Thu, 18 July 2024
Your Visitor Number :-   7194585
SuhisaverSuhisaver Suhisaver

ਪਰਮਜੀਤ ਸਿੰਘ ਕੱਟੂ ਦੀ ਪੁਸਤਕ : ਵਿਦਰੋਹੀ ਕਾਵਿ (ਪਾਸ਼, ਉਦਾਸੀ, ਮੁਕਤੀਬੋਧ ਅਤੇ ਨੇਰੂਦਾ ਦੇ ਸੰਦਰਭ ’ਚ) -ਡਾ. ਰਾਜਿੰਦਰ ਪਾਲ ਸਿੰਘ ਬਰਾੜ

Posted on:- 07-10-2012

suhisaver

ਵਿਦਰੋਹੀ ਕਾਵਿ, ਪ੍ਰਤੀਰੋਧੀ ਕਾਵਿ, ਬਗਾਵਤੀ ਕਾਵਿ, ਜੁਝਾਰ ਕਾਵਿ, ਇਨਕਲਾਬੀ ਕਾਵਿ ਵਿਚਕਾਰ ਸੂਖ਼ਮ ਅੰਤਰ ਹੋਣ ਦੇ ਬਾਵਜੂਦ ਵਿਸ਼ਾਲ ਅਰਥ ਘੇਰੇ ਵਿਚ ਸਮਅਰਥੀ ਹੀ ਹਨ ਕਿਉਂਕਿ ਇਹ ਕਾਵਿ ਮਨੁੱਖੀ ਸਮਾਜ ਦੇ ਪ੍ਰਬੰਧ ਵਿਚ ਨਿਯਮਤ ਹੋਣ ਨਾਲ ਹੀ ਮਨੁੱਖ ਦੀ ਆਦਿ ਸੁਤੰਤਰ ਇੱਛਾ ਦਾ ਪ੍ਰਗਟਾਵਾ ਕਰਦਾ ਹੈ। ਹਰ ਪ੍ਰਬੰਧ ਭਾਵੇਂ ਮਾਨਵੀ ਲੋੜ ਵਿਚੋਂ ਹੀ ਸਿਰਜਿਆ ਗਿਆ ਹੈ ਪਰ ਇੱਕ ਵਾਰ ਪ੍ਰਬੰਧ ਨਿਯਮਤ ਹੋ ਜਾਣ ਨਾਲ ਇਹ ਮਾਨਵੀ ਅਕਾਂਖਿਆਵਾਂ ਦਾ ਦਮਨ ਕਰਨ ਲੱਗ ਪੈਂਦਾ ਹੈ। ਉਸਦੀ ਸੁਤੰਤਰਤਾ ’ਤੇ ਰੋਕ ਲਗਾਉਣ ਲੱਗ ਪੈਂਦਾ ਹੈ। ਇਹ ਹੱਕ, ਸੱਚ, ਨਿਆਂ ਦੀ ਥਾਵੇਂ ਲੁੱਟ-ਖਸੁੱਟ, ਝੂਠ, ਅਨਿਆਂ ਦਾ ਪੱਖ ਪੂਰਨ ਲੱਗ ਪੈਂਦਾ ਹੈ। ਹਮੇਸ਼ਾ ਲੁੱਟ-ਖਸੁੱਟ ਦੇ ਸ਼ਿਕਾਰ, ਅਨਿਆਂ ਦੇ ਸ਼ਿਕਾਰ, ਦਬਾਏ ਹੋਏ ਲੋਕਾਂ ਨੂੰ ਸਥਾਪਤ ਪ੍ਰਬੰਧ ਦਾ ਵਿਰੋਧ ਕਰਦਿਆਂ, ਬਗਾਵਤ ਦਾ ਝੰਡਾ ਚੱਕਦਿਆਂ, ਵਿਦਰੋਹੀ ਰਾਹ ’ਤੇ ਚਲਦਿਆਂ ਇਨਕਲਾਬ ਕਰਨਾ ਪੈਂਦਾ ਹੈ। ਇਸ ਸਾਰੀ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ’ਤੇ ਕਾਵਿ ਉਪਜਦਾ ਰਹਿੰਦਾ ਹੈ। ਮਾਨਵੀ ਸਮਾਜ ਦੇ ਇਤਿਹਾਸਕ ਪੜਾਅ ਅਤੇ ਸੰਘਰਸ਼ੀ ਪੜਾਅ ਕਾਰਨ ਇਸਦਾ ਸਰੂਪ ਬਦਲਦਾ ਰਹਿੰਦਾ ਹੈ, ਪਰ ਇਸਦਾ ਤੱਤ ਸਾਰ ਨਹੀਂ ਬਦਲਦਾ ਸਗੋਂ ਉਹ ਸਮਾਂ-ਸਥਾਨ ਦੋਹਾਂ ਤੋਂ ਮੁਕਤ ਹੋ ਕੇ ਰਾਸ਼ਟਰਾਂ/ਭਾਸ਼ਾਵਾਂ ਤੋਂ ਪਾਰ ਵਿਚਰਦਾ ਹੈ।
   
ਇਸ ਹੱਕ-ਨਿਆਂ ਦੀ ਲੜਾਈ ਲੜਨ ਵਾਲਿਆਂ ਦੀ ਗੌਰਵ ਗਾਥਾ ਨੂੰ ਕਾਵਿ ਅਤੇ ਇਤਿਹਾਸ ਦੋਵੇਂ ਸੰਭਾਲਦੇ ਆਏ ਹਨ, ਇਤਿਹਾਸ ਤਥਾਕਥਿਤ ਤੱਥਗਤ, ਲਿਖਤੀ ਅਤੇ ਸਿਖਿਅਕ ਸੁਭਾਅ ਦਾ ਹੋਣ ਕਰਕੇ ਜ਼ਿਆਦਾਤਰ ਸ਼ਾਸਕ ਵਰਗ ਦੇ ਹਿੱਤ ਅਨੁਸਾਰੀ ਰਹਿੰਦਾ ਹੈ। ਜਦ ਕਿ ਕਾਵਿ ਭਾਵਨਾਤਮਿਕ ਹੋਣ ਦੇ ਨਾਲ਼ ਨਾਲ਼ ਪੂਰਵ ਆਧੁਨਿਕ ਕਾਲਾਂ ਵਿੱਚ ਲਿਖਤੀ ਨਾਲੋਂ ਮੌਖਿਕ ਵਧੇਰੇ ਹੁੰਦਾ ਹੈ ਅਤੇ ਮਿਥਿਅਕ ਸੁਭਾਅ ਦਾ ਹੁੰਦਾ ਹੈ। ਇਸ ਵਿਚ ਲੋਕਾਂ ਦੀ ਭਾਵਨਾਵਾਂ, ਮੂੰਹੋਂ-ਮੂੰਹੀਂ ਬੋਲਾਂ ਰਾਹੀਂ ਲੋਕਮਨਾਂ ਦੇ ਅਵਚੇਤਨ ਵਿਚ ਸਫ਼ਰ ਕਰਦੀਆਂ ਰਹਿੰਦੀਆਂ ਹਨ। ਉਦਾਹਰਨ ਵੱਜੋਂ ਇਤਿਹਾਸ ਵਿਚ ਅਕਬਰ ਬਾਦਸ਼ਾਹ ਬਹੁਤ ਮਹਾਨ ਹੈ, ਉਸਦੀ ਮਹਾਨਤਾ ਬਾਰੇ, ਉਸ ਦੀਆਂ ਜਿੱਤਾਂ ਬਾਰੇ, ਉਸਦੇ ਰਾਜ ਵਿਸਤਾਰ ਬਾਰੇ ਲਿਖਤੀ ਤੱਥਗਤ ਇਤਿਹਾਸ ਮਿਲਦਾ ਹੈ ਪ੍ਰੰਤੂ ਪੰਜਾਬ ਦੇ ਬਗਾਵਤ ਕਰਨ ਵਾਲੇ ਵਿਦਰੋਹੀ ਸ਼ੇਰ ਦੁੱਲ੍ਹੇ ਭੱਟੀ ਬਾਰੇ ਮੱਧਕਾਲੀ ਲਿਖਤੀ ਇਤਿਹਾਸ ਵਿਚ ਕੁਝ ਵੀ ਨਹੀਂ ਮਿਲਦਾ ਪਰ ਲੋਕਮਨਾਂ ਵਿੱਚੋਂ ਉਸਦਾ ਸਥਾਨ ਬਹੁਤ ਉੱਚਾ ਹੈ।
   
ਪੰਜਾਬ ਦਾ ਮੱਧਕਾਲੀ ਸਾਹਿਤ ਵਿਦਰੋਹੀ ਕਾਵਿ ਹੀ ਹੈ, ਵਿਦਰੋਹ ਕੇਵਲ ਸਥਾਪਤ ਸੱਤਾ ਦੇ ਰਾਜਸੀ ਪ੍ਰਬੰਧ ਖ਼ਿਲਾਫ਼ ਹੀ ਨਹੀਂ ਹੈ ਸਗੋਂ ਧਾਰਮਿਕ, ਆਰਥਿਕ, ਸਮਾਜਕ, ਸਭਿਆਚਾਰਕ ਸਾਰੇ ਖੇਤਰਾਂ ਵਿਚ ਵਿਰੋਧ ਦੇਖਣ ਨੂੰ ਮਿਲਦਾ ਹੈ। ਉਦਾਹਰਨ ਵਜੋਂ ਸੂਫ਼ੀ ਕਾਵਿ ਸਥਾਪਤ ਧਾਰਮਿਕ ਰਹੁਰੀਤਾਂ ਤੋਂ ਬਾਗ਼ੀ ਹੈ, ਗੁਰਮਤਿ ਕਾਵਿ ਨਿਆਂ ਪ੍ਰਬੰਧ ’ਤੇ ਕਾਬਜ਼ ਮੁਕੱਦਮਾਂ ਨੂੰ ਕੁੱਤੇ ਨਾਲ ਤੁਲਨਾਉਂਦਾ ਹੈ। ਕਿੱਸਾ ਕਵਿ ਸਮਾਜ ਦੀ ਪ੍ਰਵਾਨਤ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾਉਂਦਾ ਹੈ। ਵਾਰਾਂ ਪੰਜਾਬੀ ਯੋਧਿਆਂ ਦੀਆਂ ਲੜਾਈਆਂ ਨੂੰ ਗੌਰਵ ਦਿੰਦੀਆਂ ਹਨ।
   
ਵਿਦਰੋਹੀ ਕਾਵਿ ਦਾ ਪਹਿਲਾ ਪੜਾਅ ਆਪਣੇ ਆਲੇ-ਦੁਆਲੇ ਦੀ ਚੇਤਨਾ ਨਾਲ ਸੰਬੰਧਿਤ ਹੈ ਜਦੋਂ ਕਿਸੇ ਵਿਅਕਤੀ ਨੂੰ ਅਹਿਸਾਸ ਹੁੰਦਾ ਹੈ ਕਿ ਮੇਰੇ ਨਾਲ ਜਾਂ ਮੇਰੇ ਸਮੂਹ ਨਾਲ ਠੀਕ ਨਹੀਂ ਹੋ ਰਿਹਾ, ਇਸ ਤੋਂ ‘ਹੋ ਰਹੇ’ ਦਾ ਵਿਰੋਧ ਉਪਜਦਾ ਹੈ, ਇਹ ਵਿਰੋਧ ਦਾ ਰੂਪ ਪ੍ਰਸਥਿਤੀਆਂ ਅਨੁਸਾਰ ਵਿਭਿੰਨ ਹੁੰਦਾ ਹੈ, ਜੇ ਕਦੇ ਮਹਿਜ਼ ਬੇਨਤੀ ਜਾਂ ਸ਼ਿਕਾਇਤ ਗ਼ਿਲੇ/ਸ਼ਿਕਵੇ ਤੱਕ ਸੀਮਤ ਹੁੰਦਾ ਹੈ, ਕਦੇ ਇਹ ਉਗਰ ਰੂਪ ਵਿੱਚ ਹੱਥੋ-ਪਾਈ ਤੋਂ ਲੈ ਕੇ ਹਥਿਆਰਬੰਦ ਰਾਜਪਲਟੇ ਤੱਕ ਹੁੰਦਾ ਹੈ। ਸੋ ਦੂਸਰਾ ਪੜਾਅ ਸਥਾਪਤੀ ਵਿਰੁੱਧ ਸੰਘਰਸ਼ ਦਾ ਹੁੰਦਾ ਹੈ। ਇਹ ਵਿਰੋਧ ਸ਼ਾਬਦਿਕ ਅਤੇ ਹਥਿਆਰਬੰਦ ਦੋਹਾਂ ਕਿਸਮ ਦਾ ਹੋ ਸਕਦਾ ਹੈ। ਇਸਦਾ ਇਕ ਰੂਪ ਸਥਾਪਤ ਪ੍ਰਬੰਧ ਪ੍ਰਤੀ ਸ਼ਿਕਾਇਤੀ ਅਤੇ ਆਪਣੇ ਹੱਕ ਪ੍ਰਤੀ ਚੇਤੰਨਤਾ ਹੁੰਦਾ ਹੈ ਜਦੋਂ ਕਿ ਸਰਕਾਰ ਜਾਂ ਸਥਾਪਤੀ ਇਸ ਆਵਾਜ਼ ਨੂੰ ਦਬਾਉਂਦੀ ਹੈ ਤਾਂ ਉਸ ਪ੍ਰਕਿਰਿਆ ਦੀ ਜ਼ੁਲਮਾਂ ਦੀ ਦਾਸਤਾਨ ਬਿਆਨੀ ਜਾਂਦੀ ਹੈ। ਇਸ ਵਿਚ ਪੁਲਸ ਤਸ਼ੱਦਦ ਤੋਂ ਲੈ ਕੇ ਜੇਲ੍ਹ ਦੀਆਂ ਕਾਲ-ਕੋਠੜੀਆਂ ਦਾ ਅਨੁਭਵ ਸ਼ਾਮਿਲ ਰਹਿੰਦਾ ਹੈ। ਜਿਹੜੇ ਵਿਦਰੋਹੀ ਇਸ ਰਸਤੇ ’ਤੇ ਚਲਦਿਆਂ ਸ਼ਹੀਦ ਹੋ ਜਾਂਦੇ ਹਨ ਉਨ੍ਹਾਂ ਦੀਆਂ ਗੌਰਵ ਗਾਥਾਵਾਂ ਹੋਰ ਵੀ ਜ਼ੋਰ-ਸ਼ੋਰ ਨਾਲ ਗਾਈਆਂ ਜਾਂਦੀਆਂ ਹਨ। ਇਸ ਲੜਾਈ ਦੇ ਦਰਮਿਆਨ ਸਥਾਪਤੀ ਦੇ ਜ਼ੁਲਮਾਂ ਦਾ ਬਿਰਤਾਂਤ, ਆਪਣੀ ਧਿਰ ਦੀ ਹੱਕੀ ਹੋਣ ਦੀ ਕਹਾਣੀ, ਆਪਣੇ ਸਮੂਹ ਲਈ ਜੂਝ-ਮਰਨ ਦਾ ਉਤਸ਼ਾਹ ਵਰਗੀਆਂ ਭਾਵਨਾਵਾਂ ਪ੍ਰਬਲ ਰਹਿੰਦੀਆਂ ਹਨ। ਇਸ ਪੜਾਅ ਦੇ ਕਾਵਿ ਵਿਚ ਉਤਸ਼ਾਹ ਭਾਰੂ ਹੁੰਦਾ ਹੈ।

ਤੀਸਰੇ ਪੜਾਅ ਵਿਚ ਦੋ ਹੀ ਰਾਹ ਬਚਦੇ ਹਨ। ਪਹਿਲਾ, ਬਾਗ਼ੀਆਂ ਦੀ ਜਿੱਤ, ਦੂਸਰਾ, ਸਥਾਪਤੀ ਵਲੋਂ ਬਾਗ਼ੀਆਂ ਨੂੰ ਕੁਚਲ ਦੇਣਾ। ਜਿੱਤ ਦੀ ਸਥਿਤੀ ਵਿਚ ਪੁਰਾਣੇ ਬਾਗ਼ੀ, ਜੋ ਹੁਣ ਰਾਜ ਭਾਗ ’ਤੇ ਕਾਬਜ਼ ਹੋ ਚੁੱਕੇ ਹੁੰਦੇ ਹਨ, ਉਹ ਪੂਰਵਲੇ ਇਤਿਹਾਸ ਨੂੰ ਆਪਣੇ ਨਜ਼ਰੀਏ ਨਾਲ ਲਿਖਦੇ ਹਨ ਅਤੇ ਆਪਣੀ ਵਿਦਰੋਹੀ ਜੰਗ ਨੂੰ ਹੱਕੀ ਠਹਿਰਾਉਂਦੇ ਆਪਣੇ ਗੌਰਵ ਦਾ ਗਾਣ ਕਰਦੇ ਹਨ। ਦੂਸਰੀ ਸਥਿਤੀ ਸਥਾਪਤੀ ਵਲੋਂ ਬਾਗ਼ੀਆਂ ਨੂੰ ਕੁਚਲ ਦੇਣ ਦੀ ਹੁੰਦੀ ਹੈ ਜਿਥੇ ਬਾਗ਼ੀਆਂ ਨੂੰ ਕੁਚਲ ਦੇਣ ਤੋਂ ਬਾਅਦ ਸਥਾਪਿਤ ਧਿਰ ਆਪਣੇ ਤੌਰ ’ਤੇ ਬਾਗ਼ੀਆਂ ਦੀਆਂ ਕਾਰਵਾਈਆਂ ਨੂੰ ਨਾਜਾਇਜ਼ ਘੋਸ਼ਿਤ ਕਰਦੀ ਹੈ ਜਦੋਂ ਕਿ ਬਾਗ਼ੀਆਂ ਦੇ ਬਚੇ-ਖੁਚੇ ਲੋਕ ਹਾਕਮ ਧਿਰ ਦੀਆਂ ਜ਼ਿਆਦਤੀਆਂ ਨੂੰ ਕਰੁਣਾ ਨਾਲ ਪੇਸ਼ ਕਰਦੇ ਹਨ। ਜ਼ੁਲਮੀ-ਜਾਬਰ ਸਥਾਪਤੀ ਦੇ ਜ਼ੁਲਮਾਂ ਦੀ ਦਾਸਤਾਨ ਪੜ੍ਹ ਕੇ ਆਮ ਵਿਅਕਤੀ ਦੇ ਮਨ ਵਿਚ ਬਾਗ਼ੀਆਂ ਪ੍ਰਤੀ ਕਰੁਣਾ ਉਪਜਦੀ ਹੈ।
   
ਮਾਨਵੀ ਇਤਿਹਾਸ ਵਿਚ ਇਹ ਕ੍ਰਮ ਅਕਸਰ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਸਥਾਪਤੀ ਪ੍ਰਤੀ ਬਗਾਵਤ ਹੁੰਦੀ ਹੈ। ਇਹ ਤਿੰਨਾਂ ਪੜਾਵਾਂ ਤੋਂ ਗੁਜ਼ਰਦੀ ਹੋਈ ਕਦੇ ਸਫ਼ਲ ਅਤੇ ਕਦੇ ਅਸਫ਼ਲ ਹੋ ਜਾਂਦੀ ਹੈ। ਪੂਰਵਲੇ ਆਧੁਨਿਕ ਯੁੱਗਾਂ ਵਿਚ ਇਹ ਪ੍ਰਕਿਰਿਆ ਇਕਹਿਰੀ ਬਣਤਰ ਦੀ ਹੁੰਦੀ ਸੀ ਪਰ ਆਧੁਨਿਕ ਅਤੇ ਉਤਰ-ਆਧੁਨਿਕ ਯੁੱਗ ਵਿਚ ਆ ਕੇ ਇਹ ਨਾ ਕੇਵਲ ਬਹੁ-ਪਰਤੀ ਅਤੇ ਗੁੰਝਲਦਾਰ ਹੀ ਹੋ ਗਈ ਸਗੋਂ ਇਸ ਸਮੁੱਚੀ ਪ੍ਰਕਿਰਿਆ ਦੇ ਰੂਪ ਵੀ ਵੱਖੋ-ਵੱਖਰੇ ਹੁੰਦੇ ਹਨ। ਪੂਰਵਲੇ ਪ੍ਰਬੰਧਾਂ ਵਿਚ ਸਥਾਪਤੀ ਅਤੇ ਮਹਿਕੂਮ ਧਿਰ ਵਿਚ ਦਰਜਾਬੰਦੀ ਅਤੇ ਵਿਭੇਦੀਕਰਨ ਬੜਾ ਸਪੱਸ਼ਟ ਹੁੰਦਾ ਸੀ। ਇਸੇ ਕਰਕੇ ਦੋਹਾਂ ਧਿਰਾਂ ਦੀ ਸਥਿਤੀ ਹੀ ਆਹਮਣੋ-ਸਾਹਮਣੀ ਦੀ ਹੁੰਦੀ ਸੀ ਅਤੇ ਇਹੀ ਸਥਿਤੀ ਕਾਵਿ ਵਿਚ ਸੀ। ਇਸ ਕਾਰਨ ਕਰਕੇ ਕਾਵਿ ਵੀ ਧਿਰਾਂ ਅਨੁਸਾਰ ਵੰਡਿਆ ਹੁੰਦਾ ਸੀ। ਆਧੁਨਿਕ ਯੁੱਗ ਵਿਚ ਆ ਕੇ ਸਮਾਜਿਕ ਅਤੇ ਰਾਜਸੀ ਦਰਜਬੰਦੀ ਬਦਲ ਜਾਣ ਦੀਆਂ ਨਵੀਆਂ ਸਮੀਕਰਨਾਂ ਪੈਦਾ ਹੋਈਆਂ। ਇਸ ਸਥਿਤੀ ਵਿਚ ਸਮਾਜ ਅੰਦਰ ਸਥਾਪਤੀ ਅਤੇ ਵਿਸਥਾਪਤੀ ਦਾ ਘੋਲ ਨਿਰੰਤਰ ਕਈ ਪੱਧਰਾਂ ’ਤੇ ਚਲਦਾ ਰਹਿੰਦਾ ਹੈ। ਇਸ ਦਾ ਪਰ ਅਸਲੀ ਵਿਅੰਗਮੂਲਕ ਰੂਪ ਲੋਕਤੰਤਰੀ ਸੰਸਥਾਵਾਂ ਵਿਚ ਦੇਖਿਆ ਜਾ ਸਕਦਾ ਹੈ। ਜਿੱਥੇ ਰਾਜਸੀ ਪੱਧਰ ’ਤੇ ਸਥਾਪਤੀ ਦੀਆਂ ਰਾਜ ਸੱਤਾ ’ਤੇ ਕਾਬਜ਼ ਧਿਰਾਂ ਅਤੇ ਰਾਜ ਸੱਤਾ ਤੋਂ ਬਾਹਰ ਪਰ ਸਥਾਪਤੀ ਦਾ ਭਾਗ ਵਿਰੋਧੀ ਧਿਰਾਂ ਅਦਲ-ਬਦਲ ਕੇ ਖੇਡ ਖੇਡਦੀਆਂ ਆਪਣਾ ਹੀ ਪ੍ਰਵਚਨ ਸਿਰਜਦੀਆਂ ਹਨ। ਜਿਸ ਵਿਚ ਉਹ ਵਿਦਰੋਹੀ ਕਾਵਿ ਨੂੰ ਸ਼ਾਬਦਿਕ ਹਥਿਆਰਾਂ ਵਜੋਂ ਵਰਤੀਆਂ ਹਨ।
   
ਇਕ ਹੋਰ ਖੇਡ ਵੀ ਖੇਡੀ ਜਾਂਦੀ ਹੈ,ਕੋਸ਼ਿਸ਼ ਦੇ ਬਾਵਜੂਦ ਜੇ ਬਾਗ਼ੀਆਂ ਨੂੰ ਜੇ ਲੋਕ ਮਨਾਂ ਵਿਚ ਥਾਂ ਮਿਲ ਜਾਵੇ ਤਾਂ, ਬਹੁਤ ਵਾਰ ਸਥਾਪਤੀ ਉਨ੍ਹਾਂ ਬਾਗ਼ੀਆਂ ਨੂੰ ਪ੍ਰਸੰਗੋਂ ਤੋੜ ਕੇ ਪ੍ਰਵਾਨ ਕਰ ਲੈਂਦੀ ਹੈ। ਉਦਾਹਰਨ ਵਜੋਂ ਸ਼ਹੀਦੇ-ਆਜ਼ਮ ਭਗਤ ਸਿੰਘ ਅਤੇ ਉਸ ਦੇ ਸਾਥੀ ਅੰਗਰੇਜ਼ ਸਾਮਰਾਜ ਦੇ ਦੁਸ਼ਮਣ ਸਨ ਪਰ ਭਾਰਤ ਦੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਥਾਪਤ ਰਾਜ ਪ੍ਰਬੰਧ ਵੀ ਉਨ੍ਹਾਂ ਦੇ ਸਮਾਜਵਾਦੀ ਵਿਚਾਰਾਂ ਨੂੰ ਬਹੁਤ ਪਸੰਦ ਨਹੀਂ ਕਰਦਾ ਸੀ ਪਰ ਲੋਕਮਨਾਂ ਵਿਚ ਇਸ ਦੇ ਸਤਿਕਾਰ ਨੂੰ ਦੇਖਦਿਆਂ ਸਾਰੀਆਂ ਸਰਕਾਰਾਂ ਨੇ ਹੀ ਉਸ ਨੂੰ ਵਿਚਾਰਾਂ ਤੋਂ ਸੱਖਣੇ ਕਰਕੇ ਪ੍ਰਵਾਨ ਲਿਆ ਹੈ ਅਤੇ ਉਸ ਦੇ ਬਿੰਬ ਵਿਚ ਆਪਣੇ ਹਿੱਤੀ ਸੰਕਲਪੀ ਅਰਥ ਭਰਨੇ ਸ਼ੁਰੂ ਕਰ ਦਿੱਤੇ ਹਨ। ਅਜਿਹੀਆਂ ਗੁੰਝਲਦਾਰ ਪ੍ਰਸਥਿਤੀਆਂ ਵਿਚ ਜਦੋਂ ਅਸੀਂ ਵਿਦਰੋਹੀ ਕਾਵਿ ਨੂੰ ਵਿਚਾਰਦੇ ਹਾਂ ਤਾਂ ਬੜੇ ਵੱਖਰੇ ਅਨੁਭਵ ਵਿਚੋਂ ਗੁਜ਼ਰਨ ਦਾ ਅਹਿਸਾਸ ਹੁੰਦਾ ਹੈ।

ਇੱਕ ਦ੍ਰਿਸ਼ਟੀ ਤੋਂ ਸਮੁੱਚਾ ਕਾਵਿ ਹੀ ਆਪਣੀ ਪ੍ਰਕਿਰਤੀ ਵਜੋਂ ਹੀ ਵਿਦਰੋਹੀ ਹੁੰਦਾ ਹੈ। ਭਾਸ਼ਾ ਜੇ ਪ੍ਰਬੰਧ ਹੈ ਤਾਂ ਕਾਵਿ-ਭਾਸ਼ਾ ਇਕ ਤਰ੍ਹਾਂ ਉਸ ਤੋਂ ਬਗਾਵਤ ਹੈ। ਭਾਸ਼ਾ ਜਿੱਥੇ ਵਿਆਕਰਣਿਕ ਨਿਯਮਾਂ ਵਿਚ ਬੱਝੀ ਹੋਈ, ਸੀਮਤ, ਕਾਲ ਪ੍ਰਸੰਗਿਕ ਅਰਥ/ਸੰਚਾਰ ਕਰਦੀ ਹੈ। ਜਦੋਂ ਕਿ ਕਾਵਿ-ਭਾਸ਼ਾ ਵਿਆਕਰਣਿਕ ਨਿਯਮਾਂ ਨੂੰ ਆਪਣੇ ਹੀ ਢੰਗ ਨਾਲ ਭੰਨਦੀ-ਤੋੜਦੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਕਾਵਿ-ਭਾਸ਼ਾ ਦਾ ਵੀ ਇਕ ਆਪਣਾ ਵਿਆਕਰਨ ਬਣ ਜਾਂਦਾ ਹੈ, ਜਿਸ ਨੂੰ ਕਾਵਿ-ਸ਼ਾਸਤਰ ਕਿਹਾ ਜਾਂਦਾ ਹੈ ਅਤੇ ਵਿਦਰੋਹੀ ਕਾਵਿ ਜੁੰਮੇ ਫਿਰ ਇਕ ਕੰਮ ਲੱਗ ਜਾਂਦਾ ਹੈ ਕਿ ਉਹ ਸਥਾਪਤ ਕਾਵਿ-ਸ਼ਾਸਤਰ ਦੀ ਭੰਜਨਾ ਕਰੇ। ਸੰਸਕ੍ਰਿਤ ਭਾਸ਼ਾ ਦੇ ਜਕੜ ਨੂੰ ਤੋੜਨ ਲਈ ਬੁੱਧ ਨੂੰ ਆਪਣੇ ਵਿਦਰੋਹੀ ਬੋਲ ਬੋਲਣ ਲਈ ਪਾਲੀ ਭਾਸ਼ਾ ਦਾ ਪ੍ਰਯੋਗ ਕਰਨਾ ਪਿਆ, ਗੁਰੂ ਨਾਨਕ ਨੂੰ ਉਸ ਸਮੇਂ ਦੀਆਂ ਸਥਾਪਤ ਧਾਰਮਿਕ ਪ੍ਰਵਚਨੀ ਭਾਸ਼ਾਵਾਂ ਸੰਸਕ੍ਰਿਤ ਅਤੇ ਅਰਬੀ ਦੀ ਥਾਵੇਂ ਪੰਜਾਬੀ ਦਾ ਰਾਹ ਫੜ੍ਹਨਾ ਪਿਆ। ਇਸ ਪ੍ਰਕਾਰ ਕਾਵਿ-ਰਚਨਾ ਲਈ ਭਾਸ਼ਾ ਚੋਣ ਵੀ ਵਿਦਰੋਹ ਹੋ ਨਿਬੜਦੀ ਹੈ। ਅੱਗੋਂ ਭਾਸ਼ਾ ਵਿਚੋਂ ਵੀ ਸ਼ਬਦ ਚੋਣ ਆਪਣੀ ਲੀਲ੍ਹਾ ਰਚਦੀ ਹੈ। ਇਸ ਤੱਤ ਦਾ ਬਹੁਤ ਵਾਰੀ ਕਵੀਆਂ ਨੂੰ ਗਿਆਨ ਵੀ ਹੁੰਦਾ ਹੈ। ਕਮ-ਸੇ-ਕਮ ਪਾਸ਼ ਇਸ ਬਾਰੇ ਬਹੁਤ ਚੇਤੰਨ ਸੀ, ਅਜਿਹੀ ਚੇਤੰਨਤਾ ਦੂਸਰੇ ਇਨਕਲਾਬੀ ਕਵੀਆਂ ਵਿਚ ਵੀ ਮਿਲਦੀ ਹੈ।
   
ਕਾਵਿ-ਆਲੋਚਕਾਂ ਦੀ ਬਹੁਤੀ ਵਾਰ ਸਮੱਸਿਆ ਇਹ ਹੁੰਦੀ ਹੈ ਕਿ ਉਹ ਕੇਵਲ ਰਾਜਸੀ ਸੱਤਾ ਦੇ ਵਿਦਰੋਹ ਦੀ ਕਵਿਤਾ ਨੂੰ ਹੀ ਵਿਦਰੋਹੀ ਕਵਿਤਾ ਮੰਨਦੇ ਹਨ। ਜਦੋਂ ਕਿ ਵਿਦਰੋਹ ਦੇ ਰੂਪ ਬਹੁਤ ਸੂਖ਼ਮ ਹੁੰਦੇ ਹਨ। ਵਿਭਿੰਨ ਪ੍ਰਸੰਗਾਂ ਵਿਚ ਇਹ ਪਰਿਵਾਰਿਕ ਵਿਰੋਧ ਤੋਂ ਲੈ ਕੇ ਵਿਦਿਆ ਪ੍ਰਬੰਧ ਨੂੰ ਨਕਾਰਨ ਤੱਕ ਅਤੇ ਧਾਰਮਿਕ ਪ੍ਰਬੰਧ ਉਤੇ ਪ੍ਰਸ਼ਨ ਚਿੰਨ੍ਹ ਲਾਉਣ ਤੋਂ ਲੈ ਕੇ ਰਾਜਸੀ ਵਿਦਰੋਹ ਤੱਕ ਫੈਲਿਆ ਹੁੰਦਾ ਹੈ। ਉਦਾਰਨ ਵਜੋਂ:

ਨਹੀਂ ਤਾਂ ਬਾਪੂ ਮੈਂ ਮਰਜਾਂ
ਨਹੀਂ ਮਰਜੇ ਕੁੜਮਣੀ ਤੇਰੀ
   
ਇਹ ਪਹਿਲੀ ਪੱਧਰ ’ਤੇ ਵਿਅਕਤੀਗਤ ਪਰਿਵਾਰਕ ਕਲੇਸ਼ ਜਾਪਦਾ ਹੈ ਪਰ ਅਸਲ ਵਿਚ ਇਹ ਸਮਾਜਿਕ ਪ੍ਰਬੰਧ ਦੇ ਖ਼ਿਲਾਫ਼ ਵਿਦਰੋਹ ਹੈ। ਇਹ ਔਰਤ ਦੀ ਵਿਦਰੋਹੀ ਕਵਿਤਾ ਹੈ, ਅਸਲ ਵਿਚ ਤਾਂ ਔਰਤ ਦਾ ਕਵਿਤਾ ਲਿਖਣਾ ਹੀ ਵਿਦਰੋਹ ਹੈ। ਬਹੁਤ ਸਾਰੀਆਂ ਸਮਾਜਿਕ ਵਰਗਾਂ, ਜਾਤਾਂ ਨੂੰ ਕਾਵਿ ਸੁਣਨਾ, ਪੜ੍ਹਨਾ, ਰਚਨਾ ਵਿਵਰਜਿਤ ਸੀ ਤਾਂ ਉਸ ਸਥਿਤੀ ਵਿਚ ਕਾਵਿ-ਰਚਨਾ ਹੀ ਆਪਣੇ ਆਪ ਵਿਚ ਵਿਦਰੋਹ ਹੈ। ਭਗਤੀ ਕਾਵਿ ਦੇ ਰਵਿਦਾਸ ਅਤੇ ਕਬੀਰ ਜੇ ਸਥਾਪਤ ਜਾਤੀ ਪ੍ਰਬੰਧ ਦੇ ਖ਼ਿਲਾਫ਼ ਵਿਦਰੋਹ ਨਾ ਵੀ ਕਰਦੇ ਤਾਂ ਵੀ ਉਨ੍ਹਾਂ ਦਾ ਲਿਖਣਾ ਹੀ ਆਪਦੇ ਆਪ ਵਿਚ ਵਿਦਰੋਹ ਸੀ। ਕਿਉਂਕਿ ਲਿਖਣਾ ਤੁਹਾਡੀ ਹੋਂਦ ਦੀ ਨਿਸ਼ਾਨੀ ਹੈ ਤੇ ਪ੍ਰਬੰਧ ਵਿਅਕਤੀ ਦੀ ਹੋਂਦ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਜੇ ਅਸੀਂ ਵਿਦਰੋਹੀ ਕਾਵਿ ਦੇ ਲੱਛਣ ਪਛਾਨਣੇ ਹੋਣ ਤਾਂ ਉਹ ਸਿਰਫ਼ ਕਾਵਿ ਦੇ ਲੱਛਣ ਹੀ ਹਨ ਕਿਉਂਕਿ ਕਾਵਿ ਦਾ ਅਰਥ ਹੀ ਵਿਦਰੋਹੀ ਹੈ। ਜਦੋਂ ਅਸੀਂ ਵਿਦਰੋਹੀ ਅਤੇ ਗ਼ੈਰ-ਵਿਦਰੋਹੀ ਕਾਵਿ ਵਿਚ ਵੰਡ ਕਰਦੇ ਹਾਂ ਤਾਂ ਅਸਲ ਵਿਚ ਗ਼ੈਰ-ਵਿਦਰੋਹੀ ਜਾਂ ਸਥਾਪਤੀ ਕਾਵਿ ਉਹ ਹੁੰਦਾ ਹੈ ਜੋ ਅਜਿਹੇ ਕਾਵਿ ਦੀ ਨਕਲ ਹੁੰਦਾ ਹੈ ਜੋ ਕਿਸੇ ਸਮੇਂ ਭਾਵੇਂ ਵਿਦਰੋਹੀ ਹੁੰਦਾ ਸੀ ਪਰ ਸਮੇਂ ਨਾਲ ਉਹ ਖੁਦ ਸਥਾਪਤੀ ਦਾ ਅੰਗ ਬਣ ਗਿਆ ਜਾਂ ਸਥਾਪਤੀ ਨੇ ਉਸ ਨੂੰ ਅੰਗੀਕਾਰ ਕਰ ਲਿਆ ਜਾਂ ਉਸ ਕਾਵਿ-ਧਾਰਾ ਦਾ ਰੁਖ ਮੋੜ ਦਿੱਤਾ ਗਿਆ। ਹਰ ਯੁੱਗ ਵਿਚ ਅਜਿਹੇ ਨਕਲਚੂ, ਦੁਜੈਲੇ ਦੇ ਸਥਾਪਤੀ ਪੱਖੀ ਕਾਵਿ ਲਿਖਣ ਵਾਲਿਆਂ ਦੀ ਭਰਮਾਰ ਹੁੰਦੀ ਹੈ, ਜੋ ਵਿਚਾਰਧਾਰਕ ਪੱਧਰ ’ਤੇ ਸਥਾਪਤੀ ਦੀ ਸੀਮਾਕਾਰ ਵਿਚ ਵਿਚਰਦੇ ਹਨ। ਸਿਰਫ਼ ਵਿਦਰੋਹੀ ਜਾਂ ਇਨਕਲਾਬੀ ਕਾਵਿ ਹੀ ਕਾਵਿ ਹੁੰਦਾ ਹੈ ਜੋ ਇਸ ਦੀ ਸੀਮਾ ਨੂੰ ਉਲੰਘ ਕੇ ਨਵੇਂ ਪੂਰਨੇ ਪਾਉਂਦਾ ਹੈ।
   
ਪਰਮਜੀਤ ਸਿੰਘ ਕੱਟੂ ਨੇ ਆਪਣੀ ਇਸ ਪੁਸਤਕ ਵਿਚ ਵੱਖ-ਵੱਖ ਪਿਛੋਕੜਾਂ ਵਾਲੇ ਚਾਰ ਇਨਕਲਾਬੀ ਕਵੀਆਂ ਦੇ ਵਿਦਰੋਹੀ ਕਾਵਿ ਦਾ ਤੁਲਨਾਤਮਕ ਅਧਿਐਨ ਕੀਤਾ ਹੈ। ਇਸ ਅਧਿਐਨ ਵਿਚ ਉਸ ਨੇ ਉਨ੍ਹਾਂ ਦਰਮਿਆਨ ਸਮਾਨਤਾਵਾਂ ਅਤੇ ਵਿਭਿੰਨਤਾਵਾਂ ਨੂੰ ਉਜਾਗਰ ਕਰਦਿਆਂ ਸਮਾਨਤਾਵਾਂ ਦੇ ਆਧਾਰ ’ਤੇ ਉਨ੍ਹਾਂ ਦੀ ਆਪਸੀ ਸਾਂਝ ਵਿਚੋਂ ਵਿਦਰੋਹੀ ਕਾਵਿ ਦੇ ਸੂਤਰ ਤਲਾਸ਼ੇ ਹਨ। ਉਸ ਦੇ ਅਧਿਐਨ ਦਾ ਜ਼ਿਆਦਾਤਰ ਜ਼ੋਰ ਸਾਂਝੀਆਂ ਵਸਤੂ-ਪਰਕ ਸਥਿਤੀਆਂ, ਅਨੁਭਵਾਂ ਦੀ ਸਾਂਝ ਅਤੇ ਵਿਚਾਰਧਾਰਕ ਇਕਸੁਰਤਾ ਵੱਲ ਰਿਹਾ ਹੈ। ਕਿਤੇ-ਕਿਤੇ ਉਸ ਨੇ ਸੂਖਮ ਇਸ਼ਾਰੇ ਉਨ੍ਹਾਂ ਦੇ ਕਾਵਿ-ਸਿਰਜਣ ਦੀ ਵਿਧਾਗਤ ਕਾਵਿਕ-ਸਾਂਝ ਖ਼ਾਸ ਕਰਕੇ ਭਾਸ਼ਾ-ਪ੍ਰਯੋਗ, ਸੰਬੋਧਨੀ ਉਚਾਰ, ਸ਼ੈਲੀਗਤ ਵੱਖਰਤਾ ਨੂੰ ਵੀ ਧਿਆਨ ਵਿਚ ਲਿਆਂਦਾ ਹੈ। ਕਾਵਿ-ਸ਼ਾਸਤਰੀ ਨੁਕਤੇ ਤੋਂ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਵਿਦਰੋਹੀ ਕਾਵਿ ਦੇ ਅੰਦਰੂਨੀ ਤੱਤ, ਜੋ ਭਾਸ਼ਾ, ਦੇਸ਼-ਕੌਮ ਤੋਂ ਪਾਰ ਵਿਚਰਦਾ ਹੈ, ਉਸ ਦੇ ਅਪਕੜ ਸੂਖਮ ਰੂਪ ਨੂੰ ਪਕੜ ਨਿਯਮਾਂ ਵਿਚ ਬੰਨ੍ਹੇ। ਇਹ ਕਠਨ ਮਾਰਗ ਹੈ ਪਰ ਪਰਮਜੀਤ ਦੀ ਸੰਵੇਦਨਸ਼ੀਲ ਬਿਰਤੀ, ਸੁਹਿਰਦ ਪਹੁੰਚ ਅਤੇ ਸਿਰੜ ਅੱਗੇ ਅਸੰਭਵ ਨਹੀਂ। ਮੈਨੂੰ ਆਸ ਹੈ ਕਿ ਉਹ ਪੰਜਾਬੀ ਕਾਵਿ-ਆਲੋਚਨਾ ਵਿਚ ਨਵੇਂ ਵਾਧੇ ਕਰੇਗਾ। (ਪੁਸਤਕ ਦੀ ਭੂਮਿਕਾ)
 

-ਪ੍ਰੋਫੈਸਰ ਤੇ ਮੁਖੀ,
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Comments

hardeep singh

it is realy readable book. congrats parmjit

ਅਮਨਿੰਦਰ ਸਿੰਘ

ਡਾ. ਬਰਾੜ ਨੇ ਪੁਸਤਕ ਦੀ ਭੂਮਿਕਾ ਬਹੁਤ ਕਮਾਲ ਹੈ। ਪੁਸਤਕ ਵੀ ਜ਼ਰੂਰ ਪੜਣਯੋਗ ਹੋਵੇਗੀ। ਸੂਹੀ ਸਵੇਰ ਦਾ ਧੰਨਵਾਦ ਅਜਿਹੀਆਂ ਮੁਲਵਾਨ ਲਿਖਤਾਂ ਸਾਡੇ ਤਕ ਪਹੁੰਚਾਉਣ ਲਈ...

ਇਕਬਾਲ ਰਾਮੂਵਾਲੀਆ

ਰਜਿੰਦਰਪਾਲ ਦਾ ਲੇਖ ਨੀਝ ਨਾਲ਼ ਪੜ੍ਹਨਯੋਗ, ਵਿਚਾਰਨਯੋਗ, ਅਤੇ ਸਾਂਭ ਕੇ ਰੱਖਣਯੋਗ ਹੈ। ਨਵੇਂ ਲੇਖਕਾਂ ਨੂੰ ਸੇਧ ਦੇਣ ਵਾਲੀ ਰਚਨਾ ਹੈ।

rajinder aatish

change sahit nu bhumika dee lorh nahi hundi

Security Code (required)Can't read the image? click here to refresh.

Name (required)

Leave a comment... (required)

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ