Wed, 23 August 2017
Your Visitor Number :-   1076262
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਹਾਮਿਦ ਅੰਸਾਰੀ ਤੋਂ ਬਾਅਦ ਕੀ ਹੋਵੇਗਾ ਰਾਜਸਭਾ ਟੀ . ਵੀ .ਦਾ ਭਵਿੱਖ ?

Posted on:- 27-07-2017

suhisaver

ਨਵੇਂ ਉੱਪ ਰਾਸ਼ਟਰਪਤੀ ਲਈ ਪੈਣ ਵਾਲੀਆਂ ਵੋਟਾਂ ਦੇ ਦਿਨ ਜਿਵੇਂ -ਜਿਵੇਂ ਨੇੜੇ ਆ ਰਹੇ ਨੇ ,  ਉਸੇ  ਤਰ੍ਹਾਂ ਹੀ ਪੱਤਰਕਾਰੀ ਤੇ ਬੌਧਿਕ ਹਲਕਿਆਂ ਦੀ ਚਿੰਤਾ ਵੱਧ ਰਹੀ ਹੈ ਕੀ ਰਾਜਸਭਾ ਟੀ.ਵੀ. ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ? ਰਾਜ ਸਭਾ ਦੇ ਸਭਾਪਤੀ (ਉੱਪ -ਰਾਸ਼ਟਰਪਤੀ) ਦੀ ਨਿਗਰਾਨੀ `ਚ ਚੱਲਣ ਵਾਲੇ ਰਾਜਸਭਾ ਟੀ.ਵੀ. ਨੇ ਪਿਛਲੇ ਕੁਝ ਸਾਲਾਂ `ਚ ਆਪਣੀ ਨਿਰਪੱਖ , ਭਰੋਸੇਯੋਗ ਪੱਤਰਕਾਰੀ ਤੇ ਗੰਭੀਰ ਬਹਿਸਾਂ ਵਾਲੇ ਪ੍ਰੋਗਰਾਮਾਂ ਕਾਰਨ ਭੱਲ ਬਣਾਈ ਹੋਈ ਹੈ । ਬਹੁਤ ਸਾਰੇ ਮੀਡੀਆ ਵਿਸ਼ਲੇਸ਼ਕਾਂ ਦਾ  ਮੰਨਣਾ ਹੈ ਕਿ  ਅਜਿਹਾ ਤਾਂ ਹੀ ਸੰਭਵ ਹੈ ਕਿ ਇਸਦੇ ਨਿਗਰਾਨ ਹਾਮਿਦ ਅੰਸਾਰੀ ਵਰਗੇ ਸ਼ਖ਼ਸ ਹਨ । ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ੫ ਅਗਸਤ ਨੂੰ ਵੋਟਾਂ ਪੈ  ਰਹੀਆਂ ਹਨ ।  ਮੁਕਾਬਲਾ ਗੋਪਾਲ ਕ੍ਰਿਸ਼ਨ ਗਾਂਧੀ ਤੇ ਐੱਮ.ਵੈਂਕਈਆ ਨਾਇਡੂ ਵਿਚਕਾਰ ਹੋ ਰਿਹਾ ਹੈ । ਗਿਣਤੀਆਂ- ਮਿਣਤੀਆਂ ਦੇ ਹਿਸਾਬ ਨਾਲ ਵੈਂਕਈਆ ਨਾਇਡੂ ਦਾ ਹੱਥ ਉੱਪਰ ਹੈ । ਦੇਸ਼ ਦੇ ਇੱਕ ਨਾਮਵਰ ਪੱਤਰਕਾਰ ਦਾ ਕਹਿਣਾ ਹੈ ``ਵੈਂਕਈਆ ਨਾਇਡੂ ਦੀ ਜਿੱਤ ਪੱਕੀ ਹੈ ਇਸ ਨਾਲ ਰਾਜਸਭਾ ਟੈਲੀਵਿਜ਼ਨ ਦੀ ਪਹਿਲਾਂ ਵਾਲੀ ਮਟਕ ਨਹੀਂ ਰਹਿਣੀ । ਨਾਇਡੂ ਸਾਹਿਬ ਇਸ ਨੂੰ ਆਪਣੇ ਮੁਤਾਬਕ ਚਲਾਉਣਗੇ ਤੁਸੀਂ ਦੇਖਿਆ ਹੀ ਹੈ ਕਿ ਲੋਕ ਸਭਾ ਟੀ . ਵੀ ਦਾ ਕੀ ਹਾਲ ਹੋਇਆ ਉਸ ਤਰ੍ਹਾਂ ਇਸਦਾ ਵੀ ਹੋ ਜਾਵੇਗਾ ।`` ਰਾਜਸਭਾ ਟੀ . ਵੀ ਦੇ ਇੱਕ ਸੀਨੀਅਰ ਸੰਪਾਦਕ ਨੇ ਆਪਣਾ ਨਾਮ ਨਾ ਨਸ਼ਰ ਕਰਨ  ਦੀ ਸ਼ਰਤ `ਤੇ  ਕਿਹਾ`` ਇਥੇ ਤੁਸੀਂ ਸਹੀ ਪੱਤਰਕਾਰੀ ੧੦ ਅਗਸਤ ਤੱਕ ਹੀ ਦੇਖ ਸਕੋਗੇ ਉਸਤੋਂ ਬਾਅਦ ਸਭ ਕੁਝ ਬਦਲ ਜਾਵਗਾ 3 ਮਹੀਨੇ ਦੇ ਅੰਦਰ ਬਹੁਤ ਸਾਰੇ ਸੰਪਾਦਕ ਪੱਤਰਕਾਰ ਇਸ ਚੈਨਲ ਨੂੰ ਅਲਵਿਦਾ ਆਖ ਰਹੇ ਨੇ ।``
      
ਚੇਤੇ ਰਹੇ ਚੈਨਲ ਨੇ ਹੁਣੇ ਹੀ ਬਹੁਤ ਸਾਰੇ ਲੋਕ -ਪੱਖ ਦੀ ਗੱਲ ਕਰਨ ਵਾਲੇ ਪ੍ਰੋਗਰਾਮਾਂ ਨੂੰ ਬੰਦ ਕਰ ਦਿੱਤਾ ਹੈ । ਉਰਮਿਲੇਸ਼ ਤੇ ਸਿਧਾਰਥ ਵਰਧਰਾਜਨ ਵਰਗੇ ਪੱਤਰਕਾਰਾਂ ਦੇ , ਸ਼ੋਅ ਬੰਦ ਕਰ ਦਿੱਤੇ ਨੇ । ਇਸੇ ਚੈਨਲ ਦੇ ਇੱਕ ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਹੁਣੇ ਸ਼ੁਰੂ ਹੋਇਆ ਇੱਕ ਪ੍ਰੋਗਰਾਮ `ਗਰਾਉਂਡ ਰਿਪੋਰਟ ` ਵੀ ਸਰਕਾਰ ਦੀਆਂ ਅੱਖਾਂ `ਚ ਚੁਭ ਰਿਹਾ ਹੈ ਦਸ ਅਗਸਤ ਤੋਂ ਬਾਅਦ ਇਸਦਾ ਭਵਿੱਖ ਪਤਾ ਨਹੀਂ ਕੀ ਹੋਵੇਗਾ ।


ਅੱਗੇ ਪੜੋ

ਮੰਗੋ ਮਾਈ -ਮੁਖਤਿਆਰ ਸਿੰਘ

Posted on:- 20-09-2016

suhisaver

ਸੰਤੋ ਸਰੂਰ ‘ਚ ਤੁਰੀ ਆਈ।ਉਸ ਨੇ ਰਾਤੀਂ,ਛੋਟਾ ਹਾੜਾ ਹੀ ਲਿਆ ਸੀ।ਉਹ ਸਰਦਾਰ ਕਰਨੈਲ ਸਿਉਂ ਦੇ ਘਰੋਂ ਤੁਰਨ ਲੱਗਿਆ ਹੀ ਠੀਕ ਹੋ ਗਈ ਸੀ।ਉਹ ਆਪਣੇ ਘਰ ਤਕ ਤੁਰੀ ਆਉਂਦੀ ਹੌਲੀ ਫੁੱਲ ਹੋ ਗਈ ਸੀ।ਉਸ ਦਾ ਪੈਰ ਟਿਕਾਣੇ ਸਿਰ ਧਰ ਹੋ ਰਿਹਾ ਸੀ।ਸੁੰਦਰ ਮੁਹੱਲੇ ਵਾਲੀ ਗੰਦੇ ਪਾਣੀ ਦੀ ਟੇਢੀ-ਮੇਢੀ ਨਾਲੀ ਧਿਆਨ ਨਾਲ ਟੱਪ ਰਹੀ ਸੀ।ਉਸ ਨੇ ਬੀਹੀ ਵਾਲੀਆਂ ਜਨਾਨੀਆਂ ਅਤੇ ਬੱਚਿਆਂ ਵੱਲ ਬਹੁਤਾ ਖਿਆਲ ਨਹੀਂ ਕੀਤਾ।ਕਈ ਜਣੀਆਂ ਹੈਰਾਨ ਸਨ ਕਿ ਨੀਵੀਂ ਪਾਈ ਬਗੈਰ ਬੋਲੇ ਹੀ ਲੰਘ ਗਈ।

ਮੰਗੋ ਮਾਈ ਨੂੰ ਤਾਂ ਉਹ ਜ਼ਰੂਰ ਬੁਲਾਅ ਕੇ ਲੰਘਦੀ, “ਚਾਚੀ ਕੀ ਹਾਲ ਐ?ਖੰਘ ਨੂੰ ਰਾਮ ਐ?”

ਅਗੋਂ ਮੰਗੋ ਮਾਈ ਖੰਘ ਕੇ ਬੋਲਦੀ, “ਹਾਂ ਧੀਏ ਫਰਕ ਐ।ਮੁੰਡਾ ਦਵਾਈ ਲੈ ਕੇ ਆਇਆ ਤੀ।”

“ਚੰਗਾ ਚਾਚੀ ਰਾਮ ਆ ਜੂਗਾ।ਦਵਾਈ ਲਈ ਜਾਈਂ ਜਿਮੇਂ ਡਾਕਧਾਰ ਨੇ ਦੱਸਿਐ।” ਸੰਤੋ ਜਾਂਦੀ ਹੋਈ ਕਹਿ ਜਾਂਦੀ।

ਅੱਗੇ ਪੜੋ

ਪੱਤ ਕੁਮਲਾ ਗਏ (ਕਾਂਡ-7) -ਅਵਤਾਰ ਸਿੰਘ ਬਿਲਿੰਗ

Posted on:- 19-08-2013

suhisaver

-7-
ਜਦੋਂ ਗੁਰਮੇਲ ਕੌਰ ਦੀ ਅੱਖ ਖੁੱਲ੍ਹੀ ਤਾਂ ਅਜੈਬ ਮੋਟਰ ਵੱਲ ਜਾ ਚੁੱਕਾ ਸੀ। ਧਾਰਾਂ ਚੋਅ ਕੇ ਦੁੱਧ ਸੰਭਾਲ ਲਿਆ ਗਿਆ ਸੀ। ਘਰ ਜੋਗਾ ਰੱਖ ਕੇ ਬਾਕੀ ਦਾ ਡੇਅਰੀ ਵਿੱਚ ਪਹੁੰਚਦਾ ਕਰ ਦਿੱਤਾ ਸੀ। ਕੀ ਜੈਬੇ ਨੇ ਉੱਠ ਕੇ ਏਨੀ ਫੁਰਤੀ ਦਿਖਾਈ ਸੀ? ਮੇਹਰੂ ਨੇ ਖੂਹ ਤੋਂ ਆ ਕੇ ਏਨਾ ਕੰਮ ਕਰ ਦਿੱਤਾ ਸੀ? ਜਾਂ ਬਾਲੇ ਵੱਲੋਂ ਸੱਦੀ ਕਿਸੇ ਗੁਆਂਢਣ ਨੇ ਸਭ ਕੁਝ ਕਰ ਦਿਖਾਇਆ ਸੀ? ਰਛਪਾਲ ਨੇ ਏਨਾ ਵੱਡਾ ਚਮਤਕਾਰ ਤਾਂ ਉਸ ਵਕਤ ਵੀ ਨਹੀਂ ਸੀ ਕੀਤਾ, ਜਦੋਂ ਉਹ ਪੂਰੀ ਤੰਦਰੁਸਤ ਹੁੰਦੀ। ਹੁਣ ਤਾਂ ਭਲਾ ਉਸ ਨੂੰ ਛਿਲੇ ਵਿੱਚੋਂ ਉੱਠੀ ਨੂੰ ਗਿਣਵੇਂ ਦਿਨ ਹੋਏ ਸਨ।

ਗੁਰਮੇਲੋ ਨੂੰ ਅੰਦਰੋ-ਅੰਦਰ ਸ਼ਰਮਿੰਦਗੀ ਮਹਿਸੂਸ ਹੋਈ। ਉਹ ਘੋੜੇ ਵੇਚ ਕੇ ਸੁੱਤੀ ਕਿਉਂ ਸੀ? ਜਿਸ ਦਿਨ ਦੀ ਉਹ ਮਾਨੂੰਪੁਰ ਵਿਆਹੀ ਆਈ ਸੀ, ਉਸਨੂੰ ਹਰੇਕ ਨੇ ਹਮੇਸ਼ਾ ਜਾਗਦੀ ਦੇਖਿਆ ਸੀ। ਸਭ ਤੋਂ ਮਗਰੋਂ ਸੌਣਾ ਤੇ ਸਭ ਤੋਂ ਪਹਿਲਾਂ ਜਾਗਣਾ—ਉਸਦਾ ਨਿਤਨੇਮ ਸੀ। ਜਿੰਨੇ ਵਰ੍ਹੇ ਉਹ ਸਾਂਝੇ ਪਰਿਵਾਰ ਵਿੱਚ ਰਹੀ, ਸੱਸ ਜਾਂ ਜੇਠਾਣੀ ਨੂੰ ਕਦੇ ਹਾਕ ਨਹੀਂ ਸੀ ਮਾਰਨੀ ਪਈ।ਬਲਰਾਜ ਅਜੇ ਵੀ ਨੀਵੀਂ ਪਾਈ ਮਾਂ ਦੀਆਂ ਨਜ਼ਰਾਂ ਤੋਂ ਬਚਦਾ ਨਿੱਕੇ ਕਾਕੇ ਨਾਲ ਪਰਚਿਆ ਹੋਇਆ ਸੀ। ਜਵਾਕ ਉੱਤੇ ਕੋਡਾ ਹੋਇਆ ਆਪਣੇ ਤਿੱਖੇ ਨੱਕ ਨਾਲ ਰੌਣਕੀ ਦੇ ਕੁਤਕੁਤੀਆਂ ਕੱਢਣ ਦਾ ਦਿਖਾਵਾ ਕਰ ਰਿਹਾ ਸੀ। ਸੂਹਣ ਫੜੀ ਵਿਹੜਾ ਸੁੰਭਰਦੀ ਗੁਰਮੇਲ ਕੌਰ ਨੇ ਖੜ੍ਹ ਕੇ ਨਿਹਾਰਿਆ। ਉਸਦਾ ਪੋਤਰਾ ਜਿਵੇਂ ਮਣਕਿਆਂ ਵਰਗੀਆਂ ਸ਼ਾਹ ਕਾਲੀਆਂ ਅੱਖਾਂ ਨਾਲ ਆਪਣੇ ਪਿਓ ਨੂੰ ਪਛਾਣ ਰਿਹਾ ਸੀ। ਬੈੱਡ ਉੱਪਰ ਪਏ ਜਵਾਕ ਨੇ ਅਚਾਨਕ ਪਿਸ਼ਾਬ ਦੀ ਤੂਤਰੀ ਬਾਲੇ ਦੇ ਬੁੱਲ੍ਹਾਂ ਉੱਤੇ ਮਾਰੀ। ਉਸਦੀਆਂ ਮੁੱਛਾਂ ਭਿੱਜ ਗਈਆਂ। ਥੋੜੀ ਦੂਰ ਬੈਠੀਆਂ ਕਿਰਨ ਤੇ ਰਿੰਪੀ ਖਿੜ ਖਿੜਾ ਕੇ ਹੱਸੀਆਂ। ਗੁਰਮੇਲ ਕੌਰ ਨੇ ਵੀ ਇਹ ਨਜ਼ਾਰਾ ਦੇਖਿਆ। ਮਿੰਨੀ ਜਿਹੀ ਮੁਸਕਰਾਉਂਦੀ ਉਹ ਬੋਲੀ ਨਹੀਂ। ਰਾਤ ਵਾਲਾ ਬਦਲਾ ਰੌਣਕੀ ਨੇ ਆਪਣੇ ਡੈਡੀ ਤੋਂ ਲੈ ਲਿਆ ਸੀ। ਨਿੱਕੜਾ ਆਪਣੇ ਦਾਦੇ-ਦਾਦੀ ਦਾ ਕਿੰਨਾ ਵੱਡਾ ਹਮਾਇਤੀ ਸੀ। ਮਨ ਹੀ ਮਨ ਨਿਹਾਲ ਹੁੰਦੀ ਉਹ ਸੁੰਭਰਦੀ ਰਹੀ। ਛੋਟਾ ਵਿਹੜਾ! ਪੱਕਾ ਰਸਤਾ! ਰਾਹ ਸੁੰਭਰ ਕੇ ਉਹ ਪਾਰਲੇ ਵਾਗਲੇ ਵਿੱਚ ਰੜਕਾ ਮਾਰਨ ਚਲੀ ਗਈ।

ਅਜੀਬ ਜਿਹੇ ਖ਼ਿਆਲਾਂ ਨੇ ਹਾਲੇ ਵੀ ਉਸਨੂੰ ਘੇਰਿਆ ਹੋਇਆ ਸੀ। ਛੜਾ ਮਾਧੋ ਕਈ ਸਾਲ ਪਹਿਲਾਂ ਮਰ-ਮੁੱਕ ਗਿਆ ਸੀ। ਟਰਾਲੀ ਦੇ ਜੂਲ੍ਹੇ ਹੇਠ ਆ ਕੇ ਪਿਚਕੀ ਲੱਤ ਦੀ ਪਲਮ ਦੌੜ ਗਈ ਸੀ। ਜਿਊਂਦੇ ਜੀਅ ਛੜੇ ਨੇ ਗੁਰਮੇਲ ਤੋਂ ਗਿਣ ਗਿਣ ਬਦਲੇ ਲਏ ਸਨ। ਕੁੱਲ ਪੰਦਰਾਂ ਕਿੱਲਿਆਂ ਵਿੱਚੋਂ ਮੋਹਤਬਰ ਨੇ ਹਿੱਸੇ ਬੈਛਦੇ ਤਿੰਨ ਏਕੜ ਦੇ ਕੇ ਅਜੈਬ ਨੂੰ ਅੱਡ ਕਰ ਦਿੱਤਾ ਸੀ। ਦੋ ਹਿੱਸੇ ਆਪਣੇ ਅਤੇ ਈਸ਼ਰ ਕੌਰ ਦੇ ਵੀ ਰੱਖੇ ਸਨ। ਪੰਦਰਾਂ ਵਿੱਘੇ ਜ਼ਮੀਨ ਉੱਤੇ ਜੈਬਾ ਨਾ ਤਾਂ ਕੋਈ ਸਾਂਝੀ ਰੱਖ ਸਕਦਾ ਸੀ, ਨਾ ਹੀ ਬੀਤੀਆ। ਪਰ ਗੁਰਮੇਲੋ ਦੀ ਹੱਲਾਸ਼ੇਰੀ ਸਦਕਾ ਉਹ ਦੱਭ ਦੀ ਬੇੜ ਪਾ ਕੇ ਖੂਹ ਵਿੱਚ ਲਟਕ ਗਿਆ ਸੀ।

ਸੁਬ੍ਹਾ ਹਾਜ਼ਰੀ ਦੁਪਹਿਰਾ ਇਕੱਠਾ ਪਕਾ ਕੇ ਗੁਰਮੇਲੋ ਵੀ ਖੇਤ ਪਹੁੰਚ ਜਾਂਦੀ। ਜੈਬਾ ਹੱਲ੍ਹ ਵਾਹੁੰਦਾ ਤਾਂ ਉਹ ਛੰਡ ਚੁਗ਼ਦੀ। ਫੇਰ ਚਰ੍ਹੀ ਵੱਢਦੀ ਜਾਂ ਖੂੰਜੇ ਪੁੱਟਦੀ। ਹਰੇਕ ਰੁੱਤ ਅਨੁਸਾਰ ਕੋਈ ਵੀ ਕੰਮ ਕਰਦੀ, ਜੈਬੇ ਦਾ ਸਾਥ ਦਿੰਦੀ। ਗੋਦੀ ਦੇ ਜਵਾਕ ਨੂੰ ਵੀ ਖਿਡਾਉਂਦੀ।

ਅੱਗੇ ਪੜੋ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ