Mon, 23 October 2017
Your Visitor Number :-   1097979
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਕਿਸਾਨ ਆਗੂ ਦੀ ਧੀ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਖੁੱਲ੍ਹੀ ਚਿੱਠੀ

Posted on:- 22-09-2017

suhisaver

ਮੈਂ ਸ਼ਰਨਜੀਤ ਕੌਰ(ਗੁਨੂੰ) ਸਪੁੱਤਰੀ ਸ਼ਿੰਦਰ ਪਾਲ ਸਿੰਘ ( ਸੂਬਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ) ਪਿੰਡ ਨਥੂਵਾਲ ਗਰਬੀ ਜ਼ਿਲ੍ਹਾ ਮੋਗਾ ਪੰਜਾਬ ਤੁਹਾਨੂੰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਅਪਣੇ ਪਤੀ ਅਤੇ ਸਹੁਰਾ ਸਾਹਿਬ ਨਾਲ ਅਪਣੇ ਪੇਕੇ ਪਿੰਡ ਮਿਲਣ ਲਈ ਆਏ ਹੋਏ ਸੀ। ਪਰ ਕੱਲ੍ਹ ਸਵੇਰੇ 3.25 ਦੇ ਤਕਰੀਬਨ 20-25 ਮਰਦਾਨਾ ਤੇ ਕਮਾਂਡੋ ਪੁਲਿਸ, 2 ਕੁ ਪੁਲਿਸ ਦੀਆਂ ਬੀਬੀਆਂ ਨੇ, ਦਰਵਾਜ਼ਾ ਖੜ੍ਹਕਾਇਆ। ਮੇਰੇ ਮੰਮੀ ਇੰਦਰਜੀਤ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਮੇਰੇ ਪਾਪਾ ਬਾਰੇ ਪੁੱਛਿਆ। ਮੰਮੀ ਨੇ ਕਿਹਾ ਕੇ ਉਹ ਅੱਜ ਸਵੇਰੇ ਹੀ ਗਏ ਨੇ ਪਰ ਅੱਜ ਘਰ ਨਹੀਂ ਆਏ। ਅੱਗੇ ਵੀ ਉਹ ਆਪਣੀ ਕਿਸਾਨ ਯੂਨੀਅਨ ਦੇ ਕੰਮਾਂ ਬਾਬਤ ਕਈ-ਕਈ ਦਿਨ ਘਰ ਨਹੀਂ ਆਉਂਦੇ। ਪਰ ਪੁਲਿਸ ਨੇ ਨਾ ਤਾਹ ਵੇਖਿਆ ਨਾ ਠਾਹ ਵੇਖਿਆ, ਸਿੱਧਾ ਬੈਟਰੀਆਂ ਡਾਂਗਾਂ ਲੈ ਕੇ ਕਮਰਿਆਂ ਵਿੱਚ ਘੁੱਸ ਆਏ।

ਮੈਂ ਤੇ ਮੇਰੀ ਛੋਟੀ ਭੈਣ ਗਗਨ ਇਕ-ਦੱਮ ਬਿਸਤਰੇ ਵਿੱਚੋਂ ਜਾਗੇ। ਸਵਾਲ ਇਹ ਨਹੀਂ ਕਿ ਸਰਕਾਰ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਆਗੂਆਂ ਨੂੰ ਗ੍ਰਿਫਤਾਰ ਕਰ ਰਹੀ ਹੈ, ਸਵਾਲ ਇਹ ਹੈ ਕਿ ਬਿਨ੍ਹਾਂ ਸਰਚ ਵਾਰੰਟ ਦੇ ਹੁੰਦਿਆਂ, ਜਵਾਨ ਧੀਆਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਪੁਲਿਸ ਦੀ ਇਸ ਘਿਨਾਉਣੀ ਅਤੇ ਗੈਰ ਕਾਨੂੰਨੀ ਹਰਕਤ ਦਾ ਕੋਈ ਅਧਿਕਾਰੀ ਜਾਂ ਸਰਕਾਰ ਜਵਾਬਦੇਹ ਹੈ ਜਾਂ ਫਿਰ ਇਹ ਜੰਗਲ ਰਾਜ ਹੈ। ਕਿੱਥੇ ਹੈ ਮੇਰੇ ਭਾਰਤ ਮਹਾਨ ਦੀ ਜਮਹੂਰੀਅਤ? ਸਿਰਫ ਏਨਾਂ ਹੀ ਨਹੀਂ ਪੁਲਿਸ ਨੇ ਸਾਡੇ ਸਾਰਿਆਂ ਅਤੇ ਘਰ ਦੇ ਕੋਨੇ-ਕੋਨੇ ਦੀ ਵੀਡਿਓਗਰਾਫੀ ਵੀ ਉਦੋਂ ਕੀਤੀ ਜਦੋਂ ਸਾਰਾ ਪਿੰਡ ਘੱਗ ਸੁੱਤਾ ਪਿਆ ਸੀ। ਕਿੱਥੇ ਹੈ ਸੁਪਰੀਮ ਕੋਰਟ ਦਾ ਨਿੱਜਤਾ ਦੇ ਅਧਿਕਾਰ ਦੀ ਰਖਵਾਲੀ ਕਰਨ ਵਾਲਾ ਆਰਟੀਕਲ?

ਸਾਡੇ ਘਰ ਮਿਸਤਰੀ ਲੱਗੇ ਹੋਏ ਹਨ ਮੇਰੇ ਪਾਪਾ ਨੂੰ ਸ਼ਾਮ ਨੂੰ ਕਿਸੇ ਦੂਜੇ ਪਿੰਡ ਵਿੱਚੋਂ ਅਤੇ ਤਾਇਆ ਜੰਗ ਸਿੰਘ ਨੂੰ ਘਰੋਂ ਪੁਲਿਸ ਨੇ ਕੱਲ੍ਹ ਦਾ ਗ੍ਰਿਫਤਾਰ ਕਰ ਲਿਆ ਹੈ। ਹੁਣ ਇਸ ਕੰਮ ਦੀ ਦੇਖਭਾਲ ਅਤੇ ਉਸਾਰੀ ਲਈ ਜ਼ਰੂਰੀ ਵਸਤਾਂ ਲਈ ਮੈਨੂੰ ਘਰ ਰੁਕਣਾ ਪੈ ਰਿਹਾ, ਤੇ ਸ਼ਹਿਰ ਜਾ ਕੇ ਖੁਦ ਮੈਂ ਮਿਸਤਰੀ ਲਈ ਉਸਾਰੀ ਦਾ ਅਤੇ ਘਰ ਦਾ ਸਮਾਨ ਲੈ ਕੇ ਆਈ ।

ਮੁੱਖ ਮੰਤਰੀ ਜੀ ਤੁਹਾਡੀ ਸਰਕਾਰ ਬਣਾਉਣ ਵਿੱਚ ਲੋਕਾਂ ਨੇ ਕੋਈ ਕਸਰ ਨਹੀਂ ਛੱਡੀ ਪਰ ਤੁਸੀਂ ਅਤੇ ਤੁਹਾਡੀ ਪੁਲਿਸ ਰਾਤ ਦੇ ਹਨੇਰਿਆਂ ਵਿੱਚ ਆਹ ਕੀ ਗੁੱਲ ਖਿਲਾਉਣ ਤੇ ਉਤਾਰੂ ਹੋ ਗਈ ਹੈ। ਤੁਹਾਡੇ ਵੋਟਾਂ ਵੇਲੇ ਦੇ ਮੈਨੀਫੈਸਟੋ ਵਿੱਚ ਦਰਜ ਕੀਤੇ ਵਾਅਦੇ ਅਤੇ ਵੋਟਾਂ ਦੇ 6 ਮਹੀਨੇ ਬੀਤ ਜਾਣ ਦੇ ਬਾਅਦ ਉਹਨਾਂ ਨੂੰ ਪੂਰਾ ਕਰਨ ਦੇ ਅਮਲ ਵਿੱਚ ਦਿਨ ਰਾਤ ਦਾ ਫਰਕ ਹੈ। ਇਸੇ ਕਰ ਕੇ ਤੁਸੀਂ ਆਪਣੀਆਂ ਕਾਲੀਆਂ ਕਰਤੂਤਾਂ ’ਤੇ ਪਰਦਾ ਪਾਉਣ ਲਈ ਰਾਤਾਂ ਦਾ ਸਹਾਰਾ ਲੈ ਰਹੇ ਹੋ। ਖੈਰ ਤੁਹਾਨੂੰ ਕੋਈ ਫਿਕਰ ਨਹੀਂ ਕਿ ਤੁਹਾਡੇ ਕਾਰਨਾਮਿਆਂ ਕਾਰਨ ਕਿਸਾਨਾਂ-ਮਜ਼ਦੂਰਾਂ ਦੀਆਂ ਜ਼ਿੰਦਗੀਆਂ ਵਿੱਚ ਮੱਸਿਆ ਦਾ ਹਨੇਰਾ ਪਸਰ ਗਿਆ ਹੈ। ਇਸੇ ਲਈ ਸੰਤ ਰਾਮ ਉਦਾਸੀ ਨੇ ਸੂਰਜ ਨੂੰ ਕਮੀਆਂ ਦੇ ਵਿਹੜੇ ਮੱਘਣ ਦਾ ਸੁਨੇਹਾ ਦਿੱਤਾ ਸੀ। ਜਿਸ ਦਿਨ ਵੀ ਇਹ ਸੂਰਜ ਕਿਸਾਨਾਂ-ਮਜ਼ਦੂਰਾਂ ਦੇ ਵਿਹੜੇ ਚੜ੍ਹਿਆਂ ਯਕੀਨਨ ਲੰਬੀ ਵਾਲੇ ਬਾਦਲਾਂ ਤੋਂ ਲੈ ਕੇ ਮੋਤੀ ਮਹਿਲਾਂ ਵਾਲੇ ਰਾਜੇ ਰਜਵਾੜਿਆਂ ਦੇ ਵਿਹੜੇ ਹਨੇਰੇ ਦਾ ਇਹਸਾਸ ਹੋਵੇਗਾ। ਉਂਝ ਮੈਂ ਕੁਝ ਸਾਲ ਪਹਿਲਾਂ ਤੁਹਾਡੇ ਮੋਤੀ ਮਹਿਲ ਦਾ ਬਿਜਲੀ ਦਾ ਬਿੱਲ ਨਾ ਤਾਰਨ ਦੀ ਖ਼ਬਰ ਵੀ ਪੜ੍ਹੀ ਸੀ। ਸੱਚਮੁਚ ਕਿੰਨੇ ਹਿਣੇ ਅਤੇ ਗਰੀਬ ਜਾਪ ਰਹੇ ਹੋ ਤੁਸੀਂ।

ਪੰਜਾਬ ਦਾ ਇਹ ਪਰਿਵਾਰ ਹੀ ਨਹੀਂ ਖੇਤੀ ਵਿੱਚ ਲਗੇ 35 ਲੱਖ ਕਿਸਾਨ-ਮਜ਼ਦੂਰ ਤੁਹਾਨੂੰ ਘੋਰ ਅਪਰਾਧੀ ਹੋਣ ਦਾ ਐਲਾਨ ਕਰਦਾ ਹੈ। ਮੈਂ ਮੰਗ ਕਰਦੀ ਹਾਂ ਕਿ ਤੁਸੀਂ ਪੂਰੇ ਪੰਜਾਬ ਤੋਂ ਮੁਆਫੀ ਮੰਗੋ ਅਤੇ ਗੈਰ ਕਾਨੂੰਨੀ ਹਰਕਤ ਕਰਨ ਵਾਲੇ ਪੁਲਿਸ ਵਾਲਿਆਂ ਖਿਲਾਫ਼ ਕਾਰਵਾਈ ਕਰੋ।

ਅੱਜ ਹੀ ਕਿਸਾਨਾਂ ਸਮੇਤ ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕਰੋ। ਮੇਰੇ ਪਾਪਾ ਅਤੇ ਤਾਇਆ ਜੀ ਸਮੇਤ ਬਿਨ੍ਹਾਂ ਵਜਾਹ ਸਾਰੇ ਪੰਜਾਬ ਵਿੱਚ ਗ੍ਰਿਫਤਾਰ ਕੀਤੇ ਕਿਸਾਨਾਂ ਅਤੇ ਉਹਨਾਂ ਦੇ ਆਗੂਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ।

ਸੰਪਰਕ: +91  94170 45310

Comments

Name (required)

Leave a comment... (required)

Security Code (required)ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ