Fri, 19 July 2024
Your Visitor Number :-   7196114
SuhisaverSuhisaver Suhisaver

ਟਾਕੀਆਂ ਵਾਲਾ ਖੇਸ -ਵਰਗਿਸ ਸਲਾਮਤ

Posted on:- 22-12-2014

suhisaver

ਖੁੱਲ੍ਹੇ ਵਿਹੜੇ ਵਾਲੇ , ਵੱਡੇ ਜਿਹੇ ਮਕਾਨ ਦੇ ਵਰਾਂਡੇ `ਚ , ਚੌੜੇ ਪਾਵਿਆਂ ਵਾਲੇ ਮੰਜੇ `ਤੇ ਬੈਠਾ ਕਰਮੂ, ਸੁੱਕੇ ਬੁੱਲ੍ਹਾਂ ਨਾਲ ਹੁੱਕਾ ਗੁੜਗੂੜਾ ਰਿਹਾ ਸੀ। ਬਜ਼ੁਰਗ ਦੇਹੀ, ਕਣਕ ਭਿੰਨਾ ਰੰਗ, ਪਿਚਕਿਆ ਅਤੇ ਝੂਰੜੀਆਂ ਭਰਿਆ ਚਿਹਰਾ, ਉਸਦੀ ਮਿਹਨਤਕਸ਼ੀ ਦਾ ਸਬੂਤ ਦੇ ਰਿਹਾ ਸੀ। ਮੰਜੇ `ਤੇ ਵਿਛੀ ਪੁਰਾਣੀ ਮੈਲੀ-ਕੁਚੈਲੀ ਤਲਾਈ, ਉਸ ਵਾਂਗ ਆਪਣੀ ਉਮਰ ਹੰਢਾ ਚੁਕੀ ਸੀ। ਬਹੁਰੰਗੀ ਟਾਕੀਆਂ ਵਾਲਾ ਖੇਸ ਜੋ ਉਸਦੀ ਸਵਰਗੀਯ ਪਤਨੀ ਬੰਤੀ ਦੇ ਦਾਜ ਦਾ ਸੀ। ਉਸਨੂੰ ਚੜਦੇ ਮੱਘਰ ਮਹੀਨੇ ਦੀਆਂ ਵਰ ਰਹੀਆਂ ਕਣੀਆਂ ਦੀ ਝੜੀ ਵਿਚ ਗੋਡਿਆਂ ਤਾਈਂ ਨਿੱਘ ਦੇ ਰਿਹਾ ਸੀ।

ਹਵਾ ਦਾ ਇਕ ਤੇਜ਼ ਬੁੱਲ੍ਹਾ, ਵਰਾਂਡੇ ਨੂੰ ਚੀਰਦਾ, ਕਰਮੂ ਨਾਲ ਟਕਰਾਉਂਦਾ ਹੋਇਆ, ਪੂਰੇ ਕਮਰੇ `ਚ ਫੈਲ ਗਿਆ...ਕਰਮੂ ਨੇ ਖੇਸ ਆਪਣੇ ਦੁਆਲੇ ਹੋਰ ਕੱਸਿਆ... ਕਿੱਲੀ ਉਤੇ ਟੰਗੀ ਛਤਰੀ ਅਤੇ ਖੂੰਡੀ ਉਸਦੇ ਇਕਲਾਪੇ ਦੀਆਂ ਸਾਥਣਾਂ ਜੋ ਉਸਦਾ ਮਾਸਟਰ ਪੁੱਤ ਦੇ ਗਿਆ ਸੀ ਅਤੇ ਪਰਿਵਾਰ ਸਮੇਤ ਸ਼ਹਿਰ ਜਾ ਵਸਿਆ ਸੀ.....ਹਿਲ ਰਹੀਆਂ ਸਨ, ਜਿਵੇਂ ਉਸਦੇ ਇਕੱਲ ਨੂੰ ਵੰਡਾ ਰਹੀਆਂ ਹੋਣ.....ਗਲ ਪਹਿਨਿਆਂ ਫੌਜੀ ਰੰਗਾ ਕੁੜਤਾ ਤੇ ਸਵੈਟਰ ਉਸ ਲਈ ਫੌਜੀ ਪੁੱਤ ਛੱਡ ਗਿਆ ਸੀ ਜੋ ਫੌਜਣ ਨੂੰ ਲੈ ਕੇ ਪੋਸਟਿੰਗ ਵਾਲੀ ਥਾਂ ਚਲਾ ਗਿਆ ਸੀ.....ਅੰਦਰ ਧਸੀਆਂ ਅਖਾਂ `ਤੇ ਮੋਟੇ ਸ਼ੀਸ਼ਿਆਂ ਵਾਲੀ ਐਨਕ, ਉਸਦੀ ਨਰਸ ਧੀ....ਬੰਤੀ ਦੀ ਲਾਡਲ਼ੀ ਨੇ ਭੇਜੀ ਸੀ, ਜੋ ਵਿਆਹ ਕਰਵਾ ਪਰਦੇਸ ਚਲੀ ਗਈ ਸੀ।

ਕਰਮੂ ਜ਼ਿੰਦਗੀ ਦੀ ਜੰਗ ਜਿੱਤ ਕੇ ਵੀ ਹਾਰੇ ਹੋਏ ਸਿਪਾਹੀ ਵਾਂਗ ਬੈਠਾ, ਹੁੱਕੇ `ਤੇ ਆਪਣੇ ਸੂਟਿਆਂ ਦਾ ਹਮਲਾ ਕਰਦਾ ਜਾ ਰਿਹਾ ਸੀ। ਜਿਓਂ ਜਿਓਂ ਹਮਲਾ ਤੇਜ਼ ਹੁੰਦਾ ਜਾਂਦਾ, ਉਸਦੀ ਸੋਚ ਦੇ ਘੋੜੇ ਤੇਜ਼ ਹੁੰਦੇ ਜਾ ਰਹੇ ਸਨ....ਯਾਦਾਂ ਦੀ ਦੁਨੀਆਂ `ਚੋਂ ਘੁੰਮਾਉਂਦਿਆਂ ਇਹਨਾਂ ਘੋੜਿਆਂ ਨੇ ਉਸਨੂੰ ਆਪਣੇ ਵਿਹੜੇ ਲਿਆ ਖੜਾ ਕੀਤਾ......ਬੇਬਸੀ ਵਿਅਕਤੀ ਨੂੰ ਕਮਜ਼ੋਰ ਅਤੇ ਨਕਾਰਾ ਬਣਾਉਂਦੀ ਹੈ, ਪਰ ਨਾਲ ਹੀ ਉਸਦੀ ਸੋਚ ਨੂੰ ਡੂੰਘਾ ਅਤੇ ਤੁਲਨਾਤਮਕ ਬਣਾਉਂਦੀ ਹੈ......ਕਰਮੂ ਦਾ ਧਿਆਨ ਜ਼ਿੰਦਗੀ ਰੂਪੀ ਤਕੜ ਦੇ ਸੁਖ-ਦੁਖ ਦੇ ਦੋਹਾਂ ਪਲੜਿਆਂ `ਤੇ ਜਾ ਟਿਕਿਆ......ਉਸਨੂੰ ਦੁਖ ਦਾ ਪਲੜਾ ਭਾਰੀ ਤੇ ਜ਼ਮੀਨ ਨੂੰ ਛੁੰਹਦਾ ਦਿਖਿਆ ਅਤੇ ਸੁਖ ਦਾ ਪਲੜਾ ਖਾਲੀ ਤੇ ਅਸਮਾਨ ਨੂੰ।

ਹੁੱਕੇ ਦੀ ਗੁੜਗੂੜਾਹਟ ਉਸਨੂੰ ਪੋਤੇ-ਪੋਤੀਆਂ ਦਾ ਰੌਲਾ ਲਗਦਾ....ਉਸਨੂੰ ਇਸੇ ਨਾਲ ਮੋਹ ਸੀ....ਸੋਚਦਾ..ਪੋਤੇ-ਪੋਤੀਆਂ ਨੂੰ ਉਂਗਲੀ ਲਾਉਂਦਾ, ਲਾਡ ਲਡਾਉਂਦਾ, ਪਿੰਡ `ਚ ਘੁਮਾਉਂਦਾ, ਬਾਤਾਂ ਸੁਣਾਉਂਦਾ ਅਤੇ ਮਨ ਦੀਆਂ ਸਧਰਾਂ ਪੂਰੀਆਂ ਕਰਦਾ, ਜੋ ਉਸਨੇ ਆਪਣੀ ਬੰਤੀ ਨਾਲ ਮਿਥੀਆਂ ਸਨ...ਪਰ ਉਸਦੀਆਂ ਸੱਧਰਾਂ ਹੁੱਕੇ ਦੀ ਟੋਪੀ `ਚ ਧੁਖਦੇ ਤੰਬਾਕੂ ਵਾਂਗ... ਛਾਤੀ ਅੰਦਰ ਹੀ ਧੁਖ ਕੇ ਸੁਆਹ ਹੋ ਗਈਆਂ।

ਹੁੱਕੇ ਦੀ ਗੁੜਗੁੜ ਕੁਝ ਮੱਠੀ ਹੋਈ....ਕਰਮੂ ਦੀ ਝਾਤ ਸੂੰਝੇ ਵਿਹੜੇ `ਚ ਫੈਲੀ, ਇਕ ਮਿੰਨੀ ਜਿਹੀ ਮੁਸਕਾਨ ਉਸਦੇ ਸੁੱਕੇ ਬੁੱਲਾਂ ਨਚੀ....ਅਤੀਤ `ਚੋਂ ਕੁਝ ਚਿਹਰੇ ਨਜ਼ਰ ਆਏ, ਜੋ ਉਸ ਦੇ ਆਪਣੇ ਜੀਆਂ ਦੇ ਸਨ... ਤੇ ਕਰਮੂ ਇਹਨਾਂ ਚਿਹਰਿਆਂ `ਚ ਇਕਾਇਕ ਗੁਆਚ ਗਿਆ।
"ਕੀ ਹੋਇਆ ਪੁੱਤਰ? ਬੜਾ ਅੱਖੀਆਂ ਫਿਹੰਦਾ ਆ ਰਿਹੈਂ , ਸਕੂਲੋਂ!"

ਕਰਮੂ ਨੇ ਛੋਟੇ ਨੂੰ ਬਾਹੋਂ ਫੜਦਿਆਂ ਕਿਹਾ।
"ਵੀਰੇ ਨੇ ਮੈਨੂੰ ਮਾਰਿਆ ਏ! "
ਛੋਟੇ ਨੇ ਬਸਤਾ ਮੰਜੀ `ਤੇ ਵਗਾਹ ਮਾਰਿਆ।

ਹਲਾ! ਆ ਲੈਣ ਦੇ ਵੀਰੇ ਨੂੰ.....ਪੁੱਛਦਾ ਏਂ। ਕਿਉਂ ਮਾਰਿਆ ਮੇਰੇ ਪੁੱਤਰ ਨੂੰ? "ਵੱਡਾ ਵੀਰਾ ਬਣਿਆਂ ਫਿਰਦੈ" ਕਰਮੂ ਨੇ ਹਮਦਰਦੀ ਪ੍ਰਗਟਾਈ।

ਨਿੱਕੀ ਭੈਣ ਦਾ ਹੱਥ ਫੜੀਂ ਵੀਰਾ ਅਜੇ ਘਰ ਦੀ ਦਹਿਲੀਜ਼ ਲੰਘਿਆ ਹੀ ਸੀ ਕਿ ਮੋਢੇ ਨਾਲ ਖੜੋਤੇ ਛੋਟੇ ਨੇ ਕਰਮੂ ਨੂੰ ਹੁਝਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ.......

"ਆ ਗਿਆ ਈ, ਪੁੱਛ ਇਹਨੂੰ" ਛੋਟਾ ਵੀਰੇ ਵਲ ਘੂਰ ਰਿਹਾ ਸੀ।
ਪੁੱਛ ਵੀ.......

"ਹਾਂ ਭਈ ਵੀਰ ਜੀ! ਤੁਸੀ ਛੋਟੇ ਨੂੰ ਕਿਓੁਂ ਮਾਰਿਆ , ਕਰਮੂ ਨੇ ਮੁਸਕਰਾਉਂਦਿਆਂ ਪੁੱਛਿਆ

"ਪਿਤਾ ਜੀ ! ਇਹ ਆਪਣੀ ਕੁਲਫੀ ਖਾ ਕੇ ਤੇ ਲਾਡੋ ਦੀ ਕੁਲਫੀ ਖੋਂਹਦਾ ਸੀ `ਤੇ ਮੈਂ ਫਿਰ......
ਕਰਮੂ ਦੀ ਨਜ਼ਰ ਛੋਟੇ ਵਲ ਘੁੰਮੀ , ਉਸ ਦੀਆਂ ਨਜ਼ਰਾਂ `ਤੇ ਸਿਰ ਦੋਵੇਂ ਝੁਕ ਗਏ। ਕਰਮੂ ਦਾ ਨਪਿਆ ਹਾਸਾ ਠਹਾਕੇ ਨਾਲ ਨਿਕਲਿਆ।

ਹੁੱਕੇ ਦੀ ਨਲੀ ਕਸੀ ਕਰਮ ਦੇ ਮੂੰਹ `ਤੇ ਹਾਸਾ ਫਿਰ ਚਮਕ ਆਇਆ.....ਮੂੰ ਲਾਲ ਹੁੰਦਾ ਗਿਆ ਫਿਰ ਉਸਦੇ ਕੰਨੀ ਇਕ ਤਿੱਖੀ `ਵਾਜ਼ ਟਕਰਾਈ......

"ਜਾਓ! ਬੱਚਿਆਂ ਨੂੰ ਵੇਖੋ , ਅਜੇ ਤਕ ਖੇਤਾਂ `ਚੋਂ ਆਏ ਹੀ ਨਹੀ, ਸੂਰਜ ਸਿਰ ਤੋਂ ਲੰਘ ਚਲਿਆ , ਉਹਨਾਂ ਨੂੰ ਭੁੱਖ ਵੀ ਲਗੀ ਹੋਣੀ ਏ...." ਆਟਾ ਗੁੰਨਦੀ ਬੰਤੀ ਨੇ ਅਵਾਜ਼ ਦਿੱਤੀ।
"ਆਉਂਦੇ ਹੀ ਹੋਣੇ, ਥੋੜਾ ਜਿਹਾ ਖੇਤ ਤਾਂ ਗੁੱਡਣ ਵਾਲਾ ਰਿਹ ਗਿਆ ਸੀ"। ਮੰਜੀ ਦੀ ਪੈਂਦ ਕਸਦਿਆਂ ਕਰਮੂ ਨੇ ਉੱਤਰ ਦਿਤਾ।

"ਆਹ ਫੜ ਲੈ, ਕਰ ਲੈ ਕਾਬੂ, ਆ ਗਏ ਤੇਰੇ ਲਾਡਲੇ"।
ਮਟਮੈਲੇ ਹੋਏ ਕੱਪੜੇ, ਤਿੰਨੋ ਭੈਣ ਭਰਾ, ਲਾਡੋ ਦੇ ਹੱਥ `ਚ ਕਿਤਾਬਾਂ, ਉਹ ਵੀਰੇ ਕੋਲ ਪੜਦੀ ਸੀ....ਹਸਦੇ ਆ ਰਹੇ ਸਨ।

"ਅੰਮਾਂ ਅੰਮਾਂ! ਵੀਰੇ ਨੇ ਮੇਰੀ ਕਿਤਾਬ ਪਾੜ ਦਿੱਤੀ"। ਮਾਂ ਵਲ ਭੱਜਦਿਆਂ ਵੀਰੇ ਨੂੰ ਛੇੜਿਆ।

"ਠਹਿਰ ਜਾ ਤੇਰੀ ਤੇਰੀ ਗੁਤੜੀ ਘੁਮਾਉਣਾ, ਪਾੜੀ ਆਪ ਨਾਂ ਮੇਰਾ"। ਵੀਰਾ ਲਾਡੋ ਪਿਛੇ ਭਜਿਆ।
ਵਿਹੜੇ `ਚ ਭਗਦੜ ਜਿਹੀ ਮਚ ਗਈ। ਲਾਡੋ ਅੱਗੇ ਅੱਗੇ ਤੇ ਵੀਰਾ ਪਿੱਛੇ ਪਿੱਛੇ........ਕਰਮੂ ਦੇ ਬੁਲ ਹੁਣ ਹੁੱਕਾ ਭੁੱਲ ਕੇ ਹਾਸੇ ਦੀਆਂ ਫੁਹਾਰੀਆਂ ਛੱਡ ਰਹੇ ਸਨ ਤੇ ਅੱਖਾਂ ਸਾਉਣ ਦੀ ਝੜੀ......ਤਿੰਨੋਂ ਭੈਣ ਭਰਾ ਸ਼ਰਾਰਤਾਂ ਕਰਦੇ, ਹਸਦੇ ਖੇਡਦੇ, ਮਾਂ ਨੂੰ ਸਤਾਉਂਦੇ, ਕਦੇ ਕਰਮੂ ਨੂੰ ਪਿਆਰ ਵੰਡਦੇ, ਵੀਰਾ ਤੇ ਛੋਟਾ ਸਕੂਲੋਂ ਆ ਕੇ ਕਰਮੂ ਨਾਲ ਖੇਤਾਂ `ਚ` ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ। ਮਾਸਟਰ ਹਮੇਸ਼ਾ ਪੜਾਈ ਲਿਖਾਈ, ਵੱਡੀਆਂ -ਵੱਡੀਆਂ ਸਰਕਾਰਾਂ ਤੇ ਜਥੇਬੰਦੀਆਂ ਦੀਆਂ ਗੱਲਾਂ ਕਰਦਾ, ਜੋ ਕਰਮੂ ਨੂੰ ਘੱਟ ਹੀ ਸੱਮਝ ਆਉਂਦੀਆਂ। ਫੌਜੀ ਹਮੇਸ਼ਾ ਖੇਤਾਂ `ਚ` ਕੰਮ ਕਰਦਾ ਹੋਇਆ ਜ਼ੋਰ-ਜ਼ੋਰ ਨਾਲ ਦੇਸ਼ ਭਗਤੀ ਦੇ ਗੀਤ ਗਾਉਂਦਾ ਤੇ ਮਰਨ-ਮਰਾਉਣ ਦੀਆਂ ਦਿਲ ਹਲਾਉ ਗੱਲਾਂ ਕਰਦਾ।

ਤਿੰਨੋਂ ਭੈਣ ਭਰਾ ਮਾਪੇ ਰੂਪੀ ਰੁੱਖ ਦੀ ਛਾਂ ਮਾਣਦੇ `ਤੇ ਉਹਨਾਂ ਦੇ ਪਿਆਰ ਦੀ ਬੁੱਕਲ ਦਾ ਨਿੱਘ ਲੈਂਦੇ। ਜਵਾਨ ਹੋਏ, ਵਿਆਹੇ ਗਏ ਤੇ ਕਿਦਰੇ ਜਾ ਵੱਸੇ। ਇਸ ਬੁਢੇ ਰੁੱਖ ਨੂੰ ਦੇਖਣਾ ਤਾਂ ਕਿਦਰੇ ਰਿਹਾ, ਉਸ ਕੋਲੋਂ ਲੰਘਣਾਂ ਵੀ ਭੁੱਲ ਗਏ.....ਜਿਸਦੀ ਛਾਂ ਹੇਠਾਂ ਠੰਡਕ ਮਹਸੂਸਦੇ ਅੱਜ ਉਸਨੂੰ ਛਾਂ ਕਰਨ ਦੀ ਥਾਂ ਉਸਦੀ ਕੱਛੇ ਛਤਰੀ ਮਰਵਾ ਦਿੱਤੀ ,ਜਿਸ ਉਂਗਲੀ ਦੇ ਸਹਾਰੇ ਚਲਣਾ ਸਿੱਖਿਆ ਅੱਜ ਉਸਦਾ ਸਹਾਰਾ ਬਣਨ ਦੀ ਥਾਂ ਉਸਦੇ ਹੱਥ ਖੂੰਡੀ ਥਮਾ ਦਿੱਤੀ , ਉਸਦੀਆਂ ਨਜ਼ਰਾਂ ਬਣ ਉਸਦੇ ਸਾਕਾਰ ਸੁਪਨਿਆ ਨੂੰ ਹਕੀਕੀ ਨਜ਼ਾਰਾ ਵਿਖਾਉਣ ਦੀ ਥਾਂ ਉਸਨੂੰ ਮੋਟੇ ਸ਼ੀਸ਼ਿਆਂ ਦੀ ਐਨਕ ਲਗਵਾ ਦਿੱਤੀ `ਤੇ ਪਿਆਰ ਦੀ ਬੁੱਕਲ ਦੀ ਥਾਂ ਉਸਨੂੰ ਜੁਦਾਈ ਦੇ ਮਹਿਲ `ਚ ਬੈਠਾ ਦਿੱਤਾ.......ਵਿਆਜ਼ ਤਾਂ ਕਿਦਰੇ ਉਸਦਾ ਮੂਲ ਵੀ ਡੁੱਬ ਗਿਆ।

ਮੱਠੇ ਹੋਏ ਹੁੱਕੇ ਨੇ ਕਰਮੂ ਦਾ ਧਿਆਨ ਆਪਣੇ ਵੱਲ ਖਿੱਚਿਆ,"ਯਾਰਾ! ਹਕੀਕਤ `ਚ ਆ".....ਹੁਣ ਵਿਹੜਾ ਸੁੰਝਾ ਸੀ.....ਅਕਸਰ ਸੁੰਝੇ ਵਿਹੜੇ `ਚ ਉਸਦੀਆਂ ਯਾਦਾਂ ਰੇਗਿਸਤਾਨੀ ਮ੍ਰਿਗਤਰਿਸ਼ਨਾ ਵਾਂਗ ਇੱਥੇ ਹੀ ਸਮਾ ਜਾਂਦੀਆਂ।

ਚਲ ਚਿੱਤਰਾਂ ਵਾਂਗ ਇਹ ਦ੍ਰਿਸ਼ ਕਰਮੂ ਦੀਆਂ ਨਜ਼ਰਾਂ `ਚੋਂ ਲੰਘਦੇ ਗਏ, ਕੁਝ ਅਵਾਜ਼ਾਂ ਅਜੇ ਵੀ ਉਸਦੇ ਕੰਨਾਂ `ਚ ਗੂੰਜ ਰਹੀਆਂ ਸਨ। ਕਰਮੂ ਬਾਪੂ ਦੇ ਤਿੰਨ ਬਾਂਦਰਾਂ ਵਾਂਗ, ਕਦੇ ਮੂੰਹ ਅੱਗੇ ਹੱਥ ਟਿਕਾਉਂਦਾ, ਕਦੇ ਕੰਨਾਂ `ਚ ਉਂਗਲ਼ੀਆਂ ਧੱਕਦਾ `ਤੇ ਕਦੇ ਅੱਖਾਂ ਅੱਗੇ ਚੱਪੇ ........... ਸੋਚਦਾ... ਮੂੰਹ `ਚੋਂ ਕਿਦਰੇ ਭੁੱਬ ਨਾ ਨਿਕਲੇ, ਕੰਨਾਂ `ਚ ਅਵਾਜ਼ਾਂ ਨਾ ਸੁਣਾਂ `ਤੇ ਉਹ ਚਿਹਰੇ ਨਜ਼ਰਾਂ `ਚੋਂ ਹਟ ਜਾਣ......ਪਰ ਜਜ਼ਬਾਤ ਦੇ ਰੌਅਂ `ਚ ਵਹਿੰਦੇ ਅਥਰੂਆਂ ਦੇ ਦਰਿਆ ਨੂੰ ਕੌਣ ਰੋਕ ਸਕਿਆ! ਕਰਮੂ ਵੀ ਉਸ ਦਰਿਆ ਨੁੰ ਬੰਨ ਨਾ ਲਾ ਸਕਿਆ..........

ਗੋਡਿਆਂ `ਤੇ ਪਿਆਂ ਟਾਕੀਆਂ ਵਾਲਾ ਖੇਸ ਅਥਰੂਆਂ ਨਾਲ ਭਿੱਜ ਗਿਆ, ਉਸਦੀ ਨਿਗਾਹ ਭਿੱਜੇ ਖੇਸ `ਤੇ ਜਾ ਰੁੱਕੀ ......ਬੰਤੀ ਦਾ ਹਸਦਾ ਚਿਹਰਾ ਖੇਸ ਵਿਚੋਂ ਬਾਂਹਾਂ ਫੈਲਾਈ, ਪਿਆਰਦਾ ਦੁਲਾਰਦਾ ਉਸਨੂੰ ਆਪਣੇ ਕੋਲ ਸੱਦ ਰਿਹਾ ਸੀ......ਕਰਮੂ ਨੇ ਖੇਸ ਜੱਫੀ `ਚ ਭਰ ਛਾਤੀ ਨਾਲ ਲਾ ਲਿਆ, ਉਸਦੀਆਂ ਭੁੱਬਾਂ ਨਿਕਲ ਗਈਆਂ....ਸੁੰਝਾ ਵਿਹੜਾ ਕਰਮੂ ਦੀਆਂ ਦਿਲਚੀਰਵੀਆਂ ਵਿਲਕਣੀਆਂ ਨਾਲ ਗੂੰਜ ਉੱਠਿਆ....ਗੂੰਜ ਮੱਠੀ ਹੁੰਦੀ ਹੋਈ ਬੰਦ ਹੋ ਗਈ `ਤੇ ਹੁੱਕੇ ਦੀ ਅੱਗ ਵੀ ਧੁਖਣੋਂ ਬੰਦ ਹੋ ਗਈ...

ਸੰਪਰਕ: +91 98782 61522

Comments

chaman

Kamaal di kahani hai..padhde padhe akha bhar aayea..

Security Code (required)Can't read the image? click here to refresh.

Name (required)

Leave a comment... (required)

ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ