Tue, 18 February 2020
Your Visitor Number :-   2388524
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਦਿੱਲੀ ਵਿਚ ਆਪ ਦੀ ਸ਼ਾਨਦਾਰ ਜਿਤ ਤੋਂ ਬਾਅਦ -ਸੁਕੀਰਤ

Posted on:- 18-02-2020

suhisaver

ਦਿੱਲੀ ਦੀਆਂ ਚੋਣਾਂ ਵਿਚ ਆਪ ਦੀ ਇਕੇਰਾਂ ਮੁੜ ਸ਼ਾਨਦਾਰ ਜਿਤ ਲਈ ਆਪ ਹੀ ਨਹੀਂ, ਦਿੱਲੀ ਦੀ ਜਨਤਾ ਵੀ ਵਧਾਈ ਦੀ ਪਾਤਰ ਹੈ। ਪਰ ਇਹ ਕਹਿਣਾ ਵੀ ਕੋਈ ਅਤਿਕਥਨੀ ਨਹੀਂ ਕਿ ਦੇਸ ਦੀ ਰਾਜਧਾਨੀ (ਬਨਾਮ ਦਿੱਲੀ ਸੂਬੇ) ਵਿਚ ਭਾਜਪਾ ਦੀ ਇਸ ਹਾਰ ਨੂੰ ਭਾਰਤ ਦੇ ਉਹ ਸਾਰੇ ਲੋਕ ਵੀ ਸਾਹ ਸੂਤ ਕੇ ਉਡੀਕ ਰਹੇ ਸਨ, ਜੋ ਭਾਜਪਾ ਦੇ ਹਿੰਦੁਤਵ-ਵਾਦੀ ਏਜੰਡੇ ਦੇ ਵਿਰੋਧੀ ਹਨ, ਉਨ੍ਹਾਂ ਦੀ ਆਪਣੀ ਸਿਆਸੀ ਰੰਗਤ ਭਾਂਵੇਂ ਜਿਸ ਮਰਜ਼ੀ ਦਲ ਜਾਂ ਵਿਚਾਰਧਾਰਾ ਨਾਲ ਜੁੜਦੀ ਹੋਵੇ। ਜਿਸ ਦੌਰ ਵਿਚੋਂ ਅਸੀ ਲੰਘ ਰਹੇ ਹਾਂ, ਅਤੇ ਜਿਸ ਢੰਗ ਨਾਲ ਪਿਛਲੇ ਕੁਝ ਸਮੇਂ ਤੋਂ ਦੇਸ ਮੋਦੀ-ਸ਼ਾਹ ਜੋੜੀ ਦੀ ਹਕੂਮਤਗਰਦੀ ਵਿਚੋਂ ਲੰਘ ਰਿਹਾ ਹੈ, ਉਸ ਵਿਚ ਹਰ ਹੀਲੇ ਨਫ਼ਰਤ ਅਤੇ ਪਾੜੇ ਦੇ ਇਸ ਨੰਗੇ-ਚਿੱਟੇ ਨਾਚ ਨੂੰ ਰੋਕਣ ਦੀ ਕੋਸ਼ਿਸ਼ ਬਹੁਤ ਸਾਰੇ ਭਾਰਤੀ ਲੋਕਾਂ ਦਾ ਮੁਖ ਟੀਚਾ ਬਣ ਕੇ ਉਭਰੀ। ਦਿੱਲੀ ਦੀਆਂ ਚੋਣਾਂ ਇਸ ਇਕਮੁਠਤਾ ਦੀ ਮਿਸਾਲ ਹਨ, ਜਿਸ ਵਿਚ ਭਾਂਤ ਭਾਂਤ ਦੇ ਲੋਕਾਂ ਨੇ ਆਪ ਨੂੰ ਵੋਟ ਪਾਈ।
 
ਉਨ੍ਹਾਂ ਲੋਕਾਂ ਵੀ ਜੋ ਕਾਂਗਰਸ ਨੂੰ ਵੋਟ ਪਾਂਦੇ ਆ ਰਹੇ ਹਨ, ਤੇ ਉਨ੍ਹਾਂ ਲੋਕਾਂ ਵੀ ਜੋ ਹੋਰਨਾ ਵੇਲਿਆਂ ਵਿਚ ਖੱਬੀਆਂ ਧਿਰਾਂ ਦੇ ਉਮੀਦਵਾਰ ਨੂੰ ਹੀ ਵੋਟ ਦੇਂਦੇ ਹੁੰਦੇ ਸਨ। ਇਨ੍ਹਾਂ ਵੋਟਰਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ ਕਦੇ ਬਸਪਾ ਦੇ ਨਾਲ ਹੁੰਦੇ ਸਨ, ਪਰ ਅੱਜ ਪ੍ਰਾਇਮਰੀ ਸਿੱਖਿਆ ਅਤੇ ਸਿਹਤ ਕੇਂਦਰਾਂ ਵਰਗੇ ਮਾਮਲਿਆਂ ਵਿਚ ਆਪ ਦੇ ਕੀਤੇ ਕੰਮ ਨੂੰ ਦੇਖ ਕੇ ਉਸਦੇ ਨਾਲ ਆ ਜੁੜੇ ਹਨ। ਅਤੇ ਇਨ੍ਹਾਂ ਹੀ ਵੋਟਰਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਅਜੇ ਨੌਂ ਮਹੀਨੇ ਪਹਿਲਾਂ ਹੀ ਪਾਰਲੀਮਾਨੀ ਚੋਣਾਂ ਸਮੇਂ ਦੇਸ ਦੀ ਸੁਰਖਿਆ ਅਤੇ ਹਿੰਦੂ ਧਰਮ ਦੀ ਰਾਖੀ ਦੇ ਨਾਂਅ ਉਤੇ ਮੋਦੀ ਨੂੰ ਵੋਟ ਪਾਈ ਸੀ, ਪਰ ਹੁਣ ਸਥਾਨਕ ਪੱਧਰ ਦੀਆਂ ਚੋਣਾਂ ਸਮੇਂ ਆਪ ਦੇ ਨਾਲ ਆਣ ਖੜੋਤੇ ਹਨ। ਪਾਕਿਸਤਾਨ, ਕਸ਼ਮੀਰ, ਘੁਸਪੈਠੀਏ-ਮੁਸਲਮਾਨ ਦੇ ਤਿੰਨ ਪੱਤੇ ਜੋ ਭਾਜਪਾ ਨੂੰ ਯੱਕੇ ਜਾਪਦੇ ਸਨ, ਘਟੋ-ਘਟ ਇਨ੍ਹਾਂ ਚੋਣਾਂ ਵਿਚ ਦੁੱਕੀਆਂ ਹੀ ਸਾਬਤ ਹੋਏ ਹਨ।

ਅੱਗੇ ਪੜੋ

ਸੀ. ਏ. ਏ. ਵਿਰੋਧੀ ਲੋਕ ਲਹਿਰ 'ਚ ਸ਼ਹੀਦ ਭਗਤ ਸਿੰਘ ਦੀ ਮੌਜੂਦਗੀ ਦਾ ਮਹੱਤਵ -ਪਾਵੇਲ ਕੁੱਸਾ

Posted on:- 18-02-2020

ਧਰਮ ਅਧਾਰਿਤ ਨਾਗਰਿਕਤਾ ਰਾਹੀਂ ਨਾਗਰਿਕ ਹੱਕਾਂ 'ਤੇ ਹਮਲਾ ਕਰਦੇ ਪਿਛਾਖੜੀ ਕਾਨੂੰਨ ਅਤੇ ਇਸ ਨਾਲ  ਜੁੜਦੇ ਕਦਮਾਂ ਖਿਲਾਫ ਦੇਸ਼ ਭਰ 'ਚੋਂ ਉੱਠੇ ਲੋਕ ਉਭਾਰ ਦੌਰਾਨ ਵੱਖ ਵੱਖ ਵਿਚਾਰਧਾਰਾਵਾਂ ਤੇ ਸਿਆਸਤ ਵਾਲੀਆਂ ਤਾਕਤਾਂ ਸਰਗਰਮ ਹਨ। ਭਾਜਪਾ ਦੀ ਫਿਰਕੂ-ਫਾਸ਼ੀ ਸਿਆਸਤ ਨੂੰ ਰੱਦ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਨਾਅਰੇ, ਸੱਦੇ ਤੇ ਚਿੰਨ੍ਹ ਵਰਤੇ ਜਾ ਰਹੇ ਹਨ। ਕੌਮੀ ਮੁਕਤੀ ਲਹਿਰ ਦੀ ਜੁਝਾਰ ਵਿਰਾਸਤ ਨੂੰ, ਭਾਜਪਾ ਤੇ ਆਰ ਐਸ ਐਸ ਦੀ ਅੰਨ੍ਹੀ ਫਿਰਕੂ ਕੌਮਪ੍ਰਸਤੀ ਨੂੰ ਰੱਦਣ ਲਈ ਵੱਖ ਵੱਖ ਢੰਗਾਂ ਨਾਲ ਉਭਾਰਿਆ ਜਾ ਰਿਹਾ ਹੈ। ਸੰਵਿਧਾਨ ਦੀ ਭੂਮਿਕਾ ਤੋਂ ਲੈ ਕੇ ਰਾਸ਼ਟਰੀ ਝੰਡੇ ਤੇ ਰਾਸ਼ਟਰੀ ਗੀਤ ਭਾਜਪਾ ਦੇ ਫਿਰਕੂ ਰਾਸ਼ਟਰਵਾਦ ਦੀ ਕਾਟ ਲਈ ਉਭਾਰਨ ਦੇ ਯਤਨ ਕੀਤੇ ਜਾ ਰਹੇ ਹਨ। ਮਹਾਤਮਾ ਗਾਂਧੀ ਤੇ ਅੰਬੇਦਕਰ ਵਰਗੇ ਆਗੂਆਂ ਦੀਆਂ ਤਸਵੀਰਾਂ ਰੋਸ ਮੁਜਾਹਰਿਆਂ 'ਚ ਉੱਚੀਆਂ ਹੋ ਰਹੀਆਂ ਹਨ। 1 ਫਰਵਰੀ ਨੂੰ ਮਲੇਰਕੋਟਲਾ (ਸੰਗਰੂਰ) 'ਚ ਲਗਭਗ 20,000 ਔਰਤਾਂ ਵੱਲੋਂ  ਕੀਤੇ ਰੋਸ ਪ੍ਰਦਰਸ਼ਨ 'ਚ ਸ਼ਹੀਦ ਭਗਤ ਸਿੰਘ ਦੀਆਂ ਸੈਂਕੜੇ ਤਸਵੀਰਾਂ ਤੇ ਉਸ ਦੀਆਂ ਲਿਖਤਾਂ 'ਚੋਂ ਲਈਆਂ ਟੂਕਾਂ ਵਾਲੀਆਂ ਤਖਤੀਆਂ ਉੱਚੀਆਂ ਹੋਈਆਂ ਹਨ ਤੇ ਇਹ ਟੂਕਾਂ ਬੁਲਾਰਿਆਂ ਦੇ ਬੋਲਾਂ 'ਚ ਉਤਰ ਆਈਆਂ ਹਨ। ਇਹ ਨਾਅਰਾ ਬੁਲੰਦ ਕੀਤਾ ਗਿਆ ਹੈ ਕਿ ''ਸ਼ਹੀਦ ਭਗਤ ਸਿੰਘ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ''। ਮਲੇਰਕੋਟਲੇ ਤੋ ਚੱਲ ਕੇ ਇਹ ਤਸਵੀਰਾਂ ਦਿੱਲੀ ਦੇ ਸ਼ਹੀਨ ਬਾਗ ਤੇ ਜਾਮੀਆ ਮਿਲੀਆ ਇਸਲਾਮੀਆ ਯੂਨਿ. ਤੱਕ ਵੀ ਪੁੱਜੀਆਂ ਹਨ।

ਅੱਗੇ ਪੜੋ

ਡੁੱਲ੍ਹੇ ਬੇਰ ਹਾਲੇ ਵੀ ਚੁੱਕਣ ਦੇ ਕਾਬਿਲ - ਮਿੰਟੂ ਬਰਾੜ ਆਸਟ੍ਰੇਲੀਆ

Posted on:- 17-02-2020

suhisaver

ਦਿੱਲੀ 'ਚ ਕੰਮ ਦੀ ਜਿੱਤ ਹੋਈ ਤੇ ਨਫ਼ਰਤ ਦੀ ਹਾਰ। ਭਾਜਪਾ ਨੇ ਆਪਣੀ ਸਾਰੀ ਤਾਕਤ ਝੋਕ ਕੇ ਚੋਣਾਂ ਦੇ ਅਖੀਰਲੇ ਦਿਨਾਂ 'ਚ ਹਰ ਇਕ ਨੂੰ ਸੋਚੀਂ ਪਾ ਦਿੱਤਾ ਸੀ। ਪਰ ਇਕੱਲੇ ਮਨੋਜ ਤਿਵਾੜੀ ਤੋਂ ਬਿਨਾਂ ਕਿਸੇ ਹੋਰ ਨੇ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਕੇਜਰੀਵਾਲ ਅਗਲੇ ਮੁੱਖਮੰਤਰੀ ਨਹੀਂ ਬਣ ਸਕਦੇ। ਬੱਸ ਹਰ ਇਕ ਦੀ ਸੋਚ ਸੀ ਕਿ ਦੇਖੋ ਕਿੰਨੀਆਂ ਸੀਟਾਂ ਲੈ ਕੇ ਆਪ ਤੀਜੀ ਬਾਰ ਸੱਤਾ 'ਚ ਆਉਂਦੀ ਹੈ। ਭਾਵੇਂ ਸਰਵੇ ਕੇਜਰੀਵਾਲ ਨੂੰ ਪੰਜਾਹ ਤੋਂ ਵੱਧ ਸੀਟਾਂ ਦਿੰਦੇ ਰਹੇ ਪਰ ਬੁੱਧੀਜੀਵੀ ਵਰਗ ਅਮਿਤ ਸ਼ਾਹ ਦੀਆਂ ਚਾਲਾਂ ਤੋਂ ਭੈਭੀਤ ਦਿਸ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕੁਝ ਵੀ ਹੋ ਸਕਦਾ। ਪਰ ਅਖੀਰ 'ਚ 62 ਸੀਟਾਂ ਤੇ ਜਿੱਤ ਦਰਜ ਕਰ ਕੇ ਆਪ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਨਾਲੇ ਸੋਚੀ ਪਾ ਦਿੱਤਾ ਕਿ ਹੁਣ ਸਹੀ ਸਮਾਂ ਹੈ ਆਪ ਦਾ ਦਿੱਲੀ ਤੋਂ ਬਾਹਰ ਖੰਭ ਖਿਲਾਰਨ ਦਾ।  ਜਦੋਂ ਇਹ ਗੱਲ ਉੱਠਦੀ ਹੈ ਤਾਂ ਸਭ ਤੋਂ ਪਹਿਲਾਂ ਅੱਖ ਪੰਜਾਬ 'ਤੇ ਆਉਂਦੀ ਹੈ।

ਇਕ ਵੇਲਾ ਸੀ ਜਦੋਂ ਪੰਜਾਬ ਨੇ ਵੀ ਆਪ ਨੂੰ ਅੱਖੀਂ ਬਿਠਾ ਲਿਆ ਸੀ। ਪਰ ਨੋਸਿਖਿਆ ਵੱਲੋਂ ਹੋਈਆਂ ਬੱਜਰ ਗ਼ਲਤੀਆਂ ਕਾਰਨ ਪੰਜਾਬ 'ਚ ਆਉਂਦਿਆਂ ਅੱਸੀ ਤੋਂ ਵੀ ਵੱਧ ਸੀਟਾਂ ਵੀਹ 'ਚ ਸਿਮਟ ਕੇ ਰਹਿ ਗਈਆਂ ਸਨ। ਜੋ ਬਾਅਦ 'ਚ ਹੋਰ ਵੀ ਖੇਰੂੰ-ਖੇਰੂੰ ਹੋ ਗਈਆਂ ਸਨ।
ਪਿਛੋਕੜ ਦੀਆਂ ਹੋਈਆਂ ਗ਼ਲਤੀਆਂ ਤੋਂ ਸਿੱਖ ਕੇ ਜੇ ਹੁਣ ਵੀ ਆਪ ਕੁਝ ਵੱਡੇ ਫ਼ੈਸਲੇ ਕਰ ਲਵੇ ਤਾਂ ਹੋ ਸਕਦਾ ਪੰਜਾਬ ਵੀ ਜਿੱਤ ਲਵੇ। ਜੋ ਕੋਈ ਅਸੰਭਵ ਕੰਮ ਨਹੀਂ ਦਿਸ ਰਿਹਾ। ਨਵਜੋਤ ਸਿੱਧੂ ਅੱਜ ਵੀ ਚੌਰਾਹੇ ਤੇ ਖੜ੍ਹਾ। ਉਨ੍ਹਾਂ ਦੀ ਕਾਬਲੀਅਤ ਤੇ ਭਰੋਸਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਨਾ ਕਿ ਸਟਾਰ ਪ੍ਰਚਾਰਕ ਬਲਕਿ ਮੁੱਖਮੰਤਰੀ ਦਾ ਚਿਹਰਾ ਬਣਾ ਕੇ ਆਪ ਅੱਧੇ ਯੁੱਧ ਨੂੰ ਜਿੱਤ ਸਕਦੀ ਹੈ।  ਸਿੱਧੂ ਨਾਲ ਹੋਣਹਾਰ ਪਰਗਟ ਸਿੰਘ ਤੇ ਹੋ ਸਕਦਾ ਬੈਂਸ ਭਰਾ ਵੀ ਆ ਜਾਣ। ਡਾ ਧਰਮਵੀਰ ਗਾਂਧੀ ਜਿਹੇ ਬੇਦਾਗ਼ ਇਨਸਾਨਾਂ ਨੂੰ ਮਨਾਇਆ ਜਾ ਸਕਦਾ ਹੈ।  ਸੁਖਪਾਲ ਸਿੰਘ ਖਹਿਰਾ ਵੀ ਬੱਸ ਬਹਾਨਾ ਹੀ ਭਾਲਦਾ ਕਿ ਕੇਜਰੀਵਾਲ ਉਨ੍ਹਾਂ ਨੂੰ ਕਹਿਣ ਕਿ ਤੁਹਾਡਾ ਆਪ 'ਚ ਦੁਆਰਾ ਸੁਆਗਤ ਹੈ। ਮੇਰੇ ਹਿਸਾਬ ਨਾਲ ਤਾਂ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਵਾਪਸ ਬੁਲਾਇਆ ਜਾ ਸਕਦਾ ਹੈ।

ਅੱਗੇ ਪੜੋ

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ