Fri, 19 July 2024
Your Visitor Number :-   7196127
SuhisaverSuhisaver Suhisaver

ਪੰਜਾਬ ਦੀਆਂ 10 ਜੇਲ੍ਹਾਂ 'ਚ 143 ਕੈਦੀਆਂ ਨੇ ਤੋੜਿਆ ਦਮ -ਬਲਜਿੰਦਰ ਕੋਟਭਾਰਾ

Posted on:- 21-12-2012

suhisaver

ਪੰਜਾਬ ਦੀਆਂ ਜੇਲ੍ਹਾਂ ਕੈਦੀਆਂ ਲਈ ਸਰਾਪ ਬਣ ਰਹੀਆਂ ਹਨ। ਸੂਬੇ ਦੀਆਂ 10 ਜੇਲ੍ਹਾਂ 'ਚ 143 ਕੈਦੀਆਂ ਦੀਆਂ ਮੌਤਾਂ ਹੋ ਗਈਆਂ। ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹਾਂ ਪੰਜਾਬ ਚੰਡੀਗੜ੍ਹ ਤੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਲਈ ਗਈ ਜਾਣਕਾਰੀ ਵਿੱਚ ਮਰਨ ਵਾਲੇ ਕੈਦੀਆਂ ਬਾਰੇ ਕਈ ਪੱਖ ਉਜਾਗਰ ਹੋਏ ਹਨ। ਜੇਲ੍ਹਾਂ ਵਿੱਚ ਮਰਨ ਵਾਲਿਆਂ 'ਚ ਸਜ਼ਾ ਭੁਗਤ ਰਹੇ ਦੋਸ਼ੀ ਕੈਦੀਆਂ ਦੀ ਗਿਣਤੀ ਹਵਾਲਾਤੀ ਕੈਦੀਆਂ ਨਾਲੋਂ ਕਿਤੇ ਵੱਧ ਹੈ। ਮਰੇ 143 ਕੈਦੀਆਂ ਵਿੱਚੋਂ 93 ਸਜ਼ਾ ਯਾਫਤਾ ਅਤੇ 5 ਕੈਦਣਾਂ ਵੀ ਸ਼ਾਮਲ ਹਨ। ਅਫ਼ਸੋਸਨਾਕ ਪਹਿਲੂ ਇਹ ਹੈ ਕਿ ਕੈਦੀਆਂ ਦੀ ਮੌਤ ਦਰ 2010 ਦੇ ਮੁਕਾਬਲੇ 2011 ਵਿੱਚ 30 ਫੀਸਦੀ ਵਧੀ ਹੈ। ਪੰਜਾਬ ਦੀਆਂ ਜਿਹਨਾਂ 10 ਜੇਲ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ, ਇਹਨਾਂ ਜੇਲ੍ਹਾਂ 'ਚ ਸਾਲ 2010 'ਚ 43 ਕੈਦੀ ਇਸ ਜਹਾਨੋਂ ਵਿਦਾ ਹੋ ਗਏ, ਤੇ ਸਾਲ 2011 ਵਿੱਚ ਇਹਨਾਂ ਦੀ ਗਿਣਤੀ ਵਧ ਕੇ 56 ਹੋ ਗਈ।

ਪਟਿਆਲਾ ਜੇਲ ਕੈਦੀਆਂ ਲਈ ਸਭ ਤੋਂ ਘਾਤਕ ਹੈ। ਇੱਥੇ 2008 ਤੋਂ 2011 ਤੱਕ 4 ਸਾਲਾਂ ਵਿੱਚ ਸਭ ਤੋਂ ਵੱਧ 59 ਮੌਤਾਂ ਹੋਈਆਂ ਹਨ,ਜਿਹਨਾਂ ਵਿੱਚੋਂ 25 ਮੌਤਾਂ 2010 ਤੇ 2011 ਵਿੱਚ ਹੋਈਆਂ। ਕੇਂਦਰੀ ਜੇਲ੍ਹ ਪਟਿਆਲਾ 'ਚ ਸਾਲ 2008 'ਚ 17 ਕੈਦੀਆਂ ਦੀ ਮੌਤ ਹੋਈ, ਜਿਹਨਾਂ ਵਿੱਚ 8 ਹਵਾਲਾਤੀ ਤੇ 9 ਸਜ਼ਾ ਯਾਫਤਾ ਕੈਦੀ ਸ਼ਾਮਲ ਹਨ। ਮੀਤਾ ਰਾਮ ਕੈਦੀ ਨੇ 11 ਨਵੰਬਰ 2008 ਨੂੰ ਖ਼ੁਦਕੁਸ਼ੀ ਕੀਤੀ। ਉਕਤ ਜੇਲ੍ਹ ਵਿੱਚ 2009 ਦੌਰਾਨ 18 ਕੈਦੀ ਮਰ ਗਏ ਜਿਹਨਾਂ 'ਚ 6 ਹਵਾਲਾਤੀ, 11 ਦੋਸ਼ੀ ਕੈਦੀ ਸਨ। ਇਸੇ ਸਾਲ ਫੂਲਾ ਦੇਵੀ ਨਾਮੀ ਹਵਾਲਾਤੀ ਕੈਦਣ, ਜੋ ਕਿ ਜ਼ਨਾਨਾ ਜੇਲ੍ਹ ਲੁਧਿਆਣਾ ਤੋਂ ਬਦਲ ਕੇ ਭੇਜੀ ਗਈ ਸੀ, ਦੀ 21 ਮਈ ਨੂੰ ਮੌਤ ਹੋ ਗਈ। 15 ਨਵੰਬਰ 2009 ਨੂੰ ਇੱਕ ਹੋਰ ਹਵਾਲਾਤੀ ਹਰਪ੍ਰੀਤ ਸਿੰਘ ਆਤਮਘਾਤ ਕਰ ਗਿਆ।

ਪਟਿਆਲਾ ਦੀ ਇਸ ਜੇਲ੍ਹ ਵਿੱਚ ਸੰਨ 2010 ਵਿੱਚ 13 ਕੈਦੀਆਂ ਦੀ ਜ਼ਿੰਦਗੀ ਗਈ ਜਿਹਨਾਂ ਵਿੱਚੋਂ 4 ਹਵਾਲਾਤੀ ਤੇ ਬਾਕੀ ਦੋਸ਼ੀ ਕੈਦੀ ਸਨ। ਸਾਲ 2011 ਵਿੱਚ ਇਸ ਜੇਲ੍ਹ 'ਚ 12 ਕੈਦੀਆਂ ਨੇ ਦਮ ਤੋੜਿਆ, ਜਿਹਨਾਂ ਵਿੱਚ 4 ਹਵਾਲਾਤੀ ਤੇ 8 ਸਜ਼ਾ ਯਾਫਤਾ ਕੈਦੀ ਸਨ। ਮਰਨ ਵਾਲਿਆਂ ਵਿੱਚ ਮਨਦੀਪ ਕੌਰ ਪਤਨੀ ਮੁਖਤਿਆਰ ਸਿੰਘ ਵੀ ਸ਼ਾਮਲ ਹੈ, ਜਿਸ ਦੀ 30 ਮਾਰਚ 2011 ਨੂੰ ਮੌਤ ਹੋ ਗਈ। ਇਸ ਜੇਲ੍ਹ ਵਿੱਚ 59 ਮੌਤਾਂ ਦੇ ਮਾਮਲੇ ਪੀ. ਐਸ. ਐਚ. ਆਰ. ਸੀ. (ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ) ਕੋਲ ਪੈਂਡਿੰਗ ਹਨ, ਜਿਹਨਾਂ ਵਿੱਚ 2008 ਦੀਆਂ ਮੌਤਾਂ ਦੇ ਮਾਮਲੇ ਵੀ ਸ਼ਾਮਲ ਹਨ।

ਜੇਲ੍ਹਾਂ 'ਚ ਮੌਤਾਂ ਦੇ ਮਾਮਲੇ ਵਿੱਚ ਦੂਜਾ ਨੰਬਰ ਲੁਧਿਆਣਾ ਜੇਲ੍ਹ ਦਾ ਹੈ, ਜਿੱਥੇ 22 ਕੈਦੀਆਂ ਦੇ ਸਲਾਖਾਂ ਅੰਦਰ ਹੀ ਸਾਹ ਮੁੱਕ ਗਏ। ਲੁਧਿਆਣਾ ਦੀ ਕੇਂਦਰੀ ਜੇਲ੍ਹ ਨੇ 2010 ਤੋਂ ਅਪ੍ਰੈਲ 2012 ਤੱਕ 22 ਕੈਦੀਆਂ ਦੀਆਂ ਜਾਨਾਂ ਲਈਆਂ। ਇਸ ਜੇਲ੍ਹ ਵਿੱਚ 2010 ਵਿੱਚ ਮਰਨ ਵਾਲਿਆਂ ਦੀ ਗਿਣਤੀ 6 ਸੀ, ਇਹਨਾਂ 'ਚ 4 ਹਵਾਲਾਤੀ ਸਨ। ਅਪ੍ਰੈਲ 2012 ਤੱਕ ਮੌਤਾਂ ਦੀ ਗਿਣਤੀ 16 ਤੱਕ ਜਾ ਪੁੱਜੀ। ਇਹਨਾਂ 'ਚ 8 ਹਵਾਲਾਤੀ ਤੇ 8 ਕੈਦੀਆਂ ਦੀ ਮੌਤ ਹੋ ਗਈ। ਜੇਲ੍ਹ ਵੱਲੋਂ ਖੁਦਕੁਸ਼ੀ ਦਾ ਵੇਰਵਾ ਮੁਹੱਈਆ ਨਹੀਂ ਕਰਵਾਇਆ ਗਿਆ। ਲੁਧਿਆਣਾ ਦੀ ਜ਼ਨਾਨਾ ਜੇਲ੍ਹ ਵਿੱਚ ਬਖ਼ਸ਼ੀਸ਼ ਕੌਰ ਪਤਨੀ ਕੇਸਰ ਸਿੰਘ ਦੀ ਸਾਲ 2012 ਵਿੱਚ ਮੌਤ ਹੋ ਗਈ। ਗੌਰਤਲਬ ਹੈ ਕਿ ਇਸ ਜੇਲ 'ਚ ਦੋ ਸੌ ਦੇ ਕਰੀਬ ਔਰਤਾਂ ਕੈਦ ਹਨ।

ਕੇਂਦਰੀ ਜੇਲ੍ਹ ਬਠਿੰਡਾ ਵੀ ਕੈਦੀਆਂ ਦੀਆਂ ਮੌਤਾਂ ਦੇ ਮਾਮਲੇ ਵਿੱਚ ਘੱਟ ਨਹੀਂ। ਇਸ ਜੇਲ੍ਹ ਵਿੱਚ ਤਿੰਨ ਸਾਲਾਂ 'ਚ 24 ਮੌਤਾਂ ਹੋਈਆਂ। ਸਾਲ 2009 'ਚ ਤਿੰਨ, ਜੋ ਕਿ 2010 ਵਿੱਚ 100 ਪ੍ਰਤੀਸ਼ਤ ਤੱਕ ਵਧ ਗਈਆਂ ਤੇ ਇਹ ਗਿਣਤੀ ਵਧ ਕੇ 6 ਹੋ ਗਈ, ਜਿਹਨਾਂ ਵਿੱਚ 3 ਹਵਾਲਾਤੀ ਤੇ 3 ਦੋਸ਼ੀ ਕੈਦੀ ਸਨ। ਜ਼ਿਲ੍ਹਾ ਮਾਨਸਾ ਦੀ ਮਹਿੰਦਰ ਕੌਰ ਪਤਨੀ ਇੰਦਰ ਸਿੰਘ ਦੀ 14 ਨਵੰਬਰ 2010 ਨੂੰ ਮੌਤ ਹੋ ਗਈ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਸਾਲ 2011 'ਚ ਮੌਤਾਂ ਦੀ ਗਿਣਤੀ ਦਾ ਗਰਾਫ਼ ਹੋਰ ਵਧ ਕੇ 9 ਤੱਕ ਚਲਿਆ ਗਿਆ, ਜਿਹਨਾਂ 'ਚ 4 ਹਵਾਲਾਤੀ ਤੇ 5 ਕੈਦੀ ਸਨ। 2012 ਦੀ 4 ਅਪ੍ਰੈਲ ਤੱਕ ਉਕਤ ਜੇਲ੍ਹ ਵਿੱਚ 6 ਹੋਰ ਕੈਦੀਆਂ ਦੀ ਜਾਨ ਚਲੀ ਗਈ। ਇਹਨਾਂ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਕੈਦੀ ਯੋਗਪ੍ਰੀਤ ਸਿੰਘ ਦੀ 4 ਅਪ੍ਰੈਲ 2012 ਨੂੰ ਕੀਤੀ ਖ਼ੁਦਕੁਸ਼ੀ ਵੀ ਸ਼ਾਮਲ ਹੈ। ਉਕਤ 24 ਮੌਤਾਂ ਦੇ ਮਾਮਲੇ ਵੀ ਪੀ. ਐਸ. ਐਚ. ਆਰ. ਸੀ. ਕੋਲ ਇਨਸਾਫ਼ ਦੀ ਉਮੀਦ ਵਿੱਚ ਬਾਕੀ ਹਨ।   

 ਕੇਂਦਰੀ ਜੇਲ੍ਹ ਫਿਰੋਜ਼ਪੁਰ ਪਿਛਲੇ ਦੋ ਸਾਲਾਂ 'ਚੋਂ 18 ਕੈਦੀਆਂ ਲਈ ਘਾਤਕ ਸਾਬਤ ਹੋਈ। ਸਾਲ 2010 ਦੌਰਾਨ ਇਸ ਜੇਲ੍ਹ 'ਚ 11 ਦੋਸ਼ੀ ਕੈਦੀਆਂ ਦੀ ਮੌਤ ਹੋਈ। 25 ਦਸੰਬਰ 2010 ਨੂੰ ਨਾਹਰ ਸਿੰਘ ਪੁੱਤਰ ਸੁਦਾਗਰ ਸਿੰਘ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਅਗਲੇ ਸਾਲ 2011 ਵਿੱਚ ਉਕਤ ਜੇਲ੍ਹ ਵਿੱਚ 7  ਕੈਦੀਆਂ ਦੀ ਮੌਤ ਹੋ ਗਈ। ਉਕਤ ਮੌਤਾਂ ਵਿੱਚੋਂ 5 ਮੌਤਾਂ ਦੇ ਕਾਰਣਾਂ ਦੀ ਰਿਪੋਰਟ ਅਜੇ ਤੱਕ ਬਕਾਇਆ ਹੈ।

ਜ਼ਿਲ੍ਹਾ ਜੇਲ ਨਾਭਾ ਵਿੱਚ ਦੋ ਸਾਲਾਂ 'ਚ 5 ਕੈਦੀ ਮਰ ਗਏ। ਜਨਕ ਸਿੰਘ ਨਾਮੀ ਕੈਦੀ ਦੀ 25 ਜਨਵਰੀ 2012 ਨੂੰ ਏਡਜ਼ ਦੀ ਨਾਮੁਰਾਦ ਬਿਮਾਰੀ ਨੇ ਜਾਨ ਲੈ ਲਈ। ਜ਼ਿਲ੍ਹਾ ਜੇਲ੍ਹ ਸੰਗਰੂਰ 'ਚ ਉਕਤ ਸਾਲਾਂ ਵਿੱਚ 6 ਕੈਦੀਆਂ ਦੀ ਜਾਨ ਗਈ। ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਦੇ ਡਿਪਟੀ ਸੁਪਰਡੈਂਟ ਤੋਂ ਲਈ ਜਾਣਕਾਰੀ ਅਨੁਸਾਰ ਇਸ ਜੇਲ੍ਹ ਵਿੱਚ 6 ਮੌਤਾਂ ਹੋਈਆਂ। 2010 ਵਿੱਚ ਮਰਨ ਵਾਲੇ ਤਿੰਨੇ ਹਵਾਲਾਤੀ ਸਨ ਤੇ 2010 'ਚ ਮਰਨ ਵਾਲੇ ਤਿੰਨੇ ਹੀ ਦੋਸ਼ੀ ਕੈਦੀ ਸਨ। ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਸਾਲ 2010-2011 'ਚ 7 ਕੈਦੀਆਂ ਨੇ ਆਪਣੀ ਜਾਨ ਤੋਂ ਹੱਥ ਧੋਤੇ। ਇਹਨਾਂ ਸੱਤ ਮਾਮਲਿਆਂ ਵਿੱਚੋਂ ਸਿਰਫ 1 ਮਾਮਲੇ ਬਾਰੇ ਹੀ ਪੀ. ਐਸ. ਐਚ. ਆਰ. ਸੀ. ਦਾ ਫੈਸਲਾ ਆਇਆ। 9 ਅਪ੍ਰੈਲ 2010 ਨੂੰ ਗੁਰਦਾਸਪੁਰ ਸ਼ਹਿਰ ਦੇ ਜੋਬਨਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਦੀ ਮੌਤ ਬਾਰੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਕੋਲ ਸ਼ਿਕਾਇਤ ਕੀਤੀ ਗਈ, ਜਿਸ ਦੀ ਪੜਤਾਲ ਵਿੱਚ ਜੇਲ੍ਹ ਅਥਾਰਟੀ ਦੇ ਦੋਸ਼ੀ ਪਾਏ ਜਾਣ 'ਤੇ ਕਮਿਸ਼ਨ ਨੇ ਸੂਬਾ ਹਕੂਮਤ ਨੂੰ ਹੁਕਮ ਦਿੱਤਾ ਸੀ ਕਿ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਸੇ ਸ਼ਹਿਰ ਦੀ ਹੀ ਕੈਦਣ ਹਰਵਿੰਦਰ ਕੌਰ ਪਤਨੀ ਪਵਨਦੀਪ ਸਿੰਘ ਦੀ ਵੀ ਮੌਤ ਹੋ ਗਈ, ਜਿਸ ਦੀ ਪੜਤਾਲ ਵੀ ਹੋਰਨਾਂ ਮਾਮਲਿਆਂ ਵਾਂਗ ਜਾਰੀ ਹੈ। ਜ਼ਿਲ੍ਹਾ ਜੇਲ੍ਹ ਰੂਪਨਗਰ 'ਚ ਉਕਤ ਸਾਲਾਂ 'ਚ ਦੋ ਕੈਦੀ ਮਰ ਗਏ।

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਉੱਘੇ ਆਗੂ ਜਸਟਿਸ ਅਜੀਤ ਸਿੰਘ ਬੈਂਸ ਨੇ ਇਸ ਮਾਮਲੇ 'ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਦੀਆਂ ਜੇਲ੍ਹਾਂ ਪੈਸੇ ਇਕੱਠੇ ਕਰਨ ਦਾ ਜ਼ਰੀਆ ਬਣ ਗਈਆਂ ਹਨ, ਜਿੱਥੇ ਸਰਕਾਰੀ ਮਸ਼ੀਨਰੀ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਵਰਤਿਆ ਜਾ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਜੇਲ੍ਹ ਵਿੱਚ ਹਰ ਛੋਟੀ ਤੋਂ ਛੋਟੀ ਚੀਜ਼ ਜਿਵੇਂ ਬਿਸਕੁੱਟ ਤੋਂ ਲੈ ਕੇ ਹਰ ਵਸਤ ਬਲੈਕ 'ਚ ਵੇਚੀ ਜਾਂਦੀ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਪਿਛਲੇ ਸਮੇਂ ਦੌਰਾਨ ਕੈਦੀਆਂ ਨਾਲ ਘਟੀਆ ਵਰਤਾਅ ਕਾਰਣ ਜੇਲ੍ਹਾਂ ਵਿੱਚ ਭੜਕੀ ਹਿੰਸਾ ਦੇ ਮਾਮਲੇ ਤੇ ਜੇਲ੍ਹਾਂ 'ਚੋਂ ਭਾਰੀ ਮਾਤਰਾ 'ਚ ਨਸ਼ੇ ਫੜੇ ਜਾਣਾ ਇਸ ਕੁਪ੍ਰਬੰਧ ਦੀ ਨਿਸ਼ਾਨੀ ਹੈ। ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੇ ਸ੍ਰੀ ਆਰ. ਐਸ. ਬੈਂਸ ਨੇ ਜੇਲ੍ਹਾਂ ਵਿੱਚ ਅਤਿ ਘਟਿਆ ਪ੍ਰਬੰਧ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕੈਦੀਆਂ ਦੀ ਸਿਹਤ ਦੇ ਮਾਮਲੇ ਵਿੱਚ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ, ਕਿਸੇ ਵੀ ਬਿਮਾਰ ਕੈਦੀ ਦੇ ਇਲਾਜ ਦੀ ਥਾਂ ਅਕਸਰ ਇਸ ਨੂੰ ਅੱਖੋਂ-ਪਰੋਖਾ ਕੀਤਾ ਜਾਂਦਾ ਹੈ। ਇਸ ਗੰਭੀਰ ਮਾਮਲੇ ਪ੍ਰਤੀ ਸੂਬੇ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਢਿੱਲਮੱਠ ਵਾਲੇ ਰਵੱਈਏ ਦ ਨੁਕਤਾਚੀਨੀ ਕਰਦਿਆਂ ਕਮਿਸ਼ਨ ਨੂੰ ਚਿੱਟਾ ਹਾਥੀ ਤੇ ਨਿਕੰਮਾ ਕਰਾਰ ਦਿੱਤਾ।
 
ਸ੍ਰੀ ਬੈਂਸ ਦੇ ਦੋਸ਼ ਸਹੀ ਸਾਬਿਤ ਕਰਦੀ ਹੈ ਸਥਿਤੀਆਂ ਬਾਰੇ ਮਿਲੀ ਇਹ ਦੁਖਾਂਤਕ ਜਾਣਕਾਰੀ ਕਿ ਕਈ ਜੇਲ੍ਹਾਂ 'ਚ ਕੈਦੀਆਂ ਦੀ ਹੋਈ ਮੌਤ ਦੀ ਪੜਤਾਲ ਦਾ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਕੋਲ 95 ਪ੍ਰਤੀਸ਼ਤ ਤੱਕ ਦਾ ਕੰਮ ਬਾਕੀ ਹੈ ਤੇ ਕਈ ਜੇਲ੍ਹਾਂ ਦਾ 100 ਪ੍ਰਤੀਸ਼ਤ ਕੰਮ ਪੈਂਡਿੰਗ ਹੈ। ਇਹ ਮਾਮਲੇ ਕਦੋਂ ਤੱਕ ਨਜਿੱਠੇ ਜਾਣਗੇ ਇਸ ਦੀ ਕੋਈ ਜਾਣਕਾਰੀ ਫਿਲਹਾਲ ਨਹੀਂ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ