Sat, 13 July 2024
Your Visitor Number :-   7183155
SuhisaverSuhisaver Suhisaver

ਔਰਤਾਂ ਦੀਆਂ ਸਮੱਸਿਆਵਾਂ ਨੂੰ ਬੇਬਾਕ ਚਿਤਰਦੀ ਲੇਖਿਕਾ ਸੁਧਾ ਸ਼ਰਮਾਂ

Posted on:- 20-09-2016

suhisaver

-ਗੁਰਚਰਨ ਸਿੰਘ ਪੱਖੋਕਲਾਂ
ਸੰਪਰਕ: +91 94177 27245  


ਸਾਹਿਤਕ
ਖੇਤਰ ਵਿੱਚ ਇਸਤਰੀ ਜਾਤੀ ਦੀਆਂ ਸਮੱਸਿਆਵਾਂ ਅਤੇ ਦੁੱਖਾਂ ਨੂੰ ਭਾਵੇਂ ਬਹੁਤ ਸਾਰੇ ਮਰਦ ਲੇਖਕ ਚਿਤਰਦੇ ਰਹਿੰਦੇ ਹਨ, ਜਿਹਨਾਂ ਵਿੱਚੋਂ ਬਹੁਤ ਸਾਰੇ ਲੇਖਕ ਸਫਲ ਵੀ ਰਹਿੰਦੇ ਹਨ, ਪਰ ਇਹਨਾਂ ਲੇਖਕਾਂ ਨੇ ਇਹ ਹੱਡੀ ਹੰਢਾਇਆ ਨਹੀਂ ਹੁੰਦਾ ਸਿਰਫ ਤੀਸਰੀ ਅੱਖ ਨਾਲ ਦੇਖਿਆ ਹੀ ਹੁੰਦਾ ਹੈ ਜਾਂ ਕਲਪਨਾ ਦੇ ਘੋੜੇ ਹੀ ਦੌੜਾਏ ਹੁੰਦੇ ਹਨ। ਲੇਖਿਕਾ ਸੁਧਾ ਸ਼ਰਮਾਂ ਦੀ ਕਿਤਾਬ ਸੱਤ ਸਮੁੰਦਰੋਂ ਪਾਰ ਪੜਦਿਆਂ ਇਸਤਰੀਆਂ ਦੀਆਂ ਮਨ ਦੀਆਂ ਪਰਤਾਂ ਉਘੇੜਦੀ ਲੇਖਕਾ ਉਹਨਾਂ ਦੇ ਦੁੱਖਾਂ ਨੂੰ ਲਿਖਦੀ ਸਹਿਜ ਰੂਪ ਵਿੱਚ ਹੀ ਪਾਠਕ ਦੇ ਮਨ ਮਸਤਕ ਵਿੱਚ ਵਿਚਾਰਾਂ ਦਾ ਹੜ ਲਿਆਉਣ ਵਿੱਚ ਸਫਲ ਹੁੰਦੀ ਹੈ। ਇਸ ਕਿਤਾਬ ਦੀਆਂ ਕਹਾਣੀਆਂ ਨੂੰ ਬਹੁਤਾ ਵਿਸਥਾਰ ਦੇਣ ਦੀ ਥਾਂ ਕੀਮਤੀ ਸਬਦਾਂ ਵਿੱਚ ਲਿਖਿਆ ਹੈ ਜਿਸਨੂੰ ਪਾਠਕ ਹਰ ਕਹਾਣੀ ਨੂੰ ਇੱਕ ਹੀ ਵਾਰ ਵਿੱਚ ਪੜ ਲੈਂਦਾ ਹੈ।

ਕਿਤਾਬ ਵਿੱਚਲੀਆਂ ਕਹਾਣੀਆਂ ਪੜਦਿਆਂ ਇਹ ਵੀ ਜਾਪਦਾ ਹੈ ਜਿਵੇਂ ਲੇਖਿਕਾ ਨੇ ਖੁਦ ਜਾਂ ਉਸਦੀਆਂ ਕਰੀਬੀ ਇਸਤਰੀ ਪਾਤਰ੍ਹਾਂ ਨੇ ਇਹ ਦੁੱਖ ਹੰਢਾਏ  ਹੋਣਗੇ ਕਿਉਂਕਿ ਕਹਾਣੀਆਂ ਦੇ ਪਾਤਰ ਬਹੁਤ ਹੀ ਅਸਲੀਅਤ ਦੇ ਨੇੜੇ ਜਾਪਦੇ ਹਨ ਅਤੇ ਇਹ ਹੀ ਲੇਖਕ ਦੀ ਸਫਲਤਾ ਵੀ ਹੁੰਦੀ ਹੈ, ਜਿਸ ਵਿੱਚ ਪਾਠਕ ਪਾਤਰ ਦੀ ਧੜਕਦੀ ਜ਼ਿੰਦਗੀ ਮਹਿਸੂਸ ਕਰਦਾ ਹੈ।

70 ਕੁ ਪੰਨਿਆਂ ਦੀ ਕਿਤਾਬ ਵਿੱਚ 34 ਦੇ ਕਰੀਬ ਕਹਾਣੀਆਂ ਵਿੱਚ ਸਮਾਜ ਦੇ ਬਹੁਤ ਸਾਰੇ ਸਮਾਜਕ ਵਰਤਾਰਿਆ ਨੂੰ ਚਿਤਰਿਆ ਗਿਆ ਹੈ। ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਅਤੇ ਮਹਾਂਵੀਰ ਪਰਸਾਦ ਸ਼ਰਮਾਂ ਜੀ ਦੇ ਸ਼ੁਰੂਆਤੀ ਸੁਭ ਕਾਮਨਾਵਾਂ ਵਾਲੇ ਸੰਦੇਸ਼ਾਂ ਅਤੇ ਅਲੋਚਨਾ ਵਾਲੇ ਵਿਚਾਰਾਂ ਤੋਂ ਸ਼ੁਰੂਆਤ ਵੀ ਲੇਖਕਾ ਦੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਣ ਦੀ ਬਾਤ ਪਾਉਂਦਾ ਹੈ। ਲੇਖਿਕਾ ਦੀ ਨਿੱਜੀ ਜ਼ਿੰਦਗੀ ਵਿੱਚ ਝਾਤ ਪਾਉਂਦਿਆ ਵੀ ਪਤਾ ਲੱਗਦਾ ਹੈ ਕਿ ਫੌਜ ਦੇ ਕਰਨਲ ਦੀ ਇਸ ਜੁਝਾਰੂ ਬੇਟੀ ਨੇ ਨੌਜਵਾਨ ਉਮਰ ਵਿੱਚ ਹੀ ਬਹੁਤ ਸਾਰੇ ਸਮਾਜਕ ਅਤੇ ਪਰਿਵਾਰਕ ਦੁੱਖਾਂ ਦੇ ਵਿੱਚੋਂ ਲੰਘਦਿਆਂ ਸੰਘਰਸ਼ ਕਰਦਿਆਂ ਹੀ ਇਹਨਾਂ ਨੂੰ ਬਿਆਨਣ ਲਈ ਕਲਮ ਕੁਦਰਤ ਨੇ ਇਹਨਾਂ ਦੇ ਹੱਥ ਦਿੱਤੀ ਹੈ।
             
ਪੁਨਰ ਜਨਮ ਕਹਾਣੀ ਦੀ ਪਾਤਰ ਸਵੀਟੀ ਜ਼ਿੰਦਗੀ ਅਤੇ ਸਮਾਜ ਦੀਆਂ ਹਕੀਕਤਾਂ ਤੋਂ ਅਣਜਾਣ ਅੰਤਰਜਾਤੀ ਪਿਆਰ ਵਿਆਹ ਕਰਨ ਤੋਂ ਬਾਅਦ ਪਤੀ ਅਤੇ ਸਹੁਰੇ ਪਰਿਵਾਰ ਦੇ ਜ਼ੁਲਮ ਸਹਿਣ ਤੋਂ ਬਾਅਦ ਆਖਰ ਆਪਣੇ ਮਾਂ ਬਾਪ ਕੋਲ ਹੀ ਜਾਣ ਨੂੰ ਮਜਬੂਰ ਹੁੰਦੀ ਹੈ । ਇਹ ਕਹਾਣੀ  ਵਰਤਮਾਨ ਸਮੇਂ ਦੇ ਅੱਲੜ ਉਮਰ ਦੇ ਲਏ ਗਲਤ ਫੈਸਲਿਆਂ ਤੋਂ ਪਰਦਾ ਚੁਕਦੀ ਹੈ। ਸਿਰ ਦਾ ਸਾਂਈ ਕਹਾਣੀ ਵਿੱਚ ਔਰਤ  ਪਾਤਰ੍ਹਾਂ ਆਪਣੇ ਜੀਵਨ ਸਾਥੀਆਂ ਨੂੰ ਬੇਵਫਾਈਆਂ ਕਰਨ ਤੋਂ ਬਾਅਦ ਵੀ ਸਾਰੀ ਜ਼ਿੰਦਗੀ ਮੁੜ ਆਉਣ ਦੀਆਂ ਉਡੀਕਾਂ ਕਰਦੀਆਂ ਹਨ ਅਤੇ ਮੁੜ ਆਉਣ ਤੇ ਮਾਫ ਕਰਦੀਆਂ ਦਿਖਾਈ ਦਿੰਦੀਆਂ ਹਨ ਜੋ ਇਸਤਰੀ ਜਾਤੀ ਦੇ ਵੱਡੇ ਦਿਲ ਦੀ ਗਵਾਹੀ ਹੈ। ਦੋ ਰੋਟੀਆਂ ਕਹਾਣੀ ਵਿੱਚ ਸੱਸ ਦੁਆਰਾ ਜੋਬਨ ਉਮਰੇ ਸਤਾਈ ਜੀਤੀ ਬਜ਼ੁਰਗ ਸੱਸ ਨੂੰ ਉਸਦੇ ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਮਾਫ ਕਰ ਦਿੰਦੀ ਹੈ। ਇਸ ਕਹਿਰਵਾਨ ਸੱਸ ਨੂੰ ਜਿਸ ਤਰ੍ਹਾਂ ਦੋ ਰੋਟੀਆਂ ਦੇਣ ਵਿੱਚ ਜੋ ਇਨਸਾਨੀਅਤ ਸਤਾਈ ਹੋਈ ਜੀਤੀ ਦਿਖਾਉਂਦੀ ਹੈ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਪਾਠਕ ਨੂੰ ਕਿ ਮਾਫ ਕਰ ਦੇਣਾ ਹੀ ਵੱਡਾ ਗੁਣ ਹੈ। ਜਨਮ ਪੱਤਰੀ ਅਤੇ ਵਿਆਹ ਨਾਂ ਦੀ ਕਹਾਣੀ ਵਿੱਚ ਅਖੌਤੀ ਧਾਰਮਿਕ ਵਿਸ਼ਵਾਸਾਂ ਸਹਾਰੇ ਜੋੜੇ ਰਿਸਤੇ ਹਕੀਕਤਾਂ ਦੀ ਮਾਰ ਨਾਲ ਅਸਫਲ ਹੁੰਦੇ ਦਿਖਾਏ ਗਏ ਹਨ ਵਰਤਮਾਨ ਸਮੇਂ ਦੀਆਂ ਲੋੜਾ ਅਨੁਸਾਰ ਵਿਗਿਆਨਕ ਸੂਝਬੂਝ ਵਿੱਚੋਂ ਰਿਸਤਿਆਂ ਦੀ ਨੀਂਹ ਰੱਖਣ ਦੀ ਪ੍ਰੇਰਨਾ ਦਿੰਦੀ ਹੈ। ਇਸ ਤਰ੍ਹਾਂ ਹੀ ਇਸ ਕਿਤਾਬ ਦੀ ਹਰ ਕਹਾਣੀ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਅਤੇ ਇਹੋ ਲੇਖਿਕਾ ਦੀ ਕਲਮ ਦੀ ਸਫਲਤਾ ਹੈ।

       
ਪਿਛਲੇ ਦਿਨੀ ਪਟਿਆਲੇ ਡਾਕਟਰ ਧਰਮਵੀਰ ਗਾਂਧੀ ਜੀ ਦੇ ਘਰ ਜਾਣ ਸਮੇਂ ਇਸ ਲੇਖਕਾ ਦੀਆਂ ਤਿੰਨ ਕਿਤਾਬਾਂ ਪ੍ਰਾਪਤ ਹੋਈਆਂ ਸਨ ਜਿਸ ਵਿੱਚ ਦੂਸਰੀਆਂ ਦੋ ਕਿਤਾਬਾਂ ਜੋ ਬੱਚਿਆਂ ਲਈ ਬਾਲ ਸਾਹਿਤ ਦੇ ਰੂਪ ਵਿੱਚ ਕਵਿਤਾਵਾਂ ਦੀਆਂ ਹਨ ਜਿਹਨਾਂ ਵਿੱਚ ਸਤਰੰਗੀ ਪੀਂਘ ਅਤੇ  ਮਾਂ ਮੈ ਵੀ ਹੁਣ ਪੜਨ ਸਕੂਲੇ ਜਾਵਾਂਗੀ ਸਨ । ਇਸ ਤੋਂ ਪਤਾ ਲੱਗਦਾ ਹੈ ਕਿ ਲੇਖਕਾ ਨੇ ਬਾਲ ਸਾਹਿਤ ਤੇ ਵੀ ਕਵਿਤਾ ਰੂਪ ਵਿੱਚ ਦੋ ਕਿਤਾਬਾਂ ਲਿਖਕੇ ਬਾਲ ਸਾਹਿਤ ਨੂੰ ਵੀ ਚੰਗਾ ਯੋਗਦਾਨ ਪਾਇਆ ਹੈ। ਬਾਲ ਸਾਹਿਤ ਦੀਆਂ ਦੋਨਾਂ ਕਿਤਾਬਾਂ ਵਿੱਚ ਇਹਨਾਂ ਦੀ ਸਕੂਲ ਪੜਦੀ ਬੇਟੀ ਨੇ ਕਵਿਤਾਵਾਂ ਨਾਲ ਮਿਲਦੇ ਜੁਲਦੇ ਬਹੁਤ ਹੀ ਵਧੀਆ ਜੋ ਰੇਖਾ ਚਿੱਤਰ ਜਾਂ ਸਕੈਚ ਬਣਾਏ ਹਨ ਵੀ ਇਹਨਾਂ ਦੀ ਬੇਟੀ ਮੁਸਕਾਨ ਰਿਸੀ ਦੇ ਜਨਮ ਜਾਤ ਕਲਾ ਦੇ ਇਸ ਗੁਣ ਦੀ ਗਵਾਹੀ ਪਾਉਂਦੇ ਹਨ। ਸਹਿਰੀ ਵਾਤਾਵਰਣ ਵਿੱਚ ਰਹਿ ਰਹੀ ਲੇਖਿਕਾ ਦੀ ਲਿਖਣ ਸੈਲੀ ਵਿੱਚ ਪੇਡੂੰ ਪੰਜਾਬੀ ਸਭਿਆਚਾਰ ਜਿਆਦਾ ਭਾਰੂ ਹੈ ਜੋ ਪੰਜਾਬੀਅਤ ਦੀ ਜਿੰਦ ਜਾਨ ਹੈ। ਸਰੀਰਕ ,ਮਾਨਸਿਕ ਅਤੇ ਪਰਿਵਾਰਕ ਦੁੱਖਾਂ ਵਿੱਚ ਵਿਚਰਦੀ ਲੇਖਿਕਾ ਸੁਧਾ ਸ਼ਰਮਾਂ ਤੋਂ ਪੰਜਾਬੀ ਸਾਹਿੱਤ ਨੂੰ ਹੋਰ ਵੀ ਆਸਾਂ ਬਣੀਆਂ ਰਹਿਣਗੀਆਂ। ਨਵਰੰਗ ਪਬਲੀਕੇਸ਼ਨ ਸਮਾਣਾ ਵੱਲੋਂ ਛਾਪੀਆਂ ਗਈਆਂ ਇਹ ਕਿਤਾਬਾਂ ਵੀ ਉਤਸਾਹ ਜਨਕ ਵਰਤਾਰਾ ਹੈ , ਲੇਖਿਕਾ ਅਤੇ ਪਬਲਿਸ਼ਰ ਵਧਾਈ ਦੇ ਪਾਤਰ ਹਨ ਪੰਜਾਬੀ ਸਾਹਿਤ ਜਗਤ ਨੂੰ ਇਹ ਕਿਤਾਬਾਂ ਦੇਣ ਲਈ।

Comments

Security Code (required)Can't read the image? click here to refresh.

Name (required)

Leave a comment... (required)

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ