Mon, 23 September 2019
Your Visitor Number :-   1810351
SuhisaverSuhisaver Suhisaver
ਕਪੂਰਥਲਾ ਪੁਲਿਸ ਜਾਂਚ ਦੇ ਬਹਾਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਬੁਢਲਾਡਾ ਹਲਕੇ ’ਚ ਫ਼ਰਜ਼ੀ ਲਾਟਰੀਆਂ ਦਾ ਗੋਰਖ ਧੰਦਾ ਜ਼ੋਰਾਂ ’ਤੇ - ਜਸਪਾਲ ਸਿੰਘ ਜੱਸੀ

Posted on:- 28-12-2012

suhisaver

ਭੋਲੇ-ਭਾਲੇ ਲੋਕਾਂ ਨੂੰ ਸਬਜਬਾਗ਼ ਦਿਖਾ ਕੇ ਮਾਰ ਰਹੇ ਨੇ ਕਰੋੜਾਂ ਦੀ ਠੱਗੀ
ਡੀ.ਸੀ ਮਾਨਸਾ ਵੱਲੋਂ ਐੱਸ.ਡੀ.ਐੱਮ ਬੁਢਲਾਡਾ ਨੂੰ ਜਾਂਚ ਦੇ ਆਦੇਸ਼

ਬੁਢਲਾਡਾ ਹਲਕੇ ’ਚ ਅੱਜ ਕੱਲ੍ਹ ਕਰੋੜਾਂ ਰੁਪਏ ਦੀਆਂ ਫ਼ਰਜ਼ੀ ਲਾਟਰੀਆਂ ਦਾ ਗੋਰਖ ਧੰਦਾ ਬੜੇ ਜ਼ੋਰਾਂ ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ। ਜਿਸ ’ਚ ਮੁੱਠੀ ਭਰ ਸ਼ਾਤਰ ਦਿਮਾਗ ਲੋਕ ਭੋਲੇ ਭਾਲੇ ਲੋਕਾਂ ਨੂੰ ਇਸ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਪੇਂਡੂ ਤੇ ਅਣਭੋਲ ਲੋਕਾਂ ਨਾਲ ਹੋ ਰਹੀ ਇਸ ਠੱਗੀ ਨੂੰ ਨੰਗੀਆਂ ਅੱਖਾਂ ਨਾਲ ਦੇਖਦਿਆਂ ਵੀ ਪ੍ਰਸ਼ਾਸਨ ਪਤਾ ਨਹੀਂ ਕਿਉਂ ਚੁੱਪ ਹੈ..?

ਸੌ ਰੁਪਏ ਪ੍ਰਤੀ ਹਫਤਾ, ਹਜ਼ਾਰ ਰੁਪਏ ਅਤੇ 1100 ਰੁਪਏ ਪ੍ਰਤੀ ਮਹੀਨਾ ਪ੍ਰਤੀ ਕਾਰਡ ਵਟੋਰਕੇ ਚਲਾਏ ਜਾ ਰਹੇ ਇਸ ਠੱਗੀ ਦੇ ਜਾਲ ’ਚ ਫਸ ਚੁੱਕੇ ਲੋਕਾਂ ਨੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਲਕੇ ’ਚ ਚਲਾਈਆਂ ਜਾ ਰਹੀਆਂ ਅਜਿਹੀਆਂ ਫਰਜੀ ਲਾਟਰੀਆਂ ਦੀ ਗਿਣਤੀ 10 ਤੋਂ 12 ਹੈ, ਜਿਸ ਨੂੰ ਚਲਾਉਣ ਵਾਲੇ ਗਿਰੋਹ ਦੇ ਮੁੱਖੀ ਬੁਢਲਾਡਾ, ਮਾਨਸਾ, ਬੋਹਾ, ਬਰੇਟਾ, ਭੀਖੀ, ਸਰਦੂਲਗੜ੍ਹ ਅਤੇ ਹਰਿਆਣਾ ਰਾਜ ਦੇ ਰਤੀਆ, ਜਾਖਲ, ਫਤਿਹਾਬਾਦ ਸ਼ਹਿਰਾਂ ਨਾਲ ਜੁੜੇ ਹੋਏ ਹਨ।ਜਿਹੜੇ ਆਪਣੇ ਨਜਦੀਕੀ ਰਿਸ਼ਤੇਦਾਰਾਂ ਅਤੇ ਮਿੱਤਰਾਂ ਸਮੇਤ ਬੇਰੁਜ਼ਗਾਰ ਮੁੰਡੇ-ਕੁੜੀਆਂ ਨੂੰ ਮਾਮੂਲੀ ਕਮਿਸ਼ਨ ਦੇਕੇ ਉਨ੍ਹਾਂ ਨੂੰ ਆਪਣੇ ਤਾਣੇ-ਬਾਣੇ ’ਚ ਏਜੰਟਾਂ ਵਜੋਂ ਵਰਤਦੇ ਹਨ। ਇਨ੍ਹਾਂ ਫਰਜ਼ੀ ਲਾਟਰੀਆਂ ਦੇ ਕਥਿਤ ਏਜੰਟ ਦਿਨ ਸਮੇਂ ਘਰਾਂ ’ਚ ਜਾਕੇ ਕਾਮਕਾਜੀ ਤੇ ਭੋਲੀਆਂ-ਭਾਲੀਆਂ ਔਰਤਾਂ ਨੂੰ ਲਾਟਰੀ ਰਾਹੀਂ ਮਹਿੰਗੇ ਇਨਾਮ ਕੱਢਣ ਦੇ ਸਬਜਬਾਗ ਦਿਖਾਕੇ ਆਪਣੇ ਜਾਲ ’ਚ ਸੌਖੇ ਹੀ ਫਸਾ ਲੈਂਦੇ ਹਨ।  ਇਸੇ ਤਰ੍ਹਾਂ ਮੋਟੇ ਕਮਿਸ਼ਨ ਨਾਲ ਦਿਨਾਂ ’ਚ ਲੱਖਪਤੀ ਹੋਣ ਦੇ ਝਾਂਸੇ ਦੇਕੇ ਲਾਟਰੀ ਦਾ ਕਾਰਡ ਖਰੀਦਣ ਵਾਲੇ ਨੂੰ ਆਪਣਾ ਏਜੰਟ ਵੀ ਬਣਾ ਲੈਂਦੇ ਹਨ। ਇਥੇ ਹੀ ਬੱਸ ਨਹੀ ਇਹ ਸ਼ਾਤਰ ਦਿਮਾਗ ਲਾਟਰੀ ਚਾਲਕ ਆਪਣੇ ਏਜੰਟਾਂ ਰਾਹੀਂ ਕੁਝ ਛੋਟੇ ਦੁਕਾਨਦਾਰਾਂ ਨੂੰ ਵੀ ਆਪਣੇ ਮਕਸਦ ’ਚ ਵਰਤ ਰਹੇ ਹਨ ਤੇ ਕਮਿਸ਼ਨ ਦੇ ਲਾਲਚ ’ਚ ਇਹ ਵੀ ਫਰਜ਼ੀ ਲਾਟਰੀ ਸਕੀਮਾਂ ਦਾ ਕਾਰੋਬਾਰ ਵਧਾਉਣ ’ਚ ਕਾਰਗਰ ਸਾਬਤ ਹੋ ਰਹੇ ਹਨ।

ਲੱਖ ਦਾਤਾ ਸਮਾਰਟ ਸ਼ੌਪੀ, ਮਾਲਾਮਾਲ ਲਾਟਰੀ ਸਕੀਮ, ਫਰੈਡਜ ਲੱਕੀ ਸਕੀਮ ਆਦਿ ਨਾਵਾਂ ਤੇ ਫਰਜ਼ੀ ਦਸਤਾਵੇਜ਼ਾਂ ’ਤੇ ਚਲਾਈਆਂ ਜਾ ਰਹੀਆਂ ਇਨ੍ਹਾਂ ਅਖੌਤੀ ਲਾਟਰੀਆਂ ਦੇ ਕਾਰਡਾਂ ਤੇ ਕਿਸੇ ਵੀ ਛਾਪਕ ਪ੍ਰੈਸ ਦਾ ਥਹੁ ਪਤਾ ਦਰਜ ਨਹੀਂ ਹੈ, ਜਦੋਂ ਕਿ ਪ੍ਰਿਟਿੰਗ ਪ੍ਰੈਸ ਦੇ ਧੰਦੇ ’ਚ ਛਪਣ ਵਾਲੇ ਹਰ ਦਸਤਾਵੇਜ਼ ਛਾਪਕ ਪ੍ਰੈਸ ਦਾ ਨਾਮ ਪਤਾ ਮੁਕੰਮਲ ਵੇਰਵੇ ਸਮੇਤ ਲਿਖਣਾ ਲਾਜ਼ਮੀ ਹੁੰਦਾ ਹੈ। ਅਜਿਹਾ ਨਾ ਛਾਪਣ ਦੀ ਸੂਰਤ ’ਚ ਸਬੰਧਤ ਪ੍ਰੈਸ ਦਾ ਲਾਇਸੈਂਸ ਤੱਕ ਰੱਦ ਹੋ ਸਕਦੈ। ਅਜਿਹੇ ਹਾਲਾਤ ’ਚ ਫਰਜ਼ੀ ਲਾਟਰੀ ਚਾਲਕਾਂ ਦੇ ਨਾਲ-ਨਾਲ ਲਾਟਰੀਆਂ ਦੇ ਕਾਰਡ ਛਾਪਣ ਵਾਲੇ ਪ੍ਰਿੰਟਿੰਗ ਪ੍ਰੈਸ ਮਾਲਕਾਂ ਦੀ ਵੀ ਇਸ ਠੱਗੀ ਦੇ ਜਾਲ ’ਚ ਬਰਾਬਰ ਦੀ ਸ਼ਿਰਕਤ ਹੈ। ਫਰਜ਼ੀ ਲਾਟਰੀ ਫਰੈਡਜ ਲੱਕੀ ਸਕੀਮ ਸਮੇਤ ਹਫਤਾਵਾਰੀ ਲਾਟਰੀਆਂ ਦੇ ਮੈਂਬਰਸ਼ਿੱਪ ਕਾਰਡਾਂ ਅਨੁਸਾਰ 1000 ਮੈਂਬਰਾਂ ਦੀ 13 ਹਫਤਿਆਂ ਤੱਕ ਚੱਲਣ ਵਾਲੀ ਇਸ ਸਕੀਮ ’ਚ ਪ੍ਰਤੀ ਮੈਂਬਰ 100 ਰੁਪਏ ਪ੍ਰਤੀ ਹਫਤਾ ਅਦਾ ਕਰੇਗਾ। ਕਾਰਡਾਂ ’ਚ ਨਾ ਤਾਂ ਲਾਟਰੀ ਸ਼ੁਰੂ ਹੋਣ ਦੀ ਕੋਈ ਮਿਤੀ ਲਿਖੀ ਗਈ ਹੈ ਅਤੇ ਨਾ ਹੀ ਡਰਾਅ ਕੱਢੇ ਜਾਣ ਦਾ ਸਥਾਨ ਅੰਕਿਤ ਕੀਤਾ ਗਿਆ ਹੈ।


ਇਸੇ ਤਰ੍ਹਾਂ ਲੱਖਦਾਤਾ ਸਮਾਰਟ ਸ਼ੋਪੀ ਲਾਟਰੀ ਸਕੀਮ ਤਹਿਤ ਨੌ ਮਹੀਨਿਆਂ ਤੱਕ ਚੱਲਣ ਵਾਲੀ ਇਸ ਸਕੀਮ ’ਚ 1000 ਮੈਂਬਰ ਤੋਂ 1000 ਰੁਪਏ ਪ੍ਰਤੀ ਮਹੀਨਾ ਬਟੋਰਿਆ ਜਾਵੇਗਾ। ਲੱਖਦਾਤਾ ਸਮਾਰਟ ਸ਼ੌਪੀ ਲਾਟਰੀ ਸਕੀਮ ਦੇ ਖਪਤਕਾਰ ਕਾਰਡ ’ਚ ਵੀ ਨਾ ਲਾਟਰੀ ਸੰਚਾਲਕ ਦਾ ਵੇਰਵਾ,ਨਾ ਕਾਰਡ ਛਾਪਕ ਦਾ ਵੇਰਵਾ,ਨਾ ਸਕੀਮ ਸ਼ੁਰੂ ਹੋਣ ਦੀ ਮਿਤੀ ਅਤੇ ਨਾ ਹੀ ਡਰਾਅ ਕੱਢੇ ਜਾਣ ਦੇ ਸਥਾਨ ਬਾਰੇ ਲਿਖਿਆ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਲਕੇ ’ਚ ਚੱਲ ਰਹੇ ਇਸ ਗੋਰਖ ਧੰਦੇ ਬਾਰੇ ਨੰਗੀਆਂ ਅੱਖਾਂ ਨਾਲ ਦੇਖਦਾ ਹੋਇਆ ਵੀ ਪ੍ਰਸ਼ਾਸਨ ਚੁੱਪ ਹੈ। ਪ੍ਰਸ਼ਾਸਨ ਦੀ ਇਹ ਚੁੱਪ ਕੀ ਕਈ ਤਰਾਂ ਦੇ ਸ਼ੰਕੇ ਖੜ੍ਹੇ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੇ ਜਾਅਲੀ ਲਾਟਰੀ ਸਿਸਟਮਾਂ ਰਾਹੀਂ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਸ਼ਾਤਰ ਦਿਮਾਗ ਲੋਕ ਪਹਿਲਾਂ ਵੀ ਸਮੇਂ ਸਮੇਂ ਤੇ ਸਰਗਰਮ ਹੁੰਦੇ ਆ ਰਹੇ ਹਨ, ਜਿਨ੍ਹਾਂ ਨੂੰ ਅਦਾਲਤ ਦੇ ਕਟਿਹਰੇ ਚ ਖੜਾ ਕਰਨ ਚ ਅੱਜ ਤੱਕ ਪ੍ਰਸ਼ਾਸਨ ਬੁਰੀ ਤਰਾਂ ਫੇਲ ਸਾਬਤ ਹੋਇਆ ਹੈ। ਇਸ ਸੰਬੰਧੀ ਜਦ ਜ਼ਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਅਜੇ ਤੱਕ ਉਨ੍ਹਾਂ ਦੇ ਧਿਆਨ ’ਚ ਨਹੀਂ ਆਇਆ,ਫਿਰ ਵੀ ਉਹ ਲਾਟਰੀ ਸਿਸਟਮ ਚਲਾਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਲੋਕਾਂ ਬਾਰੇ ਪੜਤਾਲ ਕਰਵਾਕੇ ਬਣਦੀ ਕਾਰਵਾਈ ਕਰਨਗੇ। ਇਸ ਸੰਬੰਧੀ ਜਦ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਕੁਮਾਰ ਰਾਹੁਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਪੜਤਾਲ ਕਰਾਉਣਗੇ। ਮਾਮਲੇ ਦੀ ਪੜਤਾਲ ਕਰਾਉਣ ਲਈ ਉਨ੍ਹਾਂ ਐੱਸ.ਡੀ.ਐੱਮ ਬੁਢਲਾਡਾ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਦੋਸ਼ੀ ਪਾਏ ਗਏ ਕਿਸੇ ਵੀ ਵਿਆਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ