'ਮੁਹੱਬਤ ਦੇ ਇਛਿਤ ਸਬੰਧਾਂ ਦਾ ਕਾਵਿ ਪ੍ਰਵਚਨ' ਵਰਗੇ ਵਿਸ਼ਿਆਂ ਨੂੰ ਛੂਹਣ ਵਾਲੀ ਲੇਖਿਕਾ ਨੇ ਹੇਠ ਲਿਖੀਆਂ ਸਤਰਾਂ ਦੇ ਹਵਾਲੇ ਨਾਲ ਕੁਰਾਨ ਸ਼ਰੀਫ ਵਿਚ ਦਰਜ ਅੱਲ੍ਹਾ-ਤਾਅਲਾ ਦੇ ਆਪਣੇ ਆਪ ਨਾਲ ਇਸ਼ਕ ਦੇ ਕਥਨ ਦੀ ਤਸਦੀਕ ਕਿੱਸਾ-ਕਵੀ ਵਾਰਿਸ ਸ਼ਾਹ ਦੇ ਲਿਖੇ ਇਕ ਕਿੱਸੇ ਦੇ ਮੰਗਲਾਚਰਣ ਵਿਚ ਮਿਲਦੀ ਹੋਈ ਦਰਸਾਈ ਹੈ:
ਅੱਵਲ ਹਮਦ ਖ਼ੁਦਾ ਦਾ ਵਿਰਦ ਕੀਜੈ
ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ।
ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ
ਤੇ ਮਾਸ਼ੂਕ ਸੀ ਨਬੀ ਰਸੂਲ ਮੀਆਂ।
ਇਸ ਪੁਸਤਕ ਰਾਹੀਂ ਲੇਖਿਕਾ ਨੇ ਪੰਜਾਬੀ ਨਾਰੀ ਕਾਵਿ ਵਿਚ ਯਥਾਰਥ ਅਤੇ ਸੁਪਨੇ ਦੀ ਸੰਕਲਪਨਾ ਵਰਗੇ ਵਿਸ਼ੇ ਨੂੰ ਵੀ ਇਕ ਔਰਤ ਦੀ ਨਜ਼ਰ ਰਾਹੀਂ ਹੀ ਛੂਹਿਆ ਹੈ:
ਭੈਣ ਜੀ ਦੱਸੋ ਤੁਸੀ
ਸਾਡੀ ਵੀ ਕੋਈ ਜ਼ਿੰਦਗ਼ੀ ਐ?
ਗੋਹਾ ਕੂੜਾ, ਚੌਂਕਿਆਂ ਤੋਂ ਕੱਪੜਿਆਂ ਤਕ
ਕੁਰਸੀਆਂ ਮੰਜੇ ਵੀ ਬੁਣਦੀ ਹਾਂ
ਪਤਾ ਨਹੀਂ ਫੇਰ ਵੀ ਕਿਉਂ
ਤੰਗਹਾਲੀ ਬੇਬਸੀ ਮੇਰਾ ਖਹਿੜਾ ਕਿਉਂ ਨਹੀਂ ਛੱਡਦੀ?
ਇਸ ਪੁਸਤਕ ਨੂੰ ਲਿਖਣ ਲਈ ਲੇਖਿਕਾ ਨੇ ਲਗਭਗ ਤਿੰਨ ਵਰ੍ਹਿਆਂ ਤੋਂ ਵੀ ਵੱਧ ਸਮਾਂ ਬਹੁਤ ਹੱਡਭੰਨਵੀਂ ਮਿਹਨਤ ਕੀਤੀ ਜਾਪਦੀ ਹੈ। ਇਸ ਪੁਸਤਕ ਦੇ ਮੁਹਰਲੇ ਅਧਿਆਇਆਂ ਵਿਚ ਬਹੁਤ ਹੀ ਬੋਲਡ ਵਿਸ਼ਿਆਂ ਨੂੰ ਬੜੀ ਹੀ ਸ਼ਾਲੀਨਤਾ ਨਾਲ ਪੇਸ਼ ਕੀਤਾ ਗਿਆ ਹੈ। ਸ਼ੈਲੀ ਦੀ ਗੱਲ ਕਰੀਏ ਤਾਂ ਲੇਖਿਕਾ ਦੀ ਸ਼ੈਲੀ ਐਸੀ ਹੈ ਕਿ ਸੱਭ ਤੱਥ ਲੜੀਵਾਰ ਪਿਰੋਏ ਜਾਪਦੇ ਹਨ, ਜਿੰਝ ਪਾਣੀ ਆਪ ਮੁਹਾਰੇ ਵਹਿ ਰਿਹਾ ਹੋਵੇ। ਪਾਠਕਾਂ ਨੂੰ ਕੋਈ ਵੀ ਗੱਲ ਸਮਝਣ ਵਿਚ ਕਿਸੇ ਕਿਸਮ ਦੀ ਤੰਗੀ ਨਾ ਆਵੇ ਇਸ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਹੈ ਜਿਸ ਲਈ ਲੇਖਿਕਾ ਨੇ ਅਨੇਕਾਂ ਵਿਦੇਸ਼ੀ ਸ਼ਬਦਾਂ ਦੇ ਨਾਲ ਹੀ ਉਨ੍ਹਾ ਦੇ ਮੁਢਲੇ ਅੰਗਰੇਜ਼ੀ ਸ਼ਬਦ ਵੀ ਲਿਖ ਦਿੱਤੇ ਹਨ। ਭਾਸ਼ਾ ਦੀ ਜੇਕਰ ਗੱਲ ਕਰੀਏ ਤਾਂ ਲੇਖਿਕਾ ਨੇ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਅਤੇ ਅਰਬੀ ਭਾਸ਼ਾ ਦੇ ਅਨੇਕ ਸ਼ਬਦਾਂ ਦੀ ਬੜੀ ਸੁੰਦਰ ਅਤੇ ਢੁਕਵੀਂ ਵਰਤੋਂ ਕੀਤੀ ਹੈ।
ਹਿੰਦੀ ਦੇ ਸ਼ਬਦਾਂ ਦੀ ਬਹੁਤਾਤ ਵਾਲੀ ਇਸ ਪੁਸਤਕ ਦਾ ਸਿਰਲੇਖ ਅਤੇ ਇਸ ਵਿਚਲੀ ਸਮੱਗਰੀ ਪੜ੍ਹਦਿਆਂ ਹੋਇਆਂ ਕਈ ਵਾਰ, ਕਿਧਰੇ-ਕਿਧਰੇ ਇਹ ਵੀ ਜਾਪਦਾ ਹੈ ਕਿ ਜਿਵੇਂ ਪੰਜਾਬੀ ਦੀ ਬਜਾਇ ਕੋਈ ਹਿੰਦੀ ਦੀ ਪੁਸਤਕ ਪੜ੍ਹੀ ਜਾ ਰਹੀ ਹੋਵੇ ਕਿਉਂਕਿ ਹਿੰਦੀ ਦੇ ਸ਼ਬਦ, ਤਰਜੁਮਾ ਨਾ ਕਰਕੇ, ਬਹੁਤਾਤ ਵਿਚ ਇੰਨ-ਬਿੰਨ ਹੀ ਗੁਰਮੁਖੀ ਲਿਪੀ ਵਿਚ ਲਿਖੇ ਗਏ ਹਨ ਪਰ ਉਹ ਢੁਕਵੇਂ ਹਨ ਅਤੇ ਬੇਲੋੜੇ ਤਾਂ ਬਿਲਕੁਲ ਵੀ ਨਹੀਂ। ਇੰਝ ਕਿਹਾ ਜਾ ਸਕਦਾ ਹੈ ਕਿ ਪਾਠਕਾਂ ਦੀ ਆਸਾਨੀ ਅਤੇ ਸਹੂਲਤ ਦਾ ਹਰ ਵਸੀਲਾ ਕੀਤਾ ਗਿਆ ਹੈ। ਕੁੱਲ ਮਿਲਾ ਕੇ ਇਹ ਇਕ ਰਿਸਰਚ ਪੁਸਤਕ ਹੈ ਜਿਸ ਵਿਚ 1980 ਤੋਂ ਬਾਅਦ ਦੀ ਕਵਿਤਾ ਵਿਚ ਨਾਰੀ ਦੇ ਸਹਿਯੋਗ ਨੂੰ ਤਰਤੀਬਵਾਰ ਦਰਸਾਇਆ ਗਿਆ ਹੈ ਅਤੇ ਹਰ ਪਾਠ ਦੇ ਅੰਤ ਵਿਚ ਪੰਜਾਬੀ, ਹਿੰਦੀ, ਅੰਗਰੇਜ਼ੀ ਭਾਸ਼ਾਵਾਂ ਦਿਆਂ ਉਨ੍ਹਾ ਅਨੇਕ ਪੁਸਤਕਾ, ਰਸਾਲਿਆਂ ਅਤੇ ਖੋਜ ਪੱਤਰਾਂ ਦਾ ਹਵਾਲਾ ਦਿੱਤਾ ਗਿਆ ਹੈ ਜਿਨ੍ਹਾਂ ਦੇ ਸੰਦਰਭਾਂ ਨਾਲ ਇਸ ਪੁਸਤਕ ਦੀ ਰਚਨਾ ਲਈ ਮਦਤ ਲਿੱਤੀ ਗਈ ਹੈ, ਅਤੇ ਜੋ ਉਨ੍ਹਾਂ ਪਾਠਕਾਂ ਲਈ ਵੀ ਲਾਹੇਵੰਦ ਹੋਵੇਗਾ ਜੋ ਸਬੰਧਿਤ ਵਿਸ਼ਿਆ ਉਪਰ ਖੋਜ ਕਰਨ ਦੇ ਚਾਹਵਾਨ ਹੋਣ। ਇਹ ਪੁਸਤਕ ਨਾਰੀ ਸਮਾਜ ਅਤੇ ਖ਼ਾਸ ਤੌਰ ਤੇ ਪੰਜਾਬੀ ਨਾਰੀ ਕਾਵਿ ਲਈ ਇਕ ਮੀਲ ਪੱਥਰ ਹੈ, ਇਕ ਵਰਦਾਨ ਹੈ। ਕੁਲ 266 ਸਫਿਆਂ ਦੀ ਇਸ ਪੁਸਤਕ ਨੂੰ ਲੇਖਿਕਾ ਵੱਲੋਂ ਨਾਰਿਤਾ ਨਾਲ ਭਰਪੂਰ ਆਪਣੀ ਜਣਨੀ ਸ੍ਰੀਮਤੀ ਰੂਪ ਰਾਣੀ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਹ ਸਮਰਪਣ ਵੀ ਇਕ ਨਾਰੀ ਦੇ ਦੂਜੀ ਨਾਰੀ ਦੇ ਪ੍ਰਤੀ ਸਨਮਾਨ ਨੂੰ ਦਰਸਾਉਂਦਾ ਹੈ।
ਸੰਪਰਕ: +91 94184 70707
Neel
Shukriyaa SuhiSaver!