Wed, 13 November 2019
Your Visitor Number :-   1873292
SuhisaverSuhisaver Suhisaver
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ               ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ              

ਅਫ਼ਜ਼ਲ ਸਾਹਿਰ ਦੀਆਂ ਕੁਝ ਨਜ਼ਮਾਂ

Posted on:- 21-04-2012

suhisaver

ਅਫ਼ਜ਼ਲ ਸਾਹਿਰ ਲਹਿੰਦੇ ਪੰਜਾਬ ਦਾ ਚੜ੍ਹਦਾ ਸ਼ਾਇਰ ਹੈ। ਅਹਿਸਾਸ ਦੀ ਪੱਧਰ ’ਤੇ ਉਸਦੀ ਸ਼ਾਇਰੀ ਬਹੁਤ ਡੂੰਘੀ ਹੈ। ਪਾਕਿਸਤਾਨ ਦੇ ਇੱਕ ਰੇਡੀਓ ’ਤੇ ਪ੍ਰੋਗਰਾਮ ਪ੍ਰੋਡਿਊਸਰ ਅਤੇ ਆਰ.ਜੇ. ਦੇ ਤੌਰ ’ਤੇ ਕੰਮ ਕਰਦਾ ਇਹ ਸੋਹਣਾ ਪੰਜਾਬੀ ਮੁੰਡਾ ਕੁਝ ਕੁ ਸਮਾਂ ਪਹਿਲਾਂ ਪੰਜਾਬੀ ਪਿਆਰਿਆਂ ਦੀ ਝੋਲੀ ’ਚ ਇੱਕ ਕਵਿਤਾ ਦੀ ਕਿਤਾਬ `ਨਾਲ ਸੱਜਣ ਦੇ ਰਹੀਏ ਵੋ ` ਵੀ ਪਾ ਚੁੱਕਾ ਹੈ । ਉਸ ਨੇ ‘ਸੂਹੀ ਸਵੇਰ’ ਨੂੰ ਬੜੇ ਮੋਹ ਨਾਲ ਇਹ ਨਜ਼ਮਾਂ ਭੇਜੀਆਂ ਹਨ ਜਿਨ੍ਹਾਂ ਨੂੰ ਅਸੀਂ ਇੱਥੇ ਛਾਪਣ ਦੀ ਖੁਸ਼ੀ ਲੈ ਰਹੇ ਹਾਂ। (ਸੰਪਾਦਕ)


ਵਾਰਤਾ
ਸਾਡੇ ਬਾਬੇ ਲੀਕਾਂ ਚੁੰਮੀਆਂ, ਸਾਨੂੰ ਮੱਤ ਕੀ ਆਉਣੀ
ਅੰਗ ਲਮਕਣ ਨੰਗੀ ਤਾਰ ’ਤੇ, ਵਿੱਚ ਰੱਤ ਕੀ ਆਉਣੀ
ਅਸੀਂ ਝੂਠੋ ਝੂਠੀ ਖੇਡ ਕੇ, ਇੱਕ ਸੱਚ ਬਣਾਇਆ
ਫਿਰ ਉਸ ਨੂੰ ਧਰਮੀ ਲਹਿਰ ਦਾ, ਇੱਕ ਤੜਕਾ ਲਾਇਆ
ਅਸੀਂ ਪਾਕ ਪਲੀਤੇ ਪਾਣੀਆਂ ਵਿੱਚ, ਰਿੱਝਦੇ ਜਾਈਏ
ਜਾਂ ਹੱਸੀਏ ਘੂਰੀ ਵੱਟ ਕੇ, ਜਾਂ ਖਿਝਦੇ ਜਾਈਏ
ਕੋਈ ਨੇਜ਼ੇ ਉੱਤੇ ਸੱਚ ਵੀ, ਇੱਥੇ ਨਹੀਂ ਪਚਣਾ
ਭਾਵੇਂ ਈਸਾ ਮੁੜ ਕੇ ਆ ਜਾਏ, ਇੱਥੇ ਨਹੀਂ ਬਚਣਾ
ਅਸੀਂ ਅੱਖਾਂ ਮਲ਼ ਮਲ਼ ਵੇਖੀਏ, ਕੀ ਖੇਡਾਂ ਹੋਈਆਂ
ਕਿਤੇ ਸ਼ੇਰਾਂ ਵਰਗੇ ਸੂਰਮੇ, ਅੱਜ ਭੇਡਾਂ ਹੋਈਆਂ
ਚੰਗਾ ਈ ਸੀ ਪੁੱਤਰਾ, ਜੇ ਦੇਸ਼ 'ਚ ਰਹਿੰਦੇ
ਸਾਨੂੰ ਆਣ ਅੰਗਰੇਜਾਂ ਰੋਲਿਆ, ਸਾਡੇ ਬਾਬੇ ਕਹਿੰਦੇ
ਸਾਨੂੰ ਸੱਜਾ ਹੱਥ ਵਿਖਾ ਕੇ, ਮਾਰੀ ਸੁ ਖੱਬੀ
ਅਸੀਂ ਜੰਨਤ ਵੱਲ ਨੂੰ ਨੱਠ ਪਏ, ਤੇ ਦੋਜ਼ਖ਼ ਲੱਭੀ
ਅਸੀਂ ਜੁੱਤੇ ਵਿੱਚ ਪੰਜਾਲੀਆਂ, ਹਲ਼ ਬਣ ਗਏ ਫਾਹੀਆਂ
ਅਸੀਂ ਖੇਤਾਂ ਵਿੱਚ ਈ ਬੀਜੀਆਂ, ਕਈ ਸਾਲ, ਛਮਾਹੀਆਂ
ਅਸੀਂ ਵਿਲਕੇ ਰੋਏ ਭੁੱਖ ਤੋਂ, ਸਾਹ ਟੁੱਟਣ ਲੱਗ ਪਏ
ਫਿਰ ਲੱਤਾਂ ਕੱਢੀਆਂ ਚੌਧਰੀ, ਅਸੀਂ ਘੁੱਟਣ ਲੱਗ ਪਏ
ਨਹੀਂ ਖਾਣ ਪੀਣ ਨੂੰ ਲੱਭਦਾ, ਸਾਡੇ ਘਰ 'ਚ ਸਾਇਆ
ਅਖ਼ੇ ਬੋਤਲ ’ਚੋਂ ਨਹੀਂ ਪੀਵਣਾ, ਇਹ ਦੱਮ ਕਰਵਾਇਆ
ਅਸੀਂ ਛਿੱਟੀ ਚਰਾਵਣ ਲੈ ਗਏ, ਕਿੰਜ ਬੂਹਾ ਨਿਕਲੇ
ਜਿਉਂ ਬੀਨ ਵਜਾਈਏ ਰੁਢ ’ਤੇ, ਤਾਂ ਚੂਹਾ ਨਿਕਲੇ
ਗਏ ਵੱਡੇ ਬਾਹਰ ਵਲੈਤ ’ਚੋਂ, ਸ਼ਾਹੂਕਾਰ ਲਿਆਏ
ਸਾਡੀ ਖਿੜੀ ਕਪਾਹ ਨੂੰ ਵੇਚਿਆ, ਅਸੀਂ ਮੰਗ ਕੇ ਪਾਏ
ਜਦ ਸ਼ੀਸ਼ੇ ਮੂਹਰੇ ਆ ਗਏ, ਬਣ ਅਫ਼ਲਾਤੂਨੀ
ਤਦ ਸ਼ਕਲਾਂ ਦਿਸੀਆਂ ਕਾਲੀਆਂ, ਹੱਥ ਖ਼ੂਨੋ ਖ਼ੂਨੀ
ਅਸੀਂ ਖੜੇ ਖਲੋਤੇ ਕੰਬ ਗਏ, ਪਰਛਾਵੇਂ ਬਦਲੇ
ਸਾਡੇ ਆਪਣਿਆਂ ਪਟਵਾਰੀਆਂ, ਸਾਡੇ ਨਾਵੇਂ ਬਦਲੇ
ਸਾਨੂੰ ਸੁਰਤ ਨਾ ਆਈ ਹੋਵੰਦੇ, ਕਿੰਜ ਘਾਟੇ ਵਾਧੇ
ਅਸੀਂ ਬਾਂਦਰਕਿੱਲਾ ਖੇਡਿਆ, ਤੇ ਛਿੱਤਰ ਖਾਂਦੇ
ਸਾਨੂੰ ਟੁੱਕ ਦਾ ਫਾਹਾ ਲੈ ਗਿਆ ਸੀ, ਮਿੱਲਾਂ ਵੱਲੇ
ਦੋ ਮਾਲਿਕ ਜੁੜ ਕੇ ਬਹਿ ਗਏ, ਅਸੀਂ ਲੱਖਾਂ ਕਿੱਲੇ
ਸਾਡਾ ਗੰਨਾ ਮਿਲ ਨੇ ਪੀੜਿਆ, ਰੌਹ ਰੱਤੀ ਨਕਲੀ
ਉੱਸ ਰੱਤ ਚੋਂ ਪੱਗਾਂ ਵਾਲਿਆਂ ਦੀ, ਪੱਤੀ ਨਕਲੀ
ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ, ਸਾਨੂੰ ਚੌਧਰ ਪੈ ਗਈ
ਸਾਡਾ ਮਿੱਟੀ ਵਿੱਚ ਮੂੰਹ ਤੁੱਨ ਕੇ, ਸਾਡੇ ਸਿਰ ’ਤੇ ਬਹਿ ਗਈ
ਕੀ ਦੱਸਾਂ! ਸਾਹ ਦੀ ਮੰਡੀਏ, ਕਿੰਜ ਮੰਦਾ ਹੁੰਦਾ
ਮੈਂ ਰੱਬ ਨਾਲ ਦੁਖੜੇ ਫੋਲਦਾ, ਜੇ ਬੰਦਾ ਹੁੰਦਾ . . .


ਹੋਣੀ
ਹੋਣੀਏ, ਮਨ ਮੋਹਣੀਏ,
ਉਮਰਾਂ ਦੇ ਧੋਣੇ ਧੋਣੀਏ
ਤੇਰੇ ਸਦਕੇ ਜਾਵਾਂ
ਸਾਨੂੰ ਜੰਮਨੋਂ ਵਧ ਕੇ,
ਕੀਹ ਹੋਰ ਸਜ਼ਾਵਾਂ
ਹਰ ਕਿੱਕਰ ਦੀ ਸੂਲ਼ ’ਤੇ,
ਸਾਡਾ ਸਿਰਨਾਵਾਂ
ਹੁਣ ਤੇ ਐਵੇਂ ਹੱਸ ਕੇ,
ਤੈਨੂੰ ਮਗਰੋਂ ਲਾਹਵਾਂ
ਹੋਣੀਏ, ਮਨ ਮੋਹਣੀਏ
ਤੇਰੇ ਸਦਕੇ ਜਾਵਾਂ
ਹੋਣੀਏ, ਮਨ ਮੋਹਣੀਏ
ਉਮਰਾਂ ਦੇ ਧੋਣੇ ਧੋਣੀਏ,
ਚੱਲ ਅੱਗੇ ਅੱਗੇ
ਆਉਂਦੇ ਨਿੱਤ ਭੁਚਾਲ ਨੀ,
ਸਾਡੀ ਇੱਕ ਇੱਕ ਰੱਗੇ
ਸਾਡੀਆਂ ਨਾੜਾਂ ਨਾਲ,
ਖੂਹਾਂ ਨੂੰ ਜਾਲ਼ਾ ਲੱਗੇ
ਸਾਡੀਆਂ ਸੋਚਾਂ ਨਾਲ,
ਸਮੇ ਦੇ ਧੌਲ਼ੇ ਬੱਗੇ
ਹੋਣੀਏ, ਮਨ ਮੋਹਣੀਏ
ਚੱਲ ਅੱਗੇ ਅੱਗੇ
ਹੋਣੀਏ, ਮਨ ਮੋਹਣੀਏ
ਉਮਰਾਂ ਦੇ ਧੋਣੇ ਧੋਣੀਏ
ਆ ਲਾਈਏ ਗ਼ੋਤੇ
ਜੀਵਨ ਦੇ ਕਾਲ਼ੇ ਪਾਣੀਆਂ,
ਅਸੀਂ ਬਾਣੇ ਧੋਤੇ
ਵਹਿਸ਼ਤ ਤੇ ਥਰਥੱਲੀਆਂ,
ਹੱਥ ਜੋੜ ਖਲੋਤੇ
ਵੇਲ਼ੇ ਦੇ ਨਮਰੂਦ ਨੂੰ,
ਅਸੀਂ ਲਾਉਣਾ ਜੋਤੇ
ਹੋਣੀਏ, ਮਨ ਮੋਹਣੀਏ,
ਆ ਲਾਈਏ ਗ਼ੋਤੇ
ਹੋਣੀਏ ਮਨ ਮੋਹਣੀਏ,
ਉਮਰਾਂ ਦੇ ਧੋਣੇ ਧੋਣੀਏ
ਲੱਖ ਬਣ ਜਾ ਕਹਿਰਾਂ
ਸਾਡੇ ਲਈ ਰੁਸ਼ਨਾਈਆਂ,
ਮਿਰਗੀ ਦੀਆਂ ਲਹਿਰਾਂ
ਅਸੀਂ ਮਿੱਠੇ ਸ਼ਹਿਦ ਵਜੂਦ ਵਿੱਚ,
ਭਰ ਲਈਆਂ ਜ਼ਹਿਰਾਂ
ਦਿਲ ਆਖੇ ਸੱਪ ਦੀ ਰੁੱਢ ਵਿੱਚ,
ਜਾ ਜਾ ਕੇ ਠਹਿਰਾਂ
ਹੋਣੀਏ, ਮਨ ਮੋਹਣੀਏ
ਲੱਖ ਬਣ ਜਾ ਕਹਿਰਾਂ
ਹੋਣੀਏ, ਮਨ ਮੋਹਣੀਏ
ਉਮਰਾਂ ਦੇ ਧੋਣੇ ਧੋਣੀਏ
ਆ ਰਲ਼ ਕੇ ਬਹੀਏ
ਅਤੇ ਹੋਣੀ ਹੋਣੀ ਖੇਡ ਕੇ,
ਇੱਕ ਮਿਕ ਹੋ ਰਹੀਏ
ਅਤੇ ਜੱਗ ਨੂੰ ਹੱਸਦਾ ਛੱਡ ਕੇ,
ਕਬਰਾਂ ਵਿੱਚ ਬਹੀਏ
ਤੇ ਰਲ਼ ਦੋਵੇਂ ਅਨਹੋਣੀਆਂ,
ਇਹ ਹੋਣਾ ਸਹੀਏ
ਹੋਣੀਏ, ਮਨ ਮੋਹਣੀਏ
ਆ ਰਲ ਕੇ ਬਹੀਏ
ਹੋਣੀਏ, ਮਨ ਮੋਹਣੀਏ
ਤੇਰੇ ਸਦਕੇ ਜਾਵਾਂ
 

ਵੇਲ਼ੇ ਦੀ ਵਾਰ
ਕੌਣ ਕਰੇ ਨਿਰਵਾਰ, ਹਯਾਤੀ ਡੱਕੋ ਡੋਲੇ
ਡਾਂਵਾਂ ਡੋਲ ਆਸਾਰ, ਜੀਵਣਾ ਬਣਿਆ ਖੋਲੇ
ਪਿੱਛਲ਼ ਪੈਰੀ ਸਾਰ, ਅਚੇਤੀ ਵਧ ਕੇ ਬੋਲੇ
ਸਗਵੇਂ ਕੂੜ ਵਿਹਾਰ, ਸਮੇਂ ਰੰਗ ਰੱਤੇ ਚੋਲੇ
ਕਰਨੀ ਦੇ ਕਰਤਾਰ, ਸਾਦੜੇ ਬੀਬੇ ਭੋਲ਼ੇ
ਭਰਨੀ ਦੇ ਅਗਵਾਰ, ਬਾਦਸ਼ਾਹ, ਰਾਣੀ, ਗੋਲੇ
ਧਰਮਾਂ ਦੀ ਭਰਮਾਰ, ਕਣੀ ਕੂਂ ਕੀਕਣ ਫੋਲੇ
ਹਿੱਕ ਦੀ ਕੀਤੀ ਕਾਰ, ਕਹੀਂ ਦੇ ਨਾਵੇਂ ਬੋਲੇ
ਕੂੜੋ ਕੂੜ ਅਖ਼ਬਾਰ, ਲਖੀਵਣ ਹੁਕਮੀ ਢੋਲੇ
ਮਾਰੂ ਥਈ ਸਰਕਾਰ, ਨਿਮਾਣਾ ਤਣੀਆਂ ਝੂਲੇ
ਸੁਖ਼ਨਾਂ ਦੇ ਹਟੀਆਰ, ਵਗੀਂਦੇ ਛੁਰੀਆਂ ਓਲ੍ਹੇ
ਉਮਰਾਂ ਜਿੱਡੇ ਭਾਰ, ਕਦੀਂ ਹਨ ਪੋਲ ਪਟੋਲ੍ਹੇ
ਚਾਨਣ ਦੇ ਅਸਵਾਰ, ਟੁਰੋਂ ਜੇ ਪੋਲੇ ਪੋਲੇ

ਚੰਦਰੀ ਰੁੱਤ ਦੇ ਜਾਏ

(ਤੀਜੀ ਦੁਨੀਆਂ ਦੇ ਨਾਂ)

ਰੁੱਖਾਂ ਦੇ ਪਰਛਾਵੇਂ ਕੰਬਣ,
ਧਰਤੀ ਠੰਡੀ ਠਾਰ
ਸਿਖ਼ਰ ਦੁਪਹਿਰੇ, ਰਾਤ ਦੇ ਪਹਿਰੇ,
ਪੱਤਝੜ ਜਿਹੀ ਬਹਾਰ
ਕੂੰਜਾਂ ਦੀ ਥਾਂ ਅੰਬਰਾਂ ਉੱਤੇ,
ਗਿਰਝਾਂ ਬੱਨ੍ਹੀ ਡਾਰ
ਰੂਹ ਦੀ ਧੂਣੀ ਮਿਰਚਾਂ ਧੂੜੇ
ਨਿੱਤ ਹੋਣੀ ਦੀ ਵਾਰ
ਵੇਲ਼ੇ ਦੀ ਕੰਧ ਹੇਠਾਂ ਆਗਏ,
ਜੀਵਨ ਦੇ ਦਿਨ ਚਾਰ
ਘਾਟੇ ਵਾਧੇ ਖਾਂਦਾ ਜਾਵੇ,
ਇਸ਼ਕੇ ਦਾ ਬਿਉਪਾਰ
ਘੁੱਟ ਘੁੱਟ ਕੱਚੀਆਂ ਗੰਢਾਂ ਲਾਵਣ,
ਰੁੱਤਾਂ ਵਰਗੇ ਯਾਰ
ਪੰਖਾਂ ਬਾਝ ਪਖੇਰੂ ਖੇਡਣ
"ਨਵੀਉਂ ਨਵੀਂ ਬਹਾਰ"
ਜੋ ਆਹਾ ਸੋ ਆਹਾ ਲੋਕਾ
ਅੰਦਰੋਂ ਆਈਏ ਬਾਹਰ

ਚੇਤਰ ਰੰਗ ਨਰੋਏ
ਚੇਤਰ ਰੰਗ ਨਰੋਏ ਵੇ ਲੋਕਾ!
ਚੇਤਰ ਰੰਗ ਨਰੋਏ
ਭੋਏਂ ਤੇ ਨਵੀਂ ਹਯਾਤੀ ਖਿੜ ਪਈ
ਅਸੀਂ ਮੋਏ ਦੇ ਮੋਏ
ਵੇ ਲੋਕਾ! ਚੇਤਰ ਰੰਗ ਨਰੋਏ
ਫੁੱਲਾਂ ਤੋਂ ਨਾ ਅੱਖ ਚੁਕੀਵੇ
ਚੇਤ ਮਿਲਾਪੀ ਰੁੱਤੇ
ਬਾਹਰ ਸੁਲੱਖਣਾ ਦਿਨ ਚੜ੍ਹ ਆਇਆ
ਅਸੀਂ ਆਂ ਸੁੱਤਮ ਸੁੱਤੇ
ਪੁੱਠੇ ਵੇਖ ਵਤੀਰੇ ਸਾਡੇ
ਹਾਸੇ, ਪਿੱਟ ਖਲੋਏ
ਚੇਤਰ ਰੰਗ ਨਰੋਏ ਵੇ ਲੋਕਾ!
ਚੇਤਰ ਰੰਗ ਨਰੋਏ
ਲੱਗੇ ਬੂਰ ਤੇ ਫੁੱਟੀਆਂ ਲਗਰਾਂ
ਰੁੱਖਾਂ ਰੰਗ ਵਟਾਏ
ਅਸੀਂ ਨਾ ਆਪਣੇ ਜੁੱਸਿਆਂ ਉੱਤੋਂ
ਹੰਢੇ ਵਰਤੇ ਲਾਹੇ
ਖੂਹ ਤੇ ਖੜ੍ਹ ਕੇ ਵੀ ਨਾ ਭਰਿਆ
ਭਾਂਡਾ ਲੋਏ ਲੋਏ
ਚੇਤਰ ਰੰਗ ਨਰੋਏ ਵੇ ਲੋਕਾ!
ਚੇਤਰ ਰੰਗ ਨਰੋਏ
ਜੋ ਨਾ ਚੇਤਰ ਰੁੱਤੇ ਖਿੜਿਆ
ਉੱਸ ਕੀ ਸਾਵਣ ਹੰਢਾਉਣਾ
ਜਿਸ ਨਾ ਰੰਗ ਪਛਾਣੇ ਉਸਦਾ
ਕੀ ਲਾਹੁਣਾ, ਕੀ ਪਾਉਣਾ
ਸੂਹਾ, ਨੀਲ, ਬਸੰਨਤੀ, ਸਾਵਾ
ਮਾਣੇ ਕੋਏ ਕੋਏ
ਚੇਤਰ ਰੰਗ ਨਰੋਏ ਵੇ ਲੋਕਾ!
ਚੇਤਰ ਰੰਗ ਨਰੋਏ
ਕੱਦ ਸਿੱਪੀਆਂ ਦੇ ਮੂਹੀਂ ਡਿੱਗਣਾ
ਇਹ ਨਾ ਪੁੱਛੀਂ ਅੜਿਆ
ਉੱਸ ਦਿਨ ਤੈਨੂੰ ਚਾਨਣ ਹੋਣਾਏਂ
ਜਿਸ ਦਿਨ ਚਾਨਣ ਲੜਿਆ
ਜੋ ਵੀ ਅਪਣੀ ਹੋਂਦ ਸਿਹਾਣੇ
ਰੰਗ ਹੰਢਾਵੇ ਸੂਹੇ! ਵੇ ਲੋਕਾ
ਚੇਤਰ ਰੰਗ ਨਰੋਏ ਵੇ ਲੋਕਾ!
ਚੇਤਰ ਰੰਗ ਨਰੋਏ
ਭੋਏਂ ਤੇ ਨਵੀਂ ਹਯਾਤੀ ਖਿੜ ਪਈ
ਅਸੀਂ ਮੋਏ ਦੇ ਮੋਏ
ਕਰੀਏ! ਚੇਤਰ ਰੰਗ ਨਰੋਏ


ਪੀੜਾਂ ਵਿਕਣੇ ਆਈਆਂ

ਸੱਜਣ ਜੀ! ਪੀੜਾਂ ਵਿਕਣੇ ਆਈਆਂ
ਕਿਸੇ ਨਾ ਹੱਸ ਕਰਾਈ ਬੋਹਣੀ
ਕਿਸੇ ਨਾ ਝੋਲ਼ੀ ਪਾਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ
ਉਮਰੋਂ ਲੰਮੇ ਆਸ ਦੇ ਪੈਂਡੇ
ਅਸੀਂ ਵਿੱਚੋਂ ਦੀ ਹੋਏ
ਪੱਬਾਂ ਹੇਠਾਂ ਚੀਕਣ ਸਾਹਵਾਂ
ਸੁਫ਼ਨੇ ਵੀ ਅਧਮੋਏ
ਜੁੱਸੇ ਅੱਤ ਪਰੈਣਾਂ ਵੱਜੀਆਂ
ਕਿਸੇ ਨਾ ਮਲ੍ਹਮਾਂ ਲਾਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ
ਨਿੱਜ ਸਮੇਂ ਨੇ ਹਰ ਮ੍ਹਾਤੜ ਦੀ
ਬੁਲ੍ਹੜੀ ਉੱਖੜੀ ਸੀਤੀ
ਉਹਦੀ ਪੀੜ ਵੰਡਾਉਣ ਦੀ ਥਾਂ
ਹੋਰ ਵਧੇਰੀ ਕੀਤੀ
ਉਹ ਵੀ ਮਗਰੋਂ ਲਾਹ ਕੇ ਟੁਰ ਗਏ
ਜਿਨ੍ਹਾਂ ਦਿੱਤੀਆਂ ਸਾਈਆਂ
ਪੀੜਾਂ ਵਿਕਣੇ ਆਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ
ਸਾਵੀਆਂ ਰੁੱਤਾਂ ਵਰਗੇ ਸੁਫ਼ਨੇ
ਚੀਕਾਂ ਦੇ ਵਿਚ ਗੁੰਨ੍ਹੇ
ਸ਼ਹਿਰ ਨੇ ਜਿਵੇਂ ਪੱਕਿਆਂ ਥਾਂਵਾਂ
ਪਿੰਡਾਂ ਦੇ ਪਿੰਡ ਸੁੰਨੇ
ਲਾਸ਼ਾਂ ਤੇ ਦਫ਼ਨਾਉਂਦੇ ਸੁਣਿਆ
ਰੂਹਾਂ ਕਿਸ ਦਫ਼ਨਾਈਆਂ?
ਸੱਜਣ ਜੀ! ਪੀੜਾਂ ਵਿਕਣੇ ਆਈਆਂ

Comments

Gulshan

beautifullllll..................

kamaljit natt

I love all his gazals .

saroj

bahut vadiya veer ji

Daljit S Boparai

punjabi kvita di shuhi sver ....khushaamdeed , thanks shivinder

sukhdeep

boht khoob ji

Ahad Randhawa

Bohat ee vadhya.... :-)

Pashaura Singh Dhillon

Kia Baat. . . . !

Harvinder Dhaliwal

ਬਹੁਤ ਹੀ ਵਧੀਆ ...!!!

Aamir Zaheer Bhatti

Bahut Wadhya g.

Gurinder Singh

He is presenting two shows on FM 103 LAHORE station, naal sajjan de rahiye budhvaar savere 1 am,shukar nu 5.30 pm , aitvar nu 7.15 pm.

Nishan Singh Rathaur

ਬਹੁਤ ਹੀ ਵਧੀਆ ਵੀਰ ਜੀ , ਤੁਹਾਡੀਆਂ ਕਾਵਿ ਸਤਰਾਂ ਮਨੁੱਖੀ ਭਾਵਾਂ ਦੀ ਸਹੀ ਤਸਵੀਰ ਪੇਸ਼ ਕਰਦੀਆਂ ਹਨ।

Surjeet Kaur

ਗਏ ਸੀ ਛੱਡ ਕੇ ਜਿਹੜੇ ਇਹਨਾਂ ਖੇਤਾਂ, ਵਾੜਿਆਂ ਤੇ ਪਿੰਡਾਂ ਨੂੰ ਤਰਸਦੇ ਨੇ ਜੋ ਬਠਿੰਡੇ ਜਲੰਧਰ ਨੂੰ ਓਹਨਾ ਦੀ ਵੀ ਖੈਰ ਮੰਗਦੇ ਹਾਂ .....ਤੁਹਾਡੀ ਕਲਮ ਨੂੰ ਤੇ ਸੋਚ ਨੂੰ ਸਲਾਮ ਅਫਜ਼ਲ ਸਾਹਿਰ ਜੀ

inderpreet

eh bhut e kammal de bande ne.. bhut e khushgwaar ne... main kai waar ehna nal galbat kiti hai... jad v eh sade amritsar ayye ne mainu mil k gye ne...

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ