Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਕੁਛ ਕਿਹਾ ਤਾਂ... –ਰਾਜ ਪੁਸ਼ਕਰ

Posted on:- 23-05-2017

ਜਦੋਂ ਬੰਦੇ ਦੇ 'ਅੱਛੇ ਦਿਨ' ਹੁੰਦੇ ਨੇ ਤਾਂ ਕਿਹਾ ਜਾਂਦੈ ਬਈ ਪੰਜੇ ਉਂਗਲਾਂ ਘਿਓ 'ਚ ਨੇ। ਮੇਰਾ ਇੱਕ ਮਿੱਤਰ ਤਾਂ 'ਅੱਛੇ ਦਿਨਾਂ' ਤੋਂ ਵੀ ਅਗਲੇ ਪੜਾਅ 'ਤੇ ਪੁੱਜਾ ਹੋਇਆ ਏ ਜਾਂ ਇਉਂ ਕਹਿ ਲਓ ਬਈ ਦਸੇ ਉਂਗਲਾਂ ਘਿਓ 'ਚ ਨੇ। ਪਰ ਉਹਦੀ ਇੱਕ ਤ੍ਰਾਸਦੀ ਇਹ ਰਹੀ ਕਿ ਘਿਓ ਦੇਸੀ ਦੀ ਥਾਂ ਡਾਲਡਾ ਨਿਕਲਿਆ। ਪੂਰੀ ਗੱਲ ਏਹ ਕਿ ਮੇਰੇ ਏਸ ਮਿੱਤਰ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਹਲਕੇ ਤੋਂ ਕਾਂਗਰਸੀ ਉਮੀਦਵਾਰ ਬੀਬੀ ਦੀ ਹਮੈਤ ਕੀਤੀ (ਵਿਚਾਰੀ ਹਾਰ ਗਈ) ਤੇ ਕਿਸੇ ਹੋਰ ਹਲਕੇ ਤੋਂ ਸਾਮਰਾਜਵਾਦ-ਮੁਰਦਾਬਾਦ ਰਹਿਤ ਇਨਕਲਾਬ ਕਰਨ ਵਾਲੀ ਝਾੜੂ ਪਾਰਟੀ ਦੇ ਉਮੀਦਵਾਰ ਦੀ ਹਮੈਤ ਕੀਤੀ। ਹਾਂ ਏਨਾ ਜਰੂਰ ਰਿਹਾ ਕਿ ਝਾੜੂ ਉਮੀਦਵਾਰ ਵਿਚਾਰਾ ਨਾ ਰਿਹਾ ਤੇ ਝੰਡੇ ਅਮਲੀ ਦੀ ਪਾਰਟੀ ਦਾ ਐਲ.ਐਮ.ਏ. ਸਾਹਬ ਬਣ ਗਿਆ। ਯਾਨਿ ਹੁਣ ਸਰਕਾਰ ਵੀ ਮੇਰੇ ਮਿੱਤਰ ਦੀ ਤੇ ਵਿਰੋਧੀ ਧਿਰ ਵੀ। ਘਿਓ ਦੇਸੀ ਦੀ ਥਾਂ ਡਾਲਡਾ ਸਿਰਫ ਇਸ ਕਰਕੇ ਹੀ ਨਹੀਂ ਕਿ ਜਿਹੜੀ ਪਾਰਟੀ ਦੀ ਸਰਕਾਰ ਬਣੀ ਉਹ ਉਮੀਦਵਾਰ ਹਾਰ ਗਈ ਤੇ ਜਿਹੜਾ ਉਮੀਦਵਾਰ ਜਿੱਤਿਆ ਉਹਦੀ ਪਾਰਟੀ ਹਾਰ ਗਈ, ਇਹਦਾ ਕਾਰਨ ਤਾਂ ਹੋਰ ਏ।

ਖ਼ੁਦਕੁਸ਼ੀ ਤੇ ਕਰਜ਼ੇ ਮਾਰੇ ਜੱਟਾਂ ਦੀ ਥਾਂ ਬੁਲਟ ਦੇ ਪਟਾਕੇ ਪਾਉਣ ਵਾਲੇ ਜੱਟਾਂ ਦੇ ਗਾਣੇ ਪਾਉਣ ਵਾਲੇ ਪੰਜਾਬੀ ਗਾਇਕਾਂ ਵਾਂਗੂੰ ਬੈਂਕਾਂ ਦੇ 6-7 ਫੀਸਦੀ ਵਿਆਜ ਦੀ ਥਾਂ ਹੱਥਾਂ 'ਤੇ ਸਰੋਂ ਜਮਾਉਣ ਵਾਲੀਆਂ ਉੱਗੀਆਂ ਚਿੱਟ-ਫੰਡ ਕੰਪਨੀਆਂ ਵਿੱਚੋਂ ਇੱਕ ਵਿੱਚ ਏਸ ਮਿੱਤਰ ਦਾ ਵੀ 10 ਲੱਖ ਖ਼ੁਦਕੁਸ਼ੀ ਕਰ ਗਿਆ। ਹੁਣ ਨਾ ਤਾਂ 'ਆਪਣੀ ਸਰਕਾਰ' ਤੇ ਨਾ ਹੀ 'ਆਪਣੀ ਵਿਰੋਧੀ ਧਿਰ' ਏਸ 10 ਲੱਖ ਦੀ ਖ਼ੁਦਕੁਸ਼ੀ ਦਾ ਮੁਆਵਜਾ ਦੇਣ ਦੀ ਗੱਲ ਕਰਦੀ ਏ ਤੇ ਨਾ ਇਹ 'ਆਪਣੀਆਂ ...' ਏਸ 10 ਲੱਖੀ ਖ਼ੁਦਕੁਸ਼ੀ ਦਾ ਕਾਰਨ ਦੱਸਦੀਆਂ ਨੇ। ਦੱਸਣ ਵੀ ਕਿਉਂ? ਅਗਲਿਆਂ ਨੇ ਕਿਹੜਾ ਦੱਸਣ ਦਾ ਵਾਅਦਾ ਕੀਤਾ ਸੀ, ਇੱਕ ਦਾ ਵਾਅਦਾ ਕਿਸਾਨੀ ਦੇ ਕਰਜ਼ੇ ਮਾਫ਼ ਕਰਨ ਦਾ ਸੀ ਤੇ ਦੂਸਰੀ ਜੇ ਇਨਕਲਾਬ ਦੀ ਗੱਲ ਕਰਦੀ ਸੀ ਤਾਂ ਉਹ ਵਿਚਾਰਾ ਸੀ ਸਾਮਰਾਜਵਾਦ-ਮੁਰਦਾਬਾਦ ਰਹਿਤ।

ਪਿਛਲੇ ਦਿਨਾਂ 'ਚ ਅਸੀਂ ਮਿਲੇ ਤੇ ਗੱਲਾਂ ਬਾਤਾਂ ਹੋਈਆਂ। ਉਹਨੂੰ ਲੱਗਦਾ ਸੀ ਕਿ ਚੰਗੇ ਉਮੀਦਵਾਰ ਜਿੱਤਣ ਤਾਂ 'ਇਨਕਲਾਬ' ਹੋ ਜਾਵੇਗਾ ਯਾਨਿ 'ਸੱਤਾ' ਸਿਰਫ ਰਾਜਧਾਨੀ ਵਿੱਚ ਹੀ ਹੁੰਦੀ ਏ। ਮੇਰਾ ਤਰਕ ਸੀ ਕਿ 'ਸੱਤਾ' ਸਿਰਫ ਰਾਜਧਾਨੀ ਵਿੱਚ ਹੀ ਨਹੀਂ ਹੁੰਦੀ, ਇਹ ਵਿਚਾਰਾਂ ਦੇ ਪੱਧਰ 'ਤੇ ਹਰ ਥਾਂ ਮੌਜੂਦ ਹੁੰਦੀ ਏ, ਬੰਦੇ ਦੇ ਅੰਦਰ, ਘਰ ਵਿੱਚ, ਸਮਾਜ ਵਿੱਚ, ਪਿੰਡ ਵਿੱਚ। ਸਿਰਫ ਰਾਜਧਾਨੀ ਦੀ ਸੱਤਾ ਬਦਲਣ ਨਾਲ ਕੁਝ ਨਹੀਂ ਹੋਣਾ, ਉਦੋਂ ਤਾਂ ਕੁਝ ਵੀ ਨਹੀਂ ਜਦੋਂ ਤੁਸੀਂ ਬੁਨਿਆਦੀ ਨੀਤੀਆਂ ਬਦਲਣ ਦੀ ਗੱਲ ਹੀ ਨਾ ਕਰੋਂ। ਉਹਨੂੰ ਗਿਲਾ ਸੀ ਕਿ ਅਸੀਂ 'ਜਲੂਰ ਕਾਂਡ' ਨੂੰ ਲੋੜ ਤੋਂ ਵੱਧ ਹਵਾ ਦਿੱਤੀ ਏ, ਝਾੜੂ ਪਾਰਟੀ ਦੇ ਖ਼ਿਲਾਫ਼ ਵੀ ਗਲਤ ਬੋਲੇ। ਉਹਨੂੰ ਲਗਦੈ ਕਿ ਕਾਮਰੇਡਾਂ ਦੀ ਏਨੀ ਕੁ ਗੱਲ ਤਾਂ ਠੀਕ ਏ ਕਿ 'ਅਮੀਰ ਜਮਾਤ' ਤੇ 'ਗਰੀਬ ਜਮਾਤ' ਪਰ ਜਾਤਾਂ ਦੀ ਗੱਲ ਉਹਨੂੰ ਕਾਮਰੇਡਾਂ ਦੀ ਦਿਮਾਗੀ ਉਪਜ ਲੱਗੀ। ਮੇਰਾ ਤਰਕ ਸੀ ਕਿ ਜਾਤ ਸਿਰਫ ਕਾਮਰੇਡਾਂ ਦੀ ਦਿਮਾਗੀ ਉਪਜ ਨਹੀਂ, ਇਹ ਤਾਂ ਸਮਾਜ ਦੇ ਤਨੀਂ ਸਮੋਇਆ ਸੱਚ ਏ, ਅਸੀਂ ਇਸ ਤੋਂ ਕਿੱਦਾਂ ਮੂੰਹ ਮੋੜ ਸਕਦੇ ਹਾਂ (ਹਾਂ ਸ਼ਾਇਦ ਲੰਮਾ ਸਮਾਂ ਮੋੜਿਆ ਜਰੂਰ ਏ)। ਉਹ ਦਲਿਤਾਂ ਲਈ ਰਾਖਵਾਂਕਰਨ ਵੀ ਗਲਤ ਦੱਸਦਾ ਹੋਇਆ ਕਹਿੰਦਾ ਏ ਕਿ 'ਕੁਆਲਿਟੀ' ਪਿੱਛੇ ਧੱਕੀ ਜਾਂਦੀ ਏ। ਪਰ ਇਹਨਾਂ ਗੱਲਾਂ ਦਾ ਜਵਾਬ ਉਹ 'ਆਪਣੀਆਂ ...' ਤੋਂ ਲੈ ਕੇ ਦੇਵੇਗਾ ਕਿ ਜ਼ਮੀਨ ਸਿਰਫ ਜਾਤ ਅਧਾਰਿਤ ਇਸ ਪ੍ਰਬੰਧ ਵਿੱਚ ਲੱਗਭੱਗ ਇੱਕ ਜਾਤ ਕੋਲੇ ਹੀ ਕਿਉਂ? ਕੀ ਇਹ ਰਾਖਵਾਂਕਰਨ ਨਹੀਂ? ਜ਼ਮੀਨ ਲੈਣ ਲਈ ਕੋਈ ਟੈਸਟ ਪਾਸ ਕਰਨਾ, ਕੋਈ ਡਿਗਰੀ ਲੈਣੀ ਲਾਜਮੀ ਕਿਉਂ ਨੀ? ਇਹ ਪਿਤਾ ਪੁਰਖੀ ਕਿਉਂ? ਵਪਾਰ ਦੇ ਵੱਡੇ ਹਿੱਸੇ 'ਤੇ ਵੀ ਇੱਕ ਖਾਸ ਜਾਤ ਹੀ ਕਾਬਜ ਹੈ, ਇਹ ਬੇਜ਼ਮੀਨੀ ਜਾਤ ਕਿਉਂ ਨਹੀਂ? ਕੀ ਇਹ ਰਾਖਵਾਂਕਰਨ ਨਹੀਂ?

ਜਵਾਬ ਤਾਂ ਇਸ ਗੱਲ ਦਾ ਵੀ 'ਆਪਣੀ ਸਰਕਾਰ' ਤੋਂ ਲੈਣਾ ਬਣਦੈ ਕਿ ਕਰਜ਼ੇ ਸਿਰਫ ਜੱਟਾਂ ਦੇ ਹੀ ਕਿਉਂ, ਇਹਨਾਂ 'ਰਾਖਵੇਂਕਰਨ' ਵਾਲਿਆਂ ਦੇ ਕਿਉਂ ਨਹੀਂ? ਕੀ ਇੱਥੇ ਵੀ ਜਾਤ-ਪਾਤ ਕਾਮਰੇਡਾਂ ਦੇ ਦਿਮਾਗ ਦੀ ਉਪਜ ਹੈ ਜਾਂ ਪ੍ਰਬੰਧ ਦੇ ਹੱਡੀਂ ਬੈਠੀ 'ਸੱਤਾ' ਬੋਲਦੀ ਏ। ਉਂਝ ਗਿਲਾ ਤਾਂ ਉਹਨੂੰ 'ਆਪਣੀ ਸਰਕਾਰ' 'ਤੇ ਵੀ ਏ ਕਿ ਜੱਟਾਂ ਦੇ ਕਰਜ਼ੇ ਵੀ ਮਾਫ਼ ਨਾ ਹੋਏ।

ਕਾਮਰੇਡਾਂ ਦੀ ਤਾਂ ਚਲੋ ਗੱਲ ਛੱਡੋ। ਜਾਤ ਅਧਾਰਿਤ ਇਸ ਪ੍ਰਬੰਧ ਵਿੱਚ ਜਾਤ ਨੇ ਕਿੱਦਾਂ ਧੁਰਲੀ ਮਾਰ ਕੇ ਬਾਹਰ ਆਉਣਾ ਹੁੰਦੈ ਇਹਦੀ ਪ੍ਰਤੱਖ ਉਦਾਹਰਨ ਗੁਰਮੀਤ ਰਾਮ ਰਹੀਮ ਸਿੰਘ ਉਰਫ਼ ਸਰਸੇ ਆਲਾ ਸਾਧ ਐ। ਸਰਵ-ਧਰਮ ਨਾਮ ਰੱਖਣ ਵਾਲਾ ਇਹ ਸਾਧ ਵੀ 'ਮਾਨਸ ਕੀ ਜਾਤ' ਨੂੰ ਇੱਕ ਸਮਝਣ ਦੀ ਥਾਂ ਆਪਣੀ ਫ਼ਿਲਮ 'ਜੱਟੂ ਇੰਜਨੀਅਰ' ਦੇ ਨਾਮ ਤੋਂ ਹੀ ਜਾਤ ਦੀ ਜੁਗਾਲੀ ਕਰਦਾ ਨਜ਼ਰ ਆਉਂਦੈ।

ਰਹੀ ਗੱਲ 10 ਲੱਖੀ ਖ਼ੁਦਕੁਸ਼ੀ ਦੀ, ਇਸ ਗੱਲ 'ਤੇ ਤਾਂ 'ਆਪਣੀਆਂ...' 'ਚੋਂ ਕਿਸੇ ਨੇ ਨੀ ਬੋਲਣਾ। ਸਾਮਰਾਜ ਨਿਰਦੇਸ਼ਤ ਨੀਤੀਆਂ ਤਹਿਤ ਬੀਮਾ ਖੇਤਰ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਵਿਰੋਧ ਕਰਨਾ ਝਾੜੂ ਪਾਰਟੀ ਦੇ ਪ੍ਰੋਗਰਾਮ ਦਾ ਹਿੱਸਾ ਹੋ ਨਹੀਂ ਸਕਦਾ ਤੇ ਕਾਂਗਰਸ ਦਾ ਤਾਂ ਹੋਣਾ ਹੀ ਕੀ ਹੈ, ਜਿਸ ਦੀ ਇਹ ਮਿਹਰਬਾਨੀ ਹੈ।

ਜਦੋਂ ਮਨੁੱਖ ਪ੍ਰਚੱਲਿਤ ਸਮਾਜਿਕ ਧਾਰਨਾਵਾਂ ਤੋਂ ਬਾਹਰ ਨਹੀਂ ਨਿਕਲ ਪਾਉਂਦਾ ਤਾਂ ਉਸ ਅੰਦਰ ਇਹ 'ਸੱਤਾ' ਦੀ 'ਸੱਤਾ' ਹੀ ਬੋਲਦੀ ਹੁੰਦੀ ਏ। ਹੋਰ ਸੱਤਾ ਕਿੱਥੇ ਹੁੰਦੀ ਏ, ਇਹ ਚੀਨ ਆਲੇ ਮਾਓ ਦੀ ਥਾਂ ਬਾਬੇ ਨਾਨਕ ਤੋਂ ਸਿੱਖ ਸਕਦੇ ਹਾਂ –

ਗਲੀਂ ਅਸੀ ਚੰਗੀਆ, ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥

ਦੁੱਮ ਛੱਲਾ :- ਜੱਟਵਾਦ ਦੀਆਂ ਫੁਕਰੀਆਂ ਮਾਰਨ ਵਾਲੇ ਗਾਇਕਾਂ ਨੇ ਕਿਰਤੀ ਕਿਸਾਨ ਦੀ ਥਾਂ ਜਗੀਰੂ ਸੋਚ ਨੂੰ ਹੀ ਪੱਠੇ ਪਾਏ ਹਨ।  ਬੁਲਟ ਤਾਂ ਰੱਖਿਐ ਪਟਾਕੇ ਪਾਉਣ ਨੂੰ ਗਾਣੇ ਵਿੱਚ ਕੁਝ ਸਤਰਾਂ ਨੇ, --ਬਾਪੂ ਦੀ ਬਣਾਈ ਪੱਚੀ ਕਿੱਲੇ ਪੈਲੀ ਐ, ਪੰਜ ਕਿੱਲੇ ਕੱਲ ਹੋਰ ਗਹਿਣੇ ਲੈ ਲੀ ਐ। --- ਹੁਣ ਪੁੱਛਣ ਆਲਾ ਹੋਵੇ ਬਈ ਜਿਹਦੇ ਕੋਲ ਪੱਚੀ ਕਿਲੇ ਪੈਲੀ ਆ, ਉਹ ਕਿਰਤੀ ਕਿਸਾਨ ਕਿੱਦਾਂ ਹੋਇਆ? ਤੇ ਜਿਹਦੇ ਪੰਜ ਕਿੱਲੇ ਗਹਿਣੇ ਹੋ ਗਏ, ਉਹ ਕੀ ਸੀ, ਕੀ ਉਹ ਜੱਟ ਨੀ ਸੀ?

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ