Tue, 17 October 2017
Your Visitor Number :-   1096560
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਪੁਸਤਕ: ਮੀਡੀਆ ਦਾ ਮਾਇਆਜਾਲ

Posted on:- 14-01-2017

suhisaver

ਲੇਖਕ : -ਡਾ. ਭੁਪਿੰਦਰ ਸਿੰਘ ਬੱਤਰਾ,
    -ਵਿਕਰਮ ਸਿੰਘ

ਪ੍ਰਕਾਸ਼ਕ: ਗਰੇਸੀਅਸ ਬੁੱਕਸ, ਪਟਿਆਲਾ
ਸੰਪਰਕ: +91 175 5007643

ਕੀਮਤ: 200/-
ਪੰਨੇ: 171


ਮੀਡੀਆ ਬਾਰੇ ਗੁਰਮੁਖੀ ਲਿਪੀ ਵਿੱਚ ਬਹੁਤ ਘੱਟ ਪੁਸਤਕਾਂ ਉਪਲੱਬਧ ਹਨ। ਡਾ. ਭੁਪਿੰਦਰ ਸਿੰਘ ਬੱਤਰਾ ਅਤੇ ਰਿਸਰਚ ਸਕਾਲਰ ਵਿਕਰਮ ਸਿੰਘ ਦੀ ਪੁਸਤਕ 'ਮੀਡੀਆ ਦਾ ਮਾਇਆਜਾਲ' ਇਸ ਘਾਟ ਨੂੰ ਪੂਰਾ ਕਰਨ ਲਈ ਇੱਕ ਨਿੱਗਰ ਅਤੇ ਸੁਹਿਰਦ ਯਤਨ ਹੈ। ਡਾ. ਬੱਤਰਾ ਮੇਰਾ ਜਮਾਤੀ ਅਤੇ ਜਿਗਰੀ ਯਾਰ ਹੈ। ਵੇਖਣ ਨੂੰ ਉਹ ਜਿੰਨਾ ਸਿੱਧਾ-ਪੱਧਰਾ ਲੱਗਦੈ, ਓਨਾ ਹੀ ਉਹ ਗਹਿਰ-ਗੰਭੀਰ ਅਤੇ ਸਾਗਰ ਵਾਂਗ ਡੂੰਘਾ ਹੈ! ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੱਤਰਕਾਰੀ ਦਾ ਕੋਰਸ ਕਰਦਿਆਂ ਉਸ ਨੇ ਆਪਣੇ ਖੋਜ-ਨਿਬੰਧ 'ਪਟਿਆਲਾ ਦੀ ਖੁੰਬ ਪੱਤਰਕਾਰੀ' ਲਿਖ ਕੇ ਤਹਿਲਕਾ ਮਚਾ ਦਿੱਤਾ ਸੀ। ਸਰਕਾਰੀ ਕੋਟਾ ਲੈ ਕੇ ਬਲੈਕ ਵਿੱਚ ਕਾਗਜ਼ ਵੇਚਣ ਵਾਲੇ ਛੋਟੇ ਅਤੇ ਦਰਮਿਆਨੇ ਅਖ਼ਬਾਰਾਂ ਦੇ ਮਾਲਕ ਉਸ ਦੇ ਵੈਰ ਪੈ ਗਏ ਸਨ। ਉਸ ਨੇ ਨਾਮ-ਧਰੀਕ ਅਖ਼ਬਾਰਾਂ ਦੇ ਮਾਲਕਾਂ ਦਾ ਪਰਦਾਫ਼ਾਸ਼ ਕਰਨ ਲਈ ਵੱਖ-ਵੱਖ ਅਖ਼ਬਾਰਾਂ ਦੇ ਮਾਸਟ-ਹੈੱਡ ਖੋਜ ਪੱਤਰ ਵਿੱਚ ਛਾਪ ਦਿੱਤੇ, ਜਿਨ੍ਹਾਂ ਦਾ ਮੈਟਰ ਇੱਕੋ ਜਿਹਾ ਸੀ। ਖੁੰਬ ਪੱਤਰਕਾਰ, ਉਸ ਦੀ ਖੁੰਬ ਠੱਪਣ ਲਈ ਕੋਈ ਨਾ ਕੋਈ ਬਹਾਨਾ ਲੱਭ ਰਹੇ ਸਨ ਪਰ ਸਬੂਤਾਂ ਸਹਿਤ ਲਿਖੇ ਖੋਜ-ਨਿਬੰਧ ਨੂੰ ਵੰਗਾਰਨ ਲਈ ਉਨ੍ਹਾਂ ਦਾ ਹੌਸਲਾ ਨਾ ਪਿਆ।

'ਮੀਡੀਆ ਦਾ ਮਾਇਆਜਾਲ' ਕਿਤਾਬ ਨੂੰ ਮੈਂ ਬਹੁਤ ਨੀਝ ਅਤੇ ਰੀਝ ਨਾਲ ਪੜ੍ਹਿਆ ਹੈ। ਇਸ ਦੀ ਸ਼ਬਦਾਵਲੀ ਅਤੇ ਪੇਸ਼ਕਾਰੀ ਮੀਡੀਆ ਬਾਰੇ ਪਹਿਲਾਂ ਛਪੀਆਂ ਕਿਤਾਬਾਂ ਤੋਂ ਕਿਤੇ ਉੱਤਮ ਹੈ। ਖ਼ੂਬਸੂਰਤ ਸ਼ਬਦਾਵਲੀ ਦੀਆਂ ਕੁਝ ਉਮਦਾ ਉਦਾਹਰਨਾਂ ਵੇਖੋ :

"ਸਾਲ 2000 ਵਿੱਚ 'ਤਹਲਕਾ' ਨਾਂ ਦੇ ਮੈਗਜ਼ੀਨ ਨੇ ਜਦੋਂ 'ਤਹਲਕਾ ਡਾਟ ਕਾਮ' ਦੀ ਸੂਰਤ ਵਿੱਚ ਪਹਿਲੀ ਵਾਰ ਆਨਲਾਈਨ ਕੰਪਿਊਟਰ ਸਕਰੀਨ ਉੱਤੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ...।"

"ਦੱਖਣੀ ਅਫ਼ਰੀਕਾ ਦਾ ਫ਼ੋਟੋਗ੍ਰਾਫ਼ਰ ਕੈਵਿਨ ਕਾਰਟਰ ਪੁਲਿਟਜ਼ਰ ਐਵਾਰਡ ਪ੍ਰਾਪਤੀ ਫ਼ੋਟੋ ਵਿਚਲੇ ਦ੍ਰਿਸ਼ ਨੂੰ ਆਪਣੇ ਕੈਮਰੇ ਦੀ ਅੱਖ ਨਾਲ ਕੈਦ ਕਰਨ ਲਈ ਕਿੰਨਾ ਹੀ ਸਮਾਂ ਅਜਿਹੀ ਮੌਤ ਦੀ ਖੇਡ ਨੂੰ ਬਿਨਾਂ ਅੱਖ ਝਪਕਿਆਂ ਤੱਕਦਾ ਰਿਹਾ, ਜਿਸ ਵਿੱਚ ਭੁੱਖ ਦੇ ਮਾਰੇ ਹੱਡੀਆਂ ਦੀ ਮੁੱਠ ਬਣੀ ਇੱਕ ਅੱਧ-ਮੋਈ ਨੰਨ੍ਹੀ ਜਿਹੀ ਸੁਡਾਨੀ ਬੱਚੀ ਭੁੱਖ ਨਾਲ ਵਿਲ੍ਹਕਦੀ ਹੋਈ ਆਖ਼ਰੀ ਸਾਹ ਲੈ ਰਹੀ ਸੀ। ਇਸ ਬੱਚੀ ਪਿੱਛੇ ਬੈਠੀ ਇੱਕ ਗਿਰਝ ਇਹ ਉਡੀਕ ਕਰ ਰਹੀ ਸੀ ਕਿ ਕਦੋਂ ਇਹ ਬੱਚੀ ਮਰੇ ਅਤੇ ਉਹ ਇਸ ਨੂੰ ਆਪਣਾ ਸ਼ਿਕਾਰ ਬਣਾਵੇ। ਅਖ਼ਬਾਰ ਵਿੱਚ ਇਹ ਫ਼ੋਟੋ ਛਪਣ ਪਿੱਛੋਂ ਕੈਵਿਨ ਨੂੰ ਅਖ਼ਬਾਰ ਦੇ ਕਈ ਪਾਠਕਾਂ ਦੀ ਸਖ਼ਤ ਆਲੋਚਨਾ ਵੀ ਸਹਿਣੀ ਪਈ ਸੀ। ਇੱਕ ਪਾਠਕ ਨੇ ਇਸ ਫ਼ੋਟੋ 'ਤੇ ਟਿੱਪਣੀ ਕਰਦਿਆਂ ਇੱਥੋਂ ਤੱਕ ਵੀ ਆਖ ਦਿੱਤਾ ਸੀ ਕਿ ਇਸ ਫ਼ੋਟੋ ਵਿੱਚ ਫ਼ੋਟੋਗ੍ਰਾਫ਼ਰ ਵੀ ਇੱਕ ਗਿਰਝ ਹੀ ਹੈ। ਇਸ ਫ਼ੋਟੋ ਦਾ ਕੈਵਿਨ ਕਾਰਟਰ ਦੀ ਜ਼ਿੰਦਗੀ ਉੱਤੇ ਇੰਨਾ ਪ੍ਰਭਾਵ ਪਿਆ ਕਿ ਪੁਲਿਟਜ਼ਰ ਐਵਾਰਡ ਦੀ ਪ੍ਰਾਪਤੀ ਤੋਂ ਕੁਝ ਮਹੀਨਿਆਂ ਬਾਅਦ ਹੀ ਉਸ ਨੇ ਆਤਮ-ਹੱਤਿਆ ਕਰ ਲਈ।"

ਡਾ. ਬੱਤਰਾ ਤੇ ਵਿਕਰਮ ਦੀ ਸ਼ਬਦਾਵਲੀ ਜਿੱਥੇ ਦਿਲ ਨੂੰ ਟੁੰਬਦੀ ਹੈ, ਉੱਥੇ ਮੀਡੀਆ ਕਰਮੀਆਂ ਦਾ ਸੁਰਖ਼ੀਆਂ ਬਟੋਰਨ ਲਈ ਕਿਸੇ ਵੀ ਹੱਦ ਤੱਕ ਚਲੇ ਜਾਣ ਦਾ ਰੁਝਾਨ ਰੌਂਗਟੇ ਖੜ੍ਹੇ ਕਰਦਾ ਹੈ। ਪੁਸਤਕ ਬਲਦਾ ਸਵਾਲ ਖੜ੍ਹਾ ਕਰਦੀ ਹੈ, "ਮੀਡੀਆ, ਜਿਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ, ਗੂੰਗਿਆਂ ਦੀ ਅਵਾਜ਼ ਅਤੇ ਬੇਆਸਿਆਂ ਦੀ ਆਸ ਜਿਹੇ ਵਿਸ਼ੇਸ਼ਣ ਲਗਾ ਕੇ ਇਸ ਦੇ ਸੋਹਲੇ ਗਾਏ ਜਾਂਦੇ ਹਨ, ਉਸੇ ਮੀਡੀਆ ਵਿੱਚ ਉਪਰੋਕਤ ਘਟਨਾ ਤੋਂ ਏਨੇ ਵਰ੍ਹਿਆਂ ਪਿੱਛੋਂ ਵੀ ਅਜਿਹੀ ਗਿਰਝ-ਨੁਮਾ ਭਾਵਨਾ ਦਾ ਰੁਝਾਨ ਘਟਣ ਦੀ ਬਜਾਏ, ਸਗੋਂ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।" ਪੁਸਤਕ ਵਿੱਚ 'ਬੇ-ਲਗਾਮ ਹੁੰਦਾ ਜਾ ਰਿਹਾ ਮੀਡੀਆ', 'ਮੀਡੀਆ ਅਤੇ ਸਟਿੰਗ ਓਪਰੇਸ਼ਨ', 'ਪੀਲੀ ਪੱਤਰਕਾਰੀ', ਨਾਰਦ ਮੁਨੀ ਤੋਂ ਇੰਟਰਨੈੱਟ ਤੱਕ ਦੀ ਪੱਤਰਕਾਰੀ ਦਾ ਸਫ਼ਰ', 'ਚਲੋ ਹੁਣ ਅਸਲੀ ਖ਼ਬਰ ਸੁਣੀਏ' ਅਤੇ 'ਵਿਗਿਆਪਨਾਂ ਦਾ ਮਾਇਆਜਾਲ' ਆਦਿ ਵਿੱਚ ਪੱਤਰਕਾਰੀ ਨਾਲ ਜੁੜੇ ਹੋਏ ਗੰਭੀਰ ਵਿਸ਼ਿਆਂ ਨੂੰ ਛੋਹਿਆ ਗਿਆ ਹੈ।

'ਨਾਰਦ ਮੁਨੀ ਤੋਂ ਇੰਟਰਨੈੱਟ ਤੱਕ ਦੀ ਪੱਤਰਕਾਰੀ ਦਾ ਸਫ਼ਰ' ਚੈਪਟਰ ਵੀ ਦਿਲਚਸਪ ਹੈ। ਇਸ ਵਿੱਚ ਲੇਖਕਾਂ ਨੇ ਮਿਥਿਹਾਸਕ ਅਤੇ ਇਤਿਹਾਸਕ ਤੱਥਾਂ ਦੇ ਖ਼ੂਬਸੂਰਤ ਹਵਾਲਿਆਂ ਨਾਲ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਖਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਕੁਝ ਨਵਾਂ ਤੇ ਸੁਪਨਮਈ ਹੋਣ ਦੇ ਆਸਾਰ ਹਨ। ਪੈੱਨ-ਪੈਨਸਿਲ ਦੀ ਮਹੱਤਤਾ ਖ਼ਤਮ ਹੋ ਜਾਵੇਗੀ। ਇੱਕ ਵਾਰ ਫਿਰ ਧਰਤੀ 'ਤੇ ਖ਼ਬਰਾਂ ਬਿਨਾਂ ਕਿਸੇ ਨਾਰਦ ਮੁਨੀ ਦੇ ਪਲਾਂ ਵਿੱਚ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ।

'ਮੀਡੀਆ ਦਾ ਮਾਇਆਜਾਲ' ਦਾ ਹਰ ਚੈਪਟਰ ਪਾਠਕਾਂ ਦੇ ਸਨਮੁੱਖ ਖਿੜਕੀਆਂ ਵਾਂਗ ਖੁੱਲ੍ਹਦਾ ਹੈ, ਜਿਨ੍ਹਾਂ 'ਚੋਂ ਪੱਤਰਕਾਰੀ ਦੇ ਵੱਖ-ਵੱਖ ਪਹਿਲੂਆਂ ਨੂੰ ਵੇਖਿਆ ਜਾ ਸਕਦਾ ਹੈ। ਪੱਤਰਕਾਰੀ ਦੇ ਵਿਦਿਆਰਥੀਆਂ ਅਤੇ ਪੱਤਰਕਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਲਈ 'ਮੀਡੀਆ ਦਾ ਮਾਇਆਜਾਲ' ਪੁਸਤਕ ਬੇਹੱਦ ਲਾਹੇਵੰਦ ਹੋਵੇਗੀ, ਇਸਦਾ ਮੈਨੂੰ ਵਿਸ਼ਵਾਸ ਹੈ ।

-ਵਰਿੰਦਰ ਸਿੰਘ ਵਾਲੀਆ
(ਸੰਪਾਦਕ, ਪੰਜਾਬੀ ਜਾਗਰਣ)

Comments

Name (required)

Leave a comment... (required)

Security Code (required)ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ