Mon, 26 October 2020
Your Visitor Number :-   2788583
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਮਸਲਾ ਪੰਜਾਬੀ ਨੂੰ ਦੇਵਨਾਗਰੀ ਵਿੱਚ ਲਿਖਣ ਅਤੇ ਛਾਪਣ ਦਾ -ਹਰਭਜਨ ਸਿੰਘ ਕੋਮਲ

Posted on:- 17-07-2013

ਪੰਜਾਬੀ ਸਾਹਿਤ ਨੂੰ ਦੇਵਨਾਗਰੀ ਵਿੱਚ ਲਿਖਣ ਦਾ ਮਸਲਾ ਅੱਗੇ ਵੀ ਕਈ ਵਾਰ ਉੱਠਿਆ ਹੈ, ਪਰ ਹਰ ਵਾਰੀ ਇਹ ਦਬ ਜਾਂਦਾ ਹੈ ਜਾਂ ਆਪੇ ਹੀ ਪਿੱਛੇ ਜਾ ਪੈਂਦਾ ਰਿਹਾ ਹੈ। ਐਤਕੀਂ ਫਿਰ ਵੀ ਇਹ ਯਤਨ ਹੋਇਆ ਹੈ ਤੇ ਯਤਨ ਕੀਤਾ ਹੈ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਮਾਸਕ ਪੱਤਰ ‘ਸ਼ਬਦ ਬੂੰਦ’ ਨੇ। ਅੱਜ ਤੋਂ ਸਾਲ ਕੁ ਪਹਿਲਾਂ ਇਸ ਪੱਤਰ ਨੇ ਆਪਣੇ ਪੰਜ-ਸੱਤ ਪੰਨ੍ਹੇ ਇਸ ਲੇਖੇ ਲਾਏ ਸਨ, ਆਪਣੇ ਉਸੇ ਅੰਕ ਦੀਆਂ ਪੰਜ-ਚਾਰ ਪੰਜਾਬੀ ਸਾਹਿਤਿਕ ਰਚਨਾਵਾਂ ਨੂੰ ਦੇਵਨਾਗਰੀ ਵਿੱਚ ਛਾਪ ਕੇ। ਤਰਕ ਇਹ ਦਿੱਤਾ ਗਿਆ ਕਿ ਉਹ ਲੋਕ ਜਿਹੜੇ ਗੁਰਮੁਖੀ ਨਹੀਂ ਪੜ੍ਹ ਸਕਦੇ ਤੇ ਪੰਜਾਬੀ ਸਾਹਿਤ ਪੜ੍ਹਨਾ ਚਾਹੁੰਦੇ ਹਨ, ਉਹ ਵੀ ਪੜ੍ਹ ਸਕਣ। ਇਹ ਸਵਾਲ ਵੱਖਰਾ ਹੈ ਕਿ ਜਿਹੜੀਆਂ ਰਚਨਾਵਾਂ ਛਾਪੀਆਂ ਗਈਆਂ, ਉਸ ਤੋਂ ਵੀ ਕਈ ਵਧੀਆ ਛੱਡ ਦਿੱਤੀਆਂ ਗਈਆਂ ਤੇ ਚੰਗੇ ਲੇਖਕਾਂ ਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾਇਆ ਗਿਆ।ਜਦੋਂ ਇਹ ਪਰਚਾ ਛਪਿਆ ਤਾਂ ਪੈਂਦੇ ਸੱਟੇ ਹੀ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਤੇ ਫ਼ਲਸਰੂਪ ਉਹ ਵਿਚਾਰ ਅੱਗੋਂ ਠੱਪ ਦਿੱਤਾ ਗਿਆ। ਠੱਪ ਤਾਂ ਦਿੱਤਾ ਗਿਆ, ਪਰ ਉਸ ਖ਼ਿਆਲ ਦੇ ਚਾਲਕ ਵਿੱਚੇ-ਵਿੱਚ ਜ਼ਹਿਰ ਘੋਲ਼ਦੇ ਰਹੇ ਤੇ ਉਸ ਮੌਕੇ ਦੀ ਤਲਾਸ਼ ਵਿੱਚ ਰਹੇ, ਜਦੋਂ ਵੱਡੇ ਸਾਹਿਤਕ ਸਮੂਹ ਤੋਂ ਇਸ ਦੀ ਪ੍ਰਵਾਨਗੀ ਲਈ ਜਾ ਸਕੇ ਤੇ ਉਹ ਅਵਸਰ ਵੀ ਆ ਗਿਆ। ਹਰਿਆਣਾ ਦੇ ਪੰਜਾਬੀ ਸਾਹਿਤਕਾਰਾਂ ਲਈ ਇਨਾਮ ਵੰਡ ਸਮਾਰੋਹ ’ਚ ਤੇ ਇਸ ਖ਼ਿਆਲ ਦੇ ਚਾਲਕਾਂ ਨੇ ਪੋਲੇ ਜਿਹੇ ਇਸ ਨੂੰ ਸਾਹਿਤਕਾਰਾਂ ਵੱਲ ਹੇੜ੍ਹ ਦਿੱਤਾ। ਇਸ ਆਸ਼ਾ ਨਾਲ਼ ਕਿ ਜੁੜੇ ਹੋਏ ਸਾਹਿਤਕਾਰ ਅਜਿਹੇ ਨੇਕ ਖ਼ਿਆਲ ਲਈ ਅਕਾਦਮੀ ਦੀ ਮੁਕਤ-ਕੰਠ ਨਾਲ਼ ਸ਼ਲਾਘਾ ਕਰਨਗੇ, ਪਰ ਹੋਇਆ ਉਲਟ।

ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਕਿ ਸਾਹਿਤਕਾਰ ਬਾਕੀ ਸਮਾਜ ਨਾਲ਼ੋਂ ਜ਼ਿਆਦਾ ਜਾਗਰੂਕ ਤੇ ਸਤੱਰਕ ਹੁੰਦਾ ਹੈ। ਇਸੇ ਜਾਗਰੂਕਤਾ ਤੇ ਸਤੱਰਕਤਾ ਕਾਰਨ ਇਸ ਖ਼ਿਆਲ ਦਾ ਡਟਵਾਂ ਵਿਰੋਧ ਹੋਇਆ ਤੇ ਫ਼ਲਸਰੂਪ ਚਾਲਕਾਂ ਨੇ ਹੋਣ ਵਾਲ਼ੇ ਨੁਕਸਾਨ ਨੂੰ ਭਾਂਪਦਿਆਂ ਆਪੇ ਹੀ ਇਸ ਨੂੰ ਵਾਪਸ ਲੈ ਲਿਆ। ਜੇ ਉਹ ਇਹ ਸਤੱਰਕਤਾ ਸਮੇਂ ਸਿਰ ਨਾ ਵਰਤਦੇ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਖ਼ਾਮੋਸ਼ੀ ਨੂੰ ਅੱਧੀ ਕੁ ਹਾਂ ਸਮਝ ਲਿਆ ਜਾਂਦਾ ਹੈ।

ਇਸ ਪੱਖੋਂ ਹਰਿਆਣਾ ਸਰਕਾਰ ਦੀ ਵੀ ਸਿਫ਼ਤ ਕਰਨੀ ਬਣਦੀ ਹੈ ਕਿ ਉਸ ਨੇ ਮੌਕਾ ਸੰਭਾਲ਼ ਲਿਆ। ਸਿੱਖਿਆ ਮੰਤਰੀ ਹਰਿਆਣਾ ਬੜੀ ਸੂਝਵਾਨ ਸ਼ਖ਼ਸੀਅਤ ਹੈ। ਅਕਾਦਮੀ ਦਾ ਕਾਰਜਕਾਰੀ ਡਿਪਟੀ ਚੇਅਰਮੈਨ, ਮਝਿਆ ਹੋਇਆ ਆਈਏਐੱਸ ਹੋਣ ਕਰਕੇ ਤੇ ਹਰਿਆਣਾ ਸਰਕਾਰ ਦਾ ਬਹੁਤ ਜ਼ਿੰਮੇਵਾਰ ਅਧਿਕਾਰੀ ਹੋਣ ਨਾਤੇ, ਵਿਸ਼ੇਸ਼ ਸਮਝ ਸੂਝ ਦਾ ਮਾਲਕ ਹੈ। ਮੁੱਖ ਮੰਤਰੀ ਸਾਰੀਆਂ ਭਾਸ਼ਾਵਾਂ ਨੂੰ ਇੱਕੋ ਨਜ਼ਰੇ ਵੇਖਣ ਵਾਲ਼ਾ, ਸਾਰੀਆਂ ਭਾਸ਼ਾਵਾਂ ਦੀ ਬਰਾਬਰ ਤਰੱਕੀ ਦਾ ਚਾਹਵਾਨ ਅਤੇ ਸਾਰੀਆਂ ਭਾਸ਼ਾਵਾਂ ਵਿੱਚ ਸੁਹਿਰਦਤਾ ਦਾ ਖ਼ਾਹਿਸ਼ਮੰਦ ਹੈ। ਇਸ ਲਈ ਉਸ ਤੋਂ ਵੀ ਨਹੀਂ ਸੀ ਸਹਿਆ ਜਾਣਾ ਕਿ ਬੋਲੀ ਅਤੇ ਲਿਪੀ ਦੇ ਅਧਾਰ ’ਤੇ ਕਈ ਸਾਲ ਹਰਿਆਣਾ ਨੂੰ ਰੋਕਣ ਵਾਲ਼ਾ,ਸ਼ਾਂਤ ਹੋ ਗਿਆ ਹੋਇਆ ਮੁੱਦਾ ਫਿਰ ਸਿਰ ਚੁੱਕ ਖਲੋਵੇ। ਇਸ ਲਈ ਇਹ ਸਿਆਣਪ ਭਰਿਆ ਕਦਮ ਹੀ ਸੀ ਕਿ ਇਸ ਤਜਵੀਜ਼ ’ਤੇ ਵੱਡਾ ਰੌਲ਼ਾ ਪੈਣ ਤੋਂ ਪਹਿਲਾਂ ਹੀ ਕਦਮ ਪਿੱਛੇ ਖਿੱਚ ਲਏ ਗਏ।

ਮੈਂ ਨਿੱਜੀ ਤੌਰ ’ਤੇ ਵੀ ਇਸ ਗੱਲ ਦਾ ਸਮੱਰਥਕ ਹਾਂ। ਮੈਂ ਹੀ ਕਿਉਂ ਸਾਰੇ ਹੀ ਸਾਹਿਤਕਾਰ ਚਾਹੁੰਦੇ ਹਨ ਕਿ ਸਾਡੀਆਂ ਰਚਨਾਵਾਂ ਅਨੁਵਾਦ ਜਾਂ ਲਿਪੀ ਆਂਤਿ੍ਰਤ ਹੋ ਕੇ ਦੂਜੀਆਂ ਭਾਸ਼ਾਵਾਂ ਦੇ ਪਰਚਿਆਂ ਵਿੱਚ ਛਪਣ ਤੇ ਗ਼ੈਰ-ਗੁਰਮੁਖੀ ਸਾਹਿਤਿਕ ਵਰਗ ਮਿਲ਼ ਜਾਣ।

ਜੇ ਗੁਰਮੁਖੀ ਨਾ ਆਉਂਦੀ ਹੋਵੇ ਤਾਂ ਦੂਜੀਆਂ ਲਿਪੀਆਂ ਵਿੱਚ ਲਿਖਣਾ ਵੀ ਮੁਬਾਰਕ ਕਦਮ ਹੈ। ਸਾਡੇ ਬਹੁਤੇ ਪੁਰਾਣੇ ਕਵੀ ਇੰਝ ਕਰਦੇ ਵੀ ਰਹੇ ਹਨ। ਮੈਂ ਵੀ ਅਜਿਹੇ ਅਨੇਕਾਂ ਕਹਾਣੀਕਾਰਾਂ ਅਤੇ ਸ਼ਾਇਰਾਂ ਨੂੰ ਜਾਣਦਾ ਹਾਂ, ਜਿਹੜੇ ਗੁਰਮੁਖੀ ਵਿਹੂਣੇ ਹੋਣ ਕਰਕੇ ਆਪਣੀਆਂ ਰਚਨਾਵਾਂ ਫ਼ਾਰਸੀ, ਉਰਦੂ ਜਾਂ ਦੇਵਨਾਗਰੀ ਵਿੱਚ ਲਿਖਦੇ ਰਹੇ ਹਨ। ਮੈਂ ਵੀ ਆਪਣੀ ਪਹਿਲੀ ਰਚਨਾ, ਇਸੇ ਕਾਰਨ ਉਰਦੂ ਰਸਮ-ਉਲ-ਖ਼ਤ ਵਿੱਚ ਹੀ ਲਿਖੀ ਸੀ, ਅਜੇ ਹੁਣੇ ਹੀ ਮੈਂ ਇੱਕ ਪ੍ਰਾਜੈਕਟ ਖ਼ਤਮ ਕਰਕੇ ਹਟਿਆ ਹਾਂ, ਜਿਸ ਵਿੱਚ ਪੰਜਾਬੀ ਦੇ ਇੱਕ ਬਹੁਤ ਹੀ ਵਧੀਆ ਕਵੀ ਦੀਆਂ ਪੰਜਾਬੀ ਕਵਿਤਾਵਾਂ ਉਰਦੂ ਲਿਪੀ ਤੋਂ ਗੁਰਮੁਖੀ ਵਿੱਚ ਬਦਲੀਆਂ ਹਨ। ਕਰੀਬ ਪੱਚਾਸੀ ਕਿਤਾਬਾਂ, ਜਿਨ੍ਹਾਂ ’ਚੋਂ ਸੱਤਰ ਤਾਂ ਇੱਕੋ ਕਵਿਤਾ ਦਾ ਵਿਸ਼ਾਲ ਰੂਪ ਹੈ।

ਇਹ ਲੋਕ ਆਪਣੀਆਂ ਰਚਨਾਵਾਂ, ਉਰਦੂ ਜਾਂ ਦੇਵਨਾਗਰੀ ਲਿਪੀਆਂ ਵਿੱਚ ਕਿਉਂ ਲਿਖਦੇ ਰਹੇ ਹਨ। ਤਹਿ ਹੈ ਕਿ ਉਨ੍ਹਾਂ ਨੂੰ ਗੁਰਮੁਖੀ ਨਹੀਂ ਸੀ ਆਉਂਦੀ। ਕਿਉਂ ਨਹੀਂ ਸੀ ਆਉਂਦੀ, ਕਿਉਂਕਿ ਪੰਜਾਬੀਆਂ ਨੇ ਆਪਣੇ ਖੁੱਲ੍ਹੇ-ਡੁੱਲ੍ਹੇ ਸੁਭਾਅ ਤੇ ਵਿਸ਼ਾਲ ਹਿਰਦੇ ਦੇ ਬਾਵਜੂਦ ਵੀ ਆਪਣੇ ਅੰਦਰ ਕਿਤੇ ਧਾਰਮਿਕ ਸੰਕੀਰਨਤਾ ਪਾਲ਼ੀ ਹੋਈ ਸੀ।

ਗੁਰਮੁਖੀ ਨੂੰ ਇਹ ਨਾਂ ਜਿਨਾਂ ਕਵੀਆਂ ਨੇ ਦਿੱਤਾ ਸੀ, ਉਨ੍ਹਾਂ ਦਾ ਮੱਤ ਸੀ ਕਿ ਇਹ ਲਿਪੀ ਗੁਰੂ ਦੇ ਮੁੱਖ ’ਚੋਂ ਨਿਕਲ਼ੀ ਹੈ। ਹਾਲਾਂਕਿ ਲਿਪੀ ਕਦੇ ਵੀ ਕਿਸੇ ਦੇ ਮੁੱਖ ’ਚੋਂ ਨਹੀਂ ਨਿਕਲ਼ੀ, ਮੁੱਖ ’ਚੋਂ ਭਾਸ਼ਾ ਨਿਕਲ਼ਦੀ ਹੈ। ਪਰ ਕੱਟੜ ਤੇ ਅੰਧਵਿਸ਼ਵਾਸੀ ਬਿਰਤੀਆਂ ਦਾ ਕੀ ਕੀਤਾ ਜਾਵੇ? ਪੰਜਾਬ ਵਿੱਚ ਰਚਿਆ ਗਿਆ ਮਹਾਨ ਗ੍ਰੰਥ, ਜਿਸ ਵਿੱਚ ਅਨੇਕਾਂ ਗ਼ੈਰ-ਪੰਜਾਬੀ ਖਿੱਤਿਆਂ ਦੇ ਮਹਾਂਪੁਰਸ਼ਾਂ ਦੀਆਂ ਰਚਨਾਵਾਂ ਸ਼ਾਮਲ ਹਨ, ਉਹ ਵੀ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਗਿਆ ਸੀ। ਪਿੱਛੋਂ ਜਾ ਕੇ ਦਸਵੇਂ ਗੁਰੂ ਨੇ ਇਸ ਮਹਾਨ ਗ੍ਰੰਥ ਨੂੰ ਵੀ ਗੁਰੂ ਦਾ ਦਰਜਾ ਪ੍ਰਦਾਨ ਕਰ ਦਿੱਤਾ ਤੇ ਇਸ ਤਰ੍ਹਾਂ ਇਸ ਦਾ ਨਾਂ ‘ਗੁਰੂ ਗ੍ਰੰਥ ਸਾਹਿਬ’ ਪ੍ਰਚੱਲਤ ਹੋ ਗਿਆ। ਇਸ ਲਈ ਆਮ ਸੋਚ ਨੇ ਇਹ ਮੰਨ ਲਿਆ ਕਿ ਇਹ ਸਿੱਖਾਂ ਦਾ ਗ੍ਰੰਥ ਹੈ। ਫ਼ਲਸਰੂਪ ਗ਼ੈਰ-ਸਿੱਖ ਆਮ ਤੌਰ ’ਤੇ ਇਸ ਨਾਲ਼ੋਂ ਅਭਿੱਜ ਹੀ ਰਹੇ। ਹਾਲਾਂਕਿ ਇਹ ਇੱਕ ਵੱਡੀ ਮੂਰਖ਼ਤਾ ਸੀ, ਇੰਨੇਂ ਸ਼ਾਨਦਾਰ ਭਾਵ-ਬੋਲਾਂ ਨੂੰ ਨਾ ਗੌਲਣਾ।

ਪੂਰਨ ਸਿੰਘ ਦੀ ਗੱਲ, ਪੰਜਾਬੀ ਜਿਉਂਦੀ ਗੁਰਾਂ ਦੇ ਨਾਂ ’ਤੇ, ਅੱਧੀ-ਅਧੂਰੀ ਹੀ ਸੱਚੀ ਸੀ, ਪੂਰਨ ਤੌਰ ’ਤੇ ਨਹੀਂ। ਤੇ ਇੱਕ ਦਿਨ ਵੱਧਦੀ-ਵੱਧਦੀ ਇਹ ਗੱਲ ਇੰਨੀਂ ਵਧ ਗਈ ਕਿ ਉਨ੍ਹਾਂ ਲੋਕਾਂ ਨੇ ਪੰਜਾਬੀ ਨੂੰ ਵੀ ਸਿੱਖ ਧਰਮ ਦੀ ਭਾਸ਼ਾ ਹੀ ਗਰਦਾਨ ਦਿੱਤਾ। ਇੰਜ ਕਰਕੇ ਉਹ ਗੁਰਮੁਖੀ ਲਿਪੀ ਨਾਲ਼ੋਂ ਵੀ ਟੁੱਟੇ ਰਹੇ।

ਪਰ ਤਨੋਂ-ਮਨੋਂ ਤਾਂ ਉਹ ਪੰਜਾਬੀ ਸਨ। ਘਰਾਂ ਵਿੱਚ ਪੰਜਾਬੀ ਬੋਲਦੇ, ਗੀਤ ਪੰਜਾਬੀ ਵਿੱਚ ਗਾਉਂਦੇ, ਸੁਹਾਗ, ਸਿੱਠਣੀਆਂ ਪੰਜਾਬੀ ਵਿੱਚ, ਵੈਣ ਪੰਜਾਬੀ ਵਿੱਚ। ਘਰਾਂ ਵਿੱਚ ਠੇਠ ਪੰਜਾਬੀ ਅਤੇ ਮਨਾਂ ਵਿੱਚ ਠੇਠ ਪੰਜਾਬੀ, ਇਸ ਲਈ ਉਨ੍ਹਾਂ ਦੇ ਜਿਹੜੇ ਸਾਹਿਤਕਾਰ ਸਨ, ਉਨ੍ਹਾਂ ਨੇ ਰਚਨਾ ਵੀ ਪੰਜਾਬੀ ਵਿੱਚ ਹੀ ਕਰਨੀ ਸੀ। ਗੁਰਮੁਖੀ ਸਿਖੀ ਹੀ ਨਹੀਂ ਸੀ। ਸੋ ਜਿਹੜੀ ਲਿਪੀ ਆਉਂਦੀ ਸੀ, ਉਸ ਵਿੱਚ ਹੀ ਭਾਵੇਂ ਉਹ ਉਰਦੂ ਫਾਰਸੀ ਹੋਵੇ ਜਾਂ ਦੇਨਵਨਾਗਰੀ। ਉਝ ਇਸ ਦਾ ਥੋੜ੍ਹਾ ਜਿਹਾ ਨੁਕਸਾਨ ਵੀ ਹੋਇਆ, ਕਈ ਸ਼ਬਦਾਂ ਦੇ ਉਚਾਰਨ ਵਿੱਚ ਥੋੜਾ-ਬਹੁਤਾ ਫ਼ਰਕ ਪੈ ਗਿਆ, ਪੰਜਾਬੀ ਦੇ ਘੋੜੇ ਨੂੰ ਉਰਦੂ ਦਾ ਗ੍ਹੋੜਾ ਬਣਾ ਦਿੱਤਾ ਗਿਆ। ਕਿਉਂਕਿ ਪੰਜਾਬੀ ਦੇ ਉਚਾਰਨ ਲਈ ਜਿਹੜੇ ਅੱਖ ਗੁਰਮੁਖੀ ਵਿੱਚ ਨਿਸ਼ਚਿਤ ਹਨ, ਉਹ ਉਰਦੂ ਵਿੱਚ ਹੈ ਹੀ ਨਹੀਂ, ਲਿਖਣਾ ਗ੍ਹੋੜਾ, ਬੋਲਣਾ ਘੋੜਾ। ਬਸ ਵਕਤ ਟਪੀ, ਚਾਹੀਦਾ ਤਾਂ ਇਹ ਸੀ ਕਿ ਪੰਜਾਬੀ ਲਈ ਨਿਸ਼ਚਿਤ ਲਿਪੀ ਗੁਰਮੁਖੀ ਸਿੱਕੀ ਜਾਂਦੀ, ਜਿਹੜੀ ਬਹੁਤ ਆਸਾਨ ਸੀ। ਦੇਵਨਾਗਰੀ ਜਾਣਨ ਵਾਲ਼ਾ ਤਾਂ ਪੰਦਰਾਂ ਦਿਨ ਵੀ ਨਹੀਂ ਲਾਉਂਦਾ ਗੁਰਮੁਖੀ ਲਿਖਣ ਵਿੱਚ। ਬਸ ਇੱਕ ਨਿੱਕੀ ਜਿਹੀ ਕੁਤਾਹੀ ਕਰਕੇ ਸਾਰੀ ਉਮਰ ਦਾ ਰੋਣਾ ਗਲ਼ ਪਾ ਲਿਆ।

ਗੁਰਮੁਖੀ ਨਾ ਸਿੱਖਣ ਦਾ ਕਾਰਨ ਹੋਰ ਸੀ। ਸਕੂਲਾਂ-ਕਾਲਜਾਂ ਵਿੱਚ ਉਰਦੂ ਤੇ ਅੰਗਰੇਜ਼ੀ ਦੀ ਪ੍ਰਧਾਨਤਾ। ਗੁਰਮੁਖੀ ਕਿਤੇ ਪੜ੍ਹਾਈ ਹੀ ਨਹੀਂ ਸੀ ਜਾਂਦੀ। ਇਹ ਤਾਂ ਗੁਰਦੁਆਰਿਆਂ ਤੱਕ ਹੀ ਸੁੰਗੜੀ ਬੈਠੀ ਸੀ। ਗੁਰਦੁਆਰੇ ਦਾ ਭਾਈ ਹੀ ਉੜਾ-ਐੜਾ ਸਿਖਾ ਦੇਂਦਾ ਤੇ ਪੰਜ ਪੰਜ ਗ੍ਰੰਥੀ ਜਾਂ ਦਸ ਗ੍ਰੰਥੀ ਪੜ੍ਹਨ ਦੇ ਕਾਬਿਲ ਬਣਾ ਦਿੰਦਾ। ਜਿਹੜੇ ਗੁਰਦੁਆਰੇ ਜਾਂਦੇ ਹੀ ਨਹੀਂ ਸਨ, ਉਨ੍ਹਾਂ ਸਿੱਖਣੀ ਕਿੱਥੋਂ ਸੀ? ਆਜ਼ਾਦੀ ਤੋਂ ਪਹਿਲਾਂ ਜਿਹੜਾ ਸ਼ਾਨਦਾਰ ਸਾਹਿਤ ਸਿਰਜਿਆ ਗਿਆ, ਉਹ ਲਗਭਗ ਸਾਰਾ ਹੀ ਉਰਦੂ ਲਿਪੀ ਵਿੱਚ ਸੀ ਤੇ ਗੱਲ ਇਹ ਵੀ ਤਸੱਲੀ ਵਾਲ਼ੀ ਹੀ ਸੀ। ਪਰ ਉਦੋਂ ਤਾਂ ਇਸ ਗੱਲ ਰੌਲ਼ਾ ਵੀ ਨਹੀਂ ਸੀ, ਜਿਹੜਾ ਅੱਜ ਹੈ।

ਜਿਵੇਂ ਮੈਂ ਪਹਿਲਾਂ ਕਿਹਾ ਹੈ, ਮੈਂ ਇਸ ਗੱਲ ਦਾ ਹਮਾਇਤੀ ਹਾਂ ਕਿ ਜੇ ਗੁਰਮੁਖੀ ਨਹੀਂ ਆਉਂਦੀ ਤਾਂ ਆਪਣੀਆਂ ਪੰਜਾਬੀ ਰਚਨਾਵਾਂ ਕਿਸੇ ਵੀ ਲਿਪੀ ਵਿੱਚ ਲਿਖ ਲੈਣੀਆਂ ਚਾਹੀਦੀਆਂ ਹਨ। ਨਾ ਲਿਖਣ ਨਾਲ਼ੋਂ ਤਾਂ ਇਹ ਚੰਗਾ ਹੀ ਹੈ, ਪਰ ਇਸ ਗੱਲ ਦੀ ਲੋੜ ਤਾਂ ਉਨ੍ਹਾਂ ਨੂੰ ਹੈ, ਜਿਹੜੇ ਗੁਰਮੁਖੀ ਨਹੀਂ ਜਾਣਦੇ, ਜੇ ਨਹੀਂ ਜਾਣਦੇ ਤਾਂ ਇਹ ਉਨ੍ਹਾਂ ਦਾ ਮਸਲਾ ਹੈ, ਸਾਡਾ ਨਹੀਂ।

ਅਸੀਂ ਜਿਹੜੇ ਪੰਜਾਬੀ ਦੇ ਸਾਹਿਤਕਾਰ ਹਾਂ, ਅਸੀਂ ਵੀ ਦੂਜੀਆਂ ਭਾਸ਼ਾਵਾਂ ਵਿੱਚ ਲਿਖੇ ਸਾਹਿਤ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ। ਇਹ ਸਾਡੀਆਂ ਆਪਣੀਆਂ ਰਚਨਾਵਾਂ ਦੀ ਅਮੀਰੀ ਲਈ ਲਾਜ਼ਮੀ ਵੀ ਹੈ। ਸਾਡੇ ਲਈ ਤਾਂ ਇਹ ਤਸੱਲੀ ਵਾਲ਼ੀ ਗੱਲ ਹੈ ਕਿ ਸਾਡੇ ਬਹੁਤੇ ਸਾਹਿਤਕਾਰ ਗੁਰਮੁਖੀ ਦੇ ਨਾਲ਼ ਦੇਵਨਾਗਰੀ ਦੇ ਵੀ ਗਿਆਤਾ ਹਨ ਤੇ ਜਿਹੜੇ ਨਹੀਂ, ਉਹ ਅਨੁਵਾਦਤ ਜਾਂ ਲਿਪੀਆਂਤਿ੍ਰਤ ਸਾਹਿਤ ਪੜ੍ਹ ਲੈਂਦੇ ਹਨ। ਹਿੰਦੀ ਉਰਦੂ ਦੇ ਪੱਤਰਾਂ ਨੂੰ ਇਹ ਕਦੇ ਵੀ ਨਹੀਂ ਆਹੁੜੀ ਕਿ ਉਹ ਸਾਡੇ ਲਈ ਹਿੰਦੀ ਜਾਂ ਉਰਦੂ ਸਾਹਿਤ ਗੁਰਮੁਖੀ ਅੱਖਰਾਂ ਵਿੱਚ ਛਾਪਣ। ਅਜਿਹਾ ਝੱਲ ਖਿਲਾਰਨਾ ਮੈਨੂੰ ਲੱਗਦਾ ਹੈ, ਸਿਰਫ਼ ਸਾਡੇ ਹੀ ਹਿੱਸੇ ਆਇਆ ਹੈ।
ਸਾਨੂੰ ਆਪਣਾ ਤੇ ਆਪਣੇ ਪਾਠਕਾਂ ਦਾ ਫਿਕਰ ਹੈ। ਉਨ੍ਹਾਂ ਨੂੰ ਆਪਣੇ ਪਾਠਕਾਂ ਦਾ। ਹੋ ਸਕਦਾ ਹੈ ਉਨ੍ਹਾਂ ਨੂੰ ਸਾਡੇ ਤੋਂ ਵੀ ਜ਼ਿਆਦਾ ਫਿਕਰ ਹੋਵੇ। ਪਰ ਉਨ੍ਹਾਂ ਦੇ ਪਾਠਕਾਂ ਦਾ ਅਜਿਹਾ ਫਕਰ ਤਾਂ ਉਨ੍ਹਾਂ ’ਤੇ ਹੀ ਛੱਡ ਦੇਣਾ ਚਾਹੀਦਾ ਹੈ। ਇਹ ਸਾਡੇ ਦੋਹਾਂ ਦਾ ਹੀ ਕੰਮ ਨਹੀਂ ਕਿ ਅਸੀਂ ਆਪਣੇ-ਆਪਣੇ ਸਾਹਿਤ ਨੂੰ ਇੱਕ-ਦੂਜੇ ਦੀ ਲਿਪੀ ਵਿੱਚ ਬਦਲ ਕੇ ਇੱਕ-ਦੂਜੇ ਦੇ ਸਾਹਮਣੇ ਪਰੋਸੀਏ।

ਇਹ ਸਾਰਾ ਮਸਲਾ ਇਸ ਜ਼ਹਿਨੀਅਤ ਨੇ ਸ਼ੁਰੂ ਕੀਤਾ ਕਿ ਪੰਜਾਬੀ ਵਿੱਚ ਹਿੰਦੀ ਅਤੇ ਸੰਸਕ੍ਰਿਤ ਦੇ ਸ਼ਬਦ ਇਸ ਤਰ੍ਹਾਂ ਇੰਨੇਂ ਕੁ ਘੁਸੋੜ ਦਿੱਤੇ ਜਾਣ ਕਿ ਇਹ ਪੰਜਾਬੀ ਰਹੇ ਹੀ ਨਾ। ਇਹ ਪੰਜਾਬੀ ਨੂੰ ਖ਼ਤਮ ਕਰਨ ਵਾਲ਼ਿਆਂ ਦੀ ਹੀ ਚਾਲ ਸੀ। ਸਾਡੇ ਕੁਝ ਵਿਦਵਾਨ ਇਸ ਚਾਲ ਵਿੱਚ ਫਸ ਗਏ ਹਨ, ਖ਼ਾਸ ਕਰਕੇ ਮਹਾਂਨਗਰਾਂ ਦੀਆਂ ਯੂਨੀਵਰਸਿਟੀਆਂ ਜਾਂ ਕਾਲਜਾਂ ਵਿੱਚ ਕੰਮ ਕਰਦੇ ਪੰਜਾਬੀ ਵਿਦਵਾਨ। ਅਜਿਹੇ ਸ਼ਬਦ ਘਸੋੜਨ ਦਾ ਕੰਮ ਪੰਜਾਬੀ ਨੂੰ ਅਮੀਰ ਕਰਨ ਦੇ ਤਰਕ ਨਾਲ਼ ਕੀਤਾ ਜਾ ਰਿਹਾ ਸੀ ਤੇ ਇੰਝ ਕਰਦਿਆਂ ਉਹ ਛਾਤੀ ਫੁਲਾ ਕੇ ਕਹਿੰਦੇ ਤੇ ਸੋਚਦੇ ਸਨ ਕਿ ਇਸ ਤਰ੍ਹਾਂ ਅਸੀਂ ਪੰਜਾਬੀ ਦੀ ਸੇਵਾ ਕਰ ਰਹੇ ਹਾਂ। ਇਹ ਤਾਂ ਭਲਾ ਹੋਇਆ ਕਿ ਪੰਜਾਬੀ ਸਮਾਜ ਤੇ ਪੰਜਾਬੀ ਸਾਹਿਤਕਾਰਾਂ ਦਾ ਵੱਡਾ ਵਰਗ ਇਸ ਗੱਲੋਂ ਚੇਤਨ ਸੀ, ਜਿਸ ਕਰਕੇ ਹਾਲੇ ਵੀ ਪੰਜਾਬੀ ਦੀ ਠੇਠਤ ਕੁਝ ਕੁ ਬਚੀ ਹੋਈ ਹੈ।

ਬੜਾ ਰੌਲ਼ਾ ਹੈ ਕਿ ਅਗਲੇ ਪੰਜਾਹ ਸਾਲਾਂ ਵਿੱਚ ਪੰਜਾਬੀ ਜ਼ਬਾਨ ਖ਼ਤਮ ਹੋ ਜਾਵੇਗੀ। ਖ਼ਤਮ ਤੇ ਫਿਰ ਹੋਵੇਗੀ ਜੇ ਅਸੀਂ ਸੌਂ ਗਏ। ਜੇ ਜਾਗਦੇ ਰਹੇ ਤਾਂ ਇਸ ਨੂੰ ਅਬਾਦ ਤੱਕ ਕੋਈ ਖ਼ਤਰਾ ਨਹੀਂ, ਇਕੱਲੇ ਹਮਜ਼ਾਤੋਵ ਨੇ ਦਾਗ਼ਿਸਤਾਨ ਨੂੰ ਅਮਰ ਕਰ ਦਿੱਤਾ ਹੈ ਤੇ ਸਾਡੇ ਕੋਲ਼ ਤਾਂ ਅਨੇਕਾਂ ਹਮਜ਼ਾਤੋਵ ਹਨ।

ਹੁਣ ਇੱਕਦਮ ਅਸਲੀ ਮੁੱਦੇ ਵੱਲ ਆਉਂਦਾ ਹਾਂ। ‘ਸ਼ਬਦ ਬੂੰਦ’ ਵਿੱਚ ਆਪਣੀਆਂ ਪੰਜਾਬੀ ਰਚਨਾਵਾਂ ਨੂੰ ਦੇਵਨਾਗਰੀ ਵਿੱਚ ਛਾਪਣਾ ਉਸੇ ਸਾਜ਼ਿਸ਼ ਦਾ ਹਿੱਸਾ ਬਣਨ ਦੇ ਤੁੱਲ ਹੈ। ਚਾਹੀਦਾ ਇਹ ਹੈ ਕਿ ਹਰਿਆਣਾ ਸਾਹਿਤ ਅਕਾਦਮੀ ਦੇ ਸ਼ਾਨਦਾਰ ਪਰਚੇ ‘ਹਰੀ ਗੰਧਾ’ ਵਾਲ਼ੇ ਇਹ ਕੰਮ ਕਰਨ। ਸਾਡੀਆਂ ਰਚਨਾਵਾਂ ਦਾ ਅਨੁਵਾਦ ਜਾਂ ਲਿਪੀਆਂਤ੍ਰਣ ਕਰਕੇ ‘ਹਰੀ ਗੰਧਾ’ ਵਿੱਚ ਛਾਪਣ ਤੇ ਸ਼ਬਦ ਬੂੰਦ ਹਿੰਦੀ ਰਚਨਾਵਾਂ ਨੂੰ ਉਸੇ ਤਰ੍ਹਾਂ ਹੀ ਗੁਰਮੁਖੀ ਵਿੱਚ ‘ਸ਼ਬਦ ਬੂੰਦ’ ਵਿੱਚ ਛਾਪੇ।

ਸੰਪਰਕ: 092558-92663

Comments

Iqbal Ramoowalia

ਹਰਭਜਨ ਕੋਮਲ ਜੀ ਨੇ ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਨੇ। ਏਡੀ ਵਿਸ਼ਾਲ ਤੇ ਅਨੋਖੀ ਬੋਲੀ ਪੰਜਾਬੀ ਨੂੰ ਪੰਜਾਬੀਆਂ ਨੇ ਹੀ ਛਾਂਗਿਆ ਹੈ। ਇਸ ਬੋਲੀ ਤੇ ਖ਼ਾਸ ਕਰ ਪੈਂਤੀ-ਅੱਖਰੀ ਨੂੰ ਗ਼ਲਤ ਤਰੀਕੇ ਨਾਲ਼ ਸਿੱਖ ਧਰਮ ਨਾਲ਼ ਜੋੜਨ ਵਿੱਚ ਸਿੱਖਾਂ ਦਾ ਵੀ ਪੂਰਾ ਹੱਥ ਹੈ। ਇਸ ਪੈਂਤੀ-ਅੱਖਰੀ ਲਿੱਪੀ ਦਾ ਸਭ ਤੋਂ ਵੱਡਾ ਦੁਸ਼ਮਣ ਉਹ ਅਨਸਰ ਹੈ ਜਿਸ ਨੇ ਜਾਣੇ-ਅਣਜਾਣੇ ਇਸ ਨੂੰ 'ਗੁਰਮੁਖੀ' ਨਾਮ ਦਿੱਤਾ। ਇਤਿਹਾਸ ਗਵਾਹ ਹੈ, ਜੀ ਬੀ ਸਿੰਘ ਵਰਗੇ ਸਿੱਖ ਖੋਜੀ ਗਵਾਹ ਹਨ ਕਿ ਇਹ ਲਿੱਪੀ ਗੁਰੂ ਸਾਹਿਬਾਨ ਤੋਂ ਢੇਰ ਚਿਰ ਪਹਿਲਾਂ ਵਰਤੋਂ ਵਿੱਚ ਆ ਗਈ ਸੀ। ਇਹ ਲਿੱਪੀ ਗੁਰੂਆਂ ਦੇ 'ਮੁੱਖਾਂ' ਵਿੱਚੋਂ ਨਹੀਂ ਨਿੱਕਲੀ; ਇਹ ਹੋ ਸਕਦਾ ਹੈ ਕਿ ਸਿੱਖ ਗੁਰੂਆਂ ਨੇ ਆਪਣੇ 'ਹੱਥਾਂ' ਅਤੇ ਮੱਥੇ `ਚ ਆਏ ਫ਼ੁਰਨਿਆਂ ਨਾਲ਼, ਇਸ ਲਿੱਪੀ ਵਿੱਚ ਕੁਝ ਸੁਧਾਰ ਲਿਆਂਦੇ ਹੋਵਣ। ਮੈਂ ਤਾਂ ਫ਼ਿਰਕਾਪ੍ਰਸਤੀ ਤੋਂ ਪੂਰੀ ਤਰ੍ਹਾਂ ਨਿਰਲੇਪ ਵਿਅਕਤੀ ਹਾਂ ਤੇ ਉਰਦੂ-ਅੱਖਰੀ, ਦੇਵਨਾਗਰੀ ਅਤੇ ਪੈਂਤੀ-ਅੱਖਰੀ ਦਾ ਗਿਆਤਾ ਵੀ ਹਾਂ। ਇਸ ਨਿਰਲੇਪਤਾ ਵਿਚੋਂ ਮਹਿਸੂਸ ਕਰਦਾ ਹਾਂ ਕਿ ਪੰਜਾਬੀ ਜ਼ੁਬਾਨ ਲਈ ਢੁਕਵੀਂ ਲਿੱਪੀ ਤਾਂ ਪੈਂਤੀ-ਅੱਖਰੀ ਹੀ ਹੈ, ਪ੍ਰੰਤੂ ਕਿਉਂਕਿ ਹਿੰਦੂ ਤੇ ਮੁਸਲਮ ਹੁਣ ਇਸ ਨੂੰ ਸਿਖਾਂ ਦੀ ਲਿੱਪੀ ਸਮਝਣ ਦੀ ਗ਼ਲਤੀ ਆਪਣੇ ਹੱਡਾਂ `ਚ ਰਚਾਈ ਬੈਠੇ ਹਨ, ਇਸ ਲਈ ਉਹ ਆਪਣੀ ਸਹੂਲਤ ਲਈ ਦੇਵਨਾਗਰੀ ਜਾਂ ਉਰਦੂ-ਅੱਖਰੀ ਜੰਮ ਜੰਮ ਵਰਤਣ। ਉਂਝ ਮੇਰਾ ਇਹ ਪੱਕਾ ਵਿਸ਼ਵਾਸ਼ ਹੈ ਕਿ ਉਰਦੂ-ਅੱਖਰੀ ਵਰਤਣ ਵਾਲ਼ਾ ਕੋਈ ਵੀ ਵਿਅਕਤੀ ਅਗਰ ਪੈਂਤੀ-ਅੱਖਰੀ ਨੂੰ ਸਿੱਖਣਾ ਚਾਹੇ ਤਾਂ ਇਹ ਐਵੇਂ ਹਫ਼ਤੇ ਦਸ ਦਿਨ ਦੀ ਖੇਡ ਹੀ ਹੈ। ਜਿਸ ਤੇਜ਼ੀ ਨਾਲ਼ ਧਾਰਮਿਕ ਕੱਟੜਤਾ ਫ਼ੈਲ ਰਹੀ ਹੈ, ਕੱਸੀ ਜਾ ਰਹੀ ਹੈ, ਉਸ ਤੋਂ ਇਹ ਜਾਪਦਾ ਹੈ ਕਿ ਧਰਮ ਦੀਆਂ ਬੇੜੀਆਂ `ਚੋਂ ਮੁਕਤ ਹੋ ਕੇ ਅਗਰ ਹਿੰਦੂ ਅਤੇ ਮੁਸਲਮਾਨ ਵੀ ਇਸ ਲਿੱਪੀ ਨੂੰ ਅਪਣਾਅ ਲੈਣ ਤਾਂ ਇਸ ਨਾਲ਼ ਨੁਕਸਾਨ ਕੋਈ ਨਹੀਂ ਹੋਣ ਲੱਗਾ। [email protected]

Iqbal ramoowalia

ਹਰਭਜਨ ਕੋਮਲ ਜੀ ਨੇ ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਨੇ। ਏਡੀ ਵਿਸ਼ਾਲ ਤੇ ਅਨੋਖੀ ਬੋਲੀ ਪੰਜਾਬੀ ਨੂੰ ਪੰਜਾਬੀਆਂ ਨੇ ਹੀ ਛਾਂਗਿਆ ਹੈ। ਇਸ ਬੋਲੀ ਤੇ ਖ਼ਾਸ ਕਰ ਪੈਂਤੀ-ਅੱਖਰੀ ਨੂੰ ਗ਼ਲਤ ਤਰੀਕੇ ਨਾਲ਼ ਸਿੱਖ ਧਰਮ ਨਾਲ਼ ਜੋੜਨ ਵਿੱਚ ਸਿੱਖਾਂ ਦਾ ਵੀ ਪੂਰਾ ਹੱਥ ਹੈ। ਇਸ ਪੈਂਤੀ-ਅੱਖਰੀ ਲਿੱਪੀ ਦਾ ਸਭ ਤੋਂ ਵੱਡਾ ਦੁਸ਼ਮਣ ਉਹ ਅਨਸਰ ਹੈ ਜਿਸ ਨੇ ਜਾਣੇ-ਅਣਜਾਣੇ ਇਸ ਨੂੰ 'ਗੁਰਮੁਖੀ' ਨਾਮ ਦਿੱਤਾ। ਇਤਿਹਾਸ ਗਵਾਹ ਹੈ, ਜੀ ਬੀ ਸਿੰਘ ਵਰਗੇ ਸਿੱਖ ਖੋਜੀ ਗਵਾਹ ਹਨ ਕਿ ਇਹ ਲਿੱਪੀ ਗੁਰੂ ਸਾਹਿਬਾਨ ਤੋਂ ਢੇਰ ਚਿਰ ਪਹਿਲਾਂ ਵਰਤੋਂ ਵਿੱਚ ਆ ਗਈ ਸੀ। ਇਹ ਲਿੱਪੀ ਗੁਰੂਆਂ ਦੇ 'ਮੁੱਖਾਂ' ਵਿੱਚੋਂ ਨਹੀਂ ਨਿੱਕਲੀ; ਇਹ ਹੋ ਸਕਦਾ ਹੈ ਕਿ ਸਿੱਖ ਗੁਰੂਆਂ ਨੇ ਆਪਣੇ 'ਹੱਥਾਂ' ਅਤੇ ਮੱਥੇ `ਚ ਆਏ ਫ਼ੁਰਨਿਆਂ ਨਾਲ਼, ਇਸ ਲਿੱਪੀ ਵਿੱਚ ਕੁਝ ਸੁਧਾਰ ਲਿਆਂਦੇ ਹੋਵਣ। ਮੈਂ ਤਾਂ ਫ਼ਿਰਕਾਪ੍ਰਸਤੀ ਤੋਂ ਪੂਰੀ ਤਰ੍ਹਾਂ ਨਿਰਲੇਪ ਵਿਅਕਤੀ ਹਾਂ ਤੇ ਉਰਦੂ-ਅੱਖਰੀ, ਦੇਵਨਾਗਰੀ ਅਤੇ ਪੈਂਤੀ-ਅੱਖਰੀ ਦਾ ਗਿਆਤਾ ਵੀ ਹਾਂ। ਇਸ ਨਿਰਲੇਪਤਾ ਵਿਚੋਂ ਮਹਿਸੂਸ ਕਰਦਾ ਹਾਂ ਕਿ ਪੰਜਾਬੀ ਜ਼ੁਬਾਨ ਲਈ ਢੁਕਵੀਂ ਲਿੱਪੀ ਤਾਂ ਪੈਂਤੀ-ਅੱਖਰੀ ਹੀ ਹੈ, ਪ੍ਰੰਤੂ ਕਿਉਂਕਿ ਹਿੰਦੂ ਤੇ ਮੁਸਲਮ ਹੁਣ ਇਸ ਨੂੰ ਸਿਖਾਂ ਦੀ ਲਿੱਪੀ ਸਮਝਣ ਦੀ ਗ਼ਲਤੀ ਆਪਣੇ ਹੱਡਾਂ `ਚ ਰਚਾਈ ਬੈਠੇ ਹਨ, ਇਸ ਲਈ ਉਹ ਆਪਣੀ ਸਹੂਲਤ ਲਈ ਦੇਵਨਾਗਰੀ ਜਾਂ ਉਰਦੂ-ਅੱਖਰੀ ਜੰਮ ਜੰਮ ਵਰਤਣ। ਉਂਝ ਮੇਰਾ ਇਹ ਪੱਕਾ ਵਿਸ਼ਵਾਸ਼ ਹੈ ਕਿ ਉਰਦੂ-ਅੱਖਰੀ ਵਰਤਣ ਵਾਲ਼ਾ ਕੋਈ ਵੀ ਵਿਅਕਤੀ ਅਗਰ ਪੈਂਤੀ-ਅੱਖਰੀ ਨੂੰ ਸਿੱਖਣਾ ਚਾਹੇ ਤਾਂ ਇਹ ਐਵੇਂ ਹਫ਼ਤੇ ਦਸ ਦਿਨ ਦੀ ਖੇਡ ਹੀ ਹੈ। ਜਿਸ ਤੇਜ਼ੀ ਨਾਲ਼ ਧਾਰਮਿਕ ਕੱਟੜਤਾ ਫ਼ੈਲ ਰਹੀ ਹੈ, ਕੱਸੀ ਜਾ ਰਹੀ ਹੈ, ਉਸ ਤੋਂ ਇਹ ਜਾਪਦਾ ਹੈ ਕਿ ਇਸ ਲਿੱਪੀ ਨੇ ਮੁਸਲਮ ਤੇ ਹਿੰਦੂ ਅੱਖਾਂ ਵਿੱਚ ਪਰਵਾਨ ਚੜ੍ਹਨ ਲਈ ਬੱਸ ਤਰਸਦੇ ਹੀ ਰਹਿਹਣਾ ਹੈ, ਫਿਰ ਵੀ ਧਰਮ ਦੀਆਂ ਬੇੜੀਆਂ `ਚੋਂ ਮੁਕਤ ਹੋ ਕੇ ਅਗਰ ਹਿੰਦੂ ਅਤੇ ਮੁਸਲਮਾਨ ਵੀ ਇਸ ਲਿੱਪੀ ਨੂੰ ਅਪਣਾਅ ਲੈਣ ਤਾਂ ਇਸ ਨਾਲ਼ ਨੁਕਸਾਨ ਕੋਈ ਨਹੀਂ ਹੋਣ ਲੱਗਾ। [email protected]

Aamir Zaheer Bhatti

ਮੰਦੇ ਭਾਗਾਂ ਨਾਲ ਪੰਜਾਬੀ ਪਹਿਲਾਂ ਹੀ ਇੰਨੀਆਂ ਜਿਆਦਾ ਲਿੱਪੀਆਂ ਵਿਚ ਵੰਡੀ ਹੋਈ ਹੈ ਕੇ ਕਿਸੇ ਹੋਰ ਲਿੱਪੀ ਵਿਚ ਪੰਜਾਬੀ ਨੂ ਲਿਖਣਾ ਏਸ ਨੂ ਹੋਰ ਕਮਜ਼ੋਰ ਕਰਨ ਦੇ ਤੁਲ ਹੈ. ਸਾਨੂ ਪੰਜਾਬੀ ਜਗਤ ਨੂ ਇਕ ਦੂਜੇ ਦੇ ਨੇੜੇ ਲਿਆਵਣ ਲਈ ਇਕ ਸਾਂਝੀ ਲਿੱਪੀ ਦੀ ਬਹੁਤ ਸਖ਼ਤ ਲੋੜ ਹੈ, ਇਕ ਅਜੇਹੀ ਲਿੱਪੀ ਜੋ ਕਿਸੇ ਪੰਜਾਬੀ ਦੀ ਰਾਹ ਵਿਚ ਰੁਕਾਵਟ ਨਾ ਬਣ ਸਕੇ. ਮੈਂ ਸੋਸ਼ਲ ਮੀਡਿਆ ਉੱਤੇ ਪੰਜਾਬੀ ਨੂ ਪ੍ਰੋਮੋਟ ਕਰਨ ਲਈ ਫ਼ਾਰਸੀ ਲਿੱਪੀ ਦੀ ਬੁਤ ਵਰਤੋਂ ਕੀਤੀ ਹੈ, ਪਰ ਮੈਂ ਅਖੀਰ ਏਸ ਸਿੱਟੇ ਤੇ ਪਹੁੰਚਿਆ ਹਾਂ ਕੇ ਏਸ ਨਾਲ ਪੰਜਾਬੀ ਦਾ ਘੇਰਾ ਸੁੰਗੜ ਜਾਂਦਾ ਹੈ. ਅਤੇ ਦੇਵਨਾਗਰੀ ਤੇ ਗੁਰਮੁਖੀ ਪੜ੍ਹਨ ਵਾਲੇ ਪੰਜਾਬੀ ਭੈਣਾਂ ਭਰਾ ਉਸ ਲੇਖ ਤੋਂ ਜਾਣੂ ਨਹੀ ਹੋ ਸਕਦੇ. ਸੋ ਮੈਨੂ ਇਕ ਅਜੇਹੀ ਲਿੱਪੀ ਨਜ਼ਰ ਆਈ ਜਿਸ ਨੂ ਕਿਸੇ ਵੀ ਧਰਮ ਤੇ ਦੇਸ ਦਾ ਪੰਜਾਬੀ ਪੜ੍ਹ ਸਕਦਾ ਹੈ, ਤੇ ਉਹ ਲਿੱਪੀ ਹੈ ਰੋਮਨ ਲਿੱਪੀ. ਮੈਂ ਇਹ ਆਜਮਾ ਕੇ ਵੇਖਿਆ ਹੈ ਕੀ ਰੋਮਨ ਲਿੱਪੀ ਵਿਚ ਲਿਖੀ ਪੰਜਾਬੀ ਲਿਖਤ ਦਾ ਘੇਰਾ ਬਹੁਤ ਵਿਸ਼ਾਲ ਹੁੰਦਾ ਹੈ ਅਤੇ ਇਹ ਪੰਜਾਬੀ ਬੋਲੀ ਨੂ ਦੂਰ ਦੂਰ ਅਪੜਾ ਦਿੰਦੀ ਹੈ. ਸੋ ਮੈਂ ਹੁਣ ਇਹੋ ਲਿੱਪੀ ਸੋਸ਼ਲ ਮੀਡਿਆ ਤੇ ਵਰਤਦਾ ਹਾਂ. ਅਸਾਂ ਨਿਰਾ ਪੰਜਾਬੀ ਬੋਲੀ ਦੀ ਸੇਵਾ ਹੀ ਨਹੀ ਕਰਨੀ ਸਗੋਂ ਏਸ ਦੀ ਸਾਂਝ ਨੂ ਵੀ ਮੁਖ ਰਖਣਾ ਹੈ. ਅਰਬੀ ਬੋਲੀ ਬਹੁਤ ਸਾਰੇ ਦੇਸਾਂ ਦੀ ਬੋਲੀ ਹੈ. ਕਿਸੇ ਇਕ ਅਰਬ ਦੇਸ ਵਿਚ ਛਪਣ ਵਾਲਾ ਅਖਬਾਰ ਪੂਰੀ ਅਰਬ ਦੁਨਿਆ ਵਿਚ ਵਿਕਦਾ ਵੀ ਹੈ ਤੇ ਪੜ੍ਹਿਆ ਵੀ ਜਾ ਸਕਦਾ ਹੈ. ਇਹੋ ਕਰਨ ਹੈ ਕੇ ਅਰਬੀ ਬੋਲੀ ਦੀਆਂ ਕਿਤਾਬਾਂ ਸਿਰਫ ਇੱਕੋ ਦੇਸ ਵਿਚ ਹੀ ਨਹੀ ਵਿਕਦੀਆਂ ਸਗੋਂ ਪੂਰੀ ਅਰਬ ਦੁਨਿਆ ਵਿਚ ਵਿਕਦੀਆਂ ਹਨ. ਸਾਨੂ ਲੋੜ ਹੈ ਪੰਜਾਬੀ ਨੂ ਧਰਮਾਂ ਦੀ ਕੈਦ ਚੋਂ ਕਢ ਕੇ ਇਸ ਨੂ ਸਿਰਫ ਤੇ ਸਿਰਫ ਪੰਜਾਬੀਆਂ ਦੀ ਬੋਲੀ ਬਣਾਉਣ ਦੀ. ਤਾਂ ਜੋ ਦੁਨਿਆ ਦਾ ਹਰ ਪੰਜਾਬੀ ਕਿਸੇ ਵੀ ਪੰਜਾਬ ਵਿਚ ਰਚੀਆਂ ਪੰਜਾਬੀ ਲਿਖਤਾਂ ਨੂ ਪੜ੍ਹ ਸਕੇ, ਆਨੰਦ ਮਾਣ ਸਕੇ. ਪੰਜਾਬੀ ਕਿਤਾਬਾਂ, ਮੈਗਜ਼ੀਨਾਂ ਅਤੇ ਅਖਬਾਰਾਂ ਦੀ ਸਰਕੁਲੇਸ਼ਨ ਵਧ ਸਕੇ. ਪੰਜਾਬੀ ਦੁਨਿਆ ਇਕ ਦੂਜੇ ਦੇ ਨੇੜੇ ਆ ਸਕੇ.

ਸਟੀਵਨ ਮਿਸਿਸਾਗਵੀ

ਅਤਾਤੁਰਕ ਨੇ ਰੋਮਨ ਲਿੱਪੀ ਨੂੰ ਅਪਣਾਇਆ, ਪਰ ਉਸ ਸਮਾਂ ਟਰਕੀ ਵਿਚ ਅੰਗ੍ਰੇਜ਼ੀ ਮਾਧਿਅਮ ਦੇ ਸਕੂਲ ਨਹੀਂ ਸਨ । ਦੱਖਣੀ ਏਸ਼ੀਆ ਦੀਆਂ ਜ਼ਬਾਨਾਂ ਖ਼ਤਰੇ ਵਿਚ ਹਨ । ਜੇ ਰੋਮਨ ਲਿੱਪੀ ਵਰਤੀ ਜਾਵੇ, ਤਾਂ ਪੰਜਾਬੀ ਸ਼ਬਦਾਂ ਦੀ ਥਾਂ ਵਿਚ ਅੰਗ੍ਰੇਜ਼ੀ ਸ਼ਬਦ ਜ਼ਰੂਰ ਵਰਤੇ ਜਾਣਗੇ । ਬਹੁਤ ਲੋਕ ਇਸਨੂੰ ਅਮੀਰੀ ਕਹਿੰਦੇ ਹਨ... ਮੇਰੇ ਖ਼ਿਆਲ ਵਿਚ ਇਹ ਅਮਲ ਤਾਂ ਸੁਭਾਵਿਕ ਹੈ; ਹਰ ਇੱਕ ਜ਼ਬਾਨ ਦੂਜੀਆਂ ਜ਼ਬਾਨਾਂ ਤੋਂ ਸ਼ਬਦ ਲੈਂਦੀ ਹੈ । ਪਰ ਜਦੋਂ ਉਹ ਜ਼ਬਾਨ ਖ਼ਤਰੇ ਵਿਚ ਹੈ, ਜਦੋਂ ਬੱਚੇ ਸਕੂਲਾਂ ਵਿਚ ਉਸ ਜ਼ਬਾਨ ਦਾ ਇਸਤੇਮਾਲ ਨਹੀਂ ਕਰਦੇ, ਤਾਂ ਉਹ ਦੂਜੀ ਜ਼ਬਰਦਸਤ ਜ਼ਬਾਨ ਦੀ ਲਿੱਪੀ ਵਰਤਣੀ ਖ਼ਤਰਨਾਕ ਹੋ ਜਾਂਦਾ ਹੈ...

Ferne Stephensen

This Google doc exposes how this scamdemic is part of a bigger plan to crush your business and keep it closed or semi-operational (with heavy rescritions) while big corporations remain open without consequences. This Covid lie has ruined many peoples lives and businesses and is all done on purpose to bring about the One World Order. It goes much deeper than this but the purpose of this doc is to expose the evil and wickedness that works in the background to ruin peoples lives. So feel free to share this message with friends and family. No need to reply to the email i provided above as its not registered. But this information will tell you everything you need to know. https://docs.google.com/document/d/1ogQqKrmP0Dzga6xvMp5zA6n-WLKx0mp-laETDTVe4Dw/edit

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ