Sat, 22 February 2020
Your Visitor Number :-   2392261
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਆਰਥਿਕ ਮੰਦੀ ਨੇ ਮਜ਼ਦੂਰ ਵਰਗ ਦੀ ਜ਼ਿੰਦਗੀ ਬਣਾਈ ਦੁਸ਼ਵਾਰ

Posted on:- 24-01-2020

-ਸੂਹੀ ਸਵੇਰ ਬਿਊਰੋ
       
ਆਰਥਿਕ ਮੰਦੀ ਨੇ ਜਿਥੇ ਸਮੂਹ ਕਾਰੋਬਾਰਾਂ `ਤੇ ਬੁਰਾ ਅਸਰ ਪਾਇਆ ਹੈ ,ਲੋਕਾਂ ਦੇ ਰੁਜ਼ਗਾਰ ਖੁੱਸੇ ਹਨ ,ਬੇਰੁਜ਼ਗਾਰੀ ਸਿਖਰਾਂ `ਤੇ ਗਈ ਹੈ ।ਲੋਕਾਂ ਨੂੰ ਆਪਣੀ ਰੋਜ਼ੀ -ਰੋਟੀ ਦੇ ਲਾਲੇ ਪਏ ਹੋਏ ਹਨ ਉਥੇ  ਆਰਥਿਕ ਮੰਦੀ ਤੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਮਜ਼ਦੂਰ ਵਰਗ ਨੂੰ ਵੀ ਬੁਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਹੈ । ਕੇਂਦਰ ਸਰਕਾਰ ਦੇ ਅੰਕੜਾ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 45 ਸਾਲਾਂ ਦੌਰਾਨ ਦੇਸ਼ ਅੰਦਰ ਬੇਰੁਜ਼ਗਾਰੀ ਸਭ ਤੋਂ ਵੱਧ ਰਹੀ ਹੈ। ਗ਼ੈਰ ਸੰਗਠਿਤ ਖੇਤਰ ਦੇ ਕਿਰਤੀ ਇਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਬਿਨਾਂ ਕਿਸੇ ਸਮਾਜਿਕ ਸੁਰੱਖਿਆ ਅਤੇ ਆਏ ਦਿਨ ਕਰ ਕੇ ਖਾਣ ਤੱਕ ਮਹਿਦੂਦ ਕਿਰਤ ਸ਼ਕਤੀ ਦਾ 93 ਫ਼ੀਸਦ ਹਿੱਸਾ ਗ਼ੈਰ ਜਥੇਬੰਦ ਹੋਣ ਕਰਕੇ ਇਸ ਦੀ ਸਰਕਾਰੇ ਦਰਬਾਰੇ ਵੀ ਸੁਣਵਾਈ ਘੱਟ ਹੀ ਹੈ। ਇਸ ਲਈ ਕਿਰਤੀਆਂ ਨੂੰ ਘੱਟੋ ਘੱਟ ਉਜਰਤ ਵੀ ਨਹੀਂ ਮਿਲਦੀ। ਪੰਜਾਬ ਵਿਚ ਖੇਤੀ ਦੇ ਮਸ਼ੀਨੀਕਰਨ, ਉਦਯੋਗਾਂ ਦੇ ਉਜਾੜੇ, ਸੇਵਾ ਖੇਤਰ ਦੀ ਕਮਜ਼ੋਰੀ ਅਤੇ ਮਗਨਰੇਗਾ ਵਰਗੇ ਬੁਨਿਆਦੀ ਅਧਿਕਾਰ ਦੀ ਸ਼ਰ੍ਹੇਆਮ ਹੋ ਰਹੀ ਉਲੰਘਣਾ ਕਾਰਨ ਰੁਜ਼ਗਾਰ ਦੇ ਦਿਨ ਘਟਦੇ ਜਾ ਰਹੇ ਹਨ ਅਤੇ ਚੁੱਲ੍ਹੇ ਦੀ ਅੱਗ ਬੁੱਝਣ ਦੀ ਨੌਬਤ ਆ ਰਹੀ ਹੈ।

 ਦਿ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੀ ਰਿਪੋਰਟ ਅਨੁਸਾਰ ਨਵੰਬਰ 2016 ਵਿਚ ਪੰਜਾਬ ’ਚ ਗ਼ੈਰ ਸੰਗਠਿਤ ਖੇਤਰ ਦੀ ਬੇਰੁਜ਼ਗਾਰੀ ਦੀ ਦਰ 4.9 ਫ਼ੀਸਦ ਸੀ, ਜੋ ਦਸੰਬਰ 2016 ਵਿਚ ਵਧ ਕੇ 6.1, ਜੂਨ 2017 ਵਿਚ 8.9, ਅਕਤੂਬਰ 2018 ਵਿਚ 11.7 ਅਤੇ ਫਰਵਰੀ 2019 ਵਿਚ 12.4 ਫ਼ੀਸਦ ਹੋ ਗਈ। ਉਸਾਰੀ ਦਾ ਕੰਮ ਲਗਪਗ ਠੱਪ ਹੋਣ ਵਾਂਗ ਹੈ। ਪੰਜਾਬ ਵਿਚ ਅਧਿਕਾਰਤ ਤੌਰ ’ਤੇ ਗ਼ੈਰ ਹੁਨਰਮੰਦ ਕਾਮਿਆਂ ਲਈ ਐਲਾਨੀ ਗਈ ਘੱਟੋ ਘੱਟ ਉਜਰਤ 311.12 ਰੁਪਏ ਪ੍ਰਤੀ ਮਹੀਨਾ ਹੈ। ਹੁਨਰਮੰਦ ਕਿਰਤੀ ਲਈ ਇਹ 375.62 ਰੁਪਏ ਹੈ।

ਅੱਗੇ ਪੜੋ

ਸਟੱਡੀ ਵੀਜ਼ੇ ਲਈ ਮਾਪੇ ਕਰਜ਼ੇ ਚੁੱਕਣ ਨੂੰ ਮਜਬੂਰ

Posted on:- 09-10-2019

suhisaver

-ਸੂਹੀ ਸਵੇਰ ਬਿਊਰੋ
           
ਪੰਜਾਬ ਚ ਹੁਣ `ਸਟੱਡੀ ਵੀਜ਼ਾ ਵੀ ਕਰਜ਼ੇ ਦਾ ਕਾਰਨ ਬਣਨ ਲੱਗਾ ਹੈ । ਮਾਂ-ਬਾਪ ਧੀਆਂ ਪੁੱਤਾਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ `ਤੇ  ਲਾ ਰਹੇ ਹਨ । ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਤੇ ਟਰੈਕਟਰਾਂ ਬਿਨਾਂ ਘਰ ਖਾਲੀ ਹੋਣ ਲੱਗੇ ਹਨ। ਜ਼ਮੀਨਾਂ ਦੇ ਗ੍ਰਾਹਕ ਨਹੀਂ ਲੱਭ ਰਹੇ। ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ। ਜਹਾਜ਼ ਦੀ ਟਿਕਟ ਲਈ ਪਸ਼ੂ ਤੇ ਵਿਦੇਸ਼ੀ ਫੀਸਾਂ ਲਈ ਖੇਤੀ ਮਸ਼ੀਨਰੀ ਦਾ ਵਿਕਣਾ ਹੁਣ ਲੁਕੀ ਛਿਪੀ ਗੱਲ ਨਹੀਂ। ਪੂਰੇ ਇੱਕ ਵਰ੍ਹੇ ਤੋਂ ਨਰਮੇ ਪੱਟੀ  ਖ਼ਿੱਤੇ ’ਚ ਸਟੱਡੀ ਵੀਜ਼ੇ ਤੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਸਿਖਰ ਵੱਲ ਹੋਇਆ ਹੈ।
             
ਬਠਿੰਡਾ ਜ਼ਿਲ੍ਹੇ ਦੇ ਵਿਚ ਕਿਸਾਨੀ ਪਰਿਵਾਰਾਂ ਚ ਕਈ ਅਜਿਹੇ ਕੇਸ ਆਏ ਹਨ ਜਿਥੇ ਮਾਪਿਆਂ ਨੇ ਆਪਣੇ ਮੁੰਡੇ ਕੁੜੀਆਂ ਨੂੰ ਸਟੱਡੀ ਵੀਜ਼ੇ `ਤੇ  ਵਿਦੇਸ਼ ਤੋਰਨ ਲਈ ਪੂਰੀ ਖੇਤੀ ਮਸ਼ੀਨਰੀ ਵੇਚ ਦਿੱਤੀ ਤੇ ਪਸ਼ੂ ਵੇਚ ਦਿੱਤੇ । ਬਠਿੰਡਾ ਦੀ ਭੁੱਚੋ ਮੰਡੀ ਦੇ ਨੀਟਾ ਜਵੈਲਰਜ਼ ਦੇ ਮਾਲਕ ਗੁਰਦਵਿੰਦਰ ਜੌੜਾ ਨੇ ਦੱਸਿਆ ਕਿ ਹੁਣ ਇੱਕੋ ਦਿਨ ’ਚ ਚਾਰ ਚਾਰ ਕੇਸ ਗਹਿਣੇ ਗਿਰਵੇ ਰੱਖਣ ਤੇ ਵੇਚਣ ਵਾਲੇ ਆਉਂਦੇ ਹਨ, ਜਿਨ੍ਹਾਂ ’ਚੋਂ 50 ਫੀਸਦੀ ਕੇਸ ਸਟੱਡੀ ਵੀਜ਼ੇ ਵਾਲੇ ਹੁੰਦੇ ਹਨ। ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕੋਲ ਗਹਿਣਿਆਂ ’ਤੇ ਲੋਨ ਲੈਣ ਵਾਲੇ ਕੇਸ ਵਧੇ ਹਨ। ਬਰਨਾਲਾ ਦੇ ਮਿੱਤਲ ਜਵੈਲਰਜ਼ ਦੇ ਮਾਲਕ ਅਮਨ ਮਿੱਤਲ ਨੇ ਦੱਸਿਆ ਕਿ ਪਿੰਡਾਂ ਚੋਂ ਹੁਣ ਗਹਿਣੇ ਵੇਚਣ ਦਾ ਰੁਝਾਨ ਵਧਿਆ ਹੈ ਅਤੇ ਮਾਪੇ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜਣ ਖਾਤਰ ਕੰਨਾਂ ਦਾ ਸੋਨਾ ਵੀ ਵੇਚ ਰਹੇ ਹਨ। ਇਸੇ ਤਰ੍ਹਾਂ ਗਿੱਦੜਬਹਾ ਦੇ ਮੇਨ ਜਵੈਲਰਜ਼ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਹਰ ਮਹੀਨੇ ਅੱਠ ਤੋਂ ਦਸ ਕੇਸ ਏਦਾਂ ਦੇ ਆਉਣ ਲੱਗੇ ਹਨ। ਬਹੁਤੇ ਮਾਪੇ ਇਸ ਨੂੰ ਮਜਬੂਰੀ ਦੱਸਦੇ ਹਨ।

ਅੱਗੇ ਪੜੋ

ਆਰਥਿਕ ਮੰਦੀ ਦਾ ਪੰਜਾਬ `ਤੇ ਦਿਖਦਾ ਅਸਰ

Posted on:- 24-09-2019

suhisaver

 -ਸੂਹੀ ਸਵੇਰ ਬਿਊਰੋ
             
ਕੇਂਦਰ ਸਰਕਾਰ ਦੀਆਂ ਗ਼ਲਤ ਆਰਥਿਕ ਨੀਤੀਆਂ , ਨੋਟਬੰਦੀ ਤੇ  ਜੀਐੱਸਟੀ ਕਾਰਨ ਦੇਸ਼ `ਚ ਮੰਦੀ ਦਾ ਅਸਰ ਹੁਣ ਪੰਜਾਬ `ਤੇ ਵੀ ਦਿਖਣ ਲੱਗਾ ਹੈ |ਪੰਜਾਬ ਦੇ  ਖੇਤੀ ਮਸ਼ੀਨਰੀ ਉਦਯੋਗ , ਕੱਪੜਾ ਉਦਯੋਗ ਕਾਫੀ ਪ੍ਰਭਾਵਤ ਹੋਏ ਹਨ | ਕਈ ਅਦਾਰੇ ਬੰਦ ਹੋ ਗਏ ਹਨ ਤੇ ਕਈ ਬੰਦ ਹੋਣ ਕਿਨਾਰੇ ਹਨ | ਟਰੈੱਕਟਰਾਂ ਦੀ ਵਿਕਰੀ `ਚ 19 ਫ਼ੀਸਦੀ ਕਮੀ ਆਈ ਹੈ | ਕਾਰਖਾਨੇ ਬੰਦ ਹੋਣ ਨਾਲ ਲੋਕ ਬੇਰੁਜ਼ਗਾਰ ਹੋ ਗਏ ਹਨ | ਸ਼ਹਿਰਾਂ ਵਿਚ ਉਹਨਾਂ ਮਜ਼ਦੂਰਾਂ ਦੀ ਗਿਣਤੀ ਵਧੀ ਹੈ |ਜਿਨ੍ਹਾਂ ਨੂੰ ਮਹੀਨੇ `ਚ ਮਹਿਜ਼ ਪੰਦਰਾਂ ਦਿਨ ਹੀ ਕੰਮ ਮਿਲਦਾ ਹੈ |
            
ਪੰਜਾਬ  ਵਿਚ 72,311.85 ਕਰੋੜ ਰੁਪਏ ਦੀ ਮਾਲੀਆ ਵਸੂਲੀ ਦੇ ਟੀਚੇ ਦੇ ਮੁਕਾਬਲੇ 60832.28 ਕਰੋੜ ਰੁਪਏ ਹੀ ਵਸੂਲੀ ਹੋਈ ਹੈ। ਜੀਐੱਸਟੀ ਵਿਚ ਗਿਰਾਵਟ ਲਗਾਤਾਰ ਜਾਰੀ ਹੈ। ਅਪਰੈਲ ਤੋਂ ਜੂਨ ਤੱਕ ਦਸ ਫ਼ੀਸਦ ਟੈਕਸ ਵਸੂਲੀ ਦਾ ਟੀਚਾ ਸੀ ਪਰ ਵਸੂਲੀ ਦੀ ਦਰ ਸੱਤ ਫ਼ੀਸਦ ਰਹੀ। ਜੁਲਾਈ ਅਤੇ ਅਗਸਤ ਮਹੀਨਿਆਂ ’ਚ ਇਹ ਘਟ ਕੇ ਪੰਜ ਫ਼ੀਸਦ ਉੱਤੇ ਆ ਗਈ। ਸਾਲ 2018-19 ਦੀ ਪਹਿਲੀ ਤਿਮਾਹੀ ਦਾ ਮਾਲੀਆ 3617 ਕਰੋੜ ਸੀ, ਜੋ 2019-20 ਵਿਚ ਘਟ ਕੇ 3252 ਕਰੋੜ ਰੁਪਏ ਰਹਿ ਗਿਆ ਹੈ। ਜੀਐੱਸਟੀ ਦਾ ਇਹ ਘਾਟਾ ਦਸ ਫ਼ੀਸਦੀ ਹੈ।
          
ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਨਾਲ ਸ਼ੁਰੂ ਹੋਈ ਮੰਦੀ ਅਤੇ ਮਗਰੋਂ ਜੀਐੱਸਟੀ ਲਾਗੂ ਹੋਣ ਨਾਲ ਹਾਲਤ ਹੋਰ ਵਿਗੜੀ ਹੈ। ਇਸ ਕਾਰਨ ਛੋਟੇ ਕਾਰੋਬਾਰੀ, ਕਾਰੋਬਾਰ ਵਿਚੋਂ ਬਾਹਰ ਹੋ ਰਹੇ ਹਨ। ਅਰਥ ਸ਼ਾਸਤਰੀ ਪ੍ਰੋਫ਼ੈਸਰ ਰਣਜੀਤ ਸਿੰਘ  ਘੁੰਮਣ ਨੇ ਕਿਹਾ ਕਿ 2022 ਤੱਕ ਤਾਂ ਜੀਐੱਸਟੀ ਦੀ ਭਰਪਾਈ ਕੇਂਦਰ ਸਰਕਾਰ ਨੇ ਕਰਨੀ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਜੇ ਹਾਲਾਤ ਇਹੀ ਰਹੇ ਤਾਂ 2022 ਮਗਰੋਂ ਪੰਜਾਬ ਦਾ ਕੀ ਬਣੇਗਾ। ਨਿਵੇਸ਼ ਲਈ ਮਾਹੌਲ ਪੈਦਾ ਕਰਨਾ ਹੁੰਦਾ ਹੈ, ਜੋ ਨਹੀਂ ਬਣ ਪਾ ਰਿਹਾ।  ਕਾਰੋਬਾਰ ਵਿਚ ਆਈ ਖੜੋਤ ਕਾਰਨ ਲੋਕਾਂ ਦੀਆਂ ਜੇਬਾਂ ਵਿਚ ਪੈਸਾ ਘਟ ਗਿਆ ਹੈ ਤੇ ਉਨ੍ਹਾਂ ਦੀ ਖਰੀਦ ਸ਼ਕਤੀ ਵੀ ਘਟ ਗਈ ਹੈ।

ਅੱਗੇ ਪੜੋ

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ