Sun, 26 May 2019
Your Visitor Number :-   1710973
SuhisaverSuhisaver Suhisaver
ਪੱਛਮੀ ਬੰਗਾਲ ਦੇ 9 ਲੋਕ ਸਭਾ ਹਲਕਿਆਂ 'ਚ ਚੋਣ ਕਮਿਸ਼ਨ ਨੇ ਪ੍ਰਚਾਰ 'ਤੇ ਲਗਾਈ ਪਾਬੰਦੀ               ਪਾਕਿਸਤਾਨ ਨੇ ਜਾਰੀ ਕੀਤੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀਆਂ ਤਾਜ਼ਾ ਤਸਵੀਰਾਂ              

ਖ਼ਤਰੇ ਵਿੱਚ ਲੋਕਤੰਤਰ ਦਾ ਚੌਥਾ ਥੰਮ੍ਹ -ਸ਼ਿਵ ਇੰਦਰ ਸਿੰਘ

Posted on:- 03-05-2019

suhisaver

ਲੋਕਤੰਤਰ ਦਾ ਚੌਥਾ ਥੰਮ੍ਹ ਮੰਨੇ ਜਾਣ ਵਾਲੇ ਮੀਡੀਆ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਸਹੀ ਸੂਚਨਾ ਤਾਂ ਲੋਕਾਂ ਤੱਕ ਪਹੁੰਚਾਵੇ ਹੀ ਸਗੋਂ ਸਰਕਾਰ ਨੂੰ ਉਸਦੀ ਜਵਾਬਦੇਹੀ ਦਾ ਅਹਿਸਾਸ ਵੀ ਕਰਾਉਂਦਾ ਰਹੇ । ਕਾਰਪੋਰੇਟ ਗਲਬੇ ਵਾਲਾ ਮੁਲਕ ਦਾ ਮੀਡੀਆ ਆਪਣੀ ਬਣਦੀ ਡਿਊਟੀ ਤੋਂ ਬਿਲਕੁਲ ਉਲਟ ਸਰਕਾਰ ਦੀ `ਕੀਰਤਨ ਮੰਡਲੀ` ਬਣ ਕੇ ਰਹਿ ਗਿਆ ਹੈ । ਪਿੱਛੇ ਜਿਹੇ `ਕੋਬਰਾ ਪੋਸਟ`  ਦੁਆਰਾ ਕੀਤਾ  ਸਟਿੰਗ ਅਪਰੇਸ਼ਨ ਭਾਰਤੀ ਮੀਡੀਏ ਦੀ ਮੌਜੂਦਾ ਹਾਲਤ ਨੂੰ ਭਲੀਭਾਂਤ ਦਰਸਾਉਂਦਾ ਹੈ । ਸੱਤਾਧਾਰੀਆਂ ਤੇ ਉਸਦੇ ਹਮਾਇਤੀਆਂ ਦੁਆਰਾ ਮੀਡੀਆ ਘਰਾਣਿਆਂ ਨੂੰ ਕੰਟਰੋਲ ਕਰਕੇ ਪੱਤਰਕਾਰੀ ਦਾ ਗਲਾ ਘੁੱਟਣ , ਪੱਤਰਕਾਰਾਂ ਨੂੰ ਨਿਰਪੱਖ ਪੱਤਰਕਾਰੀ ਕਾਰਨ ਨੌਕਰੀ ਤੋਂ ਹੱਥ ਧੋਣ ਤੋਂ ਲੈ ਕੇ ਝੂਠੇ ਕੇਸਾਂ `ਚ ਉਲਝਾਉਣ , ਧਮਕੀਆਂ ਮਿਲਣਾ ਤੇ ਕਤਲ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ । ਹੁਣ 18 ਅਪਰੈਲ ਨੂੰ ਆਈ ਇੱਕ ਕੌਮਾਂਤਰੀ ਸੰਸਥਾ ਦੀ ਰਿਪੋਰਟ ਹੋਰ ਵੀ ਪਰੇਸ਼ਾਨ ਕਰਨ ਵਾਲੀ ਹੈ ।  

ਪੈਰਿਸ ਸਥਿਤ ਗ਼ੈਰ-ਲਾਭਕਾਰੀ ਸੰਸਥਾ `ਰਿਪੋਰਟਰਸ ਵਿਦਆਊਟ ਬਾਰਡਰਸ` ਜਿਸ ਦਾ ਕੰਮ ਦੁਨੀਆ `ਚ ਮੀਡੀਆ ਦੀ ਆਜ਼ਾਦੀ ਬਾਰੇ ਅੰਕੜੇ ਇਕੱਠੇ ਕਰਨਾ ਤੇ ਪੱਤਰਕਾਰਾਂ `ਤੇ ਹੋ ਰਹੇ ਹਮਲਿਆਂ ਦਾ ਰਿਕਾਰਡ ਰੱਖਣਾ ਹੈ , ਦੀ ਸਲਾਨਾ ਰਿਪੋਰਟ ਅਨੁਸਾਰ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ `ਚ ਭਾਰਤ 180 ਮੁਲਕਾਂ `ਚੋਂ 140 ਵੇਂ ਨੰਬਰ `ਤੇ ਆ ਗਿਆ ਹੈ । ਪਿਛਲੇ ਸਾਲ ਭਾਰਤ ਦਾ ਨੰਬਰ 138 ਸੀ । ਪਿਛਲੇ ੨ ਸਾਲਾਂ `ਚ ਭਾਰਤ ਚਾਰ ਡੰਡੇ ਥੱਲੇ ਗਿਆ ਹੈ ।ਇਸੇ ਰਿਪੋਰਟ `ਚ ਕਿਹਾ ਗਿਆ ਹੈ ਕਿ ਦੇਸ਼ `ਚ ਹੋ ਰਹੀਆਂ ਲੋਕ ਸਭਾ ਚੋਣਾਂ ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਦੌਰ  ਹਨ ।  ਸਾਲ 2018 `ਚ 6 ਪੱਤਰਕਾਰਾਂ ਨੂੰ ਆਪਣੀ ਜਾਨ ਪੱਤਰਕਾਰੀ ਦੌਰਾਨ ਗਵਾਉਣੀ ਪਈ । ਰਿਪੋਰਟ ਅੱਗੇ ਦੱਸਦੀ ਹੈ ਕਿ  ਪੱਤਰਕਾਰਾਂ ਖਿਲਾਫ ਹੁੰਦੀ ਹਿੰਸਾ `ਚ ਨਕਸਲੀ ਹਿੰਸਾ , ਪੁਲਿਸ ਹਿੰਸਾ , ਸਿਆਸੀ ਬਦਲਾਖੋਰੀ ਤੇ ਅਪਰਾਧ ਜਗਤ ਦੀ ਹਿੰਸਾ ਸ਼ਾਮਲ ਹੈ ।ਪੇਂਡੂ ਖੇਤਰਾਂ `ਚ ਸਥਾਨਕ ਭਾਸ਼ਾਵਾਂ `ਚ ਕੰਮ ਕਰਨ ਵਾਲੇ ਪੱਤਰਕਾਰ ਵਧੇਰੇ ਹਿੰਸਾ ਦਾ ਸ਼ਿਕਾਰ ਹੁੰਦੇ ਹਨ । ਸੱਤਾਧਾਰੀ ਭਾਜਪਾ ਸਮਰਥਕਾਂ ਵੱਲੋਂ ਕੀਤੇ ਹਮਲਿਆਂ `ਚ ਵਾਧਾ ਹੋਇਆ ਹੈ । ਹਿਂਦੂਤਵੀਆਂ ਵਲੋਂ ਉਹਨਾਂ ਖ਼ਿਲਾਫ਼ ਲਿਖਣ ਬੋਲਣ ਵਾਲੇ ਪੱਤਰਕਾਰਾਂ ਨਾਲ ਸੋਸ਼ਲ ਮੀਡੀਆ `ਤੇ ਗਾਲੀ -ਗਲੋਚ ਆਮ ਵਰਤਾਰਾ ਬਣ ਗਿਆ ਹੈ ।

ਅੱਗੇ ਪੜੋ

ਮੰਗੋ ਮਾਈ -ਮੁਖਤਿਆਰ ਸਿੰਘ

Posted on:- 20-09-2016

suhisaver

ਸੰਤੋ ਸਰੂਰ ‘ਚ ਤੁਰੀ ਆਈ।ਉਸ ਨੇ ਰਾਤੀਂ,ਛੋਟਾ ਹਾੜਾ ਹੀ ਲਿਆ ਸੀ।ਉਹ ਸਰਦਾਰ ਕਰਨੈਲ ਸਿਉਂ ਦੇ ਘਰੋਂ ਤੁਰਨ ਲੱਗਿਆ ਹੀ ਠੀਕ ਹੋ ਗਈ ਸੀ।ਉਹ ਆਪਣੇ ਘਰ ਤਕ ਤੁਰੀ ਆਉਂਦੀ ਹੌਲੀ ਫੁੱਲ ਹੋ ਗਈ ਸੀ।ਉਸ ਦਾ ਪੈਰ ਟਿਕਾਣੇ ਸਿਰ ਧਰ ਹੋ ਰਿਹਾ ਸੀ।ਸੁੰਦਰ ਮੁਹੱਲੇ ਵਾਲੀ ਗੰਦੇ ਪਾਣੀ ਦੀ ਟੇਢੀ-ਮੇਢੀ ਨਾਲੀ ਧਿਆਨ ਨਾਲ ਟੱਪ ਰਹੀ ਸੀ।ਉਸ ਨੇ ਬੀਹੀ ਵਾਲੀਆਂ ਜਨਾਨੀਆਂ ਅਤੇ ਬੱਚਿਆਂ ਵੱਲ ਬਹੁਤਾ ਖਿਆਲ ਨਹੀਂ ਕੀਤਾ।ਕਈ ਜਣੀਆਂ ਹੈਰਾਨ ਸਨ ਕਿ ਨੀਵੀਂ ਪਾਈ ਬਗੈਰ ਬੋਲੇ ਹੀ ਲੰਘ ਗਈ।

ਮੰਗੋ ਮਾਈ ਨੂੰ ਤਾਂ ਉਹ ਜ਼ਰੂਰ ਬੁਲਾਅ ਕੇ ਲੰਘਦੀ, “ਚਾਚੀ ਕੀ ਹਾਲ ਐ?ਖੰਘ ਨੂੰ ਰਾਮ ਐ?”

ਅਗੋਂ ਮੰਗੋ ਮਾਈ ਖੰਘ ਕੇ ਬੋਲਦੀ, “ਹਾਂ ਧੀਏ ਫਰਕ ਐ।ਮੁੰਡਾ ਦਵਾਈ ਲੈ ਕੇ ਆਇਆ ਤੀ।”

“ਚੰਗਾ ਚਾਚੀ ਰਾਮ ਆ ਜੂਗਾ।ਦਵਾਈ ਲਈ ਜਾਈਂ ਜਿਮੇਂ ਡਾਕਧਾਰ ਨੇ ਦੱਸਿਐ।” ਸੰਤੋ ਜਾਂਦੀ ਹੋਈ ਕਹਿ ਜਾਂਦੀ।

ਅੱਗੇ ਪੜੋ

ਪੱਤ ਕੁਮਲਾ ਗਏ (ਕਾਂਡ-7) -ਅਵਤਾਰ ਸਿੰਘ ਬਿਲਿੰਗ

Posted on:- 19-08-2013

suhisaver

-7-
ਜਦੋਂ ਗੁਰਮੇਲ ਕੌਰ ਦੀ ਅੱਖ ਖੁੱਲ੍ਹੀ ਤਾਂ ਅਜੈਬ ਮੋਟਰ ਵੱਲ ਜਾ ਚੁੱਕਾ ਸੀ। ਧਾਰਾਂ ਚੋਅ ਕੇ ਦੁੱਧ ਸੰਭਾਲ ਲਿਆ ਗਿਆ ਸੀ। ਘਰ ਜੋਗਾ ਰੱਖ ਕੇ ਬਾਕੀ ਦਾ ਡੇਅਰੀ ਵਿੱਚ ਪਹੁੰਚਦਾ ਕਰ ਦਿੱਤਾ ਸੀ। ਕੀ ਜੈਬੇ ਨੇ ਉੱਠ ਕੇ ਏਨੀ ਫੁਰਤੀ ਦਿਖਾਈ ਸੀ? ਮੇਹਰੂ ਨੇ ਖੂਹ ਤੋਂ ਆ ਕੇ ਏਨਾ ਕੰਮ ਕਰ ਦਿੱਤਾ ਸੀ? ਜਾਂ ਬਾਲੇ ਵੱਲੋਂ ਸੱਦੀ ਕਿਸੇ ਗੁਆਂਢਣ ਨੇ ਸਭ ਕੁਝ ਕਰ ਦਿਖਾਇਆ ਸੀ? ਰਛਪਾਲ ਨੇ ਏਨਾ ਵੱਡਾ ਚਮਤਕਾਰ ਤਾਂ ਉਸ ਵਕਤ ਵੀ ਨਹੀਂ ਸੀ ਕੀਤਾ, ਜਦੋਂ ਉਹ ਪੂਰੀ ਤੰਦਰੁਸਤ ਹੁੰਦੀ। ਹੁਣ ਤਾਂ ਭਲਾ ਉਸ ਨੂੰ ਛਿਲੇ ਵਿੱਚੋਂ ਉੱਠੀ ਨੂੰ ਗਿਣਵੇਂ ਦਿਨ ਹੋਏ ਸਨ।

ਗੁਰਮੇਲੋ ਨੂੰ ਅੰਦਰੋ-ਅੰਦਰ ਸ਼ਰਮਿੰਦਗੀ ਮਹਿਸੂਸ ਹੋਈ। ਉਹ ਘੋੜੇ ਵੇਚ ਕੇ ਸੁੱਤੀ ਕਿਉਂ ਸੀ? ਜਿਸ ਦਿਨ ਦੀ ਉਹ ਮਾਨੂੰਪੁਰ ਵਿਆਹੀ ਆਈ ਸੀ, ਉਸਨੂੰ ਹਰੇਕ ਨੇ ਹਮੇਸ਼ਾ ਜਾਗਦੀ ਦੇਖਿਆ ਸੀ। ਸਭ ਤੋਂ ਮਗਰੋਂ ਸੌਣਾ ਤੇ ਸਭ ਤੋਂ ਪਹਿਲਾਂ ਜਾਗਣਾ—ਉਸਦਾ ਨਿਤਨੇਮ ਸੀ। ਜਿੰਨੇ ਵਰ੍ਹੇ ਉਹ ਸਾਂਝੇ ਪਰਿਵਾਰ ਵਿੱਚ ਰਹੀ, ਸੱਸ ਜਾਂ ਜੇਠਾਣੀ ਨੂੰ ਕਦੇ ਹਾਕ ਨਹੀਂ ਸੀ ਮਾਰਨੀ ਪਈ।ਬਲਰਾਜ ਅਜੇ ਵੀ ਨੀਵੀਂ ਪਾਈ ਮਾਂ ਦੀਆਂ ਨਜ਼ਰਾਂ ਤੋਂ ਬਚਦਾ ਨਿੱਕੇ ਕਾਕੇ ਨਾਲ ਪਰਚਿਆ ਹੋਇਆ ਸੀ। ਜਵਾਕ ਉੱਤੇ ਕੋਡਾ ਹੋਇਆ ਆਪਣੇ ਤਿੱਖੇ ਨੱਕ ਨਾਲ ਰੌਣਕੀ ਦੇ ਕੁਤਕੁਤੀਆਂ ਕੱਢਣ ਦਾ ਦਿਖਾਵਾ ਕਰ ਰਿਹਾ ਸੀ। ਸੂਹਣ ਫੜੀ ਵਿਹੜਾ ਸੁੰਭਰਦੀ ਗੁਰਮੇਲ ਕੌਰ ਨੇ ਖੜ੍ਹ ਕੇ ਨਿਹਾਰਿਆ। ਉਸਦਾ ਪੋਤਰਾ ਜਿਵੇਂ ਮਣਕਿਆਂ ਵਰਗੀਆਂ ਸ਼ਾਹ ਕਾਲੀਆਂ ਅੱਖਾਂ ਨਾਲ ਆਪਣੇ ਪਿਓ ਨੂੰ ਪਛਾਣ ਰਿਹਾ ਸੀ। ਬੈੱਡ ਉੱਪਰ ਪਏ ਜਵਾਕ ਨੇ ਅਚਾਨਕ ਪਿਸ਼ਾਬ ਦੀ ਤੂਤਰੀ ਬਾਲੇ ਦੇ ਬੁੱਲ੍ਹਾਂ ਉੱਤੇ ਮਾਰੀ। ਉਸਦੀਆਂ ਮੁੱਛਾਂ ਭਿੱਜ ਗਈਆਂ। ਥੋੜੀ ਦੂਰ ਬੈਠੀਆਂ ਕਿਰਨ ਤੇ ਰਿੰਪੀ ਖਿੜ ਖਿੜਾ ਕੇ ਹੱਸੀਆਂ। ਗੁਰਮੇਲ ਕੌਰ ਨੇ ਵੀ ਇਹ ਨਜ਼ਾਰਾ ਦੇਖਿਆ। ਮਿੰਨੀ ਜਿਹੀ ਮੁਸਕਰਾਉਂਦੀ ਉਹ ਬੋਲੀ ਨਹੀਂ। ਰਾਤ ਵਾਲਾ ਬਦਲਾ ਰੌਣਕੀ ਨੇ ਆਪਣੇ ਡੈਡੀ ਤੋਂ ਲੈ ਲਿਆ ਸੀ। ਨਿੱਕੜਾ ਆਪਣੇ ਦਾਦੇ-ਦਾਦੀ ਦਾ ਕਿੰਨਾ ਵੱਡਾ ਹਮਾਇਤੀ ਸੀ। ਮਨ ਹੀ ਮਨ ਨਿਹਾਲ ਹੁੰਦੀ ਉਹ ਸੁੰਭਰਦੀ ਰਹੀ। ਛੋਟਾ ਵਿਹੜਾ! ਪੱਕਾ ਰਸਤਾ! ਰਾਹ ਸੁੰਭਰ ਕੇ ਉਹ ਪਾਰਲੇ ਵਾਗਲੇ ਵਿੱਚ ਰੜਕਾ ਮਾਰਨ ਚਲੀ ਗਈ।

ਅਜੀਬ ਜਿਹੇ ਖ਼ਿਆਲਾਂ ਨੇ ਹਾਲੇ ਵੀ ਉਸਨੂੰ ਘੇਰਿਆ ਹੋਇਆ ਸੀ। ਛੜਾ ਮਾਧੋ ਕਈ ਸਾਲ ਪਹਿਲਾਂ ਮਰ-ਮੁੱਕ ਗਿਆ ਸੀ। ਟਰਾਲੀ ਦੇ ਜੂਲ੍ਹੇ ਹੇਠ ਆ ਕੇ ਪਿਚਕੀ ਲੱਤ ਦੀ ਪਲਮ ਦੌੜ ਗਈ ਸੀ। ਜਿਊਂਦੇ ਜੀਅ ਛੜੇ ਨੇ ਗੁਰਮੇਲ ਤੋਂ ਗਿਣ ਗਿਣ ਬਦਲੇ ਲਏ ਸਨ। ਕੁੱਲ ਪੰਦਰਾਂ ਕਿੱਲਿਆਂ ਵਿੱਚੋਂ ਮੋਹਤਬਰ ਨੇ ਹਿੱਸੇ ਬੈਛਦੇ ਤਿੰਨ ਏਕੜ ਦੇ ਕੇ ਅਜੈਬ ਨੂੰ ਅੱਡ ਕਰ ਦਿੱਤਾ ਸੀ। ਦੋ ਹਿੱਸੇ ਆਪਣੇ ਅਤੇ ਈਸ਼ਰ ਕੌਰ ਦੇ ਵੀ ਰੱਖੇ ਸਨ। ਪੰਦਰਾਂ ਵਿੱਘੇ ਜ਼ਮੀਨ ਉੱਤੇ ਜੈਬਾ ਨਾ ਤਾਂ ਕੋਈ ਸਾਂਝੀ ਰੱਖ ਸਕਦਾ ਸੀ, ਨਾ ਹੀ ਬੀਤੀਆ। ਪਰ ਗੁਰਮੇਲੋ ਦੀ ਹੱਲਾਸ਼ੇਰੀ ਸਦਕਾ ਉਹ ਦੱਭ ਦੀ ਬੇੜ ਪਾ ਕੇ ਖੂਹ ਵਿੱਚ ਲਟਕ ਗਿਆ ਸੀ।

ਸੁਬ੍ਹਾ ਹਾਜ਼ਰੀ ਦੁਪਹਿਰਾ ਇਕੱਠਾ ਪਕਾ ਕੇ ਗੁਰਮੇਲੋ ਵੀ ਖੇਤ ਪਹੁੰਚ ਜਾਂਦੀ। ਜੈਬਾ ਹੱਲ੍ਹ ਵਾਹੁੰਦਾ ਤਾਂ ਉਹ ਛੰਡ ਚੁਗ਼ਦੀ। ਫੇਰ ਚਰ੍ਹੀ ਵੱਢਦੀ ਜਾਂ ਖੂੰਜੇ ਪੁੱਟਦੀ। ਹਰੇਕ ਰੁੱਤ ਅਨੁਸਾਰ ਕੋਈ ਵੀ ਕੰਮ ਕਰਦੀ, ਜੈਬੇ ਦਾ ਸਾਥ ਦਿੰਦੀ। ਗੋਦੀ ਦੇ ਜਵਾਕ ਨੂੰ ਵੀ ਖਿਡਾਉਂਦੀ।

ਅੱਗੇ ਪੜੋ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ