Tue, 25 June 2024
Your Visitor Number :-   7137877
SuhisaverSuhisaver Suhisaver

ਮਿਲਖਾ ਸਿੰਘ ਨੂੰ ਹਰਾਉਣ ਵਾਲੇ ਮੱਖਣ ਸਿੰਘ ਦਾ ਪਰਿਵਾਰ ਗੁਜ਼ਾਰ ਰਿਹਾ ਹੈ ਗ਼ੁਰਬਤ ਭਰੀ ਜ਼ਿੰਦਗੀ- ਸ਼ਿਵ ਕੁਮਾਰ ਬਾਵਾ

Posted on:- 25-08-2013

ਦੋ ਨੌਜਵਾਨ ਲੜਕਿਆਂ ਦੀ ਬਿਮਾਰੀ ਕਾਰਨ ਮੌਤ, ਤੀਸਰਾ ਲੜਕਾ ਅਪਾਹਜ

ਅਰਜੁਨ ਐਵਾਰਡੀ ਦੌੜਾਕ ਅਤੇ ਉਡਣੇ ਸਿੱਖ ਮਿਲਖਾ ਸਿੰਘ ਨੂੰ ਇਕ ਮੁਕਾਬਲੇ ਵਿਚ ਹਰਵਾਉਣ ਵਾਲੇ ਮੱਖਣ ਸਿੰਘ ਦਾ ਪਰਿਵਾਰ ਉਸਦੀ ਮੌਤ ਤੋਂ ਬਾਅਦ ਆਪਣੇ ਘਰ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਚੱਬੇਵਾਲ ਨਾਲ ਲਗਦੇ ਪਹਾੜੀ ਖਿੱਤੇ ਦੇ ਪਿੰਡ ਬਠੁੱਲਾ ਵਿਖੇ ਮੱਖਣ ਸਿੰਘ ਦੀ ਵਿਧਵਾ ਸੁਰਿੰਦਰ ਕੌਰ ਤਿੰਨ ਜਵਾਨ ਲੜਕਿਆਂ ਵਿਚੋਂ ਇੱਕ ਬਚੇ ਅਪਾਹਜ ਲੜਕੇ ਅਤੇ ਬਹੁ ਨਾਲ ਬੜੀ ਮੁਸ਼ਕਲ ਨਾਲ ਦਿਨ ਕਟੀ ਕਰ ਰਹੀ ਹੈ।ਸਰਕਾਰ ਵਲੋਂ ਦਿੱਤੀ ਜਾਂਦੀ ਪੈਂਨਸ਼ਨ ਵੀ ਪਿਛਲੇ ਕਈ ਸਾਲਾਂ ਤੋਂ ਬੰਦ ਹੋ ਚੁੱਕੀ ਹੈ।ਮੱਖਣ ਸਿੰਘ ਦੀ ਜਿੱਥੇ ਭਾਰਤੀ ਫੌਜ ਸਮੇਤ ਪੂਰੀ ਦੁਨੀਆਂ ਵਿਚ ਤੂਤੀ ਬੋਲਦੀ ਸੀ, ਉਥੇ ਹੁਣ ਪਹਾੜੀ ਇਲਾਕੇ ਦੇ ਥੁੜ੍ਹਾਂ ਅਤੇ ਕਿਸਮਤ ਮਾਰੇ ਪਿੰਡ ਬਠੁੱਲਾ ਦੇ ਵਿਚਕਾਰ ਸਥਿਤ ਪਰਿਵਾਰ ਦੇ ਬਚਦੇ ਤਿੰਨ ਮੈਂਬਰਾਂ ਦੀ ਕੋਈ ਅਵਾਜ਼ ਨਹੀਂ ਸੁਣ ਰਿਹਾ। ਉਸਦੇ ਤਿੰਨ ਲੜਕਿਆਂ ਵਿਚੋਂ ਇੰਦਰਪਾਲ ਸਿੰਘ ਦੀ 1994 ਅਤੇ ਗੁਰਵਿੰਦਰ ਸਿੰਘ ਦੀ 2009 ਵਿਚ ਭਿਆਨਕ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਦੋਵੇਂ ਲੜਕੇ 10+2 ਤੱਕ ਪੜ੍ਹੇ ਪ੍ਰੰਤੂ ਕਿਸਮਤ ਨੇ ਉਹਨਾਂ ਨੂੰ ਮੱਖਣ ਸਿੰਘ ਦੇ ਪਰਿਵਾਰ ਦਾ ਸਹਾਰਾ ਬਣਨ ਤੋਂ ਪਹਿਲਾਂ ਹੀ ਖੋਹ ਲਿਆ।

ਉਸਦਾ ਤੀਸਰਾ ਲੜਕਾ ਪਰਮਿੰਦਰ ਸਿੰਘ ਸੋਢੀ ਬਚਪਨ ਵਿਚ ਅਧਰੰਗ ਦੀ ਬਿਮਾਰੀ ਕਾਰਨ ਇਕ ਬਾਂਹ ਅਤੇ ਜ਼ੁਬਾਨ ਗੁਵਾ ਬੈਠਾ। ਉਸਦੀ ਇਕ ਬਾਂਹ ਨਕਾਰਾ ਹੋ ਚੁੱਕੀ ਹੈ ਅਤੇ ਜ਼ੁਬਾਨ ਵਿਚੋਂ ਉਹ ਕਿਸੇ ਨਾਲ ਵੀ ਸਾਫ ਸ਼ਬਦਾਂ ਵਿਚ ਗੱਲ ਕਰਨ ਤੋਂ ਅਸਮਰੱਥ ਹੈ। ਉਹ ਹੁਸ਼ਿਆਰਪੁਰ ਬਲਾਕ ਇਕ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ 2500 ਰੁਪਏ ਮਾਸਿਕ ਤਨਖਾਹ ਤੇ ਬਤੌਰ ਸੇਵਾਦਾਰ ਵਜੋਂ ਕੱਚੀ ਨੌਕਰੀ ਕਰ ਰਿਹਾ ਹੈ।

ਅੱਜ ਸਵੇਰੇ ਪਿੰਡ ਬਠੁੱਲਾ ਵਿਖੇ ਆਪਣੇ ਘਰ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਅਤੇ ਪਰਵਾਸੀ ਭਾਰਤੀ ਜੋਗਾ ਸਿੰਘ ਬਠੁੱਲਾ ਦੀ ਹਾਜ਼ਰੀ ਵਿਚ ਪਰਮਿੰਦਰ ਸਿੰਘ ਸੋਢੀ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਦੁੱਖ ਉਹਨਾਂ ਦਾ ਸਾਥ ਨਹੀਂ ਛੱਡ ਰਹੇ। ਉਹ ਰੋਜ਼ਾਨਾਂ ਨਿੱਤ ਨਵੇਂ ਹਾਦਸਿਆਂ ਕਾਰਨ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ।

ਉਸਨੇ ਦੱਸਿਆ ਕਿ ਉਸਦਾ ਪਿਤਾ ਮੱਖਣ ਸਿੰਘ ਸਿਰਫ ਸੱਤ ਜਮਾਤਾਂ ਪਾਸ ਸੀ । ਮਾਂ ਦੀ ਮੌਤ ਅਤੇ ਘਰ ਵਿਚ ਆਰਥਿਕ ਤੰਗੀ ਅਤੇ ਆਪਣੀ ਸਿਰਫ ਇਕ ਕਿੱਲਾ ਜ਼ਮੀਨ ਹੋਣ ਕਾਰਨ ਉਹ ਪਿੰਡੋਂ ਖੇਤੀ ਛੱਡਕੇ 1955 ਵਿਚ ਜਲੰਧਰ ਜਾ ਕੇ ਫੌਜ ਵਿਚ ਭਰਤੀ ਹੋ ਗਿਆ। ਲੰਬੇ ਕੱਦ ਅਤੇ ਭਰਵੇਂ ਸਰੀਰ ਕਾਰਨ ਫੌਜ ਵਾਲਿਆਂ ਨੇ ਉਸਨੂੰ ਭਰਤੀ ਕਰ ਲਿਆ। ਉਸਦੇ ਕਰੀਬੀ ਦੋਸਤ ਪਰਵਾਸੀ ਭਾਰਤੀ ਜੋਗਾ ਸਿੰਘ ਬਠੁੱਲਾ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਮੱਖਣ ਸਿੰਘ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਪਾਇਆ। ਉਸਦੀਆਂ ਢੇਰ ਸਾਰੀਆਂ ਪ੍ਰਾਪਤੀਆਂ ਕਾਰਨ ਜਿਥੇ ਦੇਸ਼ ਦਾ ਨਾਮ ਦੁਨੀਆਂ ਵਿਚ ਚਮਕਿਆ, ਉਥੇ ਪੰਜਾਬ ਦਾ ਸਿਰ ਉਚਾ ਚੁੱਕਣ ਵਿਚ ਉਸਨੇ ਆਪਣੀ ਸਾਰੀ ਤਾਕਤ ਦਾਅ ਤੇ ਲਗਾ ਦਿੱਤੀ। ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਮੰਤਰੀਆਂ ਨੇ ਉਸਦੀਆਂ ਪ੍ਰਾਪਤੀਆਂ ਤੇ ਪਰਿਵਾਰ ਨੂੰ ਆਰਥਿਕ ਸਹਿਯੋਗ ਦੇਣ ਦੇ ਬਾਅਦੇ ਤਾਂ ਬਹੁਤ ਕੀਤੇ ਪ੍ਰੰਤੂ ਕਿਸੇ ਨੇ ਵੀ ਉਸਦੇ ਜਿਉਂਦੇ ਜੀਅ ਨਹੀਂ ਨਿਭਾਇਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 1964 ਵਿਚ ਮੱਖਣ ਸਿੰਘ ਥਲ ਸੈਨਾ ਵਿਚ ਨਾਇਬ ਸੂਬੇਦਾਰ ਬਣ ਗਿਆ। ਉਸਨੇ ਟਰੈਕ ਵਿਚ ਜਿੱਤਾਂ ਦਰਜ ਕਰਨ ਤੋਂ ਇਲਾਵਾ ਮੈਦਾਨੇ ਜੰਗ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ। ਉਸਨੇ 1965 ਵਿਚ ਭਾਰਤ ਪਾਕਿਸਤਾਨ ਜੰਗ ਦੌਰਾਨ ਸਿਆਲਕੋਟ ਸੈਕਟਰ ਵਿੱਚ ਮੋਹਰੀ ਭੂਮਿਕਾ ਨਿਭਾਈ। ਉਸਨੇ 1971 ਦੀ ਜੰਗ ਵਿਚ ਤਨਦੇਹੀ ਨਾਲ ਮੋਰਹਰੇ ਹੋ ਕੇ ਦੁਸ਼ਮਣ ਫੌਜਾਂ ਦਾ ਟਾਕਰਾ ਕੀਤਾ। ਉਹ 1972 ਵਿਚ ਭਾਰਤੀ ਫੌਜ ਵਿਚੋਂ ਸੇਵਾ ਮੁਕਤ ਹੋ ਗਏ।ਸੇਵਾ ਮੁਕਤੀ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਨੇ ਦੱਸਿਆ ਕਿ ਪਹਿਲਾਂ ਹੀ ਗਰੀਬੀ ਅਤੇ ਭੁੱਖ ਨਾਲ ਲੜ ਰਹੇ ਪਰਿਵਾਰ ਨੂੰ ਸੇਵਾਮੁਕਤੀ ਤੋਂ ਬਾਅਦ ਹੋਰ ਵੀ ਆਰਥਿਕ ਤੰਗੀ ਨੇ ਘੇਰਾ ਪਾ ਲਿਆ। ਖੇਡ ਅਤੇ ਖੇਡਾਂ ਖੇਡਣ ਵਾਲੇ ਨੌਜਵਾਨਾਂ ਨੂੰ ਅਤਿ ਦਾ ਪਿਆਰ ਅਤੇ ਹੁਲਾਰਾ ਦੇਣ ਵਾਲੇ ਮੱਖਣ ਸਿੰਘ ਨੇ 18 ਸਾਲ ਦਿਨ ਰਾਤ ਟਰੱਕ ਚਲਾਇਆ । ਇਸ ਕਿੱਤੇ ਨੇ ਉਸਦਾ ਉਸ ਵਕਤ ਲੱਕ ਤੌੜਕੇ ਰੱਖ ਦਿੱਤਾ ਜਦ ਉਸਦੇ ਖੜ੍ਹੇ ਟਰੱਕ ਨਾਲ ਕੋਈ ਤੇਜ ਰਫਤਾਰ ਟਰੱਕ ਟੱਕਰ ਮਾਰ ਗਿਆ। ਇਸ ਹਾਦਸੇ ਵਿਚ ਮੱਖਣ ਸਿੰਘ ਦੀ ਇਕ ਲੱਤ ਤਿੰਨ ਜਗ੍ਹਾ ਤੋਂ ਟੁੱਟਣ ਅਤੇ ਵਾਧੂ ਸ਼ੂਗਰ ਹੋਣ ਕਾਰਨ ਡਾਕਟਰਾਂ ਨੂੰ ਉਸਦੀ ਇਕ ਲੱਤ ਕੱਟਣੀ ਪਈ। ਉਸਨੇ ਘਰ ਦਾ ਗੁਜ਼ਾਰਾ ਤੌਰਨ ਲਈ ਚੱਬੇਵਾਲ ਵਿਖੇ ਕਾਪੀਆਂ ਕਿਤਾਬਾਂ ਦੀ ਦੁਕਾਨ ਪਾ ਲਈ।

ਉਹਨਾਂ ਦੱਸਿਆ ਕਿ ਉਸਨੇ ਉਸ ਸਮੇਂ ਦੇ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਮਿਲਖਾ ਸਿੰਘ ਕੋਲ ਸਰਕਾਰੀ ਨੌਕਰੀ ਲਈ ਪਹੁੰਚ ਕੀਤੀ ਪ੍ਰੰਤੂ ਉਹਨਾਂ ਵਲੋਂ ਉਸਦੀ ਘੱਟ ਵਿੱਦਿਅਕ ਯੋਗਤਾ ਹੋਣ ਕਾਰਨ ਉਸਨੂੰ ਨੌਕਰੀ ਤੋਂ ਸਾਫ ਨਾਂਹ ਕਰ ਦਿੱਤੀ। ਜੋਗਾ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਨੇ ਨੌਕਰੀ ਪ੍ਰਾਪਤ ਕਰਨ ਲਈ ਪੂਰੇ ਭਾਰਤ ਵਿਚ ਧੱਕੇ ਖਾਧੇ ਪ੍ਰੰਤੂ ਉਸਨੂੰ ਹਰ ਪਾਸੇ ਨਿਰਾਸ਼ਾ ਹੀ ਪੱਲੇ ਪਈ।

ਮੱਖਣ ਸਿੰਘ ਦੇ ਅਪਾਹਜ ਲੜਕੇ ਪਰਮਿੰਦਰ ਸਿੰਘ ਸੋਢੀ ਅਤੇ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਪਿਤਾ ਖੇਡਾਂ ਦੀ ਦੌੜ ਦਾ ਮੋਹਰੀ ਰਿਹਾ ਪ੍ਰੰਤੂ ਜ਼ਿੰਦਗੀ ਦੀ ਦੌੜ ਵਿਚ ਫਾਡੀ ਰਿਹਾ। ਉਸਦੀ 2002 ਵਿਚ ਜਦ ਮੌਤ ਹੋਈ ਉਸ ਵਕਤ ਉਹ ਬਹੁਤ ਛੋਟੇ ਸਨ। ਭਾਰਤ ਦੇ ਰਾਸ਼ਟਰਪਤੀ ਵਲੋਂ ਅਰਜਨ ਐਵਾਰਡ ਨਾਲ ਸਨਮਾਨਿਤ ਇਕ ਖਿਡਾਰੀ ਦੀ ਮੌਤ ਤੇ ਕਿਸੇ ਵੀ ਸਿਆਸੀ ਆਗੂ , ਪ੍ਰਸ਼ਾਸਨਿਕ ਅਧਿਕਾਰੀ ਤਕ ਨੇ ਸੋਗ ਪ੍ਰਗਟ ਨਹੀਂ ਕੀਤਾ। ਉਹਨਾਂ ਦੀ ਪਰਿਵਾਰ ਦੇ ਮੈਂਬਰਾਂ ਦੇ ਇਲਾਜ ਲਈ ਸਾਰੀ ਜ਼ਮੀਨ ਤੱਕ ਵਿਕ ਚੁੱਕੀ ਸੀ। ਕਈਆਂ ਨੇ ਮਜਬੂਰੀ ਦਾ ਲਾਭ ਲੈ ਕੇ ਸਾਡੀ ਜ਼ਮੀਨ ਉਸ ਵਕਤ ਕੋਡੀਆਂ ਦੇ ਭਾਅ ਖਰੀਦ ਲਈ।

ਮੱਖਣ ਸਿੰਘ ਦੀਆਂ ਪ੍ਰਾਪਤੀਆਂ ਦੇਖੀਏ ਤਾਂ ਉਸਨੇ 1964 ਵਿਚ ਕਲਕੱਤਾ ਵਿਖੇ ਹੋਈਆਂ ਕੌਮੀ ਐਥਲੈਟਿਕਸ ਖੇਡਾਂ ਵਿਚ ਉਡਣੇ ਸਿੱਖ ਨਾਲ ਮਸ਼ਹੂਰ ਹੋਏ ਖਿਡਾਰੀ ਮਿਲਖਾ ਸਿੰਘ ਨੂੰ ਹਰਾ ਦਿੱਤਾ ਸੀ। ਮੱਖਣ ਸਿੰਘ ਤਿੰਨ ਨੰਬਰ ਲਾਇਨ ਵਿਚ ਦੋੜਨ ਲਈ ਖੜ੍ਹਾ ਸੀ । ਸਟੇਡੀਅਮ ਵਿਚ ਦਰਸ਼ਕ ਉਸ ਵਕਤ ਹੈਰਾਨ ਰਹਿ ਗਏ ਜਦ ਤੀਸਰੀ ਲਾਇਨ ਵਿਚ ਖੜ੍ਹੇ ਮੱਖਣ ਸਿੰਘ ਵਲੋਂ ਮਿਲਖਾ ਸਿੰਘ ਤੋਂ ਅੱਗੇ ਲੰਘਦਿਆਂ ਸਮਾਪਤੀ ਕੇਂਦਰ ਪਾਰ ਕਰ ਲਿਆ ਅਤੇ ਮੁਕਾਬਲੇ ਦਾ ਖਿਤਾਬ ਆਪਣੇ ਨਾਮ ਕਰ ਲਿਆ। ਸੱਤ ਜਮਾਤਾਂ ਪਾਸ ਇਸ ਦੌੜਾਕ ਦਾ ਅੰਤ ਬਹੁਤ ਹੀ ਤਰਸ ਭਰਿਆ ਹੈ। ਉਸਦੇ ਜਵਾਨ ਦੋ ਲੜਕਿਆਂ ਦੀ ਮੌਤ ਭਰ ਜਵਾਨੀ ਵਿਚ ਹੋ ਗਈ। ਉਸਦੇ ਵਿਆਹ ਤੋਂ ਇੱਕੀ ਦਿਨ ਬਾਅਦ ਉਸਦੀ ਮਾਤਾ ਅਤੇ ਪਿਤਾ ਬੰਤਾ ਸਿੰਘ ਦੀ ਮੌਤ ਹੋ ਗਈ।

ਪ੍ਰਾਪਤੀਆਂ ਬਾਰੇ ਰੋਂਦਿਆਂ ਲੜਕੇ ਸੋਢੀ ਨੇ ਦੱਸਿਆ ਕਿ ਗਰੀਬੀ ਅਤੇ ਦੁੱਖ ਉਹਨਾਂ ਦੇ ਪਰਿਵਾਰ ਦਾ ਹਾਲੇ ਵੀ ਪਿੱਛਾ ਨਹੀਂ ਛੱਡ ਰਹੇ। ਉਸਨੇ ਦੱਸਿਆ ਕਿ ਬੀਤੇ ਦਿਨ ਸਾਡੇ ਪਰਿਵਾਰ ਦਾ ਬਹੁਤ ਹੀ ਸਹਿਯੋਗੀ ਸਾਡਾ ਮਾਸੜ ਗੁਰਬਚਨ ਸਿੰਘ ਇਟਲੀ ਵਿਚ ਮੌਤ ਦਾ ਸ਼ਿਕਾਰ ਹੋ ਗਿਆ। ਉਸਨੇ ਦੱਸਿਆ ਮਾਤਾ ਸੁਰਿੰਦਰ ਕੌਰ ਉਸਦੇ ਅਸਤ ਤਾਰਨ ਲਈ ਅੱਜ ਹੀ ਪਿੰਡ ਕਾਲਾ ਬੱਕਰਾ(ਰਣੀ ਪੱਤੀ) ਵਿਖੇ ਗਈ ਹੋਈ ਹੈ। ਮੱਖਣ ਸਿੰਘ ਨੂੰ ਫੁੱਟਬਾਲ ਖੇਡ ਨਾਲ ਪਿਆਰ ਸੀ ਤੇ ਉਹ ਅਕਸਰ ਹੀ ਫੁੱਟਬਾਲ ਖੇਡਦਾ ਸੀ, ਪ੍ਰੰਤੂ ਉਸਦੇ ਫੌਜੀ ਸਾਥੀ ਹਵਲਦਾਰ ਨਰੰਜਣ ਸਿੰਘ ਦੀ ਪ੍ਰੇਰਨਾ ਨਾਲ ਉਹ ਦੌੜ ਵੱਲ ਖਿਚਿਆ ਗਿਆ ,1956 ਵਿਚ ਆਰਮੀ ਸਪੋਰਟਸ ਕੰਟਰੋਲ ਬੋਰਡ ਵਲੋਂ ਪੁਣੇ ਵਿਚ ਐਥਲੈਟਿਕ ਮੀਟ ਕਰਵਾਈ ਜਿਸ ਦੌਰਾਨ ਉਸਨੇ ਸਖਤ ਮਿਹਨਤ ਕੀਤੀ। ਦਿਨ ਰਾਤ ਮਿਹਨਤ ਦਾ ਫਲ ਉਸ ਵਕਤ ਮਿਲਿਆ ਜਦ ਉਸਨੇ 1957=58 ਵਿਚ ਕੌਮੀ ਐਥਲੈਟਿਕਸ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ।

ਏਸ਼ੀਅਨ ਖੇਡਾਂ ਲਈ ਦਿੱਲੀ ਵਿਖੇ ਤਿੰਨ ਮਹੀਨੇ ਲੱਗੇ ਕੈਂਪ ਵਿਚ ਉਸਨੇ ਦੇਹ ਤੌੜ ਮਿਹਨਤ ਕੀਤੀ ਪ੍ਰੰਤੂ ਅਚਾਨਿਕ ਤੇਜ਼ ਬੁਖਾਰ ਚੜ੍ਹਨ ਕਾਰਨ ਉਹ ਉਕਤ ਖੇਡਾਂ ਵਿਚ ਸ਼ਾਮਿਲ ਨਾ ਹੋ ਸਕਿਆ। ਇਸ ਤੋਂ ਬਾਅਦ 1959 ਵਿਚ ਤ੍ਰਿਵੈਂਦਰਮ ਐਥਲੈਟਿਕ ਮੀਟ ਵਿਚ ਮੱਖਣ ਸਿੰਘ ਨੇ 100 ਮੀਟਰ ਵਿਚ ਪਹਿਲਾ ਅਤੇ 200 ਮੀਟਰ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ। ਖੇਡ ਪ੍ਰਾਪਤੀਆਂ ਦੇ ਨਾਲ ਨਾਲ ਉਸਦਾ ਥਲ ਸੈਨਾ ਵਿਚ ਵੀ ਕੱਦ ਵੱਧਦਾ ਗਿਆ।

ਇਸ ਤੋਂ ਬਾਅਦ 1962 ਵਿਚ ਜਕਾਰਤਾ ਏਸ਼ਆਈ ਖੇਡਾਂ ਵਿਚ ਉਸਨੇ 4ਗੁਣਾ 100 ਮੀਟਰ ਰੀਲੇਅ ਦੌੜ ਵਿਚ ਗੋਲਡ ਮੈਡਲ ਜਿੱਤਿਆ ਅਤੇ 400 ਮੀਟਰ ਵਿਚ ਮਿਲਖਾ ਸਿੰਘ ਨਾਲ ਦੌੜਕੇ ਦੂਜਾ ਸਥਾਨ ਪ੍ਰਾਪਤ ਕੀਤਾ। 1964 ਵਿਚ ਕੌਮੀ ਐਥਲੈਟਿਕਸ ਵਿਚ 200 ਮੀਟਰ ਦੌੜ ਵਿਚ ਉਸਨੇ ਮਿਲਖਾ ਸਿੰਘ ਨੂੰ ਹਰਾਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਜਿੱਤ ਨਾਲ ਕੌਮੀ ਪਹਿਚਾਣ ਬਣਾਈ। ਇਸੇ ਦੌਰਾਨ ਉਸਨੇ 400 ਮੀਟਰ ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ।

ਉਸਦੀ ਪਤਨੀ ਸੁਰਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਨੇ ਮਿਲਖਾ ਸਿੰਘ ਨਾਲ 10 ਸਾਲ ਸਾਥ ਨਿਭਾਇਆ ਅਤੇ ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆ। ਉਹ ਦੱਸਦੀ ਹੈ ਕਿ 1964 ਵਿਚ ਟੋਕੀਓ ਉਲੰਪਿਕ ਵਿਚ ਮੱਖਣ ਸਿੰਘ ਨੇ 4=100ਰੀਲੇਅ ਦੌੜ ਵਿਚ ਮਿਲਖਾ ਸਿੰਘ, ਅੰਮ੍ਰਿਤਪਾਲ ਅਤੇ ਅਜਮੇਰ ਸਿੰਘ ਨਾਲ ਹਿੱਸਾ ਲਿਆ ਪਰ ਸਾਰੀ ਟੀਮ ਕੁਆਟਰ ਫਾਈਨਲ ਵਿਚ ਹੀ ਆਊਟ ਹੋ ਗਈ।

ਉਸਨੇ ਦੱਸਿਆ ਕਿ ਉਸਦੀ ਬਹੁ ਅਰਜਨ ਐਵਾਰਡੀ ਪਰਿਵਾਰ ਦੀ ਨੂੰਹ ਮਾਹਿਲਪੁਰ ਵਾਸੀ ਮਾਧੁਰੀ ਏ ਸਿੰਘ ਦੀ ਰਿਸ਼ਤੇਦਾਰੀ ਵਿਚੋਂ ਹੈ। ਉਸਨੇ ਦੱਸਿਆ ਕਿ ਅਰਜਨ ਐਵਾਰਡ ਨਾਲ ਸਨਮਾਨਿਤ ਉਸਦੇ ਪਤੀ ਨੂੰ ਸਾਬਕਾ ਕੇਂਦਰੀ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਵਲੋਂ ਪਰਿਵਾਰ ਨੂੰ ਤਿੰਨ ਲੱਖ ਰੁਪਿਆ ਰਾਸ਼ੀ ਦਿੱਤੀ ਸੀ ਜੋ ਸਾਰੀ ਲੜਕਿਆਂ ਦੀ ਬਿਮਾਰੀ ਅਤੇ ਘਰ ਵਿਚ ਹੀ ਖਰਚ ਹੋ ਗਈ। 1964 ਵਿਚ ਸਾਬਕਾ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਵਲੋਂ ਮੱਖਣ ਸਿੰਘ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ। ਉਹ ਦੱਸਦੀ ਹੈ ਕਿ ਉਸਦਾ ਪਤੀ ਐਵਾਰਡ ਮੋਹਰੇ ਰੱਖਕੇ ਉਸਨੂੰ ਦੇਖ ਦੇਖ ਰੋਂਦਾ ਸੀ।

ਗਰੀਬੀ, ਬੱਚਿਆਂ ਦੀ ਮੌਤ ਅਤੇ ਘਰਦੀ ਸਾੜਸਤੀ ਨੇ ਉਸਦੀਆਂ ਸਾਰੀਆਂ ਪ੍ਰਾਪਤੀਆਂ ਤੇ ਪਾਣੀ ਫੇਰ ਦਿੱਤਾ ਸੀ। ਉਸਦਾ ਘਰ ਸਨਮਾਨਾਂ ਨਾਲ ਭਰਿਆ ਪਿਆ ਹੈ। ਕੌਮੀ ਅਖਬਾਰਾਂ ਦੇ ਬੰਡਲ ਉਹਨਾਂ ਦੇ ਘਰ ਉਸਦੀਆਂ ਪ੍ਰਾਪਤੀਆਂ ਵਾਲੇ ਲੇਖਾਂ ਨਾਲ ਭਰੇ ਪਏ ਹਨ ਜਿਹਨਾਂ ਨੂੰ ਦੇਖਕੇ ਉਹਨਾਂ ਨੂੰ ਸ਼ਾਮ ਦੇ ਵਕਤ ਰੋਟੀ ਨਸੀਬ ਨਹੀਂ ਹੁੰਦੀ ਅਤੇ ਨਾ ਹੋਣੀ ਹੈ।

ਅੱਜ ਉਸਦੀ ਬਹੂ ਮਨਪ੍ਰੀਤ ਕੌਰ ਨੇ ਜਦ ਕਿਹਾ ਕਿ ਭਾਜੀ ਅਖਬਾਰਾਂ ਵਿਚ ਤਾਂ ਪਹਿਲਾਂ ਵੀ ਬਹੁਤ ਕੁਝ ਛਪਿਆ ਪਿਆ ਹੈ ਤੁਸੀਂ ਵੀ ਜੇ ਛਾਪਣਾ ਹੈ ਤਾਂ ਸਾਰਾ ਹੀ ਰਿਕਾਰਡ ਆਪਣੇ ਨਾਲ ਲੈ ਜਾਓ। ਉਸਨੇ ਪੁਰਾਣੀਆਂ ਅਖਬਾਰਾਂ ਦਾ ਭਰਿਆ ਝੋਲਾ ਫੜਾਉਂਦਿਆਂ ਕਿਹਾ ਕਿ ਸਰਕਾਰ ਜੇ ਸਾਡੇ ਤੇ ਤਰਸ ਕਰੇ ਤਾਂ ਮੈਂ ਵੀ 10+2 ਪਾਸ ਹਾਂ ਅਤੇ ਮੇਰਾ ਪਤੀ ਸਰਕਾਰੀ ਦਫਤਰ ਵਿਚ 2500 ਰੁਪਏ ਪ੍ਰਤੀ ਮਹੀਨਾ ਕੱਚਾ ਮੁਲਾਜ਼ਮ ਹੈ। ਉਸਦੀ ਮੰਗ ਹੈ ਕਿ ਜੇ ਸਰਕਾਰ ਨੇ ਸਾਨੂੰ ਮਾਲੀ ਸਹਾਇਤਾ ਨਹੀਂ ਕਰਨੀ ਤਾਂ ਘੱਟੋ ਘੱਟ ਸਾਨੂੰ ਢੁਕਵੀਂ ਸਰਕਾਰੀ ਨੌਕਰੀ ਹੀ ਦੇ ਦੇਵੇ। ਉਸਦੇ ਅਪਾਹਜ ਪਤੀ ਨੂੰ ਪੱਕਾ ਕਰ ਦੇਵੇ।

ਸੋ ਉੱਘੇ ਅਥਲੀਟ ਮੱਖਣ ਸਿੰਘ ਨੇ ਮਿਲਖਾ ਸਿੰਘ ਨੂੰ ਹਰਾਕੇ ਪ੍ਰਸਿੱਧੀ ਖੱਟੀ ਅਤੇ ਟਰੱਕ ਡਰਾਇਵਰ ਬਣਕੇ ਉਹ ਮਹਾਰਾਸ਼ਟਰ ਵਿਚ ‘ ਰਾਣਾ ਡਰਾਇਵਰ ’ ਦੇ ਨਾਮ ਨਾਲ ਮਸ਼ਹੂਰ ਹੋਇਆ। ਸਰਕਾਰ ਇਸ ਪਰਿਵਾਰ ਵਲ ਤੁਰੰਤ ਧਿਆਨ ਦੇਵੇ। ਉਸਦੇ ਅਪਾਹਜ ਲੜਕੇ ਸੋਢੀ ਨੇ ਕਿਹਾ ਕਿ ਉਸਦੇ ਪਿਤਾ ਦੀ ਪਿੰਡ ਵਿਚ ਯਾਦਗਾਰ ਬਣਨੀ ਚਾਹੀਦੀ ਹੈ । ਮਿਲਖਾ ਸਿੰਘ ਦੇ ਨਾਮ ਤੇ ਬਣੀ ਫਿਲਮ ਵਿਚ ਉਸਦੇ ਪਿਤਾ ਦੇ ਨਾਮ ਦਾ ਵੀ ਜ਼ਿਕਰ ਹੋਣਾ ਚਾਹੀਦਾ ਸੀ, ਪ੍ਰੰਤੂ ਸਾਡੇ ਵਰਗੇ ਗਰੀਬਾਂ ਦੀ ਇੱਥੇ ਕੋਈ ਵੁਕਤ ਹੀ ਨਹੀਂ ਹੈ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ