ ਗਾਵਾਂਗੇ

ਗਾਣਾ ਸਿੱਧਾ ਸਾਫ ਗਾਵਾਂਗੇ
ਲੋਕੀ ਮਿਰਜ਼ਾ ਹੀਰ ਨੇ ਗਾਉਂਦੇ
ਅਸੀਂ ਆਪਦੇ ਹਾਲਾਤ ਗਾਵਾਂਗੇ
ਅਸੀਂ ਆਪਦੇ ਮਾਂ ਬਾਪ ਗਾਵਾਂਗੇ

Comments

Gurpreet Saroud

ਲਾਜਵਾਬ

ਇਹ ਤਿੰਨੋਂ ਹੀ ਕਵਿਤਾਵਾਂ ਵਧੀਆ ਹਨ ਕਿਰਤੀ ਦੇ ਦੁੱਖ ਦਰਦਾਂ ਨਾਲ ਪਰੋਈਆਂ ਪਈਆਂ ਹਨ। ਕਵੀ ਮਿਰਜੇ ਅਤੇ ਹੀਰਾਂ ਦੇ ਗੀਤ ਗਾਉਣ ਨਾਲੋਂ ਆਪਣੇ ਕਿਰਤੀ ਮਾਂ ਬਾਪ ਦੇ ਗੀਤ ਗਾਉਣੇ ਪਸੰਦ ਕਰਦਾ ਹੈ। ਕਿਉਂਕਿ ਉਸ ਕੋਲ ਇੰਨੀ ਵਿਹਲ ਹੀ ਨਹੀਂ ਹੈ ਤੰਗੀਆਂ ਤੁਰਸ਼ੀਆਂ ਨੂੰ ਝੱਲਦਿਆਂ ਵਾਧੂ ਦਾ ਹੋਰ ਬੋਝ ਸਿਰ 'ਤੇ ਉਠਾਉਣ ਦਾ। ਅਤੇ ਜਿਹਨਾਂ ਨੂੰ ਗਾਉਣ ਦਾ ਕੋਈ ਫਾਇਦਾ ਵੀ ਨਹੀਂ ਹੈ। ਕਿਉਂਕਿ ਬਹੁਤੇ ਲੋਕ ਇਹੋ ਚਾਹੁੰਦੇ ਹਨ ਕਿ ਹੀਰਾਂ ਜੰਮਣ ਪਰ ਹੋਰ ਕਿਸੇ ਦੇ ਸਾਡੇ ਨਾ। ਇਸ ਕਰਕੇ ਕਵੀ ਇਹਨਾਂ ਨੂੰ ਗਾਉਣਾ ਬੇ ਫਜ਼ੂਲ ਹੀ ਸਮਝਦਾ ਹੈ।

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ