Fri, 24 November 2017
Your Visitor Number :-   1109751
SuhisaverSuhisaver Suhisaver
ਗੁਜਰਾਤ 'ਚ ਨਹੀਂ ਚੱਲੇਗੀ ਪਦਮਾਵਤੀ               ਵੀਡੀਓ ਕਾਨਫਰੰਸ ਰਾਹੀਂ ਲੰਗਾਹ ਦੀ ਅਦਾਲਤ 'ਚ ਪੇਸ਼ੀ               ਗੁਜਰਾਤ ਚੋਣਾਂ: ਹਾਰਦਿਕ ਵੱਲੋਂ ਕਾਂਗਰਸ ਨੂੰ ਸਿੱਧੀ ਹਮਾਇਤ              

ਲਾਟਰੀ ਤਾਰੋ ਦੀ - ਸਰੂਚੀ ਕੰਬੋਜ

Posted on:- 24-11-2016

suhisaver

ਹਨੇਰੀ ਰਾਤ ਸੀ - ਇੱਕ ਡੇਢ ਦਾ ਵਕਤ ਹੋਵੇਗਾ। ਬਾਹਰ ਮੀਂਹ ਵਰ੍ਹ ਰਿਹਾ ਸੀ, ਜਿਸ ਕਾਰਨ ਰਾਤ ਨੂੰ ਠੰਢ ਕਾਫੀ ਵੱਧ ਗਈ ਸੀ।ਕੰਮਕਾਰਾਂ ਦੇ ਥੱਕੇ ਸਭ ਘਰ ਵਿਚ ਗੂੜੀ ਨੀਂਦ ਸੁੱਤੇ ਪਏ ਸਨ,ਤਾਰੋ ਵੀ ਦਿਨ ਭਰ ਦੇ ਕੰਮਾਂ ਤੋਂ ਥੱਕੀ ਹੋਈ ਸੀ ਪਰ ਨੀਂਦ ਸੀ ਕਿ ਆਉਣ ਦਾ ਨਾਂ ਹੀ ਨਹੀਂ ਲੈ ਰਹੀ ਸੀ ਇਸ ਲਈ ਉਹ ਮੰਜੇ ਤੇ ਲੇਟੀ ਪਾਸੇ ਹੀ ਪਰਤ ਰਹੀ ਸੀ। ਮੀਂਹ ਦੇ ਨਾਲ ਹਵਾ ਚੱਲਣ ਕਾਰਨ ਹਰ ਪਾਸੇ ਸ਼ਾਂ ਸ਼ਾਂ ਦੀ ਆਵਾਜ਼ ਪੈ ਰਹੀ ਸੀ।ਪਰ ਉਹਦੇ ਕੰਨਾਂ ਵਿੱਚ ਵਾਰ ਵਾਰ ਆਪਣੇ ਪੁੱਤਰਾਂ ਦੀਆਂ ਆਖੀਆਂ ਗੱਲਾਂ ਗੂੰਜ ਰਹੀਆਂ ਸਨ।ਬਹੁਤ ਚਿੰਤਤ ਲੱਗ ਰਹੀ ਸੀ ਜਿਸ ਕਾਰਨ ਉਹ ਮੰਜੇ ਤੋਂ ਉੱਠ ਆਪਣੇ ਕਮਰੇ ਦੀ ਖਿੜਕੀ ਕੋਲ ਆ ਬੈਠ ਗਈ ।ਬਾਹਰ ਵਰਦੇ ਮੀਂਹ ਨੂੰ ਵੇਖਦੀ ਉਹ ਇਕ ਗਹਿਰੀ ਸੋਚ ਵਿੱਚ ਡੁੱਬ ਗਈ।

"ਅੱਜ ਤੋਂ ਚਾਲੀ ਸਾਲ ਪਹਿਲਾਂ ਜਦੋਂ ਏਸ ਘਰ ਵਿਚ ਵਿਆਹ ਕੇ ਆਈ ਸਾਂ,ਮਸਾਂ ਸੌਲਾ ਵਰਿਆਂ ਦੀ ਹੀ ਸਾਂ ਮੈਂ ।ਕੀ ਸੀ ਇਥੇ, ਇਕ ਟੁੱਟੀ ਹੋਈ ਕੱਖਾਂ ਕਾਨਿਆਂ ਦੀ ਬਣੀ ਝੁੱਗੀ ਹੀ ਤਾਂ ਸੀ ਜਿਥੇ ਰਹੀ ਸਾਂ ਮੈਂ ।ਜਦੋਂ ਰਿਸ਼ਤਾ ਤੈਅ ਹੋਇਆ ਸੀ ਮੇਰਾ ਦੀਪੇ ਦੇ ਬਾਪੂ ਨਾਲ ਤਾਂ ਵਿਚੋਲੇ ਦੱਸਿਆ ਸੀ ਕਿ ਮੁੰਡਾ ਬੜਾ ਲਾਇਕ ਹੈ ਘਰ ਦੀਆਂ ਸਭੇ ਜਿੰਮੇਵਾਰੀਆਂ ਉਸ ਹੀ ਸੰਭਾਲੀਆਂ ਹੋਈਆਂ ਪਰ ਜਦੋਂ ਵਿਆਹ ਕੇ ਇਸ ਘਰ ਆਈ ਤਾਂ ਦੂਜੇ ਦਿਨ ਹੀ ਪੋਲ ਖੁੱਲ੍ਹ ਗਈ ਕਿ ਮੁੰਡਾ ਤਾਂ ਹੱਥੀਂ ਇਕ ਤੀਲਾ ਵੀ ਤੋੜ ਕੇ ਦੁਹਰਾ ਨਹੀਂ ਕਰਦਾ ਘਰ ਕਮਾ ਕੇ ਲਿਆਉਣਾ ਤਾਂ ਦੂਰ ਦੀ ਗੱਲ ਹੈ ।ਉਪਰੋਂ ਉਸ ਦੇ ਦਿਮਾਗ ਵਿਚ ਵੀ ਥੋੜਾ ਨੁਕਸ ਸੀ ਕਿਸੇ ਦਿਮਾਗੀ ਡਾਕਟਰ ਕੋਲ ਇਲਾਜ ਚਲਦਾ ਸੀ।

ਵਿਆਹ ਤੋਂ ਬਾਅਦ ਫਿਰ ਆਏ ਦਿਨ ਬੇਵਜਾ ਮੇਰੇ ਤੇ ਇਲਜ਼ਾਮ ਲਾਈ ਰੱਖਣੇ ਅਤੇ ਜਦੋਂ ਜੀ ਕਰਦਾ ਮੈਨੂੰ ਕੁੱਟ ਦੇਣਾ ਇਹ ਉਹਦਾ ਰੋਜ ਦਾ ਕੰਮ ਸੀ।ਸੱਸ ਸਹੁਰਾ ਵੀ ਸਮਝਾਉਣ ਦੀ ਬਜਾਏ ਮੈਨੂੰ ਹੀ ਤਾਹਨੇ ਮੇਹਣੇ ਮਾਰਦੇ ਰਹਿੰਦੇ ।ਮੈਂ ਇਕੱਲੀ ਕੀ ਕਰ ਸਕਦੀ ਸਾਂ ਇਸ ਲਈ ਸਬਰ ਦਾ ਘੁੱਟ ਭਰ ਚੁੱਪ ਕਰ ਬਹਿ ਜਾਂਦੀ।

ਕੀ ਸੀ ਮੇਰੀ ਜ਼ਿੰਦਗੀ.... ਕੁਝ ਸਮਝ ਹੀ ਨਹੀਂ ਆਈ ਅੱਜ ਤਾਈਂ... ਕਿ ਉੱਪਰ ਵਾਲੇ ਨੇ ਕਿਸ ਗੁਨਾਹ ਦੀ ਸਜ਼ਾ ਦਿੱਤੀ ਸੀ ਮੈਨੂੰ ਕਿ ਜ਼ਿੰਦਗੀ ਦਾ ਇੱਕ ਦਿਨ ਵੀ ਨਹੀਂ ਸੀ ਜਿਸ ਦਿਨ ਮੈਂ ਕੋਈ ਤਸੀਹਾ ਨਾ ਝੱਲਿਆ ਹੋਵੇ, ਸ਼ਾਇਦ ਇਹ ਤਸੀਹੇ ਮੇਰੇ ਜਨਮ ਤੋਂ ਸ਼ੁਰੂ ਹੋਏ ਤੇ ਲੱਗਦਾ ਮੇਰੀ ਮੌਤ ਬਾਅਦ ਹੀ ਮੁੱਕਨਗੇ ।

ਬਚਪਨ ਵਿੱਚ ਮਾਂ ਪਿਉ ਨੇ ਪੈਦਾ ਹੁੰਦਿਆਂ ਹੀ ਕੂੜੇ ਦੇ ਢੇਰ ਤੇ ਸੁੱਟ ਦਿੱਤਾ।ਇਸ ਲਈ ਕੋਈ ਨਹੀਂ ਪਤਾ ਮੈਨੂੰ ਮੇਰੀ ਜਾਤ ਦਾ ਕਿ ਮੈਂ ਹਿੰਦੂ ਹਾਂ, ਮੁਸਲਮਾਨ ਹਾਂ, ਸਿੱਖ ਹਾਂ ਜਾਂ ਕਿਸੇ ਹੋਰ ਧਰਮ ਦੀ ਹਾਂ।ਇਸ ਕਰਕੇ ਮੇਰੇ ਲਈ ਸਾਰੇ ਧਰਮ ਹੀ ਬਰਾਬਰ ਰਹੇ।ਜਦ ਕੂੜਾ ਚੁਗਣ ਵਾਲੀ ਇਕ ਔਰਤ ਨੇ ਮੈਨੂੰ ਲਾਵਾਰਿਸ ਨੂੰ ਉਸ ਕੂੜੇ ਦੇ ਢੇਰ ਤੇ ਪਈ ਨੂੰ ਵੇਖਿਆ ਤਾਂ ਤਰਸ ਖਾ ਮੈਨੂੰ ਚੁੱਕ ਉਹ ਆਪਣੇ ਘਰ ਲੈ ਆਈ,ਭਲੇ ਹੀ ਆਪਣੇ ਮਤਲਬ ਲਈ ਹੀ ਮੈਨੂੰ ਉਹ ਆਪਣੇ ਨਾਲ ਲਿਆਈ ਸੀ ਪਰ ਸ਼ੁਕਰਗੁਜ਼ਾਰ ਹੀ ਰਹੀ ਹਾਂ ਉਸਦੀ ਉਮਰ ਭਰ ਕਿ ਉਸਨੇ ਮੈਨੂੰ ਜੀਵਨਦਾਨ ਦਿੱਤਾ,ਮਾਂ ਦਾ ਪਿਆਰ ਦਿੱਤਾ,ਇੱਕ ਪਹਿਚਾਣ ਦਿੱਤੀ, ਇਕ ਨਾਮ ਦਿੱਤਾ ਤਾਰੋ।ਜਦੋਂ ਪੰਜ ਛੇ ਸਾਲਾਂ ਦੀ ਹੋਈ ਮਾਈ ਨੇ ਦੋ ਚਾਰ ਚੰਗੇ ਘਰ ਵੇਖ ਮੈਨੂੰ ਝਾੜੂ ਪੋਚੇ ਤੇ ਲਵਾ ਦਿੱਤਾ, ਜਦੋਂ ਸ਼ਾਮ ਨੂੰ ਘਰ ਥੱਕੀ ਆਉਂਦੀ ਫਿਰ ਮਾਈ ਘਰ ਦੇ ਸਭ ਕੰਮ ਵੀ ਮੈਥੋਂ ਹੀ ਕਰਵਾਉਂਦੀ।ਕਿਉਂ ਜੋ ਉਹ ਵੀ ਸਾਰਾ ਦਿਨ ਬਾਹਰ ਕੰਮ ਕਰ ਕਰ ਥੱਕ ਜਾਂਦੀ ਸੀ।ਫਿਰ ਹੌਲੀ ਹੌਲੀ ਉਮਰ ਦੇ ਵੱਧਣ ਨਾਲ ਝਾੜੂ ਪੋਚੇ ਲਾਉਣ ਵਾਲੇ ਘਰਾਂ ਦੀ ਗਿਣਤੀ ਵੀ ਵੱਧਦੀ ਗਈ ਸਵੇਰ ਤੋਂ ਸ਼ਾਮ ਹੋ ਜਾਂਦੀ ਘਰ ਘਰ ਝਾੜੂ ਪੋਚੇ ਲਾਉਂਦੀ ਨੂੰ ਤੇ ਰਾਤ ਘਰ ਦੇ ਕੰਮਾਂ ਵਿਚ ਬੀਤ ਜਾਂਦੀ ।ਅਗਲੇ ਦਿਨ ਫਿਰ ਸਵੱਖਤੇ ਉਹੀ ਕੰਮ, ਇਹੀ ਮੇਰੀ ਜ਼ਿੰਦਗੀ ਸੀ।
ਕੋਈ ਬਹੁਤੇ ਵੱਡੇ ਸੁਪਨੇ ਤਾਂ ਨਹੀਂ ਵੇਖੇ ਸਨ ਮੈਂ, ਜ਼ਿੰਦਗੀ ਦੀ ਇਕ ਹੀ ਖਾਹਿਸ਼ ਰਹਿ ਗਈ ਸੀ ਕਿ ਕਾਸ਼ ਕੋਈ ਮਰਦ ਮੈਨੂੰ ਕਮਾ ਕੇ ਖਵਾਉਂਦਾ,ਮੇਰੇ ਨਾਜ਼ ਨੱਖਰੇ ਚੁੱਕਦਾ,ਮੈਨੂੰ ਵੀ ਮਾਣ ਇੱਜ਼ਤ ਮਿਲਦਾ ਜਿਸ ਤੇ ਮੇਰਾ ਹੱਕ ਸੀ।ਜ਼ਿੰਦਗੀ ਭਰ ਖੁਦ ਹੀ ਕਮਾਉਂਦੀ ਰਹੀ ਸਾਂ ਵਿਆਹ ਤੋਂ ਪਹਿਲਾਂ, ਤੇ ਵਿਆਹ ਤੋਂ ਬਾਅਦ ਵੀ ਉਹੀ ਹਾਲ ਰਿਹਾ।ਅੱਧੀ ਜ਼ਿੰਦਗੀ ਆਪਣੇ ਮਰਦ ਨੂੰ ਕਮਾ ਕੇ ਖਵਾਉਂਦੀ ਨੂੰ ਬੀਤ ਗਈ ਸੋਚਿਆ ਪੁੱਤਰ ਵੱਡੇ ਹੋਣਗੇ ਜਦ ਕੰਮਕਾਰ ਲੱਗਣਗੇ ਤਾਂ ਕੁਝ ਕਮਾ ਕੇ ਖੁਆਉਣਗੇ ਮੈਨੂੰ ਪਰ ਉਹ ਵੀ ਇਕ ਸੁਪਨਾ ਹੀ ਰਹਿ ਗਿਆ ਵਿਆਹੇ ਗਏ ਤਾਂ ਝੱਟ ਆਪਣੀਆਂ ਵਹੁਟੀਆਂ ਨਾਲ ਵੱਖ ਹੋ ਗਏ ।

ਵਿਆਹ ਤੋਂ ਪਹਿਲਾਂ ਜੋ ਸੁਪਨੇ ਵੇਖੇ ਸਨ ਆਪਣੇ ਖਾਵੰਦ ਪਾਲੀ ਨਾਲ ਇਕ ਇਕ ਕਰਕੇ ਮੇਰੇ ਦਿਲ ਵਿਚ ਦਫਨ ਹੁੰਦੇ ਗਏ।ਉਸਨੇ ਕਦੇ ਮੇਰੀ ਕੋਈ ਇੱਛਾ ਪੁੱਛੀ ਹੀ ਨਹੀਂ ਤੇ ਮੈਥੋਂ ਵੀ ਕਦੇ ਦੱਸ ਹੀ ਨਾ ਹੋਇਆ।

ਜ਼ਿੰਦਗੀ ਦੀਆ ਠੋਕਰਾਂ ਨੇ ਉਮਰ ਤੋਂ ਪਹਿਲਾਂ ਹੀ ਬੁੱਢਿਆਂ ਕਰਤਾ ਮੈਨੂੰ, ਫਿਰ ਸੋਚਦੀ ਹਾਂ ਸ਼ਾਇਦ ਕਿਸਮਤ ਵਿੱਚ ਇਹੀ ਲਿਖਿਆ ਸੀ ਜਿੰਨੀ ਬੀਤ ਗਈ ਚੰਗੀ ਬੀਤ ਗਈ ।

ਕੰਮ ਹੀ ਤਾਂ ਬੰਦੇ ਦਾ ਕਰਮ ਹੈ ਸੋ ਕੰਮ ਕਰਦੀ ਜ਼ਿੰਦਗੀ ਗੁਜ਼ਾਰ ਲਈ,ਕੀ ਕਰਨਾ ਸ਼ਿਕਵਾ ਜ਼ਿੰਦਗੀ ਤੋਂ ਜੇ ਲੇਖ ਹੀ ਐਸੇ ਲਿਖਵਾ ਲਿਆਈ ਹਾਂ ਮਾਲਕ ਤੋਂ ।

ਫਿਰ ਸੋਚਦੀ ਹਾਂ ਕੀ ਵਾਕਿਆ ਹੀ ਮੈਂ ਐਨੀ ਮਾੜੀ ਹਾਂ ਜੋ ਮੇਰੇ ਮੁੱਕਦਰ ਐਨੇ ਮਾੜੇ ਹੋ ਗਏ।ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ ਫਿਰ ਅੱਜ ਇਹ ਸਭ ਕੀ ਹੋ ਗਿਆ ਮੇਰੇ ਨਾਲ। ਜਿਸ ਝੁੱਗੀ ਨੂੰ ਘਰ  ਬਣਾਉਣ ਚ ਮੇਰੀ ਉਮਰ ਲੰਘ ਗਈ।

ਜਿਸ ਘਰ ਨੂੰ ਬਣਾਉਣ ਵਿਚ ਮੈਂ ਆਪਣੇ ਖੂਨ ਪਸੀਨੇ ਦਾ ਇਕ ਇਕ ਕਤਰਾ ਲਾ ਦਿੱਤਾ ਅੱਜ ਉਸ ਘਰ ਵਿਚ ਹੀ ਮੇਰੀ ਕੋਈ ਜਗਾ ਨਹੀਂ।ਮੈਨੂੰ ਨਹੀ ਪਤਾ ਸੀ ਕਿ ਮੇਰੀ ਔਲਾਦ ਵੀ ਮੇਰੇ ਨਾਲ ਐਦਾ ਦਾ ਸਲੂਕ ਕਰੇਗੀ, ਪਹਿਲਾਂ ਘਰ ਦੇ ਹਿੱਸੇ ਕਰ ਲਏ ਤੇ ਹੁਣ ਮੈਨੂੰ ਘਰੋਂ ਕੱਢਣ ਨੂੰ ਕਾਹਲੇ ਹੋਏ ਬੈਠੇ ਹਨ।"ਇਹ ਸਭ ਸੋਚਦੀ ਤਾਰੋ ਨੂੰ ਸਵੇਰ ਹੋ ਗਈ।ਉਹ ਕਮਰੇ ਦੀ ਬਾਰੀ ਕੋਲੋਂ ਉੱਠੀ ਤੇ ਆਪਣੀ ਇਕ ਚੁੰਨੀ ਵਿੱਚ ਆਪਣੇ ਦੋ-ਚਾਰ ਸੂਟ ਬੰਨ ਸਭ ਨੂੰ ਅਲਵਿਦਾ ਕਹਿ ਆਪਣੇ ਘਰੋਂ ਹਮੇਸ਼ਾ ਲਈ ਚਲ ਪਈ।ਹੌਲੀ ਹੌਲੀ ਕਦਮ ਪੁੱਟਦੀ ਉਹ ਬਾਹਰ ਦੇ ਦਰਵਾਜ਼ੇ ਵੱਲ ਵੱਧ ਰਹੀ ਸੀ ਪਰ ਮਨ ਵਿਚ ਉਸਨੂੰ ਇਕ ਆਸ ਸੀ ਕਿ ਉਸਦੇ ਪੱਤਰ ਉਸਨੂੰ ਰੋਕ ਲੈਣਗੇ।ਅਜੇ ਉਸ ਗੇਟ ਤੋਂ ਬਾਹਰ ਕਦਮ ਰੱਖਣਾ ਹੀ ਸੀ ਕਿ ਪਿੱਛੋਂ ਉਸਦੇ ਛੋਟੇ ਮੁੰਡੇ ਨਿੰਮੇ ਨੇ ਆਵਾਜ਼ ਮਾਰ ਰੋਕਿਆ ।ਤਾਰੋ ਖੁਸ਼ ਹੋ ਗਈ ।'ਮੇਰਾ ਲਾਡਲਾ ਪੁੱਤ, ਮੈਂ ਜਾਣਦੀ ਸੀ ਨਿੰਮਾ ਮੇਰੇ ਬਗੈਰ ਨਹੀਂ ਰਹਿ ਸਕਦਾ।ਉਹ ਮੈਨੂੰ ਜਰੂਰ ਰੋਕ ਲਵੇਗਾ ਤੇ ਸੱਚੀ ਉਸ ਰੋਕ ਲਿਆ'ਨਿੰਮਾ ਉਸ ਕੋਲ ਗਿਆ ਤੇ ਦੌ ਸੌ ਰੁਪਏ ਉਸਦੀ ਤਲੀ ਤੇ ਧਰ ਬੋਲਿਆ "ਆਹ ਕੁਝ ਪੈਸੇ ਨੇ ਮਾਈ ਰੱਖ ਲੈ ਤੇਰੇ ਕੰਮ ਆਉਣਗੇ, ਮੰਦਾ ਚਲ ਰਿਹਾ ਕੋਈ ਚੰਗਾ ਕੰਮ ਨਹੀਂ ਮਿਲ ਰਿਹਾ ਸੋ ਬਸ ਇਹੀ ਪੈਸੇ ਸਨ।"

ਫਿਰ ਉਸਦੇ ਵੱਡੇ ਪੁੱਤ ਦੀਪੇ ਨੇ ਵੀ 300 ਰੁਪਈਏ ਤਲੀ ਤੇ ਧਰ ਦਿੱਤੇ ਤੇ ਇਕ ਕਾਗਜ ਦੇ ਟੋਟੇ ਤੇ ਬਿਰਧ ਆਸ਼ਰਮ ਦਾ ਫੋਨ ਨੰਬਰ ਲਿਖ ਕਹਿ ਤਾ 'ਲੈ ਮਾਈ ਫੜ ਤਿੰਨ ਸੌ ਰੁਪਈਆ ਤੇ ਬਿਰਧ ਆਸ਼ਰਮ ਚਲੀ ਜਾ'

"ਅੱਜ ਮੇਰੇ ਹੀ ਘਰ ਚੋਂ , ਮੈਨੂੰ ਮੇਰੇ ਆਪਣੇ ਪੁੱਤਰਾਂ ਨੇ ਕੱਢ ਦਿੱਤਾ ਇਕ ਬੋਝ ਸਮਝ ਕੇ। ਭਲਾ ਇਹ ਪੰਜ ਸੌ ਰੁਪਏ ਕਿੰਨੇ ਦਿਨ ਗੁਜਾਰਾ ਕਰਵਾਉਣਗੇ ਮੇਰਾ ।
ਖੈਰ ਦਿਲ ਨੂੰ ਦਿਲਾਸਾ ਦੇਂਦੀ ਹੋਈ ਕਹਿਣੀ ਹਾਂ ਆਖਰ ਉਹਨਾਂ ਦੇ ਜਿਸਮ ਚ ਖੂਨ ਤਾਂ ਪਾਲੀ ਦਾ ਹੀ ਦੌੜਦਾ ਜੇ ਜ਼ਿੰਦਗੀ ਭਰ ਉਹਨੂੰ ਇਕ ਅੱਖ ਨਾ ਭਾਈ ਤਾਂ ਉਹਦੀ ਔਲਾਦ ਨੂੰ ਕਿੱਦਾਂ ਭਾ ਜਾਂਦੀ ਤੂੰ ਤਾਰੋ।"ਇਹ ਸਭ ਗੱਲਾਂ ਸੋਚਦੀ ਉਹ ਥੱਕ ਕੇ ਇਕ ਰੁੱਖ ਦੀ ਛਾਂ ਹੇਠਾਂ ਬੈਠ ਗਈ।

ਅਚਾਨਕ ਉਥੋਂ ਕੋਈ ਸਤਾਰਾਂ ਅਠਾਰਾਂ ਸਾਲ ਦਾ ਨੌਜਵਾਨ ਮੁੰਡਾ ਲਾਟਰੀਆਂ ਵੇਚਦਾ ਫਿਰ ਰਿਹਾ ਸੀ।ਸਵੇਰ ਦੀ ਉਸਦੀ ਕੋਈ ਲਾਟਰੀ ਨਹੀਂ ਵਿਕੀ ਸੀ ਜਦ ਉਸ ਤਾਰੋ ਨੂੰ ਰੁੱਖ ਦੀ ਛਾਂ ਹੇਠ ਬੈਠੀ ਨੂੰ ਵੇਖਿਆ ਤਾਂ ਮਨ ਵਿਚ ਸੋਚ ਕਿ 'ਕੁਝ ਵੀ ਹੋ ਜਾਏ ਇਸ ਮਾਈ ਨੂੰ ਟਿਕਟ ਤਾਂ ਵੇਚ ਕੇ ਹੀ ਰਹਿਣੀ ਹੈ।'ਉਸ ਲਾਟਰੀ ਵਾਲੇ ਦੇ ਵਾਰ ਵਾਰ ਕਹਿਣ ਤੇ ਤਾਰੋ ਨੂੰ ਤਰਸ ਆ ਗਿਆ ।ਉਸ ਆਪਣੀ ਮੁੱਠੀ ਵਿੱਚ ਬੰਦ ਪੰਜ ਸੌ ਦਾ ਨੋਟ ਗਹੁ ਨਾਲ ਵੇਖਿਆ ਜੋ ਉਸਦੇ ਹੱਥ ਦੇ ਪਸੀਨੇ ਨਾਲ ਗਿੱਲਾ ਹੋ ਗਿਆ ਸੀ ।

' ਲੱਗਦਾ ਇਹ ਪੈਸੇ ਮੇਰੀ ਕਿਸਮਤ ਵਿੱਚ ਨਹੀਂ ਹਨ।'ਐਨਾ ਕਹਿ ਉਸ ਉਹ ਪੰਜ ਸੌ ਦਾ ਨੋਟ ਮੁੰਡੇ ਨੂੰ ਦੇ ਬਦਲੇ ਵਿੱਚ ਲਾਟਰੀ ਦਾ ਟਿਕਟ ਲੈ ਲਿਆ ।ਤਾਰੋ ਨੇ ਟਿਕਟ ਨੂੰ ਆਪਣੀ ਫਟੀ ਪੁਰਾਣੀ ਚੁੰਨੀ ਦੀ ਨੁੱਕਰ ਨਾਲ ਬੰਨ ਦਿੱਤਾ।ਮੁੰਡੇ ਦੇ ਫੋਨ ਨੰਬਰ ਮੰਗਣ ਤੇ ਉਸ ਉਹ ਬਿਰਧ ਆਸ਼ਰਮ ਦਾ ਫੋਨ ਨੰਬਰ ਆਪਣੇ ਪਤੇ ਵਿੱਚ ਲਿਖਵਾ ਦਿੱਤਾ ।

ਹੌਲੀ ਹੌਲੀ ਇਕ ਮਹੀਨਾ ਬੀਤ ਚੱਲਿਆ ਸੀ ਤਾਰੋ ਨੂੰ ਬਿਰਧ ਆਸ਼ਰਮ ਵਿੱਚ ਰਹਿੰਦੀ ਨੂੰ,ਸਭ ਨਾਲ ਉੱਥੇ ਕਾਫੀ ਗੂੜੀ ਸਾਂਝ ਪੈ ਗਈ ਸੀ ਉਸਦੀ ਪਰ ਫਿਰ ਵੀ ਉਸ ਨੂੰ ਉਮੀਦ ਸੀ ਕਿ ਉਸਦੇ ਪੁੱਤਰ ਜਰੂਰ ਉਸਦੀ ਖੈਰ ਖਬਰ ਪੁੱਛਣ ਆਉਣਗੇ ਅਤੇ ਉਹਨੂੰ ਘਰ ਲੈ ਜਾਣਗੇ ਪਰ ਅਫਸੋਸ ਕਿ ਕਿਸੇ ਨੇ ਕਦੇ ਫੋਨ ਤੱਕ ਨਾ ਕੀਤਾ।

ਫਿਰ ਇਕ ਦਿਨ ਉਸਨੂੰ ਫੋਨ ਆਇਆ ਉਹ ਦੌੜ ਕੇ ਗਈ ਕਦੇ ਸੋਚੇ ਦੀਪੇ ਨੇ ਫੋਨ ਕੀਤਾ ਹੋਊ ਕਦੇ ਸੋਚੇ ਨਿੰਮੇ ਨੇ।ਬੜੀ ਖੁਸ਼ ਸੀ ਕਿ ਉਸਦੇ ਪੁੱਤਰਾ ਨੂੰ ਉਸਦੀ ਯਾਦ ਆਈ ਹੈ ਜੋ ਉਹਨਾਂ ਫੋਨ ਕੀਤਾ।ਪਰ ਜਦੋਂ ਉਸ ਫੋਨ ਕੰਨ ਨਾਲ ਲਾਇਆ ਇਹ ਆਵਾਜ਼ ਨਾ ਦੀਪੇ ਦੀ ਸੀ ਤੇ ਨਾ ਹੀ ਨਿੰਮੇ ਦੀ।

ਇਹ ਤਾਂ ਉਹ ਲਾਟਰੀ ਵੇਚਣ ਵਾਲਾ ਮੁੰਡਾ ਸੀ ਜਿਸਨੇ ਦੱਸਿਆ ਕਿ ਉਸਦਾ ਪੰਜਾਹ ਲੱਖ ਦਾ ਇਨਾਮ ਨਿਕਲ ਆਇਆ ਹੈ ।ਉਸਦੇ ਹੱਥੋ ਟੈਲੀਫੋਨ ਦਾ ਰਿਸੀਵਰ ਡਿੱਗ ਪਿਆ ।ਉਹ ਜ਼ਮੀਨ ਤੇ ਆਪਣਾ ਦਿਲ ਫੜ ਬਹਿ ਗਈ।ਦੂਰ ਕੰਮ ਕਰਦੇ ਸਵੀਪਰ ਨੇ ਜਦ ਵੇਖਿਆ ਉਸ ਦੌੜ ਕੇ ਜਲਦੀ ਜਲਦੀ ਤਾਰੋ ਨੂੰ ਸੰਭਾਲਿਆ ਫਿਰ ਉਸਨੂੰ ਗਿਲਾਸ ਪਾਣੀ ਦਾ ਪਵਾਇਆ।ਸਭ ਬਜ਼ੁਰਗਾਂ ਦੌੜ ਕੇ ਉਸ ਦੇ ਆਲੇ ਦੁਆਲੇ ਘੇਰਾ ਬਣਾ ਲਿਆ ।ਜਦੋਂ ਉਸਨੂੰ ਥੋੜਾ ਹੋਸ਼ ਆਇਆ ਉਸ ਬਿਰਧ ਆਸ਼ਰਮ ਕੰਮ ਕਰਦੇ ਮੁੰਡੇ ਨੂੰ ਆਪਣੇ ਚੁੰਨੀ ਦੇ ਲੜ ਨਾਲ ਬੱਝੀ ਲਾਟਰੀ ਦੀ ਟਿਕਟ ਫੜਾਈ ਤੇ ਅਖਬਾਰ ਵਿੱਚ ਟਿਕਟ ਨੰਬਰ ਮਿਲਾਉਣ ਲਈ ਕਿਹਾ।ਤਾਰੋ ਦੇ ਕਹਿਣ ਤੇ ਉਸ ਲਾਟਰੀ ਦਾ ਸੀਰੀਜ ਦੇਖਣ ਦੇ ਬਾਅਦ ਉਸਨੇ ਅਖਬਾਰ ਤੇ ਟਿਕਟ ਨੰਬਰ ਵੇਖੇ ।

"ਹਾਂ... ਹਾਂ... ਇਹੀ ਟਿਕਟ ਨੰਬਰ ਹੈ ਮਾਈ.. ਤੇਰਾ ਪੰਜਾਹ ਲੱਖ ਦਾ ਇਨਾਮ ਨਿਕਲ ਆਇਆ.. ਮੁਬਾਰਕਾਂ।"ਉਸ ਲੜਕੇ ਨੇ ਖੁਸ਼ ਹੁੰਦੇ ਕਿਹਾ ।

ਇਹ ਸੁਣ ਉਸ ਦੇ ਢਿੱਡ ਵਿੱਚ ਤੇਜ ਗੁੱਰਾਟ ਹੋਈ।ਇਹ ਇਕ ਮਿੱਠਾ ਅਹਿਸਾਸ ਸੀ ।ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ।ਦਿਲ ਕਰਦਾ ਸੀ ਕਿ ਦੌੜੀ ਜਾਵੇ ਅਤੇ ਆਪਣੇ ਪੁੱਤਰਾਂ ਨੂੰ ਆਪਣੀ ਇਸ ਖੁਸ਼ੀ ਵਿਚ ਸ਼ਰੀਕ ਕਰ ਲਵੇ ਪਰ ਫਿਰ ਉਹ ਕੁਝ ਸੋਚ ਰੁੱਕ ਗਈ ਕਿ ਜੇਕਰ ਉਸਦੇ ਪੁੱਤਰਾਂ ਸਿਰਫ ਉਸਨੂੰ ਜਰਾ ਕੁ ਪੈਸਿਆਂ ਦੇ ਲਾਲਚ ਸਦਕਾ ਅਪਣਾਇਆ ਤਾਂ ਇਹ ਉਸ ਲਈ ਅਸਹਿ ਹੋਵੇਗਾ।

ਜਦ ਦੀਪੇ ਤੇ ਨਿੰਮੇ ਨੂੰ ਉਹਨਾਂ ਦੇ ਕਿਸੇ ਰਿਸ਼ਤੇਦਾਰ ਤੋਂ ਪਤਾ ਚਲਿਆ ਕਿ ਉਹਨਾਂ ਦੀ ਮਾਈ ਦੀ ਲਾਟਰੀ ਨਿਕਲੀ ਹੈ ।

ਦੋਵੇਂ ਉਸ ਖੁਸ਼ੀ ਦਾ ਅਨੁਮਾਨ ਨਹੀਂ ਲਾ ਪਾ ਰਹੇ ਸਨ ਜੋ ਲਾਟਰੀ ਜਿੱਤਣ ਤੇ ਰਕਮ ਮਿਲਣ ਵਾਲੀ ਸੀ । ਦੀਪਾ ਬਗਲ ਵਿੱਚ ਅਖਬਾਰ ਦਬਾਏ ਕਈ ਵਾਰ ਏਧਰ ਤੋਂ ਉੱਧਰ ਚਹਲਕਦਮੀ ਕਰਦਾ ਰਿਹਾ।ਇਹ ਪਹਿਲਾ ਮੌਕਾ ਸੀ ਜਦੋਂ ਉਹ ਆਪਣੇ ਆਪ ਨੂੰ ਕੁੱਝ ਵੱਖਰਾ ਤੇ ਅਮੀਰ ਮਹਿਸੂਸ ਕਰ ਰਹੇ ਸਨ।

ਨਿੰਮਾ ਸੋਚ ਰਿਹਾ ਸੀ ਕਿ 'ਮਾਈ ਦਾ ਇਨਾਮ ਨਿਕਲਿਆ ਸਮਝੋ ਸਾਡਾ ਇਨਾਮ ਨਿਕਲਿਆ ਇਹ ਇਨਾਮ ਦੀ ਰਕਮ ਤਾਂ ਮਾਈ ਸਾਨੂੰ ਹੀ ਦੇਵੇਗੀ
ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਕਿ ਅਸੀ ਜਿੱਤ ਗਏ ? ਤਾਂ ਹੁਣ ਅਸੀਂ ਆਪਣੇ ਜੀਣ ਦਾ ਢੰਗ ਬਦਲ ਦੇਵਾਂਗੇ।'

ਫਿਰ ਇਕ ਇਕ ਕਰਕੇ ਉਹਨਾਂ ਨੂੰ ਆਪਣੀ ਮਾਈ ਨਾਲ ਕੀਤੇ ਬੁਰੇ ਵਰਤਾਰੇ ਯਾਦ ਆਏ ।ਸੋਚਣ ਲੱਗੇ ਮਾਂ ਦਾ ਦਿਲ ਵੱਡਾ ਹੁੰਦਾ ਉਹ ਉਹਨਾਂ ਦੀਆਂ ਸਭ ਗਲਤੀਆਂ ਮਾਫ ਕਰ ਦੇਵੇਗੀ।ਉਹ ਇਹ ਵੀ ਜਾਣਦੇ ਸਨ ਕਿ ਜੇਕਰ ਮਾਂ ਨੂੰ ਇਹ ਪਤਾ ਚੱਲ ਗਿਆ ਕਿ ਉਹ ਸਿਰਫ ਪੈਸਿਆਂ ਦੇ ਲਾਲਚ ਕਾਰਨ ਉਹਨੂੰ ਵਾਪਸ ਘਰ ਲੈਣ ਆਏ ਹਨ ਤਾਂ ਉਹ ਕਦੇ ਵੀ ਉਹਨਾਂ ਨਾਲ ਨਹੀਂ ਆਵੇਗੀ।ਇਸ ਲਈ ਉਹਨਾਂ ਇਹ ਫੈਸਲਾ ਕੀਤਾ ਕਿ ਜਿੰਨੀ ਦੇਰ ਮਾਈ ਖੁਦ ਆਪਣੇ ਮੂੰਹੋਂ ਲਾਟਰੀ ਜਿੱਤਣ ਦਾ ਜ਼ਿਕਰ ਨਹੀਂ ਕਰੇਗੀ ਔਨੀ ਦੇਰ ਘਰ ਵਿਚ ਉਹਨਾਂ ਚੋਂ ਕੋਈ ਵੀ ਲਾਟਰੀ ਦੇ ਇਨਾਮ ਦਾ ਜਿਕਰ ਨਹੀਂ ਕਰੇਗਾ।

ਫਿਰ ਉਹ ਦੌੜ ਕੇ ਬਿਰਧ ਆਸ਼ਰਮ ਚੋਂ ਮਾਈ ਨੂੰ ਘਰ ਵਾਪਸ ਲੈ ਆਏ ।

ਤਾਰੋ ਘਰ ਆ ਕੇ ਇਸ ਲਈ ਖੁਸ਼ ਸੀ ਕਿ ਆਖਰ ਉਸਦੇ ਪੁੱਤਰਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਉਹ ਉਸਨੂੰ ਵਾਪਸ ਘਰ ਲੈ ਆਏ।ਇਕ ਦਮ ਅਚਾਨਕ ਸਭ ਕੁਝ ਚੰਗਾ ਚੰਗਾ ਹੋ ਰਿਹਾ ਸੀ ਉਸ ਨਾਲ 'ਪਹਿਲਾਂ ਇਹ ਫਿਕਰ ਸੀ ਕਿ ਐਨੇ ਸਾਰੇ ਪੈਸਿਆਂ ਦਾ ਕੀ ਕਰਾਂਗੀ।ਹੁਣ ਇਹ ਫਿਕਰ ਵੀ ਲਹਿ ਗਈ ।ਮੇਰਾ ਸਭ ਕੁਝ ਤਾਂ ਮੇਰੇ ਪੁੱਤਰਾਂ ਦਾ ਹੀ ਹੈ ਸੋ ਇਹਨਾਂ ਨੂੰ ਹੀ ਅੱਧੋ ਅੱਧ ਵੰਡ ਦੇਵਾਂਗੀ ।ਮੈਂ ਕੀ ਕਰਨੀ ਦੌਲਤ, ਮੇਰੀ ਅਸਲੀ ਦੌਲਤ ਤਾਂ ਮੇਰੇ ਬੱਚੇ ਹਨ।'ਤਾਰੋ ਮਨ ਵਿਚ ਸੋਚ ਰਹੀ ਸੀ ।

ਉਧਰ ਉਹ ਦੋਵੇਂ ਆਪਣੇ ਖਿਆਲਾਂ ਵਿੱਚ ਉੱਡਦੇ ਫਿਰਦੇ ਸਨ।
'ਜੇ ਮਾਈ ਨੇ ਮੈਨੂੰ ਅੱਧੇ ਪੈਸੇ ਦੇ ਦਿੱਤੇ ਤਾਂ ਸਭ ਤੋਂ ਪਹਿਲਾਂ ਆਪਣਾ ਕਰਜਾ ਲਾਹ ਕੇ ਨਵਾਂ ਘਰ ਨਵਾਂ ਫਰਨੀਚਰ ਤੇ ਇਕ ਸੌਦੇ ਦੀ ਦੁਕਾਨ ਖੋਲ੍ਹਾਂਗਾ। 'ਨਿੰਮਾ ਮਨ ਹੀ ਮਨ ਸੋਚ ਰਿਹਾ ਸੀ ।

ਦੀਪਾ ਸੋਚਦਾ "ਜੇ ਮਾਈ ਮੈਨੂੰ ਮੇਰਾ ਅੱਧਾ ਹਿੱਸਾ ਦੇ ਦੇਵੇਗੀ ਤਾਂ ਮੈਂ ਸ਼ਹਿਰ ਕੋਈ ਪਲਾਟ ਖਰੀਦ ਲਵਾਂਗਾ ਫਿਰ ਉਹਨੂੰ ਵੱਧ ਰਕਮ ਤੇ ਵੇਚ ਦਿਆ ਕਰਾਂਗਾ ਤੇ ਬਾਕੀ ਬਚੀ ਰਕਮ ਨੂੰ ਵਿਆਜ ਤੇ ਦੇ ਦਿੱਤਾ ਕਰਾਂਗਾ।"

ਹਰ ਥੋੜ੍ਹੀ ਦੇਰ ਵਿੱਚ ਉਹ ਕੁਝ ਨਵਾਂ ਸੋਚਦੇ ਜੋ ਪਹਿਲਾਂ ਸੋਚੀ ਗਈ ਗੱਲ ਨਾਲੋਂ ਅੱਗੇ ਹੁੰਦਾ ।
ਹੁਣ ਉਹਨਾਂ ਦੋਵਾਂ ਆਪਣੀ ਮਾਈ ਦਾ ਬਹੁਤ ਜਿਆਦਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ।ਜਿੰਨ੍ਹਾਂ ਨੂੰਹਾਂ ਨੂੰ ਉਹ ਜ਼ਰਾ ਵੀ ਚੰਗੀ ਨਾ ਲੱਗਦੀ ਸੀ ਉਹੀ ਨੂੰਹਾਂ ਚੌਵੀ ਘੰਟੇ ਆਪਣੀ ਸੱਸ ਦੀ ਸੇਵਾ ਕਰਨ ਲਈ ਤਿਆਰ ਰਹਿੰਦੀਆਂ।ਦੀਪਾ ਤੇ ਨਿੰਮਾ ਹਰ ਰੋਜ਼ ਆਪਣੀ ਮਾਂ ਲਈ ਨਵੇਂ ਨਵੇਂ ਫਲ ਫਰੂਟ ਲਿਆਉਂਦੇ ਜੋ ਤਾਰੋ ਨੇ ਕਦੇ ਆਪਣੀ ਜ਼ਿੰਦਗੀ ਵਿੱਚ ਨਹੀਂ ਸਨ ਖਾਧੇ ।ਕਰਮੀ ਨੂੰ ਇਹ ਸਭ ਇਕ ਸੁਪਨਾ ਹੀ ਲੱਗ ਰਿਹਾ ਸੀ ਕਿ ਅਚਾਨਕ ਜ਼ਿੰਦਗੀ ਉਸ ਉੱਪਰ ਐਦਾ ਵੀ ਮਿਹਰਬਾਨ ਹੋਵੇਗੀ।ਉਸਦੇ ਦੋਵੇਂ ਹੱਥ ਖੁਸ਼ੀਆਂ ਨਾਲ ਭਰੇ ਪਏ ਸਨ।ਇਕ ਦਿਨ ਜਦ ਉਹ ਆਪਣੇ ਪੁੱਤਰਾਂ ਨੂੰਹਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਈ ਉਸ ਫੈਸਲਾ ਕੀਤਾ ਕਿ ਸਭ ਨੂੰ ਲਾਟਰੀ ਦੇ ਇਨਾਮ ਦੀ ਖਬਰ ਸੁਣਾਏ।ਦੁਪਹਿਰ ਦਾ ਵੇਲਾ ਸੀ ਉਹ ਆਪਣੇ ਕਮਰੇ ਚੋਂ ਉੱਠ ਦੀਪੇ ਦੇ ਕਮਰੇ ਵੱਲ ਗਈ।ਜਿਵੇਂ ਹੀ ਉਹ ਦਰਵਾਜ਼ਾ ਖੋਲ ਅੰਦਰ ਜਾਣ ਲੱਗੀ ਕਿ ਤਾਰੋ ਨੂੰ ਉਹਨਾਂ ਚਾਰਾਂ ਦੀਆ ਆਵਾਜ਼ਾਂ ਕੰਨੀ ਪਈਆਂ।

"ਇੱਕ ਮਹੀਨੇ ਤੋਂ ਉੱਤੇ ਟੈਮ ਲੰਘ ਗਿਆ ਪਰ ਮਾਈ ਨੇ ਆਪਾਂ ਨੂੰ ਪੈਸੇ ਦੇਣੇ ਤਾਂ ਕੀ ਅਜੇ ਇਨਾਮ ਜਿੱਤਣ ਬਾਰੇ ਕੁਝ ਨਹੀਂ ਦੱਸਿਆ ।"ਨਿੰਮੇ ਨੇ ਤਲਖੀ ਨਾਲ ਕਿਹਾ।

"ਮੈਂ ਤਾਂ ਮਾਈ ਕੋਲ ਇਕ ਪਲ ਨਾ ਬੈਠਾ ਉਹ ਤਾਂ ਪੈਸਿਆਂ ਕਰਕੇ ਉਹਦੀ ਗੋਲੀ ਬਣੀ ਬੈਠੀ ਹਾਂ।"ਨਿੰਮੇ ਦੀ ਵਹੁਟੀ ਨੇ ਮੂੰਹ ਬਣਾਉਂਦੀ ਨੇ ਕਿਹਾ ।

"ਮੈਨੂੰ ਤਾਂ ਇਹ ਡਰ ਹੈ ਕਿ ਕਿਤੇ ਆਪਾਂ ਮਾਈ ਦੀ ਸੇਵਾ ਕਰਦੇ ਰਹਿ ਜਾਈਏ ਤੇ ਇਨਾਮ ਉਹ ਕਿਸੇ ਹੋਰ ਨੂੰ ਦੇ ਦੇਵੇ ।"ਦੀਪੇ ਦੀ ਘਰ ਵਾਲੀ ਨੇ ਆਪਣਾ ਪੱਖ ਰੱਖਿਆ ।

"ਕੋਈ ਨਾ ਕੋਈ ਸਕੀਮ ਬਣਾ ਕੇ ਜਲਦੀ ਤੋਂ ਜਲਦੀ ਮਾਈ ਦੀ ਸਾਰੀ ਰਕਮ ਆਪਾਂ ਆਪਣੇ ਹੱਥ ਲੈ ਹੀ ਲੈਣੀ ਹੈ ਤੇ ਫਿਰ ਉਹਨੂੰ ਬਿਰਧ ਆਸ਼ਰਮ ਰਵਾਨਾ ਕਰਨਾ। ਮੇਰੇ ਕੋਲ ਇੱਕ ਤਰਕੀਬ ਹੈ ਵੇਖਣਾ ਸ਼ਾਮ ਤੋਂ ਪਹਿਲਾਂ ਮਾਈ ਦੇ ਸਾਰੇ ਪੈਸੇ ਆਪਣੇ ਕੋਲ ਹੋਣਗੇ।"ਦੀਪੇ ਨੇ ਵੀ ਆਪਣੀ ਘਰਵਾਲੀ ਦੀ ਗੱਲ ਤੇ ਹੁੰਗਾਰਾ ਭਰ ਕੁਝ ਸੋਚਦੇ ਨੇ ਸਭ ਨੂੰ ਆਪਣਾ ਪਲਾਨ ਦੱਸਿਆ ਤਾਰੋ ਤੋਂ ਇਨਾਮ ਦੇ ਪੈਸੇ ਲੈਣ ਲਈ ।

"ਇਹਦਾ ਮਤਲਬ ਇਹਨਾਂ ਨੂੰ ਸਭ ਕੁਝ ਪਤਾ ਸੀ ਮੇਰੇ ਇਨਾਮ ਜਿੱਤਣ ਦਾ,ਤੇ ਮੈਨੂੰ ਲੱਗਿਆ ਮੇਰਾ ਪਿਆਰ ਇਹਨਾਂ ਨੂੰ ਮੇਰੇ ਕੋਲ ਖਿੱਚ ਲਿਆਇਆ ਮੈਂ ਵੀ ਐਵੇਂ ਕੇਹੀ ਖੁਸ਼ਫਹਿਮੀ ਚ ਜਿਊਂਦੀ ਰਹੀ ਐਨੇ ਦਿਨ ।ਚਲ ਤਾਰੋ ਇਥੋਂ ਵਾਪਸ ਮੁੜ ਚੱਲ ਇਸ ਜਗਾ ਕੁਝ ਨਹੀਂ ਰਿਹਾ ਤੇਰਾ, ਤੇਰੇ ਪੁੱਤਰਾਂ ਨੂੰ ਤੇਰੇ ਨਾਲ ਪਿਆਰ ਨਹੀਂ ਬਲਕਿ ਤੇਰੀ ਦੌਲਤ ਨਾਲ ਪਿਆਰ ਹੈ ।ਜਿਸ ਦਿਨ ਦਾ ਤੈਨੂੰ ਬੁਢਾਪੇ ਨੇ ਜਕੜ ਲਿਆ ਤੇਰੀ ਏਸ ਘਰ ਵਿਚ ਕੋਈ ਅਹਿਮੀਅਤ ਨਹੀਂ ਰਹੀ ਤੂੰ ਇਕ ਫਾਲਤੂ ਦੀ ਪੁਰਾਣੀ ਵਸਤ ਹੋ ਗਈ ਜਿਸ ਲਈ ਘਰ ਵਿਚ ਕੋਈ ਥਾਂ ਨਹੀਂ ਰਹੀ।"

ਇਹ ਕਹਿ ਕੇ ਉਹ ਉਥੋਂ ਵਾਪਸ ਬਿਰਧ ਆਸ਼ਰਮ ਮੁੜ ਆਈ ।ਉਸਦੇ ਪੁੱਤਰਾਂ ਬੜੀ ਕੋਸ਼ਿਸ ਕੀਤੀ ਉਸਨੂੰ ਵਾਪਸ ਘਰ ਮੋੜ ਲਿਆਉਣ ਦੀ ਪਰ ਤਾਰੋ ਨੇ ਮਨਾ ਕਰ ਦਿੱਤਾ ਤੇ ਇਨਾਮ ਦੀ ਜਿੱਤੀ ਰਕਮ ਵਿੱਚੋਂ ਅੱਧੀ ਰਕਮ ਉਸ ਬਿਰਧ ਆਸ਼ਰਮ ਨੂੰ ਦਾਨ ਕਰ ਦਿੱਤੀ ਅਤੇ ਦੋ ਦੋ ਲੱਖ ਰੁਪਏ ਆਪਣੇ ਦੋਵਾਂ ਪੁੱਤਰਾਂ ਨੂੰ ਭਿਜਵਾ ਦਿੱਤੇ ਇਹ ਕਹਿ ਕੇ "ਮੈਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਸਾਂ ਪਰ ਜੋ ਪਿਛਲੇ ਕੁਝ ਦਿਨ ਤੁਸੀਂ ਸੇਵਾ ਕੀਤੀ ਮੇਰੀ ਮੈਨੂੰ ਲੱਗਿਆ ਤੁਹਾਡਾ ਜਮੀਰ ਜਾਗ ਗਿਆ ਪਰ ਮੈ ਗਲਤ ਸਾਂ ਮਾਂ ਪਿਉ ਆਪਣੇ ਬੱਚਿਆਂ ਨੂੰ ਪਾਲ ਸਕਦੇ ਨੇ ਪਰ ਬੱਚੇ ਮਾਪਿਆਂ ਨੂੰ ਨਹੀਂ ਇਹੀ ਸਭਿਆਚਾਰ ਹੈ ਨਾ ਆਪਣਾ ਤੁਸੀਂ ਤਾਂ ਮੇਰੀ ਇਨਾਮ ਦੀ ਰਕਮ ਲਈ ਇਹ ਸਭ ਕੁਝ ਕਰ ਰਹੇ ਸੋ ।ਖੈਰ ਜੋ ਵੀ ਸੀ ਮੈਂ ਸੋਚਾਂਗੀ ਕਿ ਉਹ ਕੁਝ ਦਿਨ ਮੈਂ ਇੱਕ ਬਹੁਤ ਵੱਡੇ ਆਲੀਸ਼ਾਨ ਹੋਟਲ ਵਿੱਚ ਗੁਜਾਰੇ ਸਨ ਜਿਸ ਦਾ ਬਿੱਲ ਭੇਜ ਰਹੀ ਹਾਂ ਦੋ ਦੋ ਲੱਖ ਰੁਪਈਆ ਤੁਹਾਡੇ ਬੱਚਿਆਂ ਦੇ ਨਾਂ ਤੇ, ਇਸ ਲਈ ਕਿ ਜਦੋਂ ਉਹ ਤੁਹਾਨੂੰ ਘਰੋਂ ਬਾਹਰ ਕੱਢਣ ਤਾਂ ਉਨ੍ਹਾਂ ਕੋਲ ਕੁਝ ਪੈਸੇ ਹੋਣ ਤੁਹਾਨੂੰ ਦੇਣ ਲਈ ਨਾ ਕਿ ਮੇਰੀ ਤਰਾਂ ਹਾਲ ਹੋਵੇ ਖੈਰ ਭਾਵੇਂ ਜਿਸ ਵੀ ਲਾਲਚ ਨਾਲ ਤੁਸੀਂ ਮੇਰੀ ਸੇਵਾ ਕੀਤੀ ਉਹ ਮੈਂ ਜ਼ਿੰਦਗੀ ਭਰ ਨਹੀਂ ਭੁੱਲਾਂਗੀ।"

ਇਹ ਪੜ ਉਹ ਸਭ ਆਪਣੀ ਖ਼ਾਮੋਸ਼ੀ ਦੇ ਸੰਗੀਨ ਕਫ਼ਸ ਵਿੱਚ ਚਲੇ ਗਏ।ਉਹਨਾਂ ਤਾਰੋ ਤੋਂ ਬਹੁਤ ਮਾਫੀਆਂ ਮੰਗੀਆਂ ਆਪਣੇ ਕੀਤੇ ਬੁਰੇ ਵਰਤਾਰੇ ਲਈ ਉਹਨਾਂ ਬਹੁਤ ਕੋਸ਼ਿਸ਼ ਕੀਤੀ ਮੁੜ ਮਾਈ ਨੂੰ ਘਰ ਮੋੜ ਲਿਆਉਣ ਦੀ ਪਰ ਤਾਰੋ ਆਪਣੇ ਨਵੇਂ ਘਰ ਬਿਰਧ ਆਸ਼ਰਮ ਵਿੱਚ ਬਹੁਤ ਖੁਸ਼ ਸੀ ਆਪਣੇ ਹਮਉਮਰ ਸਾਥੀਆਂ ਨਾਲ, ਉਸਨੂੰ ਹੁਣ ਪਹਿਲਾਂ ਨਾਲੋਂ ਵੀ ਵੱਧ ਸਕੂਨ ਸੀ ਕਿ ਜਿਊਂਦੇ ਜੀ ਜਿੱਥੇ ਉਹ ਹੁਣ ਤੱਕ ਆਪਣੇ ਪਰਿਵਾਰ ਲਈ ਜਿਊਂਦੀ ਆਈ ਤੇ ਅਖੀਰ ਵਿੱਚ ਸਮਾਜ ਲਈ ਵੀ ਕੁਝ ਕਰ ਗਈ,ਉਸ ਨੂੰ ਐਨੀ ਖੁਸ਼ੀ ਤਾਂ ਆਪਣੇ ਪਰਿਵਾਰ ਲਈ ਸਭ ਕੁਝ ਕਰਦਿਆਂ ਨਹੀਂ ਹੋਈ ਜਿੰਨੀ ਖੁਸ਼ੀ ਸਮਾਜ ਲਈ ਕੁਝ ਕਰਨ ਤੇ ਹੋਈ, ਤਾਰੋ ਦੇ ਮਨ ਵਿੱਚ ਫਿਰ ਕਦੇ ਉਦਾਸੀ ਨਾ ਆਈ ਕਿਉਂਕਿ 'ਜਿਊਣਾ ਵੀ ਉਸਦਾ ਜਿਊਣਾ ਹੈ ਗੈਰਾਂ ਲਈ ਜੋ ਜਿਊਂਦਾ ਹੈ' ਉਸ ਤੋਂ ਬਾਅਦ ਤਾਰੋ ਦੇ ਆਲੇ ਦੁਆਲੇ ਖੁਸ਼ੀਆਂ ਦਾ ਘੇਰਾ ਹੀ ਰਿਹਾ ਬਾਕੀ ਬਚੇ ਜੀਵਨ ਵਿੱਚ।

ਸੰਪਰਕ: +91 98723 48277

Comments

Name (required)

Leave a comment... (required)

Security Code (required)ਕਹਾਣੀ-ਨਾਵਲ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ