Sun, 18 February 2018
Your Visitor Number :-   1142582
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਦਹਿਕਦੇ ਅੰਗਿਆਰਾਂ 'ਤੇ ਸੌਣ ਵਾਲਾ ਬੂਟਾ ਸਿੰਘ -ਅਮਨਦੀਪ ਕੌਰ ਹਾਂਸ

Posted on:- 17-1-2018

suhisaver

'ਨੇਰੀਆਂ ਨੂੰ ਜੇ ਭੁਲੇਖਾ ਹੈ ਹਨੇਰਾ ਪਾਉਣ ਦਾ
'ਨੇਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ..
ਇਸ ਤਰਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਲੋਕ..
ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ    -ਪਾਸ਼


ਕੁਝ ਇਹੋ ਜਿਹੇ ਹੌਸਲੇ ਵਾਲਾ ਹੈ ਸ. ਬੂਟਾ ਸਿੰਘ , ਜੋ ਕਹਿੰਦਾ ਹੈ-''ਬਾਬੇ ਨੇ ਦੋ ਹੱਥ ਕਿਰਤ ਲਈ ਦਿੱਤੇ ਨੇ, ਕਿਰਤ ਕਰਨੋਂ ਨਹੀਂ ਭੱਜਦੇ, ਪਰ ਜੇ ਕੋਈ ਸਾਡੇ ਹੱਥਾਂ ਚੋਂ ਰੋਟੀ ਖੋਹੇ ਤਾਂ ਦੱਸੋ ਕੀ ਕਰੀਏ..?''

ਕਰਤਾਰਪੁਰ ਕਸਬੇ ਕੋਲ ਪੈਂਦੀ ਕਲੋਨੀ ਦਿਆਲਪੁਰ ਗੇਟ ਦੇ ਵਸਨੀਕ 45  ਸਾਲਾ ਅੰਮ੍ਰਿਤਧਾਰੀ ਸ ਬੂਟਾ ਸਿੰਘ ਗੱਜ ਕੇ ਫਤਿਹ ਬੁਲਾ ਕੇ ਬੜੇ ਸਨੇਹ ਨਾਲ ਇਕ ਕਮਰੇ ਵਾਲੇ ਘਰ ਦੇ ਅੰਦਰ ਲਿਜਾਂਦਾ ਹੈ। ਬਾਹਰ ਗਲੀ ਚ ਉਸ ਦਾ ਰੁਜ਼ਗਾਰ ਦਾ ਸਾਧਨ ਖੜਾ ਹੈ, ਆਟੋ ਰਿਕਸ਼ਾ, ਜੀਹਦਾ ਕੈਪਟਨ ਸਰਕਾਰ ਬੁਰਕ ਭਰਨ ਵਾਲੀ ਹੈ। ਰਮਦਾਸੀਆ ਸਿੱਖ ਪਰਿਵਾਰ ਦੇ ਸ. ਬੂਟਾ ਸਿੰਘ ਦਾ ਪਿਛੋਕੜ ਗੜਸ਼ੰਕਰ ਦਾ ਹੈ, ਉਸ ਦੇ ਦਾਦੇ ਨੇ ਕਬੀਲਦਾਰੀ ਕਿਉਂਟਦਿਆਂ ਹਿੱਸੇ ਚ ਆਉਂਦਾ ਘਰ ਵੇਚ ਦਿੱਤਾ ਸੀ ਤੇ ਮੁੜ ਟੱਬਰ ਲੈ ਕੇ ਕਿਰਾਏ ਦੇ ਮਕਾਨ ਵਿੱਚ ਚਲਾ ਗਿਆ, ਜਿੱਥੇ ਬੂਟਾ ਸਿੰਘ ਦਾ ਬਚਪਨ ਜ਼ਿਮੀਦਾਰਾਂ ਦੇ ਖੱਤਿਆਂ ਚ ਮਾਂ ਪਿਓ ਨਾਲ ਦਿਹਾੜੀ ਦੱਪਾ ਲਾਉਂਦਿਆਂ ਬੀਤਿਆ ਤੇ ਕਦੇ ਕਦੇ ਸਕੂਲ ਜਾ ਕੇ 8 ਜਮਾਤਾਂ ਪਾਸ ਕਰ ਲਈਆਂ।  ਫੇਰ ਬਿਮਾਰ ਰਹਿੰਦੇ ਪਿਤਾ ਦੀ ਜ਼ਿੰਮੇਵਾਰੀ ਨਿੱਕੇ ਮੋਢਿਆਂ 'ਤੇ ਚੁੱਕ ਲਈ, ਦੋ ਨਿੱਕੀਆਂ ਭੈਣਾਂ ਤੇ ਇਕ ਭਾਈ ਦਾ ਵਿਆਹ ਕੀਤਾ, ਭਾਈ ਵੱਖਰਾ ਹੋ ਗਿਆ। ਅੰਮ੍ਰਿਤਸਰ ਸਹੁਰੇ ਪਰਿਵਾਰ ਦੀ ਰਿਸ਼ਤੇਦਾਰੀ ਚ ਚਲਾ ਗਿਆ।ਕਿਰਾਏ 'ਤੇ ਆਟੋ ਚਲਾ ਕੇ ਗੁਜ਼ਰ ਬਸਰ ਕਰਦਾ ਹੈ। ਬੂਟਾ ਸਿੰਘ 35 ਸਾਲ ਦੀ ਉਮਰ ਤੱਕ ਦਿਹਾੜੀ ਦੱਪਾ ਕਰਦਾ ਰਿਹਾ, ਕਦੇ ਕਦਾਈਂ ਦਿਹਾੜੀ ਮਿਲਦੀ ਤਾਂ ਘਰ ਦਾ ਗੁਜ਼ਾਰਾ ਔਖਾ ਹੋ ਗਿਆ, ਕਮਰੇ ਦਾ ਕਿਰਾਇਆ ਵੀ ਨਾ ਦਿੱਤਾ ਜਾਂਦਾ, ਤਾਂ ਉਹ ਕਿਰਾਏ 'ਤੇ ਕਿਸੇ ਦਾ ਆਟੋ ਚਲਾਉਣ ਲੱਗਿਆ, ਤੇ ਇਕ ਰਿਸ਼ਤੇਦਾਰ ਨੇ ਦਿਆਲਪੁਰ ਗੇਟ ਚ ਆਪਣਾ ਕਮਰਾ ਰਹਿਣ ਲਈ ਤਰਸ ਖਾ ਕੇ ਦੇ ਦਿੱਤਾ ਕਿ ਕਿਰਾਇਆ ਨਾ ਦਿੱਤਾ ਜਾਣ ਕਰਕੇ ਬੂਟਾ ਸਿੰਘ, ਬਜ਼ੁਰਗ ਮਾਂ, ਪਤਨੀ ਤੇ ਦੋ ਬੱਚਿਆਂ ਨੂੰ ਮਾਲਕ ਘਰੋਂ ਬਾਹਰ ਕੱਢ ਦਿੰਦੇ ਤੇ ਸਾਰੇ ਟੱਬਰ ਨੂੰ ਦਰ ਦਰ ਠੋਕਰਾਂ ਖਾਣੀਆਂ ਪੈਂਦੀਆਂ ਸੀ। 8-9 ਸਾਲ ਤੋਂ ਇਹ ਪਰਿਵਾਰ ਇਕ ਕਮਰੇ ਵਾਲੇ ਘਰ ਚ ਰਹਿ ਰਿਹਾ ਹੈ। ਗਾਡਰ ਬਾਲਿਆਂ ਦੀ ਛੱਤ ਹੈ, ਕਈ ਬਾਲੇ ਟੁੱਟ ਚੁੱਕੇ ਨੇ, ਛੱਤ ਕਿਸੇ ਵੀ ਵੇਲੇ ਡਿੱਗ ਸਕਦੀ ਹੈ, ਕਮਰੇ ਦੇ ਬਾਹਰ ਨਿੱਕੀ ਜਿਹੀ ਖਾਲੀ ਥਾਂ ਵਿੱਚ ਰਸੋਈ ਦਾ ਓਟਾ ਕੀਤਾ ਹੈ  ਤੇ ਨਾਲ ਹੀ ਗੁਸਲਖਾਨੇ ਦਾ ਭਰਮ ਸਿਰਜਿਆ ਹੈ, ਕਮਰੇ ਦੀ ਛੱਤ 'ਤੇ ਚਾਰ ਇੰਚੀ ਕੰਧ ਦਾ ਪੰਜ ਕੁ ਫੁੱਟ ਉਚਾ ਪਰਦਾ ਕਰਕੇ ਆਰਜ਼ੀ ਪਖਾਨਾ ਬਣਾਇਆ ਹੈ , ਜਿਸ ਦੀ ਸਾਰੀ ਗੰਦਗੀ ਇਕ ਪਾਈਪ ਨਾਲ ਬਾਹਰ ਨਾਲੀ ਵਿੱਚ ਪੈਂਦੀ ਸਵੱਛ ਭਾਰਤ ਮੁਹਿੰਮ ਦਾ ਮੂੰਹ ਲਿਬੇੜਨ ਲਈ ਕਾਫੀ ਹੈ।

ਬੂਟਾ ਸਿੰਘ ਦੱਸਦਾ ਹੈ ਕਿ 2015 ਤੱਕ ਉਹ ਕਿਰਾਏ ਦਾ ਆਟੋ ਚਲਾ ਕੇ ਗੁਜ਼ਾਰਾ ਕਰਦਾ ਰਿਹਾ, 2015 ਵਿੱਚ ਸਰਕਾਰੀ ਸਕੀਮ ਆਈ ਕਿ ਸਰਕਾਰ ਆਟੋ ਲੈਣ ਲਈ 1 ਲੱਖ 90 ਹਜ਼ਾਰ ਦਾ ਕਰਜ਼ਾ ਦੇਵੇਗੀ, ਬਾਕੀ ਰਕਮ ਕੋਲੋਂ ਪਾ ਕੇ ਆਪਣਾ ਆਟੋ ਲੈ ਸਕਦੇ ਹੋ। ਬੂਟਾ ਸਿੰਘ ਨੇ 60 ਹਜਾਰ ਦਾ ਇਧਰੋਂ ਓਧਰੋਂ ਬੰਦੋਬਸਤ ਕਰਕੇ ਆਟੋ ਲੈ ਲਿਆ,   ਬੈਂਕ ਨੇ 1 ਲੱਖ 90 ਹਜ਼ਾਰ ਕਰਜ਼ੇ ਦਾ ਪੰਜ ਸਾਲਾ ਕੇਸ ਕੀਤਾ, ਮਹੀਨੇ ਦੀ 4200 ਰੁਪਏ ਕਿਸ਼ਤ ਬੰਨ ਦਿੱਤੀ, ਪੰਜ ਸਾਲਾਂ ਚ 1 ਲੱਖ 90 ਹਜ਼ਾਰ ਦੀ ਥਾਂ ਬੂਟਾ ਸਿੰਘ ਤੇ ਉਸ ਵਰਗੇ ਹਜ਼ਾਰਾਂ ਲੋਕਾਂ ਨੇ 2 ਲੱਖ 52 ਹਜ਼ਾਰ ਰੁਪਏ ਮੋੜਨੇ ਨੇ, ਫੇਰ ਸਰਕਾਰ ਨੇ ਕਾਹਦੀ ਸਹੂਲਤ ਦਿੱਤੀ, ਜਰਬਾਂ ਤਕਸੀਮਾਂ ਕਰਕੇ ਸਮਝ ਨਹੀਂ ਆਇਆ। ਐਨਾ ਕਰਜ਼ਾ ਤਾਂ ਕੋਈ ਵੀ ਬੈਂਕ ਅਰਾਮ ਨਾਲ ਦੇ ਸਕਦੀ ਹੈ, ਸਰਕਾਰ ਨੇ ਕਾਹਦੀ ਫੀਤੀ ਲਵਾਈ?

ਬੂਟਾ ਸਿੰਘ ਕਰਤਾਰਪੁਰ ਤੇ ਨੇੜੇ ਦੇ ਪਿੰਡਾਂ ਚ ਸਵੇਰੇ ਸੱਤ ਵਜੇ ਤੋਂ ਰਾਤ ਅੱਠ ਕੁ ਵਜੇ ਤੱਕ ਕਦੇ ਕਦੇ ਇਸ ਤੋਂ ਵੀ ਲੇਟ ਤੱਕ ਆਟੋ ਚਲਾਉਂਦਾ ਹੈ, ਦਿਹਾੜੀ ਦਾ 250 ਰੁਪਏ ਬਣਦਾ ਹੈ, ਕਦੇ ਕਦੇ 300 ਦੀ ਦਿਹਾੜੀ ਪੈਂਦੀ ਹੈ, ਜੇ ਨੇੜੇ ਕਿਸੇ ਬਾਬੇ ਦੀ ਜਗਾ 'ਤੇ ਜਾਂ ਚਰਚ ਵਿੱਚ ਕੋਈ ਵੱਡਾ ਸਮਾਗਮ ਹੋਵੇ ਤਾਂ।

ਔਸਤਨ ਦਿਹਾੜੀ 250 ਦੇ ਹਿਸਾਬ ਨਾਲ ਮਹੀਨੇ ਦੀ ਕਮਾਈ 7500 ਰੁਪਏ ਬਣਦੀ ਹੈ, ਵਿਚੋਂ 4200 ਰੁਪਏ ਬੈਂਕ ਦੀ ਕਿਸ਼ਤ ਕੱਢ ਦਿਓ, ਡੀਜ਼ਲ ਦਾ ਖਰਚਾ ਕੱਢ ਦਿਓ, ਤੇ ਜੇ ਕੁਝ ਬਾਕੀ ਬਚੇ ਤਾਂ ਹਿਸਾਬ ਲਾ ਲਿਓ ਕਿ ਪੰਜ ਜੀਆਂ ਵਾਲਾ ਕਿਰਤੀ ਪਰਿਵਾਰ ਰੋਟੀ ਕਿਵੇਂ ਖਾਂਦਾ ਹੋਊ? ਜੇ ਕੋਈ ਬਿਮਾਰ ਪੈ ਜਾਏ ਤਾਂ ਇਲਾਜ ਕਿਵੇਂ ਕਰਵਾਉਂਦਾ ਹੋਊ? ਬੂਟਾ ਸਿੰਘ ਦੇ 14 ਸਾਲਾ ਪੁੱਤ ਨੂੰ ਪਿਸ਼ਾਬ ਦਾ ਕੋਈ ਰੋਗ ਹੈ, ਸਰਕਾਰੀ ਹਸਪਤਾਲ ਲੈ ਕੇ ਗਏ, ਡਾਕਟਰ ਨੇ ਇਕ ਦਿਨ ਤਿੰਨ ਤਿੰਨ ਗੋਲ਼ੀਆਂ ਚਾਰ ਦਿਨਾਂ ਵਾਸਤੇ ਹਸਪਤਾਲੋਂ ਦੇ ਦਿੱਤੀਆਂ ਫੇਰ ਦਵਾਈ ਬਾਹਰੋਂ ਲਿਖ ਦਿੱਤੀ ਜੋ ਡੂਢ ਦੋ ਸੌ ਦੀ ਆਈ, ਪਰਿਵਾਰ ਨੇ ਮੁੰਡੇ ਦੀ ਦਵਾਈ ਬੰਦ ਕਰ ਦਿੱਤੀ। ਪੈਸੇ ਨਹੀਂ, ਇਲਾਜ ਕਿੱਥੋਂ ਕਰਾਉਣ? ਬੱਸ ਬਾਬੇ ਮੂਹਰੇ ਤੰਦਰੁਸਤੀ ਦੀ ਦੁਆ ਕੀਤੀ ਹੈ। ਵਿਧਵਾ ਬਜ਼ੁਰਗ ਮਾਂ ਨੂੰ ਬੁਢਾਪਾ ਪੈਨਸ਼ਨ ਲੱਗੀ ਹੈ, ਬਾਦਲ ਸਰਕਾਰ ਵੇਲੇ ਵੀ ਲੰਙੇ ਡੰਗ ਮਿਲਦੀ ਸੀ ਹੁਣ ਵੀ ਜਦ ਦੀ ਕਪਤਾਨ ਸਰਕਾਰ ਆਈ ਹੈ, ਦਸ ਮਹੀਨਿਆਂ ਚ ਦੋ ਵਾਰ ਮਿਲੀ ਹੈ। ਮਾਤਾ ਬੋਝੇ ਭਰ ਭਰ ਸਰਕਾਰਾਂ ਨੂੰ ਉਲਾਹਮੇ ਦਿੰਦੀ ਹੈ ਕਿ ਮੇਰੇ ਤਾਂ ਦੋਹਤੇ ਵੀ ਵਿਆਹੁਣ ਜੋਗੇ ਹੋ ਗਏ, ਪਰ ਮੇਰੀਆਂ ਦੋਵਾਂ ਧੀਆਂ ਨੂੰ ਸ਼ਗਨ ਕਿਸੇ ਸਰਕਾਰ ਨੇ ਨਾ ਦਿੱਤਾ, ਫਾਈਲਾਂ ਮਾਤਾ ਨੇ ਅਜੇ ਵੀ ਸਾਂਭੀਆਂ ਹੋਈਆਂ ਨੇ, ਹਰ ਵਾਰ ਵੋਟਾਂ ਮੰਗਣ ਆਉਂਦੇ ਲੀਡਰਾਂ ਨੂੰ ਫਾਈਲਾਂ ਦਿਖਾਉਂਦੇ ਨੇ ਤਾਂ ਲੀਡਰ ਲੋਕ ਖਚਰਾ ਹਾਸਾ ਹੱਸ ਕੇ ਕੋਈ ਨਾ ਮਾਤਾ ਦੇਖਲਾਂਗੇ .. ਕਹਿ ਕੇ ਚਲੇ ਜਾਂਦੇ ਨੇ। ਪਰਿਵਾਰ ਨੂੰ ਆਟਾ ਦਾਲ ਸਕੀਮ ਦੀ ਸਹੂਲਤ ਵੀ ਕਦੇ ਕਦੇ ਮਿਲਦੀ ਹੈ, 6-7 ਮਹੀਨੇ ਬਾਅਦ 50-60 ਕਿੱਲੋ ਕਣਕ ਦੇ ਕੇ ਡੰਗ ਟਪਾ ਰਹੀਆਂ ਨੇ ਸਰਕਾਰਾਂ।

ਬੂਟਾ ਸਿੰਘ ਦੱਸਦਾ ਹੈ ਕਿ ਜੇ ਕਦੇ ਆਟੋ ਦਾ ਟਾਇਰ ਬਦਲਣਾ ਪੈ ਜਾਏ ਤਾਂ ਕਰਜ਼ਾ ਚੁੱਕਣਾ ਪੈਂਦਾ ਹੈ, ਘਰ ਦੀ ਕਿਸੇ ਗਰਜ਼ ਲਈ ਹੱਥ ਉਧਾਰ ਪੈਸੇ ਫੜਨੇ ਪੈਂਦੇ ਨੇ, ਇਧਰੋਂ ਫੜ ਕੇ ਓਧਰ ਆਈ ਚਲਾਈ ਕਰ ਲੈਂਦੇ ਹਾਂ, ਓਧਰੋਂ ਫੜ ਕੇ ਐਧਰ ਖਰਚ ਲੈਂਦੇ ਹਾਂ..। ਕਿੰਨਾ ਕੁ ਕਰਜ਼ਾ ਸਿਰ 'ਤੇ ਹੈ, ਇਹ ਸਵਾਲ ਕਰਨ 'ਤੇ ਬੂਟਾ ਸਿੰਘ ਹੱਸਦਾ ਹੈ ਕਿ ਕਦੇ ਹਿਸਾਬ ਨਹੀਂ ਲਾਇਆ। ਬੱਸ ਕਿਰਤ ਕਰਨ ਦਾ ਆਪਣਾ ਕਰਮ ਕਰ ਰਿਹਾਂ, ਬਾਕੀ ਦਾਤੇ ਦੇ ਹੱਥ ਡੋਰ ਹੈ।

ਪਰ ਫੇਰ ਉਹ ਉਦਾਸ ਹੁੰਦਾ ਆਖਦਾ ਹੈ, ਅਸੀਂ ਕਿਰਤ ਕਰਨੋਂ ਨਹੀਂ ਭੱਜਦੇ, ਪਰ ਸਰਕਾਰ ਸਾਨੂੰ ਜਹਾਨੋਂ ਭਜਾਉਣ ਦੇ ਹੀਲੇ ਕਰਨ ਲੱਗੀ ਹੋਈ ਹੈ।

ਕਪਤਾਨ ਸਰਕਾਰ ਨੇ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਪੰਜਾਬ ਦੇ ਤਿੰਨ ਜ਼ਿਲਿਆਂ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਵਿਚ ਡੀਜ਼ਲ ਆਟੋ ਬੰਦ ਕਰਨ ਦਾ ਫਰਮਾਨ ਚਾੜਿਆ ਹੈ, ਤੇ ਕਿਹਾ ਹੈ ਕਿ ਸੀ ਐਨ ਜੀ ਆਟੋ ਲਓ, ਪ੍ਰਦੂਸ਼ਣ ਬਹੁਤ ਵਧ ਗਿਆ ਹੈ। ਬੂਟਾ ਸਿੰਘ ਤੇ ਉਸ ਜਿਹੇ ਹੋਰ ਹਜ਼ਾਰਾਂ ਆਟੋ ਰਿਕਸ਼ਾ ਚਾਲਕ ਸਵਾਲ ਕਰਦੇ ਨੇ ਕਿ ਡੀਜ਼ਲ ਵਾਲੇ ਪੁਰਾਣੇ ਆਟੋ ਕੌਣ ਖਰੀਦੇਗਾ? ਕਰਜ਼ੇ ਦਾ ਕੀ ਬਣੇਗਾ? ਨਵੇਂ ਆਟੋ ਲੈਣ ਲਈ ਪੈਸੇ ਕਿਥੋਂ ਲੱਭੀਏ? ਪਰ ਇਹਨਾਂ ਸਵਾਲਾਂ ਦੇ ਜੁਆਬ ਦੇਣ ਵਾਲਾ ਕੋਈ ਨਹੀਂ। ਫਿਕਰਾਂ ਚ ਰਾਤਾਂ ਦੀ ਨੀਂਦ ਉਡ ਚੁੱਕੀ ਹੈ, ਇਕੱਲੇ ਕਰਤਾਰਪੁਰ ਸ਼ਹਿਰ ਵਿੱਚ ਹੀ 250 ਤੋਂ ਵੱਧ ਆਟੋ ਚੱਲਦੇ ਨੇ, ਕਿੰਨੇ ਜੀਅ ਰੋਟੀ ਤੋਂ ਵਾਂਝੇ ਹੋ ਜਾਣਗੇ, ਜੇ ਆਟੋ ਬੰਦ ਹੋ ਗਏ।

ਆਟੋ ਰਿਕਸ਼ਾ ਵਾਲੇ ਸੰਘਰਸ਼ ਕਰ ਰਹੇ ਨੇ, ਰੈਲੀਆਂ ਕਰਦੇ ਨੇ, ਧਰਨੇ ਮਾਰਨ ਲੱਗੇ ਨੇ, ਉਹਨਾਂ ਦੇ ਇਸ ਫਿਕਰ ਵਿੱਚ ਭਾਜਪਾ, ਬਾਦਲ ਦਲ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਕੋਈ ਹੱਥ ਨਹੀਂ ਵਧਾਇਆ, ਸਿਰਫ ਸੀ ਪੀ ਆਈ ਐਮ ਐਲ ਨਿਊ ਡੈਮੋਕਰੇਸੀ ਨੇ ਸੰਘਰਸ਼ ਦਾ ਪਿੜ ਮਘਾਉਣ ਦਾ ਸਾਥ ਦਿੱਤਾ ਹੈ ਤੇ ਪ੍ਰਸ਼ਾਸਨ ਦੇ ਦਰ 'ਤੇ ਧਰਨੇ ਮਾਰੇ ਨੇ।

ਬੂਟਾ ਸਿੰਘ ਕਟਾਖਸ਼ ਕਰਦਾ ਹੈ ਕਿ ਵੋਟਾਂ ਵੇਲੇ ਤਾਂ ਲੀਡਰ ਸਾਡੇ ਵਰਗਿਆਂ ਦੀ ਨਲ਼ੀ ਪੂੰਝਣ ਤੱਕ ਚਲੇ ਜਾਂਦੇ ਨੇ, ਤੇ ਜਿੱਤਣ ਮਗਰੋਂ ਭਾਵੇਂ ਘਰੇ ਗੁਸਲਖਾਨੇ ਚ ਈ ਵੜੇ ਹੋਣ ਚੇਲੇ ਚਾਟੜੇ ਕਹਿ ਦਿੰਦੇ ਨੇ ਐਮ ਐਲ ਏ ਸਾਬ ਤਾਂ ਮੀਟਿੰਗ ਚ ਨੇ..।

ਨਾ ਪਿਛਲੀ ਬਾਦਲ ਸਰਕਾਰ ਨੇ ਸਾਡੇ ਲਈ ਕੁਝ ਕੀਤਾ, ਨਾ ਕਪਤਾਨ ਨੇ ਕੁਝ ਕਰਨੈ। ਕਪਤਾਨ ਸਾਬ ਨੂੰ ਤਾਂ ਬੱਸ ਵਿਦੇਸ਼ੀ ਸਹੇਲੀਆਂ ਨੂੰ ਘੁਮਾਉਣ ਦਾ ਫਿਕਰ ਐ। ਉਹਨਾਂ ਦੀ ਪ੍ਰਾਹੁਣਾਚਾਰੀ ਲਈ ਰੰਗ ਬਿਰੰਗੀਆਂ ਵੋਦਕਾ ਆ ਜਾਂਦੀਆਂ ਨੇ ਤੇ ਸਾਡੇ ਵਰਗੇ ਮਹਾਤੜਾਂ ਦੇ ਮੂੰਹੋਂ ਬੁਰਕ ਖੋਹਣ ਲੱਗੀ ਹੈ ਸਰਕਾਰ।

ਬਾਹਰ ਗਲੀ ਵਿੱਚ ਖੜੇ ਆਟੋ ਰਿਕਸ਼ਾ ਵੱਲ ਪੂਰੇ ਮੋਹ ਨਾਲ ਦੇਖਦਾ ਬੂਟਾ ਸਿੰਘ ਆਖਦਾ ਹੈ ਕਿ ਇਹ ਤਾਂ ਮੇਰਾ ਕਮਾਊ ਪੁੱਤ ਐ, ਇਉਂ ਕਿਮੇ ਸਰਕਾਰ ਇਹਦੀ ਸੰਘੀ ਘੁੱਟ ਦੇਊ?

ਬੂਟਾ ਸਿੰਘ ਦਾ ਚਿਹਰਾ ਬੇਸ਼ੱਕ ਨਿਰਾਸ਼ਾ ਨਾਲ ਤੇ ਫਿਕਰਾਂ ਨਾਲ ਮੁਰਝਾਇਆ ਪਿਆ ਹੈ, ਪਰ ਉਹ ਆਪਣੇ ਹੱਕ ਲਈ ਹਕੂਮਤ ਨਾਲ ਆਢਾ ਲੈਣ ਵਾਸਤੇ ਪੂਰੇ ਜੋਸ਼ ਚ ਹੈ, ਕਹਿੰਦਾ ਹੈ-ਹਕੂਮਤਾਂ ਭੁੱਲ ਜਾਂਦੀਆਂ ਨੇ ਕਿ ਅਸੀਂ ਇਕੱਲੀਆਂ ਵੋਟਾਂ ਨਹੀਂ, ਕੁਰਸੀ ਦੀਆਂ ਸੁਪਰੋਟਾਂ ਵੀ ਆਂ.. ਤੇ ਜੇ ਸੁਪੋਰਟਾਂ ਜ਼ਰਾ ਵੀ ਹਿੱਲੀਆਂ ਕੁਰਸੀ ਧੜੰਮ ਡਿੱਗ ਪਊ।

ਕਾਸ਼ ਬੂਟਾ ਸਿੰਘ ਵਰਗਾ ਜੇਰਾ ਹਰੇਕ ਕਿਰਤੀ ਦਾ ਹੋਵੇ, ਜੋ ਸਿਵਿਆਂ ਦੇ ਰਾਹ ਪੈਣ ਦੀ ਸੰਘਰਸ਼ ਵਾਲਾ ਪਿੜ ਮੱਲੇ, ਜੋ ਪੰਜਾਬ ਦੀ ਵਿਰਾਸਤ ਹੈ।

Comments

Name (required)

Leave a comment... (required)

Security Code (required)ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ