Tue, 17 October 2017
Your Visitor Number :-   1096560
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਵਾਹਿਦ ਦੀਆਂ ਦੋ ਗ਼ਜ਼ਲਾਂ

Posted on:- 26-04-2017

(1)

ਮਿਟਾਉਣਾ ਖ਼ੁਦ ਨੂੰ ਆਪਣੇ ਆਪ ਦਾ ਵਿਸਥਾਰ ਵੀ ਕਰਨਾ
ਕਿ ਰਹਿਣਾ ਦਾਇਰਿਆਂ ਵਿਚ ਵੀ ਤੇ ਉਸਨੂੰ ਪਿਆਰ ਵੀ ਕਰਨਾ।

ਜਿਹਦੇ ਪੱਤਣ ਰਵਾਇਤੀ ਨੇ ਤੇ ਪਾਣੀ ਇਸ਼ਕ ਵਿਚ ਭਿੱਜੇ,
ਉਦ੍ਹੇ ਵਿਚ ਡੁੱਬਣਾ ਵੀ ਹੈ ਤੇ ਉਸ ਨੂੰ ਪਾਰ ਵੀ ਕਰਨਾ।

ਰਹੇ ਜੇ ਹਾਂ 'ਚ ਹੀ ਇਉਂ ਹਿਲਦੇ ਤਾਂ ਇਹ ਸਿਰ ਨਹੀਂ ਰਹਿਣੇ,
ਆ ਜਾਵੇ ਮੇਰਿਆਂ ਲੋਕਾਂ ਨੂੰ ਹੁਣ ਇਨਕਾਰ ਵੀ ਕਰਨਾ।

ਰਹੇ ਅੱਖਾਂ ਹੀ ਵਿਚ ਜੇ ਇਉਂ ਤਾਂ ਡਰ  ਹੈ ਜ਼ਹਿਰਵਾ ਦਾ ਵੀ,
ਜੇ ਬਿਹਤਰ ਜੀਣ ਦੇ ਨੇ ਖ਼ਾਬ ਤਾਂ ਸਾਕਾਰ ਵੀ ਕਰਨਾ।

ਮੇਰੇ ਇਸ ਜ਼ਹਿਨ ਖ਼ਾਤਰ ਵੈਦ ਨੇ ਇਉਂ ਸਾਜ਼ਿਸ਼ਾਂ ਰਚਦੇ,
ਦਵਾ ਦਾਰੂ ਵੀ ਕਰਨੀ ਤੇ ਇਹਨੂੰ ਬੀਮਾਰ ਵੀ ਕਰਨਾ।

ਇਹ ਦਿੱਲੀ ਬੇਦਿਲੀ ਹੈ ਜਿਸਦਾ ਮਕਸਦ ਹੈ ਕੁਝ ਏਦਾਂ ਦਾ,
ਕੋਈ ਵੀ ਵਿਹਲਾ ਨਈਂ ਛੱਡਣਾ ਅਤੇ ਬੇਕਾਰ ਵੀ ਕਰਨਾ।

(2)

ਯੁਗ ਬਣਨ ਯੋਗ ਪਲ, ਗਏ ਮਾਰੇ ਜਾਂ ਤਿੜ ਰਹੇ।
ਬੰਬਾਂ ਦੇ ਖੋਲ ਵਿਚ ਸਹੀ, ਫੁੱਲ ਫਿਰ ਖਿੜ ਰਹੇ।

ਮਲਬੇ ਦੇ ਢੇਰ 'ਚੋਂ, ਉਹ ਹੈ ਬਸ ਘਰ ਤਾਲਾਸ਼ਦੀ
ਹੋਇਆ ਕੀ ਜ਼ਿੰਦਗੀ ਦੇ ਜੇ ਬੂਹੇ ਨੇ ਭਿੜ ਰਹੇ।

ਮੁਰਦੇ ਕਿਤੋਂ ਉਖਾੜ ਰਹੇ ਰਹਿਬਰੀ ਲਈ,
ਕਦਮਾਂ ਨੂੰ ਸੇਧ ਦੇਣ ਦੇ ਟੰਟੇ ਨੇ ਛਿੜ ਰਹੇ।

ਧਰਤੀ 'ਤੇ ਜ਼ਿੰਦਗੀ ਕਿ ਗਿਣੇ ਸਾਹ ਆਖ਼ੀਰਲੇ,
ਇਉਂ ਮੋਢਿਆਂ 'ਤੇ ਚੜ੍ਹ ਇਦ੍ਹੇ ਕੁਝ ਕੁਨਬੇ ਭਿੜ ਰਹੇ।

ਨਕਸ਼ੇ ਲਏ ਜੋ ਮੰਜ਼ਿਲਾਂ ਦੇ, ਪੈਰ ਵੇਚ ਕੇ,
ਲਾਏ ਨੇ ਜਿਸ ਵੀ ਕੰਧ 'ਤੇ ਓਸੇ ਸਮੇਤ ਤਿੜ ਰਹੇ।

ਆਖ਼ਿਰ ਕਿਸੇ ਤਰੇੜ 'ਚੋਂ ਮੁੜ ਫੁਟਦੀ ਜ਼ਿੰਦਗੀ,
ਏਸੇ ਲਿਹਾਜ਼ ਨਾਲ਼ ਪਏ ਯੁਗ ਨੇ ਗਿੜ ਰਹੇ।

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ