Fri, 14 June 2024
Your Visitor Number :-   7110851
SuhisaverSuhisaver Suhisaver

ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਕਿਵੇਂ ਬਚਾਇਆ ਜਾਵੇ -ਦਵਿੰਦਰ ਕੌਰ ਖੁਸ਼ ਧਾਲੀਵਾਲ

Posted on:- 21-02-2023

ਨਸ਼ਿਆਂ ਦੀ ਬਿਮਾਰੀ ਨੇ ਤਕਰੀਬਨ ਹਰ ਮੁਲਕ ਨੂੰ ਤਬਾਹੀ ਦੇ ਕੰਢੇ ਤੇ ਖੜ੍ਹਾ ਕਰ ਦਿੱਤਾ ਹੋਇਆ ਹੈ। ਸਰੀਰਕ ਤੇ ਮਾਨਸਿਕ ਬਿਮਾਰੀਆਂ ਚ ਨਿੱਤ ਨਵਾਂ ਵਾਧਾ ਹੋ ਰਿਹਾ ਹੈ। ਕੈਂਸਰ ਅਤੇ ਏਡਜ਼ ਵਰਗੀਆਂ ਮਾਰੂ ਬੀਮਾਰੀਆਂ ਨਾਲ ਲੋਕੀਂ ਕੁਰਲਾ ਰਹੇ ਹਨ ।ਮੌਤ ਦੇ ਮੂੰਹ ਜਾ ਰਹੇ ਹਨ। ਕਿਡਨੀ, ਦਿਲ, ਲੀਵਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਵੱਸਦੇ ਰਸਦੇ ਘਰ ਉੱਜੜ ਰਹੇ ਹਨ।ਲੱਖਾਂ ਹੀ ਜਵਾਨੀਆਂ  ਹਰ ਸਾਲ ਤਬਾਹ ਹੋਈਆਂ ਹਨ। ਤਕਰੀਬਨ ਅੱਸੀ ਫ਼ੀਸਦੀ ਨੌਜਵਾਨ ਪੀਡ਼੍ਹੀ ਇਸ ਪ੍ਰਕੋਪ ਵਿੱਚ ਗ੍ਰਸਤ ਹੋ ਚੁੱਕੀ ਹੈ, ਵਿਰਲਾ ਹੀ ਨਸੀਬਾਂ ਵਾਲਾ ਕੋਈ ਘਰ ਹੋਵੇਗਾ, ਜਿੱਥੇ ਪਰਿਵਾਰ ਨੂੰ ਇਸ  ਕਰੋਪੀ ਦਾ ਸੇਕ ਨਾ ਲੱਗਿਆ ਹੋਵੇ।

ਅਫ਼ਸੋਸ ਹੈ ਸਾਡੇ  ਕੱਲ੍ਹ ਦੇ ਵਾਰਿਸ  ਨੌਜਵਾਨ ਪੀੜ੍ਹੀ ਕੁਰਾਹੇ ਪਈ ਜਾ ਰਹੀ ਹੈ ।ਧਰਮ ਤੇ ਸ਼ਰਮ ਦੋਵੇਂ ਪੰਖ ਲਗਾ ਕੇ ਉੱਡ ਰਹੇ ਹਨ। ਤਸਕਰਾਂ ਵੱਲੋਂ ਲੱਖਾਂ ਹੀ ਲੋਕਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।ਨੌਜਵਾਨ ਪੀੜ੍ਹੀ ਨੇ ਨਸ਼ਿਆਂ ਦੀ ਪੂਰਤੀ ਲਈ ਅਪਰਾਧਾਂ, ਕਤਲਾਂ, ਲੁੱਟਾਂ, ਚੋਰੀਆਂ ਅਤੇ ਡਾਕਿਆਂ ਦੀ ਓਟ ਲੈ ਲਈ ਹੈ।ਵੈਸੇ ਤਾਂ ਨਸ਼ਿਆਂ ਦੀ ਬਿਮਾਰੀ ਦਾ ਅਸਰ ਹਰ ਮਨੁੱਖ ਉਪਰ ਹੀ ਹੋ ਰਿਹਾ ਹੈ, ਪਰ ਸਭ ਤੋਂ ਵੱਧ ਪ੍ਰਭਾਤ ਔਰਤ ਵਰਗ ਉੱਪਰ ਦਿਖਾਈ ਦੇ ਰਿਹਾ ਹੈ। ਹੱਸਦੇ ਖੇਡਦੇ ਘਰ ਉੱਜੜ ਰਹੇ ਹਨ।ਔਰਤਾਂ ਦੀ ਸ਼ੋਸ਼ਣ, ਲੁੱਟਾਂ ਖੋਹਾਂ, ਘਰੇਲੂ ਝਗੜਿਆਂ ,ਆਪਸੀ ਮਾਰਕੁਟਾਈਆਂ ,ਬਲਾਤਕਾਰਾਂ ਤੇ ਤਲਾਕਾਂ ਨੇ ਖ਼ੁਸ਼ੀ -ਖ਼ੁਸ਼ੀ ਵੱਸਦੇ ਘਰਾਂ ਨੂੰ ਖੇਰੂੰ- ਖੇਰੂੰ ਕਰ ਦਿੱਤਾ ਹੈ।ਖਾਸ ਕਰਕੇ ਸੂਬੇ ਦੀ ਨੌਜਵਾਨ ਪੀੜ੍ਹੀ ਤੇ ਵਿਦਿਆਰਥੀ ਵਰਗ ਨੂੰ ਹਲੂਣਾ ਦੇਣ ਅਤੇ ਜਾਗਰੂਕ ਕਰਨ ਦੀ ਲੋੜ ਹੈ।ਤਾਂ ਕਿ ਉਹ ਵੀ ਇਸ ਸਮੱਸਿਆ ਦੇ ਹੱਲ ਲਈ ਆਪਣਾ ਯੋਗਦਾਨ ਪਾ ਸਕਣ।

ਜੇਕਰ ਰੰਗਲੇ ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ ਦੀ ਗੱਲ ਕਰੀਏ ਤਾਂ ਸਰਹੱਦੋਂ ਪਾਰ ਆਉਂਦੀ ਕੋਕੀਨ ,ਹੈਰੋਇਨ, ਸਮੈਕ ਅਤੇ ਕਰੈਕ ਵਰਗੇ ਨਸ਼ਿਆਂ ਦੀ ਸਮਗਲਿੰਗ ਜਿੱਥੇ ਸਰਕਾਰ ਦੇ ਨੱਕ ਚ ਦਮ ਕੀਤਾ ਹੋਇਆ ਹੈ।ਉਥੇ ਦਾਨਿਸ਼ਮੰਦ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੋਇਆ ਹੈ ।ਸਵਾਲ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਘਰਾਂ ਵਿੱਚ ਰੋਟੀ ਦੀ ਸਮੱਸਿਆ ਹੈ, ਉਨ੍ਹਾਂ ਘਰਾਂ ਵਿੱਚ ਬੇਹਿਸਾਬੀ ਨਸ਼ੇ ਕਿਵੇਂ ਤੇ ਕਿੱਥੋਂ ਉਪਲਬਧ ਹੋ ਰਹੇ ਹਨ।ਇੰਤਜ਼ਾਮੀਆ ਪ੍ਰਬੰਧ ਵਿੱਚ ਇੱਥੋਂ ਤਕ ਨਿਘਾਰ ਆ ਗਿਆ ਕਿ ਹੁਣ ਤਾਂ ਕਈ  ਕੈਮਿਸਟਾਂ ਤੇ ਡਰੱਗ ਲੀਡਰਾਂ ਕੋਲੋਂ ਘਰਾਂ ਵਿਚ ਵੀ ਸਪਲਾਈ ਕੀਤੀ ਜਾ ਰਹੀ ਹੈ।ਜਿਸ ਨਾਲ ਮਨੁੱਖੀ ਸਦਾਚਾਰ ਸੱਭਿਆਚਾਰ ,ਧਰਮ, ਕਰਮ ਅਤੇ ਵਿਰਸੇ ਦਾ ਦਿਨੋ ਦਿਨ ਭੋਗ ਪੈਂਦਾ ਜਾ ਰਿਹਾ ਹੈ।ਇਕੱਲੇ ਮਰਦ ਤਾਂ ਕੀ ਹੁਣ ਤਾਂ ਔਰਤ ਵਰਗ ਨੇ ਵੀ ਨਸ਼ਿਆਂ ਦੀ ਤਸਕਰੀ ਦੇ ਮੋਰਚੇ ਸੰਭਾਲ ਲਏ ਹਨ।ਇਸ ਗੱਲ ਦੀ ਪੁਸ਼ਟੀ ਤਾਂ ਜੇਲ੍ਹਾਂ ਦੇ ਮੁਖੀਆਂ ਨੇ ਵੀ ਕਰ ਦਿੱਤੀ ਹੈ ਕਿ ਉੱਥੇ ਓਹ ਨਸ਼ੇ ਮਿਲ ਰਹੇ ਹਨ, ਜਿਹੜੇ ਕਦੇ ਬਾਹਰ ਵੀ ਨਹੀਂ ਮਿਲਦੇ ਹੋਣਗੇ।
      
ਹੁਣ ਤਾਂ ਸਭ ਤੋਂ ਜ਼ਿਆਦਾ ਨਸ਼ੇ ਦੇ ਸ਼ਿਕਾਰ ਗੋਲਡ ਮੈਡਲਿਸਟ ਵੀ ਖਿਡਾਰੀ ਵੀ ਹੋ ਰਹੇ ਹਨ।ਸਾਡੇ ਬੱਚੇ  ਇਕ ਬਹੁਤ ਵਧੀਆ ਖਿਡਾਰੀ ਹੋਣ ਦੇ ਬਾਵਜੂਦ ਵੀ ਨਸ਼ੇ ਦਿ ਭਰਪੂਰ ਖਿਡਾਰੀ ਬਣ ਗਏ ਹਨ।ਨਸ਼ਾ ਇਨ੍ਹਾਂ ਖੇਡਾਂ ਤੱਕ ਕਿਵੇਂ ਪਹੁੰਚਦਾ ਹੈ।ਸਿਰਫ਼ ਇੱਕ ਮੈਡਲ ਜਿੱਤਣ ਲਈ ਆਪਣੇ ਆਪ ਦਾ ਸਟੈਮਿਨਾ ਤੇਜ਼ ਕਰਨ ਲਈ ਕੀ ਇਨ੍ਹਾਂ ਨੂੰ ਨਸ਼ੇ ਦਿੱਤੇ ਜਾਂਦੇ ਹਨ ? ਖਿਡਾਰੀਆਂ ਨੂੰ ਨਸ਼ਿਆਂ ਦਾ ਆਦੀ ਬਣਾਉਣ ਵਿੱਚ ਕਿਸ ਦਾ ਹੱਥ ਹੋ ਸਕਦਾ ਹੈ।ਹਰ ਖਿਡਾਰੀ ਡੋਪ ਟੈਸਟ ਵੇਲੇ ਨਸ਼ਿਆਂ ਦਾ ਆਦੀ ਪਾਇਆ ਜਾਂਦਾ ਹੈ।ਨੌਜਵਾਨ ਪੀੜ੍ਹੀ ਨੂੰ ਦੱਸ ਰੁਪਏ ਦੀ ਖਾਤਰ ਨਾਬਾਲਗ ਬੱਚਿਆਂ ਨੂੰ ਸਿਗਰਟਾਂ ਵੇਚੀਆਂ ਜਾ ਰਹੀਆਂ ਹਨ, ਦੁਕਾਨਦਾਰ ਆਪਣਾ ਕੁਝ ਪੈਸਿਆਂ ਦੀ ਖ਼ਾਤਰ ਜ਼ਮੀਰ ਕਿਉਂ ਵੇਚ ਰਹੇ ਹਨ?
      
ਪੰਜਾਬ ਗੁਰੂਆਂ ਪੀਰਾਂ ਫ਼ਕੀਰਾਂ ਅਤੇ ਯੋਧਿਆਂ ਦੀ ਧਰਤੀ ਹੈ।ਇੱਥੇ ਇਹ ਲਿਖਣਾ ਯੋਗ ਹੋਵੇਗਾ ਕਿ ਸਿੱਖ ਧਰਮ, ਇਸਲਾਮ, ਬੁੱਧ ਧਰਮ, ਹਿੰਦੂ ਤੇ ਈਸਾਈ ਮੱਤ ਦੇ ਧਰਮ ਗ੍ਰੰਥਾਂ ਅਨੁਸਾਰ ਨਸ਼ੇ ਕਰਨੇ ਘੋਰ ਬੁਰਾਈ ਹਨ।ਜੇ ਕਰ ਗੈਰ ਸਰਕਾਰੀ ਵੇਚੇ ਜਾਂਦੇ ਨਸ਼ੇ ਅਪਰਾਧ ਹਨ ਤਾਂ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਹਰ ਮੋੜ ਤੇ ਖੋਲ੍ਹੇ ਗਏ ਸਰਕਾਰੀ ਠੇਕਿਆਂ ਰਾਹੀਂ   ਵੇਚੇ ਜਾਂਦੇ ਨਸ਼ੇ ਵੀ ਤਾਂ ਅਪਰਾਧ ਹੁੰਦੇ ਹੋਣਗੇ।ਜੇਕਰ ਸਰਕਾਰੀ ਤੇ ਗੈਰ ਸਰਕਾਰੀ ਸ਼ਰਾਬ ਅਤੇ ਬਹੁਤੇ  ਕੈਮਿਸਟਾਂ ਵੱਲੋਂ ਅਣਅਧਿਕਾਰਤ ਨਸ਼ਿਆਂ ਦੀ ਵਿਕਰੀ ਨੂੰ ਕੰਟਰੋਲ ਕਰ ਲਿਆ ਜਾਵੇ ਤਾਂ ਸ਼ਾਇਦ ਬਹੁਤੇ  ਹਸਪਤਾਲਾਂ ਜਾਂ ਨਸ਼ਾ ਛੁਡਾਊ ਕੇਂਦਰਾਂ ਦੀ ਲੋੜ ਵੀ ਘਟ ਜਾਵੇਗੀ।
       
ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਮਾਪਿਆਂ ,ਧਾਰਮਿਕ ਅਦਾਰਿਆਂ , ਸਮਾਜ ਸੇਵੀਆਂ ,ਸਿਆਸੀ ਲੀਡਰਾਂ ਰੋਲ ਮਾਡਲਾ, ਮੀਡੀਆ ਅਤੇ ਨੌਜਵਾਨ ਪੀੜ੍ਹੀ ਸਮੇਤ ਸਾਰੇ ਹੀ ਅਦਾਰੇ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਵਧੀਆ ਯੋਗਦਾਨ ਪਾਇਆ ਜਾ ਸਕਦਾ ਹੈ।ਵਿੱਦਿਅਕ ਅਦਾਰਿਆਂ ਵਿੱਚ ਨਸ਼ਿਆਂ ਦੀ ਪੜ੍ਹਾਈ ਸਬੰਧੀ ਸਿਲੇਬਸ ਹੋਣਾ ਚਾਹੀਦਾ ਹੈ।ਜਿਸ ਨਾਲ ਨਸ਼ਿਆਂ ਦੇ ਮਾਰੂ ਅਸਰਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਗਰੂਕਤਾ ਮਿਲ ਸਕੇ।
      
ਆਪਣੀ ਸੋਚ ਵਿੱਚ ਤਬਦੀਲੀ ਲਿਆਉਣੀ ਪਵੇਗੀ। ਇਹ ਜਾਣਨਾ ਪਵੇਗਾ ਕਿ ਨਸ਼ਿਆਂ ਦਾ ਸੇਵਨ ਪਿਛਲੇ ਕੁਝ ਸਾਲਾਂ ਦੌਰਾਨ ਕਿਉਂ ਵਧੇਰੇ ਵਧਿਆ ਹੈ। ਇਸ ਨੂੰ ਠੱਲ੍ਹ ਪਾਉਣ ਲਈ ਸਮਾਜਿਕ ਤੇ ਲੋਕਾਂ ਦੀ ਸ਼ਮੂਲੀਅਤ ਵੀ ਵੱਡਾ ਮਾਇਨਾ ਰੱਖਦੀ ਹੈ।ਤਾਂ ਜੋ ਇਸ ਕਰੋਪੀ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ।ਇਸ ਦੀ ਰੋਕਥਾਮ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।ਇਸ ਨਸ਼ੇ ਦੇ ਡਰ ਤੋਂ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਦੀ ਜਵਾਨੀ ਪੰਜਾਬ ਤੋਂ ਮੂੰਹ ਮੋੜ ਕੇ ਵਿਦੇਸ਼ਾਂ ਵਿੱਚ ਵਸ ਚੁੱਕੀ ਹੈ, ਜਿਸ ਦੀ ਰਫ਼ਤਾਰ ਕਿਸ ਤਰ੍ਹਾਂ ਵੀ ਘੱਟ ਨਹੀਂ ਹੋ ਰਹੀ।ਦੂਜਾ ਵੱਡਾ ਕਾਰਨ ਪੰਜਾਬ ਅੰਦਰ ਬੇਰੁਜ਼ਗਾਰੀ ਹੈ।ਨਸ਼ਿਆਂ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਬਰਬਾਦ ਹੋ ਚੁੱਕੀ ਹੈ।ਨਸ਼ਿਆਂ ਦੇ ਲਾਲਚ ਨੂੰ ਪੂਰਾ ਕਰਨ ਲਈ ਨੌਜਵਾਨ ਪੀੜ੍ਹੀ ਗੈਂਗਸਟਰਾਂ ਵੱਲ ਜਾ ਰਹੀ ਹੈ।ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਕਈ ਪੱਖਾਂ ਨੂੰ ਸਮਝ ਕੇ ਠੋਸ ਨੀਤੀ ਬਣਾਈ ਜਾ ਸਕਦੀ ਹੈ।   

ਸੰਪਰਕ: 88472 27740 

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ